Granth 10 Likhat 014: 3 Magh 2017 Bikarmi Lal Singh de Ghar Pind Herr Tehsil Nakodar Jila Jalandhar

੩ ਮਾਘ ੨੦੧੭ ਬਿਕਰਮੀ ਲਾਲ ਸਿੰਘ ਦੇ ਘਰ ਪਿੰਡ ਹੇਰ ਤਹਿਸੀਲ ਨਕੋਦਰ ਜ਼ਿਲਾ ਜਲੰਧਰ

ਵਡ ਭਾਗ ਗੁਰਸਿਖ ਪਾਇਆ, ਹਰਿ ਸਤਿਗੁਰ ਸੱਚੇ ਭਾਲ। ਵਡ ਭਾਗ ਜੁਗ ਵਿਛੋੜਾ ਪੰਧ ਮੁਕਾਇਆ, ਜਿਸ ਮਿਲਿਆ ਸਾਚਾ ਲਾਲ। ਵਡ ਭਾਗ ਲੋੜੀਂਦਾ ਵਰ ਪਾਇਆ, ਪੁਰਖ ਅਬਿਨਾਸ਼ੀ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖ ਸਚ ਸੱਚੀ ਧਰਮਸਾਲ। ਸੱਚੀ ਧਰਮਸਾਲ ਕੁੱਲੀ ਕੱਖ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਹੋ ਪ੍ਰਤੱਖ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਕਰਦਾ ਆਇਆ ਪੱਖ, ਸੇਵਕ ਸੱਚੀ ਸੇਵ ਕਮਾਇੰਦਾ। ਸ਼ਬਦ ਅਗੰਮੀ ਮਾਰਗ ਸੱਚ, ਸੰਦੇਸ਼ ਇਕ ਸੁਣਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਮੰਦਰ ਸੋਭਾ ਪਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਸੂਰਜ ਚੰਨ ਮੁਖ ਸ਼ਰਮਾਇੰਦਾ। ਦਿਵਸ ਰੈਣ ਨੱਸ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਵਡਭਾਗ ਗੁਰਸਿਖ ਜਾਣਿਆ, ਹਰਿ ਸਤਿਗੁਰ ਫੇਰੀ ਪਾ। ਲੇਖੇ ਲਾਏ ਬਾਲ ਅਞਾਣਿਆਂ, ਸੁਘੜ ਸਿਆਣਾ ਬੇਪਰਵਾਹ। ਦੇਵੇ ਨਿਸ਼ਅੱਖਰ ਨਾਮ ਨਿਧਾਨਿਆ, ਚੌਦਾਂ ਵਿਦਿਆ ਮਤ ਗਵਾ। ਇਕ ਵਖਾਏ ਸਚ ਨਿਸ਼ਾਨਿਆ, ਸਚਖੰਡ ਦੁਆਰਾ ਚਰਨ ਕਵਲ ਸਰਨਾ। ਏਕਾ ਦੇਵੇ ਨਾਮ ਬਿਬਾਣਿਆ, ਗੁਰਮੁਖ ਸੱਜਣ ਲਏ ਚੜ੍ਹਾ। ਏਕਾ ਬਖ਼ਸ਼ੇ ਅੰਮ੍ਰਿਤ ਠੰਡਾ ਪਾਣੀਆ, ਅੰਤਰ ਆਤਮ ਜਾਮ ਪਿਆ। ਇਕ ਸੁਣਾਏ ਅਨਹਦ ਅਨਾਦੀ ਬਾਣੀਆ, ਧੁਨ ਆਤਮਕ ਆਪ ਪ੍ਰਗਟਾ। ਏਕਾ ਲੇਖਾ ਚੁਕਾਏ ਚਾਰੇ ਖਾਣੀਆ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾ। ਏਕਾ ਮੇਲ ਮਿਲਾਏ ਸਾਚੇ ਹਾਣੀਆ, ਗੁਰ ਸਤਿਗੁਰ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਕੁੱਲੀ ਕੱਖ ਸ਼ਾਹ ਸੁਲਤਾਨਾ, ਸਚ ਸਿੰਘਾਸਣ ਸੋਭਾ ਪਾਈਆ। ਆਪੇ ਮਰਦ ਆਪ ਮਰਦਾਨਾ, ਨਾਮ ਮਰਦੰਗ ਆਪ ਵਜਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਗੁਰਮੁਖ ਸਖ਼ੀਆਂ ਮੰਡਲ ਰਾਸ ਰਚਾਈਆ। ਆਪੇ ਦੇਵੇ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਈਆ। ਆਪੇ ਹੋਇਆ ਜਾਣੀ ਜਾਣਾ, ਭੇਦ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬੇਪਰਵਾਹੀਆ। ਵਡ ਭਾਗ ਗੁਰਸਿਖ ਪੇਖਿਆ, ਹਰਿ ਜੂ ਨੇਤਰ ਨੈਣ ਉਘਾੜ। ਆਪੇ ਜਾਣੇ ਧੁਰ ਦਾ ਲੇਖਿਆ, ਜਗਤ ਲੇਖਾ ਦੇਵੇ ਪਾੜ। ਭੇਵ ਖੁਲ੍ਹਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਕਰੇ ਖੇਲ ਅਪਾਰ। ਦੋ ਜਹਾਨਾਂ ਕਰ ਕਰ ਵੇਸਿਆ, ਤਿੰਨਾਂ ਲਏ ਉਭਾਰ। ਆਪੇ ਹੋਏ ਦਸ ਦਸਮੇਸਿਆ, ਆਪੇ ਜੋਤੀ ਜਲਵਾ ਨੂਰ ਉਜਿਆਰ। ਆਪੇ ਹੱਥ ਖੂੰਡੀ ਮੋਢੇ ਧਰੇ ਖੇਸਿਆ, ਆਪੇ ਨਾਨਕ ਨਿਰਗੁਣ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਅਗੰਮ ਅਪਾਰ। ਕੁੱਲੀ ਕੱਖ ਹਰਿ ਹਰਿ ਮੰਦਰ, ਹਰਿ ਸਾਚਾ ਆਪ ਸੁਹਾਇੰਦਾ। ਜਗੇ ਜੋਤ ਅੰਦਰੇ ਅੰਦਰ, ਦੀਵਾ ਬਾਤੀ ਨਾ ਕੋਈ ਵਖਾਇੰਦਾ। ਭਾਗ ਲਗਾਏ ਡੂੰਘੀ ਕੰਦਰ, ਗੁਰ ਦਰ ਮੰਦਰ ਖੋਜ ਖੁਜਾਇੰਦਾ। ਮਨ ਮੰਦਰ ਭਵੇ ਨਾ ਬੰਦਰ, ਦਹਿ ਦਿਸ਼ਾ ਵੇਖ ਵਖਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਨਾਮ ਕਟਾਰਾ ਇਕ ਲਗਾਇੰਦਾ। ਕਲਜੁਗ ਲੇਖਾ ਚੁੱਕੇ ਖੰਡਰ, ਸਚ ਮੁਨਾਰੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਵਡ ਵਡਿਆਈ ਗੁਰਸਿਖ ਭਾਗ, ਹਰਿ ਸਤਿਗੁਰ ਸੇਵ ਕਮਾਇੰਦਾ। ਦੀਪਕ ਜਗੇ ਜੋਤ ਚਿਰਾਗ਼, ਘਰ ਨੂਰ ਨੁਰਾਨਾ ਡਗਮਗਾਇੰਦਾ। ਤ੍ਰੈਗੁਣ ਮਾਇਆ ਬੁੱਝੇ ਆਗ, ਪੰਜ ਤੱਤ ਆਪ ਬੁਝਾਇੰਦਾ। ਹਰਿ ਹਰਿ ਪਤਤ ਪੁਨੀਤਾ ਬਣਿਆ ਸੱਜਣ ਸਾਕ, ਜਗਤ ਨਾਤਾ ਤੋੜ ਤੁੜਾਇੰਦਾ। ਪਤਤ ਪੁਨੀਤ ਕਰੇ ਪਾਕੀ ਪਾਕ, ਸਾਚਾ ਸਾਕੀ ਜਾਮ ਪਿਆਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਨਿਜ ਨੇਤਰ ਆਪ ਖੁਲ੍ਹਾਇੰਦਾ। ਸ਼ਬਦ ਘੋੜੇ ਚੜ੍ਹਾਏ ਰਾਕ, ਹਰਿ ਸ਼ਬਦ ਲੋਆਂ ਪੁਰੀਆਂ ਆਪ ਫਿਰਾਇੰਦਾ। ਨਾਤਾ ਤੋੜੇ ਅੱਠ ਤਾਤ, ਮਨ ਮਤ ਬੁਧ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਬਿਨ ਰੰਗ ਰੂਪ ਹੋ ਉਜਿਆਰਾ, ਨਿਰਵੈਰ ਪੁਰਖ ਖੇਲ ਖਿਲਾਇੰਦਾ। ਅਜੂਨੀ ਰਹਿਤ ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਭਗਤਾਂ ਹਿੱਤ ਨਿਤ ਨਵਿਤ ਲਏ ਅਵਤਾਰਾ, ਲੋਕਮਾਤ ਵੇਖ ਵਖਾਇੰਦਾ । ਗੁਰਮੁਖ ਵੇਖੇ ਸਾਚਾ ਲਾੜਾ, ਧੁਰਦਰਗਾਹੀ ਦਰ ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਚਰਨ ਕਵਲ ਧਰਤ ਧਵਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਨਰ, ਨਰ ਨਰਾਇਣ ਆਪ ਅਖਵਾਇੰਦਾ। ਵਡਭਾਗ ਗੁਰਸਿਖ ਮੇਲਿਆ, ਮੇਲ ਮਿਲਾਵਾ ਧੁਰ ਦਰਬਾਰ। ਏਕਾ ਰੰਗ ਗੁਰੂ ਗੁਰ ਚੇਲਿਆ, ਦੂਜਾ ਰੰਗ ਨਾ ਕੋਇ ਸੰਸਾਰ। ਸੋ ਪੁਰਖ ਨਿਰੰਜਣ ਚਾੜ੍ਹੇ ਤੇਲਿਆ, ਹਰਿ ਪੁਰਖ ਨਿਰੰਜਣ ਸਗਨ ਮਨਾਏ ਪਹਿਲੀ ਵਾਰ। ਆਪੇ ਏਕੰਕਾਰਾ ਜਾਣੇ ਆਪਣਾ ਵਕ਼ਤ ਵੇਲਿਆ, ਆਦਿ ਨਿਰੰਜਣ ਹੋਏ ਮੀਤ ਮੁਰਾਰ। ਅਬਿਨਾਸ਼ੀ ਕਰਤਾ ਸੱਜਣ ਸਹੇਲਿਆ, ਸ੍ਰੀ ਭਗਵਾਨ ਵਿਛੜ ਕਦੇ ਨਾ ਜਾਏ ਸਾਂਝਾ ਯਾਰ। ਪਾਰਬ੍ਰਹਮ ਆਪਣਾ ਖੇਲ ਆਪੇ ਖੇਲਿਆ, ਖੇਲਣਹਾਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣੀ ਕਿਰਪਾ ਧਾਰ। ਸਾਚਾ ਗੜ੍ਹ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸਤਿ ਸਰੂਪ ਬੰਨ ਧਾਰ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਆਪੇ ਪੜ੍ਹ, ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਗੁਰਮੁਖ ਸੱਜਣ ਆਪੇ ਲੱਧ, ਪਿਤਾ ਪੂਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਘਰ, ਠਾਂਡਾ ਦਰਬਾਰ ਆਪ ਸੁਹਾਇੰਦਾ। ਵਡ ਵਡਿਆਈ ਗੁਰਸਿਖ ਘਰ, ਘਰ ਵਿਚ ਘਰ ਗ੍ਰਹਿ ਮੰਦਰ ਖੋਜ ਖੁਜਾਇੰਦਾ। ਆਦਿ ਜੁਗਾਦਿ ਵਸੇ ਦਰ, ਜਨ ਭਗਤਾਂ ਦਰ ਸੁਹਾਇੰਦਾ। ਜੁਗਾ ਜੁਗੰਤਰ ਦੇਂਦਾ ਆਇਆ ਵਰ, ਵਰ ਦਾਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਕੁੱਲੀ ਕੱਖ ਸਚਖੰਡ, ਹਰਿ ਸਾਚਾ ਸਚ ਸੁਹਾਇੰਦਾ। ਕਲਜੁਗ ਅੰਤਮ ਵੰਡੀ ਵੰਡ, ਵੰਡਣਹਾਰਾ ਆਪ ਹੋ ਜਾਇੰਦਾ। ਕਰੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਰੂਪ ਧਰਾਇੰਦਾ। ਆਪਣਾ ਕਰੇ ਆਪ ਪਖੰਡ, ਹਰਿ ਪਖੰਡੀ ਦਿਸ ਨਾ ਆਇੰਦਾ। ਮਨਮੁਖਾਂ ਵੱਢਣਹਾਰਾ ਕੰਡ, ਨਾਮ ਖੰਡਾ ਹੱਥ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਮੇਲ ਮਿਲਾਇੰਦਾ। ਵਡਭਾਗੀ ਸ਼ਾਹੋ ਸ਼ਾਹਬਾਸ਼ਿਆ, ਹਰਿ ਪਾਇਆ ਸੱਜਣ ਸ਼ਾਹ। ਸਾਚੇ ਮੰਡਲ ਸਾਚੀ ਰਾਸਿਆ, ਪੁਰਖ ਅਬਿਨਾਸ਼ੀ ਵੇਖੇ ਬੇਪਰਵਾਹ। ਆਦਿ ਜੁਗਾਦਿ ਨਾ ਕਦੇ ਵਿਨਾਸਿਆ, ਜੁਗਾ ਜੁਗੰਤਰ ਰਿਹਾ ਵੇਸ ਵਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾ। ਹਰਿਜਨ ਸਾਚੇ ਤਾਰਿਆ, ਕਰ ਕਿਰਪਾ ਦੀਨ ਦਿਆਲ। ਜਨਮ ਜਨਮ ਦਾ ਰੋਗ ਨਿਵਾਰਿਆ, ਦਿਵਸ ਰੈਣ ਕਰੇ ਪ੍ਰਿਤਪਾਲ। ਮਾਣਸ ਜਨਮ ਪੈਜ ਸਵਾਰਿਆ, ਪੂਰਬ ਜਨਮਾਂ ਘਾਲੀ ਘਾਲ। ਕਾਲ ਆਏ ਨਾ ਚਲ ਦੁਆਰਿਆ, ਮਹਾਕਾਲ ਹੋਏ ਆਪ ਰਖਵਾਲ। ਦੇਵੇ ਨਾਮ ਸ਼ਬਦ ਆਧਾਰਿਆ, ਨਾਤਾ ਤੋੜ ਜਗਤ ਜੰਜਾਲ। ਵੇਖਣਹਾਰਾ ਸ਼ਾਹ ਅਸਵਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਲਾਲ। ਹਰਿਜਨ ਲਾਲ ਅਨਮੁਲੜਾ ਮਾਣਕ ਮੋਤੀ, ਗੁਰ ਸਤਿਗੁਰ ਆਪ ਪਰਗਟਾਈਆ। ਨਿਰਗੁਣ ਸਰਗੁਣ ਜਗਾਏ ਜੋਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਸੁਰਤ ਸੁਵਾਣੀ ਉਠਾਏ ਸੋਤੀ, ਗੁਰ ਸ਼ਬਦ ਵਡੀ ਵਡਿਆਈਆ। ਲੱਖ ਚੁਰਾਸੀ ਲੱਭਦੇ ਫਿਰਦੇ ਕੋਟਨ ਕੋਟੀ, ਸਤਿਗੁਰ ਪੂਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੱਲੀ ਕੱਖ ਦਏ ਵਡਿਆਈਆ। ਕੁੱਲੀ ਕੱਖ ਵਡ ਵਡ ਭਾਗਾ, ਭਗਵਨ ਹਰਿ ਹਰਿ ਪਾਇਆ। ਜਨਮ ਜਨਮ ਦਾ ਧੋਇਆ ਦਾਗ਼ਾ, ਨਿਰਮਲ ਨੀਰ ਮੁਖ ਚੁਆਇਆ। ਫੜ ਫੜ ਹੰਸ ਬਣਾਇਆ ਕਾਗਾ, ਕਾਗੋਂ ਹੰਸ ਉਡਾਇਆ। ਸਤਿਗੁਰ ਪੂਰਾ ਏਕਾ ਜਾਗਾ, ਗੁਰਸਿਖ ਸਾਚੇ ਲਏ ਜਗਾਇਆ। ਚਰਨ ਧੂੜ ਕਰਾਏ ਮਜਨ ਮਾਘਾ, ਦੁਰਮਤ ਮੈਲ ਰਹੇ ਨਾ ਰਾਇਆ। ਕਲਜੁਗ ਅੰਤਮ ਆਇਆ ਭਾਜਾ, ਨਿਰਗੁਣ ਆਪਣਾ ਵੇਸ ਵਟਾਇਆ। ਸ਼ਬਦ ਅਗੰਮੀ ਰੱਖਿਆ ਤਾਜਾ, ਸਤਿ ਸਿੰਘਾਸਣ ਆਸਣ ਆਸਣ ਲਾਇਆ। ਸੋ ਪੁਰਖ ਨਿਰੰਜਣ ਮਾਰੇ ਵਾਜਾਂ, ਹੰ ਬ੍ਰਹਮ ਆਪ ਉਠਾਇਆ। ਕਰੇ ਖੇਲ ਦੇਸ ਮਾਝਾ, ਔਂਦਾ ਜਾਂਦਾ ਦਿਸ ਨਾ ਆਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸੀਸ ਸਾਚਾ ਤਾਜ ਟਿਕਾਇਆ। ਆਪਣਾ ਕਰੇ ਆਪੇ ਕਾਜਾ, ਦੂਸਰ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਕੁੱਲੀ ਕੱਖ ਘਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਦੇਵੇ ਵਡਿਆਈ ਆਦਿ ਨਿਰੰਜਣਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਦਰ ਘਰ ਆਇਆ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇੰਦਾ। ਧੂੜ ਕਰਾਏ ਏਕਾ ਮਜਨਾ, ਮਸਤਕ ਟਿੱਕਾ ਨਾਮ ਲਗਾਇੰਦਾ। ਆਦਿ ਅੰਤ ਪਰਦਾ ਕੱਜਣਾ, ਸਿਰ ਸਮਰਥ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਕੁੱਲੀ ਕੱਖ ਗਹਿਰ ਗੰਭੀਰਾ, ਸਚ ਸਿੰਘਾਸਣ ਸੋਭਾ ਪਾਈਆ। ਕੱਟਣਹਾਰਾ ਜਗਤ ਜ਼ੰਜੀਰਾ, ਲੱਖ ਚੁਰਾਸੀ ਫੰਦ ਕਟਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰਾ, ਸਾਂਤਕ ਸਤਿ ਸਤਿ ਵਰਤਾਈਆ। ਚੋਟੀ ਚਾੜ੍ਹੇ ਫੜ ਅਖ਼ੀਰਾ, ਜੋਗ ਅਭਿਆਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਈਆ। ਕੁੱਲੀ ਕੱਖ ਹੀਰੇ ਜੜ੍ਹਤ ਜੜਾਇਆ, ਮਾਣਕ ਮੋਤੀ ਪੰਨੇ ਲਾਲ। ਪੁਰਖ ਅਬਿਨਾਸ਼ੀ ਵੇਖਣ ਆਇਆ, ਗੁਰਸਿਖ ਸੱਜਣ ਸਾਚੇ ਲਾਲ। ਚਾਰ ਜੁਗ ਦੇ ਵਿਛੜੇ ਨਾਲ ਮਿਲਾਇਆ, ਨਾਲ ਲਿਆਇਆ ਰਵਿਦਾਸ ਕੰਗਾਲ। ਆਪਣਾ ਕੰਗਣ ਆਪੇ ਪੇਖਣ ਆਇਆ, ਆਪੇ ਬਣਿਆ ਹਰਿ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਗੋਪਾਲ। ਗੋਪਾਲ ਦੀਨ ਦਿਆਲਣ, ਦਇਆਨਿਧ ਵਡੀ ਵਡਿਆਈਆ। ਕਰੇ ਖੇਲ ਜੋਤ ਅਕਾਲਣ, ਕੁੱਲੀ ਕੱਖ ਕੱਖ ਰੁਸ਼ਨਾਈਆ। ਆਪ ਆਪਣੇ ਚੜ੍ਹਿਆ ਭਾਲਣ, ਦਿਵਸ ਰੈਣ ਸੇਵ ਕਮਾਈਆ। ਗੁਰਸਿਖਾਂ ਅੱਗੇ ਬਣੇ ਸਵਾਲਣ, ਆਪ ਆਪਣੀ ਝੋਲੀ ਡਾਹੀਆ। ਮੰਗੇ ਮੰਗ ਮੈਂ ਬਣਿਆ ਰਹਾਂ ਸਦਾ ਪ੍ਰਿਤਪਾਲਣ, ਗੁਰਸਿਖ ਤੇਰੀ ਸੇਵ ਕਮਾਈਆ। ਤੇਰੇ ਅੰਦਰ ਵਜੌਂਦਾ ਰਹਿਵਾਂ ਤਾਲਣ, ਅਨਹਦ ਆਪਣੀ ਤਾਰ ਹਲਾਈਆ। ਤੇਰੇ ਦੁਆਰੇ ਬਣਿਆ ਰਹਾਂ ਮਾਲਣ, ਤੇਰਾ ਪ੍ਰੇਮ ਸੀਸ ਖਾਰੀ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੁੱਲੀ ਕੱਖ ਦਏ ਵਡਿਆਈਆ । ਕੁੱਲੀ ਕੱਖ ਪੂਰੀ ਆਸ, ਆਸ ਨਿਰਾਸ ਨਾ ਕੋਇ ਜਣਾਇੰਦਾ। ਸਾਹਿਬ ਸਤਿਗੁਰ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਰਭਾਸ, ਜਲ ਥਲ ਮਹੀਅਲ ਵੇਖ ਵਖਾਇੰਦਾ। ਲੇਖੇ ਲਾਏ ਰਸਨ ਸਵਾਸ, ਪਵਣ ਪਵਣਾਂ ਆਪ ਸਮਾਇੰਦਾ। ਚਰਨ ਕਵਲ ਦਏ ਧਰਵਾਸ, ਧੁਰ ਦਾ ਬੰਧਨ ਆਪੇ ਪਾਇੰਦਾ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇੰਦਾ। ਲੇਖਾ ਚੁੱਕੇ ਧਰਤ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਇੰਦਾ। ਸਚਖੰਡ ਦੁਆਰੇ ਬਖ਼ਸ਼ੇ ਇਕ ਨਿਵਾਸ, ਅੰਤਮ ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਕਰੇ ਪਾਰ ਕਿਨਾਰਾ, ਸਤਿਗੁਰ ਪੂਰਾ ਆਪ ਕਰਾਈਆ। ਕੁੱਲੀ ਕੱਖ ਸੋਹੇ ਦੁਆਰਾ, ਲੋਕਮਾਤ ਵੱਜੇ ਵਧਾਈਆ। ਵਿਸ਼ਨੂੰ ਆਏ ਤੱਕ ਭੰਡਾਰਾ, ਬ੍ਰਹਮਾ ਆਪਣੀ ਝੋਲੀ ਰਿਹਾ ਡਾਹੀਆ। ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਹੱਥ ਤ੍ਰਿਸੂਲ ਸੁਟਾਈਆ। ਸੁਰਪਤ ਰਾਜਾ ਇੰਦ ਮਾਰੇ ਏਕਾ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਕਰੋੜ ਤਤੀਸਾ ਬਣੇ ਭਿਖਾਰਾ, ਖ਼ਾਲੀ ਝੋਲੀ ਰਹੇ ਵਖਾਈਆ। ਹਰਿ ਪੁਰਖ ਨਿਰੰਜਣ ਕਲਜੁਗ ਅੰਤਮ ਕਰੇ ਖੇਲ ਨਿਆਰਾ, ਨਿਰਗੁਣ ਭੇਵ ਕੋਇ ਨਾ ਆਈਆ। ਨਿਹਕਲੰਕਾ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਦੇਵੇ ਸਤਿ ਭੰਡਾਰਾ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਲੋਆਂ ਪੁਰੀਆਂ ਕਰੇ ਖਵਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਵਡਭਾਗੀ ਵਡਭਾਗ ਪਾਇਆ ਗੁਰਮੁਖ ਦੁਲਾਰਾ, ਗੁਰ ਗੁਰ ਵੇਖੇ ਚਾਈਂ ਚਾਈਂਆ। ਕੁੱਲੀ ਕੱਖ ਬਣ ਵਰਤਾਰਾ, ਆਤਮ ਝੋਲੀ ਦਏ ਭਰਾਈਆ। ਹੋਏ ਪ੍ਰਤੱਖ ਵਿਚ ਸੰਸਾਰਾ, ਆਪਣਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਗੁਰ ਅਵਤਾਰਾ, ਪਾਰਬ੍ਰਹਮ ਹਰਿ ਆਪਣਾ ਨਾਉਂ ਧਰਾਇੰਦਾ। ਕਰਤਾ ਪੁਰਖ ਕਰੇ ਕੰਮ ਅਗੰਮ ਅਪਾਰਾ, ਅਲਖ ਅਗੋਚਰ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਨ ਭਗਤਾਂ ਦੇਂਦਾ ਰਿਹਾ ਆਧਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਚਾਰੋਂ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਇੰਦਾ। ਮੰਦਰ ਮਸਜਿਦ ਮਠ ਹਾਹਾਕਾਰਾ, ਹਰਿ ਕਾ ਰੂਪ ਦਿਸ ਨਾ ਆਇੰਦਾ। ਚਾਰ ਵਰਨ ਹੋਏ ਖ਼ਵਾਰਾ, ਚਾਰ ਯਾਰੀ ਸੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਆਪੇ ਧਾਰ, ਹਰਿ ਆਪਣੀ ਖੇਲ ਖਿਲਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜਾਤਾ ਵੇਸ ਵਟਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਹੁਕਮ ਹਾਕਮ ਆਪ ਹੋ ਜਾਈਆ। ਮੰਗਣ ਨਾ ਜਾਏ ਕਿਸੇ ਦੁਆਰ, ਦਰ ਸੀਸ ਨਾ ਕਿਸੇ ਝੁਕਾਈਆ। ਲੇਖਾ ਜਾਣੇ ਰਾਜ ਰਾਜਾਨ, ਸ਼ਾਹ ਸੁਲਤਾਨ ਸ਼ਹਿਨਸ਼ਾਹ ਬੇਪਰਵਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਕਲਜੁਗ ਅੰਤਮ ਵੇਸ ਵਟਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਆਪ ਆਪਣਾ ਨਾਉਂ ਪਰਗਟਾਈਆ। ਨਾਮ ਖੰਡਾ ਤੀਰ ਕਮਾਨ, ਦੋ ਜਹਾਨਾਂ ਆਪ ਵਖਾਈਆ। ਮੇਟ ਮਿਟਾਏ ਕੂੜ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਤਾ ਤੋੜੇ ਬੇਈਮਾਨ, ਅੰਤਕਾਲ ਵੇਖੇ ਕੂੜੀ ਸ਼ਾਹੀਆ। ਗੁਰਮੁਖ ਸਾਚੇ ਲਏ ਉਠਾਲ, ਅਨਭਵ ਆਪਣਾ ਦਰਸ ਵਖਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਸ਼ਾਹ ਕੰਗਾਲਾਂ ਏਕਾ ਰੰਗ ਰੰਗਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਨਿਮਾਣਿਆਂ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਦਾਨ, ਸਾਚਾ ਦਾਨ ਸਰਬ ਗੁਣਵੰਤ, ਵਸਤ ਅਮੋਲਕ ਝੋਲੀ ਪਾਇੰਦਾ। ਆਪ ਉਠਾਏ ਸਾਚੇ ਸੰਤ, ਸੰਤ ਸਤਿਗੁਰ ਵੇਖ ਵਖਾਇੰਦਾ। ਪ੍ਰੀਆ ਪ੍ਰੀਤਮ ਬਣ ਬਣ ਕੰਤ, ਨਰ ਨਰਾਇਣ ਸੇਜ ਸੁਹਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਸ਼ਬਦ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਚੜ੍ਹਾਏ ਚਲੂਲ, ਹਰਿ ਸਤਿਗੁਰ ਵਡ ਵਡਿਆਈਆ। ਜੁਗਾ ਜੁਗੰਤਰ ਨਾ ਜਾਏ ਭੂਲ, ਅਭੁਲ ਆਪ ਅਖਵਾਈਆ। ਪੂਰਬ ਜਨਮ ਚੁਕਾਏ ਮੂਲ, ਪਿਛਲਾ ਲੇਖਾ ਰਹੇ ਨਾ ਰਾਈਆ। ਅੱਗੇ ਬਰਖ਼ੇ ਆਪਣੇ ਫੂਲ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਸਚ ਸਿੰਘਾਸਣ ਇਕ ਵਖਾਏ ਨਾ ਕੋਈ ਪਾਵਾ ਨਾ ਕੋਈ ਚੂਲ, ਨਿਰਗੁਣ ਆਪਣੀ ਸੇਜ ਸੁਹਾਈਆ। ਨਾਰੀ ਮਿਲੇ ਕੰਤ ਕੰਤੂਹਲ, ਗੁਰਮੁਖ ਆਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਗੁਰਸਿਖ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਕੁੱਲੀ ਕੱਖ ਲੱਗਾ ਭਾਗ, ਵਡ ਭਾਗੀ ਦਰਸ ਦਿਖਾਇੰਦਾ। ਏਥੇ ਓਥੇ ਪਕੜੇ ਤੇਰੀ ਵਾਗ, ਸਮਰਥ ਪੁਰਖ ਸੇਵ ਕਮਾਇੰਦਾ। ਚਾਰ ਜੁਗ ਆਪਣੇ ਵਿਚ ਰੱਖੇ ਤੇਰੀ ਯਾਦ, ਆਪਣੀ ਫ਼ਰਿਯਾਦ ਗੁਰਸਿਖਾਂ ਅੱਗੇ ਆਪ ਸੁਣਾਇੰਦਾ। ਸੇਵਕ ਬਣ ਬਣ ਦੇਵੇ ਦਾਦ, ਦੇਵਣਹਾਰਾ ਦਿਸ ਨਾ ਆਇੰਦਾ। ਗੁਰਸਿਖ ਤੇਰੀ ਮਹਿਮਾ ਬੋਧ ਅਗਾਧ, ਅਦਿ ਜੁਗਾਦਿ ਜੁਗਾ ਜੁਗੰਤਰ ਹਰਿ ਲਿਖਾਇੰਦਾ। ਗੁਰਸਿਖ ਸੱਚਾ ਸੰਤ ਸਾਧ, ਗੁਰਸਿਖ ਭਗਤ ਭਗਵੰਤ ਰੂਪ ਵਟਾਇੰਦਾ। ਗੁਰਸਿਖ ਵਜਾਏ ਨਾਮ ਨਾਦ, ਗੁਰ ਸਤਿਗੁਰ ਤੁਰੀਆ ਰਾਗ ਆਪ ਸੁਣਾਇੰਦਾ। ਗੁਰਸਿਖ ਲੰਘੇ ਜਗਤ ਪਾਰ ਹੱਦ, ਜਗਤ ਕਿਨਾਰਾ ਡੇਰਾ ਢਾਇੰਦਾ। ਗੁਰਸਿਖ ਲਡਾਏ ਸਾਚਾ ਲਾਡ, ਗੁਰ ਸਤਿਗੁਰ ਗੋਦ ਸੁਹਾਇੰਦਾ। ਗੁਰਸਿਖ ਸੁਹਾਏ ਸਾਚੀ ਯਦ, ਬੰਸ ਸਰਬੰਸ ਨਾਉਂ ਧਰਾਇੰਦਾ। ਗੁਰਸਿਖ ਆਪਣਾ ਭਾਰ ਗੁਰ ਪੂਰੇ ਉਤੇ ਦੇਵੇ ਲੱਦ, ਹੌਲੇ ਭਾਰ ਆਪ ਉਠ ਧਾਇੰਦਾ। ਸਤਿਗੁਰ ਪੂਰਾ ਡੂੰਘੀ ਕਵਰੀ ਭਵਰੀ ਲੇਵੇ ਕੱਢ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਧਾਮ ਸੁਹਾਇੰਦਾ। ਗੁਰਸਿਖ ਧਾਮ ਸੁਹਾਇਆ, ਸੋਭਾਵੰਤ ਰਮਨੀਕ। ਪੁਰਖ ਅਬਿਨਾਸ਼ੀ ਚਰਨ ਛੁਹਾਇਆ, ਏਕਾ ਮਿਲਿਆ ਲਾਸ਼ਰੀਕ। ਵਾਹਦ ਆਪਣਾ ਰੂਪ ਦਰਸਾਇਆ, ਜਗਤ ਮੇਟੀ ਅੰਧੇਰ ਤਾਰੀਕ। ਏਕਾ ਅਲਿਫ਼ ਰੂਪ ਵਟਾਇਆ, ਪੁਰਖ ਅਬਿਨਾਸ਼ੀ ਸਚ ਤੌਫ਼ੀਕ਼। ਰਹਿਮਤ ਰਹਿਮਾਨ ਆਪ ਕਮਾਇਆ, ਸਦ ਵਸਦਾ ਰਹੇ ਨਜ਼ਦੀਕ। ਕਾਇਆ ਕੁਰਾ ਫੋਲ ਫੋਲਾਇਆ, ਲੇਖਾ ਚੁਕਿਆ ਹਸਤ ਕੀਟ। ਸਾਚੀ ਸ਼ਰਅ ਇਕ ਸਮਝਾਇਆ, ਬਿਸਮਿਲ ਵਸੇ ਸਦਾ ਚੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਰਫ਼ ਆਪਣਾ ਤੁਆਰਫ਼ ਦਏ ਕਰਾਇਆ, ਇਕ ਵਖਾਏ ਸਚ ਪ੍ਰੀਤ। ਸਚ ਪ੍ਰੀਤੀ ਸਚ ਦਰਬਾਰ, ਹਰਿ ਸਾਚਾ ਸਚ ਜਣਾਇੰਦਾ। ਜੁਗ ਜੁਗ ਵਿਛੜੇ ਮੇਲਣਹਾਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੀਵ ਜਗਤ ਜੁਗਤ ਨਾ ਪਾਏ ਸਾਰ, ਭਗਤ ਭਗਵੰਤ ਖੇਲ ਖਿਲਾਇੰਦਾ। ਸੰਤ ਕੰਤ ਰਾਹ ਤੱਕਣ ਸਾਚਾ ਯਾਰ, ਨੇਤਰ ਨੈਣ ਨੈਣ ਉਠਾਇੰਦਾ। ਗੁਰਮੁਖ ਮੰਗੇ ਮੰਗ ਭਿਖਾਰ, ਭਿਖਕ ਭਿਛਿਆ ਝੋਲੀ ਪਾਇੰਦਾ। ਗੁਰਸਿਖਾਂ ਜਾਏ ਪੈਜ ਸੁਆਰ, ਆਪ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਆਪੇ ਪੂਰ ਕਰਾਇੰਦਾ। ਨਿਰਗੁਣ ਕੌਲ ਸਰਗੁਣ ਧਾਰ, ਨਿਰਵੈਰ ਖੇਲ ਖਿਲਾਇਆ। ਜਗਤ ਜੁਗ ਬੀਤੇ ਚਾਰ, ਚਾਰੇ ਦਿਸ਼ਾ ਵੇਖ ਵਖਾਇਆ। ਚਾਰੇ ਵੇਦ ਕਰਨ ਪੁਕਾਰ, ਚਾਰੇ ਵਰਨ ਰਹੇ ਕੁਰਲਾਇਆ। ਚਾਰ ਯਾਰੀ ਆਈ ਹਾਰ, ਚਾਰੇ ਖਾਣੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਵੇਖ ਵਖਾਇਆ। ਗੁਰਸਿਖ ਵਡਿਆਈ ਵਡ, ਹਰਿ ਸਤਿਗੁਰ ਆਪ ਵਡਿਆਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣਾ ਮੇਲ ਮਿਲਾਇੰਦਾ। ਗੀਤ ਸੁਣਾਏ ਸੁਹਾਗੀ ਛੰਦ, ਛੰਤ ਆਪਣਾ ਆਪ ਅਲਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਛੋੜ ਬੰਦ ਕਟਾਇੰਦਾ। ਆਤਮ ਉਪਜਾਏ ਪਰਮਾਨੰਦ, ਨਿਜਾਨੰਦ ਰਸ ਚਖਾਇੰਦਾ। ਜੋਤ ਨਿਰੰਜਣ ਚਾੜ੍ਹੇ ਚੰਦ, ਆਤਮ ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਸਮਾਇੰਦਾ। ਆਪਣੇ ਵਿਚ ਹਰਿ ਸਮਾਇਆ, ਸਿਰਜਣਹਾਰ ਸਰਬ ਸੁਖਦਾਏ। ਗੁਰ ਗੁਰ ਗੁਰਸਿਖ ਵੇਖ ਵਖਾਇਆ, ਜਗਤ ਜੁਗਤ ਆਪ ਬਣਾਏ। ਗ੍ਰਹਿ ਮੰਦਰ ਖੋਜ ਖੁਜਾਇਆ, ਘਟ ਘਟ ਆਪਣਾ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਆਪ ਧਰਾਏ। ਨਿਰਗੁਣ ਸਰਗੁਣ ਹਰਿ ਹਰਿ ਰੰਗ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮਰਦੰਗ, ਮਰਦ ਮਰਦਾਨਾ ਆਪ ਵਜਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਪਲੰਘ, ਆਤਮ ਸੇਜਾ ਆਪ ਹੰਢਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮੰਗ, ਭਗਤ ਦੁਆਰਾ ਮੰਗਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਹਰਿ ਮੰਦਰ ਸਚ ਸੁਹਾਵਣਾ, ਕੁੱਲੀ ਕੱਖ ਦਏ ਵਡਿਆਈਆ। ਮਿਲ ਸਖ਼ੀਆਂ ਮੰਗਲ ਗਾਵਣਾ, ਵਾਹਵਾ ਵਜਦੀ ਰਹੇ ਵਧਾਈਆ। ਮਿਲਿਆ ਮੇਲ ਜਿਉਂ ਬਲ ਬਾਵਣਾ, ਬਲ ਬਾਵਣ ਰੂਪ ਆਪ ਵਟਾਈਆ। ਧੁਰਦਰਗਾਹੀ ਸਾਚਾ ਜ਼ਾਮਨਾ, ਏਥੇ ਓਥੇ ਹੋਏ ਸਹਾਈਆ। ਆਪ ਫੜਾਏ ਆਪਣਾ ਦਾਮਨਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਰੂਪ ਵਖਾਏ ਰਾਮਾ ਰਾਮਨਾ, ਰਾਮ ਰਾਮਾ ਹੋਏ ਸਹਾਈਆ। ਖੇਲ ਕਰਾਏ ਕ੍ਰਿਸ਼ਨਾ ਕਾਹਨਨਾ, ਏਕਾ ਬੰਸਰੀ ਨਾਮ ਵਜਾਈਆ। ਨਾਮ ਸਤਿ ਕਰ ਪਰਧਾਨਨਾ, ਨਾਨਕ ਤਾਰ ਸਤਾਰ ਹਲਾਈਆ। ਫ਼ਤਿਹ ਡੰਕਾ ਇਕ ਵਜਾਵਣਾ, ਵਾਹਵਾ ਗੋਬਿੰਦ ਹਰਿ ਸਰਨਾਈਆ। ਚਾਰੋਂ ਕੁੰਟ ਵੇਖ ਵਖਾਵਣਾ, ਦਹਿ ਦਿਸ਼ਾ ਫੇਰਾ ਪਾਈਆ। ਬ੍ਰਹਮ ਰੂਪ ਸਰਬ ਦਰਸਾਵਣਾ, ਪਾਰਬ੍ਰਹਮ ਵਡੀ ਵਡਿਆਈਆ। ਜ਼ਾਤ ਪਾਤ ਨਾ ਕੋਇ ਰਖਾਵਣਾ, ਦੀਨ ਮਜ਼੍ਹਬ ਨਾ ਕੋਇ ਵਡਿਆਈਆ। ਪੰਜ ਤੱਤ ਚੋਲਾ ਬ੍ਰਹਮ ਹੰਢਾਵਣਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਤ੍ਰੈਗੁਣ ਮਾਇਆ ਤੱਤ ਸੁਹਾਵਣਾ, ਰਜੋ ਤਮੋ ਸਤੋ ਹੋਏ ਕੁੜਮਾਈਆ। ਮਨ ਮਤ ਬੁਧ ਨਾਚ ਨਚਾਵਣਾ, ਕਰੇ ਖੇਲ ਬੇਪਰਵਾਹੀਆ। ਘਰ ਘਰ ਵਿਚ ਆਪ ਸੁਹਾਵਣਾ, ਆਪ ਆਪਣਾ ਬੰਕ ਉਪਾਈਆ। ਸੁਖਮਨ ਨਾੜੀ ਟੇਢੀ ਬੰਕ ਰਾਹ ਵਖਾਵਣਾ, ਈੜਾ ਪਿੰਗਲ ਨਾਲ ਰਲਾਈਆ। ਕਵਲ ਨਾਭੀ ਅੰਮ੍ਰਿਤ ਰਸ ਭਰਾਵਣਾ, ਨਿਝਰ ਝਿਰਨਾ ਆਪ ਝਿਰਾਈਆ। ਘਰ ਮੰਦਰ ਨਾਦ ਵਜਾਵਣਾ, ਅਨਹਦ ਸ਼ਬਦ ਸੱਚੀ ਸ਼ਨਵਾਈਆ। ਆਪਣਾ ਪਰਦਾ ਆਪ ਉਠਾਵਣਾ, ਬਜਰ ਕਪਾਟੀ ਦਏ ਤੁੜਾਈਆ। ਸੁਰਤੀ ਸ਼ਬਦ ਮੇਲ ਮਿਲਾਵਣਾ, ਦਸਮ ਦੁਆਰੀ ਸੋਭਾ ਪਾਈਆ। ਆਤਮ ਸੇਜਾ ਇਕ ਸੁਹਾਵਣਾ, ਸ਼ਬਦ ਰੰਗੀਲਾ ਪਲੰਘ ਵਛਾਈਆ। ਨਾਰੀ ਕੰਤ ਮੇਲ ਮਿਲਾਵਣਾ, ਵਿਛੜ ਕਦੇ ਨਾ ਜਾਈਆ। ਗੁਰਸਿਖ ਆਪਣੀ ਗੋਦ ਬਹਾਵਣਾ, ਆਪੇ ਬਣੇ ਪਿਤਾ ਮਾਈਆ। ਸਿੰਘ ਲਾਲ ਸੰਗ ਨਿਭਾਵਣਾ, ਲਾਲ ਲਾਲ ਲਾਲਣ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸੇਜਾ ਆਪੇ ਚੜ੍ਹ, ਗੁਰਸਿਖ ਸੁਰਤੀ ਲਏ ਫੜ, ਨਾਮ ਡੋਰੀ ਏਕਾ ਪਾਈਆ। ਨਾਮ ਡੋਰੀ ਹੱਥ ਕਰਤਾਰ, ਗੁਰਸਿਖਾਂ ਬੰਧਨ ਪਾਇੰਦਾ। ਦਸਮ ਦੁਆਰੀ ਬੈਠਾ ਸ਼ਾਹ ਅਸਵਾਰ, ਆਪਣਾ ਘੋੜਾ ਆਪ ਦੌੜਾਇੰਦਾ। ਸੋਲਾਂ ਕਲੀਆਂ ਕਰ ਸ਼ਿੰਗਾਰ, ਸੋਲਾਂ ਇਛਿਆ ਵੇਖ ਵਖਾਇੰਦਾ। ਨੌਂ ਖੰਡ ਸੱਤ ਦੀਪ ਕਰੇ ਪਾਰ ਕਿਨਾਰ, ਮਹਾਂ ਦੀਪ ਆਪਣਾ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਗਾਏ ਆਪਣੇ ਲੜ, ਏਕਾ ਪੱਲੂ ਨਾਮ ਫੜਾਇੰਦਾ। ਪੱਲੂ ਨਾਮ ਫੜਾਏ ਡੋਰ, ਸਤਿਗੁਰ ਪੂਰੇ ਹੱਥ ਵਡਿਆਈਆ। ਆਪੇ ਫੜ ਫੜ ਮਾਰੇ ਪੰਜੇ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸੇਵਾ ਕਰੇ ਜਿਉਂ ਰਵਦਾਸ ਚਮਾਰੇ ਢੋਏ ਢੋਰ, ਪਾਨਹਾਂ ਗੰਢੇ ਅੱਧ ਵਿਚ ਆਸਣ ਲਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਔਰ, ਗੁਰਸਿਖਾਂ ਦਏ ਬੁਝਾਈਆ। ਲੱਖ ਚੁਰਾਸੀ ਕਲਜੁਗ ਪਾਵੇ ਸ਼ੋਰ, ਜਗਤ ਸ਼ੋਹਰਤ ਲੁੱਟੀ ਸਰਬ ਲੋਕਾਈਆ। ਗੁਰਮੁਖਾਂ ਸਤਿਗੁਰ ਪੂਰਾ ਜਾਏ ਬੌਹੜ, ਮਖ਼ਲੂਕ ਖ਼ਲਕ ਖ਼ੁਦਾ ਬੌਹੜੀ ਬੌਹੜੀ ਕਰ ਰਹੀ ਕੁਰਲਾਈਆ। ਦੋ ਜਹਾਨਾਂ ਲਾਇਆ ਏਕਾ ਪੌੜ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸਤਿਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਗੁਰਸਿਖਾਂ ਘਰ ਆਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਅੰਮ੍ਰਿਤ ਮੇਘ ਬਰਸਾਵਣਾ, ਗੁਰਸਿਖ ਨਿਝਰ ਧਾਰ। ਸਾਂਤਕ ਸਤਿ ਸਤਿ ਕਰਾਵਣਾ, ਅਗਨੀ ਤੱਤ ਨਵਾਰ। ਰਤੀ ਰਤ ਰੰਗ ਰੰਗਾਵਣਾ, ਰੰਗ ਰੰਗੇ ਆਪ ਕਰਤਾਰ। ਸਾਚੀ ਸਖ਼ੀ ਕੰਤ ਮਨਾਵਣਾ, ਘਰ ਮਿਲੇ ਹਰਿ ਭਤਾਰ। ਗੁਰਮਤੀ ਬਹਿ ਸਮਝਾਵਣਾ, ਹਰਿ ਸ਼ਬਦ ਨਾਮ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਜੁਗ ਜੁਗ ਸੁਰਤ ਸੰਭਾਲਦਾ, ਜਾਗਰਤ ਜੋਤ ਜਗਾ। ਬਾਲ ਅਞਾਣੇ ਆਪ ਉਠਾਲਦਾ, ਦੀਨਾਂ ਨਾਥਾਂ ਹੋਏ ਸਹਾ। ਆਪਣਾ ਰੂਪ ਆਪ ਵਖਾਣਦਾ, ਦੂਈ ਦਵੈਤੀ ਪਰਦਾ ਲਾਹ। ਆਪਣੇ ਭਗਤਾਂ ਆਪੇ ਜਾਣਦਾ, ਹਰਿ ਜੂ ਬਣਿਆ ਰਹੇ ਮਲਾਹ। ਖੇਵਟ ਖੇਟਾ ਦੋ ਜਹਾਨ ਦਾ, ਸੇਵਕ ਸੇਵਾ ਰਿਹਾ ਕਮਾ। ਗੁਰਸਿਖ ਬੇਟਾ ਸ੍ਰੀ ਭਗਵਾਨ ਦਾ, ਨਾ ਕੋਈ ਦੂਸਰ ਪਿਤਾ ਮਾਂ। ਨਾਤਾ ਤੁਟੇ ਜਗਤ ਜਹਾਨ ਦਾ, ਮਿਲਿਆ ਹਰਿ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੱਲੀ ਕੱਖ ਸਾਚਾ ਮੰਦਰ ਦਏ ਰੂਪ ਵਟਾ। ਕੁੱਲੀ ਕੱਖ ਰੂਪ ਵਟੌਣਾ, ਕੰਚਨ ਗੜ੍ਹ ਸੁਹਾਈਆ। ਹਰਿ ਮੰਦਰ ਹਰਿ ਜੂ ਚਰਨ ਛੁਹੌਣਾ, ਹਰੀ ਹਰਿ ਵਡੀ ਵਡਿਆਈਆ। ਸੀਸ ਜਗਦੀਸ਼ ਤਾਜ ਸੁਹੌਣਾ, ਤਖ਼ਤ ਤਾਜ ਜਗਤ ਰਹਿਣ ਨਾ ਪਾਈਆ। ਸੋ ਪੁਰਖ ਨਿਰੰਜਣ ਸਦਾ ਸਦ ਗੌਣਾ, ਹੰ ਬ੍ਰਹਮ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚਾ ਘਾੜਨ ਘੜ, ਘੜਨਹਾਰ ਆਪ ਹੋ ਜਾਈਆ।