੧੩ ਮਾਘ ੨੦੧੭ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ
ਹਰਿ ਸਤਿਗੁਰ ਕਾਜ ਸੁਆਰ ਦਾ, ਆਦਿ ਜੁਗਾਦੀ ਸਾਚੀ ਕਾਰ। ਡੁਬਦੇ ਪੱਥਰ ਪਾਰ ਉਤਾਰ ਦਾ, ਖੇਵਟ ਖੇਟਾ ਬਣ ਵਿਚ ਸੰਸਾਰ। ਨਾਤਾ ਤੋੜੇ ਜਗਤ ਪਿਆਰ ਦਾ, ਚਰਨ ਕਵਲ ਦਏ ਆਧਾਰ। ਲੇਖਾ ਜਾਣੇ ਧੁਰ ਦਰਬਾਰ ਦਾ, ਧੁਰ ਦਰਗਾਹੀ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੀ ਵਾਰ। ਹਰਿ ਸਤਿਗੁਰ ਕਾਜ ਸਵਾਰੀਅਨ, ਜੁਗਾ ਜੁਗੰਤਰ ਕਾਰ। ਗੁਰਮੁਖ ਨਾਮ ਉਧਾਰੀਅਨ, ਦੇਵੇ ਵਸਤ ਅਪਾਰ। ਮਾਣਸ ਜਨਮ ਪਾਰ ਉਤਾਰੀਅਨ, ਲੱਖ ਚੁਰਾਸੀ ਗੇੜ ਨਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰੇ ਅਗੰਮ ਅਪਾਰ। ਕਾਜ ਸਵਾਰੇ ਕਰਤਾ ਨਿਧ, ਕਿਰਤੀ ਆਪਣੀ ਕਿਰਤ ਕਮਾਈਆ । ਮਾਣਸ ਮਾਨੁਖ ਜਨਮ ਕਰੇ ਸਿਧ, ਸੁਧ ਆਤਮਾ ਆਤਮ ਪਰਮਾਤਮ ਆਪ ਬਣਾਈਆ। ਆਪ ਬਣਾਏ ਆਪਣੀ ਬਿਧ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਲੇਖਾ ਜਾਣੇ ਆਤਮ ਨਿਜ, ਨਿਜ ਘਰ ਬੈਠਾ ਤਾੜੀ ਲਾਈਆ। ਜੋ ਜਨ ਚਰਨ ਕਵਲ ਕਵਲ ਚਰਨ ਪਵਨ ਪ੍ਰੀਤੀ ਗਿਆ ਭਿਜ, ਅਮਿਉਂ ਰਸ ਅਨਡਿਠਾ ਰਸ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਰਜ ਕਰਤਾ ਆਪ ਕਰਾਈਆ। ਗੁਰਮੁਖਾਂ ਪੈਜ ਸਵਾਰ, ਦੇਵੇ ਨਾਮ ਵਡੀ ਵਡਿਆਈਆ। ਬਾਲ ਜਵਾਨ ਬਿਰਧ ਅਵਸਥਾ ਬਖ਼ਸ਼ੇ ਸ਼ੀਰ ਖ਼੍ਵਾਰ, ਸੀਰ ਨੀਰ ਆਪ ਪਿਆਈਆ। ਆਪ ਕਢਾਏ ਦਇਆ ਕਮਾਏ ਜਗਤ ਪੀੜ, ਪੀੜ ਪੀਆ ਪ੍ਰੀਤਮ ਮਿਲਣ ਦੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੰਦਨ ਆਪੇ ਦਏ ਕਟਾਈਆ। ਹਰਿਜਨ ਫੰਦਨ ਕੱਟਦਾ, ਕੱਟਣਹਾਰ ਗੋਪਾਲ। ਕਰੇ ਖੇਲ ਪੁਰਖ ਸਮਰਥ ਦਾ, ਪਰਮ ਪੁਰਖ ਦੀਨ ਦਿਆਲ। ਜੁਗ ਜੁਗ ਜਨ ਜਨਨੀ ਭਗਤ ਆਪੇ ਰੱਖਦਾ, ਅਗੰਮ ਅਗੰਮੜਾ ਬਣ ਦਲਾਲ। ਲੇਖਾ ਜਾਣੇ ਸ਼ਾਹ ਕੱਖ ਦਾ, ਰਾਜ ਰਾਜਾਨਾ ਸ਼ਾਹ ਕੰਗਾਲ। ਗੁਰਮੁਖਾਂ ਅੰਦਰ ਆਪੇ ਵਸਦਾ, ਸਦਾ ਸੁਹੇਲਾ ਚਲੇ ਨਾਲ। ਸਾਚਾ ਜਾਮ ਪਿਆਏ ਅੰਮ੍ਰਿਤ ਰਸ ਦਾ, ਸਰ ਸਰੋਵਰ ਏਕਾ ਮਾਰ ਉਛਾਲ। ਗ੍ਰਹਿ ਮੰਦਰ ਮਾਰਗ ਦੱਸ ਦਾ, ਨਿਜ ਨੇਤਰ ਦਏ ਵਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਦਾ ਪ੍ਰਿਤਪਾਲ। ਪ੍ਰਿਤਪਾਲ ਕਰੇ ਸਦਾ ਪ੍ਰਿਤਪਾਲਕ, ਹਰਿ ਸਤਿਗੁਰ ਵਡ ਵਡਿਆਈਆ। ਹਰਿਜਨ ਵੇਖੇ ਅਞਾਣੇ ਬਾਲਕ, ਬਾਲੀ ਬੁਧ ਆਪ ਸਮਝਾਈਆ। ਵਸਣਹਾਰਾ ਖ਼ਲਕ ਖ਼ਾਲਕ, ਮਖ਼ਲੂਕ ਆਪਣੀ ਧਾਰ ਚਲਾਈਆ। ਲੋਕਮਾਤ ਬਣੇ ਸਾਲਸ, ਸ਼ਬਦ ਸ਼ਬਦੀ ਰੂਪ ਧਰਾਈਆ। ਗੁਰਮੁਖ ਵੇਖੇ ਖ਼ਾਲਸ, ਆਪ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਨਿੰਦਰਾ ਆਲਸ ਵਿਚ ਕਦੇ ਨਾ ਆਈਆ। ਗੁਰਸਿਖ ਗੁਰਮੁਖ ਗੁਰ ਗੁਰ ਉਠਾਇਆ, ਦਇਆਨਿਧ ਦੀਨ ਦਿਆਲ। ਜਗਤ ਤ੍ਰਿਸ਼ਨਾ ਭੁੱਖ ਗਵਾਇਆ, ਦੇਵੇ ਨਾਮ ਸੱਚਾ ਧਨ ਮਾਲ। ਅੰਤਰ ਆਤਮ ਏਕਾ ਸੁਖ ਵਸਾਇਆ, ਘਰ ਘਰ ਵਿਚ ਬਣਾਏ ਸੱਚੀ ਧਰਮਸਾਲ। ਜੋ ਬੈਠਾ ਲੁਕ ਆਪਣਾ ਮੁਖ ਦਏ ਵਖਾਇਆ, ਜਨ ਹਰਿ ਹਰਿਜਨ ਸਾਚੇ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਹਰਿਜਨ ਰਿਹਾ ਸੁਰਤ ਸੰਭਾਲ। ਸੁਰਤ ਸੰਭਾਲੇ ਸ਼ਬਦੀ ਰੰਗ, ਰੰਗਣ ਰੰਗ ਚੜ੍ਹਾਈਆ। ਨਾਮ ਵਜਾਏ ਇਕ ਮਰਦੰਗ, ਸ਼ਬਦ ਮਰਦੰਗਾ ਹੱਥ ਉਠਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਇਕ ਸੁਹਾਈਆ। ਆਪ ਆਪਾ ਕਰੇ ਅੰਗੀ ਅੰਗ, ਆਪਣਾ ਅੰਗਣ ਆਪੇ ਵੇਖ ਵਖਾਈਆ। ਗੁਰ ਗੁਰ ਗੁਰਸਿਖ ਵਸੇ ਸਦਾ ਏਕਾ ਸੰਗ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਥਾਉਂ ਥਾਈਂ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਚਾਰ ਕੁੰਟ ਦਹਿ ਦਿਸ਼ਾ ਖੇਲ ਕਰੇ ਅਪਰ ਅਪਾਰਾ, ਨਵ ਸਤ ਫੇਰਾ ਪਾਇੰਦਾ। ਲੱਖ ਚੁਰਾਸੀ ਵੇਖੇ ਬੰਦ ਕਿਵਾੜਾ, ਡੂੰਘੀ ਗਾਰਾ ਆਪਣੀ ਧਾਰ ਚਲਾਇੰਦਾ। ਗੁਰਮੁਖ ਵੇਖੇ ਸਾਚਾ ਲਾੜਾ, ਗੁਰ ਸਤਿਗੁਰ ਆਪ ਉਠਾਇੰਦਾ। ਨਾਮ ਖੰਡਾ ਦੇਵੇ ਸਚ ਕਟਾਰਾ, ਤਨ ਗਾਤਰੇ ਅੰਦਰ ਆਪ ਲਟਕਾਇੰਦਾ। ਜਾਮ ਪਿਆਏ ਨਿਝਰ ਧਾਰਾ, ਨਿਰਵੈਰ ਰੂਪ ਦਰਸਾਇੰਦਾ। ਦੀਵਾ ਬਾਤੀ ਜਗਾਏ ਇਕ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸੇਜ ਸੁਹਾਵੀ ਆਪ ਸੁਹਾਇੰਦਾ। ਗੁਰਸਿਖ ਗੁਰ ਗੁਰ ਕਰੇ ਪਿਆਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਲਾਏ ਇਕ ਅਖਾੜਾ, ਆਪਣਾ ਮੰਗਲ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਵੇਖ ਵਖਾਇੰਦਾ। ਗੁਰ ਗੁਰ ਦੀਨ ਦਿਆਲ ਗਹਿਰ ਗੁਣ ਠਾਕਰ, ਸੂਰਬੀਰ ਵਡੀ ਵਡਿਆਈਆ। ਹਰਿਜਨ ਨਿਰਮਲ ਕਰਮ ਕਰੇ ਉਜਾਗਰ, ਨਿਹਕਰਮੀ ਕਰਮ ਕਮਾਈਆ। ਸਚ ਵਣਜਾਰਾ ਏਕਾ ਵਸਤ ਸਾਚੇ ਹੱਟ ਵਿਕਾਏ ਬਣੇ ਸੌਦਾਗਰ, ਵਸਤ ਅਮੋਲਕ ਆਪਣੀ ਆਪ ਵਖਾਈਆ। ਏਕਾ ਨਾਮ ਰਤੀ ਰਤਨਾਗਰ, ਜਗਤ ਤੋਲ ਨਾ ਕੋਇ ਤੁਲਾਈਆ। ਗੁਰਮੁਖ ਵਿਰਲੇ ਦੇਵੇ ਕਾਇਆ ਗਾਗਰ, ਆਪਣੀ ਹੱਥੀਂ ਆਪ ਟਿਕਾਈਆ , ਸਦਾ ਸੁਹੇਲਾ ਕਰੇ ਆਦਰ, ਗੁਰਸਿਖਾਂ ਸੇਵ ਕਮਾਈਆ। ਸੇਵਕ ਸੇਵਾਦਾਰ ਕਰੀਮ ਕ਼ਾਦਰ, ਕਰਤਾ ਪੁਰਖ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਮੇਲੇ ਫੜ ਫੜ ਬਾਂਹੀਆ। ਫੜ ਫੜ ਬਾਹੋਂ ਆਪ ਉਠਾਲ ਦਾ, ਨਿਰਗੁਣ ਸਰਗੁਣ ਕਰ ਪਿਆਰ। ਕਰੇ ਖੇਲ ਪੁਰਖ ਅਕਾਲ ਦਾ, ਦੀਨਾਂ ਅਨਾਥਾਂ ਸਾਚਾ ਯਾਰ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਰੂਪ ਵਟਾਏ ਜਗਤ ਦਲਾਲ ਦਾ, ਹਰਿਜਨ ਵੇਖੇ ਵਿਚ ਸੰਸਾਰ। ਨਾਤਾ ਤੋੜ ਕਾਲ ਮਹਾਕਾਲ ਦਾ, ਆਪ ਆਪਣੀ ਕਿਰਪਾ ਧਾਰ। ਰਾਹ ਦੱਸੇ ਇਕ ਸੁਖਾਲ ਦਾ, ਹਰਿ ਚਰਨ ਕਵਲ ਪਿਆਰ। ਗੁਰਸਿਖ ਗੁਰਮੁਖ ਜੁਗਾ ਜੁਗੰਤਰ ਲੋਕਮਾਤ ਆਪੇ ਪਾਲਦਾ, ਅੰਮ੍ਰਿਤ ਪਿਆਏ ਪਿਆਵਣਹਾਰ। ਦੂਜਾ ਦਰ ਨਾ ਕੋਇ ਵਖਾਲ ਦਾ, ਆਪੇ ਗੁਰ ਆਪ ਅਵਤਾਰ। ਆਪੇ ਸੰਤਾਂ ਸੁਰਤ ਸੰਭਾਲ ਦਾ, ਦੇਵੇ ਸ਼ਬਦ ਨਾਮ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਬੁਝਾਏ ਲੱਗੀ ਬਸੰਤਰ, ਗੁਰਸਿਖ ਕਾਇਆ ਸੀਤਲ ਸਾਂਤਕ ਸਤਿ ਸਤਿ ਆਪੇ ਠਾਰ। ਗੁਰਸਿਖ ਕਾਇਆ ਸੀਤਲ ਧਾਰ, ਸਤਿ ਸਤਿਵਾਦੀ ਆਪ ਕਰਾਈਆ। ਅਗਨੀ ਤਤ ਦਏ ਨਵਾਰ, ਤ੍ਰੈਗੁਣ ਮਾਇਆ ਰਹਿਣ ਨਾ ਪਾਈਆ। ਨਾਤਾ ਤੋੜੇ ਮੋਹ ਵਿਕਾਰ, ਹੰਕਾਰ ਸੰਗਾਰ ਨਾ ਕੋਇ ਜਣਾਈਆ। ਤ੍ਰਿਸ਼ਨਾ ਚੁੱਕੇ ਜਗਤ ਵਿਭਚਾਰ, ਨਾਰ ਦੁਹਾਗਣ ਨਾ ਕੋਇ ਵਖਾਈਆ। ਸਾਚਾ ਕੰਤ ਇਕ ਨਿਰੰਕਾਰ, ਭਗਤ ਭਗਵੰਤ ਲਏ ਮਿਲਾਈਆ। ਸਾਚੀ ਸਖ਼ੀਆਂ ਮਿਲ ਮਿਲ ਮੰਗਲਾਚਾਰ, ਪੰਜ ਦਸ ਵੱਜੇ ਵਧਾਈਆ। ਪਾਇਆ ਵਰ ਹਰਿ ਘਰ ਨਰ ਏਕਾ ਵਾਰ, ਨਾਰੀ ਨਰਾਇਣ ਨਰ ਇਕ ਪਰਨਾਈਆ। ਵਸੇ ਮਹੱਲ ਅਟਲ ਉਚ ਮੁਨਾਰ, ਸੋਭਾਵੰਤੀ ਨਾਰ ਸੁਹਾਗਣ, ਘਰ ਸਾਚੇ ਸੋਭਾ ਪਾਈਆ। ਗੁਰ ਚਰਨ ਧੂੜੀ ਬਣੇ ਨਾਲ ਲਾਗਣ, ਸੌਹਰੇ ਪੇਈਏ ਸਗਲਾ ਸੰਗ ਨਿਭਾਈਆ। ਪਾਇਆ ਕੰਤ ਹੋਈ ਵੈਰਾਗਣ, ਬਿਰਹੋਂ ਬਿਰਹੋਂ ਬਿਰਹੋਂ ਆਪ ਜਗਾਈਆ। ਨਾਤਾ ਤੁਟਾ ਸੌਣਾ ਜਾਗਣ, ਸੋਵਤ ਜਾਗਤ ਏਕਾ ਰੰਗ ਵਖਾਈਆ। ਤਨ ਸ਼ੰਗਾਰ ਬਸਤਰ ਭੂਸ਼ਨ ਅਪਰ ਅਪਾਰ, ਨੇਤਰ ਨੈਣਾਂ ਕਜਲਾ ਧਾਰ, ਪ੍ਰੇਮ ਪ੍ਰੀਤਮ ਆਤਮ ਰਸ ਜੋਬਨ ਤਤ ਇਕ ਵਖਾਈਆ। ਸੁਘੜ ਸੁਵਾਣੀ ਸਤਿਗੁਰ ਚਰਨ ਦਵਾਰੇ ਹੋਏ ਵਸ, ਦੂਸਰ ਨੈਣ ਨਾ ਕੋਇ ਉਠਾਈਆ। ਹਰਿ ਜੂ ਹਰਿ ਹਰਿ ਹਿਰਦੇ ਅੰਦਰ ਜਾਏ ਵਸ, ਹਰਿਆਵਲ ਰੁੱਤ ਬਸੰਤ ਏਕਾ ਮਹਿਕ ਮਹਿਕ ਮਹਿਕ ਮਹਿਕਾਈਆ। ਧੰਨ ਧੰਨ ਧੰਨ ਗੁਰਸਿਖ ਜਿਸ ਸਤਿਗੁਰ ਪਾਇਆ ਸਾਚਾ ਕੰਤ, ਕੰਨੀ ਸੁਣਨ ਨਾਉਂ ਦੂਜੇ ਘਰ ਨਾ ਜਾਈਆ। ਘਰ ਮੰਦਰ ਘਰ ਗੁਰੂਦਵਾਰ, ਘਰ ਠਾਕੁਰ ਘਰ ਸਵਾਮੀ ਘਰ ਭਤਾਰ, ਘਰ ਬਹਿ ਬਹਿ ਕਰੋ ਮਿੰਨਤ, ਨਿਵਣ ਸੋ ਅੱਖਰ ਏਕਾ ਗੁਣ ਸਮਝਾਈਆ। ਕਲਜੁਗ ਅੰਤਮ ਕੋਈ ਪਾ ਨਾ ਸਕੇ ਕਰਕੇ ਆਪਣੀ ਹਿੰਮਤ, ਸਤਿਗੁਰ ਪੂਰਾ ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਵੇਖ ਲੇਖ, ਮੇਲਾ ਲਏ ਮਿਲਾਈਆ। ਸਾਧ ਸੰਤ ਜੀਵ ਜੰਤ ਉਤਰ ਪੂਰਬ ਪੱਛਮ ਦੱਖਣ ਵੇਖਣ ਚਾਰੇ ਸਿੰਮਤ, ਸਿਮਰ ਸਿਮਰ ਸਿਮਰ ਰਸਨਾ ਜਿਹਵਾ ਬੱਤੀ ਦੰਦ ਘਸਾਈਆ। ਅੰਤਰ ਆਤਮ ਗੁਣ ਨਾ ਆਇਆ ਇਕ ਨਿਮ੍ਰਤ, ਨਿਮ੍ਰਤਾਈ ਤਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਮੇਲਾ ਸਹਿਜ ਸੁਭਾਈਆ। ਗੁਰ ਮੇਲਾ ਘਰ ਗਹਿਰ ਗੰਭੀਰ, ਗੁਣੀ ਗਹਿੰਦ ਗੁਣ ਗਾਇਆ। ਤਨ ਮਨ ਸਾਂਤਕ ਸਤਿ ਸਰੀਰ, ਤ੍ਰੈਗੁਣ ਅਗਨ ਬੁਝਾਇਆ। ਸ਼ਬਦ ਨਿਰਾਲਾ ਅਣਯਾਲਾ ਵੱਜੇ ਤੀਰ, ਤਿਖੀ ਮੁਖੀ ਜਗਤ ਦੁਖੀ ਦੁੱਖ ਗਵਾਇਆ। ਭਰ ਪਿਆਲਾ ਬਖ਼ਸ਼ੇ ਅੰਮ੍ਰਿਤ ਸੀਰ, ਵਡ ਪੀਰਨ ਪੀਰ ਸ਼ਹਿਨਸ਼ਾਹ ਸੱਚਾ ਪਾਤਸ਼ਾਹਿਆ। ਲੱਖ ਚੁਰਾਸੀ ਕਟੇ ਜ਼ੰਜੀਰ, ਚੋਟੀ ਚਾੜ੍ਹੇ ਇਕ ਅਖ਼ੀਰ, ਸਿਰ ਆਪਣਾ ਹੱਥ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵੇਖੇ ਗ਼ਰੀਬ ਨਿਮਾਣਾ, ਸਰਨ ਸਰਨਾਈ ਚਰਨ ਕਵਲ ਰਖਾਏ ਇਕ ਧਿਆਨਾ, ਆਤਮ ਅੰਤਰ ਉਪਜਾਏ ਬ੍ਰਹਮ ਗਿਆਨਾ, ਬ੍ਰਹਮ ਬਹਾਏ ਪਦ ਨਿਰਬਾਨਾ, ਨਿਰਬਾਣ ਆਪਣਾ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਆਪਾ ਦਾਨ, ਗੁਰਸਿਖ ਜੀਵਤ ਮੁਕਤ ਸਦਾ ਜਗ ਜਾਣ, ਸਾਹਿਬ ਸਤਿਗੁਰ ਹੋਏ ਮਿਹਰਵਾਨ, ਮਿਹਰਵਾਨ ਵਡੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਕਾਹਨ, ਲੱਖ ਚੁਰਾਸੀ ਚਾਰ ਖਾਣੀ ਜੀਵ ਜੰਤ ਸਾਧ ਸੰਤ ਗੁਰ ਪੀਰ ਅਵਤਾਰ ਨਾਰੀ ਰੂਪ ਸਰਬ ਪਰਨਾਈਆ।
