੬ ਜੇਠ ੨੦੧੭ ਬਿਕ੍ਰਮੀ ਰਾਮ ਚੰਦ ਦੇ ਘਰ ਪਿੰਡ ਦੇਵਾ ਜ਼ਿਲਾ ਜੰਮੂ
ਏਕੰਕਾਰ ਅਕਲ ਕਲ ਧਾਰ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਨਿਰਗੁਣ ਰੂਪ ਅਗੰਮ ਅਪਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਸਚਖੰਡ ਸੁਹਾਏ ਬੰਕ ਦਵਾਰ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਹਰਿ ਭਗਵਾਨ, ਆਪਣੀ ਰਚਨਾ ਆਪ ਰਚਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਰੂਪ ਅਨੂਪ ਆਪ ਵਟਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਲੋਕਮਾਤ ਆਪ ਸੁਣਾਈਆ। ਲੱਖ ਚੁਰਾਸੀ ਇਕ ਗਿਆਨ, ਆਤਮ ਅੰਤਰ ਬੂਝ ਬੁਝਾਈਆ। ਹਰਿ ਸੰਤਾਂ ਦੇਵੇ ਸਾਚਾ ਮਾਣ, ਭਗਤਨ ਮੇਲਾ ਸਹਿਜ ਸੁਭਾਈਆ। ਇਕ ਵਖਾਏ ਸਚ ਮਕਾਨ, ਕਾਇਆ ਮੰਦਰ ਗੜ੍ਹ ਬਣਾਈਆ। ਦੀਪਕ ਜੋਤ ਜਗੇ ਮਹਾਨ, ਬਿਮਲ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵਡ ਵਡਿਆਈਆ। ਜੁਗ ਕਰਤਾ ਹਰੀ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਲੱਖ ਚੁਰਾਸੀ ਬਣਾਏ ਬਣਤ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਲੇਖਾ ਜਾਣੇ ਆਦਿ ਅੰਤ, ਆਪਣਾ ਗੇੜਾ ਆਪ ਦਵਾਈਆ। ਹਰਿਜਨ ਉਪਜਾਏ ਸਾਚੇ ਸੰਤ, ਸਾਧਨ ਸਿਧ ਆਪ ਤਰਾਈਆ। ਆਪ ਜਪਾਏ ਆਪਣਾ ਮੰਤ, ਨਿਸ਼ਅੱਖਰ ਕਰੇ ਪੜ੍ਹਾਈਆ। ਅਜੂਨੀ ਰਹਿਤ ਸਾਚਾ ਕੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੇਖਾ ਆਪ ਚੁਕਾਈਆ। ਜੁਗ ਜੁਗ ਲੇਖਾ ਹਰਿ ਮਿਹਰਵਾਨ, ਲੱਖ ਚੁਰਾਸੀ ਆਪ ਚੁਕਾਇੰਦਾ। ਹਰਿ ਭਗਤਨ ਦੇਵੇ ਬ੍ਰਹਮ ਗਿਆਨ, ਆਤਮ ਵਿਦਿਆ ਆਪ ਪੜ੍ਹਾਇੰਦਾ। ਸਾਚਾ ਦੇਵੇ ਸ਼ਬਦ ਨਿਸ਼ਾਨ, ਦਰ ਘਰ ਸਾਚੇ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਏਕਾ ਪਾਏ ਆਣ, ਏਕਾ ਹੁਕਮ ਸੁਣਾਇੰਦਾ। ਸ਼ਾਹੋ ਭੂਪ ਵਾਲੀ ਦੋ ਜਹਾਨ, ਰਾਜ ਰਾਜਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਤ੍ਰੇਤਾ ਮਾਤ ਹੰਢਾਇਆ, ਦੁਆਪਰ ਆਪਣੀ ਖੇਲ ਖਿਲਾਈਆ। ਨਿਰਗੁਣ ਸਰਗੁਣ ਵੇਸ ਵਟਾਇਆ, ਲੋਕਮਾਤ ਕਰ ਰੁਸ਼ਨਾਈਆ। ਭਗਤ ਵਛਲ ਹਰਿ ਨਾਉਂ ਧਰਾਇਆ, ਆਪਣਾ ਬਿਰਦ ਆਪ ਧਰਾਈਆ। ਏਕਾ ਨਈਆ ਨਾਮ ਚਲਾਇਆ, ਹਰਿਜਨ ਸਾਚੇ ਲਏ ਚੜ੍ਹਾਈਆ। ਸਾਚਾ ਸਈਆ ਬਣ ਕੇ ਆਇਆ, ਰਾਮ ਰਾਮਾ ਵਡ ਵਡਿਆਈਆ। ਏਕਾ ਘਨਈਆ ਰੂਪ ਵਟਾਇਆ, ਮੁਕੰਦ ਮਨੋਹਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਮੀਤੜਾ, ਹਰਿ ਹਰਿ ਆਪ ਜਣਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਰੰਗ ਰੰਗੀਲਾ ਆਪ ਅਖਵਾਇੰਦਾ। ਏਕਾ ਨਾਮ ਵਖਾਏ ਸਚ ਅਨਡੀਠੜਾ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਪਤਿਤ ਪਾਪੀ ਕਰੇ ਪੁਨੀਤੜਾ, ਪਤਿਤ ਪਾਪੀ ਆਪ ਤਰਾਇੰਦਾ। ਜੁਗ ਜੁਗ ਚਲਾਏ ਆਪਣੀ ਰੀਤੜਾ, ਸਤਿਗੁਰ ਸਾਚੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਵਸਤ ਨਾ ਕਿਸੇ ਪਾਸ, ਜੀਵ ਜੰਤ ਰਹੇ ਕੁਰਲਾਈਆ। ਤ੍ਰੈਗੁਣ ਮਾਇਆ ਬੱਧਾ ਨਾਤ, ਪੰਚ ਵਿਕਾਰ ਰਿਹਾ ਕੁਰਲਾਈਆ। ਸਾਚਾ ਸੰਗ ਨਾ ਦਿਸੇ ਸਾਥ, ਸਗਲਾ ਸੰਗ ਨਾ ਕੋਈ ਨਿਭਾਈਆ। ਦਿਸ ਨਾ ਆਏ ਤ੍ਰਲੋਕੀ ਨਾਥ, ਤੀਨ ਲੋਕ ਪਈ ਦੁਹਾਈਆ। ਰਸਨਾ ਜਿਹਵਾ ਚੁੱਕਿਆ ਪੂਜਾ ਪਾਠ, ਪੜ੍ਹ ਪੜ੍ਹ ਅੱਖਰ ਜਗਤ ਪੜ੍ਹਾਈਆ। ਕੋਈ ਨਾ ਨੁਹਾਵੇ ਸਾਚਾ ਘਾਟ, ਅਠਸਠ ਤੀਰਥ ਨੇਤਰ ਨੀਰ ਰਹੇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਖੇਲ ਬੇਪਰਵਾਹੀਆ। ਕਲਜੁਗ ਵੇਲਾ ਅੰਤਮ ਆਇਆ, ਉਚੀ ਕੂਕੇ ਦਏ ਦੁਹਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ, ਲੋਕਮਾਤ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਦਏ ਹਿਲਾਇਆ, ਸੱਤਾਂ ਦੀਪਾਂ ਆਪ ਜਗਾਈਆ। ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾਇਆ, ਸੀਸ ਤਾਜ ਨਾ ਕੋਈ ਟਿਕਾਈਆ। ਸ਼ਾਹ ਨਵਾਬ ਕੋਈ ਰਹਿਣ ਨਾ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਖੇਲ ਅਗੰਮ ਅਪਾਰ, ਏਕੰਕਾਰਾ ਆਪ ਅਖਵਾਈਆ। ਏਕ ਏਕੰਕਾਰਾ ਇਕ ਇਕੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਵੇਖਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਇੰਦਾ। ਸਚ ਸੰਦੇਸ਼ ਨਰ ਨਰੇਸ਼ ਨਰ ਨਰਾਇਣ ਏਕਾ ਘੱਲਾ, ਸ਼ਬਦੀ ਸ਼ਬਦ ਆਪ ਸੁਣਾਇੰਦਾ। ਗੁਰਮੁਖ ਵਿਰਲੇ ਫੜਾਏ ਏਕਾ ਪੱਲਾ, ਹਰਿਜਨ ਸੋਇਆ ਆਪ ਉਠਾਇੰਦਾ। ਭਗਤਾਂ ਅੰਦਰ ਭਗਤੀ ਰਲਾ, ਭਗਵਨ ਆਪਣਾ ਦਰਸ ਦਿਖਾਇੰਦਾ। ਆਪ ਭੁਲਾਏ ਕਰ ਵਲ ਛਲਾ, ਬਾਵਨ ਭੇਖ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਅਪਾਰ, ਕਰੇ ਕਰਾਏ ਹਰਿ ਨਿਰੰਕਾਰ, ਨਿਰਗੁਣ ਸਰਗੁਣ ਦੋਵੇਂ ਧਾਰ, ਸਾਚੀ ਧਾਰਾ ਆਪ ਵਖਾਇੰਦਾ। ਸਾਚੀ ਧਾਰ ਹਰਿ ਭਗਵੰਤ, ਲੋਕਮਾਤ ਚਲਾਈਆ। ਲੇਖਾ ਜਾਣੇ ਜੀਵ ਜੰਤ, ਚਾਰੇ ਕੁੰਟ ਵੇਖ ਵਖਾਈਆ। ਤੋੜਣਹਾਰਾ ਗੜ੍ਹ ਹਉਂਮੇ ਹੰਗਤ, ਜਿਉਂ ਰਾਮਾ ਰਾਵਣ ਘਾਈਆ । ਲੇਖਾ ਜਾਣੇ ਸਾਚੇ ਸੰਤ, ਸਤਿ ਸਤਿਵਾਦੀ ਬੇਪਰਵਾਹੀਆ। ਨਾਰ ਦੁਹਾਗਣ ਵੇਖੇ ਕੰਤ, ਜੋ ਹਰਿ ਹਰਿ ਰਹੇ ਧਿਆਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸਾਚੇ ਸੱਜਣ ਮੀਤ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਜੁਗਾਂ ਜੁਗਾਂ ਦੀ ਸਾਚੀ ਰੀਤ, ਸਤਿਗੁਰ ਸਾਚਾ ਆਪ ਨਿਭਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਨਾ ਕੋਈ ਵਖਾਇੰਦਾ। ਆਪੇ ਕਰੇ ਕਾਇਆ ਠੰਡੀ ਸੀਤ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਣ ਆਪਣਾ ਨਾਉਂ ਧਰਾਇੰਦਾ। ਮਾਨਸ ਜਨਮ ਹਰਿ ਭਗਤ ਜਾਏ ਜੀਤ, ਲੱਖ ਚੁਰਾਸੀ ਫੰਦ ਕਟਾਇੰਦਾ । ਏਕਾ ਗਾਏ ਗੋਬਿੰਦ ਗੀਤ, ਗੀਤ ਗੋਬਿੰਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਨਿਆਰਾ, ਕਰੇ ਕਰਾਏ ਕਰਨੇਹਾਰਾ, ਦੋ ਜਹਾਨਾਂ ਆਪ ਕਰਾਇੰਦਾ। ਦੋ ਜਹਾਨਾ ਧੁਰ ਫ਼ਰਮਾਣ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਬ੍ਰਹਮਾ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਵਿਸ਼ਨੂੰ ਦੇਵੇ ਸਾਚਾ ਮਾਣ, ਆਪ ਆਪਣੇ ਰੰਗ ਰੰਗਾਇੰਦਾ। ਸ਼ੰਕਰ ਕਰੇ ਦਰ ਪਰਵਾਨ, ਦਰ ਦਰਵੇਸ਼ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਮੇਟੇ ਕੂੜ ਕੁੜਿਆਰਾ, ਨੌ ਨੌ ਦਏ ਸ਼ਬਦ ਹੁਲਾਰਾ, ਸਤ ਸਤ ਕਰੇ ਪਾਰ ਕਿਨਾਰਾ, ਬ੍ਰਹਮ ਮਤ ਆਪ ਸਮਝਾਇੰਦਾ। ਬ੍ਰਹਮ ਮਤ ਦੇਵੇ ਸਾਚਾ ਇਸ਼ਟ, ਆਤਮ ਦ੍ਰਿਸ਼ਟ ਆਪ ਖੁਲ੍ਹਾਈਆ। ਲੇਖਾ ਜਾਣੇ ਸਰਬ ਸ੍ਰਿਸ਼ਟ, ਸਾਖਯਾਤ ਰੂਪ ਵਟਾਈਆ। ਭੇਵ ਚੁਕਾਏ ਰਾਮਾ ਵਸ਼ਿਸ਼ਟ, ਰੂਪ ਅਨੂਪ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਰੋਗ ਸੋਗ ਚਿੰਤ ਗਵਾਈਆ। ਰੋਗ ਸੋਗ ਮਿਟੇ ਦੁੱਖ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੋਕਮਾਤ ਕਰਾਏ ਉਜਲ ਮੁਖ, ਦੁਰਮਤ ਮੈਲ ਆਪ ਧਵਾਇੰਦਾ। ਕਰੇ ਕਰਾਏ ਹਰਿ ਰਘੁਰਾਏ ਇਕ ਉਪਜਾਏ ਸਾਚਾ ਸੁੱਖ, ਸਾਂਤਕ ਸਤਿ ਸਤਿ ਆਪ ਵਖਾਇੰਦਾ। ਕਰ ਦਰਸ ਨੇਤਰ ਨੈਣ ਜਗਤ ਤ੍ਰਿਸ਼ਨਾ ਮਿਟੇ ਭੁੱਖ, ਆਤਮ ਤ੍ਰਿਪਤ ਆਪ ਵਖਾਇੰਦਾ। ਧੁਰ ਦਾ ਲੇਖਾ ਦਏ ਲਿਖ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਹਰਿ ਆਪਣਾ ਨਾਮ ਦ੍ਰਿੜਾਇੰਦਾ। ਸਾਚਾ ਮੰਤਰ ਸ਼ਬਦ ਗਿਆਨ, ਗੁਰਮਤ ਗੁਰ ਆਪ ਜਣਾਈਆ। ਜਨ ਭਗਤਾਂ ਬਖ਼ਸ਼ੇ ਇਕ ਧਿਆਨ, ਲਿਵ ਅੰਤਰ ਆਪ ਲਗਾਈਆ। ਇਕ ਸੁਣਾਏ ਰਾਗ ਕਾਨ, ਛੱਤੀ ਰਾਗ ਭੇਵ ਨਾ ਰਾਈਆ। ਨੇੜ ਨਾ ਆਏ ਪਵਣ ਮਸਾਣ, ਜਿਸ ਦਰਸ਼ਨ ਪਾਇਆ ਸਾਚੇ ਮਾਹੀਆ। ਘਰ ਕਰੇ ਪਰਕਾਸ਼ ਕੋਟਨ ਭਾਨ, ਜੋਤ ਨਿਰੰਜਣ ਕਰ ਰੁਸ਼ਨਾਈਆ। ਨਾਮ ਵਖਾਏ ਸਾਚੀ ਖਾਣ, ਘਰ ਘਰ ਵਿਚ ਆਪ ਟਿਕਾਈਆ। ਸਰਬ ਜੀਆਂ ਦਾ ਜਾਣੀ ਜਾਣ, ਸਾਚੇ ਮੰਦਰ ਅੰਦਰ ਬੈਠਾ ਆਸਣ ਲਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਸਾਚੇ ਲਏ ਪਛਾਣ, ਪੂਰਬ ਲਹਿਣਾ ਵੇਖ ਵਖਾਈਆ। ਏਕਾ ਦੇਵੇ ਨਾਮ ਨਿਧਾਨ, ਨਿਝ ਨੇਤਰ ਆਪ ਖੁਲ੍ਹਾਈਆ। ਚੌਥੇ ਪਦ ਕਰ ਪਰਵਾਨ, ਪਰਮ ਪੁਰਖ ਮੇਲ ਮਿਲਾਈਆ। ਪੰਚਮ ਵਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵੇਲਾ, ਏਕਾ ਬਣੇ ਸੱਜਣ ਸੁਹੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ। ਗੁਰ ਚੇਲਾ ਹਰਿ ਨਰਾਇਣ, ਨਿਰਗੁਣ ਆਪਣੀ ਧਾਰ ਚਲਾਇੰਦਾ। ਗੁਰਮੁਖ ਵੇਖੇ ਸਾਚੇ ਸਾਕ ਸੱਜਣ ਸੈਣ, ਜੁਗ ਵਿਛੜੇ ਮੇਲ ਮਿਲਾਇੰਦਾ। ਦਰਸ ਦਖਾਏ ਆਪਣੇ ਨੈਣ, ਦੋਏ ਲੋਚਣ ਬੰਦ ਕਰਾਇੰਦਾ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨੇੜ ਨਾ ਆਇੰਦਾ। ਜੋ ਜਨ ਹਰਿ ਹਰਿ ਨਾਉਂ ਰਸਨਾ ਕਹਿਣ, ਲਹਿਣ ਦੇਣ ਸਰਬ ਚੁਕਾਇੰਦਾ। ਮਾਇਆ ਮਮਤਾ ਨਾ ਵਹਿਣਾ ਝੂਠੇ ਵਹਿਣ, ਸੱਚੀ ਵਸਤ ਇਕ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲਗਾਏ ਆਪਣੇ ਲੜ, ਏਕਾ ਪੱਲੂ ਨਾਮ ਵਖਾਇੰਦਾ। ਹਰਿਜਨ ਸਾਚੇ ਪੱਲੂ ਫੜਿਆ, ਪੁਰਖ ਅਬਿਨਾਸ਼ੀ ਆਪ ਫੜਾਈਆ। ਸਾਚੇ ਪੌੜੇ ਏਕਾ ਚੜ੍ਹਿਆ, ਘਰ ਮੰਦਰ ਪੌੜੀ ਲਾਈਆ। ਸੁਖਮਨ ਨਾੜ ਕਦੇ ਨਾ ਅੜਿਆ, ਡੂੰਘੀ ਭਵਰੀ ਚਰਨਾਂ ਹੇਠ ਦਬਾਈਆ। ਅੰਮ੍ਰਿਤਸਰ ਨੁਹਾਏ ਸਾਚੇ ਸਰਿਆ, ਹੰਸ ਕਾਗ ਰੂਪ ਵਟਾਈਆ। ਸ਼ਬਦ ਅਨਾਹਦ ਉਪਰ ਧੌਲ ਪੁਰਖ ਅਬਿਨਾਸ਼ੀ ਆਪੇ ਧਰਿਆ, ਸੁਰ ਤਾਲ ਆਪਣੇ ਹੱਥ ਰਖਾਈਆ। ਬਜ਼ਰ ਕਪਾਟੀ ਤੋੜ ਗੜ੍ਹਿਆ, ਦੂਈ ਦਵੈਤੀ ਪਰਦਾ ਲਾਹੀਆ। ਆਤਮ ਸੇਜਾ ਹਰਿਜਨ ਸਾਚੇ ਆਪੇ ਵੜਿਆ, ਆਪ ਆਪਣਾ ਮੇਲ ਮਿਲਾਈਆ। ਗੁਰਮੁਖ ਗੁਰ ਗੁਰ ਆਪ ਆਪਣੇ ਜੇਹਾ ਕਰਿਆ, ਏਕਾ ਰੰਗਨ ਰੰਗ ਚੜ੍ਹਾਈਆ। ਆਵਣ ਜਾਵਣ ਚੁੱਕੇ ਡਰਿਆ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਆਪ ਆਪਣਾ ਬੰਧਨ ਪਾਈਆ। ਬੰਧਨ ਪਾਏ ਨਾਮ ਡੋਰ, ਨਿਰਗੁਣ ਸਰਗੁਣ ਵੇਖ ਵਖਾਇੰਦਾ । ਬੰਨ੍ਹਣਹਾਰਾ ਪੰਜੇ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਇੰਦਾ। ਆਸਾ ਤ੍ਰਿਸ਼ਨਾ ਦੇਵੇ ਹੋੜ, ਜਗਤ ਵਾਸਨਾ ਆਪ ਖਪਾਇੰਦਾ। ਇਕ ਪ੍ਰੀਤੀ ਦੇਵੇ ਜੋੜ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਮਨ ਮਨੂਆ ਨਾ ਪਾਏ ਸ਼ੋਰ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਮਤ ਮਤਵਾਲੀ ਨਾ ਕਰੇ ਜ਼ੋਰ, ਜ਼ੋਰ ਆਪਣਾ ਆਪ ਵਖਾਇੰਦਾ। ਗੁੁਰਮੁਖ ਚੜ੍ਹਾਏ ਸਾਚੇ ਘੋੜ, ਸ਼ਬਦ ਅਸਵ ਆਪ ਦੌੜਾਇੰਦਾ। ਆਪ ਆਪਣੇ ਸੰਗ ਲਏ ਤੋਰ, ਦੂਸਰ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਏਕਾ ਰੰਗ ਵਖਾਇੰਦਾ। ਭਗਤਨ ਹਰਿ ਰੰਗ ਰੱਤਿਆ, ਆਦਿ ਜੁਗਾਦਿ ਸਮਾਏ। ਏਕਾ ਦੇਵੇ ਸਾਚੀ ਮੱਤਿਆ, ਬ੍ਰਹਮ ਵਿਦਿਆ ਆਪ ਪੜ੍ਹਾਏ। ਆਪਣਾ ਮਾਰਗ ਆਪੇ ਦੱਸਿਆ, ਨੌ ਦੁਆਰੇ ਖੋਜ ਖੁਜਾਏ। ਘਰ ਦਸਵੇਂ ਬਹਿ ਬਹਿ ਹੱਸਿਆ, ਪੁਰਖ ਅਬਿਨਾਸ਼ੀ ਬੇਪਰਵਾਹੇ। ਭਗਤ ਦਵਾਰੇ ਫਿਰੇ ਨੱਸਿਆ, ਜੁਗ ਜੁਗ ਆਪਣੀ ਪੈਜ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਦਰ ਘਰ ਸਾਚਾ ਵਡ ਵਡਿਆਏ। ਦਰ ਘਰ ਸਾਚਾ ਕੁੱਲੀ ਕੱਖ, ਅਲੱਖ ਨਿਰੰਜਣ ਆਪ ਸੁਹਾਇੰਦਾ। ਦਰਸ ਦਖਾਏ ਹੋ ਪਰਤੱਖ, ਨਿਰਗੁਣ ਆਪਣਾ ਰੂਪ ਵਟਾਇੰਦਾ। ਕਰਣਹਾਰਾ ਕੱਖੋਂ ਲੱਖ, ਲੱਖ ਕਰੋੜੀ ਖ਼ਾਕ ਮਿਲਾਇੰਦਾ। ਹਰਿ ਭਗਤ ਹਰਿਜਨ ਲੱਖ ਚੁਰਾਸੀ ਵਿਚੋਂ ਕਰੇ ਵੱਖ, ਆਪਣੀ ਵੰਡਣ ਆਪ ਵੰਡਾਇੰਦਾ। ਮੇਲ ਮਿਲਾਵਾ ਨੱਠ ਨੱਠ, ਦੂਰ ਦੁਰਾਡਾ ਪੰਧ ਚੁਕਾਇੰਦਾ। ਏਕਾ ਪੱਲੇ ਬੰਨ੍ਹੇ ਨਾਮ ਗਠ, ਸਾਚੀ ਗਠੜੀ ਹੱਥ ਵਖਾਇੰਦਾ। ਕਲਜੁਗ ਅੰਤਮ ਗੇੜੇ ਉਲਟੀ ਲੱਠ, ਜੀਵ ਜੰਤ ਸਰਬ ਕੁਰਲਾਇੰਦਾ। ਬਿਨ ਪੀਆ ਖੇੜਾ ਦਿਸੇ ਭੱਠ, ਸੌਹਰਾ ਪੇਈਏ ਨਾ ਕੋਇ ਸੁਹਾਇੰਦਾ। ਵਸਣਹਾਰਾ ਘਟ ਘਟ, ਘਟ ਅੰਤਰ ਖੋਜ ਖੁਜਾਇੰਦਾ। ਹਰਿਜਨ ਅੰਮ੍ਰਿਤ ਆਤਮ ਨਿਝਰ ਧਾਰਾ ਦੇਵੇ ਝੱਟ, ਸਾਚਾ ਝਿਰਨਾ ਆਪ ਝਿਰਾਇੰਦਾ। ਆਪ ਸੁਹਾਏ ਸਾਚੀ ਖਾਟ, ਆਤਮ ਸੇਜਾ ਆਸਣ ਲਾਇੰਦਾ। ਬਜ਼ਰ ਕਪਾਟੀ ਪੱਥਰ ਜਾਏ ਪਾਟ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਹਰਿਜਨ ਨਾ ਵਿਕੇ ਕਿਸੇ ਹਾਟ, ਚੌਦਾਂ ਲੋਕਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਹਰਿ ਸਚ ਮੁਨਾਰਾ, ਏਕਾ ਏਕ ਵਖਾਈਆ। ਆਪੇ ਵਸੇ ਏਕੰਕਾਰਾ, ਓਅੰਕਾਰਾ ਰੂਪ ਵਟਾਈਆ। ਆਪੇ ਹੋਏ ਸ਼ਾਹ ਸਿਕਦਾਰਾ, ਸ਼ਾਹ ਸੁਲਤਾਨ ਬੇਪਰਵਾਹੀਆ। ਆਪੇ ਹੁਕਮੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਆਪੇ ਲੇਖਾ ਜਾਣੇ ਰਵ ਸਸ ਸਤਾਰਾ, ਮੰਡਲ ਮੰਡਪ ਆਪ ਭਵਾਈਆ। ਆਪੇ ਜ਼ਿਮੀ ਅਸਮਾਨਾਂ ਦਏ ਹੁਲਾਰਾ, ਗਗਨ ਗਗਨੰਤਰ ਖੋਜ ਖੁਜਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰਾ, ਆਪੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਲਏ ਉਠਾਈਆ। ਆਪੇ ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਨਾਤਾ ਜੋੜ ਜੁੜਾਈਆ। ਆਪੇ ਲੱਖ ਚੁਰਾਸੀ ਕਰ ਪਸਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਆਪੇ ਜੁਗਾ ਜੁਗੰਤਰ ਲੈ ਅਵਤਾਰਾ, ਹਰਿਜਨ ਸਾਚੇ ਲਏ ਤਰਾਈਆ। ਆਪੇ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ ਕਿਨਾਰਾ, ਕਲਜੁਗ ਅੰਤਮ ਵੇਖੇ ਬੇਪਰਵਾਹੀਆ। ਆਪੇ ਵੇਦ ਪੁਰਾਨਾਂ ਦਏ ਹੁਲਾਰਾ, ਸ਼ਾਸਤਰ ਸਿਮਰਤ ਆਪ ਸੁਣਾਈਆ। ਆਪੇ ਵੇਦ ਵਿਆਸਾ ਬਣ ਲਿਖਾਰਾ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਆ ਗਣਾਈਆ। ਆਪੇ ਅਠਾਰਾਂ ਧਿਆਏ ਕਰ ਪਸਾਰਾ, ਅਰਜਨ ਗਿਆਨ ਇਕ ਦ੍ਰਿੜਾਈਆ। ਆਪੇ ਅੰਜੀਲ ਕੁਰਾਨਾਂ ਲੇਖਾ ਜਾਣੇ ਬੇਐਬ ਪਰਵਰਦਿਗਾਰਾ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਆਪੇ ਕਲਮੀ ਕਲਮਾ ਪੜ੍ਹੇ ਸ਼ਾਹ ਸਵਾਰਾ, ਉਚੇ ਟਿੱਲੇ ਕੂਕੇ ਦਏ ਦੁਹਾਈਆ। ਆਪੇ ਜਲਵਾ ਨੂਰ ਕਰ ਉਜਿਆਰਾ, ਨੂਰ ਨੁਰਾਨਾ ਰੂਪ ਦਰਸਾਈਆ। ਆਪੇ ਮੱਕਾ ਕਾਅਬਾ ਖੋਲ੍ਹ ਕਿਵਾੜਾ, ਦੋ ਦੋ ਆਬਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਵੱਲਾ, ਆਪ ਕਰਾਏ ਇਲਾਹੀ ਅੱਲਾ, ਹੱਕ ਹਕੀਕਤ ਵੇਖ ਵਖਾਈਆ। ਹੱਕ ਹਕੀਕਤ ਲਾਸ਼ਰੀਕ, ਪਰਵਰਦਿਗਾਰ ਵੇਖ ਵਖਾਇੰਦਾ। ਆਪੇ ਮੇਟਣਹਾਰਾ ਜਗਤ ਤਹਰੀਕ, ਆਪ ਆਪਣਾ ਚੰਦ ਚੜ੍ਹਾਇੰਦਾ। ਆਪੇ ਲੇਖਾ ਲਿਖੇ ਵਡ ਬਰੀਕ, ਤੀਸ ਬਤੀਸ ਨਾ ਕੋਇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਗਾਏ ਆਪਣੀ ਧਾਰ, ਪਰਗਟ ਹੋ ਵਿਚ ਸੰਸਾਰ, ਨਿਰਗੁਣ ਤਤ ਕਰੇ ਵਿਚਾਰ, ਏਕਾ ਤਤ ਆਪ ਸੁਹਾਇੰਦਾ। ਨਿਰਗੁਣ ਤਤ ਨਾਨਕ ਨਰਾਇਣ ਨਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਮੰਤਰ ਨਾਮ ਸਤਿ ਦ੍ਰਿੜਾਇਆ, ਚਾਰ ਵਰਨਾਂ ਕਰੇ ਪੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇਆ, ਜ਼ਾਤ ਪਾਤ ਨਾ ਕੋਇ ਵਖਾਈਆ। ਰਾਓ ਰੰਕਾਂ ਰਾਜ ਰਾਜਾਨਾਂ ਆਪ ਸਮਝਾਇਆ, ਜਗਤ ਦਿਸੇ ਝੂਠੀ ਸ਼ਾਹੀਆ। ਸਾਚਾ ਡੰਕਾ ਇਕ ਵਜਾਇਆ, ਚਾਰੇ ਕੂਟਾਂ ਫੇਰੀ ਪਾਈਆ। ਗੋਬਿੰਦ ਖੰਡਾ ਇਕ ਚਮਕਾਇਆ, ਚੰਡ ਪ੍ਰਚੰਡ ਆਪ ਚਮਕਾਈਆ। ਜੇਰਜ ਅੰਡ ਵੇਖ ਵਖਾਇਆ, ਉਤਭੁਜ ਸੇਤਜ ਫੋਲ ਫੁਲਾਈਆ। ਚੌਥਾ ਜੁਗ ਦਏ ਦੁਹਾਇਆ, ਚਾਰੇ ਕੂਟਾਂ ਫੇਰੀ ਪਾਈਆ। ਬਿਨ ਹਰਿ ਹੋਏ ਨਾ ਕੋਈ ਸਹਾਇਆ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਪ੍ਰਗਟ ਹੋ ਵਿਚ ਸੰਸਾਰ, ਨਿਹਕਲੰਕੀ ਜਾਮਾ ਧਾਰ, ਸ਼ਬਦੀ ਡੰਕ ਵੱਜੇ ਸੰਸਾਰ, ਸ੍ਰਿਸ਼ਟ ਸਬਾਈ ਆਪ ਉਠਾਈਆ। ਸ੍ਰਿਸ਼ਟ ਸਬਾਈ ਜਗਾਵਣਹਾਰਾ, ਆਦਿ ਜੁਗਾਦਿ ਸਮਾਇਆ। ਏਕਾ ਸ਼ਬਦ ਬੋਲ ਜੈਕਾਰਾ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮ ਪਾਰਬ੍ਰਹਮ ਕਰੇ ਸਚ ਪਿਆਰਾ, ਈਸ਼ ਜੀਵ ਮੇਲ ਮਿਲਾਇਆ। ਘਰ ਮੰਦਰ ਸੋਹੇ ਇਕ ਦਵਾਰਾ, ਸਤਿਗੁਰ ਸਾਚਾ ਆਪ ਸੁਹਾਇਆ। ਮੇਟ ਮਿਟਾਏ ਧੂਆਂਧਾਰਾ, ਅੰਧ ਅੰਧੇਰਾ ਰਹਿਣ ਨਾ ਪਾਇਆ। ਜਿਸ ਜਨ ਬੁਝਾਏ ਦਇਆ ਕਮਾਏ ਇਕ ਦਵਾਰਾ, ਘਰ ਘਰ ਵਿਚ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇਆ। ਪਾਰ ਕਰਾਇਆ ਬਣ ਮਲਾਹ, ਬੇੜਾ ਲੋਕਮਾਤ ਚਲਾਈਆ। ਸੋਹੰ ਅੱਖਰ ਦੇਵੇ ਸਚ ਸਲਾਹ, ਸਤਿਜੁਗ ਸਚ ਕਰੇ ਕੁੜਮਾਈਆ। ਕਲਜੁਗ ਕੂੜਾ ਮਿਟੇ ਨਾਂ, ਥਿਰ ਕੋਇ ਰਹਿਣ ਨਾ ਪਾਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਹੱਥ ਵਡਿਆਈਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਦੋ ਜਹਾਨਾਂ ਕਰੇ ਸਚ ਨਿਆਂ, ਤਖ਼ਤ ਨਿਵਾਸੀ ਬੇਪਰਵਾਹੀਆ। ਸ਼ਾਹ ਸੁਲਤ਼ਾਨਾ ਦੇਵੇ ਖ਼ਾਕ ਮਿਲਾ, ਕਲਜੁਗ ਵੇਲਾ ਅੰਤਮ ਆਈਆ। ਦਰ ਦਰ ਘਰ ਘਰ ਉਡਣ ਕਾਂ, ਸ੍ਰਿਸ਼ਟੀ ਦ੍ਰਿਸ਼ਟੀ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੀ ਵਸਤ ਇਕ ਵਖਾਈਆ। ਸਾਚੀ ਵਸਤ ਨਾਮ ਅਨਮੋਲ, ਹਰਿਜਨ ਸਾਚੀ ਝੋਲੀ ਪਾਇੰਦਾ। ਆਦਿ ਜੁਗਾਦੀ ਰੱਖੇ ਕੋਲ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਸਤਿ ਸਤਿਵਾਦੀ ਸਾਚੇ ਕੰਡੇ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਆਪਣੀ ਧਾਰਨ ਆਪੇ ਬੋਲ, ਸੋਹੰ ਅੱਖਰ ਸ਼ਬਦ ਪੜ੍ਹਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਆਪ ਆਪਣਾ ਰੂਪ ਵਟਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਆਤਮ ਰਸ ਭਰਾਇੰਦਾ। ਮਾਣ ਰਖਾਏ ਉਪਰ ਧਵਲ, ਧਰ ਧਰਨੀ ਆਪ ਵਡਿਆਇੰਦਾ। ਦਰਸ ਦਖਾਏ ਸੁੰਦਰ ਸਾਵਲ, ਰੂਪ ਅਨੂਪ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਸੋਭਿਆ, ਦਰ ਘਰ ਖੇਲ ਮਹਾਨ। ਮਿਲੇ ਗਿਆਨ ਇਕ ਅਗਾਧ ਬੋਧਿਆ, ਰਸਨਾ ਜਿਹਵਾ ਨਾ ਕਰੇ ਬਿਆਨ। ਗੁਰ ਕਾ ਸ਼ਬਦ ਸਦਾ ਵਡ ਜੋਧਨ ਜੋਧਿਆ, ਮਰੇ ਨਾ ਜੰਮੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਦੇਵੇ ਧੁਰ ਫ਼ਰਮਾਣ। ਧੁਰ ਫ਼ਰਮਾਣਾ ਸਾਚਾ ਰਾਣਾ, ਹਰੀ ਹਰਿ ਹਰਿ ਆਪ ਸੁਣਾਈਆ। ਕਲਜੁਗ ਵਰਤੇ ਹਰਿ ਹਰਿ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਭੇਵ ਨਾ ਪਾਏ ਸੁਘੜ ਸਿਆਣਾ ਜਗਤ ਵਿਦਿਆ ਦਏ ਦੁਹਾਈਆ। ਗੁਰਮੁਖ ਵਿਰਲਾ ਕਰ ਪਰਵਾਨਾ, ਆਪਣੀ ਬੂਝ ਆਪ ਬੁਝਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਾਤ੍ਰਿਕ ਤ੍ਰਿਖਾ ਦਏ ਗਵਾਈਆ। ਦਰਸ ਦਿਖਾਏ ਬਹੁ ਬਿਧ ਨਾਨਾ, ਆਪ ਆਪਣੀ ਕਲ ਵਰਤਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਸਾਏ ਸਾਚੇ ਘਰ, ਮੰਦਰ ਸੋਹੇ ਸ੍ਰੀ ਭਗਵੰਤ, ਲੇਖਾ ਚੁੱਕੇ ਜੀਵ ਜੰਤ, ਜ਼ਾਤ ਪਾਤ ਨਾ ਕੋਈ ਰਖਾਈਆ।
