Granth 10 Likhat 096: 11 Jeth 2018 Bikarmi Sardar Singh de Ghar Pind Sardari Jammu

੧੧ ਜੇਠ ੨੦੧੮ ਬਿਕ੍ਰਮੀ ਸਰਦਾਰ ਸਿੰਘ ਦੇ ਘਰ ਪਿੰਡ ਸਰਦਾਰੀ ਜੰਮੂ

ਪੁਰਖ ਅਗੰਮ ਖੇਲ ਖਿਲਾਉਣਾ, ਖੇਲੇ ਖੇਲ ਬੇਪਰਵਾਹੀਆ। ਅਲਖ ਅਗੋਚਰ ਰੂਪ ਵਟਾਉਣਾ, ਅਲਖ ਅਲਖਣਾ ਨਾਮ ਧਰਾਈਆ। ਸਚਖੰਡ ਦੁਆਰਾ ਇਕ ਸੁਹਾਉਣਾ, ਸਚਖੰਡ ਨਿਵਾਸੀ ਸੋਭਾ ਪਾਈਆ। ਨਿਰਮਲ ਜੋਤੀ ਜੋਤ ਜਗਾਉਣਾ, ਨੂਰੋ ਨੂਰ ਨੂਰ ਧਰਾਈਆ। ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਉਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਰਾਜ ਰਾਜਾਨ ਆਪ ਅਖਵਾਉਣਾ, ਭੂਪਤ ਭੂਪ ਵਡੀ ਵਡਿਆਈਆ। ਸੀਸ ਜਗਦੀਸ਼ ਤਾਜ ਸੁਹਾਉਣਾ, ਰਾਜ ਜੋਗ ਸਮਝਾਈਆ। ਦਰ ਦਰਬਾਨ ਇਕ ਅਖਵਾਉਣਾ, ਸ਼ਬਦੀ ਸ਼ਬਦ ਰੂਪ ਧਰਾਈਆ। ਧੁਰ ਫ਼ਰਮਾਨਾ ਹੁਕਮ ਸੁਨਾਉਣਾ, ਹੁਕਮੀ ਹੁਕਮ ਆਪ ਵਰਤਾਈਆ। ਬ੍ਰਹਿਮੰਡ ਖੰਡ ਰਚਨ ਰਚੌਣਾ, ਗਗਨ ਮੰਡਲ ਲਏ ਉਪਾਈਆ। ਵਿਸ਼ਨ ਬ੍ਰਹਮਾ ਸ਼ਿਵ ਧਰੌਣਾ, ਤ੍ਰੈ ਤ੍ਰੈ ਏਕਾ ਗੁਣ ਸਮਝਾਈਆ। ਏਕਾ ਮੰਦਰ ਆਪ ਬਹਾਉਣਾ, ਏਕਾ ਘਰ ਵੱਜੇ ਵਧਾਈਆ। ਏਕਾ ਰਾਗ ਨਾਦ ਸੁਣਾਉਣਾ, ਏਕਾ ਧੁਨ ਕਰੇ ਸਨਵਾਈਆ। ਏਕਾ ਮਾਰਗ ਹਰਿ ਵਖਾਉਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਉਣਾ, ਭੇਵ ਅਭੇਦ ਰਹਿਣ ਨਾ ਪਾਈਆ। ਏਕੰਕਾਰਾ ਪਰਦਾ ਲਾਉਣਾ, ਆਪ ਆਪਣਾ ਰੂਪ ਵਟਾਈਆ। ਆਦਿ ਨਿਰੰਜਣ ਡਗਮਗਾਉਣਾ, ਜਲਵਾ ਨੂਰ ਨੂਰ ਇਲਾਹੀਆ। ਸ੍ਰੀ ਭਗਵਾਨ ਧਾਮ ਸੁਹਾਉਣਾ, ਸਚਖੰਡ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਖੇਲ ਖਿਲਾਉਣਾ, ਖੇਲੇ ਖੇਲ ਹਰਿ ਘਟ ਥਾਈਂਆ। ਪਾਰਬ੍ਰਹਮ ਪ੍ਰਭ ਡੰਕ ਵਜਾਉਣਾ, ਆਪਣਾ ਨਾਉਂ ਆਪ ਪਰਗਟਾਈਆ। ਆਪਣੀ ਧਾਰਾ ਆਪ ਰਖੌਣਾ, ਵਿਸ਼ਨੂੰ ਆਪਣੀ ਕਲ ਰਖਾਈਆ। ਆਪਣਾ ਅੰਮ੍ਰਿਤ ਆਪ ਉਪਜਾਉਣਾ, ਨਾਭੀ ਕਵਲ ਆਪ ਸਮਾਈਆ। ਆਪਣਾ ਬ੍ਰਹਮ ਆਪ ਰਖਾਉਣਾ, ਬ੍ਰਹਮ ਵੇਤਾ ਏਕਾ ਜਾਈਆ। ਆਪਣਾ ਰਾਗ ਆਪ ਅਲਾਉਣਾ, ਚਾਰੇ ਵੇਦਾਂ ਕਰੇ ਪੜ੍ਹਾਈਆ। ਆਪਣਾ ਸੰਗ ਆਪ ਨਿਭਾਉਣਾ, ਤ੍ਰੈ ਤ੍ਰੈ ਏਕਾ ਬੰਧਨ ਪਾਈਆ। ਸੁੰਨ ਅਗੰਮੀ ਵੇਖ ਵਖਾਉਣਾ, ਧੂਆਂਧਾਰ ਕਰੇ ਰੁਸ਼ਨਾਈਆ। ਸਾਚੀ ਬਿੰਦ ਆਪ ਉਪਜਾਉਣਾ, ਸ਼ੰਕਰ ਮੇਲਾ ਸਹਿਜ ਸੁਭਾਈਆ। ਸੋ ਪੁਰਖ ਨਿਰੰਜਣ ਢੋਲਾ ਏਕਾ ਗਾਉਣਾ, ਹੰ ਬ੍ਰਹਮ ਕਰੇ ਪੜ੍ਹਾਈਆ। ਨਿਰਗੁਣ ਨਿਰਵੈਰ ਤੋਲਾ ਇਕ ਅਖਵਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਈਆ। ਸਾਚਾ ਮਾਰਗ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਆਪ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈ ਤ੍ਰੈ ਏਕਾ ਬੰਧਨ ਪਾਇੰਦਾ। ਏਕਾ ਵਸਤ ਦਏ ਹਰਿ ਥਾਰਾ, ਤ੍ਰੈਗੁਣ ਆਪਣਾ ਰੰਗ ਰੰਗਾਇੰਦਾ। ਏਕਾ ਹੁਕਮ ਸਚ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਲੱਖ ਚੁਰਾਸੀ ਘਾੜਨ ਘੜ ਅਪਾਰਾ, ਨੌਂ ਨੌਂ ਆਪਣਾ ਰੰਗ ਰੰਗਾਇੰਦਾ। ਪੰਜ ਤੱਤ ਮੇਲੇ ਆਪਣੀ ਵਾਰਾ, ਆਪ ਆਪਣੀ ਕਿਰਪਾ ਕਰ ਖੇਲ ਖਿਲਾਇੰਦਾ। ਮਨ ਮਤ ਬੁਧ ਦਏ ਸਹਾਰਾ, ਘਰ ਘਰ ਵਿਚ ਆਪ ਉਪਾਇੰਦਾ। ਨੌਂ ਦਰ ਖੋਲ੍ਹੇ ਆਪ ਕਿਵਾੜਾ, ਡੂੰਘੀ ਭਵਰੀ ਭੇਵ ਚੁਕਾਇੰਦਾ। ਲੇਖਾ ਜਾਣੇ ਡੂੰਘੀ ਗਾਰਾ, ਟੇਢੀ ਬੰਕ ਖੇਲ ਖਿਲਾਇੰਦਾ। ਘਰ ਮੰਦਰ ਸੁਹਾਏ ਇਕ ਦੁਆਰਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਏਕਾ ਨਾਮ ਸ਼ਬਦ ਧੁਨਕਾਰਾ, ਅਨਹਦ ਸਾਚਾ ਤਾਲ ਵਜਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਘਰ ਸਾਚੇ ਆਪ ਟਿਕਾਇੰਦਾ। ਜੋਤ ਨਿਰੰਜਣ ਨੂਰ ਉਜਿਆਰਾ, ਘਰ ਦੀਪਕ ਆਪ ਜਗਾਇੰਦਾ। ਆਪੇ ਜਾਣੇ ਬੰਦ ਕਿਵਾੜਾ, ਬਜਰ ਕਪਾਟੀ ਆਪ ਖੁਲ੍ਹਾਇੰਦਾ। ਆਤਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਈਸ਼ ਜੀਵ ਬੰਨ੍ਹੇ ਧਾਰਾ, ਜਗਦੀਸ਼ ਸੰਗ ਨਿਭਾਇੰਦਾ। ਦਸਮ ਦੁਆਰੀ ਹੋ ਤਿਆਰਾ, ਨਿਰਗੁਣ ਆਪਣਾ ਆਸਣ ਲਾਇੰਦਾ। ਲੇਖਾ ਜਾਣੇ ਧੂਆਂਧਾਰਾ, ਸੁੰਨ ਸਮਾਧ ਆਪ ਖੁਲ੍ਹਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਜੁਗਾ ਜੁਗੰਤਰ ਲਾਏ ਸਾਚੀ ਕਾਰਾ, ਕਰਤਾ ਪੁਰਖ ਕਾਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਧੰਦੇ ਆਪੇ ਲਾਇੰਦਾ। ਲੱਖ ਚੁਰਾਸੀ ਕਰ ਪਸਾਰ, ਹਰਿ ਘਾੜਨ ਘੜਤ ਘੜਾਈਆ। ਤ੍ਰੈਗੁਣ ਮਾਇਆ ਦਏ ਆਧਾਰ, ਪੰਜ ਤੱਤ ਕਰੇ ਕੁੜਮਾਈਆ। ਚਾਰੇ ਖਾਣੀ ਪਾਵੇ ਸਾਰ, ਅੰਡਜ ਜੇਰਜ ਵੰਡ ਵੰਡਾਈਆ। ਉਤਭੁਜ ਸੇਤਜ ਹੋਇਆ ਖ਼ਬਰਦਾਰ, ਆਪ ਆਪਣਾ ਮੂਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਲੱਖ ਚੁਰਾਸੀ ਬੰਧਨ ਪਾਇਆ, ਦਿਸ ਕਿਸੇ ਨਾ ਆਇੰਦਾ। ਜਨਮ ਮਰਨ ਖੇਲ ਰਚਾਇਆ, ਆਵਣ ਜਾਵਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਰੂਪ ਧਰਾਇਆ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਕਾਗਦ ਕ਼ਲਮ ਭੇਵ ਨਾ ਰਾਇਆ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਦੋ ਜਹਾਨਾਂ ਵੇਸ ਵਟਾਇਆ, ਵੇਸ ਅਨੇਕਾ ਆਪ ਕਰਾਇੰਦਾ। ਤ੍ਰਿਲੋਕੀ ਨੰਦਨ ਇਕ ਵਖਾਇਆ, ਲੋਕ ਪਰਲੋਕ ਆਪ ਸੁਹਾਇੰਦਾ। ਚੌਦਾਂ ਲੋਕਾਂ ਹੱਟ ਜਣਾਇਆ, ਤ੍ਰੈਭਵਨ ਰੰਗ ਰੰਗਾਇੰਦਾ। ਨੌਂ ਖੰਡ ਪ੍ਰਿਥਮੀ ਕਿਲਾ ਕੋਟ ਵਸਾਇਆ, ਸੱਤਾਂ ਦੀਪਾਂ ਡੇਰਾ ਲਾਇੰਦਾ। ਜ਼ਿਮੀਂ ਅਸਮਾਨਾਂ ਭੇਵ ਚੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਲੱਖ ਚੁਰਾਸੀ ਖੇਲ ਖਿਲਾਇਆ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਸਚਖੰਡ ਦੁਆਰੇ ਬੈਠਾ ਆਸਣ ਲਾਈਆ। ਆਪਣੀ ਵੰਡ ਰਿਹਾ ਵੰਡਾਇਆ, ਤ੍ਰੈਗੁਣ ਤ੍ਰੈ ਤ੍ਰੈ ਰਿਹਾ ਸਮਝਾਈਆ। ਨਵ ਨੌਂ ਚਾਰ ਖੇੜਾ ਦਏ ਵਸਾਇਆ। ਲੋਕਮਾਤ ਵੱਜੇ ਵਧਾਈਆ। ਜੁਗ ਚੌਕੜੀ ਵੇਖ ਵਖਾਇਆ, ਵੇਖਣਹਾਰਾ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਡੋਰ ਬੰਧਾਇਆ। ਨਾਮ ਡੋਰੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਖੇਲ ਖਿਲਾਇਆ, ਖੇਲਣਹਾਰ ਕਰਤਾਰ। ਨਿਰਗੁਣ ਸਰਗੁਣ ਰੂਪ ਧਰਾਇਆ, ਜੁਗ ਜੁਗ ਲਏ ਮਾਤ ਅਵਤਾਰ। ਭਗਤ ਭਗਵੰਤ ਵੇਖ ਵਖਾਇਆ, ਸੰਤ ਸਾਜਣ ਲਏ ਉਭਾਰ। ਗੁਰਮੁਖ ਗੁਰ ਗੁਰ ਗੋਦ ਬਹਾਇਆ, ਗੁਰਸਿਖ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਮੰਦਰ ਦਏ ਵਖਾਇਆ, ਕਾਇਆ ਮੰਦਰ ਖੋਲ੍ਹ ਕਿਵਾੜ। ਘਰ ਘਰ ਅੰਮ੍ਰਿਤ ਦਏ ਪਿਆਇਆ, ਨਾਭੀ ਕਵਲੀ ਕਰ ਫਲਹਾਰ। ਘਰ ਘਰ ਦੀਪਕ ਜੋਤੀ ਦਏ ਜਗਾਇਆ, ਜੋਤ ਨਿਰੰਜਣ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ। ਵਿਸ਼ਨ ਬ੍ਰਹਮਾ ਸ਼ਿਵ ਹਰਿ ਜਣਾਇੰਦਾ, ਸ਼ਬਦ ਅਨਾਦ ਅਗੰਮੀ ਬੋਲ। ਲੱਖ ਚੁਰਾਸੀ ਤੇਰਾ ਨਾਮ ਰਖਾਇੰਦਾ, ਜਗਤ ਜਗ ਵਜਾਏ ਢੋਲ। ਜੁਗ ਚੌਕੜੀ ਵੰਡ ਵੰਡਾਇੰਦਾ, ਤੋਲਣਹਾਰਾ ਤੋਲੇ ਸਾਚਾ ਤੋਲ। ਗੁਰ ਅਵਤਾਰ ਸੇਵਾ ਲਾਇੰਦਾ, ਆਦਿ ਜੁਗਾਦਿ ਭੰਡਾਰਾ ਖੋਲ੍ਹ। ਏਕਾ ਨਾਮ ਆਪ ਵਰਤਾਇੰਦਾ, ਅਤੋਟ ਅਤੁਟ ਰੱਖੇ ਅਤੋਲ। ਜਨ ਭਗਤਾਂ ਝੋਲੀ ਪਾਇੰਦਾ, ਨਿਜ ਆਤਮ ਅੰਦਰ ਬੋਲ। ਜੁਗ ਜੁਗ ਗੇੜਾ ਆਪਣੇ ਹੱਥ ਰਖਾਇੰਦਾ, ਸਚਖੰਡ ਬੈਠਾ ਰਹੇ ਅਡੋਲ। ਕੋਟਨ ਕੋਟੀ ਜੀਵ ਉਪਾਇੰਦਾ, ਲੱਖ ਚੁਰਾਸੀ ਆਪੇ ਫੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਕੌਲ। ਆਪਣਾ ਕੌਲ ਕਰ ਕਰਤਾਰ, ਏਕਾ ਮੀਤ ਆਪ ਅਖਵਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਕਰ ਪਸਾਰ, ਲੋਕਮਾਤ ਵੇਖ ਵਖਾਈਆ। ਜੁਗ ਜੁਗ ਲਹਿਣਾ ਦੇਣਾ ਚੁਕਾਏ ਗੁਰ ਅਵਤਾਰ, ਦੇ ਤੱਤ ਗਿਆਨ ਸਮਝਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਜੋ ਲੋਕਮਾਤ ਵਿਚ ਆਈਆ। ਅੱਠੇ ਪਹਿਰ ਮੰਗੇ ਦਾਨ, ਸੀਸ ਜਗਦੀਸ਼ ਰਿਹਾ ਝੁਕਾਈਆ। ਆਪੇ ਬਣਿਆ ਰਹੇ ਸਾਚਾ ਕਾਹਨ, ਦਰ ਘਰ ਸਾਚੇ ਬੈਠਾ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰਾ ਦੇਵੇ ਧੁਰ ਫ਼ਰਮਾਨ, ਧੁਰ ਦੀ ਬਾਣੀ ਆਪ ਅਲਾਈਆ। ਜੁਗ ਜੁਗ ਵੇਖੇ ਕਾਇਆ ਹੱਟ ਦੁਕਾਨ, ਬ੍ਰਹਮ ਪਾਰਬ੍ਰਹਮ ਮਿਲਾਈਆ। ਲੇਖਾ ਜਾਣੇ ਸੀਆ ਰਾਮ, ਰਾਮ ਰੂਪ ਆਪ ਰਘੁਰਾਈਆ। ਰੂਪ ਧਰਾਏ ਘਨਈਆ ਕਾਹਨ, ਕਾਹਨਾ ਬੰਸਰੀ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਈਆ। ਜੁਗ ਜੁਗ ਗੇੜਾ ਹਰਿ ਸਮਰਥ, ਆਪਣਾ ਖੇਲ ਖਿਲਾਇਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਭਵਾਇਆ। ਵਸਣਹਾਰਾ ਘਟ ਘਟ, ਹਰ ਘਟ ਆਪਣਾ ਰੂਪ ਧਰਾਇਆ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਇਆ। ਜੁਗ ਚੌਕੜੀ ਮੇਟੇ ਫੱਟ, ਗੁਰ ਅਵਤਾਰ ਰੂਪ ਧਰਾਇਆ। ਆਪ ਖੁਲ੍ਹਾਏ ਨਾਮ ਹੱਟ, ਸਚ ਵਣਜਾਰਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣਾ ਭੇਵ ਦਏ ਖੁਲ੍ਹਾਇਆ। ਆਦਿ ਪੁਰਖ ਹਰਿ ਭੇਵ ਅਵੱਲਾ, ਸੋ ਪੁਰਖ ਨਿਰੰਜਣ ਦਏ ਸਮਝਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਏਕੰਕਾਰਾ ਰੰਗ ਸਮਾਈਆ। ਆਪਣੇ ਦੀਪਕ ਆਪੇ ਬੱਲਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਜਲਾ ਥਲਾ, ਸ੍ਰੀ ਭਗਵਾਨ ਹਰ ਘਟ ਰਿਹਾ ਸਮਾਈਆ। ਪਾਰਬ੍ਰਹਮ ਸਚ ਸਿੰਘਾਸਣ ਮੱਲਾ, ਸਚਖੰਡ ਦੁਆਰੇ ਸੋਭਾ ਪਾਈਆ। ਸ਼ਬਦ ਸਰੂਪੀ ਫੜਿਆ ਭੱਲਾ, ਲੋਆਂ ਪੁਰੀਆਂ ਰਿਹਾ ਡਰਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਕਰਦਾ ਰਿਹਾ ਵਲ ਛਲਾ, ਅਛਲ ਛਲ ਆਪਣੀ ਖੇਲ ਖਿਲਾਈਆ। ਗੁਰ ਅਵਤਾਰਾਂ ਫੜਾਉਦਾ ਰਿਹਾ ਪੱਲਾ, ਏਕਾ ਪੱਲੂ ਨਾਮ ਵਡਿਆਈਆ। ਆਪੇ ਵਸੇ ਨਿਹਚਲ ਧਾਮ ਅਟੱਲਾ, ਉਚ ਮਹੱਲ ਸੋਭਾ ਪਾਈਆ। ਸਚ ਸੰਦੇਸ਼ ਜੁਗਾ ਜੁਗੰਤਰ ਘੱਲਾ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਕਲਜੁਗ ਅੰਤਮ ਆਵੇ ਇਕ ਇਕੱਲਾ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਰਿਹਾ ਸੁਣਾਈਆ। ਸਚ ਸੰਦੇਸ਼ ਹਰਿ ਹਰਿ ਭੇਜ, ਆਪਣਾ ਭੇਵ ਖੁਲ੍ਹਾਇੰਦਾ। ਨਿਹਕਲੰਕਾ ਨਿਰਗੁਣ ਤੇਜ, ਨਿਰਵੈਰ ਰੂਪ ਵਟਾਇੰਦਾ। ਆਤਮ ਬ੍ਰਹਮ ਮਾਣੇ ਸੇਜ, ਦੂਜਾ ਬਸਤਰ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਆਪ ਚੁਕਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪਰਦਾ ਰੱਖ, ਤ੍ਰੈਗੁਣ ਮਾਇਆ ਰੂਪ ਵਟਾਈਆ। ਜੁਗ ਜੁਗ ਪੰਜ ਤੱਤ ਚੋਲਾ ਸਾੜਦਾ ਰਿਹਾ ਵਿਚ ਕੱਖ, ਅਗਨੀ ਅੱਗ ਭੇਟ ਚੜ੍ਹਾਈਆ। ਕਦੀ ਬਣੇ ਬੇਟਾ ਰਾਮ ਦਸਰਥ, ਕਦੀ ਨੰਦ ਜਸੋਧਾ ਦਏ ਵਡਿਆਈਆ। ਕਦੀ ਤ੍ਰਿਪਤਾ ਰੱਖੇ ਪਤ, ਕਦੀ ਗੁਜਰੀ ਮਿਲੇ ਵਧਾਈਆ। ਕਲਜੁਗ ਅੰਤਮ ਪਰਗਟ ਹੋਏ ਆਪ ਸਮਰਥ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਪਣਾ ਮਾਰਗ ਦੋ ਜਹਾਨਾਂ ਜਾਏ ਦੱਸ, ਭੁਲ ਰਹੇ ਨਾ ਰਾਈਆ। ਸਤਿਜੁਗ ਬਣਾਏ ਏਕਾ ਮੱਠ, ਸਾਚਾ ਮੰਦਰ ਦਏ ਵਖਾਈਆ। ਨਾਤਾ ਤੁੱਟੇ ਅਠਸਠ, ਗੰਗਾ ਗੁਦਾਵਰੀ ਜਮਨਾ ਸੁਰਸਤੀ ਗੁਰਮੁਖ ਕਾਇਆ ਵਿਚ ਬਹਾਈਆ। ਜੋਤ ਜਗਾਏ ਲਟ ਲਟ, ਲਾਟਾਂ ਵਾਲੀ ਘਰ ਮਨਾਈਆ। ਜਿਸ ਦੇ ਅੱਗੇ ਟੇਕਦੇ ਰਹੇ ਮਥ, ਸੋ ਮੱਥਾ ਟੇਕਣ ਗੁਰਮੁਖਾਂ ਦੁਆਰੇ ਆਈਆ। ਜਿਸ ਦੀ ਕਰਦੇ ਰਹੇ ਪੂਜਾ ਪਾਠ, ਸੋ ਗੁਰਮੁਖਾਂ ਨਾਮ ਰਿਹਾ ਧਿਆਈਆ। ਜਿਸ ਦੀ ਬਹਿੰਦੇ ਰਹੇ ਸਾਇਆ ਹੇਠ, ਸੋ ਸਾਇਆ ਮੰਗੇ ਸੱਚਾ ਸ਼ਹਿਨਸ਼ਾਹੀਆ। ਸੁਹਾਏ ਰੁਤੜੀ ਮਹੀਨਾ ਜੇਠ, ਭਿੰਨੜੀ ਰੈਣ ਨਾਲ ਰਲਾਈਆ। ਹਰਿ ਸੰਗਤ ਹਰਿ ਜੀ ਨੇਤਰ ਲੈਣਾ ਪੇਖ, ਘਰ ਮਿਲਿਆ ਸਾਚਾ ਮਾਹੀਆ। ਸ਼ਾਹ ਪਾਤਸ਼ਾਹ ਨਰ ਨਰੇਸ਼, ਸੀਸ ਜਗਦੀਸ਼ ਤਾਜ ਸੁਹਾਈਆ। ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼, ਦੋਏ ਦੋਏ ਬੈਠੇ ਸੀਸ ਝੁਕਾਈਆ। ਗੁਰਮੁਖ ਤੇਰੇ ਦਰ ਕਰੇ ਆਦੇਸ਼, ਤੇਰੇ ਘਰ ਮਿਲੇ ਵਡਿਆਈਆ। ਤੇਰੀ ਮਹਿੰਮਾ ਗਾਏ ਸਹੰਸਰ ਮੁਖ ਸ਼ੇਸ਼, ਦੋਏ ਸਹੰਸਰ ਜਿਹਵਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਨਿਰੰਕਾਰਾ, ਨਿਰਗੁਣ ਰੂਪ ਧਰਾਇਆ । ਕਾਗਦ ਕ਼ਲਮ ਨਾ ਲਿਖਣਹਾਰਾ, ਚਾਰੇ ਵੇਦ ਰਿਹਾ ਸਮਝਾਇਆ। ਪੁਰਾਨ ਅਠਾਰਾਂ ਕਰੇ ਪੁਕਾਰਾ, ਊਚੀ ਕੂਕ ਕੂਕ ਅਲਾਇਆ। ਗੀਤਾ ਗਿਆਨ ਬੋਲ ਜੈਕਾਰਾ, ਏਕਾ ਭਗਤ ਭਗਵੰਤ ਸਮਝਾਇਆ। ਅੰਜੀਲ ਕ਼ੁਰਾਨ ਮਾਰਨ ਨਾਅਰਾ, ਤੀਸ ਬਤੀਸ ਹਦੀਸ ਪੜ੍ਹਾਇਆ। ਖਾਣੀ ਬਾਣੀ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਉਚ ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰਾ, ਮੁਕਾਮੇ ਹੱਕ ਡੇਰਾ ਲਾਇਆ। ਸਚਖੰਡ ਵਸੇ ਏਕੰਕਾਰਾ, ਨਿਰਗੁਣ ਨੂਰ ਕਰ ਰੁਸ਼ਨਾਇਆ। ਜੁਗ ਚੌਕੜੀ ਘਲਦਾ ਰਿਹਾ ਅਵਤਾਰਾ, ਧੁਰ ਫ਼ਰਮਾਨਾ ਹੁਕਮ ਸੁਣਾਇਆ। ਕਲਜੁਗ ਅੰਤਮ ਆਏ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਊਚਾਂ ਨੀਚਾਂ ਕਰੇ ਪਿਆਰਾ, ਰਾਓ ਰੰਕਾਂ ਗਲੇ ਲਗਾਇਆ। ਜੂਠ ਝੂਠ ਮੇਟੇ ਵਿਚ ਸੰਸਾਰਾ, ਸਚ ਸੁੱਚ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪਣਾ ਪਰਦਾ ਦਏ ਉਠਾਇਆ, ਹਰਿ ਪਰਦਾ ਮਾਤ਼ ਚੁਕਾਉਣਾ, ਚੁੱਕੇ ਅੰਧੇਰੀ ਰਾਤ। ਸਤਿਜੁਗ ਸਾਚਾ ਚੰਦ ਚੜ੍ਹਾਉਣਾ, ਅੱਠੇ ਪਹਿਰ ਰਹੇ ਪਰਭਾਤ, ਦੂਈ ਦਵੈਤੀ ਮੇਟ ਮਿਟਾਉਣਾ, ਮਾਇਆ ਮਮਤਾ ਤੋੜੇ ਨਾਤ। ਸ਼ਰਅ ਸ਼ਰੀਅਤ ਇਕ ਵਖਾਉਣਾ, ਏਕਾ ਸ਼ਬਦ ਦੇਵੇ ਦਾਤ। ਏਕਾ ਰਾਮ ਨਜ਼ਰੀ ਆਉਣਾ, ਏਕਾ ਗਾਏ ਸਾਚੀ ਗਾਥ। ਏਕਾ ਮੰਤਰ ਸਚ ਦ੍ਰਿੜਾਉਣਾ, ਇਕ ਉਤਾਰੇ ਸਾਚੇ ਘਾਟ। ਏਕਾ ਮੰਦਰ ਹਰਿ ਸੁਹਾਉਣਾ, ਨਿਰਗੁਣ ਜੋਤ ਜਗੇ ਲਲਾਟ। ਚਾਰ ਵਰਨ ਏਕਾ ਰੰਗ ਰੰਗਾਉਣਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਮਿਲੇ ਮੇਲ ਹਰਿ ਕਮਲਾਪਾਤ। ਏਕਾ ਬਸਤਰ ਸਚ ਸੁਹਾਉਣਾ, ਏਕਾ ਉਤਮ ਰੱਖੇ ਜ਼ਾਤ, ਮਾਤ ਪਿਤ ਇਕ ਬਨਾਵਣਾ, ਏਕਾ ਰੂਪ ਭੈਣ ਭਰਾਤ। ਏਕਾ ਸਿਖਿਆ ਸਿਖ ਸਮਝਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਰ ਪਾਰ ਘਾਟ। ਆਰ ਪਾਰ ਹਰਿ ਖੇਲ ਨਿਆਰਾ, ਦੋ ਜਹਾਨਾਂ ਵੇਖ ਵਖਾਈਆ। ਹਰਿਜਨ ਸਾਚੇ ਕਰ ਪਿਆਰਾ, ਦਰ ਘਰ ਸਾਚੇ ਲਏ ਮਿਲਾਈਆ। ਰਾਤੀ ਸੁਤਿਆਂ ਪਾਵੇ ਸਾਰਾ, ਗੁਰਮੁਖ ਸੋਏ ਆਪ ਉਠਾਈਆ। ਦੁਰਮਤ ਮੈਲ ਧੋਏ ਹਰਿ ਕਰਤਾਰਾ, ਅੰਮ੍ਰਿਤ ਸਿੰਚ ਹਰਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਤੇਰਾ ਲਹਿਣਾ ਚਾਰ ਜੁਗ, ਜੁਗ ਚੌਕੜੀ ਹਰਿ ਚੁਕਾਇੰਦਾ। ਲੱਖ ਚੁਰਾਸੀ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਗੁਰਸਿਖਾਂ ਮੇਟੇ ਤ੍ਰਿਸ਼ਨਾ ਭੁੱਖ, ਕਾਇਆ ਤ੍ਰਿਪਤ ਆਪ ਕਰਾਇੰਦਾ। ਸਫਲ ਕਰਾਏ ਮਾਤ ਕੁੱਖ, ਦਸ ਦਸ ਮਾਸ ਫੰਦ ਕਟਾਇੰਦਾ। ਨਾਤਾ ਤੁੱਟੇ ਉਲਟਾ ਰੁੱਖ, ਲੱਖ ਚੁਰਾਸੀ ਬੰਧਨ ਕੋਇ ਨਾ ਪਾਇੰਦਾ। ਉਜਲ ਕਰੇ ਮਾਤ ਮੁਖ, ਜਿਸ ਜਨ ਆਪਣਾ ਨਾਮ ਦ੍ਰਿੜਾਇੰਦਾ। ਹਰਿਆ ਬੂਟਾ ਨਾ ਜਾਏ ਸੁੱਕ, ਗੁਰ ਸਤਿਗੁਰ ਮਾਤ ਲਗਾਇੰਦਾ। ਗੁਰਮੁਖ ਸੱਜਣ ਸੁਹੇਲੇ ਉਠ, ਵੇਲਾ ਗਿਆ ਹੱਥ ਨਾ ਆਇੰਦਾ। ਸ਼ਾਹ ਪਾਤਸ਼ਾਹ ਗ਼ਰੀਬ ਨਿਮਾਣਿਆਂ ਉਤੇ ਗਿਆ ਤੁਠ, ਜਗਤ ਗ਼ਰੀਬੀ ਆਪ ਹੰਢਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਸਚ ਪਿਆਲਾ ਹੱਥ ਉਠਾਇੰਦਾ। ਆਪ ਸੁਹਾਏ ਸਾਚੀ ਰੁੱਤ, ਸੁਹੰਜਣੀ ਰੁੱਤ ਆਪ ਵਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਚੜ੍ਹਿਆ ਮਜੀਠ, ਗੁਰ ਸਤਿਗੁਰ ਆਪ ਚੜ੍ਹਾਈਆ। ਕਾਇਆ ਕਰੇ ਪਤਤ ਪੁਨੀਤ, ਪਤਤ ਪਾਪੀ ਲਏ ਤਰਾਈਆ। ਇਕ ਸੁਣਾਏ ਸੁਹਾਗੀ ਗੀਤ, ਸੋਹੰ ਸ਼ਬਦ ਸਚ ਪੜ੍ਹਾਈਆ। ਕਲਜੁਗ ਮਿਟੇ ਸਤਿਜੁਗ ਚਲੇ ਸਾਚੀ ਰੀਤ, ਸਤਿ ਸਤਿਵਾਦੀ ਆਪ ਚਲਾਈਆ। ਨਾਤਾ ਤੁਟੇ ਦੇਹੁਰਾ ਮੰਦਰ ਗੁਰੂਦੁਆਰ ਮਸੀਤ, ਘਰ ਘਰ ਵਜਦੀ ਰਹੇ ਵਧਾਈਆ। ਅੰਮ੍ਰਿਤ ਮਿਲੇ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਲਗਾਈਆ। ਏਕਾ ਰੂਪ ਨਜ਼ਰੀ ਆਏ ਹਸਤ ਕੀਟ, ਊਚ ਨੀਚ ਨਾ ਕੋਇ ਅਖਵਾਈਆ। ਹਰਿ ਚਰਨ ਵਖਾਏ ਸਚ ਪ੍ਰੀਤ, ਪੀਆ ਪ੍ਰੀਤਮ ਲਏ ਮਿਲਾਈਆ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਵੇਖ ਵਖਾਈਆ। ਗੁਰਮੁਖ ਗੁਰਸਿਖ ਕਰੇ ਅਤੀਤ, ਤ੍ਰੈ ਭਵਨ ਦਇਆ ਕਮਾਈਆ। ਮਿਠਾ ਕਰੇ ਕੌੜਾ ਰੀਠ, ਵਿਖ ਅੰਮ੍ਰਿਤ ਰੂਪ ਬਣਾਈਆ। ਮਾਨਸ ਜਨਮ ਜਨ ਜਾਏ ਜੀਤ, ਹਰਿਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਆਤਮ ਅੰਤਰ ਇਕ ਵੈਰਾਗ, ਬਿ੍ਰਹੋਂ ਨਿਰਾਲਾ ਤੀਰ ਲਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਭੁਲ ਨਾ ਜਾਏ ਯਾਦ, ਕਲਜੁਗ ਅੰਤਮ ਵੇਖ ਵਖਾਇੰਦਾ। ਮਾਨਸ ਜਨਮ ਸੁਣ ਫ਼ਰਿਆਦ, ਅਜੂਨੀ ਰਹਿਤ ਤੇਰੀ ਜੂਨ ਕਟਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਗਲੇ ਲਗਾਇੰਦਾ। ਦਰਗਹਿ ਸਾਚੀ ਦੇਵੇ ਦਾਦ, ਦਰ ਦੁਆਰਾ ਇਕ ਖੁਲ੍ਹਾਇੰਦਾ। ਤੇਰੇ ਰੂਪ ਰਹੇ ਵਿਸਮਾਦ, ਬਿਸਮਲ ਆਪਣਾ ਰੂਪ ਰਖਾਇੰਦਾ। ਤੇਰਾ ਨਾਮ ਵਜਾਏ ਨਾਦ, ਤੁਰੀਆ ਰਾਗ ਆਪ ਸੁਣਾਇੰਦਾ। ਤੇਰਾ ਮੇਲਾ ਮੋਹਨ ਮਾਧਵ ਮਾਧ, ਮੋਹਨ ਆਪਣੀ ਖੇਲ ਖਿਲਾਇੰਦਾ। ਤੇਰਾ ਲੇਖਾ ਆਦਿ ਜੁਗਾਦਿ, ਜੁਗਾ ਜੁਗੰਤਰ ਆਪ ਚੁਕਾਇੰਦਾ। ਤੇਰਾ ਲੇਖਾ ਆਪਣੇ ਹੱਥ ਰੱਖੇ ਹਿਸਾਬ, ਚਿਤਰ ਗੁਪਤ ਨਾ ਵੇਖ ਵਖਾਇੰਦਾ। ਤੇਰਾ ਦਾਤਾ ਇਕ ਨਵਾਬ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਤੇਰੀ ਏਕਾ ਮਾਤਾ ਏਕਾ ਬਾਪ, ਆਦਿ ਜੁਗਾਦਿ ਗੋਦ ਬਹਾਇੰਦਾ। ਤੇਰਾ ਵਧਦਾ ਰਹੇ ਪਰਤਾਪ, ਅੰਸ ਬੰਸ ਆਪ ਸੁਹਾਇੰਦਾ। ਕਲਜੁਗ ਨਾਤਾ ਬੁੱਢੇ ਕਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਰਲਾਇੰਦਾ। ਹਰਿਜਨ ਰਲਿਆ ਹਰਿ ਹਰਿ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰਸਿਖ ਨਾ ਕੋਈ ਵਰਨ ਨਾ ਕੋਈ ਗੋਤ, ਆਤਮ ਬ੍ਰਹਮ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਹਰਿ ਮੰਦਰ ਲਏ ਮਿਲਾਈਆ। ਹਰਿ ਮੰਦਰ ਦੁਆਰਾ ਸਚਖੰਡ, ਹਰਿ ਚਰਨ ਕਵਲ ਦਰਸਾਇਆ। ਲੇਖ ਚੁਕਾਏ ਵਿਚ ਵਰਭੰਡ, ਵਰਭੰਡੀ ਫੋਲ ਫੁਲਾਇਆ। ਨਾਤਾ ਤੋੜ ਤੋੜ ਬ੍ਰਹਿਮੰਡ, ਬ੍ਰਹਿਮੰਡ ਮੂਲ ਚੁਕਾਇਆ। ਇਕ ਜਣਾਏ ਪਰਮਾਨੰਦ, ਪਰਮ ਪੁਰਖ ਮੇਲ ਮਿਲਾਇਆ। ਜਿਸ ਜਨ ਗਾਇਆ ਬੱਤੀ ਦੰਦ ਤੀਸ ਬਤੀਸਾ ਦਏ ਸੁਹਾਇਆ। ਲੱਖ ਚੁਰਾਸੀ ਮੇਟੇ ਪੰਧ, ਜਨਮ ਮਰਨ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੁਗ ਜਨਮ ਜਨ ਵਿਛੜੇ, ਕਰ ਕਿਰਪਾ ਲਏ ਮਿਲਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਲੁਕਿਆ ਰਿਹਾ ਕਰਤਾਰ, ਨਿਰਗੁਣ ਰੂਪ ਨਾ ਮਾਤ ਧਰਾਈਆ। ਕਲਜੁਗ ਅੰਤਮ ਕਰਿਆ ਖੇਲ ਅਪਾਰ, ਜਨ ਭਗਤਾਂ ਦਏ ਵਡਿਆਈਆ। ਤੇਜ ਭਾਨ ਖੇਡਣ ਗਿਆ ਸ਼ਿਕਾਰ, ਸਿੰਘ ਸ਼ੇਰ ਕਲਜੁਗ ਜੂਹ ਵਿਚੋਂ ਲਿਆ ਭਜਾਈਆ। ਅਗੋਂ ਮਿਲਿਆ ਚੇਲਾ ਸਿੰਘ ਸਰਦਾਰ, ਸਰਦਾਰੀ ਬੈਠਾ ਆਸਣ ਲਾਈਆ। ਦੋਹਾਂ ਘੇਰਿਆ ਅੱਧ ਵਿਚਕਾਰ, ਆਂਢ ਗੁਆਂਢਣਾਂ ਰਿਹਾ ਸੁਣਾਈਆ। ਭੱਜ ਨਾ ਜਾਏ ਜੋ ਠੱਗਦਾ ਰਿਹਾ ਸੰਸਾਰ, ਆਇਆ ਘੇਰੇ ਪੌਣੀ ਫਾਹੀਆ। ਚਾਰੋਂ ਕੁੰਟ ਉਠੇ ਸਿਖ ਬਲਕਾਰ, ਆਪਣਾ ਬਲ ਆਪ ਧਰਾਈਆ। ਉਚੀ ਕੂਕ ਕੂਕ ਕਰਨ ਪੁਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ, ਤੇਰਾ ਬੰਧਨ ਪਾਈਆ। ਹੌਸਲਾ ਧਰਿਆ ਨਾਰੀ ਨਰ, ਬਿਰਧ ਬਾਲ ਜਵਾਨ ਨਾਲ ਰਲਾਈਆ। ਪ੍ਰੇਮ ਫੜੀ ਹੱਥ ਕਟਾਰ, ਤਿੱਖਾ ਚਿੱਲਾ ਤੀਰ ਨਿਰਾਲਾ ਹੱਥ ਉਠਾਈਆ। ਮਾਰ ਕੇ ਆਏ ਪਹਿਲੀ ਛਾਲ, ਉਚੇ ਟਿੱਲੇ ਪਰਬਤ ਢਾਈਆ। ਪੁਰਖ ਅਬਿਨਾਸ਼ੀ ਹੋਇਆ ਬੇਹਾਲ, ਚਾਰੋਂ ਕੁੰਟ ਰਾਹ ਖੇੜਾ ਨਜ਼ਰ ਕਿਤੇ ਨਾ ਆਈਆ। ਕੌਣ ਬਣੇ ਮੇਰਾ ਦਲਾਲ, ਗੁਰਮੁਖਾਂ ਕੋਲੋਂ ਲਏ ਛੁਡਾਈਆ। ਵਾਜ ਮਾਰੀ ਆਪ ਮਹਾਕਾਲ, ਉਠ ਤੇਰੀ ਵਾਰੀ ਮਾਤ ਆਈਆ। ਮਹਾਕਾਲ ਨੇਤਰ ਰੋਵੇ, ਘਾਲ ਨਾ ਸਕੇ ਤੇਰੀ ਘਾਲ, ਤੇਰਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਮੈਂ ਵੇਂਹਦਾ ਰਿਹਾ ਤੇਰੀ ਅਵੱਲੜੀ ਚਾਲ, ਨਿਰਗੁਣ ਸਰਗੁਣ ਰੂਪ ਧਰ ਧਰ, ਜੀਵਾਂ ਜੰਤਾਂ ਭਰਮੇ ਰਿਹਾ ਭੁਲਾਈਆ। ਅੱਜ ਤੇਰੀ ਨਾ ਮਾਟੀ ਨਾ ਦਿਸੇ ਖਾਲਨਾ ਗਗਨ ਮਸਤਕ ਕੂਟਾਂ ਦਿਸੇ ਥਾਲ, ਚੋਟੀ ਜੜ੍ਹ ਨਜ਼ਰ ਕੋਇ ਨਾ ਆਈਆ। ਤੇਰਾ ਰੂਪ ਨਜ਼ਰ ਆਏ ਤੇਰੇ ਗੁਰਸਿਖ ਬਾਲ, ਤੇਰੇ ਦੁਆਰੇ ਬੈਠੇ ਘੇਰਾ ਪਾਈਆ। ਐਥੇ ਪਹੁੰਚ ਨਾ ਸਕੇ ਕਾਲ ਮਹਾਕਾਲ, ਦੋ ਜਹਾਨ ਪਈ ਦੁਹਾਈਆ। ਇਹਨਾਂ ਗ਼ਰੀਬ ਨਿਮਾਣਿਆਂ ਲਿਆ ਤੇਰਾ ਧਨ ਮਾਲ, ਤੇਰਾ ਖ਼ਜ਼ਾਨਾ ਹੋਰ ਹੱਥ ਕਿਸੇ ਨਾ ਆਈਆ। ਚਾਰੋਂ ਕੁੰਟ ਵਸਣ ਸ਼ਾਹ ਕੰਗਾਲ, ਨਾਮ ਵਸਤ ਹੱਟ ਨਾ ਕੋਇ ਵਿਕਾਈਆ। ਗੁਰਮੁਖਾਂ ਪਾਇਆ ਤੇਰੇ ਚੌਗਿਰਦ ਜੰਜਾਲ, ਜਾਲ ਏਕਾ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਿਕਾਰੀ ਵੇਖੇ ਸੱਚਾ ਮਾਹੀਆ। ਜਗਤ ਸ਼ਿਕਾਰੀ ਖੇਡਿਆ ਸ਼ਿਕਾਰ, ਮਨ ਕਾ ਸਹਿੰਸਾ ਭੌ ਗਵਾਇਆ। ਵਾਰ ਕੀਤਾ ਪਹਿਲੀ ਵਾਰ, ਕੀਤਾ ਵਾਰ ਖ਼ਾਲੀ ਰਹੇ ਨਾ ਰਾਇਆ। ਅੱਧਵਿਚਕਾਰ ਫੜਿਆ ਨਿਰੰਕਾਰ, ਅੱਗਾ ਪਿੱਛਾ ਦਿਸ ਕਿਸੇ ਨਾ ਆਇਆ। ਗੁਰਸਿਖ ਖਿਚਨ ਵਾਰੋ ਵਾਰ, ਆਪਣਾ ਆਪਣਾ ਜ਼ੋਰ ਲਗਾਇਆ। ਭੱਜ ਨਾ ਸਕੇ ਗਿਰਵਰ ਗਿਰਧਾਰ, ਚਾਰੋਂ ਕੁੰਟ ਗ੍ਰਹਿ ਮੰਦਰ ਬੰਦ ਰਖਾਇਆ। ਅੰਤਮ ਆਪਣੀ ਮੰਨੇ ਹਾਰ, ਗੁਰਸਿਖਾਂ ਅੱਗੇ ਸੀਸ ਝੁਕਾਇਆ। ਗੁਰਮੁਖ ਤੇਰਾ ਨਾਉਂ ਹੋਏ ਉਜਿਆਰ, ਜਿਸ ਸਤਿਗੁਰ ਸੱਚਾ ਪਾਇਆ। ਕੋਟਨ ਕੋਟ ਭਾਂਡੇ ਘੜਦਾ ਰਿਹਾ ਬਣ ਘੁਮਿਆਰ, ਤੇਰਾ ਠਠਿਆਰ ਤੇਰੀ ਸੇਵ ਕਮਾਇਆ। ਤੂੰ ਸਾਹਿਬ ਸੱਚਾ ਮੀਤ ਮੁਰਾਰ, ਤੇਰਾ ਪਰਵਾਰ ਮੇਰਾ ਰੂਪ ਵਟਾਇਆ। ਹਰਿ ਸੰਗਤ ਤੇਰਾ ਲਗਦਾ ਰਹੇ ਦਰਬਾਰ, ਗੁਰ ਸਤਿਗੁਰ ਆਪਣੇ ਘੇਰੇ ਵਿਚ ਰਖਾਇਆ। ਵਾਹ ਵਾ ਸ਼ਿਕਾਰੀ ਖੇਲਿਆ ਸ਼ਿਕਾਰ, ਸ਼ਿਕਰਾ ਬਾਜ਼ ਚਿੜੀਆਂ ਆਪਣੇ ਪੰਜੇ ਵਿਚ ਫਸਾਇਆ। ਉਲਟੀ ਖੇਲ ਕਰੀ ਕਰਤਾਰ, ਗੁਰਸਿਖ ਆਪਣਾ ਸੀਸ ਤਾਜ ਟਿਕਾਇਆ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਗੁਰਸਿਖ ਤੇਰੀ ਵਡ ਵਡਿਆਇਆ। ਤੇਰਾ ਦਰ ਠਾਂਡਾ ਦਰਬਾਰ, ਸਚਖੰਡ ਬੈਠਾ ਰੂਪ ਵਟਾਇਆ। ਲੇਖੇ ਲੱਗਾ ਪੁਰਖ ਨਾਰ, ਜੋ ਜਨ ਸਰਨਾਈ ਆਇਆ। ਮਨ ਕੀ ਵਾਸਨਾ ਮਨ ਵਿਚ ਦੇਵੇ ਮਾਰ, ਮਨ ਮਨ ਹੀ ਆਪ ਲਪਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਬੰਧਨ ਗੁਰਮੁਖ ਤੇਰੀ ਪ੍ਰੇਮ ਡੋਰੀ ਨਾਲ ਬੰਧਾਇਆ। ਚਰਨ ਧੂੜ ਗੁਰਮੁਖ ਪਵਿਤ, ਪੁਨੀਤ ਦਏ ਵਡਿਆਈਆ। ਜੁਗ ਜੁਗ ਮੰਗੇ ਸਤਿਗੁਰ ਕਰ ਕਰ ਹਿੱਤ, ਲੱਖ ਚੁਰਾਸੀ ਵਿਚੋਂ ਗੁਰਸਿਖ ਆਪ ਰਖਾਈਆ। ਰੂਪ ਧਰਾਏ ਨਿਤ ਨਵਿਤ, ਧਰੂ ਪ੍ਰਹਿਲਾਦ ਦਏ ਵਡਿਆਈਆ। ਤਾਰਾ ਸਿੰਘ ਹਰਿ ਖੇਲ ਅਨਡਿਠ, ਅਨਡਿਠੜੀ ਖੇਲ ਖਿਲਾਈਆ। ਹਰਿਜਨ ਚੁੱਕੇ ਉਪਰ ਆਪਣੀ ਪਿੱਠ, ਗੁਰਸਿਖ ਤੇਰਾ ਭਾਰ ਖ਼ੁਸ਼ੀਆਂ ਨਾਲ ਉਠਾਈਆ। ਮਾਨਸ ਜਨਮ ਲੈਣਾ ਜਿਤ, ਜਗ ਜੀਵਨ ਦਾਤਾ ਜੁਗਤੀ ਰਿਹਾ ਬਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂੜੀ ਖ਼ਾਕ ਸੱਜਣ ਆਪ ਬਰਸਾਈਆ। ਧੂੜੀ ਖ਼ਾਕ ਉਡੇ ਧੂੜ, ਧੁਰਦਰਗਾਹ ਆਪ ਸੁਹਾਇੰਦਾ। ਗੁਰਸਿਖ ਧੂੜ ਕਰੇ ਅੰਧੇਰਾ ਦੂਰ, ਨੂਰ ਨੂਰ ਚਮਕਾਇੰਦਾ। ਨੂਰ ਅੰਤਰ ਹਰਿ ਹਜ਼ੂਰ, ਹਰਿ ਆਪਣਾ ਰੂਪ ਵਟਾਇੰਦਾ। ਆਸਾ ਮਨਸਾ ਕਰ ਕਰ ਪੂਰ, ਪੂਰੀ ਆਸਾ ਆਪਣੀ ਆਪ ਵਖਾਇੰਦਾ। ਨਾ ਨੇੜੇ ਨਾ ਵਸੇ ਦੂਰ, ਗੁਰਮੁਖ ਤੇਰੇ ਅੰਦਰ ਡੇਰਾ ਲਾਇੰਦਾ। ਕਲਜੁਗ ਅੰਤਮ ਮਿਲ ਕੇ ਜਾਏ ਜ਼ਰੂਰ, ਆਪਣਾ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧੂੜ ਨੂਰ ਦਰਸਾਇੰਦਾ।