Granth 10 Likhat 028: 21 Magh 2017 Bikarmi Jethuwal

੨੧ ਮਾਘ ੨੦੧੭ ਬਿਕ੍ਰਮੀ ਜੇਠੂਵਾਲ

ਏਕਾ ਓਟ ਹਰਿ ਨਿਰੰਕਾਰ, ਆਦਿ ਜੁਗਾਦਿ ਹੋਏ ਸਹਾਈਆ। ਹਰਿਜਨ ਹਰਿ ਸਤਿਗੁਰ ਲਏ ਉਭਾਰ, ਜੁਗਾ ਜੁਗੰਤਰ ਵੇਖ ਵਖਾਈਆ। ਕੋਟਨ ਕੋਟ ਜਨਮ ਦੀ ਮੈਲ ਦਏ ਉਤਾਰ, ਦੁਰਮਤ ਮੈਲ ਆਪ ਧਵਾਈਆ। ਦੇਵੇ ਦਰਸ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਸਚਖੰਡ ਵਖਾਏ ਸੱਚੀ ਧਰਮ ਧਾਰ, ਧੁਰ ਦਰਬਾਰੀ ਹਰਿ ਰਘੁਰਾਈਆ। ਏਕਾ ਓਟ ਆਦਿ ਜੁਗਾਦਿ, ਸਤਿ ਪੁਰਖ ਆਪ ਰਖਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਭੇਵ ਨਾ ਆਇੰਦਾ। ਸ਼ਬਦ ਵਜਾਏ ਅਨਾਦੀ ਨਾਦ, ਧੁਰ ਦੀ ਬਾਣੀ ਬਾਣ ਅਲਾਇੰਦਾ। ਲੇਖਾ ਜਾਣੇ ਬੋਧ ਅਗਾਧ, ਅਨਭਵ ਆਪਣੀ ਖੇਲ ਖਿਲਾਇੰਦਾ। ਮੇਲ ਮਿਲਾਵਾ ਸੰਤਨ ਸਾਧ, ਸੰਤ ਸਾਜਨ ਵੇਖ ਵਖਾਇੰਦਾ। ਗੁਰਮੁਖ ਵਿਰਲੇ ਹਰਿ ਹਰਿ ਲਾਧ, ਜਿਸ ਜਨ ਆਪਣੀ ਦਯਾ ਕਮਾਇੰਦਾ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਮਿਹਰਵਾਨ ਮਿਹਰਵਾਨ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਪੁਰਖ ਅਕਾਲ, ਦੂਸਰ ਦਰ ਨਾ ਕੋਈ ਵਖਾਇੰਦਾ। ਏਕਾ ਓਟ ਪੁਰਖ ਅਕਾਲਾ, ਹਰਿ ਭਗਤਨ ਵਡ ਵਡਿਆਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਜੁਗਾ ਜੁਗੰਤਰ ਦੱਸੇ ਰਾਹ ਸੁਖਾਲਾ, ਹਰਿਜਨ ਸਾਚੇ ਮਾਰਗ ਪਾਈਆ। ਸ਼ਬਦ ਸਰੂਪੀ ਬਣ ਦਲਾਲਾ, ਦੋ ਜਹਾਨਾਂ ਵੇਖ ਵਖਾਈਆ। ਕਾਇਆ ਮੰਦਰ ਅੰਦਰ ਆਪ ਸੁਹਾਏ ਸੱਚੀ ਧਰਮਸਾਲਾ, ਡੂੰਘੀ ਕੰਦਰ ਫੋਲ ਫੁਲਾਈਆ। ਰਸਨਾ ਜਿਹਵਾ ਬਣਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਅਨਹਦ ਸ਼ਬਦ ਵਜਾਏ ਤਾਲਾ, ਤਾਲ ਤਲਵਾੜਾ ਇਕ ਵਖਾਈਆ। ਅੰਮ੍ਰਿਤ ਆਤਮ ਜਾਮ ਪਿਆਏ ਮਦਿ ਪਿਆਲਾ, ਨਿਝਰ ਝਿਰਨਾ ਆਪ ਝਿਰਾਈਆ। ਲਹਿਣਾ ਦੇਣ ਚੁਕਾਏ ਕਾਲ ਮਹਾਕਾਲਾ, ਤ੍ਰੈਕਾਲ ਦਰਸੀ ਆਪਣੇ ਹੱਥ ਰੱਖੀ ਵਡਿਆਈਆ। ਫਲ ਲਗਾਏ ਸਾਚੇ ਡਾਲ੍ਹਾ, ਗੁਰਮੁਖ ਗੁਰਮੁਖ ਪਤ ਡਾਲ੍ਹੀ ਆਪ ਮਹਿਕਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਓਟ ਦਰਸਾਈਆ। ਏਕਾ ਓਟ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਈ ਜਣਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਪ੍ਰੀਤੀ ਇਕ ਸਮਝਾਇੰਦਾ। ਏਕਾ ਅੱਖਰ ਸ਼ਬਦ ਗਿਆਨ, ਨਿਸ਼ ਅੱਖਰ ਆਪ ਪੜ੍ਹਾਇੰਦਾ। ਏਕਾ ਤੀਰ ਨਿਰਾਲਾ ਬਾਣ, ਨਾਮ ਨਿਧਾਨਾ ਆਪ ਲਗਾਇੰਦਾ। ਏਕਾ ਮੰਦਰ ਸਚ ਮਕਾਨ, ਕਾਇਆ ਗੜ੍ਹ ਬੰਕ ਸੁਹਾਇੰਦਾ । ਏਕਾ ਅੰਮ੍ਰਿਤ ਪੀਣ ਖਾਣ, ਘਰ ਘਰ ਵਿਚ ਆਪ ਪਰਗਟਾਇੰਦਾ। ਏਕਾ ਸ਼ਬਦ ਨਾਦ ਧੁੰਨਕਾਨ, ਅਨਾਦੀ ਧੁੰਨ ਆਪ ਵਜਾਇੰਦਾ। ਏਕਾ ਜੋਤ ਨੂਰ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਓਟ ਚਰਨ ਕਵਲ ਸਮਝਾਇੰਦਾ। ਏਕਾ ਓਟ ਸ੍ਰੀ ਭਗਵੰਤ, ਦਰ ਘਰ ਸਾਚੇ ਵੱਜੇ ਵਧਾਈਆ। ਮੇਲ ਮਿਲਾਵਾ ਸਾਚੇ ਕੰਤ, ਘਰ ਮੇਲਾ ਸਹਿਜ ਸੁਭਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਮ ਮਣੀਆ ਮੰਤ, ਮਨ ਵਾਸਨਾ ਰਹੇ ਨਾ ਰਾਈਆ। ਗੁਰਮੁਖ ਸਾਜਣ ਸੋਭਾਵੰਤ, ਗੁਰਮੁਖ ਜਿਸ ਪਾਇਆ ਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਤਤ, ਏਕਾ ਦੇਵੇ ਬ੍ਰਹਮ ਮਤ, ਬ੍ਰਹਮ ਰੂਪ ਸਰਬ ਦਰਸਾਈਆ। ਏਕਾ ਓਟ ਆਦਿ ਨਿਰੰਜਣ, ਆਦਿ ਅਨਾਦੀ ਖੇਲ ਖਿਲਾਇੰਦਾ। ਏਕਾ ਦਾਤਾ ਦਰਦ ਦੁੱਖ ਭੈ ਭਜਨ, ਭਵ ਸਾਗਰ ਪਾਰ ਕਰਾਇੰਦਾ। ਏਕਾ ਚਰਨ ਧੂੜੀ ਬਖ਼ਸ਼ੇ ਮਜਨ, ਨੇਤਰ ਨੈਣ ਇਕ ਖੁਲ੍ਹਾਇੰਦਾ। ਏਕਾ ਦੋ ਜਹਾਨਾਂ ਬਣੇ ਸਾਚਾ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਏਕਾ ਹੋਏ ਪਰਦੇ ਕੱਜਣ, ਸਮਰਥ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਏਕਾ ਓਟ ਤਕਾਇੰਦਾ। ਏਕਾ ਓਟ ਲੈਣੀ ਰੱਖ, ਗੁਰ ਸਤਿਗੁਰ ਸਤਿ ਦਰਸਾਇਆ। ਪੁਰਖ ਅਬਿਨਾਸ਼ੀ ਹੋਏ ਪਰਤਖ, ਜਨ ਭਗਤ ਦਰਸ ਦਿਖਾਇਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਢੂੰਡਤ ਢੂੰਡਤ ਆਪਣੀ ਸੇਵ ਕਮਾਇਆ। ਜਨ ਭਗਤਾਂ ਸਦਾ ਕਰਦਾ ਆਇਆ ਪਖ, ਪਾਰਬ੍ਰਹਮ ਵਡੀ ਵਡਿਆਇਆ। ਗਹਿਰ ਗੰਭੀਰ ਮਾਰਗ ਸਾਚਾ ਦੱਸ, ਆਪਣਾ ਪਰਦਾ ਆਪ ਉਠਾਇਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕੇ ਪੌੜੇ ਦਏ ਚੜ੍ਹਾਇਆ। ਗ੍ਰਹਿ ਮੰਦਰ ਕਰੇ ਪ੍ਰਕਾਸ਼ ਕੋਟਨ ਰਵ ਸਸ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਏਕਾ ਹਰਿ, ਹਰਿਮੰਦਰ ਬੈਠਾ ਡੇਰਾ ਲਾਈਆ। ਹਰਿਮੰਦਰ ਹਰਿ ਹਰਿ ਆਸਣ, ਹਰਿ ਸਾਚੀ ਸੇਜ ਸੁਹਾਈਆ । ਇਕ ਅਕੱਲਾ ਪੁਰਖ ਅਬਿਨਾਸ਼ਨ, ਨਿਰਵੈਰ ਸੋਭਾ ਪਾਈਆ। ਜਨ ਭਗਤਾਂ ਬਣੇ ਦਾਸੀ ਦਾਸਨ, ਜਗਤ ਜੁਗਤ ਸੇਵ ਕਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਵੇਖ ਵਖਾਈਆ। ਸਾਚੇ ਮੰਦਰ ਪਾਵੇ ਰਾਸਨ, ਰੂਪ ਅਨੂਪ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਆਸ, ਏਕਾ ਇਸ਼ਟ ਜਣਾਈਆ। ਏਕਾ ਇਸ਼ਟ ਹਰਿ ਗੁਰਦੇਵ, ਸੇਵਕ ਸੇਵਾ ਸਚ ਜਣਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਲਖ ਅਭੇਵ, ਅਲਖ ਅਲਖਣਾ ਆਪਣੀ ਖੇਲ ਖਿਲਾਇੰਦਾ। ਗੁਰਮੁਖ ਵਿਰਲਾ ਗਾਏ ਰਸਨਾ ਜਿਹਵ, ਜਿਹਵਾ ਰਸਨਾ ਆਪਣੀ ਧਾਰ ਚਲਾਇੰਦਾ। ਅੰਮ੍ਰਿਤ਼ ਆਤਮ ਬਖ਼ਸ਼ੇ ਸਾਚਾ ਮੇਵ, ਅੰਮਿਉਂ ਰਸ ਆਪਣਾ ਆਪ ਚੁਆਇੰਦਾ। ਸਦਾ ਸਦਾ ਹਰਿ ਨਿਹਕੇਵ, ਨਿਹਕਰਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਏਕਾ ਰਾਹ, ਏਕਾ ਗੁਰ ਇਕ ਮਲਾਹ, ਏਕਾ ਬੇੜਾ ਆਪ ਤਰਾਇੰਦਾ। ਏਕਾ ਬੇੜਾ ਸਤਿਗੁਰ ਮਲਾਹ, ਸ਼ਹਿਨਸ਼ਾਹ ਸੇਵ ਕਮਾਈਆ। ਜੁਗਾ ਜੁਗੰਤਰ ਲੋਕਮਾਤ ਤੇਰਾ ਧਰਨੀ ਧਵਲ ਦਏ ਵਡਿਆਈਆ। ਨਾਉਂ ਨਿਰੰਕਾਰਾ ਚਪੂ ਲਾ, ਚਾਰ ਕੁੰਟ ਚਾਰ ਜੁਗ ਚਾਰ ਵਰਨ ਸੇਵ ਕਮਾਈਆ। ਹਰਿਜਨ ਲੱਭੇ ਥਾਉਂ ਥਾਂ, ਨੌਂ ਖੰਡ ਸਤ ਦੀਪ ਬ੍ਰਹਮ ਪਾਰਬ੍ਰਹਮ ਆਪ ਖੁਜਾਈਆ। ਕਰੇ ਕਰਾਏ ਸਚ ਨਿਆਂ, ਤਖ਼ਤ ਨਿਵਾਸੀ ਸ਼ਾਹੋ ਭੂਪ ਤਖ਼ਤ ਬੈਠਾ ਬੇਪਰਵਾਹੀਆ। ਹੰਸ ਬਣਾਏ ਫੜ ਫੜ ਕਾਂ, ਜਿਸ ਜਨ ਆਪਣੀ ਦਇਆ ਕਮਾਈਆ। ਜਨ ਭਗਤਾਂ ਦੇਵੇ ਸਦਾ ਸਦ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਇਕ ਧਿਆਨ, ਏਕਾ ਸ਼ਬਦ ਇਕ ਗਿਆਨ, ਏਕਾ ਰੂਪ ਸ੍ਰੀ ਭਗਵਾਨ, ਏਕਾ ਨੂਰ ਦਏ ਦਰਸਾਈਆ। ਏਕਾ ਨੂਰ ਹਰਿ ਕਰਤਾਰਾ, ਕਰਤਾ ਪੁਰਖ ਆਪ ਦਰਸਾਇੰਦਾ। ਲੇਖਾ ਜਾਣੇ ਅਗੰਮ ਅਪਾਰਾ, ਅਗੰਮ ਅਗੰਮੜਾ ਵੇਸ ਵਟਾਇੰਦਾ। ਦੋ ਜਹਾਨਾ ਹੋ ਉਜਿਆਰਾ, ਆਪਣੀ ਖੇਲ ਖਿਲਾਇੰਦਾ। ਸੰਤ ਕੰਤ ਕਰ ਪਿਆਰਾ, ਭਗਤ ਭਗਵੰਤ ਮੇਲ ਮਿਲਾਇੰਦਾ। ਆਦਿ ਅੰਤ ਨਾਮ ਅਧਾਰਾ, ਜੀਵ ਜੰਤ ਇਕ ਰਖਾਇੰਦਾ। ਨਾਦ ਧੁਨ ਬੋਲ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਘਟ ਘਟ ਅੰਦਰ ਰੂਪ ਉਜਿਆਰਾ, ਜੋਤੀ ਜਾਤਾ ਜੋਤ ਜਗਾਇੰਦਾ। ਘਰ ਵਿਚ ਘਰ ਕਰ ਪਸਾਰਾ, ਅੰਦਰ ਅੰਦਰ ਆਸਣ ਲਾਇੰਦਾ। ਡੂੰਘੀ ਭਵਰੀ ਹੋ ਉਜਿਆਰਾ, ਅੰਧ ਅੰਧੇਰ ਗਵਾਇੰਦਾ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਰੂਪ ਨਾ ਕੋਈ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਏਕਾ ਹਰਿ, ਇਕ ਦਵਾਰ ਏਕਾ ਦਰ, ਇਕ ਨਰਾਇਣ ਏਕਾ ਨਰ, ਨਰ ਹਰਿ ਆਪ ਅਖਵਾਇੰਦਾ। ਨਰ ਹਰਿ ਹਰੀ ਨਰਾਇਣ, ਵਡ ਦਾਤਾ ਬੇਪਰਵਾਹ। ਆਦਿ ਜੁਗਾਦਿ ਜੁਗਾ ਜੁਗੰਤਰ ਸਾਕ ਸੱਜਣ ਸੈਣ, ਜਨ ਭਗਤਾਂ ਪਿਤਾ ਮਾਂ। ਆਪ ਚੁਕਾਏ ਲਹਿਣ ਦੇਣ, ਵੇਖਣਹਾਰਾ ਥਾਉਂ ਥਾਂ। ਲੱਖ ਚੁਰਾਸੀ ਵਹੇ ਆਪਣੇ ਵਹਿਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਏਕਾ ਵਰ, ਏਕਾ ਅੱਖਰ ਏਕਾ ਨਾਂ। ਏਕਾ ਅੱਖਰ ਨਾਉਂ ਦ੍ਰਿੜਾਇਆ, ਕਰ ਕਿਰਪਾ ਗੁਣ ਨਿਧਾਨ। ਸੋ ਪੁਰਖ ਨਿਰੰਜਣ ਰੂਪ ਧਰਾਇਆ, ਹੰ ਰੂਪ ਸਰਬ ਪਛਾਣ। ਸੋਹੰ ਆਪਣਾ ਵੇਸ ਵਟਾਇਆ, ਆਪੇ ਵੇਖੇ ਸ੍ਰੀ ਭਗਵਾਨ। ਬ੍ਰਹਮ ਪਾਰਬ੍ਰਹਮ ਮਿਲਾਇਆ, ਮੇਲ ਮਿਲਾਵਾ ਦੋ ਜਹਾਨ। ਪੰਜ ਤਤ ਨਾ ਤਤ ਰਖਾਇਆ, ਤਤਵ ਤਤ ਨਾ ਕੋਇ ਧਿਆਨ। ਰਤੀ ਰਤ ਨਾ ਕੋਈ ਰੰਗਾਇਆ, ਕਰੇ ਖੇਲ ਹਰਿ ਮਿਹਰਵਾਨ। ਸਾਚਾ ਰਥ ਆਪ ਚਲਾਇਆ, ਰਥ ਰਥਵਾਹੀ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਮਾਣ। ਹਰਿਜਨ ਮਾਣ ਰਖੰਦੜਾ, ਹਰਿ ਸਤਿਗੁਰ ਦੀਨ ਦਿਆਲ। ਗੁਰਮੁਖ ਸੱਜਣ ਮੇਲ ਮਿਲੰਦੜਾ, ਕਲਜੁਗ ਅੰਤਮ ਵੇਖੇ ਮਾਰ ਧਿਆਨ। ਆਪ ਆਪਣੇ ਰੰਗ ਰਗੰਦੜਾ, ਰੰਗ ਰੰਗਾਏ ਇਕ ਮਹਾਨ। ਜੋਤੀ ਭੱਠੀ ਆਪ ਤਪੰਦੜਾ, ਹਰਿ ਸਾਚਾ ਬਲੀ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਚਤਰ ਸੁਜਾਨ। ਚਤੁਰ ਸੁਜਾਨ ਗੁਰਮੁਖ ਲੱਧਾ, ਹਰਿ ਸਤਿਗੁਰ ਸੇਵ ਕਮਾ। ਸਤਿ ਸਰੂਪੀ ਤਨ ਤਾਗਾ ਬੱਧਾ, ਨਾ ਕੋਈ ਦੇਵੇ ਮਾਤ ਤੁੜਾ। ਲੱਖ ਚੁਰਾਸੀ ਵਿਚੋਂ ਕੱਢਾ, ਡੂੰਘੀ ਭਵਰੀ ਕਲਜੁਗ ਸਾਗਰ ਕਲਜੁਗ ਗੋਤਾ ਨਾ ਜਾਏ ਖਾ। ਆਪ ਲਡਾਏ ਆਪਣਾ ਲਡਾ, ਆਪਣੀ ਗੋਦੀ ਆਪ ਬਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾ। ਤਾਰਨ ਕੋ ਹਰਿ ਏਕ ਗੁਰ, ਗੁਰੂ ਗੁਰ ਵਡੀ ਵਡਿਆਈਆ। ਮੇਲ ਮਿਲਾਏ ਲਿਖਿਆ ਧੁਰ, ਧੁਰ ਸੰਜੋਗੀ ਆਪ ਹੋ ਜਾਈਆ। ਚੇਲਾ ਗੁਰ ਗੁਰ ਚੇਲਾ ਏਕਾ ਦਰ ਗਏ ਜੁੜ, ਜਗਤ ਵਿਛੋੜਾ ਪੰਧ ਮੁਕਾਈਆ। ਨਾਤਾ ਤੁੱਟਾ ਮੋਰ ਤੋਰ, ਤੋਰਾ ਮੋਰਾ ਰਹੇ ਨਾ ਰਾਈਆ। ਹੋਏ ਪ੍ਰਕਾਸ਼ ਅੰਧ ਘੋਰ, ਅੰਧ ਅੰਧੇਰ ਦਏ ਚੁਕਾਈਆ। ਪੰਚਮ ਪੰਚ ਨਾ ਪਾਏ ਸ਼ੋਰ, ਪੰਚਮ ਪੰਚ ਨਾ ਕੋਈ ਵਡਿਆਈਆ। ਪੰਚਮ ਬੰਧਾਏ ਆਪਣੀ ਡੋਰ, ਪੰਚਮ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜਣਾਏ ਆਪਣਾ ਨੂਰ, ਪੰਚਮ ਨਾਦ ਸ਼ਬਦ ਸ਼ਨਵਾਈਆ। ਪੰਚਮ ਨਾਦ ਸ਼ਬਦ ਧੁਨਕਾਰ, ਗੁਰਸਿਖ ਰੰਗ ਰੰਗਾਇਆ। ਗੁਰ ਸਤਿਗੁਰ ਪਾਇਆ ਏਕਾ ਵਾਰ, ਦੂਜੇ ਦਰ ਨਾ ਮੰਗਣ ਜਾਇਆ। ਗੁਰਚਰਨ ਸਦਾ ਬਲਹਾਰ, ਬਲਹਾਰੀ ਬਲਹਾਰ ਗੁਰ ਵਿਚੋਂ ਮੋਹ ਚੁਕਾਇਆ। ਨੇਤਰ ਨੈਣ ਦਰਸ ਕਰ ਦੀਦਾਰ, ਤ੍ਰੈ ਤ੍ਰੈ ਧਾਰ ਫੰਦ ਕਟਾਇਆ। ਨਾਤਾ ਛੁਟਾ ਸਰਬ ਸੰਸਾਰ, ਜਿਸ ਜਨ ਸਤਿਗੁਰ ਪੂਰਾ ਨਜ਼ਰੀ ਆਇਆ। ਕਾਗਦ ਕ਼ਲਮ ਜੁਗਾ ਜੁਗੰਤਰ ਉਚੀ ਕੂਕੇ ਕਰੇ ਪੁਕਾਰ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਬਾਣੀ ਖਾਣੀ ਦਏ ਗਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਆਪਣੇ ਘਰ, ਏਕਾ ਓਟ ਚਰਨ ਰਖਾਇਆ। ਏਕਾ ਓਟ ਚਰਨ ਗੁਰ ਸਾਗਰ, ਗਹਿਰ ਗੰਭੀਰ ਦਰਸਾਈਆ। ਜਨ ਭਗਤ ਭਗਵੰਤ ਦੇਵੇ ਨਾਮ ਰਤੀ ਰਤਨਾਗਰ, ਰਤਨ ਅਮੋਲਕ ਆਪ ਬਣਾਈਆ। ਕਾਇਆ ਧਰਤ ਵਖਾਏ ਸਿੰਧ ਸਾਗਰ, ਤਾਲ ਸੁਹਾਵਾ ਆਪ ਸੁਹਾਈਆ। ਜਿਸ ਜਨ ਕਰਾਏ ਨਾਮ ਸੁਦਾਗਰ, ਵਣਜ ਵਣਜਾਰਾ ਹਰਿ ਨਿਰੰਕਾਰਾ ਏਕਾ ਹੱਟ ਦਏ ਖੁਲ੍ਹਾਈਆ। ਮੇਲ ਮਿਲਾਵਾ ਕਰਤਾ ਕ਼ਾਦਰ, ਕ਼ਾਦਰ ਕ਼ੁਦਰਤ ਵੇਖੇ ਬੇ ਪਰਵਾਹੀਆ। ਆਦਿ ਜੁਗਾਦਿ ਦਰਗਹਿ ਸਾਚੀ ਜਨ ਭਗਤਾਂ ਦੇਵੇ ਆਦਰ, ਜੋ ਜਨ ਬੈਠੇ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਹਰਿ ਨਿਰੰਕਾਰ, ਡੁਬਦੇ ਪਾਥਰ ਜਾਏ ਤਾਰ, ਜਿਸ ਪਾਹਨ ਆਪਣਾ ਚਰਨ ਛੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਕਰਤਾ ਕਰਤਾ ਪੁਰਖ ਆਪ ਅਖਵਾਈਆ।