੭ ਮਾਘ ੨੦੧੭ ਬਿਕਰਮੀ ਹਜ਼ੂਰਾ ਸਿੰਘ ਦੇ ਘਰ ਗੁਰਾਇਆ ਜ਼ਿਲਾ ਜਲੰਧਰ
ਆਦਿ ਪੁਰਖ ਸਰਬ ਘਟ ਵਾਸਾ, ਆਦਿ ਪੁਰਖ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਵੇਖੇ ਖੇਲ ਤਮਾਸ਼ਾ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲਾ ਸਰਬ ਜੀ ਦਾਤਾ, ਜੁਗਾ ਜੁਗੰਤਰ ਖੇਲ ਖਿਲਾਈਆ। ਏਕੰਕਾਰਾ ਪਿਤਾ ਮਾਤਾ, ਪੂਤ ਸਪੂਤਾ ਵੇਖੇ ਥਾਉਂ ਥਾਈਂਆ। ਸ੍ਰੀ ਭਗਵਾਨ ਸਰਬ ਕਲ ਸਮਰਾਥਾ, ਸਮਰਥ ਪੁਰਖ ਬੇਪਰਵਾਹੀਆ। ਅਬਿਨਾਸ਼ੀ ਕਰਤਾ ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਇਕ ਅਖਵਾਈਆ। ਪਾਰਬ੍ਰਹਮ ਆਪ ਨਿਭਾਏ ਆਪਣਾ ਸਾਥਾ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਰਬ ਕਲਾ ਹਰਿ ਸਮਰਥ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦਿ ਚਲਾਏ ਰਥ, ਜੁਗ ਜੁਗ ਵਡੀ ਵਡਿਆਈਆ। ਆਪਣਾ ਨਾਉਂ ਪਰਗਟਾਏ ਅਕਥ, ਲੇਖਾ ਕਥ ਨਾ ਸਕੇ ਕੋਇ ਰਾਈਆ। ਨਿਰਗੁਣ ਸਰਗੁਣ ਮਾਰਗ ਦੱਸ, ਸਚ ਸੰਦੇਸ਼ ਦਏ ਸੁਣਾਈਆ। ਇਕ ਇਕੱਲਾ ਸਚ ਮਹੱਲਾ ਸਚਖੰਡ ਨਿਵਾਸੀ ਪੂਰੀ ਕਰੇ ਆਸ, ਆਸ ਨਿਰਾਸ ਨਾ ਕੋਇ ਵਖਾਈਆ । ਲੇਖਾ ਜਾਣੇ ਪ੍ਰਿਥਮੀ ਆਕਾਸ਼, ਧਰਤ ਧਵਲ ਦਏ ਵਡਿਆਈਆ। ਬ੍ਰਹਿਮੰਡ ਖੰਡ ਕਰੇ ਨਿਵਾਸ, ਗਗਨ ਮੰਡਲ ਫੇਰਾ ਪਾਈਆ। ਰਵ ਸਸ ਕਰੇ ਪਰਕਾਸ਼, ਨਿਰਗੁਣ ਜੋਤ ਨੂਰ ਰੁਸ਼ਨਾਈਆ। ਗ੍ਰਹਿ ਮੰਦਰ ਪਾਵੇ ਰਾਸ, ਵੇਸ ਆਪਣਾ ਆਪ ਧਰਾਈਆ। ਦਾਤਾ ਦਾਨੀ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਰੂਪ ਆਪ ਧਰਾਈਆ। ਸੋ ਪੁਰਖ ਨਿਰੰਜਣ ਰੂਪ ਧਰਾਇੰਦਾ, ਨਿਰਗੁਣ ਦਾਤਾ ਬੇਪਰਵਾਹ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਅਲਖ ਅਗੋਚਰ ਅਗੰਮ ਅਥਾਹ। ਏਕੰਕਾਰਾ ਆਪਣੀ ਕਲ ਆਪ ਵਰਤਾਇੰਦਾ, ਅਕਲ ਕਲ ਧਾਰੀ ਆਪਣਾ ਨਾਉਂ ਧਰਾ। ਆਦਿ ਨਿਰੰਜਣ ਜੋਤੀ ਜੋਤ ਨੂਰ ਡਗਮਗਾਇੰਦਾ, ਨੂਰ ਨੁਰਾਨਾ ਹੋ ਰੁਸ਼ਨਾ। ਅਬਿਨਾਸ਼ੀ ਕਰਤਾ ਆਪਣਾ ਖੇਲ ਆਪ ਖਿਲਾਇੰਦਾ, ਆਪੇ ਵਸੇ ਹਰ ਘਟ ਥਾਂ। ਸ੍ਰੀ ਭਗਵਾਨ ਆਪਣਾ ਰੰਗ ਰੰਗਾਇੰਦਾ, ਰੰਗ ਰੰਗੀਲਾ ਏਕਾ ਸ਼ਹਿਨਸ਼ਾਹ। ਪਾਰਬ੍ਰਹਮ ਆਪਣਾ ਬੰਧਨ ਪਾਇੰਦਾ, ਆਪਣੀ ਧਾਰਾ ਆਪ ਸਮਾ। ਸਚਖੰਡ ਦੁਆਰਾ ਆਪ ਉਪਾਇੰਦਾ, ਨਿਰਗੁਣ ਨਿਰਗੁਣ ਸੇਵ ਕਮਾ। ਛੱਪਰ ਛੰਨ ਨਾ ਕੋਇ ਛੁਹਾਇੰਦਾ, ਚਾਰ ਦੀਵਾਰ ਨਾ ਲਏ ਬਣਾ। ਦੀਵਾ ਬਾਤੀ ਇਕ ਟਿਕਾਇੰਦਾ, ਕਮਲਾਪਾਤੀ ਸਹਿਜ ਸੁਭਾ। ਸਚ ਸਿੰਘਾਸਣ ਇਕ ਵਿਛਾਇੰਦਾ, ਪਾਵਾ ਚੂਲ ਨਾ ਲਿਆ ਰਖਾ। ਉਪਰ ਆਪਣਾ ਆਸਣ ਲਾਇੰਦਾ, ਏਕੰਕਾਰਾ ਸਾਚੇ ਤਖ਼ਤ ਬੈਠ ਕਰੇ ਸਚ ਨਿਆਂ। ਰਾਜ ਰਾਜਾਨਾਂ ਆਪਣਾ ਨਾਉਂ ਧਰਾਇੰਦਾ, ਭੂਪਨ ਭੂਪ ਏਕਾ ਏਕ ਰਿਹਾ ਅਖਵਾ। ਸਤਿ ਸਰੂਪ ਸਦਾ ਸਮਾਇੰਦਾ, ਰੂਪ ਰੰਗ ਰੇਖ ਕੋਇ ਜਾਣੇ ਨਾ। ਆਪਣਾ ਸੀਸ ਜਗਦੀਸ਼ ਆਪੇ ਵੇਖ ਵਖਾਇੰਦਾ, ਆਪੇ ਛਤਰ ਰਿਹਾ ਝੁਲਾ। ਆਪੇ ਤਾਜ ਸੀਸ ਟਿਕਾਇੰਦਾ, ਆਪੇ ਬਣੇ ਸੱਚਾ ਪਾਤਸ਼ਾਹ। ਆਪਣਾ ਹੁਕਮ ਆਪ ਸੁਣਾਇੰਦਾ, ਧੁਰ ਫ਼ਰਮਾਨਾ ਆਪ ਸੁਣਾ। ਦਰ ਦਰਬਾਨਾ ਆਪ ਅਖਵਾਇੰਦਾ, ਆਪੇ ਬੈਠਾ ਸੀਸ ਝੁਕਾ। ਆਪੇ ਗਲ ਵਿਚ ਪੱਲੂ ਪਾਇੰਦਾ, ਆਪੇ ਚਰਨ ਕਵਲ ਧਿਆਨ ਰਿਹਾ ਲਗਾ। ਸਚਖੰਡ ਦੁਆਰਾ ਆਪ ਸੁਹਾਇੰਦਾ, ਦੂਸਰ ਕੋਇ ਵੇਖੇ ਨਾ। ਆਦਿ ਪੁਰਖ ਆਦਿ ਨਿਰੰਜਣ ਆਪੇ ਡਗਮਗਾਇੰਦਾ, ਆਪਣੀ ਕਲ ਆਪ ਧਰਾ। ਆਪਣੀ ਕਾਰ ਆਪ ਕਰਾਇੰਦਾ, ਕਰਤਾ ਪੁਰਖ ਖੇਲ ਖਿਲਾ। ਆਪਣੀ ਇਛਿਆ ਆਪ ਪਰਗਟਾਇੰਦਾ, ਆਪੇ ਭਿਛਿਆ ਦੇਵੇ ਝੋਲੀ ਪਾ। ਨਿਰਗੁਣ ਆਪਣੀ ਧਾਰ ਆਪ ਧਰਾਇੰਦਾ, ਸੁਤੇ ਪਰਕਾਸ਼ ਆਪ ਕਰਾ। ਆਪਣਾ ਰੰਗ ਆਪ ਚੜ੍ਹਾਇੰਦਾ, ਲਾਲ ਗੁਲਾਲਾ ਪੁਰਖ ਅਕਾਲਾ ਦੀਨ ਦਿਆਲਾ ਆਪ ਸੁਹਾਏ ਸਾਚਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਨਾਂ। ਸਚਖੰਡ ਦੁਆਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਸਚ ਸਿੰਘਾਸਣ ਆਸਣ ਲਾਇਆ, ਤਖ਼ਤ ਨਿਵਾਸੀ ਹੋ ਮਿਹਰਵਾਨ। ਸਾਚਾ ਹੁਕਮ ਆਪ ਫ਼ਰਮਾਇਆ, ਧੁਰ ਫ਼ਰਮਾਨ ਸ੍ਰੀ ਭਗਵਾਨ। ਆਪਣਾ ਨਾਉਂ ਆਪ ਪਰਗਟਾਇਆ, ਆਪੇ ਹੋਏ ਜਾਣੀ ਜਾਣ। ਨਰ ਨਿਰੰਕਾਰਾ ਆਪ ਅਖਵਾਇਆ, ਆਦਿ ਜੁਗਾਦੀ ਨੌਜਵਾਨ। ਬਿਰਧ ਬਾਲ ਨਾ ਰੂਪ ਵਟਾਇਆ, ਜੁਗਾ ਜੁਗੰਤਰ ਖੇਲ ਮਹਾਨ। ਸਾਚੇ ਮੰਦਰ ਸੋਭਾ ਪਾਇਆ, ਸਚਖੰਡ ਦੁਆਰਾ ਇਕ ਮਕਾਨ। ਆਪਣੇ ਰੰਗ ਆਪ ਸਮਾਇਆ, ਦੂਸਰ ਰੰਗ ਨਾ ਕਰੇ ਵਖਾਣ। ਆਪਣਾ ਕੰਚਨ ਗੜ੍ਹ ਆਪ ਬਣਾਇਆ, ਬਾਢੀ ਬਣ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦੁਆਰੇ ਆਪਣੀ ਕਰੇ ਆਪ ਪਛਾਣ। ਸਚਖੰਡ ਦੁਆਰ ਸੁਹਾਇਆ, ਹਰਿ ਸਾਚਾ ਸੋਭਾਵੰਤ। ਏਕੰਕਾਰਾ ਆਸਣ ਲਾਇਆ, ਆਦਿ ਜੁਗਾਦੀ ਜੁਗਾ ਜੁਗੰਤ। ਆਪਣਾ ਰੂਪ ਆਪ ਧਰਾਇਆ, ਕਰੇ ਖੇਲ ਬੇਅੰਤ ਬੇਅੰਤ ਬੇਅੰਤ। ਨਾਰੀ ਕੰਤ ਨਾਉਂ ਰਖਾਇਆ, ਸੇਜ ਸੁਹਾਏ ਸ੍ਰੀ ਭਗਵੰਤ। ਨਿਰਗੁਣ ਮੇਲਾ ਮੇਲ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਣਾਏ ਆਪਣੀ ਬਣਤ਼। ਬਣਤ ਬਣਾਏ ਹਰਿ ਨਿਰੰਕਾਰਾ, ਦੂਸਰ ਭੇਵ ਨਾ ਕੋਇ ਜਣਾਈਆ। ਨਾਰੀ ਬਣ ਕੰਤ ਭਤਾਰਾ, ਘਰ ਸਾਚੀ ਸੇਜ ਹੰਢਾਈਆ। ਅੰਦਰ ਬਾਹਰ ਗੁਪਤ ਜ਼ਾਹਰਾ, ਰੂਪ ਅਨੂਪ ਆਪ ਛੁਪਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਇਕ ਅਖਵਾਈਆ। ਆਪਣਾ ਬਣੇ ਆਪ ਵਣਜਾਰਾ, ਸਾਚਾ ਵਣਜ ਇਕ ਕਰਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਧਾਮ ਵਡਿਆਈਆ । ਸਚਖੰਡ ਸਾਚੇ ਕਰ ਪਸਾਰਾ, ਆਪਣੀ ਕਲ ਆਪ ਵਰਤਾਈਆ। ਮਾਤ ਪਿਤ ਬਣ ਜਣੇ ਸੁਤ ਦੁਲਾਰਾ, ਦਾਈ ਦਾਇਆ ਆਪ ਹੋ ਜਾਈਆ। ਉਚੀ ਕੂਕ ਕੂਕ ਬੋਲੇ ਇਕ ਜੈਕਾਰਾ, ਨਾਉਂ ਨਿਰੰਕਾਰਾ ਲਏ ਧਰਾਈਆ। ਲਿਖਣ ਪੜ੍ਹਣ ਤੇ ਹੋਏ ਬਾਹਰਾ, ਭੇਵ ਅਭੇਦਾ ਭੇਵ ਛੁਪਾਈਆ। ਸ਼ਾਹੋ ਭੂਪ ਹਰਿ ਬਣ ਸਿਕਦਾਰਾ, ਤਖ਼ਤ ਤਾਜ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਨਿਰਗੁਣ ਨਿਰਗੁਣ ਘਾੜਨ ਘੜ, ਨਿਰਗੁਣ ਮਾਤਾ ਨਿਰਗੁਣ ਪੂਤ ਨਿਰਗੁਣ ਪਿਤਾ ਸੁਤ ਦੁਲਾਰਾ ਇਕ ਉਠਾਈਆ। ਸੁਤ ਦੁਲਾਰ ਉਠਾਇਆ, ਕਰ ਕਿਰਪਾ ਸ੍ਰੀ ਭਗਵਾਨ। ਆਪਣੀ ਇਛਿਆ ਪੂਰ ਕਰਾਇਆ, ਆਪੇ ਦੇਵੇ ਦਾਨੀ ਦਾਨ। ਆਪਣਾ ਦਰ ਆਪ ਵਖਾਇਆ, ਆਪ ਵਖਾਏ ਸਚ ਨਿਸ਼ਾਨ। ਘਰ ਘਰ ਵਿਚ ਲਏ ਪਰਗਟਾਇਆ, ਆਪੇ ਹੋਇਆ ਮਿਹਰਵਾਨ। ਥਿਰ ਘਰ ਸਾਚਾ ਆਪ ਧਰਾਇਆ, ਪਾਰਬ੍ਰਹਮ ਬਲੀ ਬਲਵਾਨ। ਆਪਣੀ ਵੰਡਣ ਆਪ ਵੰਡਾਇਆ, ਵੰਡੇ ਵੰਡ ਗੁਣ ਨਿਧਾਨ। ਸਚਖੰਡ ਆਪਣਾ ਆਸਣ ਲਾਇਆ, ਥਿਰ ਘਰ ਖੇਲ ਕਰੇ ਮਹਾਨ। ਸੁਤ ਦੁਲਾਰਾ ਇਕ ਬਹਾਇਆ, ਚਰਨ ਕਵਲ ਬਖ਼ਸ਼ੇ ਸਚ ਧਿਆਨ। ਸੀਸ ਜਗਦੀਸ਼ ਹੱਥ ਟਿਕਾਇਆ, ਦਿਸ ਨਾ ਆਏ ਵਾਲੀ ਦੋ ਜਹਾਨ। ਸੀਸ ਆਪਣਾ ਛਤਰ ਝੁਲਾਇਆ, ਸੇਵਾ ਕਰ ਹਰਿ ਭਗਵਾਨ। ਆਪਣਾ ਭਾਣਾ ਆਪ ਸਮਝਾਇਆ, ਆਦਿ ਜੁਗਾਦੀ ਖੇਲ ਮਹਾਨ। ਤੇਰਾ ਰੂਪ ਅਨੂਪ ਆਪ ਵਟਾਇਆ, ਰੂਪ ਅਨੂਪ ਇਕ ਨਿਸ਼ਾਨ। ਤੇਰੀ ਸੇਵਾ ਦਏ ਸਮਝਾਇਆ, ਭੁਲ ਨਾ ਜਾਣਾ ਬਣ ਨਾਦਾਨ। ਬ੍ਰਹਿਮੰਡ ਖੰਡ ਤੇਰੀ ਰਚਨ ਵਖਾਇਆ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੰਤਾਨ। ਤ੍ਰੈਗੁਣ ਤੇਰੀ ਖ਼ਾਕ ਰਖਾਇਆ, ਪੰਜ ਤੱਤ ਤੇਰਾ ਵਿਧਾਨ। ਲੱਖ ਚੁਰਾਸੀ ਘਾੜਨ ਲਏ ਘੜਾਇਆ, ਲੇਖਾ ਜਾਣੇ ਜੀਵ ਜਹਾਨ। ਆਪਣੀ ਭਿਛਿਆ ਦਏ ਵਰਤਾਇਆ, ਵਿਸ਼ਨੂੰ ਦੇਵੇ ਇਕ ਗਿਆਨ। ਬ੍ਰਹਮਾ ਬ੍ਰਹਮ ਰੂਪ ਦਰਸਾਇਆ, ਪਾਰਬ੍ਰਹਮ ਕਰੇ ਪਹਿਚਾਨ। ਸ਼ੰਕਰ ਏਕਾ ਰਾਹ ਵਖਾਇਆ, ਅੰਤਮ ਲੇਖਾ ਜਾਣੇ ਸ੍ਰੀ ਭਗਵਾਨ। ਤਿੰਨਾਂ ਵਿਚੋਲਾ ਸ਼ਬਦ ਬਣਾਇਆ, ਪੂਤ ਸਪੂਤਾ ਨੌਜਵਾਨ। ਚਾਰੇ ਕੂਟਾਂ ਵੇਖ ਵਖਾਇਆ, ਦਹਿ ਦਿਸ਼ਾ ਹੋਏ ਪਰਧਾਨ। ਸਾਚਾ ਰਿਜ਼ਕ ਆਪ ਪੁਚਾਇਆ, ਵਿਸ਼ਨੂੰ ਦੇਵੇ ਵਿਸ਼ਵ ਦਾਨ। ਬ੍ਰਹਮਾ ਏਕਾ ਨਾਮ ਸਮਝਾਇਆ, ਚਾਰੇ ਮੁਖ ਚਾਰੇ ਵੇਦਾਂ ਕਰੇ ਗਿਆਨ। ਸ਼ੰਕਰ ਇਕ ਤ੍ਰਿਸੂਲ ਫੜਾਇਆ, ਘੜਿਆ ਭੰਨੇ ਵਿਚ ਜਹਾਨ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਆਪੇ ਹੋਇਆ ਨਿਗਹਬਾਨ। ਆਦਿ ਜੁਗਾਦੀ ਵੇਸ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਏਕਾ ਬਖ਼ਸ਼ੇ ਚਰਨ ਧਿਆਨ। ਸਾਚਾ ਸੁਤ ਹਰਿ ਸਮਝਾਇਆ, ਵਿਸ਼ਨ ਬ੍ਰਹਮਾ ਸ਼ਿਵ ਕਰ ਕੁੜਮਾਈਆ। ਆਪਣਾ ਹੁਕਮ ਤੇਰਾ ਨਾਉਂ ਧਰਾਇਆ, ਤੇਰਾ ਨਾਉਂ ਵਰਤੇ ਵਰਤਾਏ ਸੱਚਾ ਸ਼ਹਿਨਸ਼ਾਹੀਆ। ਆਪਣਾ ਨੂਰ ਤੇਰੇ ਵਿਚ ਟਿਕਾਇਆ, ਤੇਰੀ ਜੋਤ ਕਰੇ ਰੁਸ਼ਨਾਈਆ। ਤੇਰੀ ਜੋਤ ਰਵ ਸਸ ਲਏ ਚਮਕਾਇਆ, ਮੰਡਲ ਮੰਡਪ ਵੇਖ ਵਖਾਈਆ। ਤੇਰਾ ਨੂਰ ਵਿਸ਼ਨ ਬ੍ਰਹਮਾ ਸ਼ਿਵ ਵਿਚ ਟਿਕਾਇਆ, ਆਠ ਪਹਿਰ ਰਹੇ ਰੁਸ਼ਨਾਈਆ। ਤੇਰੀ ਅੰਸ ਲਏ ਪਰਗਟਾਇਆ, ਪਾਰਬ੍ਰਹਮ ਵਡੀ ਵਡਿਆਈਆ। ਤੇਰਾ ਸਰਬੰਸ ਦਏ ਸੁਹਾਇਆ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਤੇਰਾ ਰੂਪ ਕੋਟਨ ਕੋਟ ਸਹੰਸ ਲਏ ਪਰਗਟਾਇਆ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਤੇਰਾ ਰਾਜ ਜੋਗ ਪੰਜ ਤੱਤ ਲਏ ਕਮਾਇਆ, ਧੁਰ ਸੰਜੋਗ ਲਏ ਮਿਲਾਈਆ। ਤੇਰਾ ਖੇਲ ਲੋਕ ਪਰਲੋਕ ਦਏ ਵਖਾਇਆ, ਜ਼ਿਮੀਂ ਅਸਮਾਨਾਂ ਹੋਏ ਸਹਾਈਆ। ਤੇਰਾ ਨਾਉਂ ਸਾਚਾ ਢੋਲਾ ਚੌਦਾਂ ਲੋਕ ਦਏ ਸੁਣਾਇਆ, ਤ੍ਰੈ ਭਵਨ ਧਨੀ ਸੱਚਾ ਸ਼ਹਿਨਸ਼ਾਹੀਆ। ਤੇਰਾ ਚੋਲਾ ਲੋਕਮਾਤ ਲਏ ਬਦਲਾਇਆ, ਗੁਰ ਪੀਰ ਅਵਤਾਰ ਨਾਉਂ ਧਰਾਈਆ। ਤੇਰਾ ਸੋਹਲਾ ਘਰ ਘਰ ਦਰ ਦਰ ਦਏ ਸੁਣਾਇਆ, ਘਟ ਘਟ ਅੰਦਰ ਅਨਹਦ ਸ਼ਬਦ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਹਰਿ ਸੁਤ ਭੁਲ ਨਾ ਜਾਈਆ। ਸ਼ਬਦ ਸੁਤ ਸੁਣਿਆਂ ਗਿਆਨ, ਹਰਿ ਸ਼ਬਦੀ ਸ਼ਬਦ ਸੁਣਾਇਆ। ਦੋਏ ਜੋੜ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇਆ। ਹਉਂ ਬਾਲਕ ਮੁਗਧ ਅਞਾਣ, ਤੂੰ ਪਿਤਾ ਮੇਰਾ ਮਾਇਆ। ਜੁਗ ਜੁਗ ਦੇਣਾ ਸਾਚਾ ਦਾਨ, ਵਿਸਰ ਕਦੇ ਨਾ ਜਾਇਆ। ਲੋਕਮਾਤ ਕਰਾਂ ਖੇਲ ਮਹਾਨ, ਲੱਖ ਚੁਰਾਸੀ ਬਣਤ ਬਣਾਇਆ। ਦੀਵਾ ਜੋਤੀ ਜਗੇ ਮਹਾਨ, ਘਟ ਘਟ ਨੂਰ ਹੋਏ ਰੁਸ਼ਨਾਇਆ। ਤੇਰਾ ਭੰਡਾਰਾ ਅੰਮ੍ਰਿਤ ਪੀਣ ਖਾਣ, ਨਾਭੀ ਕਵਲ ਤਾਲ ਭਰਾਇਆ। ਤੇਰਾ ਰੂਪ ਬ੍ਰਹਮ ਪਛਾਣ, ਪਾਰਬ੍ਰਹਮ ਵੇਸ ਵਟਾਇਆ। ਤੇਰੀ ਭੂਮਕਾ ਸਚ ਅਸਥਾਨ, ਚਰਨ ਕਵਲ ਇਕ ਦਰਸਾਇਆ। ਤੇਰਾ ਵੇਖੇ ਸਚ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਰੂਪ ਤੇਰਾ ਤੇਰੇ ਵਿਚ ਜਾਏ ਸਮਾਇਆ। ਸੁਤ ਦੁਲਾਰਾ ਮੰਗ ਮੰਗਾਏ, ਪ੍ਰਭ ਅੱਗੇ ਸੀਸ ਝੁਕਾਈਆ। ਕਵਣ ਰੂਪ ਤੇਰਾ ਮੇਲ ਮਿਲੇੇ ਸੱਚੇ ਸ਼ਹਿਨਸ਼ਾਹੇ, ਜਗਤ ਵਿਛੋੜਾ ਦਏ ਕਟਾਈਆ। ਕਵਣ ਕੂਟ ਤੇਰਾ ਦਰ ਵੇਖ ਵਖਾਏ, ਕਵਣ ਘਰ ਵੱਜੇ ਵਧਾਈਆ। ਕਵਣ ਕੋਟ ਕਿਲਾ ਦਏ ਵਸਾਏ, ਕਵਣ ਬੰਕ ਹੋਏ ਰੁਸ਼ਨਾਈਆ। ਕਵਣ ਰੂਪ ਨਿਰਗੁਣ ਜੋਤ ਡਗਮਗਾਏ, ਜੋਤੀ ਜਾਤਾ ਨਾਉਂ ਧਰਾਈਆ। ਕਵਣ ਰੂਪ ਲੱਖ ਚੁਰਾਸੀ ਵਰਨ ਗੋਤ ਮੇਟ ਮਿਟਾਏ, ਬ੍ਰਹਮ ਬ੍ਰਹਮ ਬ੍ਰਹਮ ਰੂਪ ਸਰਬ ਜਣਾਈਆ। ਕਵਣ ਰੂਪ ਨਿਹਕਰਮੀ ਹੋਏ ਕਰਮ ਕਮਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਰੱਖੇ ਠੰਡੀ ਛਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਦੇਵੇ ਵਰ ਵਰਦਾਨ। ਸ਼ਬਦ ਦੁਲਾਰੇ ਤੇਰੀ ਸੇਵ ਲਗਾਇੰਦਾ, ਤੇਰਾ ਰੂਪ ਦੋ ਜਹਾਨ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰਾ ਰੰਗ ਰੰਗਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਤੇਰਾ ਮਾਤ ਨਿਸ਼ਾਨ। ਗੁਰ ਅਵਤਾਰ ਤੇਰੀ ਧਾਰ ਰਖਾਇੰਦਾ, ਪੰਜ ਤੱਤ ਹੋਏ ਪਰਧਾਨ। ਭਗਤਨ ਤੇਰੀ ਗੋਦ ਬਹਾਇੰਦਾ, ਸੰਤਨ ਦੇਵੇ ਤੇਰਾ ਮਾਣ। ਗੁਰਮੁਖ ਤੇਰੇ ਅੰਗ ਲਗਾਇੰਦਾ, ਗੁਰਸਿਖ ਗੀਤ ਤੇਰੇ ਗਾਣ। ਤੇਰਾ ਨਾਉਂ ਪਰਚੰਡ ਵਖਾਇੰਦਾ, ਜੁਗ ਜੁਗ ਕਰੇ ਜਗਤ ਕਲਿਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪ ਜਣਾਏ ਧੁਰ ਫ਼ਰਮਾਨ। ਧੁਰ ਫ਼ਰਮਾਨਾ ਸੁਣਿਆ ਸ਼ਬਦ ਸੁੱਤ, ਏਕਾ ਅੰਤਰ ਧਿਆਨ ਲਗਾਈਆ। ਕਰੇ ਖੇਲ ਪ੍ਰਭ ਅਬਿਨਾਸ਼ੀ ਅਚੁਤ, ਸਮਰਥ ਪੁਰਖ ਵਡੀ ਵਡਿਆਈਆ। ਜੁਗ ਜੁਗ ਸੁਹਾਏ ਤੇਰੀ ਰੁੱਤ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਆਪੇ ਜਾਣੇ ਵਾਰ ਥਿਤ, ਦੂਸਰ ਭੇਵ ਕੋਇ ਨਾ ਪਾਈਆ। ਨਿਤ ਨਵਿਤ ਕਰੇ ਹਿੱਤ, ਪੀਆ ਪਿਆਰ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਕਵਲ ਸੱਚੀ ਸਰਨਾਈਆ। ਸਾਚਾ ਵਰ ਹਰਿ ਝੋਲੀ ਪਾ, ਸੁਤ ਸ਼ਬਦ ਉਠਾਇਆ। ਤੇਰਾ ਨਾਤਾ ਜੁੜਿਆ ਬੇਪਰਵਾਹ, ਟੁੱਟ ਕਦੇ ਨਾ ਜਾਇਆ। ਦੋ ਜਹਾਨਾਂ ਵਖਾਏ ਤੇਰਾ ਥਾਂ, ਤੁਧ ਬਿਨ ਅਵਰ ਨਾ ਕੋਇ ਰਹਾਇਆ। ਨਵ ਨੌਂ ਚਾਰ ਗੇੜਾ ਤੇਰਾ ਤੇਰੇ ਹੱਥ ਦਏ ਫੜਾ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਕਮਾਇਆ। ਲੋਕਮਾਤ ਖੇੜਾ ਦੇਣਾ ਵਸਾ, ਤ੍ਰੈਗੁਣ ਪੰਜ ਤੱਤ ਮੇਲ ਮਿਲਾਇਆ। ਆਪਣਾ ਗੇੜਾ ਦਏ ਗੜਾ, ਜੁਗ ਜੁਗ ਪੰਧ ਮੁਕਾਇਆ। ਅੰਤਮ ਉਖੇੜਾ ਦੇਵੇ ਲਾ, ਤੇਰਾ ਹਲੂਣਾ ਇਕ ਰਖਾਇਆ। ਜੋ ਘੜਿਆ ਸੋ ਭੰਨ ਦਏ ਵਖਾ, ਥਿਰ ਕੋਇ ਰਹਿਣ ਨਾ ਪਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਜੁਗ ਜੁਗ ਦੇਣ ਸਲਾਹ, ਬਿਨ ਹਰਿ ਅਵਰ ਨਾ ਕੋਇ ਸਹਾਇਆ। ਏਕਾ ਸ਼ਬਦ ਜਪਣਾ ਨਾਂ, ਕੋਟਨ ਕੋਟ ਆਪਣੇ ਨਾਉਂ ਲਏ ਪਰਗਟਾਇਆ। ਨਿਸ਼ਅੱਖਰ ਵਸੇ ਅਨਡਿਠੜੇ ਥਾਂ, ਨੇਤਰ ਲੋਚਣ ਨੈਣ ਵੇਖੇ ਨਾ ਕੋਇ ਜੀਵ ਲੋਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਸੁਣਿਆ ਧੁਰ ਫ਼ਰਮਾਨ, ਹਰਿ ਸ਼ਬਦ ਲਏ ਅੰਗੜਾਈਆ। ਤੂੰ ਦਾਤਾ ਮਿਹਰਵਾਨ, ਤੇਰੀ ਮਹਿਮਾ ਅਕਥ ਕਥੀ ਨਾ ਜਾਈਆ। ਤੂੰ ਆਦਿ ਜੁਗਾਦੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੂੰ ਵਸੇਂ ਸਚਖੰਡ ਸੱਚੇ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਤੇਰਾ ਰੂਪ ਰੰਗ ਰੇਖ ਨਾ ਕੋਇ ਨਿਸ਼ਾਨ, ਤੇਰੀ ਮਹਿਮਾ ਤੇਰੇ ਵਿਚ ਸਮਾਈਆ। ਹਉਂ ਬਾਲ ਅਞਾਣਾ ਸੁਤ ਨਾਦਾਨ, ਢਹਿ ਪਿਆ ਤੇਰੀ ਸਰਨਾਈਆ। ਮੰਗ ਮੰਗੇ ਯਾਚਕ ਦਾਨ, ਅੱਗੇ ਆਪਣੀ ਝੋਲੀ ਡਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਝੁਲਾਵਾਂ ਤੇਰਾ ਇਕ ਨਿਸ਼ਾਨ, ਸਚ ਨਿਸ਼ਾਨਾ ਹੱਥ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਵਾਂ ਏਕਾ ਆਣ, ਹੁਕਮੇ ਹੁਕਮ ਸਰਬ ਫਿਰਾਈਆ। ਲੱਖ ਚੁਰਾਸੀ ਖੇਲਾਂ ਖੇਲ ਮਹਾਨ, ਚਾਰੇ ਖਾਣੀ ਵੇਖ ਵਖਾਈਆ। ਤੇਰਾ ਫ਼ਰਮਾਨ ਦੇਵਾਂ ਇਕ ਗਿਆਨ, ਚਾਰੇ ਵੇਦ ਕਰਾਂ ਪੜ੍ਹਾਈਆ। ਚਾਰੇ ਬਾਣੀ ਕਰ ਪਰਧਾਨ, ਪਰਾ ਪਸੰਤੀ ਮਧਮ ਬੈਖ਼ਰੀ ਤੇਰੀ ਧਾਰ ਵਖਾਈਆ। ਜੁਗ ਜੁਗ ਲੋਕਮਾਤ ਕਰਾਂ ਕਲਿਆਣ, ਗੁਰ ਅਵਤਾਰ ਰੂਪ ਵਟਾਈਆ। ਭਗਤਾਂ ਕਰਾਂ ਸਚ ਪਿਆਰ, ਸਾਚੇ ਸੰਤਾਂ ਗੋਦ ਬਹਾਈਆ। ਗੁਰਮੁਖਾਂ ਦੇਵਾਂ ਇਕ ਆਧਾਰ, ਗੁਰਸਿਖ ਸਾਚੇ ਸੰਗ ਰਖਾਈਆ। ਮਨਮੁਖਾਂ ਕਰਾਂ ਖ਼ਵਾਰ, ਥਾਉਂ ਨਾ ਕੋਇ ਪਾਈਆ। ਦੁਸ਼ਟ ਹੰਕਾਰੀ ਦਵਾਂ ਨਿਵਾਰ, ਹੰਕਾਰੀ ਗੜ੍ਹ ਰਹੇ ਨਾ ਰਾਈਆ। ਮਾਇਆ ਮਮਤਾ ਮਾਰਾਂ ਮਾਰ, ਆਸਾ ਤ੍ਰਿਸ਼ਨਾ ਰੋਗ ਚੁਕਾਈਆ। ਸੁਰਤੀ ਸੁਰਤ ਕਰਾਂ ਪਿਆਰ। ਅਕਾਲ ਮੂਰਤ ਤੇਰੀ ਸੇਵ ਕਮਾਈਆ। ਅਜੂਨੀ ਰਹਿਤ ਵਰਤਾਂ ਵਰਤਾਵਾਂ ਵਿਚ ਸੰਸਾਰ, ਅਨਭਵ ਪਰਕਾਸ਼ ਕਰਾਈਆ। ਨਿਰਭੈ ਹੋਏ ਫਿਰਾਂ ਚਾਰੋਂ ਕੁੰਟ ਬੋਲ ਜੈਕਾਰ, ਤੇਰਾ ਭੌ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸੁਤ ਬੈਠਾ ਸੀਸ ਝੁਕਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਏਕਾ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਵਖਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਏਕੰਕਾਰਾ ਬਖ਼ਸ਼ੇ ਇਕ ਧਿਆਨ, ਏਕਾ ਘਰ ਮੇਲ ਮਿਲਾਇੰਦਾ। ਆਦਿ ਨਿਰੰਜਣ ਹੋ ਪਰਧਾਨ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਬਣਿਆ ਸਾਚਾ ਕਾਹਨ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਸੁਤ ਦੁਲਾਰਾ ਕਰ ਪਰਵਾਨ, ਏਕਾ ਹੁਕਮ ਜਣਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਖੇਲੇ ਖੇਲ ਦੋ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਚੌਕੜੀ ਜੁਗ ਵੰਡ ਵੰਡਾਇੰਦਾ। ਅੰਤਮ ਕਲਜੁਗ ਹੋਏ ਪਰਧਾਨ, ਜੋਤੀ ਜਾਮਾ ਭੇਖ ਵਟਾਇੰਦਾ। ਕਰੇ ਖੇਲ ਬਲੀ ਬਲਵਾਨ, ਬਲਧਾਰੀ ਆਪ ਹੋ ਜਾਇੰਦਾ। ਆਪੇ ਵੇਖੇ ਆਪਣਾ ਸਤਿ ਨਿਸ਼ਾਨ, ਸਤਿ ਸਤਿਵਾਦੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦ ਖੁਲ੍ਹਾਵਣਹਾਰਾ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਖੇਲ ਨਿਆਰਾ, ਜੁਗਾ ਜੁਗੰਤਰ ਵੇਖ ਵਖਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਚਾਰੇ ਵੇਦ ਭੇਵ ਨਾ ਰਾਈਆ। ਸ਼ਾਸਤਰ ਸਿਮਰਤ ਕਰੇ ਪੁਕਾਰਾ, ਪੁਰਾਨ ਅਠਾਰਾਂ ਦੇਣ ਦੁਹਾਈਆ। ਗੀਤਾ ਗਿਆਨ ਦਏ ਆਧਾਰਾ, ਅਠਾਰਾਂ ਧਿਆਏ ਏਕਾ ਗੁਣ ਜਣਾਈਆ। ਅੰਜੀਲ ਕ਼ੁਰਾਨਾ ਰਖਾਏ ਏਕਾ ਨਾਅਰਾ, ਤੀਸ ਬਤੀਸ ਕੂਕ ਕੂਕ ਸੁਣਾਈਆ। ਬਾਣੀ ਬਾਣ ਮਾਰੇ ਨਿਆਰਾ, ਮਿਹਰਬਾਨ ਸੱਚਾ ਸ਼ਹਿਨਸ਼ਾਹੀਆ। ਗੁਰ ਗੁਰ ਰੂਪ ਵਿਚ ਸੰਸਾਰਾ, ਸ਼ਬਦੀ ਸ਼ਬਦ ਦਏ ਵਡਿਆਈਆ। ਆਪੇ ਵਸੇ ਸਭ ਤੋਂ ਬਾਹਰਾ, ਆਪੇ ਹਰ ਘਟ ਆਸਣ ਲਾਈਆ। ਆਪੇ ਸ੍ਰਿਸ਼ਟ ਸਬਾਈ ਬਣੇ ਕੰਤ ਭਤਾਰਾ, ਲੱਖ ਚੁਰਾਸੀ ਨਾਰ ਲਏ ਪਰਨਾਈਆ। ਆਪੇ ਵਿਸ਼ਨ ਦਏ ਹੁਲਾਰਾ, ਆਪੇ ਬ੍ਰਹਮਾ ਗੋਦ ਬਹਾਈਆ। ਆਪੇ ਸ਼ੰਕਰ ਪਾਵੇ ਸਾਰਾ, ਸੰਸਾ ਰੋਗ ਦਏ ਮਿਟਾਈਆ। ਆਪੇ ਤ੍ਰੈਗੁਣ ਵੇਖੇ ਅਖਾੜਾ, ਆਪੇ ਪੰਜ ਤੱਤ ਕਰੇ ਲੜਾਈਆ। ਆਪੇ ਕਾਮ ਕਰੋਧ ਲੋਭ ਮੋਹ ਹੰਕਾਰਾ, ਆਪੇ ਆਸਾ ਤ੍ਰਿਸ਼ਨਾ ਰੂਪ ਵਟਾਈਆ। ਆਪੇ ਪੰਚਮ ਸ਼ਬਦ ਨਾਦ ਧੁਨਕਾਰਾ, ਗ੍ਰਹਿ ਮੰਦਰ ਅਨਹਦ ਤਾਰ ਸਤਾਰ ਹਿਲਾਈਆ। ਆਪੇ ਸੁਖਮਨ ਟੇਢੀ ਬੰਕ ਡੂੰਘੀ ਗਾਰਾ, ਆਪੇ ਈੜਾ ਪਿੰਗਲ ਮੇਲ ਮਿਲਾਈਆ। ਆਪੇ ਜੋਤ ਨਿਰੰਜਣ ਹੋ ਉਜਿਆਰਾ, ਘਰ ਘਰ ਕਰੇ ਰੁਸ਼ਨਾਈਆ। ਆਪੇ ਵਸੇ ਧੂਆਂਧਾਰਾ, ਸੁੰਨ ਸਮਾਧ ਆਪ ਸਮਾਈਆ। ਆਪੇ ਲਾਏ ਬਜਰ ਕਪਾਟੀ ਤਾਲਾ, ਆਪੇ ਤ੍ਰੈ ਤ੍ਰੈ ਤੋੜ ਤੁੜਾਈਆ। ਆਪੇ ਦਸਮ ਦੁਆਰ ਬਣਾਏ ਸੱਚੀ ਧਰਮਸਾਲਾ, ਆਪੇ ਬੈਠਾ ਆਸਣ ਲਾਈਆ। ਆਪੇ ਕਰੇ ਖੇਲ ਨਿਰਾਲਾ, ਨਿਰਗੁਣ ਨਿਰਵੈਰ ਪੁਰਖ ਅਕਾਲ ਵਡੀ ਵਡਿਆਈਆ। ਆਪੇ ਸਤਿਜੁਗ ਤ੍ਰੇਤਾ ਦੁਆਪਰ ਚਲੇ ਅਵੱਲੜੀ ਚਾਲਾ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਲੱਖ ਚੁਰਾਸੀ ਫਲ ਵੇਖੇ ਲੱਗਾ ਡਾਲਾ, ਘਰ ਘਰ ਆਪਣਾ ਫੇਰਾ ਪਾਈਆ। ਆਪੇ ਚਰਨ ਕਵਲ ਰਖਾਏ ਕਾਲ ਮਹਾਕਾਲਾ, ਕਾਲ ਗਰਾਸ ਆਪ ਹੋ ਜਾਈਆ। ਆਪੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫਿਰੇ ਬੇਹਾਲਾ, ਆਪੇ ਦਰ ਦਰ ਘਰ ਘਰ ਆਪਣੀ ਅਲਖ ਜਗਾਈਆ। ਆਪੇ ਸ਼ਾਹੋ ਭੂਪ ਬਣੇ ਕੰਗਾਲਾ, ਦਰ ਦਰਵੇਸ਼ ਆਪਣਾ ਨਾਉਂ ਧਰਾਈਆ। ਆਪੇ ਸਤਿਜੁਗ ਸਾਚੀ ਕਰੇ ਪ੍ਰਿਤਪਾਲਾ, ਭਗਵਨ ਆਪਣਾ ਰੂਪ ਆਪ ਪਰਗਟਾਈਆ। ਆਪੇ ਤਰੇਤਾ ਫੜੇ ਤੀਰ ਕਮਾਨਾ, ਦੁਸ਼ਟ ਹੰਕਾਰੀ ਰਾਵਣ ਦਏ ਖਪਾਈਆ। ਆਪੇ ਹੋਏ ਕ੍ਰਿਸ਼ਨਾ ਕਾਹਨਾ, ਮੁਕੰਦ ਮਨੋਹਰ ਲਖਮੀ ਨਰਾਇਣ ਬੰਸਰੀ ਨਾਮ ਆਪ ਵਜਾਈਆ। ਆਪੇ ਰਥ ਰਥਵਾਹੀ ਬਣੇ ਗੁਣ ਨਿਧਾਨਾ, ਆਪੇ ਅਠਾਰਾਂ ਧਿਆਏ ਗੀਤਾ ਅਰਜਨ ਦਏ ਸਮਝਾਈਆ। ਆਪੇ ਈਸਾ ਮੂਸਾ ਕਾਲਾ ਸੂਸਾ ਤਨ ਕਰੇ ਨਿਸ਼ਾਨਾ, ਆਪੇ ਅਲਫ਼ੀ ਗਲ ਹੰਢਾਈਆ। ਆਪੇ ਜਾਣੇ ਹਦੀਸ ਅੰਜੀਲ ਕ਼ੁਰਾਨਾ, ਸ਼ਰਅ ਸ਼ਰੀਅਤ ਆਪ ਵਖਾਈਆ। ਆਪੇ ਵਸੇ ਮੁਕਾਮੇ ਹੱਕ ਧੁਰਦਰਗਾਹੀ ਬੇਐਬ ਪਰਵਰਦਿਗਾਰਾ ਸਚ ਟਿਕਾਣਾ, ਸਾਚਾ ਧਾਮ ਇਕ ਸੁਹਾਈਆ। ਆਪੇ ਜਾਣੇ ਆਪਣਾ ਰਾਗ ਤਰਾਨਾ, ਤਾਰ ਸਤਾਰ ਆਪ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸ਼ਬਦ ਸ਼ਬਦੀ ਖੇਲ ਖਿਲਾਈਆ। ਸ਼ਬਦ ਵਣਜਾਰਾ ਸਾਚਾ ਹਾਜੀ, ਹੱਜ ਕਾਇਆ ਕਾਅਬਾ ਆਪ ਕਰਾਇੰਦਾ। ਹਰਿ ਸ਼ਬਦ ਹਯਾਤ ਆਬ ਦੋ ਦੋ ਆਬੀ, ਆਪਣਾ ਆਪ ਆਪ ਪਿਆਇੰਦਾ। ਹਰਿ ਸ਼ਬਦ ਬਣ ਸਵਾਬੀ, ਭੇਵ ਕੋਇ ਨਾ ਪਾਇੰਦਾ। ਹਰਿ ਸ਼ਬਦ ਸ਼ਾਹ ਸੁਲਤਾਨ ਬਣੇ ਨਵਾਬੀ, ਰਯਤ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦ ਸੁਤ ਤੇਰਾ ਵੇਸ ਵਟਾਇੰਦਾ। ਸਾਚਾ ਵਰ ਹਰਿ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਨਿਰਗੁਣ ਨਿਰਗੁਣ ਵੇਖ ਵਖਾਇਆ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਚੇਲਾ ਨਿਰਗੁਣ ਗੁਰ ਰੂਪ ਵਟਾਇਆ, ਨਿਰਗੁਣ ਸਤਿਗੁਰ ਹੋਏ ਸਹਾਈਆ। ਨਿਰਗੁਣ ਪੰਜ ਤੱਤ ਆਸਣ ਲਾਇਆ, ਲੋਕਮਾਤ ਵੱਜੇ ਵਧਾਈਆ। ਨਾਨਕ ਨਿਰਗੁਣ ਨਾਉਂ ਧਰਾਇਆ, ਨਾਮ ਸਤਿ ਸਤਿ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਵਿਚ ਸਮਾਇਆ, ਦੋਏ ਦੋਏ ਏਕਾ ਧਾਰ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਧਰਾਇਆ, ਭੇਵ ਕੋਇ ਨਾ ਪਾਈਆ। ਏਕਾ ਡੰਕਾ ਸ਼ਬਦ ਵਜਾਇਆ, ਚਾਰ ਵਰਨਾਂ ਦਏ ਸਮਝਾਈਆ। ਊਚਾਂ ਨੀਚਾਂ ਰਾਉ ਰੰਕਾਂ ਏਕਾ ਸੰਗ ਰਖਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਮਾਰਗ ਰਿਹਾ ਵਖਾਈਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਏਕਾ ਕਲਮਾ ਹੱਕ ਜਣਾਇਆ, ਹੱਕ ਹਕ਼ੀਕ਼ਤ ਦਏ ਗਵਾਹੀਆ। ਲਾਸ਼ਰੀਕ ਇਕ ਖ਼ੁਦਾਇਆ, ਬੇਐਬ ਨਾਉਂ ਵਡਿਆਈਆ। ਜਗਤ ਤਾਰੀਕ ਦਏ ਮਿਟਾਇਆ, ਜਲਵਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਦਸ ਦਸ ਧਾਰ, ਨਾਤਾ ਤੁੱਟੇ ਨੌਂ ਦੁਆਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਆਪ ਆਪਣਾ ਬਲ ਧਰਾਇੰਦਾ। ਸ਼ਬਦ ਗੁਰ ਸੂਰ ਬਲਕਾਰਾ, ਪੁਰਖ ਅਕਾਲ ਉਪਾਇਆ। ਨਾਉਂ ਰਖਾਇਆ ਸੁਤ ਦੁਲਾਰਾ, ਪੰਜ ਤੱਤ ਗੋਬਿੰਦ ਮੇਲ ਮਿਲਾਇਆ। ਨਾਮ ਫੜਾਇਆ ਸਚ ਕਟਾਰਾ, ਬ੍ਰਹਿਮੰਡ ਖੰਡ ਆਪ ਚਮਕਾਇਆ। ਤਿੱਖੀ ਰੱਖੇ ਦੋਵਾਂ ਧਾਰਾ, ਦੋ ਜਹਾਨਾਂ ਵੇਖ ਵਖਾਇਆ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰਾ, ਭਰ ਪਿਆਲਾ ਜਾਮ ਪਿਆਇਆ। ਸਾਚੀ ਰੀਤੀ ਵਿਚ ਸੰਸਾਰਾ, ਲੋਕਮਾਤ ਰਿਹਾ ਦਰਸਾਇਆ। ਊਚਾਂ ਨੀਚਾਂ ਬਹਾਏ ਇਕ ਦੁਆਰਾ, ਦੂਜੀ ਵੰਡ ਨਾ ਕੋਇ ਵੰਡਾਇਆ। ਪੰਜਾਂ ਮੁਖ ਕਰ ਉਜਿਆਰਾ, ਪੰਚਮ ਸੀਸ ਦਸਤਾਰ ਟਿਕਾਇਆ। ਪੰਚਮ ਅੱਗੇ ਕਰ ਨਿਮਸਕਾਰਾ, ਆਪਣਾ ਸੀਸ ਨਿਵਾਇਆ। ਪੰਚਮ ਰਾਜ ਜੋਗ ਸਿਕਦਾਰਾ, ਪੰਚਮ ਸ਼ਾਹ ਪਾਤਸ਼ਾਹ ਦਏ ਵਡਿਆਇਆ। ਪੰਚਮ ਹੁਕਮ ਵਰਤੇ ਵਿਚ ਸੰਸਾਰਾ, ਹਰਿ ਸ਼ਬਦ ਦਏ ਵਰਤਾਇਆ। ਅੰਤਮ ਕਰਿਆ ਪਾਰ ਕਿਨਾਰਾ, ਪੰਜ ਤੱਤ ਨਾਤਾ ਆਪ ਤੁੜਾਇਆ। ਊਚੀ ਕੂਕ ਕਰੇ ਪੁਕਾਰਾ, ਇਕ ਆਵਾਜ਼ ਲਗਾਇਆ। ਕਲਜੁਗ ਅੰਤਮ ਪਾਵੇ ਸਾਰਾ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪੰਧ ਮੁਕਾਇਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜੋਤ ਜੋਤ ਰੁਸ਼ਨਾਇਆ। ਸ਼ਬਦ ਸੁਤ ਤੇਰੀ ਪਾਵੇ ਸਾਰਾ, ਗੋਬਿੰਦ ਮੇਲਾ ਸਹਿਜ ਸੁਭਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਾਰ ਕਿਨਾਰਾ। ਤ੍ਰੈਗੁਣ ਨਾਤਾ ਦਏ ਤੁੜਾਇਆ। ਪੰਜ ਤੱਤ ਤੋੜੇ ਗੜ੍ਹ ਹੰਕਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਮੇਲ ਮਿਲਾਇਆ। ਪਰਗਟ ਹੋਵੇ ਸ਼ਾਹ ਸੁਲਤਾਨ ਸੱਚਾ ਸਿਕਦਾਰਾ, ਨਿਰਗੁਣ ਨਿਰਗੁਣ ਨਿਰਗੁਣ ਆਪਣਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਅਭੁਲ ਅਭੁਲ ਅਭੁਲ ਆਪ ਸੁਣਾਇਆ। ਕਲਜੁਗ ਅੰਤਮ ਆਵਣਾ, ਜੁਗ ਚੌਕੜੀ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵੇਸ ਵਟਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਨਿਹਕਲੰਕ ਨਾਉਂ ਧਰਾਵਣਾ, ਚਾਰ ਜੁਗ ਦੇਣ ਗਵਾਹੀਆ। ਗੁਰਮੁਖ ਸਾਚੇ ਵੇਖ ਵਖਾਵਣਾ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸੱਤਾਂ ਦੀਪਾਂ ਫੋਲ ਫੁਲਾਵਣਾ, ਆਪ ਆਪਣਾ ਬਲ ਧਰਾਈਆ। ਸ਼ਬਦ ਤੇਰਾ ਡੰਕਾ ਇਕ ਵਜਾਵਣਾ, ਤੇਰਾ ਨਾਉਂ ਦਏ ਵਡਿਆਈਆ। ਸੋ ਪੁਰਖ ਨਿਰੰਜਣ ਆਪਣਾ ਖੇਲ ਖਿਲਾਵਣਾ, ਹੰ ਬ੍ਰਹਮ ਲਏ ਮਿਲਾਈਆ। ਸੋਹੰ ਰੂਪ ਪਿਤਾ ਪੂਤ ਏਕਾ ਤਾਗਾ ਏਕਾ ਸੂਤ ਏਕਾ ਗੰਢ ਪਵਾਵਣਾ, ਨਾ ਕੋਈ ਤੋੜੇ ਤੋੜ ਤੁੜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਸੀਸ ਤਾਜ ਨਾ ਕੋਇ ਟਿਕਾਈਆ। ਪੂਰਬ ਲੇਖਾ ਪੂਰ ਕਰਾਵਣਾ, ਅਗਲਾ ਆਪਣੇ ਹੱਥ ਰਖਾਈਆ। ਜੀਵ ਜੰਤ ਭੇਵ ਕਿਸੇ ਨਾ ਪਾਵਣਾ, ਚੌਦਾਂ ਵਿਦਿਆ ਰੋਵੇ ਮਾਰੇ ਧਾਹੀਂਆ। ਨਿਰਗੁਣ ਰੂਪ ਨਜ਼ਰ ਕਿਸੇ ਨਾ ਆਵਣਾ, ਕੋਟਨ ਕੋਟ ਬੈਠਣ ਧਿਆਨ ਲਗਾਈਆ। ਕਲਜੁਗ ਆਪਣਾ ਪਰਦਾ ਉਪਰ ਪਾਵਣਾ, ਨਾ ਸਕੇ ਕੋਇ ਚੁਕਾਈਆ। ਨਾਰ ਵਿਭਚਾਰ ਸ੍ਰਿਸ਼ਟ ਸਬਾਈ ਕਰਾਵਣਾ, ਹਰਿ ਕੰਤ ਨਾ ਕੋਇ ਹੰਢਾਈਆ। ਗੁਰਮੁਖ ਵਿਰਲੇ ਸ਼ਬਦ ਆਪਣਾ ਰੂਪ ਆਪ ਦਰਸਾਵਣਾ, ਧੁਨ ਅਨਾਦੀ ਨਾਦ ਵਜਾਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਬਹਿ ਬਹਿ ਗਾਵਣਾ, ਜਗਤ ਸ਼ਿਵਦੁਆਲਾ ਮਠ ਮੰਦਰ ਮਸਜਿਦ ਖੋਜਣ ਕੋਇ ਨਾ ਜਾਈਆ। ਕਰੇ ਖੇਲ ਪ੍ਰਭ ਸਮਰਥ ਗੁਰਸਿਖਾਂ ਕਰੇ ਪੂਰੀ ਭਾਵਨਾ, ਭਾਵੀ ਭੈ ਨਾ ਕੋਇ ਸਿਰ ਰਖਾਈਆ। ਦੋ ਜਹਾਨਾਂ ਬਣੇ ਜ਼ਾਮਨਾ, ਏਥੇ ਓਥੇ ਹੋਏ ਸਹਾਈਆ। ਸ਼ਬਦੀ ਸ਼ਬਦ ਫੜਾਏ ਸਾਚਾ ਦਾਮਨਾ, ਦਾਮਨਗੀਰ ਆਪ ਅਖਵਾਈਆ। ਕਾਇਆ ਖੇੜਾ ਵਸਾਏ ਸਾਚਾ ਨਗਰ ਗਰਾਮਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਰੇ ਪਰਕਾਸ਼ ਕੋਟਨ ਭਾਨਨਾ, ਰਵ ਸਸ ਮੁਖ ਸ਼ਰਮਾਈਆ। ਸੋਹੰ ਸ਼ਬਦ ਦੇਵੇ ਬ੍ਰਹਮ ਗਿਆਨਨਾ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਹਰਿ, ਕਰੇ ਖੇਲ ਸਾਚੇ ਘਰ, ਸਚਖੰਡ ਦੁਆਰਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਆਪ ਕਲਿਆਣ, ਡੋਰ ਹੱਥ ਨਾ ਕਿਸੇ ਫੜਾਈਆ।
