੧੦ ਮਾਘ ੨੦੧੭ ਬਿਕਰਮੀ ਗੁਰਦਿਆਲ ਸਿੰਘ ਦੇ ਘਰ ਚੀਮਾਂ ਕਲਾਂ
ਗ੍ਰਹਿ ਮੰਦਰ ਹਰਿ ਸੁਹੰਜਣਾ, ਘਟ ਭੀਤਰ ਖੇਲ ਖਿਲਾਇੰਦਾ। ਦੀਪ ਜਗਾਏ ਜੋਤ ਨਿਰੰਜਣਾ, ਨਿਰਵੈਰ ਪੁਰਖ ਵੇਖ ਵਖਾਇੰਦਾ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਦੀਨਾਂ ਅਨਾਥਾਂ ਵੇਖ ਵਖਾਇੰਦਾ। ਗੁਰਮੁਖ ਵਿਰਲੇ ਨੇਤਰ ਪਾਏ ਨਾਮ ਅੰਞਣਾ, ਅਗਿਆਨ ਅੰਧੇਰ ਗਵਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਧਵਾਇੰਦਾ। ਦੋ ਜਹਾਨਾਂ ਬਣੇ ਸਾਚਾ ਸੱਜਣਾ, ਸਾਕ ਸੱਜਣ ਸੈਣ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਗ੍ਰਹਿ ਮੰਦਰ ਸੋਭਾਵੰਤ, ਹਰਿ ਸਤਿਗੁਰ ਪੁਰਖ ਸੁਹਾਇਆ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਇਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਇਆ। ਮੇਲ ਮਿਲਾਵਾ ਨਾਰੀ ਕੰਤ, ਘਰ ਸੁਹੰਜਣੀ ਸੇਜ ਹੰਢਾਇਆ। ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਮਜੀਠੀ ਉਤਰ ਕਦੇ ਨਾ ਜਾਇਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਇਆ। ਆਸਾ ਮਨਸਾ ਪੂਰੀ ਕਰੇ ਜੋ ਜਨ ਆਇਆ ਮੰਗਤ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਇਆ। ਮੇਲ ਮਿਲਾਵਾ ਸਾਚੀ ਸੰਗਤ, ਸਗਲਾ ਸੰਗ ਆਪ ਹੋ ਜਾਇਆ। ਨਾਤਾ ਤੋੜੇ ਭੁੱਖੇ ਨੰਗਤ, ਗੁਰੂ ਗ੍ਰੰਥ ਵਿਚ ਗਵਾਹ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਗ੍ਰਹਿ ਮੰਦਰ ਵੇਖ ਵਖਾਇਆ। ਗ੍ਰਹਿ ਮੰਦਰ ਹਰਿ ਪਰਕਾਸ਼, ਜੋਤੀ ਜੋਤ ਨੂਰ ਉਜਿਆਰਾ। ਜਨ ਭਗਤਾਂ ਦੇਵੇ ਸਾਚੀ ਰਾਸ, ਨਾਮ ਧੰਨ ਅਪਰ ਅਪਾਰਾ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਏ ਵਿਚ ਸੰਸਾਰਾ। ਪੂਰਨ ਪੂਰੀ ਕਰੇ ਆਸ, ਪੁਰਖ ਅਬਿਨਾਸ਼ਾ ਅਕਲ ਕਲ ਧਾਰਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਦਏ ਸਹਾਰਾ। ਨਿਜ ਘਰ ਆਤਮ ਨਿਜ ਗ੍ਰਹਿ ਮੰਦਰ ਕਰ ਕਰ ਵਾਸ, ਨਾਤਾ ਤੋੜੇ ਜਗਤ ਵਿਕਾਰਾ। ਅੰਤਮ ਅੰਤ ਕਰੇ ਬੰਦ ਖ਼ੁਲਾਸ, ਲੱਖ ਚੁਰਾਸੀ ਉਤਰੇ ਪਾਰਾ। ਲੇਖਾ ਲੱਗੇ ਦਸ ਦਸ ਮਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜਗਤ ਦੁਆਰਾ। ਜਗਤ ਦੁਆਰਾ ਜਗਤ ਮੰਦਰ, ਜੁਗ ਜੁਗ ਵੇਸ ਵਟਾਇਆ। ਗੁਰ ਸਤਿਗੁਰ ਵੇਖੇ ਗੁਰਮੁਖ ਕਾਇਆ ਡੂੰਘੀ ਕੰਦਰ, ਸਚ ਮੁਨਾਰਾ ਇਕ ਵਡਿਆਇਆ। ਆਪੇ ਤੋੜੇ ਲੱਗਾ ਜੰਦਰ, ਆਪਣਾ ਪਰਦਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਸੁਹਾਇਆ। ਘਰ ਮੰਦਰ ਇਕ ਜਣਾਇਆ, ਹਰਿ ਸਤਿਗੁਰ ਸੱਜਣ ਮੀਤ। ਕਾਇਆ ਕੋਠੜੀ ਇਕ ਬਣਾਇਆ, ਘਰ ਘਰ ਵਿਚ ਰੱਖੇ ਆਪ ਅਨਡੀਠ। ਨੌਂ ਦੁਆਰੇ ਆਪ ਖੁਲ੍ਹਾਇਆ, ਆਪੇ ਵੇਖੇ ਬੈਠ ਅਤੀਤ। ਆਪਣਾ ਮਾਰਗ ਆਪ ਚਲਾਇਆ, ਸੁਖਮਨ ਟੇਡੀ ਰੱਖੀ ਰੀਤ। ਈੜਾ ਪਿੰਗਲ ਦਰ ਦਰਬਾਨ ਰਖਾਇਆ, ਅੱਠੇ ਪਹਿਰ ਚੇਤਨ ਚੀਤ। ਗੁਰਮੁਖ ਵਿਰਲਾ ਆਪਣੇ ਸੰਗ ਰਖਾਇਆ, ਆਪੇ ਕਰੇ ਪਤਤ ਪੁਨੀਤ। ਸਾਚੀ ਡੋਰੀ ਸ਼ਬਦ ਬੰਨ੍ਹਾਇਆ, ਆਪ ਸੁਣਾਏ ਸੁਹਾਗੀ ਗੀਤ। ਸਾਚੀ ਪੌੜੀ ਆਪ ਚੜ੍ਹਾਇਆ, ਸਤਿਗੁਰ ਸੱਜਣ ਬਣ ਬਣ ਮੀਤ। ਸਰ ਸਰੋਵਰ ਆਪ ਨੁਹਾਇਆ, ਲੇਖਾ ਚੁਕਾਏ ਹਸਤ ਕੀਟ। ਅਨਹਦ ਸ਼ਬਦ ਆਪ ਸੁਣਾਇਆ, ਧੁਨ ਅਨਾਦੀ ਏਕਾ ਗੀਤ। ਘਰ ਮੰਦਰ ਦਏ ਵਡਿਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖਣਹਾਰਾ ਗੁਰ ਦਰ ਮੰਦਰ ਦੇਹੁਰਾ ਮਠ ਮਸੀਤ। ਘਰ ਮੰਦਰ ਸ਼ਬਦ ਧੁਨਕਾਰ, ਅਨਹਦ ਵੱਜੇ ਵਧਾਈਆ। ਘਰ ਸਖ਼ੀਆਂ ਮੰਗਲਚਾਰ, ਘਰ ਹੋਏ ਸਦਾ ਰੁਸ਼ਨਾਈਆ। ਘਰ ਵਸੇ ਬੰਕ ਦੁਆਰ, ਆਤਮ ਸੇਜਾ ਸਚ ਸੁਹਾਈਆ। ਘਰ ਮੇਲਾ ਕੰਤ ਭਤਾਰ, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਕਾਇਆ ਕੰਚਨ ਫੋਲ ਫੁਲਾਈਆ। ਕਾਇਆ ਕੰਚਨ ਸਾਚਾ ਗੜ੍ਹ, ਸਤਿ ਪੁਰਖ ਨਿਰੰਜਣ ਆਪ ਬਣਾਇਆ। ਗੁਰਮੁਖਾਂ ਅੰਦਰ ਵੇਖੇ ਚੜ੍ਹ, ਦੂਸਰ ਦਿਸ ਕਿਸੇ ਨਾ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਰੇਖ ਨਾ ਕੋਇ ਬਣਾਇਆ। ਆਪ ਫੜਾਏ ਆਪਣਾ ਲੜ, ਸ਼ਬਦ ਸ਼ਬਦੀ ਮੇਲ ਮਿਲਾਇਆ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖ ਨਾਦ ਲਏ ਪੜ੍ਹਾਇਆ। ਦਰਸ ਦਿਖਾਏ ਅੱਗੇ ਖੜ, ਘਰ ਮੰਦਰ ਹੋਏ ਸਹਾਇਆ। ਗੁਰਸਿਖਾਂ ਆਪ ਲਗਾਏ ਲੋਕਮਾਤ ਜੜ੍ਹ, ਪਤ ਡਾਲੀ ਆਪ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਮੰਦਰ ਏਕਾ ਘਰ, ਏਕਾ ਗ੍ਰਹਿ ਵਖਾਇਆ। ਸਾਚਾ ਮੰਦਰ ਹਰਿ ਚਰਨ ਦੁਆਰ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਹਰਿ ਬਿਨ ਅਵਰ ਨਾ ਕੋਇ ਉਤਰੇ ਪਾਰ, ਆਦਿ ਜੁਗਾਦਿ ਖੇਲ ਖਿਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਭਗਤ ਭਗਵੰਤ ਮੇਲ ਮਿਲਾਇੰਦਾ। ਸੰਤ ਵੇਖੇ ਸੁਤ ਦੁਲਾਰ, ਪਿਤਾ ਪੂਤ ਖੇਲ ਖਿਲਾਇੰਦਾ। ਗੁਰਮੁਖ ਗੁਰ ਗੁਰ ਲਏ ਉਭਾਰ, ਗੁਰ ਗਿਆਨ ਇਕ ਦ੍ਰਿੜਾਇੰਦਾ। ਗੁਰਸਿਖ ਬਣਾਏ ਸਾਚੇ ਲਾਲ, ਲਾਲ ਅਨਮੁਲੜੇ ਆਪਣੇ ਹੱਟ ਵਿਕਾਇੰਦਾ। ਲੋਕਮਾਤ ਬਣ ਦਲਾਲ, ਜਗਤ ਜੁਗਤ ਆਪ ਵਖਾਇੰਦਾ। ਨਾਤਾ ਤੋੜੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੂਪ ਆਪ ਦਰਸਾਇੰਦਾ। ਨੇੜ ਨਾ ਆਏ ਕਾਲ ਮਹਾਕਾਲ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਆਪ ਬਹਾਏ ਸਚਖੰਡ ਸੱਚੀ ਧਰਮਸਾਲ, ਦੂਜਾ ਘਰ ਨਾ ਕੋਇ ਵਖਾਇੰਦਾ। ਸਦਾ ਸੁਹੇਲਾ ਚਲੇ ਨਾਲ ਨਾਲ, ਸਿਰ ਸਮਰਥ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਗ੍ਰਹਿ ਮੰਦਰ ਹਰਿ ਜੂ ਵਸਿਆ, ਕਿਰਪਾਨਿਧ ਗੁਣ ਨਿਧਾਨ। ਕਰੇ ਪਰਕਾਸ਼ ਕੋਟਨ ਰਵ ਸਸਿਆ, ਜੋਤੀ ਨੂਰ ਨੂਰ ਮਹਾਨ। ਗੁਰਮੁਖਾਂ ਹਿਰਦੇ ਅੰਦਰ ਆਪੇ ਵਸਿਆ, ਆਪੇ ਦੇਵੇ ਧੁਰ ਫ਼ਰਮਾਨ। ਮੇਟੇ ਰੈਣ ਅੰਧੇਰੀ ਮੱਸਿਆ, ਨਾਤਾ ਤੁੱਟੇ ਪੰਜ ਸ਼ੈਤਾਨ। ਤੀਰ ਨਿਰਾਲਾ ਏਕਾ ਕੱਸਿਆ, ਸ਼ਬਦ ਅਗੰਮੀ ਮਾਰੇ ਬਾਣ। ਮਨ ਹੰਕਾਰੀ ਅੰਤਮ ਢੱਠਿਆ, ਨਾ ਕੋਈ ਦਿਸੇ ਹੋਰ ਨਿਸ਼ਾਨ। ਨਾਤਾ ਤੁੱਟੇ ਤੀਰਥ ਅਠਸਠਿਆ, ਜੋ ਜਨ ਗੁਰ ਚਰਨ ਧੂੜੀ ਕਰੇ ਅਸ਼ਨਾਨ। ਭਾਗ ਲੱਗੇ ਕਾਇਆ ਮਟਿਆ, ਮਿਲੇ ਮੇਲ ਸ੍ਰੀ ਭਗਵਾਨ। ਸਤਿਗੁਰ ਪੂਰਾ ਜਨਮ ਜਨਮ ਦਾ ਪੂਰਾ ਕਰੇ ਘਾਟਿਆ, ਦੇਵਣਹਾਰਾ ਜੀਆ ਦਾਨ। ਗੁਰਮੁਖ ਗੁਰਸਿਖ ਗੁਰ ਗੁਰ ਸੋਵੇ ਆਤਮ ਸੇਜਾ ਸਾਚੀ ਖਾਟਿਆ, ਘਰ ਵਸਦਾ ਰਹੇ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਇਕੇਲਾ ਹੋਇਆ ਰਹੇ ਨਿਗਹਬਾਨ।
