੧੧ ਮਾਘ ੨੦੧੭ ਬਿਕ੍ਰਮੀ ਜਮਾਦਾਰ ਭਾਗ ਸਿੰਘ ਦੇ ਘਰ ਜਲੰਧਰ ਸ਼ਹਿਰ ਟਾਂਡਾ ਅੱਡਾ
ਸੋ ਪੁਰਖ ਨਿਰੰਜਣ ਖੇਲ ਅਪਾਰਾ, ਅਨਭਵ ਆਪਣੀ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਕਰੇ ਖੇਲ ਅਪਰ ਅਪਾਰਾ, ਆਪ ਆਪਣੀ ਧਾਰ ਬੰਧਾਇੰਦਾ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣੀ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਏਕੰਕਾਰਾ ਵਸਣਹਾਰਾ ਧਾਮ ਨਿਆਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਦਿ ਜੁਗਾਦੀ ਖੇਲ ਅਪਾਰਾ, ਇਕ ਇਕੱਲਾ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ, ਦਰ ਠਾਂਡੇ ਦਰਬਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਗੰਮ ਅਗੰਮੜਾ ਅਗਮੜੀ ਖੇਲ ਖਿਲਾਇੰਦਾ। ਵਸਣਹਾਰਾ ਸਚਖੰਡ ਦਵਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਬੇਐਬ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਉਪਜਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣੀ ਖੇਲ ਖਿਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਸਾਚਾ ਹੁਕਮ ਆਪ ਸੁਣਾਇੰਦਾ । ਨਿਰਗੁਣ ਨਿਰਗੁਣ ਬਣ ਸੱਚੀ ਸਰਕਾਰਾ, ਸਾਚਾ ਮਾਰਗ ਆਪੇ ਲਾਇੰਦਾ। ਨਿਰਗੁਣ ਵੇਖੇ ਨਿਰਗੁਣ ਪੇਖੇ ਨਿਰਗੁਣ ਹੋਏ ਆਪ ਦਵਾਰਾ, ਨਿਰਗੁਣ ਨਿਉਂ ਨਿਉਂ ਸੀਸ ਝੁਕਾਇੰਦਾ। ਨਿਰਗੁਣ ਮੰਗੇ ਬਣ ਭਿਖਾਰਾ, ਆਪਣੀ ਇਛਿਆ ਆਪਣੀ ਭਿਛਿਆ ਆਪੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਰੂਪ ਆਪ ਧਰਾਇੰਦਾ। ਆਦਿ ਪੁਰਖ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਮਹੱਲ ਅਟਲ ਉਚ ਮੁਨਾਰ ਸੋਭਾ ਪਾਇੰਦਾ। ਆਪਣੀ ਜੋਤੀ ਆਪੇ ਰਲਾ, ਜੋਤੀ ਜੋਤ ਨੂਰ ਉਪਜਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਸੋਭਾਵੰਤ ਸੋਭਾ ਪਾਇੰਦਾ। ਆਪ ਫੜਾਏ ਆਪਣਾ ਪੱਲਾ, ਸਗਲਾ ਸੰਗ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਪ੍ਰਗਟਾਇੰਦਾ। ਆਪਣਾ ਰੂਪ ਆਪੇ ਧਰ, ਆਪਣੀ ਖੇਲ ਆਪ ਖਿਲਾਈਆ। ਆਪੇ ਨਿਰਗੁਣ ਹੋ ਨਿਰਾਕਾਰ, ਨਿਰਵੈਰ ਆਪਣਾ ਨਾਉਂ ਧਰਾਈਆ। ਅਜੂਨੀ ਰਹਿਤ ਆਪੇ ਜਾਣੇ ਆਪਣੀ ਕਾਰ, ਦੂਸਰ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਧਾਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਕਰਨੀ ਆਪ ਵਿਚਾਰ, ਆਪੇ ਵੇਖ ਵਖਾਇੰਦਾ। ਆਪੇ ਮੰਦਰ ਹੋ ਉਂੁਜਿਆਰ, ਦੀਵਾ ਬਾਤੀ ਕਮਲਾਪਾਤੀ ਆਪ ਟਿਕਾਇੰਦਾ। ਆਪੇ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਰਾਜ ਰਾਜਾਨ ਆਪਣੀ ਧਾਰ ਆਪ ਬੰਧਾਇੰਦਾ। ਆਪੇ ਵਸਣਹਾਰਾ ਸਚਖੰਡ ਸਚ ਦੁਆਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਆਪੇ ਘਰ ਵਿਚ ਘਰ ਕਰੇ ਤਿਆਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਕਰੇ ਖੇਲ ਅਗੰਮ ਅਪਾਰ, ਥਿਰ ਘਰ ਸਾਚਾ ਆਪ ਪਰਗਟਾਇੰਦਾ। ਥਿਰ ਘਰ ਵਸੇ ਵਸਣਹਾਰ ਆਪ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਕਾਰ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਏਕਾ ਹਰਿ, ਅਕਲ ਕਲਾ ਵਡਿਆਈਆ। ਹਰਿ ਪੁਰਖ ਨਿਰੰਜਣ ਜੋਤ ਧਰ, ਆਪ ਆਪਣਾ ਲਏ ਪਰਗਟਾਈਆ। ਏਕੰਕਾਰਾ ਆਪੇ ਵੇਖੇ ਆਪਣਾ ਦਰ, ਦਰ ਦੁਆਰ ਆਪ ਖੁਲ੍ਹਾਈਆ। ਆਦਿ ਨਿਰੰਜਣ ਆਪਣੀ ਕਿਰਪਾ ਆਪੇ ਕਰ, ਆਪੇ ਹੋਏ ਸਹਾਈਆ। ਅਬਿਨਾਸ਼ੀ ਕਰਤਾ ਬਣੇ ਨਰ, ਨਰ ਨਰਾਇਣ ਵਡੀ ਵਡਿਆਈਆ। ਸ੍ਰੀ ਭਗਵਾਨ ਮੰਗੇ ਮੰਗ, ਦਰ ਆਪਣੀ ਅਲਖ ਜਗਾਈਆ। ਪਾਰਬ੍ਰਹਮ ਪ੍ਰਭ ਫੜਾਏ ਲੜ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਚਖੰਡ ਦੁਆਰਾ ਖੇਲ ਅਪਾਰਾ, ਹਰਿ ਨਿਰੰਕਾਰਾ ਆਪ ਕਰਾਇੰਦਾ। ਆਪੇ ਨਾਰੀ ਕੰਤ ਭਤਾਰਾ, ਹਰਿ ਹਰਿ ਆਪੇ ਸੇਜ ਸੁਹਾਇੰਦਾ। ਆਪੇ ਵਸੇ ਥਿਰ ਘਰ ਠਾਂਡੇ ਦਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਆਪਣੀ ਕਾਰ ਕਮਾਇੰਦਾ। ਆਪੇ ਜਨਨੀ ਜਨ ਜਣੇ ਸੁਤ ਦੁਲਾਰਾ, ਮਾਤ ਪਿਤ ਆਪ ਹੋ ਜਾਇੰਦਾ। ਆਪਣੀ ਇਛਿਆ ਆਪਣੇ ਅੰਦਰੋਂ ਆਪੇ ਕਢੇ ਬਾਹਰਾ, ਸਿਰ ਆਪਣਾ ਹੱਥ ਟਿਕਾਇੰਦਾ। ਨਾਉਂ ਰਖਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਚੜ੍ਹ, ਸਚ ਸਿੰਘਾਸਣ ਆਪ ਸੁਹਾਇੰਦਾ। ਸਚ ਸਿੰਘਾਸਣ ਸੋਭਾਵੰਤ, ਹਰਿ ਸਾਚਾ ਆਪ ਸੁਹਾਇੰਦਾ। ਕਰਿਆ ਖੇਲ ਨਾਰੀ ਕੰਤ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਆਪ ਬਣਾਈ ਸਾਚੀ ਬਣਤ, ਜਨ ਜਨਨੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਇਕ ਉਪਾਇੰਦਾ। ਸੁਤ ਦੁਲਾਰਾ ਆਪ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਦਾਈ ਦਾਇਆ ਬਣ ਬਣ ਸੇਵ ਕਮਾਇਆ, ਕਰੇ ਸੇਵ ਸ੍ਰੀ ਭਗਵਾਨ। ਮਾਤ ਪਿਤ ਬਣ ਬਣ ਗੋਦ ਉਠਾਇਆ, ਲੇਖਾ ਜਾਣੇ ਆਪਣੇ ਦਰ ਵੇਖਣਹਾਰਾ ਆਪ ਨਿਗਾਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਸਾਚਾ ਦਾਨ। ਸ਼ਬਦ ਉਠਾਇਆ ਬਾਲ ਨਿਧਾਨਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨਾ, ਏਕਾ ਰੂਪ ਦਏ ਦਰਸਾਈਆ। ਏਕੰਕਾਰਾ ਬਖ਼ਸ਼ਣਹਾਰਾ ਸਾਚਾ ਦਾਨਾ, ਵਸਤ ਅਮੋਲਕ ਝੋਲੀ ਪਾਈਆ। ਸ੍ਰੀ ਭਗਵਾਨ ਆਪਣੀ ਹੱਥੀਂ ਬੰਨ੍ਹੇ ਗਾਨਾ, ਸਾਚਾ ਸਗਨ ਮਨਾਈਆ। ਅਬਿਨਾਸ਼ੀ ਕਰਤਾ ਨੌਜਵਾਨਾ, ਨਾ ਮਰੇ ਨਾ ਜਾਈਆ। ਪਾਰਬ੍ਰਹਮ ਆਪ ਵਸਾਏ ਸਚ ਮਕਾਨਾ, ਥਿਰ ਘਰ ਸਾਚੇ ਵਡੀ ਵਡਿਆਈਆ। ਸਾਚੇ ਸੰਤਾਂ ਹੋ ਮਿਹਰਵਾਨਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਦਿ ਆਦਿ ਆਪਣੀ ਖੇਲ ਆਪ ਖਿਲਾਈਆ। ਆਪ ਉਠਾਏ ਸੁਤ ਦੁਲਾਰਾ, ਸਿਰ ਆਪਣਾ ਹੱਥ ਰਖਾਇੰਦਾ। ਕਿਰਪਾ ਕਰੇ ਆਪ ਕਰਤਾਰਾ, ਆਪਣੀ ਦਇਆ ਕਮਾਇੰਦਾ। ਏਕਾ ਵਸਤ ਦੇਵੇ ਹਰਿ ਥਾਰਾ, ਅਤੋਟ ਅਤੁਟ ਰਖਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦੀ ਸ਼ਬਦ ਨਾਉਂ ਧਰਾਇੰਦਾ। ਸ਼ਬਦ ਉਠਾਇਆ ਹਰਿ ਕਰਤਾਰ, ਆਪਣਾ ਰੂਪ ਆਪ ਪਰਗਟਾਈਆ। ਦੇਵੇ ਵਰ ਸੱਚੀ ਸਰਕਾਰ, ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਥਿਰ ਘਰ ਖੇਲ ਅਗੰਮ ਅਪਾਰ, ਪਾਰਬ੍ਰਹਮ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਦਿ ਰੂਪ ਅਨਾਦਿ ਆਪਣਾ ਆਪ ਧਰਾਈਆ। ਆਪਣਾ ਰੂਪ ਆਪ ਧਰਾਇਆ, ਜੋਤੀ ਜੋਤ ਜੋਤ ਜਗਾਈਆ। ਆਪਣੀ ਸ਼ਕਤੀ ਆਪ ਉਪਾਇਆ, ਸ਼ਕਤ ਸ਼ਕਤ ਵਿਚ ਸਮਾਈਆ। ਆਪਣਾ ਜਲਵਾ ਆਪ ਰਖਾਇਆ, ਵੇਖਣਹਾਰ ਆਪ ਹੋ ਜਾਈਆ। ਆਪਣਾ ਮੰਦਰ ਆਪ ਬਣਾਇਆ, ਨਾ ਕੋਈ ਬਾਢੀ ਬਣਤ ਬਣਾਈਆ। ਆਪਣਾ ਦੀਪ ਆਪ ਜਗਾਇਆ, ਤੇਲ ਬਾਤੀ ਨਾ ਕੋਇ ਰਖਾਈਆ। ਆਪੇ ਸਾਕੀ ਬਣ ਬਣ ਆਪੇ ਜਾਮ ਪਿਆਇਆ, ਆਪਣਾ ਰਸ ਆਪਣੇ ਹੱਥ ਰਖਾਈਆ। ਆਪਣੀ ਤਾਕੀ ਖੋਲ੍ਹ ਆਪਣਾ ਰੂਪ ਆਪ ਪਰਗਟਾਇਆ, ਸਚਖੰਡ ਦੁਆਰ ਵੱਜੇ ਵਧਾਈਆ। ਆਪਣਾ ਪਰਦਾ ਆਪ ਉਠਾਇਆ, ਥਿਰ ਘਰ ਵੇਖੇ ਬੇਪਰਵਾਹੀਆ। ਆਦਿ ਆਦਿ ਹਰਿ ਪੁਰਖ ਆਪਣਾ ਵੇਸ ਆਪ ਵਟਾਇਆ, ਨਾ ਕੋਇ ਬਣਿਆ ਪਿਤਾ ਮਾਈਆ। ਸੁਤ ਦੁਲਾਰਾ ਏਕਾ ਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸੁਤ ਦੁਲਾਰਾ ਉਠਿਆ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਹਰਿ ਪੁਰਖ ਨਿਰੰਜਣ ਆਪੇ ਤੁਠਿਆ, ਆਪਣੀ ਕੁੱਖੀ ਭਾਗ ਲਗਾਇੰਦਾ। ਏਕੰਕਾਰਾ ਆਪ ਪਿਆਏ ਸਾਚਾ ਅੰਮ੍ਰਿਤ ਘੁੱਟਿਆ, ਆਦਿ ਨਿਰੰਜਣ ਸੇਵ ਕਮਾਇੰਦਾ। ਅਬਿਨਾਸ਼ੀ ਕਰਤਾ ਆਦਿ ਜੁਗਾਦਿ ਨਾ ਜਾਏ ਕਦੇ ਲੁਟਿਆ, ਸਚ ਭੰਡਾਰ ਹੱਥ ਰਖਾਇੰਦਾ। ਸ੍ਰੀ ਭਗਵਾਨ ਉਪਾਏ ਸਾਚਾ ਕੋਟਿਆ, ਸਚਖੰਡ ਦੁਆਰਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਜਗਾਏ ਨਿਰਮਲ ਜੋਤਿਆ, ਜੋਤੀ ਜਾਤਾ ਆਪਣਾ ਭੇਵ ਆਪਣੇ ਵਿਚ ਰਖਾਇੰਦਾ। ਆਪਣਾ ਭੇਵ ਆਪ ਛੁਪਾ, ਆਪਣੀ ਖੇਲ ਆਪ ਖਿਲਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਆਪਣਾ ਮਾਰਗ ਆਪੇ ਲਾਇੰਦਾ। ਆਪੇ ਬਣੇ ਹਰਿ ਮਲਾਹ, ਖੇਵਟ ਖੇਟਾ ਆਪਣਾ ਨਾਉਂ ਧਰਾਇੰਦਾ। ਆਪੇ ਦੇਵਣਹਾਰਾ ਸਚ ਸਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੁਤ ਦੁਲਾਰਾ ਆਪ ਉਪਾਇੰਦਾ। ਸੁਤ ਦੁਲਾਰਾ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਈਆ। ਹਉਂ ਸੇਵਕ ਤੂੰ ਬਣ ਰਖਵਾਰ, ਹਉਂ ਭਿਖਕ ਏਕਾ ਭਿਛਿਆ ਮੰਗ ਮੰਗਾਈਆ। ਤੂੰ ਸਮਰਥ ਪੁਰਖ ਨਿਰਾਕਾਰ, ਤੇਰੀ ਮਹਿਮਾ ਅਕਥ ਕਥੀ ਨਾ ਜਾਈਆ। ਦੇ ਵਸਤ ਅਪਰ ਅਪਾਰ, ਆਦਿ ਜੁਗਾਦਿ ਤੋਟ ਨਾ ਆਈਆ। ਮੇਰਾ ਰੂਪ ਨਾ ਕੋਈ ਘੜੇ ਨਾ ਕੋਈ ਭੰਨੇ ਤੇਰਾ ਬਣਿਆ ਰਹੇ ਪਿਆਰ, ਜੋਤੀ ਜੋਤ ਜੋਤ ਰਲਾਈਆ। ਤੇਰੀ ਇਛਿਆ ਮੇਰੀ ਧੁਨਕਾਰ, ਮੇਰੀ ਧੁਨ ਤੇਰਾ ਪਿਆਰ, ਪਿਆਰ ਪਿਆਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ ਢਹਿ ਪਿਆ ਸਰਨਾਈਆ। ਸੁਤ ਦੁਲਾਰਾ ਮੰਗੇ ਦਾਨ, ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਇੰਦਾ। ਹਉਂ ਸੇਵਕ ਬਾਲ ਨਿਧਾਨ, ਤੇਰੀ ਓਟ ਇਕ ਤਕਾਇੰਦਾ। ਦਰ ਦੁਆਰੇ ਦੇਣਾ ਮਾਣ, ਜੁਗ ਜੁਗ ਤੇਰੀ ਸੇਵ ਕਰਾਇੰਦਾ। ਸਚਖੰਡ ਦੁਆਰੇ ਕਰ ਪਰਵਾਨ, ਥਿਰ ਘਰ ਤੇਰਾ ਇਕ ਸੁਹਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਏਕਾ ਮੰਗ ਮੰਗਾਇੰਦਾ। ਮੰਗਣਹਾਰਾ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਤੇਰਾ ਨਾਉਂ ਵੱਜੇ ਮਰਦੰਗ, ਵਜਾਵਣਹਾਰ ਇਕ ਹੋ ਜਾਈਆ। ਤੇਰਾ ਦੁਆਰਾ ਵੇਖਾਂ ਲੰਘ, ਬਖ਼ਸ਼ੀ ਸਚ ਸਰਨਾਈਆ। ਨੰਗੀ ਹੋਏ ਨਾ ਮੇਰੀ ਕੰਡ, ਸਿਰ ਆਪਣਾ ਹੱਥ ਰਖਾਈਆ। ਦੋ ਜਹਾਨਾਂ ਰੱਖੀਂ ਠੰਡ, ਤੂੰ ਦਾਤਾ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਰਹੇ ਤੇਰਾ ਅਨੰਦ, ਅਨੰਦ ਅਨੰਦ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦੀ ਸ਼ਬਦ ਸੰਗ ਨਿਭਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਸੁਤ ਦੁਲਾਰਾ ਕਰ ਪਰਵਾਨ, ਸਿਰ ਆਪਣਾ ਹੱਥ ਰਖਾਇੰਦਾ। ਏਕਾ ਦੇਵੇ ਦਾਨੀ ਦਾਨ, ਆਪਣੀ ਇਛਿਆ ਝੋਲੀ ਆਪ ਭਰਾਇੰਦਾ। ਆਪੇ ਬਣਿਆ ਸਾਚਾ ਕਾਹਨ, ਸਾਚੇ ਮੰਡਲ ਰਾਸ ਰਚਾਇੰਦਾ। ਆਦਿ ਜੁਗਾਦਿ ਹੋਏ ਸਦਾ ਨਿਗਹਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਦਾਤਾ ਸ੍ਰੀ ਭਗਵਾਨ। ਹਰਿ ਭੰਡਾਰ ਵਰਤਾਇਆ, ਕਰ ਕਿਰਪਾ ਸ੍ਰੀ ਭਗਵਾਨ। ਆਪਣਾ ਭੇਵ ਆਪ ਖੁਲ੍ਹਾਇਆ, ਭੇਵ ਅਭੇਦਾ ਭੇਵ ਮਹਾਨ। ਸਾਚੇ ਸੁਤ ਤੇਰੀ ਸੇਵਾ ਇਕ ਰਖਾਇਆ, ਸੇਵਕ ਸੇਵਾ ਦੋ ਜਹਾਨ। ਆਪਣਾ ਰੂਪ ਤੇਰਾ ਨਾਉਂ ਪਰਗਟਾਇਆ, ਤੇਰਾ ਨਾਉਂ ਨਾ ਕੋਇ ਨਿਸ਼ਾਨ। ਤੇਰੀ ਇਛਿਆ ਇਕ ਵਖਾਇਆ, ਗੁਣ ਦਾਤਾ ਗੁਣ ਨਿਧਾਨ। ਤੇਰੇ ਮੰਦਰ ਡੇਰਾ ਲਾਇਆ, ਥਿਰ ਘਰ ਵੇਖੇ ਸਚ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਚ ਪਛਾਣ। ਸਚ ਪਛਾਣ ਜਣਾਇੰਦਾ, ਹਰਿ ਕਰਤਾ ਮਿਹਰਵਾਨ। ਜਨਨੀ ਜਨ ਵੇਖ ਵਖਾਇੰਦਾ, ਵੇਖਣਹਾਰਾ ਦੋ ਜਹਾਨ। ਆਪਣੀ ਗੋਦ ਆਪ ਸੁਹਾਇੰਦਾ, ਸੁਤ ਦੁਲਾਰਾ ਦੇਵੇ ਦਾਨ। ਸ਼ਬਦੀ ਸ਼ਬਦ ਆਪ ਵਡਿਆਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਆਪਣਾ ਰੂਪ ਆਪ ਧਰਾਇੰਦਾ, ਨਿਰਗੁਣ ਨਿਰਗੁਣ ਹੋ ਪਰਧਾਨ। ਵਿਸ਼ਵ ਆਪਣੀ ਕਾਰ ਕਮਾਇੰਦਾ, ਆਪੇ ਵਿਸ਼ਨੂੰ ਦੇਵੇ ਦਾਨ। ਆਪੇ ਅੰਮ੍ਰਿਤ ਆਪਣਾ ਆਪ ਧਰਾਇੰਦਾ, ਆਪੇ ਵੇਖਣਹਾਰ ਗੁਣ ਨਿਧਾਨ। ਆਪੇ ਕਵਲਾ ਕਵਲ ਖਲਾਇੰਦਾ, ਆਪ ਬਣਾਏ ਸਚ ਸੰਤਾਨ। ਆਪੇ ਆਪਣੀ ਵੰਡ ਵੰਡਾਇੰਦਾ, ਪਾਰਬ੍ਰਹਮ ਕਰੇ ਖੇਲ ਮਹਾਨ। ਪੱਤ ਡਾਲੀ ਆਪ ਮਹਿਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪੇ ਹੋਇਆ ਜਾਣੀ ਜਾਣ। ਵਿਸ਼ਨੂੰ ਉਪਾਇਆ ਵਿਸ਼ਵ ਧਾਰ, ਵਾਸਤਕ ਆਪਣੀ ਖੇਲ ਖਿਲਾਈਆ। ਆਪੇ ਹੋਏ ਵੇਖਣਹਾਰ, ਆਪਣੀ ਕਲ ਪ੍ਰਗਟਾਈਆ । ਸਾਰ ਸ਼ਬਦ ਖੇਲ ਨਿਆਰ, ਧਾਰ ਧਾਰ ਲਏ ਬੰਧਾਈਆ। ਜੋਤੀ ਨੂਰ ਨੂਰ ਉਜਿਆਰ, ਨੂਰ ਨੁਰਾਨਾ ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਵਿਸ਼ਨ ਖੇਲ ਹਰਿ ਖਿਲਾਇਆ, ਖੇਲਣਹਾਰ ਪੁਰਖ ਅਗੰਮ। ਆਪਣਾ ਰੂਪ ਆਪ ਧਰਾਇਆ, ਨਾ ਮਰੇ ਨਾ ਪਏ ਜੰਮ। ਆਪਣਾ ਰੰਗ ਆਪ ਰੰਗਾਇਆ, ਆਪੇ ਜਾਣੇ ਕੰਮ। ਆਪਣਾ ਆਸਣ ਆਪ ਸੁਹਾਇਆ, ਆਪੇ ਬੇੜਾ ਰਿਹਾ ਬੰਨ੍ਹ। ਆਪਣਾ ਹੁਕਮ ਆਪ ਸੁਹਾਇਆ, ਆਪੇ ਰਿਹਾ ਮੰਨ। ਆਪਣਾ ਬੰਧਨ ਆਪੇ ਪਾਇਆ, ਆਪੇ ਬਣੇ ਜਨਨੀ ਜਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸ੍ਰੀ ਭਗਵਨ। ਸ੍ਰੀ ਭਗਵਾਨ ਖੇਲ ਖਿਲਾਇਆ, ਆਪ ਆਪਣੀ ਕਿਰਪਾ ਧਾਰ। ਆਪਣਾ ਮੰਦਰ ਆਪ ਸੁਹਾਇਆ, ਆਪੇ ਹੋਏ ਉਜਿਆਰ। ਆਪਣੀ ਇਛਿਆ ਆਪ ਪ੍ਰਗਟਾਇਆ, ਆਪੇ ਭਰੇ ਭੰਡਾਰ। ਆਪਣਾ ਰਸ ਆਪ ਚੁਆਇਆ, ਸਾਚਾ ਅੰਮ੍ਰਿਤ ਕਰ ਤਿਆਰ। ਆਪਣੇ ਅੰਦਰ ਆਪ ਟਿਕਾਇਆ, ਆਪੇ ਬਖ਼ਸ਼ੇ ਧਾਰ। ਆਪਣੀ ਨਾਭ ਆਪ ਵਹਾਇਆ, ਆਪੇ ਕਰੇ ਵਿਚਾਰ। ਆਪਣਾ ਕਵਲ ਆਪ ਉਪਾਇਆ, ਆਪੇ ਅੰਦਰ ਆਪੇ ਬਾਹਿਰ। ਸਾਚੀ ਪੰਖੜੀਆਂ ਆਪ ਸੁਹਾਇਆ, ਆਪੇ ਕਰੇ ਉਜਿਆਰ। ਆਪਣੀ ਵੰਡ ਆਪ ਵੰਡਾਇਆ, ਪਾਰਬ੍ਰਹਮ ਬ੍ਰਹਮ ਹੋ ਨਿਆਰ, ਬ੍ਰਹਮ ਆਪਣਾ ਨਾਉਂ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਬ੍ਰਹਮ ਆਪ ਪਰਗਟਾ, ਆਪਣਾ ਖੇਲ ਖਿਲਾਇੰਦਾ। ਆਪਣੇ ਅੱਗੇ ਸੀਸ ਝੁਕਾ, ਆਪੇ ਮੰਗ ਮੰਗਾਇੰਦਾ। ਬ੍ਰਹਮ ਬਾਲ ਅਞਾਣਾ ਪਕੜੀਂ ਬਾਂਹ, ਇਕ ਤੇਰੀ ਓਟ ਰਖਾਇੰਦਾ। ਚਰਨ ਕਵਲ ਦੇਣਾ ਸਾਚਾ ਥਾਂ, ਸਾਚਾ ਘਰ ਸਮਰਥ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਤੱਤ ਸਮਝਾਇੰਦਾ। ਏਕਾ ਸਰਨ ਇਕ ਸਰਨਾ, ਇਕ ਦੁਆਰਾ ਜਣਾਇੰਦਾ। ਸਦਾ ਰੱਖਾਂ ਸਿਰ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਰੂਪ ਦਿਆਂ ਦਰਸਾ, ਮਹਿਮਾ ਅਨੂਪ ਨਾ ਕੋਈ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਜਣਾਇੰਦਾ। ਬ੍ਰਹਮਾ ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਬੇਐਬ ਖ਼ੁਦਾਈ ਪਰਵਰਦਿਗਾਰ, ਪਾਰਬ੍ਰਹਮ ਵਡੀ ਵਡਿਆਈਆ। ਤੁਧ ਬਿਨ ਅਵਰ ਨਾ ਕੋਈ ਸਹਾਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਤੇਰਾ ਦਰ ਸੱਚਾ ਦਰਬਾਰ, ਦਰ ਘਰ ਸਾਚਾ ਇਕ ਸੁਹਾਈਆ। ਆਦਿ ਅੰਤ ਤੇਰਾ ਪਿਆਰ, ਭੁਲ ਕਦੇ ਨਾ ਜਾਈਆ। ਤੇਰੇ ਅੰਦਰੋਂ ਆਇਆ ਬਾਹਿਰ, ਤੇਰਾ ਪੁੱਤ ਅਖਵਾਈਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤਖ਼ਤ ਨਿਵਾਸੀ ਬੇਪਰਵਾਹੀਆ। ਸਚ ਸਰਨਾਈ ਤੇਰੀ ਨਿਰੰਕਾਰ, ਦੂਸਰ ਓਟ ਨਾ ਕੋਇ ਤਕਾਈਆ। ਤੇਰਾ ਹੁਕਮ ਸਤਿ ਵਰਤਾਰ, ਸਤਿ ਸਤਿਵਾਦੀ ਸਚ ਚਲਾਈਆ। ਆਦਿ ਆਦੀ ਤੇਰੀ ਕਾਰ, ਆਦਿ ਪੁਰਖ ਵਡੀ ਵਡਿਆਈਆ। ਤੇਰਾ ਨਾਦ ਸੱਚੀ ਧੁਨਕਾਰ, ਧੁਨ ਧੁਨ ਵਿਚ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਸਮਰਥ ਰਖਾਇੰਦਾ, ਕਰ ਕਿਰਪਾ ਹਰਿ ਮਿਹਰਵਾਨ। ਆਪਣੀ ਗਾਥਾ ਆਪ ਅਲਾਇੰਦਾ, ਆਪੇ ਦੇਵੇ ਧੁਰ ਫ਼ਰਮਾਨ। ਚਾਰੇ ਵੇਦਾਂ ਆਪ ਜਣਾਇੰਦਾ, ਆਪੇ ਹੋਏ ਜਾਣੀ ਜਾਣ। ਸਾਚਾ ਮਾਰਗ ਆਪੇ ਲਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਆਪਣੀ ਵੰਡ ਆਪ ਵੰਡਾਇੰਦਾ, ਆਪੇ ਵੇਖੇ ਆਣ। ਚਾਰੇ ਜੁਗ ਵੇਸ ਵਟਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਪਰਧਾਨ। ਚਾਰੇ ਖਾਣੀ ਆਪ ਉਪਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਦੇਵੇ ਦਾਨ। ਚਾਰੇ ਬਾਣੀ ਆਪ ਸੁਣਾਇੰਦਾ, ਪਰਾ ਪਸੰਤੀ ਮਧਮ ਬੈਖ਼ਰੀ ਗਾਏ ਗਾਨ। ਚਾਰੇ ਕੁੰਟ ਆਪਣਾ ਰੂਪ ਧਰਾਇੰਦਾ, ਪਾਰਬ੍ਰਹਮ ਬ੍ਰਹਮ ਪਹਿਚਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਇਕ ਵਖਾਏ ਸਚ ਨਿਸ਼ਾਨ। ਹਰਿ ਸਚ ਨਿਸ਼ਾਨ ਵਖਾਇੰਦਾ, ਸਚਖੰਡ ਦੁਆਰਾ ਏਕੰਕਾਰ। ਇਕ ਇਕੱਲਾ ਆਸਣ ਲਾਇੰਦਾ, ਤਖ਼ਤ ਨਿਵਾਸੀ ਸੱਚੀ ਸਰਕਾਰ। ਆਪਣਾ ਹੁਕਮ ਆਪ ਉਪਾਇੰਦਾ, ਆਪੇ ਹੋਏ ਮੰਨਣਹਾਰ। ਆਪੇ ਸ਼ਬਦੀ ਰੂਪ ਵਟਾਇੰਦਾ, ਆਪੇ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਬੰਨ੍ਹੇ ਧਾਰ। ਆਪੇ ਤ੍ਰੈਗੁਣ ਤੱਤ ਪਰਗਟਾਇੰਦਾ, ਆਪ ਪੰਚਮ ਕਰੇ ਪਿਆਰ। ਆਪੇ ਬ੍ਰਹਿਮੰਡ ਖੰਡ ਰਚਨ ਰਚਾਇੰਦਾ, ਆਪੇ ਲੋਆਂ ਪੁਰੀਆਂ ਦਏ ਆਧਾਰ। ਆਪੇ ਰਵ ਸਸ ਜੋਤ ਚਮਕਾਇੰਦਾ, ਆਪੇ ਮੰਡਲ ਮੰਡਪ ਦਏ ਸਹਾਰ। ਆਪਣੀ ਕਲ ਆਪ ਵਰਤਾਇੰਦਾ, ਅਕਲ ਕਲ ਹੋ ਤਿਆਰ। ਆਪੇ ਲੱਖ ਚੁਰਾਸੀ ਖੇਲ ਖਿਲਾਇੰਦਾ, ਘਰ ਘਰ ਵਿਚ ਪਾਵੇ ਸਾਰ। ਆਪੇ ਘਾੜਨ ਸਚ ਘੜਾਇੰਦਾ, ਆਪੇ ਬਣਿਆ ਆਪ ਠਠਿਆਰ। ਆਪੇ ਰਕਤ ਬੂੰਦ ਮੇਲ ਮਿਲਾਇੰਦਾ, ਪੰਜ ਤੱਤ ਦਏ ਆਧਾਰ। ਆਪੇ ਨੌਂ ਦੁਆਰੇ ਖੇਲ ਖਿਲਾਇੰਦਾ, ਆਪੇ ਡੂੰਘੀ ਕੰਦਰ ਪਾਵੇ ਸਾਰ। ਆਪੇ ਆਸਾ ਤ੍ਰਿਸ਼ਨਾ ਆਪਣਾ ਨਾਉਂ ਧਰਾਇੰਦਾ, ਆਪੇ ਬਣਿਆ ਕਾਮ ਕਰੋਧ ਲੋਭ ਮੋਹ ਹੰਕਾਰ। ਆਪੇ ਹਉਮੇ ਹੰਗਤਾ ਗੜ੍ਹ ਬਣਾਇੰਦਾ, ਆਪੇ ਉਚੀ ਕੂਕ ਕਰੇ ਪੁਕਾਰ। ਆਪੇ ਆਪਣੀ ਵੰਡ ਵੰਡਾਇੰਦਾ, ਨਿਰਗੁਣ ਨਿਰਗੁਣ ਹੋ ਤਿਆਰ। ਆਪੇ ਮਨ ਮਤ ਬੁਧ ਨਾਉਂ ਧਰਾਇੰਦਾ, ਜੋਤੀ ਅੰਸ ਕਰ ਆਕਾਰ। ਆਪੇ ਸੁਖਮਨ ਰਾਹ ਵਖਾਇੰਦਾ, ਆਪੇ ਟੇਢੀ ਬੰਕ ਹੋਇਆ ਧੂਆਂਧਾਰ। ਆਪੇ ਈੜਾ ਪਿੰਗਲ ਬੰਧਨ ਪਾਇੰਦਾ, ਆਪੇ ਖੜਾ ਰਹੇ ਦੁਆਰ। ਆਪੇ ਅੰਮ੍ਰਿਤ ਸਰੋਵਰ ਤਾਲ ਭਰਾਇੰਦਾ, ਆਪੇ ਨਿਝਰ ਝਿਰਨਾ ਝਿਰੇ ਅਪਾਰ। ਆਪੇ ਧੂਆਂਧਾਰ ਵਖਾਇੰਦਾ, ਘਟ ਭੀਤਰ ਨਾ ਕੋਇ ਵਿਚਾਰ। ਆਪੇ ਬਜਰ ਕਪਾਟੀ ਕੁੰਡਾ ਲਾਇੰਦਾ, ਆਪੇ ਹੋਏ ਤੋੜਨਹਾਰ। ਆਪੇ ਸ਼ਬਦੀ ਡੰਕ ਵਜਾਇੰਦਾ, ਆਪੇ ਅਨਹਦ ਧੁਨ ਸੱਚੀ ਧੁਨਕਾਰ। ਆਪੇ ਸ਼ਬਦ ਰੂਪ ਵਟਾਇੰਦਾ, ਆਪੇ ਕਰੇ ਖੇਲ ਅਪਰ ਅਪਾਰ। ਆਪੇ ਆਤਮ ਸੇਜ ਸੁਹਾਇੰਦਾ, ਆਪੇ ਨਾਰੀ ਕੰਤ ਭਤਾਰ। ਆਪੇ ਸੁਰਤੀ ਸ਼ਬਦ ਮਿਲਾਇੰਦਾ, ਸ਼ਬਦ ਮਿਲਾਵਾ ਏਕੰਕਾਰ। ਆਪੇ ਦਸਮ ਦੁਆਰੀ ਆਸਣ ਲਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਆਪੇ ਆਪਣਾ ਬਲ ਰਖਾਇੰਦਾ, ਦਸਮ ਦੁਆਰੀ ਹੋਵੇ ਬਾਹਰ। ਆਪੇ ਧੂਆਂਧਾਰ ਸਮਾਇੰਦਾ, ਆਪੇ ਸੁੰਨ ਅਗੰਮੀ ਕਰੇ ਪਾਰ ਕਿਨਾਰ। ਆਪੇ ਕੋਟਨ ਰਵ ਸਸ ਨੂਰ ਆਪਣੀ ਜੋਤੀ ਚਮਕਾਇੰਦਾ, ਆਪੇ ਹੋਏ ਵੇਖਣਹਾਰ। ਆਪੇ ਬ੍ਰਹਮਾ ਵਿਸ਼ਨ ਸ਼ਿਵ ਚਰਨਾਂ ਨਾਲ ਰਖਾਇੰਦਾ, ਆਪੇ ਦੇਵਣਹਾਰ ਆਧਾਰ। ਆਪੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ, ਆਪੇ ਨਿਰਗੁਣ ਸਰਗੁਣ ਕਰੇ ਪਿਆਰ। ਆਪੇ ਨਿਰਗੁਣ ਨੂਰ ਆਪ ਧਰਾਇੰਦਾ, ਸ਼ਬਦੀ ਖੇਲ ਅਪਰ ਅਪਾਰ। ਆਪੇ ਥਿਰ ਘਰ ਆਸਣ ਲਾਇੰਦਾ, ਆਪ ਸੁਹਾਏ ਬੰਕ ਦੁਆਰ। ਆਪੇ ਉਚੇ ਪੌੜੇ ਚੜ੍ਹ ਅਪਣਾ ਪੰਧ ਮੁਕਾਇੰਦਾ, ਆਪੇ ਵਸੇ ਸਚਖੰਡ ਸੱਚਾ ਨਿਰੰਕਾਰ। ਆਪੇ ਆਦਿ ਪੁਰਖ ਆਪਣਾ ਨਾਉਂ ਧਰਾਇੰਦਾ, ਆਪੇ ਸੋ ਪੁਰਖ ਨਿਰੰਜਣ ਮੀਤ ਮੁਰਾਰ। ਆਪੇ ਹਰਿ ਪੁਰਖ ਨਿਰੰਜਣ ਆਪਣੇ ਗੀਤ ਗਾਇੰਦਾ, ਆਪੇ ਏਕੰਕਾਰਾ ਬੋਲੇ ਸਤਿ ਜੈਕਾਰ। ਆਪੇ ਆਦਿ ਨਿਰੰਜਣ ਆਪਣੀ ਜੋਤ ਡਗਮਗਾਇੰਦਾ, ਆਪੇ ਅਬਿਨਾਸ਼ੀ ਕਰਤਾ ਬਣੇ ਸਾਚਾ ਯਾਰ। ਆਪੇ ਸ੍ਰੀ ਭਗਵਾਨ ਆਪਣਾ ਮੰਦਰ ਆਪੇ ਵੇਖ ਵਖਾਇੰਦਾ, ਆਪੇ ਪਾਰਬ੍ਰਹਮ ਕਰੇ ਸਤਿ ਸ਼ਿੰਗਾਰ। ਆਪੇ ਬ੍ਰਹਮ ਮੇਲ ਮਿਲਾਇੰਦਾ, ਆਤਮ ਬ੍ਰਹਮ ਦਏ ਆਧਾਰ। ਆਪੇ ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ, ਆਦਿ ਜੁਗਾਦੀ ਦੱਸੇ ਸਾਚੀ ਕਾਰ। ਲੱਖ ਚੁਰਾਸੀ ਆਪੇ ਵੇਖ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਏਕਾ ਆਪਣਾ ਨਾਉਂ ਸਮਝਾਇੰਦਾ, ਸਾਚਾ ਨਾਉਂ ਹਰਿ ਸਮਝਾਇਆ, ਤ੍ਰੈ ਤ੍ਰੈ ਵੰਡ ਵੰਡਾਈਆ। ਆਦਿ ਜੁਗਾਦੀ ਖੇਲ ਰਚਾਇਆ, ਜੁਗਾ ਜੁਗੰਤਰ ਵੇਸ ਵਟਾਈਆ। ਨਿਰਗੁਣ ਸਰਗੁਣ ਲਏ ਮਿਲਾਇਆ, ਸਰਗੁਣ ਦਾਤਾ ਨਿਰਗੁਣ ਅਖਵਾਈਆ। ਜੋਤੀ ਜੋਤ ਲਏ ਮਿਲਾਇਆ, ਜਾਗਰਤ ਜੋਤ ਕਰ ਰੁਸ਼ਨਾਈਆ। ਚਾਰੇ ਖਾਣੀ ਚਾਰੇ ਜੁਗ ਚਾਰੇ ਬਾਣੀ ਵੰਡ ਵੰਡਾਇਆ, ਇਕ ਇਕੱਲਾ ਵੇਖ ਵਖਾਈਆ । ਦੂਜਾ ਦਰ ਆਪ ਸੁਹਾਇਆ, ਗੁਰ ਪੀਰ ਅਵਤਾਰ ਆਪਣਾ ਰੂਪ ਵਟਾਈਆ। ਤੀਜਾ ਨੈਣ ਲਏ ਖੁਲ੍ਹਾਇਆ, ਨਿਜ ਨੇਤਰ ਕਰ ਰੁਸ਼ਨਾਈਆ। ਚੌਥਾ ਪਦ ਆਪ ਬਣਾਇਆ, ਘਰ ਬੈਠਾ ਸਾਚਾ ਮਾਹੀਆ। ਪੰਚਮ ਮੇਲਾ ਆਪ ਸਹਿਜ ਸੁਭਾਇਆ, ਪੰਚਮ ਸਖ਼ੀਆਂ ਮੰਗਲ ਗਾਈਆ। ਛੇਵਾਂ ਛੱਪਰ ਛੰਨ ਨਾ ਕੋਇ ਛੁਹਾਇਆ, ਨਿਰਗੁਣ ਜੋਤ ਇਕ ਰੁਸ਼ਨਾਈਆ। ਸਤਵਾਂ ਸਤਿ ਸਤਿਵਾਦੀ ਆਪਣਾ ਖੇਲ ਵਖਾਇਆ, ਨਾ ਮਰੇ ਨਾ ਜਾਈਆ। ਅੱਠਾਂ ਤੱਤਾਂ ਵਿਚ ਕਦੇ ਨਾ ਆਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਬੰਧਨ ਕੋਇ ਨਾ ਪਾਈਆ। ਨੌਂ ਦੁਆਰ ਨਾ ਡੇਰਾ ਲਾਇਆ, ਦਸਵਾਂ ਆਪਣੀ ਖੋਜ ਖੁਜਾਈਆ। ਨਿਰਗੁਣ ਨਿਰਵੈਰ ਦਇਆ ਕਮਾਇਆ, ਵਿਸ਼ਨੂੰ ਤੇਰਾ ਸੰਗ ਰਖਾਈਆ। ਏਕਾ ਹੁਕਮ ਹਰਿ ਸੁਣਾਇਆ, ਭੁਲ ਕੋਇ ਨਾ ਜਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੰਡ ਵੰਡਾਇਆ, ਚਾਰ ਜੁਗ ਏਕਾ ਚੌਕੜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਦਏ ਸਮਝਾਈਆ। ਨਵ ਨੌਂ ਚਾਰ ਸੇਵ ਅਪਾਰ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨੂੰ ਮੰਗੇ ਦਰ ਦਰਬਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਕਵਣ ਵੇਲਾ ਨਵ ਨੌਂ ਚਾਰ ਉਤਰੇ ਪਾਰ, ਕਵਣ ਪੰਧ ਮੁਕਾਇੰਦਾ। ਕਵਣ ਖੇਲ ਕਰੇ ਵਿਚ ਸੰਸਾਰ, ਲੋਕਮਾਤ ਜੋਤ ਜਗਾਇੰਦਾ। ਕਵਣ ਡੰਕਾ ਵਜਾਏ ਅਗੰਮ ਅਪਾਰ, ਕਵਣ ਆਪਣਾ ਨਾਉਂ ਪਰਗਟਾਇੰਦਾ। ਕਵਣ ਜੁਗ ਜੁਗ ਗੇੜਾ ਦਏ ਨਿਵਾਰ, ਗੇੜਾ ਆਪਣੇ ਹੱਥ ਰਖਾਇੰਦਾ । ਕਵਣ ਮਾਤਲੋਕ ਖੇੜਾ ਦਏ ਉਜਾੜ, ਉਜਿੜਆ ਖੇੜਾ ਕਵਣ ਵਸਾਇੰਦਾ। ਕਵਣ ਮਾਰਨਹਾਰਾ ਮਾਰ, ਕਵਣ ਕਟਾਰ ਹੱਥ ਚਮਕਾਇੰਦਾ। ਕਵਣ ਦੇਵਣਹਾਰ ਆਧਾਰ, ਕਵਣ ਸੰਗ ਨਿਭਾਇੰਦਾ। ਕਵਣ ਰੁੱਤੀ ਹੋਏ ਉਜਿਆਰ, ਰੁੱਤ ਬਸੰਤ ਕਵਣ ਵਖਾਇੰਦਾ। ਅਬਿਨਾਸ਼ੀ ਅਚੁਤ ਕਵਣ ਵੇਲੇ ਪਾਵੇ ਸਾਰ, ਕਵਣ ਮਾਰਗ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਦੇਣਾ ਸਾਚਾ ਵਰ, ਹਉਂ ਬਾਲੀ ਬੁਧ ਮੰਗ ਮੰਗਾਇੰਦਾ। ਬ੍ਰਹਮਾ ਉਠ ਉਠ ਕਰੇ ਧਿਆਨ, ਚਰਨ ਕਵਲ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਤੇਰਾ ਹੁਕਮ ਮੋਹੇ ਭਾਇਆ। ਨਵ ਨੌਂ ਚਾਰ ਸੇਵਾ ਕਰਾਂ ਵਿਚ ਜਹਾਨ, ਜੁਗ ਚੌਕੜੀ ਪੰਧ ਮੁਕਾਇਆ। ਲੋਕਮਾਤ ਵੇਖ ਨਿਸ਼ਾਨ, ਨਵ ਨਵ ਆਪਣਾ ਰੰਗ ਰੰਗਾਇਆ। ਚੌਦਾਂ ਲੋਕ ਖੋਲ੍ਹ ਦੁਕਾਨ, ਚੌਦਾਂ ਹੱਟ ਦਏ ਵਿਕਾਇਆ। ਚੌਦਾਂ ਵਿਦਿਆ ਕਰ ਪਰਧਾਨ, ਚੌਦਸ ਚੌਦਾਂ ਭੇਵ ਖੁਲ੍ਹਾਇਆ। ਤੇਰਾ ਇਕ ਸਲੋਕ ਸ੍ਰੀ ਭਗਵਾਨ, ਭੁਲ ਕਦੇ ਨਾ ਜਾਇਆ। ਸੋ ਪੁਰਖ ਨਿਰੰਜਣ ਸਦ ਬਣਿਆ ਰਹਿਣਾ ਨਿਗਹਬਾਨ, ਬ੍ਰਹਮਾ ਹੰ ਰੂਪ ਤੇਰਾ ਇਕ ਅੰਸ ਅੰਸੀ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵਕ਼ਤ ਲਈਂ ਮਿਲਾਇਆ। ਕਵਣ ਮੇਲਾ ਪਾਰਬ੍ਰਹਮ, ਬ੍ਰਹਮ ਸਾਚੀ ਮੰਗ ਮੰਗਾਈਆ। ਕਵਣ ਵੇਲਾ ਸੁਆਰੇਂ ਆਪਣਾ ਕੰਮ, ਨਿਹਕਰਮੀ ਕਰਮ ਕਮਾਈਆ। ਕਵਣ ਵੇਲਾ ਘੜੇਂ ਕਵਣ ਵੇਲਾ ਦਈਂ ਭੰਨ, ਥਿਤ ਵਾਰ ਕਵਣ ਰਖਾਈਆ। ਕਵਣ ਵੇਲਾ ਜਨਨੀ ਜਣੇਂ ਜਨ, ਕਵਣ ਵਕ਼ਤ ਗੋਦ ਸੁਹਾਈਆ। ਕਵਣ ਵੇਲਾ ਬੇੜਾ ਦੇਵੇਂ ਬੰਨ੍ਹ, ਲੋਕਮਾਤ ਹੋ ਸਹਾਈਆ। ਕਵਣ ਵੇਲਾ ਲੇਖਾ ਚੁਕੇ ਸੂਰਜ ਚੰਨ, ਨੂਰ ਨੂਰ ਵਿਚ ਟਿਕਾਈਆ। ਕਵਣ ਵੇਲਾ ਲੱਖ ਚੁਰਾਸੀ ਦੇਵਾਂ ਡੰਨ, ਬਚਿਆ ਕੋਇ ਰਹਿਣ ਨਾ ਪਾਈਆ। ਕਵਣ ਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭਿਖਕ ਏਕਾ ਮੰਗ ਮੰਗਾਈਆ। ਸ਼ੰਕਰ ਉਠ ਲਲਕਾਰਿਆ, ਨੇਤਰ ਨੈਣ ਉਘਾੜ। ਪੁਰਖ ਅਬਿਨਾਸ਼ੀ ਤੇਰਾ ਨਾਮ ਤੇਜ਼ ਕਟਾਰਿਆ, ਹੱਥ ਤ੍ਰਿਸੂਲ ਰਿਹਾ ਵਖਾਲ। ਬਾਸ਼ਕ ਤਸ਼ਕਾ ਗਲ ਸ਼ੰਗਾਰਿਆ, ਕੰਠ ਮਾਲਾ ਇਕ ਨਿਸ਼ਾਨ। ਜੋ ਉਪਜੇ ਸੋ ਅੰਤ ਸੰਘਾਰਿਆ, ਭੰਨਣਹਾਰਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਤੇਰੇ ਚਰਨ ਅੰਤ ਮਿਲੇ ਬਿਸਰਾਮ। ਕਵਣ ਵੇਲਾ ਅੰਤਮ ਔਣਾ, ਸ਼ੰਕਰ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਭੇਵ ਖੁਲੌਣਾ, ਤੇਰਾ ਤੇਰੇ ਵਿਚ ਸਮਾਈਆ। ਜੋਤੀ ਜੋਤ ਜੋਤ ਰਲੌਣਾ, ਸਰਗੁਣ ਨਿਰਗੁਣ ਵਿਚ ਟਿਕਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਕਵਣ ਰੂਪ ਹੋ ਪੰਧ ਮੁਕੌਣਾ, ਪਾਂਧੀ ਚਲ ਕੇ ਆਏ ਸਾਚਾ ਰਾਹੀਆ। ਕਵਣ ਰੂਪ ਬਖ਼ਸ਼ੰਦ ਅਖਵੌਣਾ, ਬਖ਼ਸ਼ਣਹਾਰ ਸੱਚਾ ਸ਼ਹਿਨਸ਼ਾਹੀਆ। ਕਵਣ ਰੂਪ ਆਪਣੀ ਗੰਢ ਆਪ ਪਵੌਣਾ, ਦੂਸਰ ਕੋਇ ਖੋਲ੍ਹ ਨਾ ਸਕੇ ਰਾਈਆ। ਕਵਣ ਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮਾਨੰਦ ਵਿਚ ਸਮੌਣਾ, ਅਨੰਦ ਅਨੰਦ ਅਨੰਦ ਇਕ ਵਖਾਈਆ। ਪੁਰਖ ਅਬਿਨਾਸ਼ੀ ਸੁਣ ਪੁਕਾਰ, ਇਕ ਗਿਆਨ ਦ੍ਰਿੜਾਇੰਦਾ। ਸ਼ਬਦੀ ਚੋਲਾ ਅਪਰ ਅਪਾਰ, ਆਪਣਾ ਬੋਲਾ ਆਪ ਅਲਾਇੰਦਾ। ਬਣਿਆ ਤੋਲਾ ਆਪ ਕਰਤਾਰ, ਨਾਮ ਕੰਡਾ ਹੱਥ ਉਠਾਇੰਦਾ। ਜੁਗ ਜੁਗ ਖੇਲ ਕਰੇ ਅਪਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਫੋਲ ਫੁਲਾਇੰਦਾ। ਭਗਤਨ ਦੇਵੇ ਨਾਮ ਆਧਾਰ, ਏਕਾ ਤੱਤ ਵਖਾਇੰਦਾ। ਸੰਤਨ ਬਖ਼ਸ਼ੇ ਸਚ ਪਿਆਰ, ਸਾਂਤਕ ਸਤਿ ਕਰਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਨਾਤਾ ਤੋੜ ਜਗਤ ਸੰਸਾਰ, ਸਗਲਾ ਸਾਥਾ ਆਪ ਨਿਭਾਇੰਦਾ। ਸਤਿਜੁਗ ਕਰੇ ਸਾਚੀ ਕਾਰ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਵਾਰ ਅਠਾਰਾਂ ਰੂਪ ਪਰਗਟਾਇੰਦਾ। ਅੰਤਮ ਪੰਧ ਲਏ ਵਿਚਾਰ, ਆਪ ਆਪਣਾ ਬਲ ਰਖਾਇੰਦਾ। ਥਿਰ ਰਹੇ ਨਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਸਤਿਜੁਗ ਕਰੇ ਪਾਰ ਕਿਨਾਰਾ। ਹਰਿ ਸਾਚੇ ਸਚ ਵਡਿਆਈਆ। ਭਗਤ ਭਗਵੰਤ ਦਏ ਸਹਾਰਾ, ਨਿਰਗੁਣ ਸਰਗੁਣ ਹੋਏ ਸਹਾਈਆ। ਤੋੜਣਹਾਰਾ ਗੜ੍ਹ ਹੰਕਾਰਾ, ਹੰਕਾਰੀ ਦੁਸ਼ਟ ਦਏ ਖਪਾਈਆ। ਆਪਣੀ ਗੋਦੀ ਆਪੇ ਦਏ ਹੁਲਾਰਾ, ਸਤਿਜੁਗ ਆਪਣੀ ਗੋਦ ਸੁਹਾਈਆ। ਆਪ ਉਠਾਏ ਬਾਲ ਅਞਾਣਾ, ਤਰੇਤਾ ਅੱਖ ਖੁਲ੍ਹਾਈਆ। ਆਪੇ ਹੋਇਆ ਸੁਘੜ ਸਿਆਣਾ, ਦੇ ਮਤ ਹਰਿ ਸਮਝਾਈਆ। ਧਰਤ ਮਾਤ ਦਾ ਸੰਗ ਨਿਭਾਣਾ, ਵਿਛੜ ਕਦੇ ਨਾ ਜਾਈਆ । ਏਕਾ ਪੌਣਾ ਪਦ ਨਿਰਬਾਣਾ, ਨਿਰਵੈਰ ਪੁਰਖ ਇਕ ਅਖਵਾਈਆ। ਕਰੇ ਖੇਲ ਸ੍ਰੀ ਭਗਵਾਨਾ, ਆਪਣਾ ਖੇਲ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਵੇ ਸਾਰ ਦੋ ਜਹਾਨਾਂ, ਦੋਏ ਦੋਏ ਜੋੜ ਆਪ ਜੁੜਾਈਆ। ਦੋਏ ਦੋਏ ਜੋੜ ਹਰਿ ਕਰਤਾਰਾ, ਭਗਵਨ ਆਪਣੀ ਖੇਲ ਖਿਲਾਇੰਦਾ। ਆਪੇ ਸਰਗੁਣ ਨਿਰਗੁਣ ਸ਼ਬਦ ਕਰਾਏ ਆਧਾਰਾ, ਸ਼ਬਦੀ ਸੁਰਤ ਆਪ ਮਿਲਾਇੰਦਾ। ਆਪੇ ਦੋ ਦੋ ਅੱਖਰ ਕਰ ਉਜਿਆਰਾ, ਨਿਰਾਕਾਰਾ ਸਾਕਾਰਾ ਰੂਪ ਵਟਾਇੰਦਾ। ਆਪੇ ਰਾਮ ਰੂਪ ਹੋ ਉਜਿਆਰਾ, ਆਪ ਆਪਣਾ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਇਕ ਸਮਝਾਇੰਦਾ। ਆਪੇ ਤਰੇਤਾ ਤਿਰੀਆ ਧਾਰ, ਜਨਕ ਸਪੁਤਰੀ ਆਪ ਪਰਨਾਈਆ। ਆਪੇ ਤੋੜੇ ਗੜ੍ਹ ਹੰਕਾਰ, ਆਪੇ ਲੰਕਾ ਗੜ੍ਹ ਤੁੜਾਈਆ। ਆਪੇ ਭਗਤ ਭਗਵੰਤ ਕਰੇ ਪਿਆਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਤਰੇਤਾ ਉਤਾਰੇ ਆਪਣੀ ਧਾਰ, ਆਪਣੇ ਮਾਰਗ ਲਗਾਈਆ। ਆਪੇ ਦੁਆਪਰ ਕਰੇ ਸਚ ਪਿਆਰ, ਸਾਚਾ ਲੇਖਾ ਆਪ ਸਮਝਾਈਆ। ਆਪਣੀ ਵਿਦਿਆ ਆਪੇ ਲਏ ਵਿਚਾਰ, ਵੇਦ ਵਿਆਸ ਕਰੇ ਪੜ੍ਹਾਈਆ। ਦਰ ਮੇਲਾ ਇਕ ਦੁਆਰ, ਸਚ ਦੁਆਰਾ ਦਏ ਸਮਝਾਈਆ। ਬਾਰਾਂ ਅੱਖਸ਼ਰ ਕਰ ਪਿਆਰ, ਨਿਸ਼ਅੱਖਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਵਡੀ ਵਡਿਆਈਆ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਮੁਕੰਦ ਮਨੋਹਰ ਲਖ਼ਮੀ ਨਰਾਇਣ ਹੋ ਉਜਿਆਰਾ, ਸਾਵਲ ਸੁੰਦਰ ਆਪੇ ਮੰਡਲ ਰਾਸ ਰਚਾਇੰਦਾ। ਆਪੇ ਬੰਸਰੀ ਦੇਵੇ ਨਾਮ ਹੁਲਾਰਾ, ਆਪਣਾ ਸ਼ਬਦ ਆਪ ਅਲਾਇੰਦਾ। ਆਪੇ ਲਜਿਆ ਰੱਖੇ ਵਿਚ ਸੰਸਾਰਾ, ਆਪੇ ਗ਼ਰੀਬ ਨਿਮਾਣੇ ਗੋਦ ਬਹਾਇੰਦਾ। ਆਪੇ ਰਥ ਰਥਵਾਹੀ ਬਣੇ ਵਿਚ ਸੰਸਾਰਾ, ਆਪੇ ਅਰਜਨ ਸ਼ਬਦ ਜਣਾਇੰਦਾ। ਆਪੇ ਆਪਣਾ ਆਪ ਸਭ ਤੋਂ ਕਰੇ ਵੱਖ, ਆਪੇ ਆਪਣਾ ਮੇਲ ਮਿਲਾਇੰਦਾ। ਆਪੇ ਦੱਸੇ ਆਰ ਪਾਰ ਕਿਨਾਰਾ, ਦੁਸ਼ਟ ਹੰਕਾਰੀ ਆਪ ਖਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਇੰਦਾ। ਆਦਿ ਜੁਗਾਦਿ ਮਹਿਮਾ ਅਕਥਨਾ ਅਕਥ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਆਪ ਚਲਾਏ ਰਥ। ਘਟ ਘਟ ਆਪਣਾ ਵੇਸ ਧਰਾਇੰਦਾ, ਜੋਤ ਜਗਾਏ ਘਟ ਘਟ। ਆਪੇ ਉਪਰ ਪਰਦਾ ਪਾਇੰਦਾ, ਅੰਦਰ ਮੰਦਰ ਬੈਠਾ ਛੁਪ। ਆਪ ਆਪਣਾ ਬਲ ਰਖਾਇੰਦਾ, ਆਪ ਉਪਜਾਏ ਜੋਤੀ ਸਤਿ। ਚਾਰੋਂ ਕੁੰਟ ਏਕਾ ਰੂਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁਤ। ਅਬਿਨਾਸ਼ੀ ਅਚੁਤ ਖੇਲ ਖਿਲਾਇਆ, ਲੇਖਾ ਲਿਖਤ ਵਿਚ ਨਾ ਆਈਆ। ਆਪਣਾ ਖੇਲ ਆਪ ਖਿਲਾਇਆ, ਵੇਖਣਹਾਰ ਆਪ ਹੋ ਜਾਈਆ। ਲੋਕਮਾਤ ਫੇਰਾ ਪਾਇਆ, ਨੌਂ ਖੰਡ ਪ੍ਰਿਥਮੀ ਵੱਜੇ ਵਧਾਈਆ। ਨੂਰ ਇਲਾਹੀ ਏਕਾ ਕਲਮਾ ਦਏ ਸਿਖਾਇਆ, ਆਪ ਆਪਣੀ ਦਇਆ ਕਮਾਈਆ। ਕਾਇਆ ਤਾਕ ਖੋਲ੍ਹ ਹਰਿ ਮੰਦਰ ਦਏ ਜਣਾਇਆ, ਨਿਜ ਆਤਮ ਕਰ ਰੁਸ਼ਨਾਈਆ। ਸ੍ਰਿਸ਼ਟ ਸਬਾਈ ਗਿਆ ਸਮਝਾਇਆ, ਭੁਲ ਰਹੇ ਨਾ ਰਾਈਆ। ਬਿਨ ਹਰਿ ਦੂਸਰ ਕੋਇ ਨਾ ਪਾਰ ਲੰਘਾਇਆ, ਕਲਜੁਗ ਬੇੜਾ ਡੋਬੇ ਸ਼ੌਹ ਦਰਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪ ਖਿਲਾਈਆ। ਸਾਚਾ ਹੁਕਮ ਹਰਿ ਸੁਣਾਇਆ, ਰਾਉ ਰੰਕਾਂ ਕਰਿਆ ਖ਼ਬਰਦਾਰ। ਸਾਚਾ ਸੁਤ ਆਪ ਉਠਾਇਆ, ਪੁਰਖ ਅਕਾਲ ਮਨਾਇਆ ਇਸ਼ਟ ਸੱਚੀ ਸਰਕਾਰ। ਸਾਚਾ ਖੇਲ ਆਪ ਕਰਾਇਆ, ਆਪ ਆਪਣੀ ਕਿਰਪਾ ਧਾਰ। ਝੂਠਾ ਨਾਤਾ ਤੋੜ ਤੁੜਾਇਆ, ਦਏ ਸੁਨੇਹੜਾ ਸਾਚੇ ਯਾਰ। ਸਾਚਾ ਸੱਥਰ ਇਕ ਹੰਢਾਇਆ, ਤੇਰਾ ਮੇਲ ਧੁਰ ਦਰਬਾਰ। ਵਿਛੜ ਕਦੇ ਨਾ ਜਾਇਆ, ਪੁਰਖ ਅਬਿਨਾਸ਼ੀ ਹੋ ਤਿਆਰ। ਆਪ ਆਪਣਾ ਪਰਦਾ ਲਾਹਿਆ, ਜੁਗ ਚੌਕੜੀ ਖੇਲ ਕਰੇ ਨਿਰੰਕਾਰ। ਗੁਰ ਅਵਤਾਰ ਰੂਪ ਵਟਾਇਆ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਕਰਦਾ ਆਇਆ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਆਧਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪੰਧ ਮੁਕੌਣਾ, ਹਰਿ ਸਾਚਾ ਸਚ ਜਣਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਪੁਰਾਨ ਭੇਵ ਕਿਸੇ ਨਾ ਪੌਣਾ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਨਾਚ ਨਚੌਣਾ, ਨਟੂਆ ਨਾਟ ਆਪ ਹੋ ਜਾਇੰਦਾ। ਕਾਗਦ ਸ਼ਾਹੀ ਲਿਖ ਲਿਖ ਲੇਖਾ ਭਗਤ ਭਗਵੰਤ ਸੰਤ ਗੁਰਮੁਖ ਗੁਰਸਿਖ ਆਪ ਸਮਝੌਣਾ, ਸ਼ਬਦ ਸ਼ਬਦੀ ਸ਼ਬਦ ਪਰਗਟਾਇੰਦਾ। ਜੁਗ ਜੁਗ ਰਾਮ ਕ੍ਰਿਸ਼ਨ ਬਲ ਬਾਵਣ ਵੇਸ ਵਟੌਣਾ, ਜੁਗ ਜੁਗ ਨਾਨਕ ਗੋਬਿੰਦ ਧਾਰ ਚਲਾਇੰਦਾ। ਜੁਗ ਜੁਗ ਵੇਦ ਵਿਆਸਾ ਲੇਖ ਲਿਖੌਣਾ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਜੁਗ ਜੁਗ ਨਾਨਕ ਭਵਿਖਤ ਵਾਕ ਇਕ ਜਣੌਣਾ, ਜੋਧਾ ਬਲੀ ਇਕ ਪਰਗਟਾਇੰਦਾ। ਜੁਗ ਜੁਗ ਗੋਬਿੰਦ ਸੁਤ ਇਕ ਸਮਝੌਣਾ, ਪੁਰਖ ਅਕਾਲ ਦਇਆ ਕਮਾਇੰਦਾ। ਜੁਗ ਜੁਗ ਪੰਧ ਹਰਿ ਆਪ ਮੁਕੌਣਾ, ਬ੍ਰਹਮੇ ਤੇਰਾ ਮਨਵੰਤਰ ਆਪਣੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਲਾ ਅੰਤ ਆਪ ਸਮਝਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਉਤਰੇ ਪਾਰ, ਹਰਿ ਸਾਚਾ ਸਚ ਜਣਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਸੱਜਣ ਨਿਰਗੁਣ ਮੀਤ ਮੁਰਾਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਨਾਰੀ ਨਿਰਗੁਣ ਕੰਤ ਭਤਾਰ, ਨਿਰਗੁਣ ਸੇਜ ਲਏ ਹੰਢਾਈਆ। ਨਿਰਗੁਣ ਮੰਦਰ ਨਿਰਗੁਣ ਦੁਆਰ, ਨਿਰਗੁਣ ਬੈਠੇ ਆਸਣ ਲਾਈਆ। ਨਿਰਗੁਣ ਹੁਕਮ ਨਿਰਗੁਣ ਵਰਤਾਰ, ਨਿਰਗੁਣ ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਸ਼ਾਹ ਭੂਪ ਸਿਕਦਾਰ, ਨਿਰਗੁਣ ਰੱਯਤ ਨਾਉਂ ਵਖਾਈਆ। ਨਿਰਗੁਣ ਸ਼ਬਦ ਨਾਦ ਧੁਨਕਾਰ, ਸੁਣਨਹਾਰ ਨਿਰਗੁਣ ਆਪ ਹੋ ਜਾਈਆ। ਨਿਰਗੁਣ ਰਾਜ ਰਾਜਾਨ ਸ਼ਾਹ ਸੁਲਤਾਨ ਵਡ ਸਿਕਦਾਰ, ਨਿਰਗੁਣ ਘਰ ਘਰ ਭਿਖਿਆ ਮੰਗਣ ਜਾਈਆ। ਨਿਰਗੁਣ ਦਰ ਦਰਵੇਸ਼ ਬਣੇ ਦੋ ਜਹਾਨ, ਨਿਰਗੁਣ ਲੋਆਂ ਪੁਰੀਆਂ ਫੇਰਾ ਪਾਈਆ। ਨਿਰਗੁਣ ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨ, ਨਿਰਗੁਣ ਭੰਡਾਰਾ ਸਚ ਸਚ ਵਰਤਾਈਆ। ਨਿਰਗੁਣ ਉਪਜਾਏ ਸਰਗੁਣ ਨਿਸ਼ਾਨ, ਸਰਗੁਣ ਮੇਟੇ ਅੰਤ ਨਿਰਗੁਣ ਨਿਰਗੁਣ ਆਪਣੀ ਕਲ ਵਰਤਾਈਆ। ਨਿਰਗੁਣ ਦਾਤਾ ਦੋ ਜਹਾਨ, ਦੋ ਜਹਾਨਾਂ ਖੇਲ ਖਿਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਭੇਵ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਵੇਲਾ ਅੰਤ ਦਏ ਵਖਾਈਆ। ਨਵ ਨੌਂ ਚਾਰ ਪਾਰ ਕਰੌਣਾ, ਜੁਗ ਜੁਗ ਗੇੜ ਦਵਾਇੰਦਾ। ਅੰਤਮ ਗੇੜਾ ਵੇਖ ਵਖੌਣਾ, ਆਪ ਆਪਣਾ ਬਲ ਜਣਾਇੰਦਾ। ਲੋਕਮਾਤ ਜਾਮਾ ਪੌਣਾ, ਮਾਤ ਪਿਤ ਨਾ ਕੋਇ ਬਣਾਇੰਦਾ। ਪੁਰਖ ਅਕਾਲ ਵੇਸ ਵਟੌਣਾ, ਅਜੂਨੀ ਰਹਿਤ ਡਗਮਗਾਇੰਦਾ। ਆਦਿ ਸ਼ਕਤ ਆਪਣੇ ਅੰਗ ਲਗੌਣਾ, ਚਤੁਰਭੁਜ ਰੂਪ ਵਟਾਇੰਦਾ। ਬਲ ਬਾਵਨ ਵੇਖ ਵਖੌਣਾ, ਆਪ ਆਪਣਾ ਭੇਵ ਜਣਾਇੰਦਾ । ਰਾਮ ਰਾਮਾ ਨਾਉਂ ਰਖੌਣਾ, ਸੀਤਾ ਸੁਰਤੀ ਆਪ ਪਰਨਾਇੰਦਾ। ਕਾਹਨਾ ਕ੍ਰਿਸ਼ਨਾ ਵੇਖ ਵਖੌਣਾ, ਨਾਮ ਬੰਸਰੀ ਨਾਦ ਸੁਣਾਇੰਦਾ। ਈਸਾ ਮੂਸਾ ਨਾਉਂ ਧਰੌਣਾ, ਏਕਾ ਅਲਫੀ ਗਲ ਹੰਢਾਇੰਦਾ। ਆਲਮ ਉਲਮਾ ਆਪ ਸਮਝੌਣਾ, ਏਕਾ ਨੁਕ਼ਤਾ ਮੇਟ ਮਿਟਾਇੰਦਾ। ਨਾਨਕ ਨਿਰਗੁਣ ਰੰਗ ਰੰਗੌਣਾ, ਰੰਗ ਰੰਗੀਲਾ ਇਕ ਵਖਾਇੰਦਾ। ਗੋਬਿੰਦ ਡੰਕਾ ਨਾਮ ਵਜੌਣਾ, ਚਾਰ ਕੁੰਟ ਆਪ ਸੁਣਾਇੰਦਾ। ਅੰਤਮ ਆਪਣਾ ਖੇਲ ਖਿਲੌਣਾ, ਭੇਵ ਕੋਇ ਨਾ ਪਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਨਿਹਕਲੰਕਾ ਕਲ ਜਾਮਾ ਪਾ, ਆਪਣੀ ਖੇਲ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਰਿਹਾ ਸਮਝਾ, ਆਦਿ ਪੁਰਖ ਵਡੀ ਵਡਿਆਈਆ। ਗੁਰ ਪੀਰ ਅਵਤਾਰ ਜੋ ਰਿਹਾ ਘਲਾ, ਏਕਾ ਏਕਾ ਸ਼ਬਦ ਜਣਾਈਆ। ਤ੍ਰਿਲੋਕੀ ਨਾਥ ਸਗਲਾ ਸਾਥ ਰੂਪ ਰਿਹਾ ਵਟਾ, ਆਪ ਆਪਣਾ ਬਲ ਵਖਾਈਆ। ਸਚ ਹਦੀਸ ਜੋ ਰਿਹਾ ਪੜ੍ਹਾ, ਚੌਦਾਂ ਤਬਕਾਂ ਕੁੰਡਾ ਲਾਹੀਆ। ਸਚਖੰਡ ਮਕਾਨ ਜੋ ਡੇਰਾ ਰਿਹਾ ਲਾ, ਥਿਰ ਘਰ ਸਾਚੇ ਕਰੇ ਰੁਸ਼ਨਾਈਆ। ਹਰੀ ਹਰਿ ਨਰ ਨਰਾਇਣ ਆਪਣਾ ਰੂਪ ਆਏ ਧਰਾ, ਭੇਵ ਕੋਇ ਨਾ ਪਾਈਆ। ਕਲਜੁਗ ਰੈਣ ਅੰਧੇਰੀ ਦਏ ਮਿਟਾ, ਧੂਆਂਧਾਰ ਰਹੇ ਨਾ ਰਾਈਆ। ਜੂਠਾ ਝੂਠਾ ਭਾਂਡਾ ਦਏ ਭਨਾ, ਘੜਨ ਭੰਨਣਹਾਰ ਆਪ ਹੋ ਜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗਵਾ, ਆਸਾ ਤ੍ਰਿਸ਼ਨਾ ਨਾਲ ਰਲਾਈਆ। ਮਨਮੁਖ ਜੀਵਾਂ ਦਏ ਮਿਟਾ, ਮਨਮਤ ਦਏ ਦਰ ਦੁਰਕਾਈਆ। ਵਰਨ ਗੋਤ ਕੋਈ ਰਹੇ ਨਾ, ਜ਼ਾਤ ਪਾਤ ਨਾ ਕੋਇ ਬਣਾਈਆ। ਏਕਾ ਬ੍ਰਹਮ ਦਏ ਸਮਝਾ, ਪਾਰਬ੍ਰਹਮ ਵਡੀ ਵਡਿਆਈਆ। ਜਿਸ ਜਨ ਦਇਆ ਦਏ ਕਮਾ, ਆਪ ਆਪਣਾ ਪਰਦਾ ਲਾਹੀਆ। ਜੋਗ ਹਠ ਅਭਿਆਸ ਨਾ ਦਏ ਕੋਇ ਵਖਾ, ਸਮਰਥ ਪੁਰਖ ਵਡੀ ਵਡਿਆਈਆ। ਅਠਸਠ ਤੀਰਥ ਆਪਣਾ ਚਰਨ ਕਵਲ ਦੁਆਰਾ ਦਏ ਵਖਾ, ਗੰਗਾ ਜਮਨਾ ਸੁਰਸਤੀ ਗੋਦਾਵਰੀ ਏਕਾ ਧਾਰ ਵਹਾਈਆ। ਹਰਿ ਮੰਦਰ ਜੋਤ ਲਏ ਜਗਾ, ਘਰ ਘਰ ਵਿਚ ਕਰ ਰੁਸ਼ਨਾਈਆ। ਸ਼ਬਦ ਅਨਾਦੀ ਨਾਦ ਦਏ ਸੁਣਾ, ਗੁਰਮੁਖ ਪੜ੍ਹਨ ਕਿਤੇ ਨਾ ਜਾਈਆ। ਆਪਣਾ ਮੇਲਾ ਮੇਲੇ ਸਹਿਜ ਸੁਭਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਲਜੁਗ ਤੇਰਾ ਮੇਟੇ ਅੰਤ ਨਿਸ਼ਾਂ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਸੀਸ ਤਾਜ ਨਾ ਕੋਇ ਟਿਕਾਈਆ। ਹਿੰਦੂ ਮੁਸਲਿਮ ਸਿਖ ਈਸਾਈ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਦਏ ਰੰਗਾ, ਊਚ ਨੀਚ ਨਾ ਕੋਇ ਵਡਿਆਈਆ। ਸਤਿ ਸਤਿਵਾਦੀ ਤਾਗਾ ਦੇਵੇ ਏਕਾ ਪਾ, ਜਤ ਸਤਿ ਧੀਰਜ ਆਪ ਵਖਾਈਆ। ਸਾਚੀ ਗਾਥਾ ਦਏ ਸੁਣਾ, ਸੋਹੰ ਸ਼ਬਦ ਆਪ ਜਣਾਈਆ। ਹੰ ਬ੍ਰਹਮ ਪਾਰਬ੍ਰਹਮ ਜਾਏ ਸਮਾ, ਵਿਸ਼ਵ ਧਾਰ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਕ਼ੁਦਰਤ ਕ਼ਾਦਰ ਵੇਖ ਵਖਾਇੰਦਾ, ਕਰਨੀ ਕਰਤਾ ਕਰੇ ਆਪ ਨਿਰੰਕਾਰ। ਧਰਨੀ ਧਰਤ ਧਵਲ ਹੌਲਾ ਭਾਰ ਆਪ ਕਰਾਇੰਦਾ, ਆਪੇ ਪਾਵਣਹਾਰਾ ਸਾਰ। ਭਗਤ ਭਗਵੰਤ ਆਪ ਉਠਾਇੰਦਾ, ਲੱਖ ਚੁਰਾਸੀ ਵਿਚੋਂ ਲਏ ਉਭਾਰ। ਕਲਜੁਗ ਅੰਤਮ ਆਪਣਾ ਭੇਵ ਆਪ ਖੁਲ੍ਹਾਇੰਦਾ, ਲੇਖਾ ਜਾਣੇ ਗੁਪਤ ਜ਼ਾਹਰ। ਆਪਣੀ ਹੱਥੀਂ ਕੁੰਜੀ ਲਾਇੰਦਾ, ਬਣੇ ਵਿਚੋਲਾ ਹਰਿ ਨਿਰੰਕਾਰ। ਸਾਚੀ ਪੂੰਜੀ ਗੁਰਸਿਖਾਂ ਹੱਥ ਫੜਾਇੰਦਾ, ਨਾਮ ਵਸਤ ਭੰਡਾਰ। ਗੁਰਮੁਖ ਦੂਜੇ ਦਰ ਨਾ ਮੰਗਣ ਜਾਇੰਦਾ, ਜਿਸ ਸਤਿਗੁਰ ਪੂਰਾ ਮਿਲਿਆ ਆਣ। ਅੱਠੇ ਪਹਿਰ ਨੇਤਰ ਲੋਚਣ ਨੈਣ ਦਰਸ਼ਨ ਪਾਇੰਦਾ, ਦਿਵਸ ਰਾਤ ਨਾ ਕੋਇ ਵਖਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਟੇ ਤੇਰਾ ਨਿਸ਼ਾਨ। ਕਲਜੁਗ ਨਿਸ਼ਾਨ ਮਿਟਾਵਣਾ, ਜਗਤ ਜਗਦੀਸ਼ ਹੱਥ ਵਡਿਆਈਆ। ਸਤਿਜੁਗ ਸਾਚਾ ਮਾਰਗ ਲਾਵਣਾ, ਸਤਿ ਸਤਿਵਾਦੀ ਧਾਰ ਬੰਧਾਈਆ। ਸ੍ਰਿਸ਼ਟ ਸਬਾਈ ਏਕਾ ਬ੍ਰਹਮ ਦਰਸਾਵਣਾ, ਦੂਸਰ ਹੋਰ ਨਾ ਕੋਇ ਜਣਾਈਆ। ਭੈਣਾਂ ਭੱਯਾ ਸਰਬ ਬਣਾਵਣਾ, ਚਾਰ ਵਰਨ ਕਰ ਕੁੜਮਾਈਆ। ਏਕਾ ਨੱਯਾ ਆਪ ਚਲਾਵਣਾ, ਗ਼ਰੀਬ ਨਿਮਾਣਿਆਂ ਲਏ ਬਹਾਈਆ। ਆਪਣੀ ਸੇਵਾ ਆਪ ਕਮਾਵਣਾ, ਸਾਗਰ ਸਿੰਧ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬਲ ਆਪ ਰਖਾਈਆ। ਕਲਜੁਗ ਪੈਂਡਾ ਜਾਏ ਮੁਕ, ਸੋ ਪੁਰਖ ਨਿਰੰਜਣ ਆਪ ਮੁਕਾਇੰਦਾ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਮਨਮੁਖਾਂ ਮੁਖ ਪੈਣਾ ਥੁੱਕ, ਹਰਿ ਹਰਿ ਨਾਉਂ ਜੋ ਨਾ ਰਸਨਾ ਗਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਜੂ ਹਰਿ ਮੰਦਰ ਗੋਦੀ ਲਏ ਚੁਕ, ਆਪ ਆਪਣੀ ਗੋਦ ਸੁਹਾਇੰਦਾ। ਦਰਸ ਦਖਾਏ ਜੋ ਬੈਠਾ ਲੁਕ, ਘਰ ਘਰ ਵਿਚ ਆਪਣਾ ਰੂਪ ਜਣਾਇੰਦਾ। ਉਜਲ ਕਰੇ ਮਾਤ ਮੁਖ, ਜੋ ਜਨ ਰਸਨਾ ਜਿਹਵਾ ਗਾਇੰਦਾ। ਮਾਤ ਗਰਭ ਨਾ ਹੋਏ ਉਲਟਾ ਰੁਖ, ਲੱਖ ਚੁਰਾਸੀ ਫੰਦ ਕਟਾਇੰਦਾ। ਸਫਲ ਕਰਾਏ ਮਾਤ ਕੁੱਖ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਇੰਦਾ। ਆਵਣ ਜਾਵਣ ਜਾਏ ਛੁੱਟ, ਰਾਏ ਧਰਮ ਨਾ ਡੰਨ ਲਗਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਕਲਜੁਗ ਅੰਤ ਸੁਹਾਵੀ ਰੁਤ, ਭਿੰਨੜੀ ਰੈਣ ਮੇਲ ਮਿਲਾਇੰਦਾ। ਮੇਲ ਮਿਲਾਵਾ ਜਿਉਂ ਮਾਵਾਂ ਪੁੱਤ, ਗੁਰ ਸਤਿਗੁਰ ਗੁਰਸਿਖ ਸੰਗ ਰਖਾਇੰਦਾ। ਮਨਮੁਖਾਂ ਭਾਗ ਗਏ ਨਿਖੁੱਟ, ਹਰਿ ਕਾ ਰੂਪ ਦਿਸ ਨਾ ਆਇੰਦਾ। ਆਸਾ ਤ੍ਰਿਸ਼ਨਾ ਮਾਇਆ ਮਮਤਾ ਅਜੇ ਨਾ ਭਰੀ ਪੋਟ, ਸ਼ਾਹ ਕਰੋੜੀ ਸਰਬ ਹਲਕਾਇੰਦਾ। ਗੁਰਮੁਖ ਵਿਰਲਾ ਰੱਖੇ ਏਕਾ ਓਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਪ ਉਠਾਏ ਆਹਲਣਿਉਂ ਡਿਗਾ ਬੋਟ, ਸਚ ਦੁਆਰੇ ਆਪ ਬਹਾਇੰਦਾ। ਲੱਭਦੇ ਫਿਰਦੇ ਕੋਟੀ ਕੋਟ, ਨਿਰਗੁਣ ਰੂਪ ਦਿਸ ਕਿਸੇ ਨਾ ਆਇੰਦਾ। ਚਾਰੋਂ ਕੁੰਟ ਫਿਰਦੇ ਬੰਨ੍ਹ ਲੰਗੋਟ, ਉਚੇ ਟਿੱਲੇ ਪਰਬਤ ਕੋਟਨ ਕੋਟ ਆਸਣ ਲਾਇੰਦਾ। ਕੋਇ ਨਾ ਕੱਢੇ ਵਾਸਨਾ ਖੋਟ, ਨਿਰਮਲ ਨੀਰ ਨਾ ਕੋਇ ਪਿਆਇੰਦਾ । ਕਿਸੇ ਨਜ਼ਰ ਨਾ ਆਏ ਘਰ ਮੰਦਰ ਜੋਤ, ਜਗਤ ਦੀਵਾਲੀ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਖੇਲ ਆਪ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲਾਵਣ ਆਇਆ, ਪਾਰਬ੍ਰਹਮ ਹਰਿ ਕਰਤਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਮੇਲ ਮਿਲਾਵਣ ਆਇਆ, ਨਿਰਗੁਣ ਨਿਰਗੁਣ ਲੈ ਅਵਤਾਰ। ਜਨਮ ਜਨਮ ਦਾ ਪੂਰਬ ਲਹਿਣਾ ਝੋਲੀ ਪਾਇਆ, ਲੇਖਾ ਰਹੇ ਨਾ ਵਿਚ ਸੰਸਾਰ। ਫੜ ਫੜ ਬਾਹੋਂ ਲਏ ਤਰਾਇਆ, ਡੁੱਬਦੇ ਪਾਥਰ ਜਾਏ ਤਾਰ। ਸਤਿਜੁਗ ਸਾਚਾ ਰਾਹ ਚਲਾਇਆ, ਲੇਖਾ ਜਾਣੇ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਸਿਖ ਆਤਮ ਅੰਤਰ ਏਕਾ ਨਾਮ ਦਏ ਆਧਾਰ। ਗੁਰਮੁਖ ਨਾਮ ਜਣਾਇਆ, ਬੰਦ ਕਿਵਾੜਾ ਖੋਲ੍ਹ। ਸ਼ਬਦ ਨਾਦ ਵਜਾਇਆ, ਅਗੰਮ ਅਗੰਮੜਾ ਬੋਲ। ਏਕਾ ਘਰ ਵਸਾਇਆ, ਸਦ ਵਸੇ ਹਰਿ ਜੂ ਕੋਲ। ਦੂਰ ਦੁਰਾਡਾ ਪੰਧ ਮੁਕਾਇਆ, ਆਪ ਆਪਣੇ ਕੰਡੇ ਤੋਲ। ਕਾਇਆ ਕਿਲਾ ਕੋਟ ਸੁਹਾਇਆ, ਸੁਰਤੀ ਸ਼ਬਦੀ ਆਪੇ ਮੌਲ। ਸਾਚੀ ਚੋਟ ਤਨ ਲਗਾਇਆ, ਕਰੇ ਖੇਲ ਬੈਠ ਅਡੋਲ। ਸਾਚਾ ਤਖ਼ਤ ਆਪ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਉਲਟਾ ਕਰੇ ਨਾਭ ਕਵਲ। ਉਲਟਾ ਕਵਲ ਆਪ ਉਲਟਾਇਆ, ਨੈਣ ਮੂੰਦ ਮੁੰਧਾਰਾ। ਅੰਮ੍ਰਿਤ ਬੂੰਦ ਮੁਖ ਚੁਆਇਆ, ਸਾਂਤਕ ਸਤਿ ਕਰੇ ਵਰਤਾਰਾ। ਕਲਜੁਗ ਅਗਨੀ ਅੱਗ ਬੁਝਾਇਆ, ਤ੍ਰੈਗੁਣ ਮਾਰੇ ਮਾਰਾ। ਪੰਚ ਵਿਕਾਰਾ ਰਹੇ ਨਾ ਰਾਇਆ, ਜਿਸ ਜਨ ਬਖ਼ਸ਼ੇ ਚਰਨ ਦੁਆਰਾ। ਆਤਮ ਜੋਤੀ ਜੋਤ ਜਗਾਇਆ, ਨੂਰ ਨੁਰਾਨਾ ਕਰ ਉਜਿਆਰਾ। ਘਰ ਵਿਚ ਘਰ ਦਏ ਸੁਹਾਇਆ, ਗੁਰਮੁਖਾਂ ਕਰ ਪਿਆਰਾ। ਵਣਜ ਵਣਜਾਰਾ ਇਕ ਕਰਾਇਆ, ਦੇਵੇ ਵਸਤ ਨਾਮ ਹਰਿ ਥਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਧਾਰਾ। ਹਰਿਜਨ ਸਚ ਉਧਾਰੀਅਨ, ਕਰ ਕਿਰਪਾ ਗੁਣ ਨਿਧਾਨ। ਕਲਜੁਗ ਅੰਤਮ ਪੈਜ ਸੁਆਰੀਅਨ, ਇਕ ਵਖਾਏ ਸਚ ਨਿਸ਼ਾਨ। ਝੂਠਾ ਨਾਤਾ ਤੋੜ ਤੁੜਾਈਅਨ, ਸਚ ਸੁੱਚ ਵਰਤੇ ਸਚ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਅੰਤ ਸੁਣੇ ਪੁਕਾਰ। ਅੰਤ ਸੁਣੇ ਪੁਕਾਰ ਹਰਿ ਹਰਿ, ਹਰਿ ਵੱਡਾ ਵਡ ਵਡਿਆਈਆ। ਵਿਸ਼ਨ ਤੇਰੇ ਆਵੇ ਦਰ ਦਰ, ਆਪ ਆਪਣਾ ਰੂਪ ਧਰਾਈਆ। ਬ੍ਰਹਮਾ ਵੇਖੇ ਆਪੇ ਖੜ ਖੜ, ਬ੍ਰਹਮ ਮੇਲਾ ਸਹਿਜ ਸੁਭਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਬ੍ਰਹਮ ਲੇਖਾ ਦਏ ਵਖਾਈਆ। ਆਪਣੀ ਕਰਨੀ ਆਪੇ ਕਰ ਕਰ, ਸ਼ੰਕਰ ਏਕਾ ਤੱਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਦੇਵੇ ਥਾਉਂ ਥਾਈਂਆ। ਲਹਿਣਾ ਦੇਣਾ ਹਰਿ ਕਰਤਾਰਾ, ਆਦਿ ਜੁਗਾਦਿ ਮੁਕਾਇੰਦਾ। ਵਿਸ਼ਨੂੰ ਮੇਲਾ ਧੁਰ ਦਰਬਾਰਾ, ਹਰਿ ਸਾਚਾ ਆਪ ਕਰਾਇੰਦਾ। ਬ੍ਰ੍ਰਹਮਾ ਜੋਤੀ ਦਏ ਹੁਲਾਰਾ, ਜੋਤੀ ਜੋਤ ਸਮਾਇੰਦਾ। ਕਿਰਪਾ ਕਰੇ ਆਪ ਨਿਰੰਕਾਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਤਿੰਨਾਂ ਵਖਾਏ ਇਕ ਦੁਆਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਜੁਗ ਜੁਗ ਪੰਧ ਮੁਕਾਇੰਦਾ। ਜੁਗ ਜੁਗ ਪੰਧ ਮੁਕਾਇੰਦਾ, ਹਰਿ ਪਾਂਧੀ ਬੇਪਰਵਾਹ। ਸਤਿਜੁਗ ਤ੍ਰੇਤਾ ਦੁਆਪਰ ਆਪਣੀ ਧਾਰ ਬੰਧਾਇੰਦਾ, ਨਿਰਗੁਣ ਸਰਗੁਣ ਬਣ ਮਲਾਹ। ਕਲਜੁਗ ਅੰਤਮ ਖੇਲ ਖਿਲਾਇੰਦਾ, ਅਗੰਮੜੀ ਕਾਰ ਆਪ ਕਰਾ। ਹੱਡ ਮਾਸ ਨਾੜੀ ਚਮੜਾ ਨਾ ਕੋਇ ਰਖਾਇੰਦਾ, ਪਵਣੀ ਪਵਣ ਨਾ ਲਏ ਸਾਹ। ਖੜਗ ਖੰਡਾ ਨਾ ਕੋਇ ਚਮਕਾਇੰਦਾ, ਤੀਰ ਕਮਾਨ ਨਾ ਲਿਆ ਹੱਥ ਉਠਾ। ਸ਼ਸਤਰ ਬਸਤਰ ਨਾ ਕੋਇ ਸਜਾਇੰਦਾ, ਚਰਨ ਰਕਾਬ ਨਾ ਰਿਹਾ ਰਖਾ। ਸ਼ਾਹੀ ਫੌਜ ਲਸ਼ਕਰ ਨਾ ਕੋਇ ਉਠਾਇੰਦਾ, ਦੂਸਰ ਸੰਗ ਨਾ ਲਿਆ ਕੋਇ ਰਲਾ। ਇਕ ਇਕੱਲਾ ਜੋਤ ਜਗਾਇੰਦਾ, ਸ਼ਬਦੀ ਹੁਕਮ ਦਏ ਵਰਤਾ। ਨੌਂ ਖੰਡ ਪ੍ਰਿਥਮੀ ਭੇੜ ਭੜਾਇੰਦਾ, ਸੱਤਾਂ ਦੀਪਾਂ ਲਏ ਜਗਾ। ਆਪਣੀ ਜੋਤੀ ਅਗਨੀ ਲਾਇੰਦਾ, ਮਨ ਮਤ ਬੁਧ ਜਗਤ ਵਡਿਆ। ਪੰਡਤ ਕਾਂਸ਼ੀ ਭੇਵ ਨਾ ਪਾਇੰਦਾ, ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਸਕੇ ਭੇਵ ਨਾ ਪਾ। ਗ੍ਰੰਥੀ ਪੰਥੀ ਸਰਬ ਕੁਰਲਾਇੰਦਾ, ਹਰਿ ਮਿਲੇ ਨਾ ਬੇਪਰਵਾਹ। ਗੁਰਸਿਖ ਵਿਰਲੇ ਆਪ ਜਗਾਇੰਦਾ, ਆਪ ਆਪਣੀ ਦਇਆ ਕਮਾ। ਜ਼ਾਤ ਪਾਤ ਨਾ ਕੋਇ ਰਖਾਇੰਦਾ, ਵਰਨ ਬਰਨ ਨਾ ਵੰਡ ਵੰਡਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਚੰਡ ਪਰਚੰਡ ਦਏ ਵਖਾ। ਚੰਡ ਪਰਚੰਡ ਦੁਰਗਾ ਧਾਰ, ਅਸ਼ਟਭੁਜ ਦਏ ਵਡਿਆਈਆ। ਚਤੁਰਭੁਜ ਬਣ ਨਿਰੰਕਾਰ, ਆਪ ਆਪਣਾ ਰਿਹਾ ਛੁਪਾਈਆ। ਏਕਾ ਦੂਜਾ ਕਰੇ ਪਾਰ ਕਿਨਾਰ, ਤੀਜਾ ਨੈਣ ਆਪ ਖੁਲ੍ਹਾਈਆ। ਚੌਥੇ ਘਰ ਹੋ ਤਿਆਰ, ਪੰਚਮ ਲੇਖਾ ਦਏ ਮੁਕਾਈਆ। ਛੇ ਸ਼ਾਸਤਰ ਕਰ ਵਿਚਾਰ, ਛੇਵਾਂ ਘਰ ਖੋਜ ਖੁਜਾਈਆ। ਸਤਿ ਸਰੂਪੀ ਸਚ ਸਤਾਰ, ਹਰਿ ਨਿਰੰਕਾਰ ਘਰ ਘਰ ਵਿਚ ਦਏ ਵਜਾਈਆ। ਚੌਦਾਂ ਵਿਦਿਆ ਨਾ ਪਾਏ ਸਾਰ, ਵੇਦ ਕਤੇਬ ਰਹੇ ਜਸ ਗਾਈਆ। ਗੁਰਮੁਖਾਂ ਕਰੇ ਇਕ ਗੁਫ਼ਤਾਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਬੱਤੀ ਦੰਦ ਨਾ ਕੋਇ ਪੁਕਾਰ, ਆਪਣੀ ਕਲ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤ ਕਰੌਣਾ ਵਿਸ਼ਨ ਬ੍ਰਹਮਾ ਸ਼ਿਵ ਮਿਲੌਣਾ, ਕੀਤਾ ਕੌਲ ਪੂਰ ਕਰਾਈਆ। ਕੀਤਾ ਕੌਲ ਕਦੇ ਨਾ ਭੁੱਲਦਾ, ਹਰੀ ਹਰਿ ਵਡੀ ਵਡਿਆਈਆ। ਕਰੇ ਖੇਲ ਆਪ ਅਤੁਲ ਦਾ, ਨਾ ਕੋਈ ਤੋਲੇ ਤੋਲ ਤੁਲਾਈਆ। ਤ੍ਰੈਗੁਣ ਮਾਇਆ ਵਿਚ ਕਦੇ ਨਾ ਰੁਲਦਾ, ਤ੍ਰੈਭਵਨ ਧਨੀ ਵਡੀ ਵਡਿਆਈਆ। ਝੂਠੇ ਨਿਸ਼ਾਨ ਕਦੇ ਨਾ ਝੁਲਦਾ, ਸਚ ਨਿਸ਼ਾਨਾ ਲਏ ਉਠਾਈਆ। ਲੇਖਾ ਜਾਣੇ ਆਪਣੀ ਕੁਲ ਦਾ, ਭਗਤ ਸੰਤ ਗੁਰਮੁਖ ਗੁਰਸਿਖ ਆਪਣਾ ਬੰਸ ਬਣਾਈਆ। ਗੁਰਮੁਖ ਬੂਟਾ ਕਦੇ ਨਾ ਹੁਲਦਾ, ਸ੍ਰਿਸ਼ਟ ਸਬਾਈ ਲੱਖ ਚੁਰਾਸੀ ਪੱਤ ਡਾਲੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲੇ ਲਏ ਜਗਾਈਆ। ਗੁਰਸਿਖ ਵਿਰਲਾ ਜਾਗਿਆ, ਜਿਸ ਜਗਾਇਆ ਆਪ ਨਿਰੰਕਾਰ। ਸਤਿਗੁਰ ਸਰਨਾਈ ਲਾਗਿਆ, ਨਾਤਾ ਤੋੜ ਸਰਬ ਸੰਸਾਰ। ਬਿਸ਼ਨ ਦਾਸ ਵਡ ਵਡ ਭਾਗਿਆ, ਪਾਇਆ ਪੁਰਖ ਅਗੰਮ ਅਪਾਰ। ਸਿੰਘ ਭਾਗ ਜਗਿਆ ਨਾਲ ਚਰਾਗ਼ਿਆ, ਜੋਤੀ ਜੋਤ ਹੋਈ ਉਜਿਆਰ। ਦੁਰਮਤ ਮੈਲ ਧੋਇਆ ਦਾਗ਼ਿਆ, ਕਾਗ ਰਲਿਆ ਹੰਸਾਂ ਡਾਰ। ਆਤਮ ਉਪਜਿਆ ਇਕ ਵੈਰਾਗਿਆ, ਅੱਠੇ ਪਹਿਰ ਰਾਹ ਤੱਕੇ ਮੀਤ ਮੁਰਾਰ। ਹਰਿ ਮੇਲਾ ਕੰਤ ਸੁਹਾਗਿਆ, ਗੁਰਸਿਖ ਹੋਏ ਸੁਹਾਗਣ ਨਾਰ। ਸਤਿਗੁਰ ਪੂਰੇ ਲੱਖ ਚੁਰਾਸੀ ਵਿਚੋਂ ਕਾਢਿਆ, ਜਨਮ ਮਰਨ ਗੇੜ ਨਿਵਾਰ। ਲੇਖੇ ਲੱਗਾ ਮਾਸ ਰਤ ਨਾੜੀ ਹਾਡਿਆ, ਰਤੀ ਰਤ ਦਏ ਆਧਾਰ। ਹਰਿਜਨ ਹਰਿ ਭਗਤ ਲਡਾਏ ਲਾਡਿਆ, ਜਿਉਂ ਧਰੂ ਪ੍ਰਹਿਲਾਦ ਪਾਵੇ ਸਾਰ। ਏਥੇ ਓਥੇ ਆਪ ਬੰਧਾਇਆ ਸਾਚਾ ਨਾਤਿਆ, ਨਾ ਕੋਈ ਤੋੜੇ ਤੋੜਣਹਾਰ। ਸੋਹੰ ਸ਼ਬਦ ਗਾਈ ਗਾਥਿਆ, ਅੰਤਮ ਮਿਲਿਆ ਓਮ ਰੂਪ ਨਿਰਾਕਾਰ। ਲੱਗਾ ਤਿਲਕ ਲਲਾਟ ਮਸਤਕ ਸਾਚੇ ਮਾਥਿਆ, ਨਿਰਗੁਣ ਨੂਰ ਹੋਇਆ ਉਜਿਆਰ। ਦੱਸਦਾ ਗਿਆ ਸੱਜਣ ਸਾਥੀਆਂ, ਬਿਨ ਹਰਿ ਨਾਮ ਨਾ ਉਤਰੇ ਕੋਈ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਲਏ ਵਰ, ਆਪ ਆਪਣੀ ਕਿਰਪਾ ਧਾਰ। ਕਿਰਪਾ ਧਾਰੇ ਹਰਿ ਨਿਰੰਕਾਰੇ, ਅਕਲ ਕਲਾ ਵਡਿਆਈਆ। ਭਗਤ ਉਧਾਰੇ ਕਰੇ ਸ਼ੰਗਾਰੇ, ਤਨ ਕਪੜ ਇਕ ਵਖਾਈਆ। ਜੋਤ ਉਜਿਆਰੇ ਸ਼ਬਦ ਅਨਹਦ ਧੁਨਕਾਰੇ, ਨਾਦ ਅਨਾਦੀ ਗੀਤ ਸੁਣਾਈਆ। ਪੁੱਤਰ ਧੀਆਂ ਨਾ ਕੋਇ ਪਿਆਰੇ, ਨਾਰੀ ਕੰਤ ਨਾ ਰੋਵੇ ਜ਼ਾਰੋ ਜ਼ਾਰੇ, ਜਿਸ ਮਿਲਿਆ ਬੇਪਰਵਾਹੀਆ। ਉਤਰੇ ਪਾਰ ਸਰਬ ਪਰਵਾਰੇ ਡੁਬਦੇ ਪਾਥਰ ਆਪੇ ਤਾਰੇ, ਚਰਨ ਪਾਹਨ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪ ਚਲਾਏ ਆਪਣਾ ਮੰਤਰ, ਗੁਰਮੁਖਾਂ ਬੁਝਾਏ ਲੱਗੀ ਬਸੰਤਰ, ਅਗਨੀ ਤੱਤ ਨਾ ਕੋਇ ਵਖਾਈਆ। ਅਗਨੀ ਤੱਤ ਦੇਵੇ ਕੱਢ, ਗੁਰ ਸਤਿਗੁਰ ਹੱਥ ਵਡਿਆਈਆ। ਨਾਮ ਜਣਾਏ ਨਾਦ ਅਨਹਦ, ਧੁਨ ਆਤਮਕ ਆਪ ਸੁਣਾਈਆ। ਜਾਮ ਪਿਆਏ ਸਾਚੀ ਮਦਿ, ਅੰਮ੍ਰਿਤ ਰਸ ਇਕ ਚਖਾਈਆ। ਆਵਣ ਜਾਵਣ ਮੇਟੇ ਪੰਧ, ਸਗਲਾ ਸੰਗ ਆਪ ਹੋ ਜਾਈਆ। ਜਗਤ ਵਿਕਾਰ ਤਜਾਏ ਗੰਦ, ਹਰਿ ਕਾ ਨਾਉਂ ਰਸਨਾ ਜਿਹਵਾ ਗਾਈਆ। ਨਿਜ ਆਤਮ ਮਿਲੇ ਪਰਮਾਨੰਦ, ਨਿਜ ਮੰਦਰ ਵੱਜੇ ਵਧਾਈਆ। ਹਰਿ ਕੰਤ ਸੁਣਾਏ ਸੁਹਾਗੀ ਛੰਦ, ਮਿਲ ਸਖ਼ੀਆਂ ਮੰਗਲ ਗਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਆਪ ਤੁੜਾਈਆ। ਨਾਤਾ ਤੁੱਟਾ ਜੇਰਜ ਅੰਡ, ਦਸ ਦਸ ਮਾਸ ਨਾ ਅਗਨ ਤਪਾਈਆ। ਸੀਤਲ ਧਾਰਾ ਸੀਤਲ ਚੜ੍ਹਿਆ ਚੰਦ, ਘਰ ਸਾਚੇ ਹੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲਏ ਵਰ, ਗੁਰ ਚੇਲੇ ਮੇਲ ਮਿਲਾਈਆ। ਗੁਰ ਚੇਲਾ ਮੇਲ ਮਿਲਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਇਕ ਇਕੇਲਾ ਵੇਖ ਵਖਾਇੰਦਾ, ਦੋ ਜਹਾਨਾਂ ਹੋ ਤਿਆਰ। ਸ਼ਬਦ ਸੁਹੇਲਾ ਨਾਲ ਰਲਾਇੰਦਾ, ਦਿਵਸ ਰੈਣ ਪਾਵੇ ਸਾਰ। ਆਪਣਾ ਵੇਲਾ ਆਪ ਸੁਹਾਇੰਦਾ, ਥਿਤ ਵਾਰ ਨਾ ਸਕੇ ਕੋਇ ਵਿਚਾਰ। ਧਰਮ ਰਾਏ ਦੀ ਜੇਲਾ ਆਪ ਕਟਾਇੰਦਾ, ਚਿਤਰ ਗੁਪਤ ਲੇਖਾ ਦੇਵੇ ਪਾੜ। ਲਾੜੀ ਮੌਤ ਗੁਰਸਿਖ ਨਾ ਕੋਇ ਪਰਨਾਇੰਦਾ, ਜਿਸ ਜਨ ਸਤਿਗੁਰ ਪੂਰਾ ਮਿਲਿਆ ਆਣ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਇੰਦਾ, ਆਦਿ ਜੁਗਾਦੀ ਖੇਲ ਮਹਾਨ। ਭਗਵਨ ਆਪਣੀ ਗੋਦ ਬਹਾਇੰਦਾ, ਭਗਤੀ ਦੇਵੇ ਸਾਚਾ ਦਾਨ। ਜੀਵਣ ਮੁਕਤ ਆਪ ਕਰਾਇੰਦਾ, ਮੁਕਤੀ ਦੱਸੇ ਬਾਲ ਅਞਾਣ। ਗੁਰਸਿਖ ਮੁਕਤੀ ਕਦੇ ਨਾ ਮੰਗ ਮੰਗਾਇੰਦਾ, ਏਕਾ ਮੰਗੇ ਚਰਨ ਕਵਲ ਧਿਆਨ। ਕਲਜੁਗ ਅੰਤਮ ਸਾਚੀ ਜੁਗਤੀ ਆਪ ਜਣਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸ਼ਕਤੀ ਭਗਤੀ ਗੁਰਮੁਖਾਂ ਸੇਵ ਕਮਾਇੰਦਾ, ਸੇਵਾ ਕਰੇ ਆਪ ਪਰਵਾਨ। ਬੂੰਦ ਰਕਤੀ ਲੇਖੇ ਲਾਇੰਦਾ, ਹੋਇਆ ਹਰਿ ਹਰੀ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਵੇਖੇ ਚਤੁਰ ਸੁਜਾਨ। ਗੁਰਮੁਖ ਚਤੁਰ ਸੁਜਾਨ, ਮੂਰਖ ਮੂੜ੍ਹੇ ਆਪ ਬਣਾਈਆ। ਜਿਸ ਜਨ ਦੇਵੇ ਜੀਆ ਦਾਨ, ਚਰਨ ਧੂੜ ਮਸਤਕ ਟਿੱਕਾ ਲਾਈਆ। ਏਕਾ ਰਾਗ ਸੁਣਾਏ ਕਾਨ, ਨਾਦ ਅਨਾਦੀ ਧੁੰਨ ਉਪਜਾਈਆ। ਬ੍ਰਹਮ ਪਾਰਬ੍ਰਹਮ ਕਰੇ ਪਹਿਚਾਨ, ਬ੍ਰਹਮ ਵਿਦਿਆ ਇਕ ਸਿਖਾਈਆ। ਘਰ ਵਿਚ ਮੇਲਾ ਘਰ ਵਿਚ ਗੁਰੂ ਘਰ ਵਿਚ ਚੇਲਾ ਘਰ ਵਿਚ ਆਸਣ ਘਰ ਵਿਚ ਸਿੰਘਾਸਣ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਖਾਏ ਸਾਚਾ ਘਰ, ਘਰ ਘਰ ਵਿਚ ਦਏ ਪ੍ਰਗਟਾਈਆ। ਘਰ ਨਾਰੀ ਕੰਤ ਭਤਾਰ, ਘਰ ਸਾਚੀ ਸੇਜ ਸੁਹਾਇੰਦਾ। ਘਰ ਪੀਆ ਪ੍ਰੀਤਮ ਯਾਰ, ਘਰ ਪ੍ਰੇਮ ਪਿਆਰ ਵਖਾਇੰਦਾ। ਘਰ ਸ਼ਬਦ ਨਾਦ ਧੁੰਨਕਾਰ, ਘਰ ਸਖ਼ੀਆਂ ਮੰਗਲ ਗਾਇੰਦਾ। ਘਰ ਅੰਮ੍ਰਿਤ ਠੰਡਾ ਠਾਰ, ਘਰ ਭਰ ਪਿਆਲਾ ਜਾਮ ਪਿਆਇੰਦਾ। ਘਰ ਜੋਤ ਨਿਰੰਜਣ ਕਰੇ ਉਜਿਆਰ, ਘਰ ਨੂਰ ਨੁਰਾਨਾ ਡਗਮਗਾਇੰਦਾ। ਘਰ ਦੀਵਾ ਬਾਤੀ ਕਮਲਾਪਾਤੀ ਕਰ ਤਿਆਰ, ਆਪਣਾ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਦਰ ਆਪੇ ਵੜ, ਆਪਣਾ ਪਰਦਾ ਆਪ ਉਠਾਇੰਦਾ। ਗੁਰਮੁਖਾਂ ਅੰਦਰ ਆਪੇ ਵੜਿਆ, ਔਂਦਾ ਜਾਂਦਾ ਦਿਸ ਨਾ ਆਈਆ। ਆਪਣੇ ਪੌੜੇ ਆਪੇ ਚੜ੍ਹਿਆ, ਆਪ ਆਪਣਾ ਬਲ ਧਰਾਈਆ। ਆਪਣੇ ਦੁਆਰੇ ਆਪੇ ਖੜਿਆ, ਗੁਰਮੁਖਾਂ ਰਾਹ ਵਖਾਈਆ। ਆਪਣੀ ਵਿਦਿਆ ਆਪੇ ਪੜ੍ਹਿਆ, ਹਰਿਜਨ ਸਾਚੇ ਲਏ ਪੜ੍ਹਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਪੰਜ ਤੱਤ ਨਾ ਕੋਈ ਵਖਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜ੍ਹੀ ਗੌਰ ਨਾ ਕੋਇ ਦਬਾਈਆ। ਗੁਰਮੁਖ ਵਿਰਲਾ ਗੁਰ ਗੁਰ ਆਪੇ ਵਰਿਆ, ਗੁਰ ਸ਼ਬਦ ਹੋਈ ਕੁੜਮਾਈਆ। ਨਿਰਭੌ ਚੁਕਾਏ ਜਗਤ ਡਰਿਆ, ਭੈ ਭਿਆਨਕ ਹੋਏ ਸਹਾਈਆ। ਆਸਾ ਮਨਸਾ ਪੂਰੀ ਕਰਿਆ, ਜੋ ਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਏਕਾ ਰੰਗ ਰੰਗਾਈਆ। ਗੁਰਮੁਖ ਰੰਗੇ ਰੰਗ ਅਨਡੀਠੜਾ, ਗੁਰ ਸਤਿਗੁਰ ਆਪ ਰੰਗਾਇਆ। ਕਾਇਆ ਚੋਲੀ ਰੰਗੇ ਚੀਥੜਾ, ਪੰਜ ਤੱਤ ਦਏ ਵਡਿਆਇਆ। ਅੰਮ੍ਰਿਤ ਰਸ ਪਿਆਏ ਏਕਾ ਮੀਠੜਾ, ਰੀਠਾ ਕੌੜਾ ਆਪਣਾ ਰਸ ਚਖਾਇਆ। ਧਾਮ ਵਖਾਏ ਇਕ ਅਨਡੀਠੜਾ, ਜਗਤ ਨੇਤਰ ਦਿਸ ਨਾ ਆਇਆ। ਸਰਬ ਜੀਆਂ ਦਾ ਸਾਂਝਾ ਮੀਤੜਾ, ਪਾਰਬ੍ਰਹਮ ਸੱਚੀ ਸਰਨਾਇਆ। ਬ੍ਰਹਮ ਗਾਏ ਸੁਹਾਗੀ ਗੀਤੜਾ, ਛੱਤੀ ਰਾਗ ਭੇਵ ਨਾ ਰਾਇਆ। ਬੈਠਾ ਰਹੇ ਇਕ ਅਤੀਤੜਾ, ਸਾਚੇ ਮੰਦਰ ਸੋਭਾ ਪਾਇਆ, ਕਲਜੁਗ ਅੰਤਮ ਆਪ ਚਲਾਏ ਆਪਣੀ ਰੀਤੜਾ, ਗੁਰਸਿਖ ਕਾਇਆ ਮੰਦਰ ਗੁਰੂਦੁਆਰ ਮੰਦਰ ਮਠ ਸ਼ਿਵਦੁਆਲਾ ਵਖਾਏ ਮਸੀਤੜਾ, ਘਰ ਇਸ਼ਟ ਦੇਵ ਇਕ ਪ੍ਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਵਖਾਇਆ। ਨਮੋ ਦੇਵ ਨਿਮਸਕਾਰ ਵਾਸਤਕ ਰੂਪ, ਪਾਰਬ੍ਰਹਮ ਬੋਧ ਅਗਾਧ ਪ੍ਰਵਾਨਿਆ। ਨਿਰਵੈਰ ਪੁਰਖ ਅਕਾਲ ਠਾਕਰ ਸੁਆਮੀ ਸਤਿ ਸਰੂਪ, ਆਦਿ ਜੁਗਾਦਿ ਜੁਗਾ ਜੁਗੰਤਰ ਸੁਣਾਏ ਧੁਰ ਫ਼ਰਮਾਨਿਆ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਪਾਵੇ ਸਾਰ ਦਹਿ ਦਿਸ਼ਾ ਚਾਰ ਕੂਟ, ਨਿਰਗੁਣ ਨਿਰਾਕਾਰ ਇਕ ਇਕੱਲਾ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਆਦਿ ਭਵਾਨੀ ਸਾਰ ਸ਼ਬਦ ਸਚ ਨਿਸ਼ਾਨਿਆ। ਪਾਰਬ੍ਰਹਮ ਬ੍ਰਹਮ ਖੇਲ ਮਹਾਨ, ਖ਼ਾਲਕ ਖ਼ਲਕ ਰੂਪ ਵੇਖੇ ਦੋ ਜਹਾਨ, ਮਖ਼ਲੂਕ ਆਪਣੀ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਾਚਾ ਹਰਿ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੁਰਮੁਖ ਮਿਲਿਆ ਸਤਿਗੁਰ ਪਾਇਆ ਨਾਤਾ ਤੁਟਾ ਜਗਤ, ਮਾਣਸ ਜਨਮ ਜੂਏ ਨਾ ਹਾਰਿਆ। ਪੁਰਖ ਅਬਿਨਾਸ਼ਾ ਘਟ ਘਟ ਵਾਸਾ ਦਾਸੀ ਦਾਸਾ ਦੀਨ ਦਿਆਲ, ਖੇਲੇ ਖੇਲ ਅਗੰਮ ਅਪਾਰਿਆ। ਕਲਜੁਗ ਅੰਤਮ ਅਵਲੜੀ ਚਾਲ, ਚਰਨ ਭਿਖਾਰ ਰਖਾਏ ਕਾਲ ਮਹਾਕਾਲ, ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਲੋਕਮਾਤ ਹੋਏ ਉਜਿਆਰਿਆ। ਭਗਤ ਭਗਵੰਤ ਲਏ ਭਾਲ, ਸਾਚੇ ਸੰਤ ਰਾਹ ਦੱਸੇ ਇਕ ਸੁਖਾਲ, ਗੁਰਮੁਖਾਂ ਤੋੜ ਜਗਤ ਜੰਜਾਲ, ਗੁਰਸਿਖਾਂ ਬਣੇ ਆਪ ਦਲਾਲ, ਬੇੜਾ ਕਰੇ ਪਾਰ ਕਿਨਾਰਿਆ। ਜੋ ਜਨ ਆਏ ਸਰਨਾ ਏਕਾ ਮੰਗ ਲਏ ਮੰਗਾ, ਪੁਰਖ ਅਬਿਨਾਸ਼ੀ ਦਇਆ ਦਏ ਕਮਾ, ਲੋਚਣ ਤੀਜਾ ਦਏ ਖੁਲ੍ਹਾ, ਅਨਹਦ ਸ਼ਬਦ ਦਏ ਵਜਾ, ਅੰਮ੍ਰਿਤ ਜਾਮ ਦਏ ਪਿਆ, ਨਿਰਗੁਣ ਜੋਤ ਕਰ ਰੁਸ਼ਨਾ, ਔਖੀ ਘਾਟੀ ਦਏ ਚੜ੍ਹਾ, ਆਪਣਾ ਪੱਲਾ ਆਪ ਫੜਾਈਆ। ਆਪਣਾ ਪੱਲਾ ਆਪ ਫੜਾਇਆ, ਗੁਰਸਿਖ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਦੁਆਰੇ ਮੰਗਣ ਆਇਆ, ਜੁਗ ਜੁਗ ਆਪਣਾ ਬਿਰਦ ਧਰਾਇਆ, ਹਰਿਜਨ ਆਪਣੇ ਅੰਗਣ ਆਪ ਉਠਾਵਣ ਆਇਆ, ਆਪ ਆਪਣੀ ਗੋਦ ਸੁਹਾਇਆ। ਹਰਿ ਕਾ ਨਾਉਂ ਮੰਗਣ ਜੋ ਸੰਗਣ, ਦਰਗਹਿ ਸਾਚੀ ਮਿਲੇ ਨਾ ਥਾਇਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਤਨ ਪਹਿਨਾਏ ਨਾਮ ਸਾਚਾ ਕੰਗਣ, ਜਿਉਂ ਕਸੀਰਾ ਰਵਦਾਸ ਚਮਾਰਾ ਗੰਗਾ ਆਪ ਵਟਾਇਆ। ਹਰਿ ਭਗਤ ਬਣੇ ਸਾਚਾ ਹੀਰਾ ਮਾਣਕ ਮੋਤੀ, ਜਗੇ ਜੋਤੀ ਸੁਰਤੀ ਉਠੇ ਸੋਤੀ, ਗੁਰ ਸਤਿਗੁਰ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਹੁਲਾਰਾ ਇਕ ਲਗਾਇਆ। ਸ਼ਬਦ ਹੁਲਾਰਾ ਆਪ ਲਗਾਇੰਦਾ, ਕਰ ਕਿਰਪਾ ਗੁਣ ਨਿਧਾਨ। ਗੁਰਮੁਖ ਆਤਮ ਆਪ ਜਗਾਇੰਦਾ, ਪਰਮਾਤਮ ਹੋਇਆ ਨਿਗਹਬਾਨ। ਸਨਾਤਨ ਧਰਮ ਇਕ ਵਖਾਇੰਦਾ, ਸਾਂਤਕ ਰੂਪ ਸ੍ਰੀ ਭਗਵਾਨ। ਵਿਸ਼ਨੂੰ ਖੇਲ ਆਪ ਖਿਲਾਇੰਦਾ, ਘਰ ਘਰ ਦੇਵੇ ਜੀਆ ਦਾਨ। ਬ੍ਰਹਮ ਜੋਤ ਸਰਬ ਜਗਾਇੰਦਾ, ਪਾਰਬ੍ਰਹਮ ਹੋ ਪਰਧਾਨ। ਸ਼ੰਕਰ ਸੰਸਾ ਸਰਬ ਮਿਟਾਇੰਦਾ, ਜੋ ਭੁੱਲੇ ਜੀਵ ਸ਼ੈਤਾਨ। ਗੁਰ ਕਾ ਸ਼ਬਦ ਅੰਤ ਪਰਨਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਜੁਗ ਜੁਗ ਆਪਣਾ ਬਲ ਰਖਾਇੰਦਾ, ਨੌਂ ਖੰਡ ਪ੍ਰਿਥਮੀ ਪਾਵੇ ਆਣ। ਗੁਰ ਅਵਤਾਰ ਆਪਣੀ ਰਸਨਾ ਜਿਹਵਾ ਗਾਇੰਦਾ, ਦੇਵਣਹਾਰਾ ਹਰਿ ਫ਼ਰਮਾਨ। ਕਲਜੁਗ ਵੇਲਾ ਅੰਤਮ ਆਇੰਦਾ, ਪੁਰਖ ਅਬਿਨਾਸ਼ੀ ਹੋਇਆ ਮਿਹਰਵਾਨ। ਸ਼ਬਦ ਬਬਾਣਾ ਆਪ ਉਠਾਇੰਦਾ, ਲੋਕਮਾਤ ਰੱਖੇ ਆਣ। ਨਿਰਗੁਣ ਨਿਰਵੈਰ ਨਿਹਕਲੰਕ ਸੇਵ ਕਮਾਇੰਦਾ, ਗੁਰਸਿਖ ਉਠਾਏ ਬਾਲ ਅਞਾਣ। ਆਪਣੀ ਹੱਥੀਂ ਆਪ ਚੜ੍ਹਾਇੰਦਾ, ਆਪਣੇ ਕੰਧ ਚੁੱਕੇ ਸ੍ਰੀ ਭਗਵਾਨ। ਜਗਤ ਕਹਾਰ ਨਾ ਕੋਇ ਬਣਾਇੰਦਾ, ਨਾ ਕੋਈ ਕਾਹਨੀ ਕਰੇ ਪਛਾਣ। ਉਲਟਾ ਗੇੜਾ ਆਪ ਦਵਾਇੰਦਾ, ਮੁਖ ਫਿਰੇ ਦੋ ਜਹਾਨ। ਜਗਤ ਭੰਡਾਰਨ ਆਪ ਭਰਾਇੰਦਾ, ਕਰੇ ਖੇਲ ਹੋ ਮਿਹਰਵਾਨ। ਗੁਰਸਿਖ ਅਰਥੀ ਆਪਣੇ ਧਾਮ ਪੁਚਾਇੰਦਾ, ਨਾ ਕੋਈ ਪਰਖੇ ਜੀਵ ਜਹਾਨ। ਪੰਜ ਤੱਤ ਕਾਇਆ ਅਗਨੀ ਵਿਚ ਜਲਾਇੰਦਾ, ਤ੍ਰੈਗੁਣ ਮੇਟੇ ਅੰਤ ਨਿਸ਼ਾਨ। ਬ੍ਰਹਮ ਪਾਰਬ੍ਰਹਮ ਵਿਚ ਸਮਾਇੰਦਾ, ਜੋਤੀ ਮੇਲਾ ਜੋਤ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਦੇਵੇ ਮਾਣ। ਹਰਿ ਸੰਗਤ ਵਡਿਆਈ ਧੰਨ, ਹਰਿ ਸਤਿਗੁਰ ਪੁਰਖ ਮਨਾਇਆ। ਹਰਿ ਸੰਗਤ ਵਡਿਆਈ ਧੰਨ, ਹਰਿ ਮੰਦਰ ਹਰਿ ਜਸ ਗਾਇਆ। ਹਰਿ ਸੰਗਤ ਵਡਿਆਈ ਧੰਨ, ਜਗਤ ਤ੍ਰਿਸ਼ਨਾ ਭੁੱਖ ਗਵਾਇਆ। ਹਰਿ ਸੰਗਤ ਵਡਿਆਈ ਧੰਨ, ਸੰਸਾ ਰੋਗ ਰਹੇ ਨਾ ਰਾਇਆ। ਹਰਿ ਸੰਗਤ ਵਡਿਆਈ ਧੰਨ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਹਰਿ ਸੰਗਤ ਵਡਿਆਈ ਧੰਨ, ਅਰਸ਼ ਫ਼ਰਸ਼ ਕੁਰਸ਼ ਕੁਰਾ ਏਕਾ ਕਾਇਆ ਕਾਅਬਾ ਦਏ ਵਡਿਆਇਆ। ਹਰਿ ਸੰਗਤ ਵਡਿਆਈ ਧੰਨ, ਦੋ ਦੋ ਆਬਾ ਆਬੇਹਯਾਤ ਦਏ ਬਰਸ, ਆਪਣੀ ਧਾਰ ਆਪ ਵਹਾਇਆ। ਹਰਿ ਸੰਗਤ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਏ ਲੇਖੇ ਲਏ ਲਗਾਇਆ। ਲੇਖੇ ਲੱਗੇ ਆਇਆ ਦਰ, ਭੁਲ ਰਹੇ ਨਾ ਰਾਈਆ। ਦਰਸ ਦਿਖਾਏ ਘਰ ਘਰ, ਰਾਤੀਂ ਸੁਤਿਆਂ ਲਏ ਜਗਾਈਆ। ਵਿਸ਼ਨੂੰ ਰੂਪ ਆਪੇ ਕਰ, ਆਪਣਾ ਰੂਪ ਆਪ ਪ੍ਰਗਟਾਈਆ। ਸੀਸ ਤਾਜ ਆਪੇ ਧਰ, ਮੋਰ ਮੁਕਟ ਸੀਸ ਟਿਕਾਈਆ। ਧਨੁਖ ਬਾਣ ਆਪੇ ਫੜ, ਜੰਗਲ ਜੂਹ ਉਜਾੜ ਪਰਭਾਸ ਦਏ ਵਖਾਈਆ। ਸੇਲੀ ਟੋਪੀ ਸਿਰ ਰੱਖ, ਨਾਮ ਸਤਿ ਕਰੇ ਪੜ੍ਹਾਈਆ। ਚਰਨ ਰਕਾਬੇ ਆਪੇ ਰੱਖ, ਗੋਬਿੰਦ ਰੂਪ ਦਏ ਦਰਸਾਈਆ। ਕਿਰਪਾ ਕਰੇ ਪੁਰਖ ਸਮਰਥ, ਗੁਰਮੁਖ ਸ਼ਬਦੀ ਬੰਧਨ ਪਾਈਆ। ਮਨ ਮਨੂਆ ਦਹਿ ਦਿਸ਼ਾ ਨਾ ਜਾਏ ਨੱਸ, ਪੰਛੀ ਉਡ ਨਾ ਡਾਰੀ ਲਾਈਆ। ਬੁੱਧ ਬਬੇਕੀ ਦਏ ਰਸ, ਏਕਾ ਤੱਤ ਵਖਾਈਆ। ਮਤ ਮਤਵਾਲੀ ਤੀਰ ਮਾਰੇ ਕਸ, ਬਾਣ ਨਿਰਾਲਾ ਇਕ ਚਲਾਈਆ। ਪੰਚ ਵਿਕਾਰਾ ਕਰੇ ਭਠ, ਪੰਚਮ ਸ਼ਬਦ ਧੁੰਨ ਉਪਜਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦੇਵੇ ਦਰਸ, ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਹੱਥ, ਰਵਦਾਸ ਚਮਾਰ ਦਏ ਗਵਾਹੀਆ। ਸਗਲ ਵਸੂਰੇ ਜਾਇਣ ਲਥ, ਜੋ ਜਨ ਆਤਮ ਅੰਤਰ ਦਰਸ਼ਨ ਪਾਈਆ। ਕੋਈ ਕਹੇ ਝੂਠ ਕੋਈ ਕਹੇ ਸਚ, ਗੁਰਮੁਖ ਵਿਰਲੇ ਹਿਰਦੇ ਅੰਦਰ ਗਿਆ ਰਚ, ਨਾ ਕੋਈ ਸਕੇ ਬਾਹਰ ਕਢਾਈਆ। ਹਰਿ ਕਾ ਨਾਉਂ ਹਰਿਜਨ ਵਿਰਲੇ ਗਿਆ ਪਚ, ਦੂਸਰ ਅੰਦਰ ਟਿਕੇ ਨਾ ਰਾਈਆ। ਕਲਜੁਗ ਜੀਵ ਜਗਤ ਦੁਆਰੇ ਰਹੇ ਨੱਚ, ਗੁਰੂਦੁਆਰ ਦਿਸ ਕਿਸੇ ਨਾ ਆਈਆ। ਮਾਣ ਅਭਿਮਾਣ ਪੰਜ ਤੱਤ ਕਾਇਆ ਮਾਟੀ ਕੱਚ, ਸਚ ਨਿਸ਼ਾਨ ਨਾ ਕੋਇ ਵਖਾਈਆ। ਗੁਣ ਜਾਣਿਆ ਜਗਤ ਭੋਗ ਬਲਾਸ ਰਸ, ਹਰਿ ਗੁਣ ਕਹਿਣ ਸੁਣਨ ਕੋਇ ਨਾ ਜਾਈਆ। ਸੂਰਬੀਰ ਬਲਵਾਨ ਰਾਜ ਰਾਜਾਨ ਮਨ ਵਾਸਨਾ ਹੋਏ ਵਸ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਜਗਤ ਮਾਇਆ ਮਮਤਾ ਰੱਖੀ ਆਸ, ਹਰਿ ਮਿਲਣ ਦੀ ਆਸ ਨਾ ਕੋਇ ਰਖਾਈਆ। ਪੀ ਪੀ ਮਦਿ ਨਾ ਮਿਟੀ ਪਿਆਸ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਜਗਤ ਬਬਾਣ ਉਡਾਏ ਆਕਾਸ਼, ਆਪਣਾ ਘਰ ਵੇਖਣ ਕੋਇ ਨਾ ਜਾਈਆ। ਜੀਵ ਜਹਾਨਾ ਜੰਤਾਂ ਖਾਦਾ ਮਾਸ, ਆਪਣਾ ਮਾਸ ਗੁਰ ਕੇ ਹੱਟ ਨਾ ਕੋਇ ਵਿਕਾਈਆ। ਘਰ ਘਰ ਰੱਖੇ ਦਾਸੀ ਦਾਸ, ਦਾਸੀ ਦਾਸ ਬਣ ਸਤਿਗੁਰ ਸੇਵ ਨਾ ਕੋਈ ਕਮਾਈਆ। ਪੁੱਤਰ ਧੀਆਂ ਜਨਮੇ ਦਸ ਦਸ ਮਾਸ, ਦਸ ਦਸ ਮਾਸ ਫੰਦ ਨਾ ਕੋਇ ਕਟਾਈਆ। ਰਸਨਾ ਖਾਧਾ ਜਗਤ ਗਰਾਸ, ਹਰਿ ਸਵਾਸ ਸਵਾਸ ਨਾ ਕੋਇ ਧਿਆਈਆ। ਬਿਨ ਸਤਿਗੁਰ ਪੂਰੇ ਵੇਲੇ ਅੰਤ ਨਾ ਕਰੇ ਕੋਇ ਬੰਦ ਖ਼ਲਾਸ, ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਨਾ ਸਕੇ ਕੋਇ ਬਚਾਈਆ। ਜੋ ਦੀਸੇ ਸੋ ਹੋਏ ਵਿਨਾਸ, ਥਿਰ ਨਾ ਰਹੇ ਪ੍ਰਿਥਮੀ ਆਕਾਸ਼, ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਏਕਾ ਏਕ ਏਕ ਰਘੁਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖਾਂ ਕਰੇ ਬੰਦ ਖ਼ਲਾਸ, ਜੋ ਜਨ ਰਹੇ ਧਿਆਨ ਲਗਾਈਆ। ਗੋਪੀ ਕਾਹਨ ਬਣ ਬਣ ਪਾਵੇ ਰਾਸ, ਗ੍ਰਹਿ ਮੰਦਰ ਅੰਦਰ ਆਪਣਾ ਨਾਚ ਨਚਾਈਆ। ਸੀਤਾ ਰਾਮ ਵਸੇ ਪਾਸ, ਰਾਮ ਸੀਤਾ ਸੁਰਤੀ ਸ਼ਬਦੀ ਵਿਛੜ ਕਦੇ ਨਾ ਜਾਈਆ। ਨਾਨਕ ਗੋਬਿੰਦ ਕਰੇ ਬੰਦ ਖ਼ਲਾਸ, ਗੋਬਿੰਦ ਗੁਰ ਗੁਰ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰੀ ਹਰਿ ਆਪਣੀ ਖੇਲ ਖਿਲਾਈਆ।
