੧੨ ਮਾਘ ੨੦੧੭ ਬਿਕਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਅਹਿਮਦ ਪੁਰ
ਸਤਿ ਪੁਰਖ ਨਿਰੰਜਣ ਸਾਚੀ ਧਾਰਾ, ਸਤਿ ਸਤਿਵਾਦੀ ਆਪ ਚਲਾਇੰਦਾ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਆਪਣਾ ਬਲ ਆਪ ਧਰਾਇੰਦਾ। ਹਰਿ ਪੁਰਖ ਨਿਰੰਜਣ ਭੇਵ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਆਪੇ ਜਾਣੇ ਆਪਣੀ ਕਾਰਾ, ਕਰਨੀ ਕਰਤਾ ਆਪ ਅਖਵਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਧਾਮ ਨਿਆਰਾ, ਧਾਮ ਅਵੱਲੜਾ ਇਕ ਸੁਹਾਇੰਦਾ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਬਣ ਸਿਕਦਾਰਾ, ਆਪਣਾ ਹੁਕਮ ਆਪ ਜਣਾਇੰਦਾ। ਪਾਰਬ੍ਰਹਮ ਬਣ ਭਿਖਾਰਾ, ਆਪਣੀ ਮੰਗ ਆਪ ਮੰਗਾਇੰਦਾ। ਕਰੇ ਖੇਲ ਹਰਿ ਨਿਰਾਕਾਰਾ, ਨਿਰਵੈਰ ਆਪਣਾ ਬੰਧਨ ਆਪੇ ਪਾਇੰਦਾ। ਜੂਨੀ ਰਹਿਤ ਹੋ ਤਿਆਰਾ, ਪੁਰਖ ਅਕਾਲ ਦੀਨ ਦਿਆਲ ਆਪਣਾ ਨਾਉਂ ਧਰਾਇੰਦਾ। ਆਪਣੀ ਇਛਿਆ ਆਪੇ ਬਣ ਵਰਤਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਖੋਲ੍ਹੇ ਸਚ ਦੁਆਰਾ, ਬੰਕ ਦੁਆਰੀ ਆਪ ਅਖਵਾਇੰਦਾ। ਸਚਖੰਡ ਸਾਚਾ ਕਰ ਤਿਆਰਾ, ਆਪਣਾ ਰੰਗ ਆਪ ਰੰਗਾਇੰਦਾ। ਰੂਪ ਰੰਗ ਦਿਸੇ ਨਾ ਕੋਇ ਆਕਾਰਾ, ਤਤਵ ਤਤ ਨਾ ਕੋਇ ਰਖਾਇੰਦਾ। ਨਾ ਕੋਈ ਬਣਾਏ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪ ਟਿਕਾਇੰਦਾ। ਘਾੜਨ ਘੜੇ ਘੜਣੇਹਾਰਾ, ਘੜਣ ਭੰਨਣਹਾਰ ਆਪਣੀ ਰਚਨਾ ਆਪ ਰਚਾਇੰਦਾ। ਸਚ ਸਿੰਘਾਸਣ ਕਰ ਤਿਆਰਾ, ਆਪਣਾ ਆਸਣ ਇਕ ਸੁਹਾਇੰਦਾ। ਨਾ ਕੋਈ ਬਾਢੀ ਪਾਵੇ ਸਾਰਾ, ਪਾਵਾ ਚੂਲ ਨਾ ਕੋਇ ਰਖਾਇੰਦਾ। ਸ਼ਾਹੋ ਭੂਪ ਬਣ ਨਿਰੰਕਾਰਾ, ਨਿਰਗੁਣ ਆਪਣਾ ਆਸਣ ਲਾਇੰਦਾ। ਜਗਤ ਜਗਦੀਸ਼ ਖੇਲ ਨਿਆਰਾ, ਨਿਰਾਧਾਰਾ ਆਪ ਕਰਾਇੰਦਾ। ਸਚ ਨਿਸ਼ਾਨਾ ਕਰ ਤਿਆਰਾ, ਦਰ ਘਰ ਸਾਚੇ ਆਪ ਝੁਲਾਇੰਦਾ। ਸਾਚਾ ਤਾਜ ਸੀਸ ਦਸਤਾਰਾ, ਨਿਰਗੁਣ ਆਪਣਾ ਆਪੇ ਵੇਖ ਵਖਾਇੰਦਾ। ਦੂਸਰ ਨਾ ਕੋਈ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਜਣਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਰਾਜ ਰਾਜਾਨ ਆਪਣਾ ਹੁਕਮ ਸੁਣਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਆਪਣੇ ਦੁਆਰ ਆਪੇ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਜੂਨੀ ਰਹਿਤ ਅਨੁਭਵ ਆਪਣਾ ਪਰਕਾਸ਼ ਉਪਜਾਇੰਦਾ। ਆਦਿ ਪੁਰਖ ਖੇਲ ਅਵੱਲਾ, ਹਰਿ ਸਾਚਾ ਸਚ ਕਰਾਈਆ। ਸਚਖੰਡ ਸੁਹਾਏ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਈਆ। ਆਪਣੇ ਦੀਪਕ ਆਪੇ ਬਲਾ, ਅਸੁਤੇ ਪਰਕਾਸ਼ ਇਕ ਵਖਾਈਆ। ਆਪੇ ਵਸੇ ਨੇਹਚਲ ਧਾਮ ਅਟੱਲਾ, ਪਾਰਬ੍ਰਹਮ ਵਡੀ ਵਡਿਆਈਆ। ਆਪ ਫੜਾਏ ਆਪਣਾ ਪੱਲਾ, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵਡੀ ਵਡਿਆਈਆ। ਬੇਪਰਵਾਹ ਹਰਿ ਨਿਰੰਕਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਆਪਣੇ ਮੰਦਰ ਖੇਲ ਕਰੇ ਅਪਰ ਅਪਾਰ, ਅਪਰੰਪਰ ਆਪਣੀ ਧਾਰ ਆਪ ਚਲਾਇੰਦਾ। ਆਪੇ ਲੇਖਾ ਜਾਣੇ ਧੁਰ ਦਰਬਾਰ, ਧੁਰ ਧਾਮ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮੰਦਰ ਆਪ ਸੁਹਾਇੰਦਾ। ਹਰਿ ਸਾਚਾ ਮੰਦਰ ਸੁਹਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਨਿਰਵੈਰ ਪੁਰਖ ਆਸਣ ਲਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣਾ ਅੰਤਰ ਆਪੇ ਵੇਖ ਵਖਾਇੰਦਾ, ਨਾ ਕੋਈ ਦੂਸਰ ਅਵਰ ਵਿਚਾਰ। ਆਪਣੀ ਇਛਿਆ ਆਪ ਪ੍ਰਗਟਾਇੰਦਾ, ਆਪੇ ਭਰੇ ਭੰਡਾਰ। ਆਪਣੀ ਸਿਖਿਆ ਹਰਿ ਸਮਝਾਇੰਦਾ, ਆਪੇ ਹੋਏ ਸਿਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਖੇਲ ਖਿਲਾਇੰਦਾ। ਆਦਿ ਪੁਰਖ ਆਦਿ ਅੰਤ, ਆਪਣਾ ਬੰਧਨ ਆਪੇ ਪਾਈਆ। ਸੋ ਪੁਰਖ ਨਿਰੰਜਣ ਨਾਰੀ ਕੰਤ, ਨਰ ਨਰਾਇਣ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਹੋ ਜਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਨਿਰੰਜਣ ਸਾਚਾ ਧਾਮ ਆਪ ਸੁਹੰਤ, ਦਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਆਦਿ ਆਪਣੇ ਹੱਥ ਰਖਾਈਆ। ਆਦਿ ਪੁਰਖ ਕਰ ਪਰਕਾਸ਼, ਆਪਣਾ ਖੇਲ ਆਪ ਖਿਲਾਇੰਦਾ। ਆਪਣੇ ਅੰਦਰ ਪਾਵੇ ਰਾਸ, ਆਪੇ ਵੇਖ ਵਖਾਇੰਦਾ । ਇਕ ਇਕੱਲਾ ਨਾਉਂ ਰਖਾਏ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਮਹੱਲਾ ਆਪ ਸੁਹਾਇੰਦਾ। ਸਚ ਮਹੱਲਾ ਧੁਰ ਧਾਮ ਅਪਾਰਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪੇ ਵਸੇ ਸਭ ਤੋਂ ਨਿਆਰਾ, ਆਪਣਾ ਰੰਗ ਆਪ ਰੰਗਾਇੰਦਾ। ਆਪੇ ਬੇਐਬ ਹੋਏ ਪਰਵਰਦਿਗਾਰਾ, ਨੂਰੀ ਜਲਵਾ ਆਪੇ ਡਗਮਗਾਇੰਦਾ। ਆਪੇ ਸਚਖੰਡ ਖੋਲ੍ਹਨਹਾਰ ਕਿਵਾੜਾ, ਸਚ ਸਿੰਘਾਸਣ ਸੋਭਾ ਪਾਇੰਦਾ। ਆਪੇ ਧੁਰਦਰਗਾਹੀ ਬਣੇ ਲਾੜਾ, ਆਪੇ ਨਾਰੀ ਕੰਤ ਪਰਨਾਇੰਦਾ। ਆਪੇ ਹੁਕਮੀ ਹੁਕਮ ਦੇਵੇ ਧੁਰ ਫ਼ਰਮਾਨਾ, ਆਪੇ ਆਪਣਾ ਹੁਕਮ ਵਰਤਾਇੰਦਾ। ਆਪੇ ਚਲੇ ਆਪਣੇ ਭਾਣਾ, ਵਡ ਭਾਣਾ ਆਪ ਸਮਝਾਇੰਦਾ। ਆਪੇ ਹੋਏ ਗ਼ਰੀਬ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਤਖ਼ਤ ਸੋਹੇ ਸਾਚਾ ਰਾਣਾ, ਤਖ਼ਤ ਨਿਵਾਸੀ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਆਦਿ ਆਪਣਾ ਖੇਲ ਆਪ ਖਿਲਾਇੰਦਾ। ਆਦਿ ਪੁਰਖ ਸਚਖੰਡ ਨਿਵਾਸਾ, ਸਚ ਸਾਚੀ ਜੋਤ ਜਗਾਈਆ। ਅਗੰਮ ਅਗੰਮੜਾ ਕਰੇ ਘਰ ਘਰ ਵਾਸਾ, ਸ਼ਾਹੋ ਸ਼ਾਬਾਸ਼ਾ ਆਪਣੇ ਹੱਥ ਰੱਖੇ ਵਡਿਆਈਆ। ਆਪੇ ਪਾਵੇ ਆਪਣੀ ਰਾਸਾ, ਆਪੇ ਵੇਖ ਵਖਾਈਆ। ਆਪੇ ਇਛਿਆ ਆਪੇ ਆਸਾ, ਆਪੇ ਪੂਰਨ ਰਿਹਾ ਕਰਾਈਆ। ਆਪੇ ਦੇਵੇ ਆਪਣਾ ਸਚ ਭਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਹੁਕਮ ਰਜ਼ਾਈਆ। ਆਪਣੀ ਆਸਾ ਆਪ ਵਿਚਾਰ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਆਪਣੀ ਕਿਰਪਾ ਆਪੇ ਧਾਰ, ਆਪਣਾ ਪਰਦਾ ਆਪ ਉਠਾਇੰਦਾ। ਆਪਣੀ ਜੋਤ ਕਰ ਉਜਿਆਰ, ਆਪਣਾ ਨੂਰ ਆਪ ਪਰਗਟਾਇੰਦਾ। ਆਪਣਾ ਘਾੜਨ ਘੜ ਅਪਰ ਅਪਾਰ, ਹਰਿ ਜੂ ਹਰਿ ਹਰਿ ਆਪ ਵੇਖ ਵਖਾਇੰਦਾ। ਆਪੇੇ ਵਰਤੇ ਆਪਣਾ ਸਤਿ ਵਰਤਾਰ, ਸਤਿ ਸਤਿਵਾਦੀ ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਆਪੇ ਕਰੇ ਕਰਨੀ ਸਾਚੀ ਕਾਰ, ਕਰਤਾ ਪੁਰਖ ਆਪਣੀ ਕਲ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਆਪਣਾ ਵੇਸ ਵਟਾਇੰਦਾ। ਸਚਖੰਡ ਦਵਾਰਾ ਹਰਿ ਸਹਾਇਆ, ਮਹਿਮਾ ਅਗਣਤ ਗਣੀ ਨਾ ਜਾਈਆ। ਆਪਣਾ ਖੇਲ ਲਏ ਖਲਾਇਆ, ਖੇਲਣਹਾਰਾ ਬੇਪਰਵਾਹੀਆ। ਘਰ ਵਿਚ ਘਰ ਲਏ ਪਰਗਟਾਇਆ, ਸਚਖੰਡ ਅੰਦਰ ਥਿਰ ਘਰ ਦਏ ਬਣਾਈਆ । ਆਪਣਾ ਮੰਦਰ ਆਪ ਸੁਹਾਇਆ, ਨਾਰੀ ਕੰਤ ਵੱਜੀ ਵਧਾਈਆ। ਸਾਚੀ ਸੇਜਾ ਸੋਭਾ ਪਾਇਆ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਮਾਤ ਨਿਰਗੁਣ ਪਿਤ ਨਿਰਗੁਣ ਦਾਈ ਨਿਰਗੁਣ ਦਾਇਆ, ਆਪਣਾ ਰੂਪ ਆਪ ਧਰਾਈਆ। ਨਿਰਗੁਣ ਸੁਤ ਦੁਲਾਰਾ ਜਾਇਆ, ਸਾਰ ਸ਼ਬਦ ਨਾਉਂ ਰਖਾਈਆ। ਥਿਰ ਘਰ ਦਵਾਰੇ ਆਪ ਬਹਾਇਆ, ਚਰਨ ਕਵਲ ਬਖ਼ਸ਼ੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪ ਆਪਣਾ ਵੇਖ ਵਖਾਈਆ। ਸੁਤ ਦੁਲਾਰਾ ਜਾਇਆ, ਕਰ ਕਿਰਪਾ ਗੁਣ ਨਿਧਾਨ। ਅਬਿਨਾਸ਼ੀ ਅਚੁਤ ਖੇਲ ਖਿਲਾਇਆ, ਆਪੇ ਹੋਇਆ ਮਿਹਰਵਾਨ। ਸਾਚੀ ਰੁੱਤ ਆਪ ਸੁਹਾਇਆ, ਰੁਤੜੀ ਵੇਖੇ ਸ੍ਰੀ ਭਗਵਾਨ। ਆਪਣੇ ਉਪਰ ਤੁਠ ਆਪਣਾ ਆਪ ਬਾਹਰ ਕਢਾਇਆ, ਆਪੇ ਹੋਇਆ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਸੁਤ ਲਏ ਉਠਾਇਆ। ਸੁਤ ਦੁਲਾਰਾ ਹਰਿ ਨਿਰੰਕਾਰ, ਸ਼ਬਦੀ ਸ਼ਬਦ ਉਪਾਇੰਦਾ। ਥਿਰ ਘਰ ਸਾਚਾ ਖੋਲ੍ਹ ਦਵਾਰ, ਬੰਕ ਦਵਾਰਾ ਇਕ ਵਖਾਇੰਦਾ। ਸਿਰ ਰੱਖ ਹੱਥ ਸਮਰਥ ਕਰਤਾਰ, ਆਪਣਾ ਭੇਵ ਆਪ ਜਣਾਇੰਦਾ। ਮਹਿਮਾ ਅਕਥ ਗਾਏ ਆਪਣੀ ਵਾਰ, ਗੀਤ ਸੁਹਾਗੀ ਇਕ ਸੁਣਾਇੰਦਾ। ਸਾਚਾ ਸੋਹਲਾ ਕਰ ਤਿਆਰ, ਏਕਾ ਢੋਲਾ ਆਪ ਉਪਾਇੰਦਾ। ਤੋਲਾ ਬਣਿਆ ਆਪ ਪਰਵਰਦਿਗਾਰ, ਸਾਚੇ ਕੰਡੇ ਤੋਲ ਤੁਲਾਇੰਦਾ। ਪਰਦਾ ਓਹਲਾ ਦਏ ਨਵਾਰ, ਘਰ ਘਰ ਵਿਚ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਥਿਰ ਘਰ ਰੰਗ ਰੰਗਾਇਆ, ਸੋ ਪੁਰਖ ਨਿਰੰਜਣ ਦਇਆ ਕਮਾ। ਹਰਿ ਪੁਰਖ ਨਿਰੰਜਣ ਵੇਖ ਵਖਾਇਆ, ਰੂਪ ਅਨੂਪ ਧਰਾ। ਏਕੰਕਾਰਾ ਪਰਦਾ ਲਾਹਿਆ, ਆਪ ਆਪਣਾ ਮੁਖ ਦਏ ਵਖਾ। ਆਦਿ ਨਿਰੰਜਣ ਕਰ ਰੁਸ਼ਨਾਇਆ, ਏਕਾ ਨੂਰ ਦਏ ਚਮਕਾ। ਸ੍ਰੀ ਭਗਵਾਨ ਸੇਵ ਕਮਾਇਆ, ਅਬਿਨਾਸ਼ੀ ਕਰਤਾ ਬਣੇ ਮਲਾਹ। ਪਾਰਬ੍ਰਹਮ ਪ੍ਰਭ ਮਾਰਗ ਲਾਇਆ, ਸੁਤ ਸ਼ਬਦ ਦਏ ਸਮਝਾ। ਆਪਣਾ ਨਾਉਂ ਤੇਰਾ ਰੂਪ ਵਟਾਇਆ, ਹਰਿ ਨਿਰੰਕਾਰਾ ਦਏ ਸਲਾਹ। ਆਪਣੀ ਇਛਿਆ ਤੇਰੇ ਵਿਚ ਰਖਾਇਆ, ਸਚ ਭੰਡਾਰ ਇਕ ਵਰਤਾ। ਆਪਣਾ ਲੇਖਾ ਤੇਰੇ ਹੱਥ ਫੜਾਇਆ, ਦੂਸਰ ਦਿਸੇ ਕੋਇ ਨਾ। ਨਿਰਗੁਣ ਨਿਰਗੁਣ ਨਿਰਗੁਣ ਵੇਸ ਵਟਾਇਆ, ਨਿਰਗੁਣ ਪਿਤਾ ਨਿਰਗੁਣ ਮਾਂ। ਨਿਰਗੁਣ ਸੁਤ ਦੁਲਾਰਾ ਜਾਇਆ, ਨਿਰਗੁਣ ਰੱਖਿਆ ਨਿਰਗੁਣ ਨਾ। ਆਪਣਾ ਹੁਕਮ ਆਪ ਸਮਝਾਇਆ, ਆਪ ਉਠਾਏ ਫੜ ਫੜ ਬਾਂਹ। ਆਦਿ ਪੁਰਖ ਆਪਣੀ ਗੋਦ ਇਕ ਸੁਹਾਇਆ, ਸਫ਼ਲ ਕੁਖ ਲਏ ਕਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮਾਰਗ ਦਏ ਸਮਝਾ। ਹਰਿ ਸਾਚਾ ਸਚ ਸਮਝਾਇੰਦਾ, ਸਾਚੀ ਸਿਖਿਆ ਏਕੰਕਾਰ। ਧੁਰ ਫ਼ਰਮਾਨਾ ਆਪ ਅਲਾਇੰਦਾ, ਧੁਰ ਧਾਮ ਬੈਠ ਸੱਚੀ ਸਰਕਾਰ। ਹੁਕਮੀ ਹੁਕਮ ਆਪ ਵਰਤਾਇੰਦਾ, ਆਪੇ ਹੋਏ ਵੇਖਣਹਾਰ। ਏਕਾ ਸ਼ਬਦ ਸਚ ਅਲਾਇੰਦਾ, ਸੇਵਕ ਸੇਵਾ ਕਰੇ ਅਪਾਰ। ਤੇਰੀ ਰਚਨਾ ਤੇਰੇ ਵਿਚੋਂ ਬਾਹਰ ਕਢਾਇੰਦਾ, ਤੇਰਾ ਤੇਰਾ ਕਰੇ ਆਧਾਰ। ਤੇਰਾ ਨਾਉਂ ਮਰਦੰਗ ਵਜਾਇੰਦਾ, ਸੁੰਨ ਅਗੰਮੀ ਖੇਲ ਨਿਆਰ। ਆਪਣਾ ਅੰਗ ਆਪ ਲਗਾਇੰਦਾ, ਅੰਗੀਕਾਰ ਕਰੇ ਕਰਤਾਰ। ਆਪਣਾ ਰੂਪ ਆਪ ਵਰਤਾਇੰਦਾ, ਆਪੇ ਹੋਏ ਵੇਖਣਹਾਰ। ਆਪੇ ਵਿਸ਼ਨ ਨਾਉਂ ਧਰਾਇੰਦਾ, ਆਪੇ ਕਵਲ ਕਵਲਾ ਪਾਵੇ ਸਾਰ। ਆਪੇ ਪਾਰਬ੍ਰਹਮ ਬ੍ਰਹਮ ਵੰਡ ਵੰਡਾਇੰਦਾ, ਬ੍ਰਹਮਾ ਵੇਤਾ ਕਰ ਤਿਆਰ। ਆਪੇ ਸ਼ੰਕਰ ਸੰਗ ਨਿਭਾਇੰਦਾ, ਲੇਖਾ ਜਾਣੇ ਧੂਆਂਧਾਰ। ਏਕਾ ਮਾਤਾ ਗੋਦ ਬਹਾਇੰਦਾ, ਕਰੇ ਖੇਲ ਅਪਰ ਅਪਾਰ। ਸ਼ਬਦ ਡੋਰੀ ਇਕ ਬੰਧਾਇੰਦਾ, ਨਾਤਾ ਜੋੜ ਜੁੜਾਏ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸੁਤ ਦੁਲਾਰਾ ਆਪ ਉਠਾਇੰਦਾ। ਸੁਤ ਦੁਲਾਰਾ ਆਪ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਇਆ, ਭੁਲ ਨਾ ਜਾਣਾ ਬਣ ਨਾਦਾਨ। ਬ੍ਰਹਿਮੰਡ ਖੰਡ ਤੇਰੀ ਰਚਨਾ ਦਏ ਰਚਾਇਆ, ਲੋਆਂ ਪੁਰੀਆਂ ਲੇਖਾ ਜਾਣੇ ਗਗਨ ਪਾਤਾਲ। ਰਵ ਸਸ ਤੇਰੀ ਜੋਤ ਕਰੇ ਰੁਸ਼ਨਾਇਆ, ਮੰਡਲ ਮੰਡਪ ਕਰੇ ਪਰਧਾਨ। ਜਲ ਬਿੰਬ ਤੇਰੀ ਧਾਰ ਵਹਾਇਆ, ਧਰਤ ਧਵਲ ਵੇਖੇ ਜ਼ਿਮੀ ਅਸਮਾਨ। ਤ੍ਰੈਗੁਣ ਤੇਰੀ ਚਰਨ ਧੂੜ ਖ਼ਾਕ ਉਪਾਇਆ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ। ਸਤੋ ਰਜੋ ਤਮੋ ਤੇਰਾ ਮੰਤ ਦ੍ਰਿੜਾਇਆ, ਕਿਰਪਾ ਕਰੇ ਆਪ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪੇ ਹੋਏ ਜਾਣੀ ਜਾਣ। ਸਾਚੀ ਵਸਤ ਹਰਿ ਅਮੋਲਕ, ਸ਼ਬਦ ਸ਼ਬਦੀ ਹੱਥ ਫੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਏਕਾ ਗੋਲਕ, ਤ੍ਰੈਗੁਣ ਵਸਤੂ ਵਿਚ ਰਖਾਇੰਦਾ। ਆਪਣਾ ਸ਼ਬਦ ਵਜਾਏ ਸਾਚੀ ਢੋਲਕ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਖਾਏ ਏਕਾ ਘਰ, ਵਿਸ਼ਨ ਦੇਵੇ ਸਾਚਾ ਵਰ, ਆਪਣੀ ਇਛਿਆ ਭੰਡਾਰਾ ਦੇਵੇ ਭਰ, ਅਤੋਟ ਅਤੁਟ ਆਪ ਰਖਾਇੰਦਾ। ਬ੍ਰਹਮੇ ਦੇਵੇ ਬ੍ਰਹਮ ਗਿਆਨ, ਹਰਿ ਸਾਚਾ ਵਡ ਵਡਿਆਈਆ। ਆਦਿ ਜੁਗਾਦਿ ਚਰਨ ਕਵਲ ਧਿਆਨ, ਨਿਰਵੈਰ ਪੁਰਖ ਇਕ ਸਰਨਾਈਆ। ਏਕਾ ਬਖ਼ਸ਼ੇ ਸਾਚਾ ਮਾਣ, ਮਾਣ ਅਭਿਮਾਣ ਨਾ ਕੋਇ ਜਣਾਈਆ। ਤੇਰਾ ਰੂਪ ਪਰਗਟਾਇਆ ਆਪ ਸ੍ਰੀ ਭਗਵਾਨ, ਆਪਣੀ ਵੰਡਣ ਆਪਣੇ ਹੱਥ ਰਖਾਈਆ। ਪੰਜ ਤਤ ਵਖਾਏ ਇਕ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪੇ ਲਏ ਪਰਗਟਾਈਆ। ਲੱਖ ਚੁਰਾਸੀ ਕਰ ਪਰਧਾਨ, ਪੰਜ ਦਸ ਮੇਲ ਮਿਲਾਈਆ। ਪੰਜ ਪਚੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪੇ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਆਪੇ ਵਿਸ਼ਨ ਵਿਸ਼ਵ ਸਮਾਇਆ, ਨਿਰਗੁਣ ਦਾਤਾ ਬੇਪਰਵਾਹ। ਆਪੇ ਪਾਰਬ੍ਰਹਮ ਬ੍ਰਹਮ ਜਾਇਆ, ਆਪੇ ਗੋਦੀ ਲਏ ਉਠਾ। ਆਪੇ ਸ਼ੰਕਰ ਉਂਗਲੀ ਲਾਇਆ, ਸਿੱਖ ਮਤ ਦਏ ਸਮਝਾ। ਜੋ ਘੜਿਆ ਭੰਨ ਵਖਾਇਆ, ਥਿਰ ਰਹੇ ਕੋਇ ਨਾ। ਤਿੰਨਾਂ ਏਕਾ ਗੁਣ ਵਖਾਇਆ, ਆਪ ਆਪਣਾ ਪਰਦਾ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਵਿਚੋਲਾ ਮੇਲ ਮਿਲਾਇਆ। ਸ਼ਬਦ ਵਿਚੋਲਾ ਸਤਿਗੁਰ ਧਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਦੋਏ ਜੋੜ ਕਰਨ ਨਿਮਸਕਾਰ, ਖ਼ਾਲੀ ਝੋਲੀ ਸਰਬ ਵਖਾਇੰਦਾ। ਦੇਵਣਹਾਰਾ ਇਕ ਦਾਤਾਰ, ਸਾਚੀ ਭਿਛਿਆ ਆਪ ਵਰਤਾਇੰਦਾ। ਮੰਗਦੇ ਰਹਿਣਾ ਵਾਰੋ ਵਾਰ, ਅਭੁਲ ਭੁਲ ਕਦੇ ਨਾ ਜਾਇੰਦਾ। ਲੱਖ ਚੁਰਾਸੀ ਸੇਵਾ ਕਰਨੀ ਵਿਚ ਸੰਸਾਰ, ਲੋਕਮਾਤ ਰਾਹ ਵਖਾਇੰਦਾ। ਪੰਜ ਤਤ ਦੇਣਾ ਇਕ ਆਧਾਰ, ਤ੍ਰੈਗੁਣ ਮਾਇਆ ਜੋੜ ਜੁੜਾਇੰਦਾ। ਮਾਣਸ ਮਾਨੁਖ ਇਕ ਵਿਚਾਰ, ਆਪ ਆਪਣੀ ਕਲ ਰਖਾਇੰਦਾ। ਆਸਾ ਤ੍ਰਿਸ਼ਨਾ ਕਰ ਤਿਆਰ, ਪੰਚ ਵਿਕਾਰ ਆਪ ਉਪਜਾਇੰਦਾ। ਨਾਤਾ ਜੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਬਹੱਤਰ ਨਾੜਾ ਆਪ ਸਮਝਾਇੰਦਾ। ਤਿੰਨ ਸੌ ਸੱਠ ਹਾਡੀ ਕਰੇ ਖੇਲ ਕਰਤਾਰ, ਬ੍ਰਹਮ ਬ੍ਰਹਿਮਾਦੀ ਵੇਸ ਵਟਾਇੰਦਾ। ਲੇਖਾ ਜਾਣੇ ਬੰਕ ਦਵਾਰ, ਗੜ੍ਹ ਆਪਣਾ ਆਪ ਸੁਹਾਇੰਦਾ। ਜਗਤ ਵਖਾਏ ਨੌਂ ਦਵਾਰ, ਜਗਤ ਵਾਸਨਾ ਵਿਚ ਰਖਾਇੰਦਾ। ਆਪਣਾ ਖੇਲ ਕਰੇ ਅਪਰ ਅਪਾਰ, ਆਪਣੀ ਵੰਡ ਆਪਣੇ ਹੱਥ ਰਖਾਇੰਦਾ। ਘਰ ਵਿਚ ਘਰ ਕਰ ਤਿਆਰ, ਆਪਣੀ ਹੱਥੀਂ ਕੁੰਡਾ ਲਾਇੰਦਾ। ਕੋਏ ਨਾ ਪਾਵੇ ਸਾਰ ਵਿਚ ਸੰਸਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਰਿਹਾ ਘਾੜਨ ਘੜ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾ, ਪੰਜ ਤੱਤ ਗੜ੍ਹ ਬਣਾਇਆ। ਮਨ ਮਤ ਬੁਧ ਵਿਚ ਟਿਕਾ, ਨਿਰਗੁਣ ਵੰਡ ਵੰਡਾਇਆ । ਦੋਏ ਜੋੜ ਪਏ ਸਰਨਾ, ਤੇਰਾ ਰੂਪ ਨਜ਼ਰ ਨਾ ਆਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਤਤ ਸਮਝਾਇਆ। ਆਪਣਾ ਮੰਦਰ ਦਏ ਸੁਹਾ, ਆਪਣਾ ਰਾਹ ਆਪਣੇ ਵਿਚ ਛੁਪਾਇਆ। ਗੁਰਮੁਖ ਵਿਰਲੇ ਦਏ ਬੁਝਾ, ਜਿਸ ਸਿਰ ਆਪਣਾ ਹੱਥ ਟਿਕਾਇਆ। ਸੰਤ ਸਾਜਨ ਲਏ ਜਗਾ, ਨਿਰਗੁਣ ਸਰਗੁਣ ਹੋ ਰੁਸ਼ਨਾਇਆ। ਭਗਤ ਭਗਵੰਤ ਵੇਖੇ ਥਾਉਂ ਥਾਂ, ਆਪ ਆਪਣਾ ਰੂਪ ਵਟਾਇਆ। ਆਪਣਾ ਮਾਰਗ ਦਏ ਵਖਾ, ਨੌਂ ਦਵਾਰੇ ਪਾਰ ਕਰਾਇਆ। ਸੁਖਮਨ ਟੇਢੀ ਬੰਕ ਪੰਧ ਦਏ ਮੁਕਾ, ਈੜਾ ਪਿੰਗਲ ਮੁਖ ਸ਼ਰਮਾਇਆ। ਦੂਈ ਦਵੈਤੀ ਪਰਦਾ ਲਾਹ, ਤ੍ਰੈਗੁਣ ਤਤ ਨਾ ਕੋਇ ਜਣਾਇਆ। ਪੰਚ ਵਿਕਾਰਾ ਕਰੇ ਸਵਾਹ, ਏਕਾ ਜੋਤੀ ਅਗਨੀ ਲੰਬੂ ਲਾਇਆ। ਅੰਮ੍ਰਿਤ ਆਤਮ ਦਏ ਪਿਆ, ਨਿਝਰ ਝਿਰਨਾ ਇਕ ਝਿਰਾਇਆ। ਘਰ ਨਾਦ ਘਰ ਸ਼ਬਦ ਘਰ ਧੁਨ ਦਏ ਉਪਜਾ, ਧੁਨ ਆਤਮਕ ਖੇਲ ਖਿਲਾਇਆ। ਘਰ ਮੇਲਾ ਘਰ ਗੁਰੂ ਘਰ ਚੇਲਾ ਬਣੇ ਸਹਿਜ ਸੁਭਾ, ਘਰ ਸੁਰਤੀ ਬੰਧਨ ਪਾਇਆ। ਘਰ ਤਾਕ ਦਏ ਖੁਲਾ, ਘਰ ਸਾਕੀ ਜਾਮ ਇਕ ਪਿਆਇਆ। ਘਰ ਰਾਕੀ ਸ਼ਬਦ ਘੋੜਾ ਸਾਚੇ ਘੋੜੇ ਦਏ ਚੜ੍ਹਾ, ਅੰਦਰੇ ਅੰਦਰ ਪੰਧ ਮੁਕਾਇਆ। ਘਰ ਸਿੰਘਾਸਣ ਰਿਹਾ ਵਛਾ, ਸਾਚੀ ਸੇਜਾ ਡਗਮਗਾਇਆ। ਘਰ ਪਤ ਪਤਵੰਤਾ ਤਕੇ ਰਾਹ, ਘਰ ਕੰਤ ਸੁਹਾਗ ਆਪਣਾ ਨਾਉਂ ਧਰਾਇਆ। ਘਰ ਮੇਲਾ ਜਾਣੇ ਬੇਪਰਵਾਹ, ਬੇਪਰਵਾਹ ਵੇਸ ਵਟਾਇਆ। ਆਤਮ ਬ੍ਰਹਮ ਪਾਰਬ੍ਰਹਮ ਕਰੇ ਰੁਸ਼ਨਾ, ਜੋਤ ਨਿਰੰਜਣ ਡਗਮਗਾਇਆ। ਰਵ ਸਸ ਰਹੇ ਸ਼ਰਮਾ, ਨੇਤਰ ਨੈਣ ਨਾ ਕੋਇ ਉਠਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਖੇਲ ਦਏ ਖਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕ ਬਣਾਏ ਸਚ ਮਲਾਹ, ਗੁਰ ਸਤਿਗੁਰ ਸ਼ਬਦ ਨਾਉਂ ਧਰਾਇਆ। ਵਿਸ਼ਨ ਬ੍ਰਹਮਾ ਸ਼ਿਵ ਭੁਲਣਾ ਨਾ, ਬਿਨ ਹਰਿ ਸ਼ਬਦ ਨਾ ਦਿਸੇ ਅਵਰ ਕੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪ ਆਪਣਾ ਖੇਲ ਖਿਲਾਇਆ। ਸ਼ਬਦ ਗੁਰ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਗੁਰ ਨਾਉਂ ਧਰਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਅੰਦਰ ਵੇਖ ਵਖਾਇੰਦਾ। ਭਗਤਨ ਦੇਵੇ ਸਤਿ ਸਹਾਰਾ, ਸਤਿ ਸਤਿਵਾਦੀ ਮੇਲ ਮਿਲਾਇੰਦਾ। ਸੰਤ ਬਣਾਏ ਸਚ ਦੁਲਾਰਾ, ਆਪ ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਨੇਤਰ ਨੈਣ ਇਕ ਉਘਾੜਾ, ਦੋਏ ਦੋਏ ਲੋਚਣ ਬੰਦ ਕਰਾਇੰਦਾ। ਗੁਰਸਿਖਾਂ ਵਖਾਏ ਸਚ ਅਖਾੜਾ, ਘਰ ਮੰਦਰ ਅੰਦਰ ਆਪਣਾ ਤਾਲ ਵਜਾਇੰਦਾ। ਆਪੇ ਸਭ ਤੋਂ ਵਸਿਆ ਬਾਹਰਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਪੇ ਗੁਰ ਆਪੇ ਅਵਤਾਰਾ, ਆਪੇ ਭਗਤ ਭਗਵੰਤ ਮੇਲ ਮਿਲਾਇੰਦਾ। ਆਪੇ ਸੰਤ ਕੰਤ ਰਲੀਆਂ ਮਾਣੇ ਅਪਰ ਅਪਾਰਾ, ਕੰਤ ਕੰਤੂਹਲ ਸਾਚੀ ਸੇਜ ਹੰਢਾਇੰਦਾ। ਆਪੇ ਗੁਰਮੁਖ ਬਣਾਏ ਨਾਮ ਵਣਜਾਰਾ, ਸਾਚਾ ਬੰਕ ਆਪ ਵਖਾਇੰਦਾ। ਆਪੇ ਗੁਰਸਿਖਾਂ ਦੇਵੇ ਸਚ ਭੰਡਾਰਾ, ਆਪਣੀ ਹੱਥੀਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕਾ ਸਾਚਾ ਖੋ੍ਹਲ ਦਰ, ਸਚ ਵਸਤ ਆਪਣੇ ਹੱਥ ਰਖਾਇੰਦਾ। ਸਾਚੀ ਵਸਤ ਹਰਿ ਨਿਰੰਕਾਰ, ਗੁਰ ਸਤਿਗੁਰ ਹੱਥ ਰਖਾਈਆ। ਜੁਗਾ ਜੁਗੰਤਰ ਬਣ ਵਰਤਾਰ, ਹਰਿਜਨ ਸਾਚੇ ਝੋਲੀ ਰਿਹਾ ਭਰਾਈਆ। ਜੁਗ ਚੌਕੜੀ ਕਰੇ ਪਾਰ, ਸਤਿਜੁਗ ਤ੍ਰੇਤਾ ਦਵਾਪਰ ਲੋਕਮਾਤ ਰਹਿਣ ਨਾ ਪਾਈਆ। ਚੌਦਾਂ ਲੋਕ ਕਰੇ ਖੇਲ ਕਰਤਾਰ, ਚੌਦਾਂ ਹੱਟ ਵੇਖ ਵਖਾਈਆ। ਤ੍ਰੈ ਭਵਣ ਧਨੀ ਆਪੇ ਜਾਣੇ ਆਪਣੀ ਕਾਰ, ਤ੍ਰੈਗੁਣ ਮਾਇਆ ਵਿਚ ਨਾ ਆਈਆ। ਵਲ ਛਲ ਖੇਲ ਕਰੇ ਸੰਸਾਰ, ਅਛਲ ਅਛੱਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਈਆ। ਜੁਗ ਜੁਗ ਖੇਲ ਅਵੱਲੜਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਗੁਰਮੁਖਾਂ ਅੰਦਰ ਸਚ ਸਿੰਘਾਸਣ ਏਕਾ ਮੱਲੜਾ, ਸੋਭਾਵੰਤ ਸੋਭਾ ਪਾਇੰਦਾ। ਸੁਰਤੀ ਸ਼ਬਦੀ ਅਕਾਲ ਮੂਰਤ ਆਪੇ ਰਲੜਾ, ਜੂਨੀ ਰਹਿਤ ਦਿਸ ਨਾ ਆਇੰਦਾ। ਆਪ ਫੜਾਏ ਸ਼ਬਦ ਸਰੂਪੀ ਸਾਚਾ ਪਲੜਾ, ਛੁੱਟ ਕਦੇ ਨਾ ਜਾਇੰਦਾ। ਜੁਗਾ ਜੁਗੰਤਰ ਗੁਰ ਅਵਤਾਰ ਆਪੇ ਘੱਲੜਾ, ਰਾਮਾ ਕ੍ਰਿਸ਼ਨਾ ਬਾਵਨ ਖੇਲ ਖਿਲਾਇੰਦਾ। ਈਸਾ ਮੂਸਾ ਜੋਤੀ ਆਪੇ ਰਲੜਾ, ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਖੇਲ ਖਿਲਾਇੰਦਾ। ਨਾਨਕ ਮੇਲਾ ਇਕ ਇਕੱਲੜਾ, ਸੱਚਖੰਡ ਦਵਾਰਾ ਵੇਖ ਵਖਾਇੰਦਾ। ਸ਼ਬਦ ਸਨੇਹੜਾ ਏਕਾ ਘਲੜਾ, ਨਾਮ ਸਤਿ ਸਰਬ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਗੁਰ ਏਕਾ ਲੇਖਾ ਜਾਣੇ ਧੁਰ, ਦੂਸਰ ਭੇਵ ਕੋਇ ਨਾ ਪਾਇੰਦਾ। ਦੂਸਰ ਭੇਵ ਨਾ ਜਾਣੇ ਕੋਇ, ਹਰਿ ਮਹਿਮਾ ਅਗਣਤ ਗਣੀ ਨਾ ਜਾਈਆ। ਬ੍ਰਹਮਾ ਚਾਰੇ ਵੇਦ ਲੈ ਕੇ ਆਇਆ ਢੋਆ, ਅਲਖਨਾ ਅਲਖ ਨਾ ਲਖਿਆ ਜਾਈਆ। ਸ਼ਾਸਤਰ ਸਿਮਰਤ ਪੁਰਾਨ ਅਠਾਰਾਂ ਉਚੀ ਕੂਕ ਕੂਕ ਲੋਕਮਾਤ ਰੋਇਆ, ਹਰਿ ਹਰਿ ਲੇਖਾ ਲਿਖਣ ਕੋਇ ਨਾ ਪਾਈਆ। ਗੀਤਾ ਗਿਆਨ ਆਪੇ ਜੋਇਆ, ਤ੍ਰੈਲੋਕੀ ਨਾਥ ਤਿੰਨਾਂ ਲੋਕਾਂ ਭੇਵ ਖੁਲ੍ਹਾਈਆ। ਈਸਾ ਮੂਸਾ ਸੰਗ ਮੁਹੰਮਦ ਏਕਾ ਬੀਜ ਬੋਇਆ, ਚੌਂਦਾ ਤਬਕ ਫੁਲ ਫੁਲਵਾੜੀ ਆਪ ਮਹਿਕਾਈਆ। ਪਰਵਰਦਿਗਾਰ ਬੇਐਬ ਖ਼ੁਦਾਈ ਆਪ ਆਪਣੇ ਜੇਹਾ ਹੋਇਆ, ਨੂਰੋ ਨੂਰ ਨੂਰ ਸਮਾਈਆ। ਮੁਕਾਮੇ ਹੱਕ ਆਦਿ ਜੁਗਾਦਿ ਨਵਾਂ ਨਰੋਆ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਆਪਣਾ ਰੂਪ ਧਰਾਈਆ। ਸ਼ਬਦ ਗੁਰ ਨਾਨਕ ਧਾਰ, ਨਿਰਗੁਣ ਖੇਲ ਖਿਲਾਇਆ। ਸਰਗੁਣ ਸਾਜਣ ਦਏ ਆਧਾਰ, ਪੰਜ ਤਤ ਵੇਖ ਵਖਾਇਆ। ਕਾਇਆ ਕਪੜ ਖੇਲ ਨਿਆਰ, ਡੂੰਘੀ ਕੰਦਰ ਵੇਸ ਵਟਾਇਆ। ਆਤਮ ਬ੍ਰਹਮ ਪਾਰਬ੍ਰਹਮ ਪਸਾਰ, ਬ੍ਰਹਮ ਲੇਖਾ ਦਏ ਮੁਕਾਇਆ। ਏਕਾ ਨਾਦ ਧੁਨ ਸਤਾਰ, ਅਨਹਦ ਤਾਰ ਸਤਾਰ ਹਿਲਾਇਆ। ਆਪੇ ਜਾਣੇ ਆਪਣੀ ਗੁਫ਼ਤਾਰ, ਗੋਸ਼ੇ ਵਿਚ ਨਜ਼ਰ ਕਿਸੇ ਨਾ ਆਇਆ। ਮਦਹੋਸ਼ ਗਾਏ ਇਕ ਨਿਰੰਕਾਰ, ਖ਼ਾਮੋਸ਼ ਚੁੱਪ ਰਹਿਣ ਨਾ ਪਾਇਆ। ਸੋਚ ਸੋਚ ਤੋਂ ਵਸਿਆ ਬਾਹਰ, ਸ਼ਬਦ ਸ਼ਬਦ ਵੱਡੀ ਵਡਿਆਇਆ। ਲੋਕ ਪਰਲੋਕ ਗਾਇਣ ਏਕਾ ਵਾਰ, ਸਚ ਸਲੋਕ ਆਪ ਪਰਗਟਾਇਆ। ਹਰਿ ਕਾ ਮੰਦਰ ਕਿਸੇ ਦਿਸੇ ਨਾ ਕਿਲੇ ਕੋਟ, ਚਾਰ ਦੀਵਾਰੀ ਬੰਦ ਨਾ ਕਿਸੇ ਕਰਾਇਆ। ਜੁਗ ਜੁਗ ਜਨ ਭਗਤਾਂ ਤਨ ਨਗਾਰੇ ਲੌਂਦਾ ਆਇਆ, ਚੋਟ, ਆਪਣਾ ਪਰਦਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸ਼ਬਦ ਗੁਰਦੇਵ, ਆਦਿ ਜੁਗਾਦੀ ਅਲਖ ਅਭੇਵ, ਨਿਰਮਲ ਰੂਪ ਸਦਾ ਨਿਹਕੇਵ, ਨਿਰਮਲ ਧਾਮ ਆਸਣ ਲਾਈਆ। ਨਿਰਮਲ ਧਾਮ ਹਰਿ ਭਗਤ ਘਰ, ਘਰ ਮੰਦਰ ਹੋਏ ਰੁਸ਼ਨਾਈਆ। ਗੁਰ ਸਤਿਗੁਰ ਅੰਦਰ ਜਾਏ ਵੜ, ਔਂਦਾ ਜਾਂਦਾ ਦਿਸ ਨਾ ਆਈਆ। ਕਲਜੁਗ ਚਾਰ ਕੁੰਟ ਵੇਖੇ ਖੜ, ਨੌਂ ਖੰਡ ਪ੍ਰਿਥਮੀ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਾਲ ਰੂਪ ਆਪੇ ਧਰ, ਕਾਲ ਨਗਾਰਾ ਆਪ ਵਜਾਈਆ। ਪੁਰਖ ਅਬਿਨਾਸ਼ੀ ਖੇਲ ਅਪਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਜੋਤੀ ਜੋਤ ਜਗਾਇੰਦਾ, ਜੋਤੀ ਜਾਤਾ ਆਪ ਕਰਤਾਰ। ਸ਼ਬਦੀ ਸ਼ਬਦ ਸੰਗ ਰਲਾਇੰਦਾ, ਗੁਰ ਸ਼ਬਦ ਹੋ ਤਿਆਰ। ਕਾਲ ਮਹਾਕਾਲ ਆਪ ਉਠਾਇੰਦਾ, ਏਕਾ ਬਖ਼ਸ਼ੇ ਚਰਨ ਧਿਆਨ। ਦਿਆਲ ਕਾਲ ਆਪਣਾ ਰੂਪ ਧਰਾਇੰਦਾ, ਆਪੇ ਹੋਏ ਮਿਹਰਵਾਨ। ਦੋਹਾਂ ਵਿਚੋਲਾ ਵੇਖ ਵਖਾਇੰਦਾ, ਸਦਾ ਸਹਾਈ ਨਿਗਹਬਾਨ । ਲੋਆਂ ਪੁਰੀਆਂ ਫੇਰਾ ਪਾਇੰਦਾ, ਬ੍ਰਹਿਮੰਡ ਖੰਡ ਹੋਏ ਪਰਧਾਨ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ, ਏਕਾ ਦੇਵੇ ਸਤਿ ਨਿਸ਼ਾਨ। ਲੱਖ ਚੁਰਾਸੀ ਡੰਕ ਵਜਾਇੰਦਾ, ਸੋਇਆ ਰਹੇ ਨਾ ਜੀਵ ਨਾਦਾਨ। ਚਾਰੇ ਵਰਨਾਂ ਫੋਲ ਫੁਲਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਹਿਚਾਨ। ਚਾਰੇ ਖਾਣੀ ਆਪ ਭੁਲਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਦੇਵਣਹਾਰਾ ਦਾਨ। ਚਾਰੇ ਵੇਦ ਆਪ ਸੁਣਾਇੰਦਾ, ਚਾਰੇ ਮੁਖ ਬ੍ਰਹਮ ਕਰ ਪਰਧਾਨ। ਚਾਰੇ ਜੁਗ ਵੇਸ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਰਾਜ ਰਾਜਾਨਾ ਆਪ ਅਖਵਾਇੰਦਾ, ਇਕ ਇਕੱਲਾ ਨੌਂ ਜਵਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਸ਼ਾਹ ਪਾਤਸ਼ਾਹ ਵਡ ਮਿਹਰਵਾਨ। ਕਲਜੁਗ ਕੂੜੀ ਕਿਰਿਆ ਪਾਰ ਕਰਾਇੰਦਾ, ਲੱਖ ਚੁਰਾਸੀ ਮਿਟੇ ਨਿਸ਼ਾਨਾ ਬੇਈਮਾਨ। ਝੂਠੀ ਨੌਬਤ ਨਾ ਕੋਇ ਵਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰੂ ਹੋਵੇ ਮਿਹਰਵਾਨ। ਸ਼ਬਦ ਗੁਰ ਸਦ ਦਾਤਾਰਾ, ਦਾਤਾਰ ਦਇਆ ਕਮਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਆਪਣਾ ਰੂਪ ਧਰਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਸਚ ਸਹਾਰਾ ਇਕ ਵਖਾਈਆ। ਆਪੇ ਖੋਲੇ ਬੰਦ ਕਿਵਾੜਾ, ਪੰਚਮ ਧਾੜਾ ਦਏ ਮਿਟਾਈਆ। ਨਿਰਗੁਣ ਨੂਰ ਕਰ ਉਜਿਆਰਾ, ਅੰਧ ਅੰਧੇਰ ਦਏ ਗਵਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਈਆ। ਭਾਗ ਲਗਾਏ ਕਾਇਆ ਮੰਦਰ ਮੁਨਾਰਾ, ਗੁਰੂਦਵਾਰ ਮੰਦਰ ਮਸਜਿਦ ਮਠ ਸ਼ਿਵਦਵਾਲੇ ਖੋਜਣ ਕੋਈ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਇਕ ਅਖਵਾਈਆ। ਏਕਾ ਸ਼ਬਦ ਗੁਰੂ ਗੁਰ ਦਾਤਾ, ਗੁਰਦੇਵ ਨਮੋ ਨਿਮਸਕਾਰ। ਆਦਿ ਪੁਰਖ ਹਰਿ ਪੁਰਖ ਬਿਧਾਤਾ, ਅਲਖ ਅਗੋਚਰ ਅਗੰਮ ਅਪਾਰ। ਜੁਗ ਜੁਗ ਵੇਖੇ ਖੇਲ ਤਮਾਸ਼ਾ, ਲੋਕਮਾਤ ਲੈ ਅਵਤਾਰ। ਸੰਤਨ ਦੇਵੇ ਸਤਿ ਭਰਵਾਸਾ, ਚਰਨ ਕਵਲ ਆਧਾਰ। ਦੂਜੇ ਘਰ ਪਾਵੇ ਰਾਸਾ, ਤੀਜਾ ਨੇਤਰ ਇਕ ਉਘਾੜ। ਚੌਥੇ ਪਦ ਕਰਾਏ ਵਾਸਾ, ਦੇਵੇ ਦਰਸ ਅਪਰ ਅਪਾਰ। ਪੰਚਮ ਸ਼ਬਦ ਨਾਦ ਧੁਨ ਲੇਖਾ ਜਾਣੇ ਪਵਣ ਸਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਗੁਰ ਸਤਿਗੁਰ ਪਾਰ ਕਰਾਇੰਦਾ, ਕਰ ਕਿਰਪਾ ਵਡ ਮਿਹਰਵਾਨ। ਜਿਸ ਜਨ ਆਪਣੀ ਦਇਆ ਕਮਾਇੰਦਾ, ਨਾਤਾ ਤੋੜੇ ਜਗਤ ਜਹਾਨ। ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ, ਮਾਇਆ ਮਮਤਾ ਨਾ ਦਿਸੇ ਨਿਸ਼ਾਨ। ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ, ਜਿਸ ਜਨ ਦੇਵੇ ਜੀਆ ਦਾਨ। ਅੰਧ ਅੰਧੇਰ ਆਪ ਗਵਾਇੰਦਾ, ਆਤਮ ਜੋਤੀ ਜਗੇ ਮਹਾਨ। ਵਰਨ ਗੋਤ ਨਾ ਕੋਇ ਰਖਾਇੰਦਾ, ਗੁਰਮੁਖ ਸਾਚੇ ਆਪ ਪਛਾਣ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਰੰਗਾਇੰਦਾ, ਜੋ ਸਰਨ ਸਰਨਾਈ ਡਿਗੇ ਆਣ। ਤਨ ਮਨ ਸੀਤਲ ਸਤਿ ਕਰਾਇੰਦਾ, ਅੰਮ੍ਰਿਤ ਬਰਖੇ ਮੇਘ ਮਹਾਨ। ਮਨੂਆ ਉਠ ਨਾ ਦਹਿ ਦਿਸ਼ ਧਾਇੰਦਾ, ਗੁਰ ਸ਼ਬਦ ਸੁਣਾਏ ਧੁਰ ਫ਼ਰਮਾਨ। ਬੁਧ ਬਿਬੇਕ ਆਪ ਕਰਾਇੰਦਾ, ਆਪੇ ਦੇਵੇ ਨਾਮ ਨਿਧਾਨ। ਮਤ ਮਤਵਾਲੀ ਲੇਖੇ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਦੇਵੇ ਸਤਿ ਗਿਆਨ। ਸਤਿ ਗਿਆਨਾ ਚਰਨ ਕਵਲ, ਕਵਲ ਚਰਨ ਸਰਨਾਈਆ। ਭਗਤ ਵਡਿਆਈ ਉਪਰ ਧਵਲ, ਧਵਲ ਗੁਰਮੁਖ ਚਰਨ ਸੀਸ ਝੁਕਾਈਆ। ਆਪ ਉਲਟਾਏ ਨਾਭ ਕਵਲ, ਕਵਲ ਨਾਭ ਅੰਮ੍ਰਿਤ ਧਾਰ ਵਹਾਈਆ। ਆਪੇ ਸੁਰਤੀ ਸ਼ਬਦੀ ਜਾਏ ਮਵਲ, ਮੌਲਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਲਏ ਫੜ, ਡੂੰਘੀ ਭਵਰੀ ਆਪੇ ਵੜ, ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਹਰਿ ਸੁਹਾਇੰਦਾ, ਗੁਰਮੁਖ ਆਤਮ ਸਾਚੀ ਸੇਜ। ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ, ਆਪੇ ਜਾਣੇ ਆਪਣਾ ਜੋਤੀ ਜਲਵਾ ਨੂਰੀ ਤੇਜ। ਆਪਣਾ ਰੂਪ ਆਪ ਪਰਗਟਾਇੰਦਾ, ਆਪੇ ਸ਼ਬਦ ਸੁਨੇਹੜਾ ਰਿਹਾ ਭੇਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਿਖਣਹਾਰਾ ਲੇਖ। ਜਿਸ ਜਨ ਲੇਖਾ ਲਿਖਿਆ, ਸੋ ਮੀਤਾ ਹਰਿ ਨਿਰੰਕਾਰ। ਜਿਸ ਜਨ ਪਾਈ ਭਿਛਿਆ, ਸੋ ਸਦਾ ਸਦ ਦੇਵਣਹਾਰ। ਜੋ ਜਨ ਪੂਰੀ ਕਰੇ ਇਛਿਆ, ਸੋ ਸਮਰਥ ਪੁਰਖ ਕਰਤਾਰ। ਜਗਤ ਨੇਤਰ ਕਿਸੇ ਨਾ ਦਿਸਿਆ, ਸ੍ਰਿਸ਼ਟ ਸਬਾਈ ਰੋਵੇ ਜ਼ਾਰੋ ਜ਼ਾਰ। ਕਲਜੁਗ ਵਿਦਿਆ ਪਾਇਆ ਹਿਸਿਆ, ਚੌਦਾਂ ਵਿਦਿਆ ਕੂਕ ਕਰੇ ਪੁਕਾਰ। ਹਰਿ ਕਾ ਮੰਦਰ ਇਕ ਅਨਡਿਠਿਆ, ਬਿਨ ਗੁਰਮੁਖ ਕੋਇ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਆਪ ਉਭਾਰੀਅਨ, ਸਿਰ ਰੱਖ ਹੱਥ ਸਮਰਥ ਕਰਤਾਰ। ਜੁਗ ਜੁਗ ਪੈਜ ਸਵਾਰੀਅਨ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਖੇਲ ਅਪਾਰੀਅਨ, ਖੇਲੇ ਖੇਲ ਖੇਲਣਹਾਰ। ਗੁਰਮੁਖ ਮੇਲਾ ਸਚ ਦਵਾਰੀਅਨ, ਦਰ ਦਵਾਰਾ ਇਕ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਵਸਤ ਵਸਤ ਵਰਤਾਏ ਗੁਰਸਿਖਾਂ ਅੰਦਰ ਆਪ ਟਿਕਾਏ, ਆਪ ਆਪਣੀ ਕਿਰਪਾ ਧਾਰ। ਗੁਰਸਿਖਾਂ ਸਤਿਗੁਰ ਸੇਵ ਕਮਾਇੰਦਾ, ਸੇਵਕ ਸੇਵਾ ਕਰੇ ਅਪਾਰ। ਆਪਣਾ ਪਰਦਾ ਆਪੇ ਲਾਹਿੰਦਾ, ਦੂਈ ਦਵੈਤ ਕਰ ਖ਼ਵਾਰ। ਆਪਣੀ ਜੋਤ ਆਪ ਜਗਾਇੰਦਾ, ਦੀਵਾ ਬਾਤੀ ਕਰ ਉਜਿਆਰ। ਆਪਣਾ ਜਾਮ ਆਪ ਪਿਆਇੰਦਾ, ਭਰ ਪਿਆਲਾ ਕਰ ਤਿਆਰ। ਆਪਣਾ ਸ਼ਬਦ ਨਾਦ ਆਪ ਵਜਾਇੰਦਾ, ਆਪ ਸੁਣਾਏ ਸੱਚੀ ਧੁਨਕਾਰ। ਬੋਧ ਅਗਾਧ ਆਪ ਪੜ੍ਹਾਇੰਦਾ। ਲਿਖਣ ਪੜ੍ਹਨ ਤੇ ਵਸਿਆ ਬਾਹਰ। ਨਿਸ਼ਅੱਖਰ ਆਪ ਸੁਹਾਇੰਦਾ, ਆਪ ਵਖਾਏ ਧਾਮ ਨਿਆਰ। ਆਪਣਾ ਨਾਮ ਗੁਰਸਿਖਾਂ ਘਰ ਬਹਾਇੰਦਾ, ਘਰ ਮੰਦਰ ਦਏ ਸਵਾਰ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕ਼ੁਰਾਨ ਹਰਿ ਕਾ ਨਾਉਂ ਸਰਬ ਜਸ ਗਾਇੰਦਾ, ਹਰਿ ਦਾ ਨਾਉਂ ਸਕੇ ਨਾ ਕੋਇ ਵਖਾਲ। ਬਿਨ ਸਤਿਗੁਰ ਪੂਰੇ ਭੇਵ ਕੋਇ ਨਾ ਪਾਇੰਦਾ, ਲੱਖ ਚੁਰਾਸੀ ਬਣੀ ਕੰਗਾਲ। ਨਾਮ ਅਨਮੁਲਾ ਮਾਣਕ ਮੋਤੀ ਹੀਰਾ ਹੱਥ ਕਿਸੇ ਨਾ ਆਇੰਦਾ, ਸਾਧ ਸੰਤ ਜੀਵ ਜੰਤ ਜਗਤ ਜਗਿਆਸੂ ਰਹੇ ਭਾਲ। ਗੁਰਮੁਖ ਵਿਰਲਾ ਘਰ ਮੰਦਰ ਡੂੰਘੀ ਕੰਦਰ ਆਪਣਾ ਤਾਲ ਵਜਾਇੰਦਾ, ਬੰਕ ਸੋਹੇ ਸੱਚੀ ਧਰਮਸਾਲ। ਜਿਸ ਸਿਰ ਸਮਰਥ ਹੱਥ ਟਿਕਾਇੰਦਾ, ਫਲ ਲਗਾਏ ਸਾਚੇ ਡਾਲ। ਜੋਗ ਅਭਿਆਸ ਹਠ ਤਪ ਤੀਰਥ ਤਟ ਨਾ ਕੋਇ ਵਖਾਇੰਦਾ, ਚਰਨ ਧੂੜ ਕਰਾਏ ਇਕ ਅਸ਼ਨਾਨ। ਰਤੀ ਰਤ ਆਪਣੇ ਰੰਗ ਰੰਗਾਇੰਦਾ, ਬ੍ਰਹਮ ਮਤ ਏਕਾ ਦਏ ਸਖਾਲ। ਜਲ ਧਾਰਾ ਸੀਸ ਨਾ ਕੋਇ ਵਖਾਇੰਦਾ, ਅਗਨੀ ਤਤ ਕਿਸੇ ਕੁਠਾਲੀ ਨਾ ਦੇਵੇ ਡਾਲ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਨਾ ਕੋਇ ਵਖਾਇੰਦਾ, ਕਾਇਆ ਮੰਦਰ ਅੰਦਰ ਵਖਾਏ ਸੁਹਾਵਾ ਤਾਲ। ਜਗਤ ਜੰਜਾਲਾ ਤੋੜ ਤੁੜਾਇੰਦਾ, ਦਿਵਸ ਰੈਣ ਕਰੇ ਪ੍ਰਿਤਪਾਲ। ਵੇਲਾ ਅੰਤ ਕੰਤ ਸਮਝਾਇੰਦਾ, ਗੁਰਮੁਖ ਸਾਚੇ ਮਾਤ ਉਠਾਲ। ਰਾਏ ਧਰਮ ਨੇੜ ਨਾ ਆਇੰਦਾ, ਚਿਤਰ ਗੁਪਤ ਲੇਖਾ ਸਕੇ ਨਾ ਕੋਇ ਵਖਾਲ। ਲਾੜੀ ਮੌਤ ਨਾ ਕੋਇ ਪਰਨਾਇੰਦਾ, ਅੰਤ ਨਾ ਖਾਏ ਜਮ ਜਮ ਕਾਲ। ਜੋ ਜਨ ਸਤਿਗੁਰ ਸਰਨਾਈ ਆਇੰਦਾ, ਅੰਤਮ ਆਪਣੀ ਗੋਦ ਲਏ ਉਠਾਲ। ਲੋਆਂ ਪੁਰੀਆਂ ਪਾਰ ਕਰਾਇੰਦਾ, ਆਪ ਆਪਣੇ ਰੱਖੇ ਨਾਲ। ਸੁੰਨ ਅਗੰਮੀ ਪੰਧ ਮੁਕਾਇੰਦਾ, ਏਕਾ ਮਾਰੇ ਸਚ ਉਛਾਲ। ਥਿਰ ਘਰ ਸਾਚੇ ਆਪ ਵਸਾਇੰਦਾ, ਸੱਚਖੰਡ ਨਿਵਾਸੀ ਵਖਾਏ ਸੱਚੀ ਧਰਮਸਾਲ। ਅਲਖ ਅਗੋਚਰ ਆਪਣਾ ਮੇਲਾ ਆਪ ਮਿਲਾਇੰਦਾ, ਨਿਰਗੁਣ ਨਿਰਗੁਣ ਕਰ ਪ੍ਰਿਤਪਾਲ। ਆਦਿ ਪੁਰਖ ਸਤਿ ਸਤਿਵਾਦੀ ਸਾਚਾ ਸੰਗ ਨਿਭਾਇੰਦਾ, ਲੇਖਾ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਚੁਕਾਏ ਕਾਲ ਡਰ, ਮਹਾਕਾਲ ਨੇੜ ਨਾ ਆਇੰਦਾ।
