Granth 10 Likhat 016: 5 Magh 2017 Bikarmi Gurdev Singh de Ghar Pind Dosanjh Khurd Jila Jalandhar

੫ ਮਾਘ ੨੦੧੭ ਬਿਕਰਮੀ ਗੁਰਦੇਵ ਸਿੰਘ ਦੇ ਘਰ ਪਿੰਡ ਦੋਸਾਂਝ ਖੁਰਦ ਜ਼ਿਲਾ ਜਲੰਧਰ

ਹਰਿ ਪੁਰਖ ਅਗੰਮੜੀ ਧਾਰ, ਆਦਿ ਜੁਗਾਦਿ ਚਲਾਇੰਦਾ। ਗੁਰ ਗੁਰ ਰੂਪ ਅਗੰਮ ਅਪਾਰ, ਅਲਖ ਨਿਰੰਜਣ ਵੇਸ ਵਟਾਇੰਦਾ। ਭਗਤ ਭਗਵੰਤ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਸੰਤ ਸਾਜਣ ਵੇਖੇ ਮੀਤ ਮੁਰਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਮੁਖ ਸੱਜਣ ਪਾਏ ਸਾਰ, ਦੂਈ ਦਵੈਤੀ ਪਰਦਾ ਲਾਹਿੰਦਾ। ਗੁਰਮੁਖ ਸਾਚੇ ਕਰੇ ਪਿਆਰ, ਕਰਵਟ ਆਪਣੀ ਆਪ ਬਦਲਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਸਚ ਵਖਾਇੰਦਾ। ਏਕਾ ਦੇਵੇ ਨਾਮ ਆਧਾਰ, ਨਾਮ ਭੰਡਾਰਾ ਆਪ ਵਰਤਾਇੰਦਾ। ਏਕਾ ਨੂਰ ਕਰੇ ਉਜਿਆਰ, ਜੋਤੀ ਨੂਰ ਡਗਮਗਾਇੰਦਾ। ਏਕਾ ਸ਼ਬਦ ਨਾਦ ਧੁਨਕਾਰ, ਧੁਨ ਆਤਮਕ ਰਾਗ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਖੇਲ ਆਪ ਖਿਲਾਇੰਦਾ। ਹਰਿ ਹਰਿ ਪੁਰਖ ਖੇਲ ਅਵੱਲੜਾ, ਆਦਿ ਜੁਗਾਦਿ ਕਰਾਇੰਦਾ। ਗੁਰ ਗੁਰ ਮਾਰਗ ਇਕ ਸੁਖੱਲੜਾ, ਲੋਕਮਾਤ ਆਪ ਲਗਾਇੰਦਾ। ਜਨ ਭਗਤ ਫੜਾਏ ਏਕਾ ਪਲੜਾ, ਨਾਮ ਪੱਲੂ ਹੱਥ ਵਖਾਇੰਦਾ। ਸੰਤਾਂ ਸਤਿ ਸਿੰਘਾਸਣ ਏਕਾ ਮਲੜਾ, ਸਤਿ ਸਿੰਘਾਸਣ ਹਰਿ ਵਡਿਆਇੰਦਾ। ਗੁਰਮੁਖ ਜੋਤੀ ਸ਼ਬਦੀ ਰਲੜਾ, ਜੋਤੀ ਜੋਤ ਮੇਲ ਮਿਲਾਇੰਦਾ। ਗੁਰਸਿਖ ਵਖਾਏ ਧਾਮ ਅਵੱਲੜਾ, ਨੇਹਚਲ ਧਾਮ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਰੂਪ ਆਪ ਧਰਾਇੰਦਾ। ਨਿਹਚਲ ਧਾਮ ਅਗੰਮ ਅਪਾਰਾ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਗੁਣ ਨਿਰਗੁਣ ਆਪਣਾ ਆਪ ਕਰਾਇੰਦਾ। ਏਕੰਕਾਰਾ ਕਰ ਪਸਾਰਾ, ਪੁਰਖ ਅਕਾਲ ਵੇਖ ਵਖਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੂਨੀ ਰਹਿਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਦੁਆਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ੍ਰੀ ਭਗਵਾਨ ਸਾਚਾ ਮੀਤ ਮੁਰਾਰਾ, ਦਰ ਘਰ ਸਾਚੇ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਰੂਪ ਅਨੂਪ ਆਪ ਧਰਾਇੰਦਾ। ਸਚਖੰਡ ਖੋਲ੍ਹ ਕਿਵਾੜਾ, ਸਾਚੇ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੰਗ ਰੰਗਾਇੰਦਾ। ਸਚਖੰਡ ਦੁਆਰਾ ਹਰਿ ਕਰਤਾਰ, ਆਪਣਾ ਆਪ ਖੁਲ੍ਹਾਈਆ। ਥਿਰ ਘਰ ਸਾਚੇ ਹੋ ਤਿਆਰ, ਰੂਪ ਅਨੂਪ ਆਪ ਵਟਾਈਆ। ਸਚ ਸਿੰਘਾਸਣ ਪਰਵਰਦਿਗਾਰ, ਸ਼ਾਹ ਪਾਤਸ਼ਾਹ ਆਪ ਸੁਹਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਸਾਚਾ ਹੁਕਮ ਇਕ ਜਣਾਈਆ। ਸ਼ਬਦੀ ਸੁਤ ਵਡ ਬਲਕਾਰ, ਪਾਰਬ੍ਰਹਮ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਖਿਲਾਈਆ। ਸ਼ਬਦ ਸੁਤ ਹਰਿ ਦੁਲਾਰਾ, ਨਿਰਗੁਣ ਆਪਣਾ ਆਪ ਉਪਾਇਆ। ਆਪੇ ਵਣਜ ਆਪ ਵਣਜਾਰਾ, ਆਪੇ ਸਾਚਾ ਹੱਟ ਖੁਲ੍ਹਾਇਆ। ਆਪੇ ਵਸੇ ਧਾਮ ਨਿਆਰਾ, ਉਚ ਮਹੱਲ ਅਟਲ ਡੇਰਾ ਲਾਇਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈਗੁਣ ਆਪੇ ਵੰਡ ਵੰਡਾਇਆ। ਆਪੇ ਲੱਖ ਚੁਰਾਸੀ ਦਏ ਆਧਾਰਾ, ਘਟ ਘਟ ਆਪਣੀ ਜੋਤ ਜਗਾਇਆ। ਆਪੇ ਗੁਰ ਗੁਰ ਬਣ ਅਵਤਾਰਾ, ਸ਼ਬਦੀ ਏਕਾ ਡੰਕ ਵਜਾਇਆ। ਆਪੇ ਭਗਤਾਂ ਭਗਤੀ ਦਏ ਹੁਲਾਰਾ, ਭਗਵਨ ਆਪਣਾ ਖੇਲ ਖਿਲਾਇਆ। ਆਪੇ ਸੰਤਨ ਦੇਵੇ ਸਤਿ ਜੈਕਾਰਾ, ਆਪਣਾ ਨਾਅਰਾ ਆਪ ਸੁਣਾਇਆ। ਆਪੇ ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਦਏ ਤੁੜਾਇਆ। ਆਪੇ ਗੁਰਸਿਖਾਂ ਮੇਟੇ ਪੰਚਮ ਧਾੜਾ, ਪੰਚ ਪੰਚਾਇਣ ਨੇੜ ਨਾ ਆਇਆ। ਆਪੇ ਸਤਿਜੁਗ ਤਰੇਤਾ ਦੁਆਪਰ ਪਾਵੇ ਸਾਰਾ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਚਾਰੇ ਵੇਦਾਂ ਬਣ ਲਿਖਾਰਾ, ਆਪਣੀ ਧਾਰਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਬੇਪਰਵਾਹਿਆ। ਚਾਰੇ ਵੇਦਾਂ ਸ਼ਬਦ ਜਣਾ, ਏਕਾ ਬ੍ਰਹਮ ਕਰੇ ਪੜ੍ਹਾਈਆ। ਭੇਵ ਅਭੇਦਾ ਆਪ ਖੁਲ੍ਹਾ, ਬੋਧ ਅਗਾਧਾ ਇਕ ਸਮਝਾਈਆ। ਅਛਲ ਅਛਲ ਆਪ ਕਰਾ, ਵਲ ਛਲਧਾਰੀ ਭੇਵ ਕੋਇ ਨਾ ਪਾਈਆ। ਜਲ ਥਲ ਮਹੀਅਲ ਆਪ ਸਮਾ, ਆਪੇ ਬੈਠਾ ਮੁਖ ਛੁਪਾਈਆ। ਰਵ ਸਸ ਸੂਰਜ ਚੰਨ ਚਮਕਾ, ਮੰਡਲ ਮੰਡਪ ਕਰੇ ਰੁਸ਼ਨਾਈਆ। ਧਰਨੀ ਧਰਤ ਧਵਲ ਜਲ ਬਿੰਬ ਟਿਕਾ, ਸ਼ਬਦ ਡੋਰੀ ਬੰਧਨ ਪਾਈਆ। ਮੰਡਲ ਮੰਡਪ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਥਾਉਂ ਥਾਂ, ਨਿਰਗੁਣ ਦਾਤਾ ਬੇਪਰਵਾਹੀਆ। ਆਪੇ ਬਣੇ ਜਣ ਜਣੇਂਦੀ ਮਾਂ, ਜਨ ਜਨਨੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਕਲ ਕਲ ਆਪਣੀ ਆਪ ਧਰਾਈਆ। ਅਕਲ ਕਲ ਧਾਰ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਨਿਰਗੁਣ ਸਰਗੁਣ ਹੋ ਤਿਆਰ, ਲੋਕਮਾਤ ਵੇਸ ਵਟਾਇਆ। ਲੱਖ ਚੁਰਾਸੀ ਖੋਲ੍ਹ ਕਿਵਾੜ, ਗ੍ਰਹਿ ਮੰਦਰ ਡੇਰਾ ਲਾਇਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਇਆ। ਸ਼ਬਦ ਅਨਾਦ ਸੱਚੀ ਧੁਨਕਾਰ, ਅਨਹਦ ਆਪਣਾ ਰਾਗ ਅਲਾਇਆ। ਭਗਤਨ ਮੀਤਾ ਹੋ ਤਿਆਰ, ਤ੍ਰੈਗੁਣ ਬੰਧਨ ਦਏ ਤੁੜਾਇਆ। ਠਾਂਡਾ ਸੀਤਾ ਧੁਰ ਦਰਬਾਰ, ਸਾਚੇ ਸੰਤਾਂ ਵੇਖ ਵਖਾਇਆ। ਗੁਰਮੁਖਾਂ ਬਣਾਏ ਬਣਤਾ ਅਪਰ ਅਪਾਰ, ਘੜਨ ਭੰਨਣਹਾਰ ਆਪ ਹੋ ਜਾਇਆ। ਗੁਰਸਿਖ ਉਠਾਏ ਸਚ ਦੁਲਾਰ, ਪਿਤਾ ਪੂਤ ਮੇਲ ਮਿਲਾਇਆ। ਕਲਜੁਗ ਅੰਤਮ ਵੇਖ ਵਿਚਾਰ, ਲੋਕਮਾਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ। ਹਰਿ ਆਪਣਾ ਭੇਵ ਚੁਕਾਇੰਦਾ, ਸ਼ਬਦ ਅਨਾਦੀ ਨਿਸ਼ਅੱਖਰ ਬੋਲ। ਨਵ ਨੌਂ ਚਾਰ ਪੰਧ ਮੁਕਾਇੰਦਾ, ਆਦਿ ਜੁਗਾਦੀ ਇਕ ਅਡੋਲ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ, ਤੋਲਣਹਾਰਾ ਤੋਲੇ ਸਾਚਾ ਤੋਲ। ਚਾਰ ਜੁਗ ਪਾਂਧੀ ਪੰਧ ਮੁਕਾਇੰਦਾ, ਆਪੇ ਕਰੇ ਪੂਰਾ ਕੀਤਾ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਣ ਲਏ ਟੋਲ। ਹਰਿ ਸੱਜਣ ਸਾਚਾ ਟੋਲਿਆ, ਲੱਖ ਚੁਰਾਸੀ ਕਰ ਵਿਚਾਰ। ਨਿਰਗੁਣ ਸਰਗੁਣ ਅੰਦਰ ਬੋਲਿਆ, ਆਪ ਆਪਣੀ ਕਿਰਪਾ ਧਾਰ। ਜੀਵਾਂ ਜੰਤਾਂ ਕਰ ਕੇ ਬੈਠਾ ਓਹਲਿਆ, ਨਾ ਸਕੇ ਕੋਇ ਵਿਚਾਰ। ਆਪਣਾ ਬਦਲੇ ਆਪੇ ਚੋਲਿਆ, ਕੂੜਾ ਕੱਪੜ ਦੇਵੇ ਪਾੜ, ਆਪਣੀ ਸ਼ਕਤੀ ਆਪੇ ਮੌਲਿਆ, ਆਪੇ ਵੇਖੇ ਖਿੜੀ ਸੱਚੀ ਗੁਲਜ਼ਾਰ। ਭਾਗ ਲਗਾਏ ਉਪਰ ਧਰਤ ਧੌਲਿਆ, ਨਿਰਗੁਣ ਰੂਪ ਹਰਿ ਨਿਰੰਕਾਰ। ਗੁਰਮੁਖਾਂ ਅੰਮ੍ਰਿਤ ਭਰੇ ਨਾਭ ਕਵਲਿਆ, ਜਗਤ ਤ੍ਰਿਸ਼ਨਾ ਰੋਗ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਸੰਸਾਰ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਹਰਿ ਪੁਰਖ ਨਿਰੰਜਣ ਰੂਪ ਵਟਾਇੰਦਾ, ਚਾਰ ਵੇਦ ਨਾ ਪਾਇਣ ਸਾਰ। ਏਕੰਕਾਰਾ ਨਾਉਂ ਧਰਾਇੰਦਾ, ਨਾਉਂ ਨਿੰਰਕਾਰਾ ਹਰਿ ਕਰਤਾਰ। ਆਦਿ ਨਿਰੰਜਣ ਜੋਤ ਜਗਾਇੰਦਾ, ਰਵ ਸਸ ਹੋਏ ਸ਼ਰਮਸ਼ਾਰ। ਅਬਿਨਾਸ਼ੀ ਕਰਤਾ ਭੇਖ ਵਟਾਇੰਦਾ, ਇਕ ਇਕੱਲਾ ਪਰਵਰਦਿਗਾਰ। ਸ੍ਰੀ ਭਗਵਾਨ ਡੰਕ ਵਜਾਇੰਦਾ, ਸ਼ਬਦ ਅਨਾਦ ਸੱਚੀ ਧੁਨਕਾਰ। ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ, ਜੋਤੀ ਜਾਮਾ ਲੈ ਅਵਤਾਰ। ਬ੍ਰਹਮ ਬ੍ਰਹਮ ਬ੍ਰਹਮ ਆਪਣੀ ਗੋਦ ਬਹਾਇੰਦਾ, ਆਤਮ ਬ੍ਰਹਮ ਦਏ ਆਧਾਰ। ਈਸ਼ ਜੀਵ ਵੇਖ ਵਖਾਇੰਦਾ, ਜਗਤ ਜਗਦੀਸ਼ ਹੋ ਤਿਆਰ। ਸਾਚਾ ਛਤਰ ਸੀਸ ਝੁਲਾਇੰਦਾ, ਤਖ਼ਤ ਨਿਵਾਸੀ ਏਕੰਕਾਰ। ਰਾਗ ਛਤੀਸ ਦਿਸ ਨਾ ਆਇੰਦਾ, ਰਾਗਾਂ ਨਾਦਾਂ ਵਸੇ ਬਾਹਰ। ਗੁਰਮੁਖ ਵਿਰਲਾ ਬੂਝ ਬੁਝਾਇੰਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਏਕਾ ਦੂਜਾ ਭੌ ਚੁਕਾਇੰਦਾ, ਤੀਜਾ ਖੋਲ੍ਹੇ ਨੈਣ ਕਿਵਾੜ। ਚੌਥੇ ਪਦ ਆਪ ਬਹਾਇੰਦਾ, ਪੰਚਮ ਮੇਲਾ ਨਾਰੀ ਕੰਤ ਭਤਾਰ। ਛੇਵਾਂ ਛੱਪਰ ਛੰਨ ਨਾ ਕੋਇ ਸੁਹਾਇੰਦਾ, ਸੱਤਵਾਂ ਸਤਿ ਪੁਰਖ ਨਿਰੰਜਣ ਸਾਚੀ ਕਾਰ। ਅੱਠਾਂ ਤੱਤਾਂ ਮੂਲ ਮਕਾਇੰਦਾ, ਨੌਂ ਦੁਆਰੇ ਕਰੇ ਖ਼ਵਾਰ। ਦਸਮ ਦੁਆਰੇ ਗੁਰਸਿਖ ਰੰਗ ਰੰਗਾਇੰਦਾ, ਰੰਗ ਚਾੜ੍ਹੇ ਅਪਰ ਅਪਾਰ। ਆਤਮ ਸੇਜਾ ਆਪ ਸੁਹਾਇੰਦਾ, ਕਿਰਪਾ ਕਰੇ ਆਪ ਕਰਤਾਰ। ਸੁਰਤੀ ਸ਼ਬਦੀ ਮੇਲ ਮਿਲਾਇੰਦਾ, ਮੇਲ ਮਿਲਾਵਾ ਮੀਤ ਮੁਰਾਰ। ਗੀਤ ਸੁਹਾਗੀ ਏਕਾ ਗਾਇੰਦਾ, ਹੰ ਬ੍ਰਹਮ ਦਏ ਆਧਾਰ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਪਾਵਣਹਾਰਾ ਸਾਰ। ਵਰਨ ਬਰਨ ਨਾ ਕੋਇ ਜਣਾਇੰਦਾ, ਵਰਨਾਂ ਬਰਨਾਂ ਵਸਿਆ ਬਾਹਰ। ਊਚਾਂ ਨੀਚਾਂ ਏਕਾ ਗੋਦ ਸੁਹਾਇੰਦਾ। ਰਾਓ ਰੰਕ ਰਾਜਾਨਾਂ ਕਰੇ ਸਚ ਪਿਆਰ। ਸਚ ਸਲੋਕ ਇਕ ਸੁਣਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਜੀਵਣ ਮੁਕਤ ਆਪ ਕਰਾਇੰਦਾ, ਜਿਸ ਜਨ ਦੇਵੇ ਨਾਮ ਆਧਾਰ। ਬੂੰਦ ਰਕਤ ਲੇਖੇ ਲਾਇੰਦਾ, ਲੱਖ ਚੁਰਾਸੀ ਦਏ ਨਿਵਾਰ। ਜਮ ਕੀ ਫਾਸੀ ਆਪ ਕਟਾਇੰਦਾ, ਰਾਏ ਧਰਮ ਨਾ ਕਰੇ ਖ਼ਵਾਰ। ਪੂਰਨ ਆਸੀ ਆਪ ਕਰਾਇੰਦਾ, ਗੁਰਮੁਖ ਸਾਚੇ ਲਏ ਉਭਾਰ। ਦਾਸੀ ਦਾਸ ਸੇਵ ਕਮਾਇੰਦਾ, ਦਾਤਾ ਦਾਨੀ ਸਿਰਜਣਹਾਰ। ਪ੍ਰਿਥਮੀ ਆਕਾਸ਼ ਫੋਲ ਫੁਲਾਇੰਦਾ, ਦੋ ਜਹਾਨਾਂ ਕਰੇ ਵਿਚਾਰ। ਆਲਸ ਨਿੰਦਰਾ ਵਿਚ ਨਾ ਆਇੰਦਾ, ਆਦਿ ਜੁਗਾਦੀ ਖ਼ਬਰਦਾਰ। ਭਗਤ ਭਗਵੰਤ ਵੇਖ ਵਖਾਇੰਦਾ, ਕਲਜੁਗ ਡੂੰਘੇ ਸਾਗਰ ਪਾਵੇ ਸਾਰ। ਸੰਤ ਕੰਤ ਮੇਲ ਮਿਲਾਇੰਦਾ, ਬਣਾਏ ਬਣਤ ਅਗੰਮ ਅਪਾਰ। ਗੁਰਮੁਖ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰੇ ਕਰਤਾਰ। ਗੁਰਸਿਖਾਂ ਸਾਚਾ ਸੰਗ ਨਿਭਾਇੰਦਾ, ਵਿਛੜ ਨਾ ਜਾਏ ਸਾਂਝਾ ਯਾਰ। ਗ੍ਰਹਿ ਮੰਦਰ ਨਾਮ ਮਰਦੰਗ ਵਜਾਇੰਦਾ, ਧੁਰ ਦੀ ਬਾਣੀ ਖਿਚੇ ਸਚ ਸਤਾਰ। ਸੂਰਾ ਸਰਬੰਗ ਦਇਆ ਕਮਾਇੰਦਾ, ਮਰਦਨ ਮਰਦ ਰੂਪ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪੇ ਜਾਣੇ ਆਪਣੀ ਕਾਰ। ਹਰਿ ਸਾਚੀ ਕਾਰ ਕਮਾਇੰਦਾ, ਇਕ ਇਕੱਲਾ ਕਰਨੇਹਾਰ। ਸੋ ਪੁਰਖ ਨਿਰੰਜਣ ਰੂਪ ਧਰਾਇੰਦਾ, ਹਰਿ ਪੁਰਖ ਨਿਰੰਜਣ ਕਰੇ ਸਤਿ ਪਿਆਰ। ਏਕੰਕਾਰਾ ਵੇਖ ਵਖਾਇੰਦਾ, ਆਦਿ ਨਿਰੰਜਣ ਹੋ ਉਜਿਆਰ। ਸ੍ਰੀ ਭਗਵਾਨ ਸੰਗ ਨਿਭਾਇੰਦਾ, ਅਬਿਨਾਸ਼ੀ ਕਰਤਾ ਵੇਖੇ ਦਰ ਠਾਂਡਾ ਦਰਬਾਰ। ਪਾਰਬ੍ਰਹਮ ਪ੍ਰਭ ਭਰਮ ਭੌ ਚੁਕਾਇੰਦਾ, ਬ੍ਰਹਮ ਬ੍ਰਹਮ ਬ੍ਰਹਮ ਪਾਵਣਹਾਰਾ ਸਾਰ। ਆਤਮ ਅੰਤਰ ਖੋਜ ਖੁਜਾਇੰਦਾ, ਡੂੰਘੀ ਭਵਰੀ ਹੋਏ ਉਜਿਆਰ। ਆਪਣਾ ਪਰਦਾ ਆਪੇ ਲਾਹਿੰਦਾ, ਆਪੇ ਮੁਖੜਾ ਦਏ ਵਖਾਲ। ਆਪਣੇ ਰੰਗ ਆਪ ਸਮਾਇੰਦਾ, ਆਪੇ ਸ਼ਾਹ ਆਪੇ ਕੰਗਾਲ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤ ਜਗਾਏ ਸਚ ਸਚ ਸੱਚੀ ਧਰਮਸਾਲ। ਸਾਢੇ ਤਿੰਨ ਹੱਥ ਮਹੱਲ ਆਪ ਸੁਹਾਇੰਦਾ, ਲੱਖ ਚੁਰਾਸੀ ਵਿਚੋਂ ਭਾਲ। ਦੀਵਾ ਬਾਤੀ ਆਪ ਟਿਕਾਇੰਦਾ, ਕਮਲਾਪਾਤੀ ਹੋ ਕਿਰਪਾਲ। ਦਿਵਸ ਰਾਤੀ ਨਾ ਕੋਇ ਵਖਾਇੰਦਾ, ਅੱਠੇ ਪਹਿਰ ਏਕਾ ਤਾਲ। ਆਪਣੀ ਗਾਥੀ ਆਪੇ ਗਾਇੰਦਾ, ਗੀਤ ਸੁਣਾਏ ਗੋਬਿੰਦ ਲਾਲ। ਸਾਚਾ ਸਾਥੀ ਸੰਗ ਨਿਭਾਇੰਦਾ, ਧੁਰਦਰਗਾਹੀ ਬਣਿਆ ਇਕ ਦਲਾਲ। ਔਖੀ ਘਾਟੀ ਆਪ ਚੜ੍ਹਾਇੰਦਾ, ਸ਼ਬਦ ਅਗੰਮੀ ਮਾਰ ਉਛਾਲ। ਰਾਤੀ ਰੁਤੀ ਥਿਤ ਵਾਰ ਆਪ ਸੁਹਾਇੰਦਾ, ਬਰਸ ਮਾਸ ਚਲੇ ਅਵੱਲੜੀ ਚਾਲ। ਕੋਟਨ ਕੋਟ ਰੂਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਹਰਿ ਹਰਿ ਹਰ ਘਟ ਜਾਨਣਹਾਰਾ, ਘਟ ਘਟ ਏਕਾ ਜੋਤ ਜਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਅਪਾਰਾ, ਖ਼ਾਲਕ ਖ਼ਲਕ ਰੂਪ ਵਟਾਈਆ। ਨੂਰ ਨੁਰਾਨਾ ਪਰਵਰਦਿਗਾਰਾ, ਜ਼ਾਹਰ ਜ਼ਹੂਰ ਨੂਰ ਇਕ ਦਰਸਾਈਆ। ਕਲਮੀ ਕਲਮਾ ਬੋਲ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਮੁਕਾਮੇ ਹੱਕ ਏਕਾ ਯਾਰਾ, ਨਬੀ ਰਸੂਲ ਦੇਣ ਗਵਾਹੀਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਸਯਦਾ ਕਰਨ ਨਿਉਂ ਨਿਉਂ ਨਿਮਸਕਾਰਾ, ਸੀਸ ਜਗਦੀਸ਼ ਇਕ ਝੁਕਾਈਆ। ਚੌਦਾਂ ਤਬਕਾਂ ਇਕ ਘਰ ਬਾਰਾ, ਚੌਦਾਂ ਲੋਕ ਖੋਜ ਖੁਜਾਈਆ। ਚੌਦਾਂ ਹੱਟ ਜਗਤ ਪਸਾਰਾ, ਪੁਰਖ ਅਬਿਨਾਸ਼ੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਹਰਿ ਹਰਿ ਜਾਣਦਾ, ਆਦਿ ਜੁਗਾਦਿ ਸਮਾਇਆ। ਜਗ ਕਰਤਾ ਜਗ ਪਛਾਣਦਾ, ਜੁਗ ਜੁਗ ਆਪਣਾ ਵੇਸ ਵਟਾਇਆ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਰੰਗ ਮਾਣਦਾ, ਕਲਜੁਗ ਅੰਤਮ ਵੇਖਣ ਆਇਆ। ਲੱਖ ਚੁਰਾਸੀ ਪੁਣ ਛਾਣਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਲੇਖਾ ਜਾਣੇ ਪੰਜ ਸ਼ੈਤਾਨ ਦਾ, ਘਰ ਘਰ ਬੈਠਾ ਡੌਰੂ ਵਾਹਿਆ। ਨਾਤਾ ਤੁੱਟੇ ਜੀਵ ਜਗਤ ਜਹਾਨ ਦਾ, ਪੁਰਖ ਅਬਿਨਾਸ਼ੀ ਇਕ ਭੁਲਾਇਆ। ਝੂਠਾ ਰਸ ਪੀਣ ਖਾਣ ਦਾ, ਜਿਹਵਾ ਗੁਣ ਨਾ ਕੋਇ ਗਾਇਆ। ਅੰਤਮ ਵੇਲਾ ਆਇਆ ਹਾਣ ਦਾ, ਨਾ ਸਕੇ ਕੋਇ ਬਚਾਇਆ। ਗੁਰਮੁਖ ਗੁਰਸਿਖ ਵਿਰਲਾ ਹਰਿ ਸਤਿਗੁਰ ਆਪ ਪਛਾਣਦਾ, ਸਿਰ ਆਪਣਾ ਹੱਥ ਟਿਕਾਇਆ। ਕਲਜੁਗ ਭੁੱਲਾ ਜੀਵ ਨਾਦਾਨ ਰੂਪ ਧਰਾਏ ਬਾਲ ਅਞਾਣ ਦਾ, ਸੁੱਧ ਬੁੱਧ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪ ਦਵਾਇਆ। ਕਲਜੁਗ ਕੂੜ ਨਿਸ਼ਾਨਾ, ਲੋਕਮਾਤ ਵੇਖ ਵਖਾਈਆ। ਨਵ ਨੌਂ ਹੋਏ ਬੇਈਮਾਨਾ, ਬੇਐਬ ਨਾ ਕੋਇ ਦਸਾਈਆ। ਮਾਇਆ ਮਮਤਾ ਹਉਮੇ ਹੰਗਤਾ ਜੂਠਾ ਝੂਠਾ ਬੱਧਾ ਤਨ ਗਾਨਾ, ਸਾਚਾ ਸਗਨ ਨਾ ਕੋਇ ਮਨਾਈਆ। ਕਾਇਆ ਮੰਦਰ ਅੰਦਰ ਸਰ ਸਰੋਵਰ ਅੰਮ੍ਰਿਤ ਆਤਮ ਮਿਲਿਆ ਨਾ ਪੀਣਾ ਖਾਣਾ, ਰਸਨਾ ਕਾਗ ਵਾਂਗ ਹਲਕਾਈਆ। ਧੁਨ ਆਤਮਕ ਅਨਹਦ ਸ਼ਬਦ ਨਾ ਸੱਚਾ ਗਾਣਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਪਾਇਆ ਪਦ ਨਾ ਇਕ ਨਿਰਬਾਣਾ, ਮਹੱਲ ਅਟਲ ਬੈਠੇ ਡੇਰਾ ਲਾਈਆ। ਗੁਰ ਕਾ ਸ਼ਬਦ ਨਾ ਕਿਸੇ ਵਖਾਣਾ, ਰੂਪ ਅਨੂਪ ਨਾ ਦਰਸ਼ਨ ਪਾਈਆ। ਕਲਜੁਗ ਵਰਤੇ ਆਪਣਾ ਭਾਣਾ, ਚਾਰੋਂ ਕੁੰਟ ਅੰਧੇਰਾ ਛਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਬੀਆ ਬਾਨਾ, ਨਗਰ ਖੇੜਾ ਨਾ ਕੋਇ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਜਗਾਈਆ। ਗੁਰਸਿਖ ਆਪ ਜਗਾਇਆ, ਕਰ ਕਿਰਪਾ ਗੁਣ ਨਿਧਾਨ। ਅੰਮ੍ਰਿਤ ਆਤਮ ਜਾਮ ਪਿਆਇਆ, ਚਰਨ ਧੂੜ ਸੱਚਾ ਅਸ਼ਨਾਨ। ਜਨਮ ਜਨਮ ਦੀ ਮੈਲ ਗਵਾਇਆ, ਏਕਾ ਦੇਵੇ ਬ੍ਰਹਮ ਗਿਆਨ। ਰੰਗ ਰੰਗੀਲਾ ਇਕ ਚੜ੍ਹਾਇਆ, ਉਤਰ ਨਾ ਜਾਏ ਵਿਚ ਜਹਾਨ। ਛੈਲ ਛਬੀਲਾ ਗੁਰਸਿਖ ਆਪ ਬਣਾਇਆ, ਸੇਵਾ ਕਰੇ ਗੁਣ ਨਿਧਾਨ। ਜਗਤ ਕ਼ਬੀਲਾ ਵੰਡ ਵੰਡਾਇਆ, ਆਪੇ ਹੋਏ ਨਿਗਾਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬਣਾਏ ਚਤੁਰ ਸੁਜਾਣ। ਚਤੁਰ ਸੁਜਾਨ ਬਣਾਇਆ, ਮੂਰਖ ਮੁਗਧ ਅੰਞਾਣ। ਆਪਣੇ ਮਾਰਗ ਆਪੇ ਲਾਇਆ, ਦੇਵਣਹਾਰਾ ਦੇਵੇ ਜੀਆ ਦਾਨ। ਸਵਛ ਸਰੂਪੀ ਦਰਸ ਦਿਖਾਇਆ, ਆਤਮ ਦਰਸੀ ਹੋ ਮਿਹਰਵਾਨ। ਜਗਤ ਤ੍ਰਿਸ਼ਨਾ ਹਰਸ ਮਿਟਾਇਆ, ਕ੍ਰਿਪਾ ਕਰ ਸ੍ਰੀ ਭਗਵਾਨ। ਅੰਮ੍ਰਿਤ ਮੇਘ ਬਰਸ ਸਾਂਤ ਕਰਾਇਆ, ਨਿਝਰ ਝਿਰੇ ਝਿਰਨਾ ਮਹਾਨ। ਅਰਸ਼ ਕੁਰਸ਼ ਏਕਾ ਰੰਗ ਵਖਾਇਆ, ਲੇਖਾ ਚੁੱਕੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਪਛਾਣ। ਗੁਰਮੁਖ ਸੱਜਣ ਮੀਤੜਾ, ਗੁਰ ਸਤਿਗੁਰ ਆਪ ਪਛਾਣਿਆ। ਕਾਇਆ ਚੋਲੀ ਰੰਗੇ ਚੀਥੜਾ, ਦੇਵੇ ਨਾਮ ਨਿਧਾਨਿਆ। ਦੇਵੇ ਨਾਮ ਸ਼ਬਦ ਅਨਡੀਠੜਾ, ਗੁਣਵੰਤਾ ਗੁਣ ਵਖਾਣਿਆ। ਮਿੱਠਾ ਕਰੇ ਕਾਇਆ ਰੀਠੜਾ, ਫਲ ਅੰਮ੍ਰਿਤ ਆਪ ਚਖਾਨਿਆਂ। ਮਾਨਸ ਜਨਮ ਲੋਕਮਾਤ ਜਗ ਜੀਤੜਾ, ਨਾਤਾ ਤੁੱਟਾ ਪੰਜ ਤੱਤ ਸ਼ੈਤਾਨਿਆਂ। ਗੁਰਸਿਖ ਆਪਣੇ ਜੇਹਾ ਆਪੇ ਕੀਤੜਾ, ਜੋਤੀ ਦੇਵੇ ਨੂਰ ਮਹਾਨਿਆ। ਕਰੇ ਪਾਕ ਪਤਤ ਪਵਿਤ ਆਪ ਪੁਨੀਤੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਉਠਾਏ ਬਾਲ ਨਾਦਾਨਿਆ। ਗੁਰਸਿਖ ਬਾਲ ਨਾਦਾਨਾ, ਬਾਲੀ ਬੁਧ ਹਰਿ ਸਮਝਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਸੱਚੀ ਸਰਨਾਈਆ। ਸ਼ਬਦ ਅਗੰਮੀ ਦੇਵੇ ਸਚ ਬਿਬਾਨਾ, ਗੁੁਰਮੁਖ ਸਾਚੇ ਲਏ ਚੜ੍ਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਨਾ, ਏਕਾ ਘਰ ਦਏ ਵਖਾਈਆ। ਸੋ ਪੁਰਖ ਨਿਰੰਜਣ ਆਪ ਸੁਣਾਏ ਆਪਣਾ ਗਾਨਾ, ਹੰ ਬ੍ਰਹਮ ਕਰੇ ਪੜ੍ਹਾਈਆ। ਸੋਹੰ ਸ਼ਬਦ ਜਿਸ ਪਛਾਣਾ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਅੱਖਰ ਦਏ ਬੁਝਾਈਆ। ਗੁਰਸਿਖ ਏਕਾ ਅੱਖਰ ਬੁਝਿਆ, ਚੌਦਾਂ ਵਿਦਿਆ ਹੋਏ ਹੈਰਾਨ। ਗੁਰ ਗੁਰ ਭੇਵ ਖੁਲ੍ਹਾਏ ਗੁਝਿਆ, ਆਤਮ ਅੰਤਰ ਇਕ ਦ੍ਰਿੜਾਏ ਬ੍ਰਹਮ ਗਿਆਨ। ਭੇਵ ਚੁਕਾਏ ਏਕਾ ਦੂਜਿਆ, ਨਜ਼ਰੀ ਆਏ ਇਕ ਭਗਵਾਨ। ਗੁਰਮੁਖ ਗੁਰ ਸਰਨਾਈ ਗੁਰਚਰਨ ਆਦਿ ਜੁਗਾਦਿ ਝੂਜਿਆ, ਗੁਰ ਪੂਰਾ ਕਰੇ ਪਰਵਾਨ। ਸਚ ਦੁਆਰਾ ਏਕਾ ਬੂਝਿਆ, ਸਦ ਝੁਲਦਾ ਰਹੇ ਨਿਸ਼ਾਨ। ਦੇਵੇ ਦਰਸ ਜੋ ਬੈਠਾ ਲੁਕਿਆ, ਕਲਜੁਗ ਅੰਤਮ ਹੋਏ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇਵੇ ਮਾਣ। ਮਾਣ ਨਿਮਾਣਿਆਂ ਜੀਆਂ ਦਾਨ, ਏਕਾ ਵਸਤ ਅਮੋਲਕ ਝੋਲੀ ਪਾਈਆ। ਹੋਏ ਸਹਾਈ ਏਥੇ ਓਥੇ ਦੋ ਜਹਾਨ, ਜਗਤ ਵਿਚੋਲਾ ਸਾਚਾ ਮਾਹੀਆ। ਸ਼ਬਦ ਸਰੂਪੀ ਬਿਠਾਏ ਇਕ ਬਿਬਾਣ, ਸੇਵਾ ਕਰੇ ਹਰਿ ਸੱਚਾ ਸ਼ਹਿਨਸ਼ਾਹੀਆ। ਥਿਰ ਘਰ ਵਖਾਏ ਇਕ ਮਕਾਨ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਚਖੰਡ ਦੁਆਰੇ ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਦਏ ਸੁਹਾਈਆ। ਗੁਰਮੁਖਾਂ ਕਰਾਏ ਚਰਨ ਕਵਲ ਧਿਆਨ, ਚਰਨ ਚਰਨੋਦਕ ਮੁਖ ਛੁਹਾਈਆ। ਲੇਖਾ ਚੁੱਕੇ ਆਵਣ ਜਾਣ, ਗੇੜਾ ਗੇੜ ਨਾ ਕੋਈ ਭਵਾਈਆ। ਅੰਤਮ ਜੋਤੀ ਮੇਲਾ ਗੁਣ ਨਿਧਾਨ, ਸ਼ਬਦੀ ਸ਼ਬਦ ਜਾਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਵਿਰਲਾ ਉਠਿਆ, ਜਿਸ ਜਗਾਏ ਆਪ ਨਿਰੰਕਾਰ। ਨਿਰਗੁਣ ਰੂਪ ਹੋ ਤੁਠਿਆ, ਲੋਕਮਾਤ ਖੇਲ ਅਪਾਰ। ਜਾਮ ਪਿਆਏ ਸਾਚਾ ਘੁੱਟਿਆ, ਅੰਮ੍ਰਿਤ ਆਤਮ ਠੰਡਾ ਠਾਰ। ਮਾਲ ਧਨ ਦੇਵੇ ਨਾਮ ਨਿਖੁਟਿਆ, ਲੁੱਟ ਸਕੇ ਨਾ ਕੋਈ ਚੋਰ ਯਾਰ। ਗੁਰਸਿਖ ਲੱਭੇ ਵਿਚੋਂ ਕੋਟਨ ਕੋਟਿਆ, ਲੱਖ ਚੁਰਾਸੀ ਜੀਵ ਜੰਤ ਰੋਂਦੇ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲ ਕਲੇਸ਼ ਦਏ ਨਿਵਾਰ। ਕਲ ਕਲੇਸ਼ ਨਿਵਾਰਿਆ, ਹਰਿਜਨ ਫੜਿਆ ਸੱਜਣ ਮੀਤ। ਦਰ ਦਰਵੇਸ਼ ਹਰਿ ਨਿਰੰਕਾਰਿਆ, ਸੇਵਾ ਕਰੇ ਭਗਤ ਅਨਡੀਠ। ਆਵੇ ਜਾਵੇ ਵਾਰੋ ਵਾਰਿਆ, ਨਿਤ ਨਵਿਤ ਸਾਚੀ ਰੀਤ। ਜੋਤੀ ਜਾਮਾ ਆਪੇ ਧਾਰਿਆ, ਲੇਖਾ ਜਾਣੇ ਹਸਤ ਕੀਟ। ਸ਼ਾਹ ਸੁਲਤਾਨਾ ਤੋੜੇ ਹੰਕਾਰਿਆ, ਗੁਰਮੁਖ ਕਰੇ ਪਤਤ ਪੁਨੀਤ। ਚੌਥਾ ਜੁਗ ਆਪ ਵਿਚਾਰਿਆ, ਨਵ ਨੌਂ ਚਾਰ ਚੌਕੜੀ ਰਹੀ ਬੀਤ। ਚੌਦਾਂ ਤਬਕਾਂ ਵੇਖੇ ਅਖਾੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਨਡੀਠ। ਅਨਡੀਠ ਖੇਲ ਖਿਲਾਇੰਦਾ, ਨੇਤਰ ਲੋਚਣ ਨੈਣ ਦਿਸ ਨਾ ਆਈਆ। ਲੱਖ ਚੁਰਾਸੀ ਫੋਲ ਫੁਲਾਇੰਦਾ, ਨੌਂ ਸੱਤ ਆਪਣੀ ਜੋਤ ਕਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ, ਸੁਰਪਤ ਰਾਜਾ ਇੰਦ ਕਰੋੜ ਤਤੀਸਾ ਸੰਗ ਰਖਾਈਆ। ਧੁਰ ਸੰਦੇਸ਼ ਸ਼ਬਦ ਸੁਣਾਇੰਦਾ, ਹੁਕਮੀ ਹੁਕਮ ਇਕ ਵਰਤਾਈਆ। ਜੋ ਘੜਿਆ ਭੰਨ ਵਖਾਇੰਦਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਮੂਲ ਚੁਕਾਇੰਦਾ, ਚੌਥਾ ਜੁਗ ਮੇਟੇ ਕੂੜੀ ਸ਼ਾਹੀਆ। ਕੂੜ ਕੁੜਿਆਰਾ ਸ਼ੌਹ ਦਰਿਯਾਏ ਆਪ ਰੁੜ੍ਹਾਇੰਦਾ, ਮਾਇਆ ਮਮਤਾ ਨਾਲ ਰਲਾਈਆ। ਹਉਮੇ ਹੰਗਤਾ ਆਪ ਡੁਬਾਇੰਦਾ, ਆਸਾ ਤ੍ਰਿਸ਼ਨਾ ਦਏ ਖਪਾਈਆ। ਮਨਮੁਖ ਅੰਤਮ ਰਾਏ ਧਰਮ ਦਰ ਬਹਾਇੰਦਾ, ਚਿਤਰ ਗੁਪਤ ਦਏ ਸਲਾਹੀਆ। ਗੁਰਮੁਖ ਸਾਚੇ ਵੇਖ ਵਖਾਇੰਦਾ, ਲੋਕਮਾਤ ਚਾਈਂ ਚਾਈਂਆ। ਤ੍ਰੈਗੁਣ ਮਾਇਆ ਪਰਦਾ ਲਾਹਿੰਦਾ, ਪੰਜ ਤੱਤ ਕਰੇ ਰੁਸ਼ਨਾਈਆ। ਕਾਗਦ ਕ਼ਲਮ ਭੇਵ ਨਾ ਪਾਇੰਦਾ, ਲੇਖਾ ਲਿਖੇ ਨਾ ਕੋਈ ਸ਼ਾਹੀਆ। ਐੜਾ ਅਥਰਬਣ ਵੇਦ ਅੰਤ ਕੁਰਲਾਇੰਦਾ, ਉਚੀ ਕੂਕੇ ਮਾਰੇ ਧਾਹੀਂਆ। ਅੱਲਾ ਰਾਣੀ ਮੁਖ ਸ਼ਰਮਾਇੰਦਾ, ਨੇਤਰ ਨੈਣ ਨਾ ਸਕੇ ਉਠਾਈਆ। ਚਾਰ ਯਾਰ ਸੰਗ ਮੁਹੰਮਦ ਰਾਹ ਤਕਾਇੰਦਾ, ਪੁਰਖ ਅਬਿਨਾਸ਼ੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨਹਰਿ ਵੇਖੇ ਥਾਉਂ ਥਾਈਂਆ।