੨੭ ਮਾਘ ੨੦੧੭ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ
ਨਿਰਗੁਣ ਜੋਤ ਪੁਰਖ ਅਕਾਲ, ਇਕ ਅਕੱਲਾ ਬੇਪਰਵਾਹੀਆ। ਆਦਿ ਜੁਗਾਦਿ ਸਚਖੰਡ ਵਸੇ ਸੱਚੀ ਧਰਮਸਾਲ, ਥਿਰ ਘਰ ਸਾਚੇ ਸੋਭਾ ਪਾਈਆ। ਅਗੰਮ ਅਗੰਮੜਾ ਆਪ ਵਜਾਏ ਅਗੰਮੀ ਤਾਲ, ਸ਼ਬਦ ਅਨਾਦੀ ਨਾਦ ਸੁਣਾਈਆ। ਅਨੁਭਵ ਪ੍ਰਕਾਸ਼ ਅਜੂਨੀ ਰਹਿਤ ਕਰੇ ਖੇਲ ਦੀਨ ਦਿਆਲ ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਈਆ। ਨਿਰਵੈਰ ਨਿਰਾਕਾਰ ਚਲੇ ਅਵੱਲੜੀ ਚਾਲ, ਆਪਣੀ ਇਛਿਆ ਆਪੇ ਧਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਆਪ ਅਪਰੰਪਰ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਰੂਪ ਅਨੂਪ ਸੱਚੀ ਸਰਕਾਰ, ਤ੍ਰੈਗੁਣ ਧਾਰ ਆਪ ਬੰਧਾਈਆ। ਜੋਤੀ ਨੂਰ ਨੂਰ ਉਜਿਆਰ, ਅਲਖ ਅਲਖਨਾ ਅਗੰਮ ਅਗੋਚਰ ਬੇਪਰਵਾਹ, ਏਕੰਕਾਰ ਸਤਿ ਸਤਿਵਾਦੀ ਆਪਣੀ ਖੇਲ ਆਪ ਖਿਲਾਈਆ। ਆਪਣੀ ਇਛਿਆ ਭਰ ਭੰਡਾਰ, ਵਰਤੇ ਵਰਤਾਵੇ ਹਰਿ ਕਰਤਾਰ, ਕਰੇ ਕਰਾਏ ਆਪਣੀ ਕਾਰ, ਕਰਤਾ ਪੁਰਖ ਵਡ ਵਡਿਆਈਆ। ਏਕਾ ਤੱਤ ਲਏ ਵਿਚਾਰ, ਪਾਰਬ੍ਰਹਮ ਸਮਰਥ ਮਹਿਮਾ ਅਕਥ ਆਪੇ ਜਾਣੇ ਆਪਣੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ ਇਕ ਇਕੱਲਾ ਏਕੰਕਾਰਾ, ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਧਾਰ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਸਚਖੰਡ ਦਵਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਏਕੰਕਾਰਾ ਹੋ ਤਿਆਰ, ਥਿਰ ਘਰ ਮੰਦਰ ਆਪ ਆਪਣਾ ਰੰਗ ਰੰਗਾਇੰਦਾ। ਆਦਿ ਨਿਰੰਜਣ ਨੂਰੋ ਨੂਰ ਨੂਰ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਖੇਲ ਆਪ ਖਿਲਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰ, ਦਰ ਦਰਵਾਜ਼ਾ ਰਾਜਨ ਰਾਜਾ ਸ਼ਾਹੋ ਭੂਪ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣਾ ਕਰ ਉਪਕਾਰ, ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਆਪਣਾ ਰੂਪ ਪਰਗਟਾਇੰਦਾ। ਪਾਰਬ੍ਰਹਮ ਪ੍ਰਭ ਏਕਾ ਏਕਾ ਹੋਇਆ ਖ਼ਬਰਦਾਰ, ਦੂਸਰ ਨਾ ਕੋਇ ਮੀਤ ਮੁਰਾਰ, ਆਪਣੀ ਇਛਿਆ ਆਪੇ ਧਾਰ, ਆਪਣਾ ਖੇਲ ਆਪ ਖਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਮੰਦਰ ਸੋਭਾਵੰਤ, ਹਰਿ ਵੱਡਾ ਵਡ ਵਡਿਆਈਆ। ਆਦਿ ਪੁਰਖ ਪੁਰਖ ਬੇਅੰਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਨਾਰੀ ਕੰਤ, ਨਰ ਨਰਾਇਣ ਆਪਣੇ ਰੰਗ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਘਰ ਦਏ ਵਡਿਆਈਆ। ਘਰ ਸੁਹੰਜਣਾ ਥਿਰ ਦਰਬਾਰਾ, ਪੁਰਖ ਅਕਾਲ ਖੇਲ ਖਿਲਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਆਸਣ ਲਾਇੰਦਾ। ਹੁਕਮੀ ਹੁਕਮ ਕਰ ਵਰਤਾਰਾ, ਧੁਰ ਫ਼ਰਮਾਨ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸ਼ਬਦ ਅਖਾੜਾ ਇਕ ਲਗਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਵਸਤ ਅਨਮੁਲ ਆਪ ਵਰਤਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਅਲਖ ਅਲਖਨਾ ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਮਾਰਗ ਆਪੇ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰ, ਤ੍ਰੈ ਤ੍ਰੈ ਹਰਿ ਵੰਡ ਵੰਡਾਇੰਦਾ। ਦੂਸਰ ਨਾ ਕੋਈ ਪਾਵੇ ਸਾਰ, ਭੇਵ ਅਭੇਦ ਅਛਲ ਅਛੇਦ ਆਪਣਾ ਖੇਲ ਆਪ ਖਿਲਾਇੰਦਾ। ਆਪਣੇ ਰੰਗ ਰਵੇ ਨਿਰੰਕਾਰ, ਨਿਰਾਕਾਰ ਨਿਰਾਧਾਰ ਰੂਪ ਅਨੂਪ ਆਪਣਾ ਆਪ ਧਰਾਇੰਦਾ। ਆਪੇ ਪਾਏ ਸਾਚੀ ਸਾਰ, ਮਹਾਸਾਰਥੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕਾ ਹਰਿ, ਆਪਣਾ ਭੇਵ ਆਪ ਖੁਲਾਇੰਦਾ। ਹਰਿ ਸਾਚਾ ਭੇਵ ਖੁਲ੍ਹਾਇੰਦਾ, ਲੇਖਾ ਆਦਿ ਜੁਗਾਦਿ। ਤ੍ਰੈ ਤ੍ਰੈ ਆਪਣੀ ਧਾਰ ਬੰਧਾਇੰਦਾ, ਸ਼ਬਦ ਜਣਾਈ ਬੋਧ ਅਗਾਧ। ਨਿਸ਼ਅੱਖਰ ਆਪ ਪੜ੍ਹਾਇੰਦਾ, ਆਤਮ ਅੰਤਰ ਆਪ ਅਰਾਧ। ਆਪਣਾ ਰੰਗ ਆਪ ਰੰਗਾਇੰਦਾ, ਆਪੇ ਦੇਵਣਹਾਰਾ ਦਾਦ। ਆਪਣਾ ਸੰਗ ਆਪ ਨਿਭਾਇੰਦਾ, ਆਪ ਆਪਣੇ ਵਿਚੋਂ ਕਾਢ। ਆਪਣੀ ਗੰਢ ਆਪ ਪਵਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਇਕ ਵਜਾਏ ਨਾਦ। ਏਕਾ ਨਾਦ ਅਗੰਮੀ ਤੂਰ, ਆਦਿ ਪੁਰਖ ਆਪ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਾਜ਼ਰ ਹਜ਼ੂਰ, ਹਰਿ ਕਾ ਰੂਪ ਆਪ ਦਰਸਾਇੰਦਾ। ਜੋਤੀ ਦੇਵੇ ਏਕਾ ਨੂਰ, ਜੋਤੀ ਜੋਤ ਡਗਮਗਾਇੰਦਾ। ਦਾਤਾ ਦਾਨੀ ਜੋਧਾ ਸੂਰ, ਆਪ ਆਪਣੀ ਦਇਆ ਕਮਾਇੰਦਾ। ਸਰਬ ਕਲ ਆਪੇ ਭਰਪੂਰ, ਸਮਰਥ ਪੁਰਖ ਨਾਉਂ ਧਰਾਇੰਦਾ। ਨਾ ਨੇੜੇ ਨਾ ਦਿਸੇ ਦੂਰ, ਦੂਰ ਨੇੜ ਪੰਧ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਨਰ, ਹਰਿ ਨਰਾਇਣ ਆਪ ਅਖਵਾਇੰਦਾ। ਨਰ ਨਰਾਇਣ ਹਰਿ ਨਿਰੰਕਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਸਾਚੀ ਵਸਤ ਝੋਲੀ ਪਾਇੰਦਾ। ਪੰਜ ਤੱਤ ਦਏ ਸਹਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਲੱਖ ਚੁਰਾਸੀ ਘਾੜਨ ਘੜੇ ਅਪਰ ਅਪਾਰਾ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰੀਤੀ ਆਪ ਚਲਾਇੰਦਾ। ਸਾਚੀ ਰੀਤੀ ਹਰਿ ਨਰਾਇਣ, ਆਪਣੀ ਆਪ ਚਲਾਈਆ। ਲੱਖ ਚੁਰਾਸੀ ਆਪੇ ਵੇਖੇ ਆਪਣੇ ਨੈਣ, ਏਕਾ ਨੈਣ ਆਪ ਖੁਲ੍ਹਾਈਆ। ਪੰਜ ਤੱਤ ਤ੍ਰੈਗੁਣ ਬ੍ਰਹਮਾ ਵਿਸ਼ਨ ਸ਼ਿਵ ਇਕ ਵਖਾਏ ਸਾਕ ਸੱਜਣ ਸੈਣ, ਸਗਲਾ ਬੰਧਨ ਆਪੇ ਪਾਈਆ। ਬ੍ਰਹਮੰਡ ਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਮੰਤ ਦਏ ਸਮਝਾਈਆ। ਏਕਾ ਮੰਤ ਸ਼ਬਦ ਗਿਆਨ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਬਾਲ ਅੰਜਾਣੇ ਆਪ ਉਠਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਘਟ ਘਟ ਅੰਦਰ ਜੋਤ ਜਗਾਇੰਦਾ। ਘਰ ਘਰ ਵੇਖੇ ਮਾਰ ਧਿਆਨ, ਆਪ ਆਪਣਾ ਮੁਖ ਛੁਪਾਇੰਦਾ। ਵਜਾਏ ਨਾਦੀ ਧੁਨਕਾਨ, ਅਨਹਦ ਰਾਗੀ ਰਾਗ ਅਲਾਇੰਦਾ। ਪਵਣ ਪਾਣੀ ਕਰ ਪਰਵਾਨ, ਆਤਮ ਅੰਤਰ ਜਲ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਦੇਵੇ ਵਰ ਹਰਿ ਨਿਰੰਕਾਰਾ, ਪੰਜ ਤੱਤ ਤੱਤ ਵਡਿਆਈਆ। ਕਰੇ ਖੇਲ ਅਪਰ ਅਪਾਰਾ, ਬ੍ਰਹਮ ਮਤ ਇਕ ਰੁਸ਼ਨਾਈਆ। ਏਕਾ ਤੱਤ ਵਿਚ ਸੰਸਾਰਾ, ਨਾਤਾ ਬਿਧਾਤਾ ਲਏ ਜੁੜਾਈਆ। ਏਕਾ ਗਾਥ ਠਾਂਡੇ ਦਰਬਾਰਾ, ਆਪ ਆਪਣੀ ਲਏ ਸੁਣਾਈਆ। ਏਕਾ ਰਥ ਚਲਾਏ ਹਰਿ ਗਿਰਧਾਰਾ, ਆਪ ਆਪਣੀ ਸੇਵ ਕਮਾਈਆ। ਕਰੇ ਖੇਲ ਅਪਰ ਅਪਾਰਾ, ਆਪਣੀ ਵੰਡਣ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਵਣ ਆਪਣੇ ਅੰਗ ਲਗਾਈਆ। ਏਕਾ ਪਵਣ ਲਾਈ ਅੰਗ, ਹਰਿ ਸਾਚਾ ਦਇਆ ਕਮਾਇੰਦਾ। ਦੇਵੇ ਦਾਨ ਸੂਰਾ ਸਰਬੰਗ, ਭੇਵ ਕੋਇ ਨਾ ਪਾਇੰਦਾ। ਲੋਆਂ ਪੁਰੀਆਂ ਬ੍ਰਹਮੰਡ ਖੰਡ ਜਾਏ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਘਟ ਘਟ ਅੰਦਰ ਚਾੜ੍ਹੇ ਰੰਗ, ਸਵਾਸ ਸਵਾਸਾਂ ਨਾਲ ਰਲਾਇੰਦਾ। ਆਪ ਜਣਾਏ ਆਪਣਾ ਅਨੰਦ, ਅਨੰਦ ਮੰਗਲ ਆਪੇ ਗਾਇੰਦਾ। ਆਪ ਸੁਣਾਏ ਆਪਣਾ ਛੰਦ, ਛੰਦ ਸੁਹਾਗੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਵਣ ਪਵਣ ਧਾਰ, ਦੂਸਰ ਨਾ ਸਕੇ ਕੋਇ ਵਿਚਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਪਵਣ ਪਿਆਰੀ ਹਰਿ ਨਿਰੰਕਾਰੀ, ਜੋਤੀ ਰੰਗ ਰੰਗਾਇਆ। ਚਰਨ ਕਵਲ ਮਿਲੀ ਸਿਕਦਾਰੀ, ਸਾਚਾ ਦਰ ਸੁਹਾਇਆ। ਕਿਰਪਾ ਕਰੇ ਸੱਚਾ ਸ਼ਾਹ ਸਿਕਦਾਰੀ, ਸ਼ਹਿਨਸ਼ਾਹ ਸਿਰ ਆਪਣਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਸ਼ਾਹ ਪਾਤਸ਼ਾਹ ਹਰਿ ਮਿਹਰਵਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਆਪਣੇ ਚਰਨ ਕਵਲ ਆਪੇ ਮਾਰ ਧਿਆਨਾ, ਆਪੇ ਵੇਖ ਵਖਾਇੰਦਾ। ਆਪੇ ਅੰਮ੍ਰਿਤ ਆਪੇ ਸਰੋਵਰ ਆਪੇ ਭਰਿਆ ਪਿਆਲਾ, ਆਪੇ ਰਸੀਆ ਰਸ ਚੁਆਇੰਦਾ। ਆਪੇ ਅਗਨੀ ਜੋਤ ਜਵਾਲਾ, ਆਪੇ ਨੂਰੋ ਨੂਰ ਡਗਮਗਾਇੰਦਾ। ਆਪੇ ਖ਼ਾਕੀ ਖ਼ਾਕ ਸਮਾਲਾ, ਖ਼ਾਕੀ ਖ਼ਾਕ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਦਰ ਸੋਭਾ ਪਾਇੰਦਾ। ਸਾਚਾ ਅੰਮ੍ਰਿਤ ਹਰਿ ਚਰਨ ਕਵਲ ਦਵਾਰ, ਚਰਨੋਦਕ ਨਾਉਂ ਧਰਾਈਆ। ਆਪੇ ਬਰਖੇ ਕਿਰਪਾ ਧਾਰ, ਗਹਿਰ ਗੰਭੀਰ ਵਡੀ ਵਡਿਆਈਆ। ਆਦਿ ਪੁਰਖ ਆਪ ਚਲਾਈ ਆਪਣੀ ਕਾਰ, ਕਰਨੀ ਕਰਤਾ ਆਪ ਕਮਾਈਆ। ਨੀਰ ਵਰੋਲੇ ਅੰਦਰ ਬਾਹਿਰ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਦੇਵੇ ਵਡਿਆਈ ਜਗਤ ਨੀਰ ਜਲ, ਜਲ ਰੂਪ ਉਪਾਇੰਦਾ। ਧਰਤ ਧਵਲ ਉਪਰ ਵਖਾਏ ਥਲ, ਮਹੀਅਲ ਆਪਣੀ ਖੇਲ ਖਿਲਾਇੰਦਾ। ਕਰੇ ਕਰਾਏ ਵਲ ਛਲ, ਅਛਲ ਛਲ ਧਾਰੀ ਆਪਣੀ ਕਲ ਆਪ ਵਰਤਾਇੰਦਾ। ਆਪੇ ਸਚ ਸਿੰਘਾਸਣ ਬੈਠਾ ਮਲ, ਆਪੇ ਘਟ ਘਟ ਰੂਪ ਵਟਾਇੰਦਾ। ਆਪੇ ਜੋਤੀ ਸ਼ਬਦੀ ਰਿਹਾ ਰਲ, ਆਪੇ ਪਵਣ ਸਵਾਸ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਬੰਧਾਇੰਦਾ। ਚਰਨ ਛੋਹੇ ਨੀਰ ਜਲ, ਤ੍ਰਿਪਤ ਤ੍ਰਿਪਤ ਕਰਾਈਆ। ਨਿਮਸਕਾਰ ਕਰੇ ਘੜੀ ਘੜੀ ਪਲ ਪਲ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਸੇਵਕ ਬਾਲ ਅੰਞਾਣ, ਦਰ ਦਵਾਰ ਆਇਆ ਚਲ, ਏਕਾ ਭਿਖਿਆ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਚਰਨ ਛੁਹਾਇਆ ਹਰਿ ਨਿਰੰਕਾਰ, ਨੀਰ ਨੀਰ ਵਡਿਆਇਆ। ਲੱਖ ਚੁਰਾਸੀ ਤੇਰੀ ਧਾਰ, ਤ੍ਰੈਗੁਣ ਮੇਲ ਮਿਲਾਇਆ। ਧਰਤ ਧਵਲ ਕਰ ਪਸਾਰ, ਧਰਨੀ ਗੋਦ ਸੁਹਾਇਆ। ਕਰੇ ਖੇਲ ਹਰਿ ਕਰਨੇਹਾਰ, ਅਭੁਲ ਭੁਲ ਕਦੇ ਨਾ ਜਾਇਆ। ਲੋਕਮਾਤ ਬਣੇ ਤੇਰਾ ਸਹਾਰ, ਤੇਰਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕਾ ਵਰ, ਧੁਰ ਫ਼ੁਰਮਾਨ ਇਕ ਜਣਾਇਆ। ਧੁਰ ਫ਼ਰਮਾਨ ਹਰਿ ਸੁਣਾਇੰਦਾ, ਨੀਰ ਸੀਰ ਕਰ ਪਿਆਰ। ਧਰਨੀ ਧਰਤ ਧਵਲ ਵਡਿਆਇੰਦਾ, ਸਿਰ ਹੱਥ ਰਖ ਸਮਰਥ ਨਿਰੰਕਾਰ। ਜੁਗ ਚੌਕੜੀ ਖੇਲ ਖਿਲਾਇੰਦਾ, ਵੰਡ ਵੰਡਾਏ ਵੰਡਣਹਾਰ। ਜੀਵ ਤੇਰੀ ਪੈਜ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸਚਾ ਦਾਤਾਰ। ਸਾਚਾ ਵਰ ਹਰਿ ਕਰਤਾਰ, ਏਕਾ ਏਕ ਸਮਝਾਈਆ। ਜੁਗ ਚੌਕੜੀ ਤੇਰਾ ਰਹੇ ਵਰਤਾਰ, ਨੌ ਨੌ ਚਾਰ ਖੇਲ ਖਿਲਾਈਆ। ਨੌਂ ਖੰਡ ਪ੍ਰਿਥਮੀ ਤੇਰਾ ਭੰਡਾਰ, ਸੱਤਾਂ ਦੀਪਾਂ ਆਪ ਜਣਾਈਆ। ਪੰਜ ਤੱਤ ਹੋਇ ਆਧਾਰ, ਤ੍ਰੈਗੁਣ ਤੇਰੇ ਵਿਚ ਸਮਾਈਆ। ਨਿਰਗੁਣ ਸਰਗੁਣ ਹੋ ਉਜਿਆਰ, ਤੇਰੀ ਸੇਵਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਧਾਰ ਚਲਾਇੰਦਾ, ਹਰਿ ਪੁਰਖ ਅਗੰਮ। ਜਲ ਨੀਰ ਆਪ ਉਪਜਾਇੰਦਾ, ਆਪੇ ਬੇੜਾ ਦੇਵੇ ਬੰਨ੍ਹ। ਲੋਕਮਾਤ ਮਾਣ ਦਿਵਾਇੰਦਾ, ਆਪੇ ਜਨਨੀ ਜਣਿਆ ਆਪੇ ਹਰਿ ਹਰਿ ਜਨ। ਆਪੇ ਰੂਪ ਅਨੂਪ ਪਰਗਟਾਇੰਦਾ, ਆਪਣਾ ਭਾਣਾ ਆਪੇ ਮੰਨ। ਆਪੇ ਗੁਰ ਅਵਤਾਰ ਅਖਵਾਇੰਦਾ, ਆਪੇ ਭਗਤ ਭਗਵੰਤ ਕਹੇ ਧੰਨ ਧੰਨ। ਆਪੇ ਸੰਤ ਕੰਤ ਹੰਢਾਇੰਦਾ, ਆਪੇ ਨਾਰ ਸੁਹਾਗਣ ਜਾਏ ਮੰਨ। ਆਪੇ ਜੀਵ ਜੰਤ ਸੋਭਾ ਪਾਇੰਦਾ, ਆਪੇ ਘੜੇ ਆਪੇ ਲਏ ਭੰਨ। ਆਪੇ ਸਰ ਸਰੋਵਰ ਨਾਉਂ ਧਰਾਇੰਦਾ, ਆਪੇ ਮਾਰਨਹਾਰਾ ਵਿਚ ਉਛੱਲ। ਆਪੇ ਆਪਣਾ ਮੁਖ ਛੁਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਪਰਬਲ। ਵਡ ਪਰਬਲ ਹਰਿ ਪਰਬੀਨਾ, ਮਹਿਮਾ ਅਕਥ ਕਥੀ ਨਾ ਜਾਈਆ। ਚਾਰੇ ਮੁਖ ਚਾਰ ਵੇਦ ਬ੍ਰਹਮਾ ਚੀਨਾ, ਚਾਰੋਂ ਕੁੰਟ ਉਠ ਉਠ ਗਾਈਆ। ਚਾਰੇ ਜੁਗ ਰੰਗ ਭੀਨਾ, ਏਕਾ ਏਕ ਏਕ ਚੜ੍ਹਾਈਆ। ਚਾਰੇ ਖਾਣੀ ਲੇਖਾ ਜਾਣੇ ਗੁਣ ਤੀਨਾ, ਤ੍ਰੈਗੁਣ ਭੇਵ ਰਹੇ ਨਾ ਰਾਈਆ। ਕਰੇ ਪਿਆਰ ਹਰਿ ਨਿਰੰਕਾਰ ਲਏ ਅਵਤਾਰ ਜਲ ਜਲ ਮੀਨਾ, ਮੀਨਾ ਜਲ ਰੂਪ ਸਮਾਈਆ। ਆਪੇ ਸਾਂਤਕ ਆਪੇ ਸਤਿ ਆਪੇ ਕਰੇ ਠਾਂਡਾ ਸੀਨਾ, ਆਪੇ ਅਗਨੀ ਤੱਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਆਪਣੇ ਹੱਥ ਰਖਾਇੰਦਾ, ਪਾਰਬ੍ਰਹਮ ਵਡੀ ਵਡਿਆਈਆ। ਸਰ ਸਰੋਵਰ ਮਾਣ ਰਖਾਇੰਦਾ, ਲੋਕਮਾਤ ਆਪ ਪਰਗਟਾਈਆ। ਚਰਨ ਚਰਨੋਦਕ ਵਿਚ ਰਖਾਇੰਦਾ, ਚਰਨ ਸਰਨ ਸਚੀ ਸਰਨਾਈਆ। ਸਤਿਜੁਗ ਤਰੇਤਾ ਆਪ ਉਪਜਾਇੰਦਾ, ਦਵਾਪਰ ਵੇਖੇ ਚਾਈਂ ਚਾਈਂਆ। ਕਲਜੁਗ ਆਪਣੀ ਕਲ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਈਆ। ਨੀਰ ਵਰੋਲਿਆ ਚਰਨ ਕਵਲ, ਅੰਮ੍ਰਿਤ ਸਾਚੀ ਧਾਰ। ਕਰੇ ਖੇਲ ਪ੍ਰਭ ਉਪਰ ਧਵਲ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਸ਼ਬਦੀ ਜਾਣਾ ਮਵਲ, ਜਗਤ ਜੁਗਤ ਕਰੇ ਵਿਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਬ ਤੋਂ ਬਾਹਰ। ਸਬ ਤੋਂ ਬਾਹਿਰ ਵਸੇ ਨਿਰਾਲਾ, ਨਿਰਵੈਰ ਭੇਵ ਨਾ ਰਾਇਆ। ਜੁਗਾ ਜੁਗੰਤਰ ਖੇਲ ਕਰੇ ਪੁਰਖ ਅਕਾਲਾ, ਭੇਵ ਕੋਇ ਨਾ ਪਾਇਆ। ਸਤਿਜੁਗ ਤਰੇਤਾ ਦਵਾਪਰ ਚਲੀ ਅਵਲੜੀ ਚਾਲਾ, ਲੇਖਾ ਲੇਖ ਨਾ ਕੋਇ ਲਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਰੋਵਰ ਆਪ ਸਮਾਇਆ। ਜਗਤ ਸਰੋਵਰ ਗੰਗਾ ਜਮਨਾ ਸੁਰਸਤੀ ਧਾਰ, ਲੇਖਾ ਲੇਖੇ ਵਿਚ ਲਿਖਾਈਆ। ਰਿਖ ਮੁਨ ਕਰਨ ਵਿਚਾਰ, ਆਤਮ ਅੰਤਰ ਧਿਆਨ ਲਗਾਈਆ। ਕਵਣ ਕੰਢੇ ਠੰਡਾ ਠਾਰ, ਅਗਨੀ ਤੱਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੂੰਦ ਬੂੰਦ ਸਵਾਂਤ ਦੇਵਣਹਾਰ ਇਕ ਇਕਾਂਤ, ਏਕਾ ਵਾਰ ਮੁਖ ਚੁਆਈਆ। ਬੂੰਦ ਸਵਾਂਤੀ ਅੰਮ੍ਰਿਤ ਰਸ, ਹਰਿ ਹਰਿ ਆਪ ਚੁਆਇਆ। ਮੁਨ ਰਿਖ ਰਾਹ ਤੱਕਣ ਨੱਸ ਨੱਸ, ਜਗਤ ਪੰਧ ਨਾ ਕੋਇ ਮੁਕਾਇਆ। ਕਰੇ ਖੇਲ ਪ੍ਰਭ ਹੱਸ ਹੱਸ, ਜਗਤ ਜੁਗਤ ਵੇਸ ਵਟਾਇਆ। ਜਨ ਭਗਤਾਂ ਮਾਰਗ ਸਾਚਾ ਦੱਸ, ਆਪ ਆਪਣਾ ਮੇਲ ਮਿਲਾਇਆ। ਹਿਰਦੇ ਅੰਦਰ ਆਪੇ ਵਸ, ਹਰਿ ਅੰਮ੍ਰਿਤ ਰਸ ਚਖਾਇਆ। ਪੰਚ ਵਿਕਾਰਾ ਦੇਵੇ ਝਸ, ਮੋਹ ਵਿਕਾਰ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਬਗਤ ਆਪਣੀ ਚਾਲ ਚਲਾਇਆ। ਅਬਗਤ ਅਗੋਚਰ ਅਲਖ ਨਿਰੰਜਣ, ਅਲਖ ਨਾ ਲਖਿਆ ਜਾਈਆ। ਜੁਗਾ ਜੁਗੰਤਰ ਦਰਦ ਦੁਖ ਭੈ ਭੰਜਨ, ਭਵ ਸਾਗਰ ਵੇਖ ਵਖਾਈਆ। ਨਾਮ ਨਰਾਇਣ ਨਿਰੰਕਾਰ ਏਕਾ ਪਾਏ ਅੰਜਨ, ਨੇਤਰ ਗਿਆਨ ਇਕ ਖੁਲ੍ਹਾਈਆ। ਸਦਾ ਸੁਹੇਲਾ ਬਣੇ ਸਦਾ ਸੱਜਣ, ਵਿਛੜ ਕਦੇ ਨਾ ਜਾਈਆ। ਇਕ ਸਰੋਵਰ ਏਕਾ ਮਜਨ, ਏਕਾ ਦੁਰਮਤ ਮੈਲ ਦਏ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੀਰ ਆਪੇ ਲਏ ਉਪਜਾਈਆ। ਨੀਰ ਉਪਜਾਇਆ ਪਾਰਬ੍ਰਹਮ, ਆਪਣੀ ਕਿਰਪਾ ਧਾਰ। ਕਿਸੇ ਕੁੱਖ ਨਾ ਪਿਆ ਜੰਮ, ਮਾਤ ਪਿਤ ਨਾ ਕੋਇ ਵਿਚਾਰ। ਕਰਨੀ ਕਰਤਾ ਕਰੇ ਕੰਮ, ਕਾਗ਼ਜ਼ ਕ਼ਲਮ ਲਿਖਣੋਂ ਬਾਹਿਰ। ਧਰਤ ਧਵਲ ਆਪ ਉਠਾਏ ਬਿਨ ਥੰਮ, ਆਕਾਸ਼ ਪ੍ਰਕਾਸ਼ ਹੋਇ ਉਜਿਆਰ। ਜੁਗ ਜੁਗ ਦੇਵਣਹਾਰਾ ਡੰਨ, ਲੋਕਮਾਤ ਲਏ ਅਵਤਾਰ। ਜੋ ਘੜਿਆ ਸੋ ਦੇਵੇ ਭੰਨ, ਥਿਰ ਰਹੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਅੰਮ੍ਰਿਤ ਜਲ ਸਾਚੀ ਧਾਰ। ਅੰਮ੍ਰਿਤ ਧਾਰ ਸੁਹਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ। ਕਲਜੁਗ ਖੇਲ ਖਿਲਾਇੰਦਾ, ਚਾਰ ਕੁੰਟ ਹੋਏ ਉਜਿਆਰ। ਨਵ ਨੌਂ ਗੇੜਾ ਆਪ ਮੁਕਾਇੰਦਾ, ਲੇਖਾ ਜਾਣੇ ਆਪਣੀ ਵਾਰ। ਬ੍ਰਹਮਾ ਵਿਸ਼ਨ ਸ਼ਿਵ ਹਰਿ ਉਠਾਇੰਦਾ, ਸ਼ਬਦ ਦਏ ਹਲੂਣਾ ਮਾਰ। ਸੋਇਆ ਕੋਇ ਰਹਿਣ ਨਾ ਪਾਇੰਦਾ, ਆਲਸ ਨਿੰਦਰਾ ਨਾ ਕੋਇ ਵਿਚਾਰ। ਰਵ ਸਸ ਆਪ ਜਗਾਇੰਦਾ, ਜੋਤੀ ਨੂਰ ਕਰ ਉਜਿਆਰ। ਕੋਟਨ ਕੋਟੀ ਜੀਵ ਵੇਖ ਵਖਾਇੰਦਾ, ਫੜ ਸੋਟੀ ਸ਼ਬਦ ਕਰਤਾਰ। ਉਚੀ ਚੋਟੀ ਚੜ ਆਸਣ ਲਾਇੰਦਾ, ਸਚਖੰਡ ਸੱਚੇ ਦਵਾਰ। ਰੂਪ ਅਨੂਪ ਆਪ ਧਰਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਆਪਣੀ ਖੇਲ ਖਿਲਾਇੰਦਾ, ਸਰਗੁਣ ਕਰੇ ਪਿਆਰ। ਸਰਗੁਣ ਭੇਵ ਕੋਇ ਨਾ ਪਾਇੰਦਾ, ਬੇਅੰਤ ਬੇਅੰਤ ਬੇਅੰਤ ਰਸਨਾ ਕਹਿ ਕਹਿ ਗਏ ਉਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪੇ ਜਾਣੇ ਆਪਣੀ ਕਾਰ। ਆਦਿ ਪੁਰਖ ਹਰਿ ਆਦਿ ਸਮਾਇਆ, ਮਧ ਆਪਣੀ ਖੇਲ ਖਿਲਾਈਆ। ਅੰਤਮ ਆਪਣੇ ਹੱਥ ਰਖਾਇਆ, ਗੁਰ ਅਵਤਾਰ ਦੇਣ ਗਵਾਹੀਆ। ਚਾਰੇ ਵੇਦਾਂ ਕੂਕ ਸੁਣਾਇਆ, ਪੁਰਾਨ ਅਠਾਰਾਂ ਉਚੀ ਕੂਕਨ ਏਕਾ ਰਾਗ ਅਲਾਈਆ । ਗੀਤਾ ਗਿਆਨ ਗਿਆਨ ਦ੍ਰਿੜਾਇਆ, ਏਕਾ ਤੱਤ ਸਮਝਾਈਆ। ਅੰਜੀਲ ਕ਼ੁਰਾਨਾਂ ਹਾਹਾਕਾਰ ਮਚਾਇਆ, ਤੀਸ ਬਤੀਸਾ ਆਪ ਸੁਣਾਈਆ। ਖਾਣੀ ਬਾਣੀ ਭੇਵ ਖੁਲਾਇਆ, ਆਪ ਆਪਣਾ ਪਰਦਾ ਉਠਾਈਆ। ਹਰਿ ਕਾ ਭੇਵ ਕਿਸੇ ਨਾ ਪਾਇਆ, ਚਾਰ ਜੁਗ ਚਾਰ ਵੇਦ ਚਾਰੇ ਖਾਣੀ ਭੇਦ ਅਭੇਦ ਚਾਰੇ ਬਾਣੀ ਅਛਲ ਅਛੇਦ ਚਾਰ ਵਰਨ ਆਪ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਰੰਗ ਰੰਗਾਈਆ। ਆਦਿ ਪੁਰਖ ਅਬਿਨਾਸ਼ਿਆ, ਅੰਤ ਅਗੰਮੀ ਧਾਰ। ਜੁਗ ਚੌਕੜੀ ਖੇਲ ਤਮਾਸ਼ਿਆ, ਸ਼ਾਸਤਰ ਸਿਮਰਤ ਵੇਦ ਨਾ ਪਾਏ ਸਾਰ। ਗੁਰ ਅਵਤਾਰ ਘੱਲੇ ਆਪਣੇ ਦਾਸੀ ਦਾਸਿਆ, ਸੇਵਾ ਕਰਨ ਵਿਚ ਸੰਸਾਰ। ਰਵ ਸਸ ਪਾਏ ਮੰਡਲ ਰਾਸਿਆ, ਜੋਤੀ ਨੂਰ ਨੂਰ ਉਜਿਆਰ। ਲੇਖਾ ਜਾਣੇ ਪ੍ਰਿਥਮੀ ਅਕਾਸਿਆ, ਗਗਨ ਮੰਡਲ ਵਸੇ ਬਾਹਰ। ਆਪੇ ਕਰੇ ਆਪਣੀ ਪੂਰੀ ਆਸਿਆ, ਆਸ ਨਿਰਾਸਾ ਆਪ ਨਿਰੰਕਾਰ। ਸਾਚੇ ਤਖ਼ਤ ਬਹੇ ਸ਼ਹਿਨਸ਼ਾਹ ਸ਼ਾਹੋ ਸ਼ਬਾਸ਼ਿਆ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਤਿਆਰ । ਕਲਜੁਗ ਅੰਤਮ ਚੌਥਾ ਜੁਗ, ਨੌ ਸੌ ਚੁਰਾਨਵੇ ਚੌਕੜੀ ਗੇੜਾ ਆਪ ਦਵਾਈਆ। ਆਪ ਸੁਹਾਏ ਆਪਣੀ ਰੁੱਤ, ਰੁੱਤ ਰੁਤੜੀ ਵੇਖ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਿਤਵਿਤ ਠਗੌਰੀ ਨਾ ਕੋਈ ਪਾਈਆ। ਹੱਡ ਮਾਸ ਨਾ ਨਾੜੀ ਦਿਸੇ ਬੁੱਤ, ਪੰਜ ਤੱਤ ਨਾ ਕੋਈ ਵਖਾਈਆ। ਸ਼ਬਦੀ ਸ਼ਬਦ ਉਪਾਇਆ ਸੁੱਤ, ਪਿਤਾ ਪੂਤ ਏਕਾ ਬੰਕ ਸੁਹਾਈਆ। ਆਪ ਬਣਾਇਆ ਸਾਚਾ ਕਿਲਾ ਕੋਟ, ਚਾਰ ਕੁੰਟ ਚਾਰ ਦੀਵਾਰ ਛੱਪਰ ਛੰਨ ਨਾ ਕੋਈ ਛੁਹਾਈਆ। ਸਾਹਿਬ ਸਤਿਗੁਰ ਆਪਣੇ ਉਪਰ ਆਪੇ ਤੁਠ, ਆਪਣੀ ਦਯਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਕਰੇ ਬੇਪਰਵਾਹੀਆ। ਕਲਜੁਗ ਖੇਲ ਖਿਲਾਇੰਦਾ, ਜੋਧਾ ਸੂਰਬੀਰ ਬਲਕਾਰ। ਸਤਿਗੁਰ ਸ਼ਬਦੀ ਮੇਲ ਮਿਲਾਇੰਦਾ, ਪਿਤਾ ਪੂਤ ਕਰੇ ਪਿਆਰ। ਗੋਬਿੰਦ ਗੁਰ ਗੁਰ ਧਾਮ ਸੁਹਾਇੰਦਾ, ਲੇਖਾ ਜਾਣੇ ਇਕ ਨਿਰੰਕਾਰ। ਲੱਖ ਚੁਰਾਸੀ ਭੇਵ ਨਾ ਆਇੰਦਾ, ਲਿਖ ਲਿਖ ਥੱਕਾ ਸਰਬ ਸੰਸਾਰ। ਪੜ੍ਹ ਪੜ੍ਹ ਪੰਧ ਨਾ ਕੋਈ ਮੁਕਾਇੰਦਾ, ਨਜ਼ਰ ਨਾ ਆਏ ਸਚ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਹਰਿ ਨਿਰੰਕਾਰ ਖੇਲ ਖਿਲਾਇੰਦਾ, ਕਲਜੁਗ ਅੰਤਮ ਵਾਰ। ਗੋਬਿੰਦ ਸੂਰਾ ਆਪ ਉਪਜਾਇੰਦਾ, ਸ਼ਬਦੀ ਗੁਰ ਗੁਰ ਅਵਤਾਰ। ਹੁਕਮੀ ਹੁਕਮ ਆਪ ਸੁਣਾਇੰਦਾ, ਧੁਰ ਦਰਗਾਹੀ ਧੁਰ ਦਰਬਾਰ। ਸਾਚਾ ਮੇਲਾ ਮੇਲ ਮਿਲਾਇੰਦਾ, ਲੋਕਮਾਤ ਕਰ ਪਿਆਰ। ਪੰਜ ਤਤ ਏਕਾ ਸੰਗ ਰਖਾਇੰਦਾ, ਤ੍ਰੈਗੁਣ ਮੇਲਾ ਕੰਤ ਭਤਾਰ। ਸੁਰਤ ਸੁਵਾਣੀ ਆਪ ਪ੍ਰਨਾਇੰਦਾ, ਸ਼ਬਦ ਹਾਣੀ ਇਕ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸ਼ਾਹ ਅਸਵਾਰ। ਸ਼ਾਹ ਅਸਵਾਰਾ ਹਰਿ ਨਿਰੰਕਾਰਾ, ਅਸਵ ਘੋੜਾ ਇਕ ਵਖਾਈਆ। ਆਪੇ ਚੜ੍ਹੇ ਆਪਣੀ ਵਾਰਾ, ਸਚ ਸਿੰਘਾਸਣ ਆਸਣ ਲਾਈਆ। ਆਪੇ ਖੜਗ ਆਪ ਕਟਾਰਾ, ਆਪੇ ਚੰਡ ਪ੍ਰਚੰਡ ਚਮਕਾਈਆ। ਆਪੇ ਕਲਗੀ ਤੋੜਾ ਦਸਤਾਰਾ, ਆਪੇ ਸੀਸ ਜਗਦੀਸ ਸੁਹਾਈਆ। ਆਪੇ ਪੰਚਮ ਕਰੇ ਪਿਆਰਾ, ਆਪੇ ਪੰਚਮ ਮੋਹ ਚੁਕਾਈਆ। ਆਪੇ ਚੌਥੇ ਜੁਗ ਜਾਣੇ ਪਾਰ ਕਿਨਾਰਾ, ਚਾਰੋ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨੀਰ ਦੇਵੇ ਧੀਰ, ਸ਼ਬਦੀ ਸ਼ਬਦ ਸ਼ਬਦ ਮਿਲਾਈਆ। ਜਗਤ ਨੀਰ ਸੀਰ ਸ਼ਬਦ ਮਿਲਾਇਆ ਗੁਰ ਗੋਬਿੰਦ ਦਯਾ ਕਮਾਇੰਦਾ। ਸਰ ਸਰੋਵਰ ਇਕ ਸੁਹਾਇਆ, ਸਰਸਾ ਧਾਰ ਬੰਧਾਇੰਦਾ। ਆਪਣਾ ਬੇੜਾ ਜਗਤ ਵਖਾਇਆ, ਜਗਤ ਬੇੜਾ ਆਪ ਚਲਾਇੰਦਾ। ਆਪਣਾ ਖੇੜਾ ਆਪੇ ਢਾਹਿਆ, ਗੁਰਮੁਖਾਂ ਖੇੜਾ ਆਪ ਵਸਾਇੰਦਾ। ਆਪਣਾ ਨੇੜਾ ਆਪ ਕਰਾਇਆ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਰ ਆਪ ਉਠਾਇੰਦਾ। ਆਪਣਾ ਭਾਰ ਚੁੱਕ ਹਰਿ ਸੀਸ, ਜੁਗ ਜੁਗ ਖੇਲ ਖਿਲਾਈਆ। ਕਰੇ ਖੇਲ ਸਾਹਿਬ ਜਗਦੀਸ਼, ਜਗਤ ਭੇਵ ਨਾ ਰਾਈਆ। ਭੇਵ ਨਾ ਪਾਇਨ ਰਾਗ ਛਤੀਸ, ਰਸਨਾ ਜਿਹਵਾ ਜਗਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਟਿਕਾਈਆ। ਆਪਣਾ ਲੇਖਾ ਆਪਣੇ ਹੱਥ ਰਖਾਇੰਦਾ, ਦੂਸਰ ਹੱਥ ਨਾ ਕੋਈ ਡੋਰ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਜੋਤੀ ਜਲਵਾ ਨੂਰੋ ਨੂਰ। ਸ਼ਬਦੀ ਨਾਦ ਆਪ ਵਜਾਇੰਦਾ, ਤੁਰੀਆ ਰਾਗ ਏਕਾ ਤੂਰ। ਸਰਬ ਕਲਾ ਸਮਰਥ ਆਪ ਅਖਵਾਇੰਦਾ, ਸਮਰਥ ਪੁਰਖ ਸਦਾ ਭਰਪੂਰ। ਆਪਣਾ ਰਥ ਆਪ ਚਲਾਇੰਦਾ, ਰਥ ਰਥਵਾਹੀ ਦਾਤਾ ਜੋਧਾ ਸੂਰ। ਆਪਣੀ ਕਥਾ ਆਪ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਹਾਜ਼ਰ ਹਜ਼ੂਰ। ਹਾਜ਼ਰ ਹਜ਼ੂਰ ਹਰਿ ਨਿਰੰਕਾਰਾ, ਹਰਿ ਮੰਦਰ ਸੋਭਾ ਪਾਈਆ। ਗੋਬਿੰਦ ਆਪੇ ਲੇਖਾ ਲਿਖਣਹਾਰਾ, ਲੇਖਾ ਲੇਖ ਨਾ ਕੋਈ ਮਿਟਾਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਸਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਹੋਏ ਮਾਤ ਉਜਿਆਰਾ, ਜੋਤੀ ਜਾਮਾ ਭੇਖ ਵਟਾਈਆ। ਨਿਹਕਲੰਕ ਕਰੇ ਖੇਲ ਅਪਰ ਅਪਾਰਾ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਮੇਲਾ ਸੁਤ ਦੁਲਾਰਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਲੇਖ ਚੁਕਾਇੰਦਾ, ਕਲਜੁਗ ਅੰਤਮ ਵਾਰ। ਆਪਣਾ ਲੇਖਾ ਆਪ ਮੁਕਾਇੰਦਾ, ਕਲਜੁਗ ਲੇਖਾ ਦੇਵੇ ਪਾੜ। ਗੁਰਮੁਖ ਸਾਚੇ ਨਾਲ ਰਲਾਇੰਦਾ, ਦਿਵਸ ਰੈਣ ਕਰੇ ਪਿਆਰ। ਆਪਣਾ ਪਾਂਧੀ ਪੰਧ ਮੁਕਾਇੰਦਾ, ਪੰਧ ਰਹੇ ਨਾ ਦੂਜੀ ਵਾਰ। ਸਾਚੀ ਸਾਂਝ ਜਹਾਨ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਵਡਿਆਈ ਗੁਰ ਗੋਬਿੰਦ, ਏਕਾ ਮਾਣ ਰਖਾਇਆ। ਸਗਲ ਮਿਟਾਈ ਝੂਠੀ ਚਿੰਦ, ਚਿੰਤਾ ਰੂਪ ਨਾ ਕੋਇ ਦਰਸਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਧਰਾਇਆ। ਗੁਰਸਿਖ ਉਪਜਾਏ ਆਪ ਬਣਾਏ ਆਪਣੀ ਬਿੰਦ, ਆਪ ਆਪਣੀ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਰੂਪ ਆਪ ਪਰਗਟਾਇਆ। ਗੁਰਸਿਖ ਰੂਪ ਅਪਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਗੁਰਸਿਖ ਉਤਰੇ ਪਾਰ, ਗੁਰ ਪੂਰਾ ਪਾਰ ਕਰਾਈਆ। ਗੁਰਸਿਖ ਤ੍ਰਿਸ਼ਨਾ ਤ੍ਰਿਖਾ ਦਏ ਨਿਵਾਰ, ਸੰਸਾ ਰੋਗ ਰਹੇ ਨਾ ਰਾਈਆ। ਗੁਰਸਿਖ ਰਾਜ ਜੋਗ ਜਗਤ ਦਏ ਦੁਰਕਾਰ, ਮਾਇਆ ਮਮਤਾ ਪੋਹ ਨਾ ਸਕੇ ਰਾਈਆ। ਗੁਰਸਿਖ ਹਉਮੇ ਹੰਗਤਾ ਤੋੜ ਹੰਕਾਰ, ਕਾਮ ਕਰੋਧ ਨੇੜ ਨਾ ਆਈਆ। ਗੁਰਸਿਖ ਮੰਗਣ ਪਏ ਗੁਰ ਚਰਨ ਦਵਾਰ, ਦੂਜੀ ਵਸਤ ਨਾ ਕੋਇ ਮੰਗਾਈਆ। ਗੁਰ ਗੋਬਿੰਦ ਬੰਧੀ ਸਾਚੀ ਧਾਰ, ਢਾਬ ਕਿਨਾਰਾ ਇਕ ਸੁਹਾਈਆ। ਸੁਤ ਦੁਲਾਰ ਕਰ ਪਿਆਰ, ਆਪ ਆਪਣੀ ਗੋਦ ਉਠਾਈਆ। ਮਹਾਂ ਸਿੰਘ ਵਰ ਮੰਗ ਸੰਸਾਰ, ਵਰ ਦੇਵਣਹਾਰ ਇਕ ਅਖਵਾਈਆ। ਗੁਰਸਿਖ ਨੇਤਰ ਰੋਵੇ ਜ਼ਾਰੋ ਜ਼ਾਰ, ਬਿਨ ਤੇਰੇ ਦਰਸ ਦੂਸਰ ਵਸਤ ਨਾ ਕੋਇ ਭਾਈਆ। ਤੂੰ ਸਖ਼ਾ ਸਖ਼ਾਈ ਮੀਤ ਮੁਰਾਰ, ਹਉਂ ਸੇਵਕ ਸੇਵ ਕਮਾਈਆ। ਮੈਂ ਸੁੱਤਾ ਤੇਰੀ ਗੋਦ ਚਰਨ ਪਸਾਰ, ਬਿਨ ਤੇਰੇ ਅਵਰ ਨਾ ਕੋਇ ਜਗਾਈਆ। ਤੂੰ ਸ਼ਾਹ ਬਣਿਆ ਰਹੀਂ ਸੱਚਾ ਅਸਵਾਰ, ਤੇਰੇ ਘੋੜੇ ਵਾਗ ਮੇਰੇ ਹੱਥ ਸੇਵ ਕਮਾਈਆ। ਤੇਰਾ ਤਨ ਮੇਰਾ ਉਧਾਰ, ਮੇਰਾ ਮਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਹਾਂ ਸਿੰਘ ਨੇਤਰ ਨੀਰ ਵਰੋਲਿਆ, ਗੁਰ ਗੋਬਿੰਦ ਅੱਗੇ ਮਾਰੀ ਧਾਹ। ਆਪਣਾ ਪਰਦਾ ਬਿਨ ਤੇਰੇ ਅੱਗੇ ਕਿਸੇ ਨਾ ਫੋਲਿਆ, ਜਗਤ ਆਯੂ ਗਈ ਵਿਹਾ। ਆਪਣਾ ਜਨਮ ਤੇਰੇ ਕੰਡੇ ਤੋਲਿਆ, ਤੋਲਾ ਬਣ ਕੇ ਤੋਲਣਾ ਸਚ ਮਲਾਹ। ਤੇਰੀ ਕਾਇਆ ਅੰਦਰ ਤੇਰਾ ਆਪੇ ਮੌਲਿਆ, ਪੱਤ ਡਾਲੀ ਰਹੀ ਮਹਿਕਾ। ਹਉਂ ਰਿਹਾ ਤੇਰਾ ਗੋਲਿਆ, ਤੇਰੀ ਸੇਵ ਕਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੋਬਿੰਦ ਆਪ ਸਮਝਾਇਆ। ਗੁਰ ਗੋਬਿੰਦ ਦਇਆ ਕਮਾਇੰਦਾ, ਗੁਰਸਿਖ ਗੋਦੀ ਚੁੱਕ। ਸਿੰਘ ਦਇਆ ਨਾਲ ਰਲਾਇੰਦਾ, ਕਰੇ ਉਜਲ ਮੁਖ। ਮੁਖ ਅੰਮ੍ਰਿਤ ਆਪ ਚੁਆਇੰਦਾ, ਦੋ ਜਹਾਨਾਂ ਮੇਟੀ ਭੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਿਖ। ਆਪਣਾ ਲੇਖ ਲਿਖਾਇਆ, ਗੁਰ ਗੋਬਿੰਦ ਕਰ ਪਿਆਰ। ਮਹਾਂ ਸਿੰਘ ਤੇਰਾ ਰੂਪ ਮੇਰੇ ਵਿਚ ਸਮਾਇਆ, ਮੇਰਾ ਤਨ ਤੇਰਾ ਸ਼ੰਗਾਰ। ਜਗਤ ਵਿਚੋਲਾ ਸੰਗ ਰਲਾਇਆ, ਪੰਚਮ ਮੀਤਾ ਪੰਚਮ ਉਧਾਰ। ਸਾਚੇ ਘੋੜੇ ਵਾਗ ਉਠਾਇਆ, ਆਪੇ ਚਲੇ ਆਪਣੀ ਵਾਰ। ਜਗਤ ਜਹਾਨਾ ਪੰਧ ਮੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਖੇਲ ਕਰੇ ਕਰਤਾਰ ਹਰਿ, ਹਰਿ ਹਰਿ ਸੱਚਾ ਸ਼ਹਿਨਸ਼ਾਹ ਪਾਤਸ਼ਾਹੀਆ। ਗੁਰਮੁਖ ਗੁਰਸਿਖ ਆਪੇ ਵਰ, ਦਰ ਘਰ ਸਾਚੇ ਸਚ ਰਖਾਈਆ। ਨਿਰਭੌ ਚੁਕਾਏ ਜਗਤ ਡਰ, ਭੈ ਭਿਆਨਕ ਹੋਏ ਸਹਾਈਆ। ਲੇਖਾ ਜਾਣੇ ਆਪਣੇ ਸਰ, ਸਰ ਸਰੋਵਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨੀਰ ਨੇਤਰ ਵੇਖ ਵਖਾਈਆ। ਨੇਤਰ ਨੀਰ ਵੇਖਣਹਾਰਾ, ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਇੰਦਾ । ਇਕ ਸਤ ਛੇ ਦੋ ਹੋ ਉਜਿਆਰਾ। ਵਦੀ ਸੁਦੀ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਖੇਲ ਆਪ ਖਿਲਾਇੰਦਾ। ਜਗਤ ਨੀਰ ਤੇਰਾ ਪੰਧ ਮੁਕਾਵਣਾ, ਲੋਕਮਾਤ ਰਹਿਣ ਨਾ ਪਾਈਆ। ਗੋਬਿੰਦ ਆਪਣਾ ਚਰਨ ਛੁਹਾਵਣਾ। ਚਰਨ ਕਵਲ ਵਡੀ ਵਡਿਆਈਆ। ਦੋ ਅੱਠ ਮੇਲ ਮਿਲਾਵਣਾ, ਅਠਾਰਾਂ ਅਠਾਈ ਰੂਪ ਵਟਾਈਆ। ਜਗਤ ਮਾਣ ਵਡਿਆਈ ਜਗਤ ਜੀਵ ਰਖਾਵਣਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਚਤੁਰਾਈਆ। ਮਹਾਂ ਸਿੰਘ ਗੁਰ ਗੋਦ ਬਹਾਇਆ, ਆਪਣੀ ਝੋਲੀ ਆਪ ਭਰਾਈਆ। ਆਪਣਾ ਖੇਲ ਰਿਹਾ ਖਲਾਇਆ, ਖ਼ਾਲਕ ਖ਼ਲਕ ਰੂਪ ਵਟਾਈਆ। ਸਾਲਸ ਆਪਣਾ ਨਾਉਂ ਧਰਾਇਆ, ਸਚ ਸਾਲਸੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਪਰਦਾ ਦਏ ਉਠਾਈਆ। ਗੋਬਿੰਦ ਆਇਆ ਗੋਬਿੰਦ ਘਾਟ, ਗੋਬਿੰਦ ਨਗਰੀ ਆਪ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਵਾਟ, ਨੇਤਰ ਨੈਣ ਸਰਬ ਉਠਾਇੰਦਾ। ਅਠਾਈ ਸਿੰਘ ਕਪਾਲ ਪਾਟ, ਪਟ ਪਾਤਰ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਮਹਾਂ ਸਿੰਘ ਗੋਬਿੰਦ ਨਾਲ ਲਾਇਆ, ਆਪਣੀ ਗੋਦ ਉਠਾਈਆ। ਦੇਹ ਨਾਲ ਨਾਤਾ ਜਗਤ ਬੰਧਾਇਆ, ਤੁਟ ਕਦੇ ਨਾ ਜਾਈਆ। ਦਇਆ ਸਿੰਘ ਵਿਚੋਲਾ ਵਿਚ ਬਣਾਇਆ, ਭੁਲ ਰਹੇ ਨਾ ਰਾਈਆ। ਏਕਾ ਵਰ ਏਕਾ ਹਰਿ ਏਕਾ ਘਰ ਝੋਲੀ ਪਾਇਆ, ਬਖ਼ਸ਼ੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਖੁਲ੍ਹਾਈਆ। ਸਿੰਘ ਅਠਾਈ ਮਹਾਂ ਸਿੰਘ, ਸਗਲਾ ਸੰਗ ਰਖਾਇੰਦਾ। ਨਿਭੇ ਨਾਲ ਮੰਗੀ ਮੰਗ, ਵਿਛੜ ਕਦੇ ਨਾ ਜਾਇੰਦਾ। ਆਪਣੀ ਹੱਥੀਂ ਕਸੇ ਤੰਗ, ਵਾਗਾਂ ਮਹਾਂ ਸਿੰਘ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਇੰਦਾ।
