Granth 09 Likhat 121: 9 Jeth 2017 Bikarmi Gian Chand de Ghar Pind Tootan Wali Jila Jammu

੯ ਜੇਠ ੨੦੧੭ ਬਿਕ੍ਰਮੀ ਗਿਆਨ ਚੰਦ ਦੇ ਘਰ ਪਿੰਡ ਤੂਤਾਂ ਵਾਲੀ ਜ਼ਿਲਾ ਜੰਮੂ

ਹਰਿ ਗੋਬਿੰਦ ਖੇਲ ਅਪਾਰਾ, ਪੂਰਬ ਵੇਖ ਵਖਾਈਆ। ਪੰਖੀ ਉਕਾਬ ਨਦੀ ਕਿਨਾਰਾ, ਬੈਠਾ ਆਸਣ ਲਾਈਆ। ਚਰਨ ਰਕਾਬ ਸਤਿਗੁਰ ਅਸਵਾਰਾ, ਦੋਏ ਨੈਣ ਵੇਖੇ ਇਕ ਉਠਾਈਆ। ਮਨ ਉਪਜਿਆ ਚਾਓ ਦਰਸ ਨਿਆਰਾ, ਧੰਨ ਮਾਣਸ ਜੋ ਦਰਸ਼ਨ ਰਹੇ ਪਾਈਆ। ਨਿਰਗੁਣ ਪਰਗਟੀ ਅੰਦਰ ਨਿਰਗੁਣ ਧਾਰਾ, ਨਿਰਗੁਣ ਬੂਝ ਬੁਝਾਈਆ। ਸਤਿਗੁਰ ਸਾਹਿਬ ਸੁਲਤਾਨ ਪਾਵੇ ਸਾਰਾ, ਘਟ ਘਟ ਅੰਤਰ ਵੇਖ ਵਖਾਈਆ। ਦੇਵੇ ਹੁਕਮ ਸੱਚੀ ਸਰਕਾਰਾ, ਸ਼ਬਦੀ ਸ਼ਬਦ ਕਰੇ ਜਣਾਈਆ। ਤੇਰਾ ਜਨਮ ਹੋਏ ਵਿਚ ਸੰਸਾਰਾ, ਮਾਣਸ ਸਾਚਾ ਰੂਪ ਵਟਾਈਆ। ਨਿਰਗੁਣ ਆਏ ਹੋ ਉਜਿਆਰਾ, ਤੇਰਾ ਲੇਖਾ ਦਏ ਮੁਕਾਈਆ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰਾ, ਸਤਲੁਜ ਲੇਖਾ ਦਏ ਮੁਕਾਈਆ। ਕੰਢੀ ਢਾਬ ਦਏ ਸਹਾਰਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਦੇਵੇ ਨਾਮ ਸ਼ਬਦ ਆਧਾਰਾ, ਜੀਵਣ ਜੁਗਤ ਇਕ ਸਿਖਾਈਆ। ਸੋਹੰ ਸ਼ਬਦ ਸਚ ਪਿਆਰਾ, ਗੁਰ ਸਤਿਗੁਰ ਵਿਚ ਮਿਲਾਈਆ। ਤੇਰੀ ਆਸਾ ਤ੍ਰਿਸ਼ਨਾ ਬਣੇ ਜਗਤ ਸਹਾਰਾ, ਤੇਰਾ ਲੇਖਾ ਵੇਖ ਵਖਾਈਆ। ਪੰਖੀ ਨਿਉਂ ਨਿਉਂ ਕਰੇ ਨਿਮਸਕਾਰਾ, ਅੰਦਰੇ ਅੰਦਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲਹਿਣਾ ਰਿਹਾ ਮੁਕਾਈਆ।