Granth 10 Likhat 124: 18 Jeth 2018 Bikarmi Gurdit Singh Sansar Singh de Greh Chhamb Jammu

੧੮ ਜੇਠ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਸੰਸਾਰ ਸਿੰਘ ਦੇ ਗ੍ਰਹਿ ਛੰਬ ਜੰਮੂ

ਕਲਜੁਗ ਜੀਵ ਉਠ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਵਰਨਾਂ ਬਰਨਾਂ ਲੱਗੀ ਆਗ, ਧੀਰਜ ਧੀਰ ਨਾ ਕੋਇ ਧਰਾਇੰਦਾ। ਸੰਤ ਸਾਧ ਬਣੇ ਕਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਸਾਚੇ ਮੰਦਰ ਦਿਸੇ ਨਾ ਕੋਇ ਚਿਰਾਗ਼, ਦੀਵਾ ਬਾਤੀ ਤੇਲ ਰਖਾਇੰਦਾ। ਸ਼ਬਦ ਨਾਦ ਨਾ ਵੱਜੇ ਸੱਚਾ ਨਾਦ, ਢੋਲਕ ਛੈਣਾ ਸਰਬ ਖੜਕਾਇੰਦਾ। ਨਾਮ ਦੇਵੇ ਨਾ ਕੋਈ ਦਾਦ, ਪੜ੍ਹ ਪੜ੍ਹ ਸਰਬ ਜੀਵ ਸੁਣਾਇੰਦਾ। ਆਤਮ ਵੇਖੇ ਨਾ ਕੋਇ ਬ੍ਰਹਮ ਬ੍ਰਹਿਮਾਦ, ਨੇਤਰ ਨੈਣ ਜਗਤ ਵੇਖ ਵਖਾਇੰਦਾ। ਆਪਣਾ ਜਾਣੇ ਨਾ ਕੋਇ ਸਵਾਦ, ਰਸਨਾ ਰਸ ਸਰਬ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵ ਆਪ ਜਗਾਇੰਦਾ। ਕਲਜੁਗ ਜੀਵ ਉਠ ਉਠਣ ਵੇਲਾ, ਵੇਲਾ ਵਕ਼ਤ ਗਿਆ ਹੱਥ ਨਾ ਆਈਆ। ਜੂਠਾ ਝੂਠਾ ਸਾਕ ਸੱਜਣ ਭਾਈ ਭੈਣ ਮੇਲਾ, ਸਗਲਾ ਸੰਗ ਨਾ ਕੋਇ ਨਿਭਾਈਆ। ਪੁਰਖ ਅਬਿਨਾਸ਼ੀ ਇਕ ਇਕੇਲਾ, ਆਦਿ ਜੁਗਾਦਿ ਦਇਆ ਕਮਾਈਆ। ਲੱਖ ਚੁਰਾਸੀ ਧਰਮ ਰਾਏ ਦੀ ਕੱਟੇ ਜੇਲਾ, ਵੇਲੇ ਅੰਤ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਜੀਵ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਤੇਰੇ ਤਨ ਦੁਰਮਤ ਮੈਲ ਲੱਗਾ ਦਾਗ਼, ਲੋਕਮਾਤ ਨਾ ਕੋਇ ਧਵਾਇੰਦਾ। ਤੇਰਾ ਨਾਤਾ ਛੁਟਾ ਕੰਤ ਸੁਹਾਗ, ਦੁਹਾਗਣ ਰੂਪ ਮਾਤ ਵਟਾਇੰਦਾ। ਤੇਰੇ ਅੰਦਰ ਤ੍ਰੈਗੁਣ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਮਾਇਆ ਡੱਸਣੀ ਡੱਸੇ ਨਾਗ, ਤ੍ਰਿਸਨਾ ਜਗਤ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ ਇਕ ਸੁਣਾਇੰਦਾ। ਕਲਜੁਗ ਜੀਵ ਉਠ ਨੇਤਰ ਖੋਲ੍ਹ, ਨੇਤਰ ਨੈਣ ਇਕ ਜਣਾਈਆ। ਪੰਚ ਵਿਕਾਰਾ ਪਿਆ ਘੋਲ, ਤ੍ਰੈਗੁਣ ਕਰੇ ਲੜਾਈਆ। ਜੂਠ ਝੂਠ ਵਜਾਏ ਢੋਲ, ਮਾਇਆ ਮਮਤਾ ਮੋਹ ਨਾਲ ਰਲਾਈਆ। ਸਚ ਵਸਤ ਨਾ ਕਿਸੇ ਕੋਲ, ਸ਼ਾਹ ਪਾਤਸ਼ਾਹ ਖ਼ਾਲੀ ਹੱਥ ਰਹੇ ਵਖਾਈਆ। ਅੰਤਮ ਲੁੱਟੇ ਜਾਣ ਸਰਬ ਅਨਭੋਲ, ਆਪਣਾ ਭੇਵ ਨਾ ਹਰਿ ਕਿਸੇ ਜਣਾਈਆ। ਕੋਈ ਦੱਸ ਨਾ ਸਕੇ ਪੰਡਤ ਪਾਂਧਾ ਰੌਲ, ਹਰਿ ਕਾ ਹਿਸਾਬ ਨਾ ਕੋਇ ਲਗਾਈਆ। ਮਨਮੁਖਤਾ ਕਰੇ ਜਗਤ ਮਖ਼ੌਲ, ਗੁਰਮੁਖ ਵਿਰਲਾ ਕੋਇ ਸਾਲਾਹੀਆ। ਹੌਲਾ ਕਰੇ ਭਾਰ ਧਰਤ ਧੌਲ, ਧਰਨੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਈਆ। ਕਲਜੁਗ ਜੀਵ ਉਠ ਆਤਮ ਅੰਧ, ਨੇਤਰ ਨੈਣ ਨੈਣ ਉਜਿਆਰਿਆ। ਚਾਰ ਵਰਨ ਨਾ ਮੁੱਕਿਆ ਅਜੇ ਪੰਧ, ਅਠਾਰਾਂ ਬਰਨ ਹੋਇਆ ਹੰਕਾਰਿਆ। ਹਉਮੇ ਹੰਗਤਾ ਚੁੱਕੀ ਪੰਡ, ਸੀਸ ਜਗਦੀਸ ਨਾ ਕਿਸੇ ਨਿਮਸਕਾਰਿਆ। ਦੂਈ ਦਵੈਤ ਨਾ ਢੱਠੀ ਕੰਧ, ਕੰਚਨ ਗੜ੍ਹ ਨਾ ਕਿਸੇ ਸਵਾਰਿਆ। ਪੰਚ ਵਿਕਾਰ ਨਾ ਹੋਇਆ ਖੰਡ, ਸਾਚਾ ਧਰਮ ਨਾ ਕੋਇ ਜੈਕਾਰਿਆ। ਚਾਰੋਂ ਕੁੰਟ ਪਾਇਣ ਵੰਡ, ਏਕਾ ਰੂਪ ਨਜ਼ਰ ਕਿਸੇ ਨਾ ਆ ਰਿਹਾ। ਆਤਮ ਬ੍ਰਹਮ ਨਾ ਚੜ੍ਹੇ ਕੋਇ ਚੰਦ, ਚੰਦ ਚਾਂਦ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵ ਆਪ ਸਮਝਾ ਰਿਹਾ। ਕਲਜੁਗ ਜੀਵ ਖੋਲ੍ਹ ਨੇਤਰ, ਗ਼ਫ਼ਲਤ ਨੀਂਦ ਦਏ ਮਿਟਾਈਆ। ਤੇਰਾ ਚੁਗਿਆ ਜਾਣਾ ਕਾਇਆ ਖੇਤਰ, ਨਾ ਸਕੇ ਕੋਇ ਬਚਾਈਆ। ਰਾਸ਼ਟਰਪਤ ਉਠਾਇਆ ਮਹੀਨਾ ਚੇਤਰ, ਦੇ ਮਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਜਣਾਈਆ। ਸਚ ਸੰਦੇਸਾ ਹਰਿ ਭਗਵਾਨਾ, ਸ਼ਬਦੀ ਸ਼ਬਦ ਸੁਣਾਇੰਦਾ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਹੋ ਪਰਧਾਨਾ, ਸੋ ਪੁਰਖ ਨਿਰੰਜਣ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਬਣ ਮਰਦ ਮਰਦਾਨਾ, ਏਕੰਕਾਰਾ ਆਪਣਾ ਬਲ ਧਰਾਇੰਦਾ। ਆਦਿ ਨਿਰੰਜਣ ਪਾਵੇ ਸਾਰ ਦੋ ਜਹਾਨਾਂ, ਅਬਿਨਾਸ਼ੀ ਕਰਤਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਸਤਿ ਨਿਸ਼ਾਨਾ ਇਕ ਜਣਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਲੱਖ ਚੁਰਾਸੀ ਦਏ ਪਰਵਾਨਾ, ਆਤਮ ਬ੍ਰਹਮ ਸਰਬ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਏਕਾ ਗਾਣਾ, ਹੁਕਮੀ ਹੁਕਮ ਆਪ ਅਲਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਫੇਰੀ ਪਾਇੰਦਾ। ਕਾਲ ਮਹਾਕਾਲ ਉਠਾਏ ਨੌਜਵਾਨਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਰਾਏ ਧਰਮ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਇਕ ਵਖਾਇੰਦਾ। ਚਿਤਰ ਗੁਪਤ ਹੋਏ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਸ੍ਰੀ ਭਗਵਾਨਾ, ਲੋਕਮਾਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਿਸ ਤੋੜਿਆ ਮਾਣਾ, ਮਾਣ ਅਭਿਮਾਨ ਸਰਬ ਗਵਾਇੰਦਾ। ਸ਼ਬਦ ਅਗੰਮੀ ਫੜੇ ਤੀਰ ਕਮਾਨਾ, ਚਿੱਲਾ ਆਪਣੇ ਹੱਥ ਉਠਾਇੰਦਾ। ਚੰਡ ਪਰਚੰਡ ਬ੍ਰਹਿਮੰਡ ਆਪ ਚਮਕਾਨਾ, ਤਿਖੀ ਧਾਰ ਆਪ ਬਣਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਆਪੇ ਵੇਖੇ ਮਾਰ ਧਿਆਨਾ, ਭੇਵ ਅਭੇਦ ਆਪਣਾ ਪਰਦਾ ਆਪ ਉਠਾਇੰਦਾ। ਅੰਜੀਲ ਕ਼ੁਰਾਨਾ ਖੇਲੇ ਖੇਲ ਮਹਾਨਾ, ਤੀਸ ਬਤੀਸਾ ਕਰਾਏ ਇਕ ਹਦੀਸਾ, ਹਜ਼ਰਤ ਆਪਣਾ ਰੂਪ ਵਟਾਇੰਦਾ। ਖਾਣੀ ਬਾਣੀ ਲਏ ਬਿਆਨਾ, ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸਾਚੇ ਤਖ਼ਤ ਬੈਠ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਪਰਗਟੇ ਜੋਧਾ ਸੂਰ ਬਲੀ ਬਲਵਾਨਾ, ਏਕਾ ਡੰਕਾ ਨਾਮ ਵਜਾਨਾ, ਲੋਆਂ ਪੁਰੀਆਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਪੁਰਖ ਅਬਿਨਾਸ਼ੀ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਸ਼ਬਦ ਅਗੰਮੀ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨਾ, ਕਲਜੁਗ ਅੰਤਮ ਵੇਸ ਵਟਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਫੋਲ ਫੋਲਾਈਆ । ਚਾਰ ਕੁੰਟ ਕਰੇ ਵੈਰਾਨਾ, ਉਪਰ ਆਪਣਾ ਨਾਉਂ ਕਰਾਈਆ। ਜੂਠਾ ਝੂਠਾ ਮੇਟ ਨਿਸ਼ਾਨਾ, ਸਚ ਸੁੱਚ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਗੰਮਾ ਅਗੰਮੜੀ ਖੇਲ ਖਿਲਾਈਆ। ਅਗੰਮ ਅਗੰਮੜਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਆਪ ਹੋ ਆਇੰਦਾ। ਸਚ ਸੰਦੇਸ ਸੰਗ ਮੁਹੰਮਦ ਚਾਰ ਯਾਰ ਏਕਾ ਘੱਲਾ, ਚੌਦਾਂ ਤਬਕਾਂ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਬੀ ਰਸੂਲਾਂ ਆਪ ਉਠਾਇੰਦਾ। ਹਰਿ ਕਾ ਨਾਮ ਸਤਿ ਵਸਤ ਅਮੋਲਕ, ਜੀਵ ਜੰਤ ਜਗਤ ਵਡਿਆਈਆ। ਰਾਮ ਨਾਮ ਵਸੌਣਾ ਕਾਇਆ ਗੋਲਕ, ਘਰ ਮੰਦਰ ਆਪ ਟਿਕਾਈਆ। ਦਰ ਸੁਣਨਾ ਨਾਦ ਅਨਹਦ ਢੋਲਕ, ਦੂਸਰ ਸਾਜ ਨਾ ਕੋਇ ਵਡਿਆਈਆ। ਗੁਰ ਸ਼ਬਦ ਸੁਣਾਏ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਲਾਈਆ। ਗੁਰਸਿਖ ਵਿਰਲਾ ਰਹੇ ਅਡੋਲਤ, ਲੱਖ ਚੁਰਾਸੀ ਰਿਹਾ ਡੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਕਾ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਏਕਾ ਰਾਮ ਸਦਾ ਸੰਗ, ਵਿਛੜ ਕਦੇ ਨਾ ਜਾਇੰਦਾ। ਏਕਾ ਨਾਮ ਦਏ ਅਨੰਦ, ਅਨੰਦ ਆਤਮ ਆਪ ਵਖਾਇੰਦਾ। ਏਕਾ ਰਾਮ ਕੱਟੇ ਫੰਦ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਨਾਮ ਚਾੜ੍ਹੇ ਚੰਦ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਏਕਾ ਰਾਮ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਇੰਦਾ। ਏਕਾ ਨਾਮ ਮਿਟਾਏ ਜੂਠ ਝੂਠ ਗੰਦ, ਅੰਮ੍ਰਿਤ ਆਤਮ ਰਸ ਚਖਾਇੰਦਾ। ਏਕਾ ਰਾਮ ਜਾਏ ਤੁਠ, ਜਨਮ ਮਰਨ ਮਰਨ ਜੰਮਣ ਗੇੜ ਕਟਾਇੰਦਾ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤੇ ਪਾਈ ਨਾਮ ਲੁੱਟ, ਕਲਜੁਗ ਜੀਵ ਲੁੱਟਣ ਕੋਇ ਨਾ ਆਇੰਦਾ। ਜਗਤ ਤ੍ਰਿਸਨਾ ਮਾਇਆ ਮਮਤਾ ਭਾਗ ਗਏ ਨਿਖੁੱਟ, ਪੂਰਾ ਭਾਗ ਨਾ ਕੋਇ ਵੰਡ ਵੰਡਾਇੰਦਾ। ਰਾਮ ਨਾਲੋਂ ਨਾਤਾ ਗਿਆ ਤੁੱਟ, ਸੀਤਾ ਸੁਰਤੀ ਰਾਮ ਨਾਲ ਨਾ ਕੋਇ ਪਰਨਾਇੰਦਾ। ਸਚਖੰਡ ਦਵਾਰਾ ਗਿਆ ਛੁੱਟ, ਲੱਖ ਚੁਰਾਸੀ ਗੇੜਾ ਗੇੜ ਵਖਾਇੰਦਾ। ਅੰਤਮ ਅੰਤ ਨਿਰਗੁਣ ਸਰਗੁਣ ਕਹੇ ਉਠ, ਉਠ ਉਠ ਆਪਣਾ ਰਾਹ ਵਖਾਇੰਦਾ। ਕਰਿਆ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇੰਦਾ। ਆਪ ਸੁਹਾਏ ਸਾਚੀ ਰੁੱਤ, ਫੁਲ ਫੁਲਵਾੜੀ ਆਪ ਜਣਾਇੰਦਾ। ਹਰਿਜਨ ਬਣਾਏ ਸਾਚੇ ਸੁਤ, ਪੂਤ ਸਪੂਤਾ ਗਲੇ ਲਗਾਇੰਦਾ। ਬਿਨ ਹਰਿ ਨਾਮੇ ਖ਼ਾਲੀ ਦਿਸੇ ਕਾਇਆ ਬੁੱਤ, ਸਾਚਾ ਮੰਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਰਾਮ ਨਾਮ ਏਕਾ ਜਨ ਮੰਤਰ, ਮਨ ਮਤ ਬੁਧ ਦਏ ਵਡਿਆਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਬੈਠਾ ਸੇਜ ਹੰਢਾਈਆ। ਵੇਸ ਵਟਾਏ ਜੁੁਗਾ ਜੁਗੰਤਰ, ਜੁਗ ਜੁਗ ਵੇਸ ਆਪ ਕਰਾਈਆ। ਹਰਿ ਭਗਤ ਬਣਾਏ ਸਾਚੀ ਬਣਤਰ, ਭਗਤ ਭਗਵੰਤ ਲਏ ਮਿਲਾਈਆ। ਲੇਖਾ ਜਾਣੇ ਗਗਨ ਗਗਨੰਤਰ, ਕਾਇਆ ਗਗਨ ਮੰਡਲ ਫੋਲ ਫੋਲਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪ੍ਰਭ ਸਾਚਾ ਆਪ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਪਰਗਟਾਈਆ। ਨਾਮ ਪਰਗਟਾਏ ਰਾਮਾ, ਰਾਮ ਰਾਮ ਰੂਪ ਵਟਾਇੰਦਾ। ਕਰੇ ਖੇਲ ਦੋ ਜਹਾਨਾਂ, ਦੋ ਜਹਾਨਾਂ ਵੇਖ ਵਖਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨਾ, ਸ਼ਾਹ ਸੁਲਤਾਨਾ ਆਪ ਉਠਾਇੰਦਾ। ਛੱਤ੍ਰੀ ਬ੍ਰਾਹਿਮਣ ਸ਼ੂਦਰ ਵੈਸ਼ ਆਪ ਬਹਾਏ ਇਕ ਮਕਾਨਾ, ਊਚ ਨੀਚ ਨਾ ਕੋਇ ਜਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਇਸ਼ਟ ਦੇਵ ਗੁਰ ਵਖਾਇੰਦਾ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਧੁਰ ਦੀਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਸ੍ਰੀ ਭਗਵੰਤ ਏਕਾ ਵਾਰ ਉਠਾਇੰਦਾ। ਏਕਾ ਵਾਰ ਹੁਕਮ ਸਰਕਾਰ, ਸਤਿਗੁਰ ਸੱਚਾ ਆਪ ਜਣਾਈਆ। ਸੋ ਪੁਰਖ ਨਿਰੰਜਣ ਨਿਰਾਕਾਰ, ਨਿਰਵੈਰ ਖੇਲ ਖਿਲਾਈਆ। ਅਜੂਨੀ ਰਹਿਤ ਕਰ ਪਸਾਰ, ਜੂਨ ਅਜੂਨੀ ਵੇਖ ਵਖਾਈਆ। ਕਲਜੁਗ ਅੰਤਮ ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਹਰਿ ਕੰਤ ਨਾ ਕਰੇ ਕੋਇ ਪਿਆਰ, ਜਗਤ ਦੁਹਾਗਣ ਰੈਣ ਵਿਹਾਈਆ। ਸਾਚਾ ਧਰਮ ਨਾ ਸਕੇ ਕੋਇ ਵਿਚਾਰ, ਜਗਤ ਅਧਰਮ ਵੰਡ ਵੰਡਾਈਆ। ਜੋ ਜਨ ਹਰਿ ਕੀ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਰੰਗਾਈਆ। ਸੰਸਾਰ ਸਿੰਘ ਛੁਟਿਆ ਸੰਸਾਰ, ਹਰਿ ਸੰਸਾਰੀ ਸਤਿਗੁਰ ਪਾਇਆ। ਨਿਹਕਰਮੀ ਕਰਮ ਕਰੇ ਵਿਚਾਰ, ਜਨਮ ਕਰਮ ਆਪਣੇ ਲੇਖੇ ਪਾਇਆ। ਏਕਾ ਨੇਤਰ ਦਏ ਉਘਾੜ, ਜਗਤ ਲੋਚਣ ਬੰਦ ਰਖਾਇਆ। ਇਕ ਵਖਾਏ ਮੰਦਰ ਦਵਾਰ, ਹਰਿ ਮੰਦਰ ਆਪ ਉਪਾਇਆ। ਏਕਾ ਜੋਤ ਕਰੇ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਇਆ। ਏਕਾ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦ ਦਏ ਸੁਣਾਇਆ। ਏਕਾ ਅੰਮ੍ਰਿਤ ਠੰਡਾ ਠਾਰ, ਘਰ ਅੰਮ੍ਰਿਤ ਦਏ ਪਿਆਇਆ। ਏਕਾ ਮੇਲਾ ਧੁਰ ਦਰਬਾਰ, ਗੁਰ ਚੇਲਾ ਵੇਖ ਵਖਾਇਆ। ਪਾਇਆ ਪੁਰਖ ਅਗੰਮੜਾ ਯਾਰ, ਲੇਖਾ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸੰਸਾਰ ਸਾਗਰ ਉਤਰਿਆ ਪਾਰ, ਸਤਿਗੁਰ ਪੂਰਾ ਆਪ ਲੰਘਾਈਆ। ਸਾਚਾ ਬੇੜਾ ਕਰ ਤਿਆਰ, ਨਿਰਗੁਣ ਦਾਤਾ ਲਏ ਚੜ੍ਹਾਈਆ। ਸ਼ੌਹ ਦਰਯਾਏ ਨਾ ਰੱਖੇ ਅਧਵਿਚਕਾਰ, ਡੂੰਘੀ ਭਵਰ ਨਾ ਕੋਇ ਭਵਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਹਰਿਜਨ ਤੇਰੀ ਵਡ ਵਡਿਆਈਆ। ਸੱਤ ਸਮੁੰਦਰ ਮਸ ਰੋਵੇ ਜ਼ਾਰੋ ਜ਼ਾਰ, ਭਗਤ ਕਬੀਰਾ ਦਏ ਗਵਾਹੀਆ। ਬਨਾਸਪਤ ਨਾ ਬਣੇ ਲਿਖਾਰ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਗੁਰਸਿਖ ਤੇਰੀ ਮਹਿਮਾ ਅਪਰ ਅਪਾਰ, ਤੇਰਾ ਰੰਗ ਤੇਰਾ ਰੇਖ ਤੇਰਾ ਲੇਖ ਤੇਰਾ ਸਤਿਗੁਰ ਆਪ ਵਟਾਈਆ। ਤੇਰਾ ਨੇਤਰ ਤੇਰਾ ਨੈਣ ਤੇਰਾ ਤੈਨੂੰ ਲਏ ਵੇਖ, ਤੇਰੇ ਮੰਦਰ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਮਾਣ ਵਡਿਆਈਆ। ਸੰਸਾਰ ਸਾਗਰ ਵਿਚ ਖੋਲ੍ਹੇ ਜਾਗ, ਵੈਰਾਗ ਇਕ ਉਪਜਾਇਆ। ਸੋਇਆ ਜਨ ਗਿਆ ਜਾਗ, ਗੁਰ ਸਤਿਗੁਰ ਆਪ ਜਗਾਇਆ। ਚਰਨ ਧੂੜ ਕਰਾਇਆ ਮਜਨ ਮਾਘ, ਦੁਰਮਤ ਮੈਲ ਧਵਾਇਆ। ਫੜ ਕੇ ਹੰਸ ਬਣਾਇਆ ਕਾਗ, ਸੋਹੰ ਹੰਸਾ ਮਾਣਕ, ਮੋਤੀ ਚੋਗ ਚੁਗਾਇਆ। ਆਦਿ ਅੰਤ ਰੱਖੇ ਲਾਜ, ਜਿਉਂ ਬਿਦਰ ਸੁਦਾਮਾ ਹੋਏ ਸਹਾਇਆ। ਹੱਥ ਆਪਣੇ ਰੱਖੇ ਵਾਗ, ਦੋ ਜਹਾਨਾਂ ਲਏ ਉਠਾਇਆ। ਮੇਟ ਮਿਟਾਵੇ ਵਾਦ ਵਿਵਾਦ, ਮਨ ਕਾ ਮਣਕਾ ਲਏ ਭਵਾਇਆ। ਘਰ ਘਰ ਮੇਲਾ ਕੰਤ ਸੁਹਾਗ, ਸਾਚੇ ਮੰਦਰ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪਣੇ ਰੰਗ ਰੰਗਾਇਆ। ਸੰਸਾਰ ਚੜ੍ਹਾਏ ਸੰਸਾਰੀ ਰੰਗ, ਸਾਗਰ ਸਿੰਧ ਪਾਰ ਕਰਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਤੁਟਾ ਫੰਦ, ਫਾਂਦੀ ਹੋਰ ਨਾ ਕੋਇ ਵਖਾਈਆ। ਇਕ ਉਪਜਾਇਆ ਆਪਣਾ ਅਨੰਦ, ਅਨੰਦ ਮੰਗਲ ਆਪ ਸੁਣਾਈਆ। ਸਦਾ ਸੁਹੇਲਾ ਇਕ ਇਕੇਲਾ ਕਦੇ ਨਾ ਦੇਵੇ ਕੰਡ, ਕਰਵਟ ਆਪਣੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵਿਚ ਸਮਾਈਆ। ਹਰਿਜਨ ਅੰਦਰ ਹਰਿ ਸਮਾਇਆ, ਨਿਰਗੁਣ ਸਰਗੁਣ ਰੂਪ ਧਰਾ। ਸਾਚੇ ਆਸਣ ਡੇਰਾ ਲਾਇਆ, ਸਚ ਸਿੰਘਾਸਣ ਸੇਜ ਵਿਛਾ। ਬ੍ਰਹਮ ਪਾਰਬ੍ਰਹਮ ਮਿਲਾਇਆ, ਮੇਲਾ ਕਰੇ ਸਹਿਜ ਸੁਭਾ। ਚੇਲਾ ਗੁਰ ਏਕਾ ਧਾਮ ਬਹਾਇਆ, ਚੇਲਾ ਗੁਰ ਆਪ ਅਖਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਆਪਣਾ ਬੰਧਨ ਏਕਾ ਪਾ। ਬੰਧਨ ਪਾਏ ਹਰਿ ਨਿਰੰਕਾਰਾ, ਲੋਕਲਾਜ ਮਾਤ ਤਜਾਈਆ। ਆਂਢ ਗਵਾਂਢ ਕਹੇ ਭੁੱਲਿਆ ਫਿਰੇ ਸੰਸਾਰਾ, ਸੰਸਾਰੀ ਦੇਵੇ ਜਗਤ ਵਡਿਆਈਆ। ਏਕਾ ਬਖ਼ਸ਼ੇ ਨਾਮ ਅਤੁਟ ਭੰਡਾਰਾ, ਅਤੋਟ ਅਤੁਟ ਆਪ ਵਰਤਾਈਆ। ਗੁਰਸਿਖਾਂ ਘਰ ਬਣੇ ਵਣਜਾਰਾ, ਦਰ ਦਰਵੇਸ਼ ਫੇਰੀ ਪਾਈਆ। ਸਚ ਪ੍ਰੀਤੀ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਦਰਸ ਦਿਖਾਏ ਰਾਮ ਅਵਤਾਰਾ, ਰਾਮ ਰਾਮਾ ਰੂਪ ਵਟਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਕਾਹਨਾ ਕ੍ਰਿਸ਼ਨਾ ਹੋ ਉਜਿਆਰਾ, ਘਰ ਬੰਸਰੀ ਨਾਮ ਵਜਾਈਆ। ਏਕਾ ਮਧੁਰ ਧੁਨ ਸੁਣੇ ਸੁਣਨੇਹਾਰਾ, ਕਵਲ ਨੈਣ ਨੈਣ ਮਟਕਾਈਆ। ਸਾਵਲ ਸੁੰਦਰ ਰੂਪ ਅਪਾਰਾ, ਮੁਕਟ ਬੈਣ ਆਪ ਟਿਕਾਈਆ। ਰਾਤੀ ਸੁੱਤਿਆ ਦਏ ਦੀਦਾਰਾ, ਬਾਹੋਂ ਪਕੜ ਆਪ ਉਠਾਈਆ। ਘਰ ਮਿਲਿਆ ਹਰਿ ਨਿਰੰਕਾਰਾ, ਮਿਲਿਆ ਮੇਲ ਵਿਛੜ ਨਾ ਜਾਈਆ। ਜਿਉਂ ਭਾਗ ਲਗਾਏ ਬਿਦਰ ਸੁਦਾਮਾ ਜਾਏ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖਣ ਆਪਣੀ ਅੱਖ, ਗੁਰ ਸਤਿਗੁਰ ਅੱਖ ਖੁਲ੍ਹਾਈਆ। ਅੱਠੇ ਪਹਿਰ ਰਹੇ ਪਰਤੱਖ, ਨਿਰਗੁਣ ਸਰਗੁਣ ਰੂਪ ਵਟਾਈਆ। ਜਿਸ ਜਨ ਆਪਣਾ ਮਾਰਗ ਦੇਵੇ ਦੱਸ, ਨਾਤਾ ਜਗਤ ਦਏ ਤੁੜਾਈਆ। ਸਾਕ ਸੱਜਣ ਰਹੇ ਹੱਸ, ਹੱਸ ਹੱਸ ਆਪਣਾ ਵਕ਼ਤ ਗਵਾਈਆ। ਹਰਿਜਨ ਹਰਿ ਹਰਿ ਇਕ ਦੂਜੇ ਦੇ ਹੋਏ ਵਸ, ਏਕਾ ਘਰ ਵਸਣ ਦਿਸ ਕਿਸੇ ਨਾ ਆਈਆ। ਕਲਜੁਗ ਜੀਵ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਈਆ। ਕਾਇਆ ਖੇੜਾ ਹੋਏ ਭੱਠ, ਤ੍ਰੈਗੁਣ ਅਗਨੀ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਉਤਰੇ ਪਾਰ ਕਿਨਾਰਾ, ਤਰਨੀ ਬੈਤਰਨੀ ਆਪ ਤਰਾਈਆ। ਰਾਏ ਧਰਮ ਕਰੇ ਨਿਮਸਕਾਰਾ, ਗੁਰਮੁਖ ਤੇਰੇ ਚਰਨਾਂ ਸੀਸ ਝੁਕਾਈਆ। ਚਿੱਤਰ ਗੁਪਤ ਨਾ ਬਣੇ ਲਿਖਾਰਾ, ਦੋਏ ਜੋੜ ਰਹੇ ਸ਼ਰਮਾਈਆ। ਕਾਲ ਨਾ ਆਏ ਚਲ ਦਵਾਰਾ, ਲਾੜੀ ਮੌਤ ਨਾ ਕਰੇ ਕੁੜਮਾਈਆ। ਮਹਾਕਾਲ ਹੋਏ ਰਖਵਾਰਾ, ਸਦਾ ਸੁਹੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੇ ਧਾਮ ਦਏ ਵਡਿਆਈਆ। ਗੁਰਸਿਖ ਧਾਮ ਸਚ ਮਹੱਲਾ, ਸਚਖੰਡ ਦਵਾਰਾ ਇਕ ਸਮਝਾਈਆ। ਪੁਰਖ ਅਬਿਨਾਸ਼ੀ ਬੈਠਾ ਇਕ ਇਕੱਲਾ, ਸਚ ਸਿੰਘਾਸਣ ਆਸਣ ਲਾਈਆ। ਜਿਸ ਜਨ ਫੜਾਏ ਲੋਕਮਾਤ ਸ਼ਬਦੀ ਪੱਲਾ, ਏਕਾ ਨਾਮ ਗੰਢ ਦਵਾਈਆ। ਅੰਤਮ ਬਿਠਾਏ ਨਿਹਚਲ ਧਾਮ ਅਟੱਲਾ, ਉਚ ਅਗੰਮ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਵਾਰਾ ਦਏ ਚਮਕਾਈਆ। ਹਰਿ ਕਾ ਦਵਾਰਾ ਸਚਖੰਡ, ਸਚਖੰਡ ਨਿਵਾਸੀ ਖੇਲ ਖਿਲਾਇੰਦਾ। ਥਿਰ ਘਰ ਵੰਡੀ ਆਪਣੀ ਵੰਡ, ਆਪਣੇ ਚਰਨ ਟਿਕਾਇੰਦਾ। ਚਰਨ ਦਵਾਰਾ ਰੱਖੇ ਉਪਰ ਬ੍ਰਹਿਮੰਡ, ਕੋਟਨ ਕੋਟ ਬ੍ਰਹਿਮੰਡ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਰ ਬਹਾਇੰਦਾ। ਦਰ ਸਾਚਾ ਠਾਂਡਾ ਦਰਬਾਰਾ, ਦਰ ਘਰ ਵੱਜੇ ਵਧਾਈਆ। ਨਾਤਾ ਤੁਟਿਆ ਜਗਤ ਸੰਸਾਰਾ, ਸੰਸਾਰ ਸਾਗਰ ਪਾਰ ਕਰਾਈਆ। ਘਰ ਮੰਦਰ ਹੋਏ ਉਜਿਆਰਾ, ਗ੍ਰਹਿ ਜੋਤ ਨੂਰ ਰੁਸ਼ਨਾਈਆ। ਹਰਿ ਮੰਦਰ ਹਰਿ ਪਸਾਰਾ, ਘਟ ਭੀਤਰ ਰਿਹਾ ਸਮਾਈਆ। ਆਤਮ ਬ੍ਰਹਮ ਪਾਵੇ ਸਾਰਾ, ਪਾਰਬ੍ਰਹਮ ਬੇਪਰਵਾਹੀਆ। ਸੇਜ ਸੁਹੰਜਣੀ ਸੁੱਤਾ ਪੈਰ ਪਸਾਰਾ, ਅਗੰਮ ਅਥਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਕੀਆ ਆਦਿ ਪਸਾਰਾ, ਅੰਤ ਆਪੇ ਵੇਖਣ ਆਈਆ । ਨੌਂ ਸੌ ਚੁਰਾਨਵਾਂ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਔਂਦੇ ਰਹੇ ਵਾਰੋ ਵਾਰਾ, ਜੁਗ ਜੁਗ ਆਪਣਾ ਗੇੜ ਚਲਾਈਆ। ਹੁਕਮ ਅੰਦਰ ਹੁਕਮ ਸੁਣਾਵਣ ਗੁਰ ਪੀਰ ਅਵਤਾਰਾ, ਲੋਕਮਾਤ ਪੰਜ ਤੱਤ ਕਾਇਆ ਚੋਲਾ ਜਗਤ ਹੰਢਾਈਆ। ਹਰਿ ਕਾ ਨਾਮ ਵਜਾਵਣ ਸਚ ਨਗਾਰਾ, ਜੀਵਾਂ ਜੰਤਾਂ ਆਪ ਸੁਣਾਈਆ। ਬ੍ਰਹਮਾ ਲਿਖ ਲਿਖ ਥੱੱਕਾ ਵੇਦ ਚਾਰਾ, ਵੇਦ ਵਿਆਸਾ ਅਠਾਰਾਂ ਪੁਰਾਨ ਰਿਹਾ ਸਮਝਾਈਆ। ਗੀਤਾ ਗਿਆਨ ਸਚ ਭੰਡਾਰਾ, ਕਾਹਨਾ ਕ੍ਰਿਸ਼ਨਾ ਏਕਾ ਅਰਜਣ ਤੱਤ ਜਣਾਈਆ। ਅੰਜੀਲ ਕ਼ੁਰਾਨਾ ਭੇਵ ਨਿਆਰਾ, ਏਕਾ ਮਸਲਾ ਆਪ ਪੜ੍ਹਾਈਆ। ਨਾਨਕ ਨਿਰਗੁਣ ਬੋਲ ਜੈਕਾਰਾ, ਪੁਰਖ ਅਕਾਲ ਰਿਹਾ ਵਡਿਆਈਆ। ਹਰਿ ਕਾ ਨਾਉਂ ਸਤਿ ਭੰਡਾਰਾ, ਚਾਰ ਵਰਨ ਰਿਹਾ ਸਮਝਾਈਆ। ਗੋਬਿੰਦ ਬਣ ਬਣ ਲਿਖਾਰਾ, ਅੰਤਮ ਲੇਖਾ ਗਿਆ ਸਮਝਾਈਆ। ਪੁਰਖ ਅਕਾਲ ਸਾਂਝਾ ਯਾਰਾ, ਵਰਨ ਗੋਤ ਨਾ ਕੋਇ ਰਖਾਈਆ। ਕਲਜੁਗ ਅੰਤਮ ਨਿਹਕਲੰਕ ਆਏ ਬਲੀ ਬਲਕਾਰਾ, ਜੋਤੀ ਜਾਮਾ ਭੇਖ ਵਟਾਈਆ। ਸੰਬਲ ਨਗਰ ਵਸੇ ਧਾਮ ਨਿਆਰਾ, ਕਿਸੇ ਮੰਦਰ ਮਸਜਦ ਗੁਰੂਦਵਾਰ ਨਾ ਡੇਰਾ ਲਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਪੂਰਬ ਲਹਿਣਾ ਵੇਖ ਵਖਾਈਆ। ਦੇਵੇ ਦਰਸ ਦੀਦ ਦੀਦਾਰਾ, ਦੀਦ ਈਦ ਆਪ ਮਨਾਈਆ। ਕ਼ੁਦਰਤ ਕ਼ਾਦਰ ਵੇਖਣਹਾਰਾ, ਮੁਰਸ਼ਦ ਮੁਰੀਦ ਲਏ ਉਠਾਈਆ। ਰਾਮ ਭਗਤ ਹਰਿ ਰਾਮ ਪਿਆਰਾ, ਰਾਮ ਰਾਮਾ ਲਏ ਜਗਾਈਆ। ਪੁਰਖ ਅਬਿਨਾਸ਼ ਖੇਲ ਤਮਾਸ਼ ਜੁਗਾ ਜੁਗੰਤਰ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪ ਅਖਵਾਈਆ। ਜਿਸ ਜਨ ਨਾਤਾ ਤੋੜੇ ਸਰਬ ਸੰਸਾਰਾ, ਤਿਸ ਜਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਪੌੜੇ ਏਕਾ ਚੜ੍ਹ, ਨਾਮ ਬੰਧਨ ਸਾਚਾ ਪਾਈਆ। ਨਾਮ ਬੰਧਨ ਪਾਇਆ ਹਰਿ, ਹਰਿ ਹਰਿਜਨ ਬੰਧ ਵਖਾਇਆ। ਜਗਤ ਜੁਗਤ ਚੁਕਾਇਆ ਡਰ, ਭਗਤ ਭਗਵੰਤ ਮੇਲ ਮਿਲਾਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਕਾਇਆ ਗਾਗਰ ਤਾਲ ਭਰਾਇਆ। ਗੁਰਮੁਖ ਆਦਿ ਜੁਗਾਦਿ ਨਾ ਜਨਮੇ ਨਾ ਜਾਏ ਮਰ, ਜਿਸ ਜਨ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਮਹਾਨ, ਜੁਗਾ ਜੁਗੰਤਰ ਹੋ ਪਰਧਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇਆ।