Granth 10 Likhat 113: 16 Jeth 2018 Bikarmi Daulat Singh de Ghar Nava Chakk Jammu

੧੬ ਜੇਠ ੨੦੧੮ ਬਿਕ੍ਰਮੀ ਦੌਲਤ ਸਿੰਘ ਦੇ ਘਰ ਨਵਾਂ ਚੱਕ ਜੰਮੂ

ਆਦਿ ਜੁਗਾਦਿ ਖੇਲ ਬ੍ਰਹਿਮੰਡ, ਪਾਰਬ੍ਰਹਮ ਪ੍ਰਭ ਰਚਨ ਰਚਾਇੰਦਾ। ਰਵ ਸਸ ਨੂਰ ਨੁਰਾਨਾ ਚੰਦ, ਨਿਰਗੁਣ ਨਿਰਵੈਰ ਆਪ ਉਪਾਇੰਦਾ। ਧਾਮ ਅਵੱਲਾ ਸਚਖੰਡ, ਖੰਡ ਨਿਵਾਸੀ ਆਪ ਸੁਹਾਇੰਦਾ। ਸਤਿ ਸਰੂਪਾ ਇਕ ਪਲੰਘ, ਪੁਰਖ ਅਕਾਲਾ ਆਪ ਰਖਾਇੰਦਾ। ਉਪਰ ਬੈਠ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਹੁਕਮ ਸੁਣਾਇੰਦਾ। ਨਾਮ ਵਜਾਏ ਇਕ ਮਰਦੰਗ, ਰਾਗ ਅਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਮੰਡਲ ਮੰਡਪ ਲਏ ਉਪਾਈਆ। ਏਕੰਕਾਰਾ ਬੰਨ੍ਹੇ ਧਾਰਾ, ਸੂਰਜ ਚੰਨ ਆਪ ਚਮਕਾਈਆ। ਆਦਿ ਨਿਰੰਜਣ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਸ੍ਰੀ ਭਗਵਾਨ ਰਿਹਾ ਸੁਹਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਰੂਪ ਅਨੂਪ ਆਪ ਧਰਾਈਆ। ਸੇਵਕ ਸੇਵਾ ਜਣਾਏ ਵਿਸ਼ਨ ਬ੍ਰਹਮਾ ਸ਼ਿਵ ਸੱਚੀ ਸਰਕਾਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਘਾੜਨ ਘੜੇ ਅਗੰਮ ਅਪਾਰਾ, ਲੱਖ ਚੁਰਾਸੀ ਬਣਤ ਬਣਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਏਕਾ ਹੁਕਮ ਇਕ ਫ਼ਰਮਾਨਾ, ਧੁਰ ਦੀ ਬਾਣ ਆਪ ਚਲਾਈਆ। ਸ਼ਾਹ ਪਾਤਸ਼ਾਹ ਬਣ ਸਾਚਾ ਰਾਣਾ, ਸ਼ਹਿਨਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਵੰਡੇ ਵੰਡ ਦੋ ਜਹਾਨਾਂ, ਲੋਆਂ ਪੁਰੀਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਨਿਰੰਕਾਰਾ, ਲੱਖ ਚੁਰਾਸੀ ਆਪ ਜਣਾਇੰਦਾ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰਾ, ਪੰਚਮ ਆਪਣਾ ਬੰਧਨ ਪਾਇੰਦਾ। ਅਜੂਨੀ ਰਹਿਤ ਹੋ ਉਜਿਆਰਾ, ਅਨਭਵ ਆਪਣਾ ਰੂਪ ਧਰਾਇੰਦਾ। ਏਕਾ ਤੂਰਤ ਨਾਦ ਜੈਕਾਰਾ, ਤੁਰੀਆ ਰਾਗ ਆਪ ਸੁਣਾਇੰਦਾ। ਭਗਤ ਭਗਵੰਤ ਲੇਖਾ ਜਾਣੇ ਵਿਚ ਸੰਸਾਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਵਖਾਇੰਦਾ। ਬੰਧਨ ਪਾਏ ਹਰਿ ਕਰਤਾਰ, ਏਕਾ ਡੋਰ ਨਾਮ ਰਖਾਈਆ। ਵੰਡਨ ਵੰਡ ਵੰਡੇ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੂਪ ਵਟਾਈਆ। ਜੁਗਾ ਜੁਗੰਤਰ ਹੋ ਉਜਿਆਰ, ਲੋਕਮਾਤ ਵੇਸ ਵਟਾਈਆ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਬੂਝ ਬੁਝਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮਸਤਕ ਛਾਰ ਧੂੜੀ ਇਕ ਰਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਲੇਖਾ ਜਾਣੇ ਗੁਰ ਅਵਤਾਰ, ਗੁਰਮੁਖ ਨਾਦ ਵੇਦ ਸਮਝਾਈਆ। ਕਲਜੁਗ ਅੰਤਮ ਹੋ ਉਜਿਆਰ, ਕਰੇ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਪਰਗਟ ਹੋਵੇ ਵਿਚ ਸੰਸਾਰ, ਦਿਸ ਨਾ ਆਏ ਨਿਰਾਕਾਰ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਬਣਾਏ ਆਪਣੀ ਬਣਤਰ, ਲੋਕਮਾਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਆਪ ਬਰਸਾਈਆ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਉਪਾਈਆ। ਸਤਿ ਪੁਰਖ ਨਿਰੰਜਣ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਏਕਾ ਡੰਕਾ ਨਾਦ ਧੁੰਨਕਾਰਾ, ਲੋਆਂ ਪੁਰੀਆਂ ਬ੍ਰਹਮੰਡਾਂ ਖੰਡਾਂ ਜੇਰਜ ਅੰਡਾਂ ਆਪ ਸੁਣਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਚਾਰੋਂ ਕੁੰਟ ਹੋਇਆ ਵਿਭਚਾਰਾ, ਜੂਠ ਝੂਠ ਵੱਜੀ ਵਧਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਮਨ ਕਾ ਮਣਕਾ ਨਾ ਕੋਇ ਭਵਾਈਆ। ਨਜ਼ਰ ਨਾ ਆਏ ਕਿਸੇ ਸਚ ਦਰਬਾਰਾ, ਜਗਤ ਦਵਾਰੇ ਰਹੇ ਫੇਰੀਆਂ ਪਾਈਆ। ਕਾਇਆ ਮੇਟੇ ਨਾ ਅੰਧ ਅੰਧਿਆਰਾ, ਜੋਤ ਨਿਰੰਜਣ ਨਾ ਕੋਇ ਜਗਾਈਆ। ਅਨਹਦ ਸ਼ਬਦ ਨਾ ਸੁਣੇ ਕੋਇ ਧੁੰਨਕਾਰਾ, ਘਰ ਸਖ਼ੀਆਂ ਮਿਲ ਮਿਲ ਮੰਗਲ ਕੋਇ ਨਾ ਗਾਈਆ। ਕਿਸੇ ਨਾ ਮਿਲਿਆ ਮੀਤ ਮੁਰਾਰਾ, ਦਰ ਆਏ ਨਾ ਸੱਚਾ ਮਾਹੀਆ। ਨੇਤਰ ਰੋਵੇ ਸਰਬ ਸੰਸਾਰਾ, ਕਲਜੁਗ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਦਿਸੇ ਵਿਕਾਰਾ, ਧੂੰਆਂਧਾਰ ਸਰਬ ਲੋਕਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਬਜਰ ਕਪਾਟੀ ਖੋਲ੍ਹ ਕਿਵਾੜਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਤਮ ਸੇਜਾ ਕਰ ਪਿਆਰਾ, ਸੁਰਤੀ ਸ਼ਬਦੀ ਲਏ ਮਿਲਾਈਆ । ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਹਰਿਜਨ ਹਰਿ ਹਰਿ ਵੇਖੇ ਥਾਉਂ ਥਾਈਂਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰਾ, ਕਲਜੁਗ ਮਾਇਆ ਅਗਨ ਜਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰਾ, ਉਚੀ ਕੂਕ ਕੂਕ ਦਏ ਦੁਹਾਈਆ। ਕਿਸੇ ਦਿਸੇ ਨਾ ਹਰਿ ਨਿਰੰਕਾਰਾ, ਮੁੱਲਾ ਸ਼ੇਖ਼ ਮਸਾਇਕ ਪੀਰ ਪੰਡਤ ਪਾਂਧੇ ਗ੍ਰੰਥੀ ਪੰਥੀ ਦੇਣ ਦੁਹਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਜਨ ਭਗਤਾਂ ਬਣੇ ਆਪ ਮਲਾਹ, ਸ਼ਬਦੀ ਸ਼ਬਦ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਪੜ੍ਹਾਈਆ। ਕਲਜੁਗ ਅੰਤਮ ਪਕੜੇ ਬਾਂਹ, ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਗੁਰਸਿਖ ਸਾਚੇ ਗੋਦ ਬਹਾਏ ਜਿਉਂ ਬਾਲਕ ਮਾਂ, ਅਗਨੀ ਤੱਤ ਲੱਗਣ ਨਾ ਪਾਈਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਮਣੀਆਂ ਮਾਣਕ ਮੋਤੀ ਚੋਗ ਦਏ ਚੁਗਾ, ਸਚ ਸਰੋਵਰ ਆਪ ਨੁਹਾਈਆ। ਹਿਰਦਾ ਸੋਧ ਅਗਾਧ ਬੋਧ ਦਏ ਸਮਝਾ, ਨਿਰਗੁਣ ਸਰਗੁਣ ਹੋ ਸਹਾ, ਸਾਰੰਗ ਧਰ ਭਗਵਾਨ ਬੀਠਲੋ ਰੰਗ ਰੰਗੀਲਾ ਸਾਚਾ ਮਾਹੀ ਬੇਪਰਵਾਹੀਆ। ਗੁਰਮੁਖ ਸੱਜਣ ਲਏ ਮਿਲਾਈ, ਜਨਮ ਜਨਮ ਦੀ ਧੋਵੇ ਸ਼ਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਜੁਗ ਜੁਗ ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮੇਲਾ ਆਤਮ ਅੰਤਰ, ਗੁਰ ਸਤਿਗੁਰ ਆਪ ਮਿਲਾਇੰਦਾ। ਸ਼ਬਦ ਅਨਾਦੀ ਏਕਾ ਮੰਤਰ, ਬਿਨ ਰਸਨਾ ਜਿਹਵਾ ਆਪ ਪੜ੍ਹਾਇੰਦਾ। ਸੋਭਾਵੰਤ ਹੋਏ ਥਾਨ ਥਨੰਤਰ, ਦਰ ਸਾਚਾ ਆਪ ਸੁਹਾਇੰਦਾ। ਕਾਇਆ ਮੰਦਰ ਅੰਦਰ ਵੇਖੇ ਗਗਨ ਗਗਨੰਤਰ, ਰਵ ਸਸ ਆਪ ਚਮਕਾਇੰਦਾ। ਆਪ ਬਣਾਏ ਆਪਣੀ ਬਣਤਰ, ਹਰਿਜਨ ਸਾਚਾ ਘਾੜਨ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਦਰ ਵੜ, ਸਾਚੀ ਚੋਟੀ ਬੈਠਾ ਚੜ੍ਹ, ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਨ ਆਤਮ ਸੇਜਾ ਆਪਣਾ ਆਸਣ ਲਾਇੰਦਾ। ਆਤਮ ਸੇਜਾ ਸਚ ਪਲੰਘ, ਪੁਰਖ ਅਬਿਨਾਸ਼ੀ ਆਪ ਵਖਾਇੰਦਾ। ਘਰ ਵਿਚ ਘਰ ਵਜਾਏ ਮਰਦੰਗ, ਅਨਹਦ ਨਾਦ ਆਪ ਵਜਾਇੰਦਾ। ਪਰਗਟ ਹੋ ਸੂਰਾ ਸਰਬੰਗ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਹਰਿਜਨ ਮੇਲਾ ਗੁਰ ਗੁਰ ਚੇਲਾ ਆਵਣ ਜਾਵਣ ਚੁੱਕੇ ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਜਨ ਗਾਏ ਸੋਹੰ ਰਸਨਾ ਸੁਹਾਗੀ ਛੰਦ, ਅੱਠੇ ਪਹਿਰ ਪਰਮਾਨੰਦ, ਮਦਿਰਾ ਮਾਸ ਤਜੇ ਗੰਦ, ਕੂੜੀ ਕਿਰਿਆ ਮੇਟ ਮਿਟਾਇੰਦਾ। ਦੂਈ ਦਵੈਤੀ ਢਾਏ ਕੰਧ, ਤ੍ਰੈਗੁਣ ਤੋੜੇ ਲੱਗਾ ਜੰਦ, ਨਾਮ ਖੰਡਾ ਇਕ ਚਮਕਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਕਰੇ ਪਰਕਾਸ਼ ਅੰਧੇਰਾ ਅੰਧ, ਜੋਤੀ ਜਾਤਾ ਪੁਰਖ ਬਿਧਾਤਾ ਮੇਟਣਹਾਰਾ ਅੰਧੇਰੀ ਰਾਤਾ, ਨੂਰੋ ਨੂਰ ਡਗਮਗਾਇੰਦਾ। ਨਾਮ ਅਮੁਲਾ ਦੇਵੇ ਦਾਤਾ, ਸਤਿ ਸਰੂਪ ਸੁਣਾਏ ਗਾਥਾ, ਲਹਿਣਾ ਦੇਣ ਚੁਕਾਏ ਹੱਥੋ ਹਾਥਾ, ਜਗਤ ਉਧਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਆਪਣਾ ਨਾਉਂ ਧਰਾਇੰਦਾ। ਸਗਲ ਵਸੂਰਾ ਹਰਿਜਨ ਲਾਥਾ, ਜੋ ਜਨ ਦਰਸ਼ਨ ਪਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਘਾਟਾ ਫੇਰ ਨਾ ਕੋਇ ਵਖਾਇੰਦਾ। ਅੰਤਮ ਪੂਰੀ ਕਰੇ ਆਸਾ, ਆਸਾ ਮਨਸਾ ਵਿਚ ਬਦਲਾਇੰਦਾ। ਚਰਨ ਕਵਲ ਬਖ਼ਸ਼ੇ ਧਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪਣੇ ਮੰਦਰ ਆਪ ਬਹਾਇੰਦਾ।