Granth 09 Likhat 113: 7 Jeth 2017 Bikarmi Bela Singh Jagat Singh de Ghar Pind Dhingali Jila Jammu

੭ ਜੇਠ ੨੦੧੭ ਬਿਕ੍ਰਮੀ ਬੇਲਾ ਸਿੰਘ ਜਗਤ ਸਿੰਘ ਦੇ ਘਰ ਪਿੰਡ ਧਿੰਗਾਲੀ ਜ਼ਿਲਾ ਜੰਮੂ

ਹਰਿ ਸੰਗਤ ਰੋਗ ਮਿਟਾਵਣਾ, ਦੁੱਖ ਦਲਿਦਰ ਦਏ ਗਵਾਏ। ਘਰ ਘਰ ਸੋਗ ਨਾ ਕਿਸੇ ਮਨਾਵਣਾ, ਸਾਚਾ ਸੁੱਖ ਇਕ ਉਪਜਾਏ। ਏਕਾ ਸਾਚੀ ਚੋਗ ਚੁਗਾਵਣਾ, ਸੋਹੰ ਰਸਨਾ ਹਰਿ ਹਰਿ ਗਾਏ। ਦਰਸ ਅਮੋਘ ਆਪ ਕਰਾਵਣਾ, ਆਪ ਆਪਣਾ ਪਰਦਾ ਦਏ ਉਠਾਏ। ਸਾਚਾ ਜੋਗ ਇਕ ਵਖਾਵਣਾ, ਹਰਿ ਸਰਨ ਸੱਚੀ ਸਰਨਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿ਼ਤ ਮੇਘ ਇਕ ਬਰਸਾਏ। ਅੰਮ੍ਰਿਤ ਮੇਘ ਸੁਹਾਵਣਾ, ਹਰਿ ਸੰਗਤ ਮੁਖ ਚੁਆਇੰਦਾ। ਕਾਇਆ ਦੁਖੜਾ ਸਰਬ ਮਿਟਾਵਣਾ, ਆਪ ਆਪਣੀ ਦਇਆ ਕਮਾਇੰਦਾ। ਏਕਾ ਸ਼ਬਦ ਤਨ ਸ਼ਿੰਗਾਰ ਕਰਾਵਣਾ, ਦੂਈ ਦਵੈਤੀ ਪਰਦਾ ਲਾਹਿੰਦਾ। ਫੜ ਫੜ ਕਾਗ ਹੰਸ ਬਨਾਵਣਾ, ਸੋਹੰ ਸਾਚੀ ਚੋਗ ਚੁਗਾਇੰਦਾ। ਲੋਕਮਾਤ ਦਾਗ ਧਵਾਵਣਾ, ਆਪਣੀ ਸੇਵਾ ਆਪ ਕਮਾਇੰਦਾ। ਸ਼ਬਦ ਜੈਕਾਰਾ ਏਕਾ ਗਾਵਣਾ, ਸਾਚੀ ਸਿਖਿਆ ਆਪ ਸਿਖਾਇੰਦਾ। ਪਦ ਨਿਰਬਾਣਾ ਏਕਾ ਪਾਵਣਾ, ਘਰ ਸਾਚਾ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਤੇਰਾ ਆਤਮ ਮਹੱਲਾ, ਪ੍ਰਭ ਅਬਿਨਾਸ਼ੀ ਆਪ ਵਸਾਈਆ। ਆਪੇ ਫੜੇ ਤੇਰਾ ਪੱਲਾ, ਆਪਣਾ ਪੱਲੂ ਹੱਥ ਵਖਾਈਆ। ਤੇਰੀ ਜੋਤੀ ਆਪੇ ਰਲਾ, ਆਪਣੀ ਜੋਤ ਕਰ ਰੁਸ਼ਨਾਈਆ। ਤੇਰੀ ਜੋਤੀ ਆਪੇ ਖਲਾ, ਆਪ ਆਪਣੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਸਾਚੇ ਘਰ, ਜਨਮ ਮਰਨ ਕਟਾਇੰਦਾ। ਦੁੱਖ ਦਲਿਦਰ ਦੇਵੇ ਹਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜੋ ਜਨ ਸਰਨਾਈ ਆਏ ਚਲ, ਨੇਹਚਲ ਧਾਮ ਆਪ ਬਹਾਇੰਦਾ। ਜੋ ਹਰਿ ਸੰਗਤ ਵਿਚ ਗਿਆ ਰਲ, ਮਾਤ ਗਰਭ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁੱਖ ਇਕ ਵਖਾਇੰਦਾ। ਸਾਚਾ ਸੁੱਖ ਗੁਰ ਚਰਨ ਦਵਾਰ, ਚਿੰਤਾ ਰੋਗ ਰਹਿਣ ਨਾ ਪਾਈਆ। ਉਜਲ ਮੁਖ ਵਿਚ ਸੰਸਾਰ, ਦੋਏ ਨੈਣ ਦਰਸ ਦਰਸ ਕਰ ਤ੍ਰਿਪਤਾਈਆ। ਕਰੇ ਸੁਫਲ ਕੁੱਖ਼ ਆਪ ਨਿਰੰਕਾਰ, ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲ ਮਿਲਾਵਾ ਭੈਣਾਂ ਭਾਈਆ। ਭੈਣਾਂ ਭਾਈਂਆਂ ਸੱਚਾ ਨਾਤਾ, ਹਰਿ ਸੱਚਾ ਜੋੜ ਜੁੜਾਇੰਦਾ। ਨਾਰੀ ਕੰਤ ਇਕ ਪਛਾਤਾ, ਦੂਸਰ ਨੈਣ ਨਾ ਕੋਇ ਉਠਾਇੰਦਾ। ਗੁਰਮੁਖ ਨਿਉਂ ਨਿਉਂ ਤੱਕੇ ਜਿਉਂ ਲਛਮਣ ਸੀਤਾ ਮਾਤਾ, ਸਤਿ ਨਤ ਹਰਿ ਹਰਿ ਮਤ ਇਕ ਵਖਾਇੰਦਾ। ਜੋ ਜਨ ਭੁੱਲੇ ਹਰਿ ਕੀ ਗਾਥਾ, ਜੂਨ ਅਜੂਨੀ ਆਪ ਭਵਾਇੰਦਾ। ਪੂਰਾ ਕਰੇ ਨਾ ਕੋਈ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਆਪ ਵਡਿਆਇੰਦਾ। ਹਰਿ ਸੰਗਤ ਤੇਰਾ ਸਚ ਪਿਆਰ, ਸਚ ਸਾਚਾ ਆਪ ਬੰਧਾਈਆ। ਤੇਰਾ ਘਰ ਤੇਰਾ ਦਰਬਾਰ, ਤੇਰੇ ਦਰ ਵੱਜੀ ਵਧਾਈਆ। ਤੇਰਾ ਸ਼ਬਦ ਤੇਰਾ ਜੈਕਾਰ, ਤੇਰੀ ਝੋਲੀ ਪਾਈਆ। ਤੇਰਾ ਨਾਮ ਤੇਰਾ ਭੰਡਾਰ, ਤੇਰਾ ਤੇਰੇ ਦਰ ਵਰਤਾਈਆ। ਤੇਰਾ ਦੁੱਖ ਦਲਿਦਰ ਦਏ ਨਿਵਾਰ, ਦੂਤੀ ਦੁਸ਼ਟ ਕੋਈ ਤੇਰਾ ਰਹਿਣ ਨਾ ਪਾਈਆ। ਤੇਰੇ ਉਤੇ ਕਰੇੇ ਨਾ ਕੋਈ ਵਾਰ, ਤੇਰੀ ਰੱਖਿਆ ਕਰੇ ਆਪ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦੇਵੇ ਆਪ ਸਫਾਈਆ। ਹਰਿ ਸੰਗਤ ਤੇਰਾ ਤੋੜ ਜੰਜਾਲ, ਦੁੱਖ ਆਪਣੀ ਝੋਲੀ ਪਾਇੰਦਾ। ਤੇਰੀ ਪ੍ਰੀਤੀ ਨਿਭੇ ਨਾਲ, ਚਰਨ ਕਵਲ ਕਵਲ ਚਰਨ ਆਪ ਜੁੜਾਇੰਦਾ। ਤੇਰਾ ਪਿਆਰ ਸਾਚੀ ਢਾਲ, ਆਪਣੇ ਹੱਥ ਰਖਾਇੰਦਾ। ਤੇਰਾ ਦਰਦ ਵੰਡੇ ਦੀਨ ਦਿਆਲ, ਦੀਨਾਂ ਨਾਥਾ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਪੈਜ ਸੁਆਰ, ਖ਼ੁਸ਼ੀ ਕਰਾਵੇ ਨਰ ਨਾਰ, ਬਿਰਧ ਬਾਲ ਜਵਾਨ ਆਪ ਤਰਾਇੰਦਾ। ਬਿਰਧ ਬਾਲ ਜਾਏ ਤਰ, ਜਿਸ ਦਰਸ਼ਨ ਹਰਿ ਹਰਿ ਪਾਇਆ। ਜਾਦੂ ਜੜੀ ਜਿਨ ਭੂਤ ਨਾ ਦੇਵੇ ਕੋਈ ਡਰ, ਜਿਸ ਜਨ ਸੋਹੰ ਰਸਨਾ ਗਾਇਆ। ਹਰਿ ਸੰਗਤ ਦੇਵੇ ਸਾਚਾ ਵਰ, ਪੁਰਖ ਅਬਿਨਾਸ਼ੀ ਇਹ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸ਼ਬਦ ਵਿਚ ਟਿਕਾਇਆ। ਹਰਿ ਸੰਗਤ ਤੇਰਾ ਰੱਖੇ ਮਾਣ, ਮਾਣ ਅਭਿਮਾਨਾ ਦਏ ਗਵਾਈਆ। ਆਪਣਾ ਵਖਾਏ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਈਆ। ਆਪੇ ਪਾਏ ਆਪਣੀ ਆਣ, ਆਪਣਾ ਹੁਕਮ ਆਪ ਸੁਣਾਈਆ। ਗੁਰਮੁਖ ਸੁਣਨਾ ਲਾ ਲਾ ਕਾਨ, ਚਰਨ ਕਵਲ ਧਿਆਨ ਵਡ ਵਡਿਆਈਆ। ਤੇਰੀ ਪਾਹਨ ਕਰੇ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੰਗਤ ਸਾਚਾ ਮਾਣ ਦਵੌਣਾ, ਬਾਲ ਬਾਲੇ ਆਪ ਉਠਾਇੰਦਾ। ਏਕਾ ਡੰਡਾ ਹੱਥ ਫੜੌਣਾ, ਨਾਮ ਖੰਡਾ ਆਪ ਚਮਕਾਇੰਦਾ। ਟੂਣਾ ਜਾਦੂ ਸਰਬ ਮਿਟੌਣਾ, ਲਿਖ ਲਿਖ ਜਾਮ ਨਾ ਕੋਇ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਧਰਾਇੰਦਾ। ਗੁਰਸਿਖ ਤੇਰੇ ਪੈਰ ਜੁੱਤੀ ਚੰਮ, ਭੂਤ ਪ੍ਰੇਤਾਂ ਸਿਰ ਲਗਾਈਆ। ਤੇਰੇ ਦਵਾਰੇ ਕੋਈ ਚੇਲਾ ਲੈ ਨਾ ਸਕੇ ਦਮ, ਜੋ ਆਏ ਜਾਏ ਕੁਰਲਾਈਆ। ਤੇਰਾ ਮੇਟੇ ਜਗਤ ਗਮ, ਆਪਣੀ ਰੰਗਣ ਇਕ ਚੜ੍ਹਾਈਆ। ਤੇਰਾ ਬੇੜਾ ਦੇਵੇ ਬੰਨ੍ਹ, ਸਿਰ ਆਪਣੇ ਭਾਰ ਉਠਾਈਆ। ਤੇਰੀ ਸੋਹੇ ਛੱਪਰੀ ਛੰਨ, ਮਹੱਲ ਅਟੱਲ ਦੇਵੇ ਢਾਈਆ। ਗ਼ਰੀਬ ਨਿਮਾਣਿਆਂ ਅੰਦਰ ਗਿਆ ਰਲ, ਔਂਦਾ ਜਾਂਦਾ ਦਿਸ ਨਾ ਆਈਆ। ਸਚ ਸਿੰਘਾਸਣ ਬੈਠਾ ਮਲ, ਮਨਮੁਖਾਂ ਦਿਸ ਨਾ ਆਈਆ। ਅੰਦਰ ਬੈਠਾ ਵਜਾਏ ਟੱਲ, ਮੰਦਰ ਦਵਾਰਾ ਇਕ ਸੁਹਾਈਆ। ਪੰਡਤ ਪਾਂਧੇ ਭੁਲਾਏ ਕਰ ਕਰ ਵਲ ਛਲ, ਨੇਤਰ ਨੈਣਾਂ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਵੜਿਆ ਗੁਰਸਿਖਾਂ ਦੀ ਸਾਚੀ ਝੱਲ, ਆਪ ਆਪਣਾ ਮੁਖ ਛੁਪਾਈਆ। ਧੁਰਦਰਗਾਹੀ ਲੈ ਕੇ ਆਇਆ ਸਾਚਾ ਫਲ, ਹਰਿ ਸੰਗਤ ਆਪ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਏਕਾ ਤੰਦਨ ਨਾਮ ਬੰਧਾਈਆ। ਤੀਨੋਂ ਤੰਦ ਬੰਧੇ ਬੰਨ੍ਹ, ਆਪ ਆਪਣਾ ਬੰਧਨ ਪਾਇੰਦਾ। ਘਰ ਘਰ ਚੜ੍ਹੇ ਨੌਚੰਦੀ ਸਾਚਾ ਚੰਦ, ਨੌ ਗ੍ਰਹਿ ਨਾ ਕੋਇ ਵਖਾਇੰਦਾ। ਬਾਰਾਂ ਰਾਸੀ ਮੁਕਾਏ ਪੰਧ, ਬੰਦ ਖਲਾਸੀ ਆਪ ਕਰਾਇੰਦਾ। ਗੀਤ ਸੁਣਾਏ ਸਾਚਾ ਛੰਦ, ਸਾਚਾ ਢੋਲਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਘਰ ਘਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਵੇਖੇ ਆਪਣੇ ਨੇਤਰ, ਨਿਜ ਨੇਤਰ ਆਪ ਖੁਲ੍ਹਾਈਆ। ਲੱਖ ਚੁਰਾਸੀ ਵੜਿਆ ਖੇਤਰ, ਸਾਚਾ ਮਾਲੀ ਫੇਰਾ ਪਾਈਆ। ਭਾਗ ਲਗਾਇਆ ਪਹਿਲੀ ਚੇਤਰ, ਸੀਸ ਜਗਦੀਸ਼ ਆਪ ਟਿਕਾਈਆ। ਕਲਜੁਗ ਅੱਗੇ ਧਰਿਆ ਏਕਾ , ਸੁੱਧ ਬੁੱਧ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਾਚਾ ਸੰਗ ਰਖਾਈਆ। ਸਾਚਾ ਸੰਗ ਸਗਲਾ ਸਾਥ, ਸਤਿਗੁਰ ਪੂਰਾ ਆਪ ਰਖਾਇੰਦਾ। ਸਗਲ ਵਸੂਰੇ ਜਾਣ ਲਾਥ, ਜੋ ਜਨ ਹਰਿ ਹਰਿ ਦਰਸ਼ਨ ਪਾਇੰਦਾ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਿਦਾਸ ਚੁਮਾਰਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਸਚ ਦਰਗਹਿ, ਪੁਰਖ ਅਬਿਨਾਸ਼ੀ ਇਕ ਮਲਾਹ, ਏਕਓਅੰਕਾਰਾ ਜਪਾਏ ਆਪਣਾ ਨਾਂ, ਨਰ ਨਿਰੰਕਾਰਾ ਆਪ ਧਰਾਇੰਦਾ। ਨਾਮ ਨਿਰੰਕਾਰਾ ਨਿਰਗੁਣ ਧਾਰ, ਨਿਰਾਕਾਰ ਆਪ ਚਲਾਈਆ। ਹਰਿ ਸੰਗਤ ਪੈਜ ਜਾਏ ਸਵਾਰ, ਜੀਵਣ ਮਰਨ ਏਕਾ ਰੰਗ ਵਖਾਈਆ। ਗੁਰਮੁਖ ਗੁਰਸਿਖ ਨਾ ਰੋਏ ਧਾਂਹ ਮਾਰ, ਧੀਰਜ ਧੀਰ ਧਰਤ ਧਵਲ ਆਪ ਜਣਾਈਆ। ਸਤਿਗੁਰ ਪੂਰਾ ਅੰਮ੍ਰਿਤ ਬਖ਼ਸ਼ ਠੰਡੀ ਠਾਰ, ਸਾਂਤਕ ਸਤਿ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਏਕਾ ਦਰ, ਘਰ ਸਾਚੇ ਆਪ ਕਰਾਈਆ। ਹਰਿ ਸੰਗਤ ਤੇਰੀ ਸਚ ਪਰਭਾਤ, ਸਤਿਗੁਰ ਪੂਰਾ ਆਪ ਵਖਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਰੈਣ ਅੰਧੇਰੀ ਨਾ ਕੋਇ ਵਖਾਇੰਦਾ। ਸਾਹਿਬ ਸੱਚਾ ਸਦ ਵਸਿਆ ਇਕ ਇਕਾਂਤ, ਇਕ ਇਕੱਲਾ ਖੇਲ ਖਿਲਾਇੰਦਾ। ਦਾਤਾ ਦੇਵੇ ਦਾਨੀ ਦਾਤ, ਸਚ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਚਾੜ੍ਹੇ ਨਾਮ ਰੰਗ, ਦੂਜਾ ਦਰ ਨਾ ਲਏ ਮੰਗ, ਏਕਾ ਭਿਛਿਆ ਝੋਲੀ ਪਾਇੰਦਾ। ਏਕਾ ਭਿਛਿਆ ਪੁਰਖ ਸੁਲਤਾਨ, ਹਰਿਜਨ ਝੋਲੀ ਪਾਈਆ। ਉਪਜੇ ਅੰਤਰ ਇਕ ਗਿਆਨ, ਗਿਆਨ ਗੋਝ ਆਪ ਵਖਾਈਆ। ਲੇਖਾ ਚੁੱਕੇ ਪਵਣ ਮਸਾਣ, ਪਵਣ ਪਵਣੀ ਦਏ ਭਵਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਫੇਰਾ ਪਾਈਆ। ਗੁਰਮੁਖ ਨਾ ਹੋਏ ਕਦੇ ਉਦਾਸ, ਸਤਿ ਸੰਤੋਖ ਗਿਆਨ ਏਕਾ ਇਕ ਦ੍ਰਿੜਾਈਆ। ਆਪਣੇ ਅੰਦਰ ਆਪੇ ਕਰੇ ਵਾਸ, ਸੁਰਤ ਸ਼ਬਦ ਮੇਲ ਮਿਲਾਈਆ। ਲੇਖਾ ਟੁੱਟੇ ਜੰਗਲ ਜੂਹ ਉਜਾੜ ਪਹਾੜ ਭਰਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਵਾਰੇ ਆਪੇ ਖੜ, ਆਪਣਾ ਰੂਪ ਲਏ ਪਰਗਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਪਾਹਨੀ ਕਰੇ ਬਲਵਾਨ, ਵਿਚ ਛੰਬ ਸਚ ਨਿਸ਼ਾਨ, ਜਿਨ ਖ਼ਬੀਸ ਰਹਿਣ ਨਾ ਪਾਈਆ।