Granth 10 Likhat 140: 21 Jeth 2018 Bikarmi Bibi Kesri de Greh Rani Bagh Jammu

੨੧ ਜੇਠ ੨੦੧੮ ਬਿਕਮ੍ਰੀ ਬੀਬੀ ਕੇਸਰੀ ਦੇ ਗ੍ਰਹਿ ਰਾਣੀ ਬਾਗ਼ ਜੰਮੂ

ਜਿਉਂ ਜਿਉਂ ਲੇਖ ਤਿਉਂ ਮੁਕਦਾ, ਪੂਰਬ ਕਰਮ ਰਹਿਣ ਨਾ ਪਾਈਆ। ਜਿਉਂ ਜਿਉਂ ਹੁਕਮ ਤਿਵਾਂ ਤਿਵ ਗੁਰਸਿਖ ਝੁਕਦਾ, ਬਿਨ ਹੁਕਮ ਨਾ ਕੋਇ ਝੁਕਾਈਆ। ਜਿਉਂ ਜਿਉਂ ਵੇਲਾ ਤਿਉਂ ਤਿਉਂ ਪੈਂਡਾ ਮੁਕਦਾ, ਪਾਂਧੀ ਪੰਧ ਆਪ ਮੁਕਾਈਆ। ਜਿਉਂ ਜਿਉਂ ਨਿਸ਼ਾਨਾ ਤਿਉਂ ਤਿਉਂ ਤੀਰ ਸ਼ਬਦ ਨਾ ਉਕਦਾ, ਆਤਮ ਨਿਸ਼ਾਨ ਰਿਹਾ ਬਣਾਈਆ। ਜਿਸ ਸਮੇਂ ਸਤਿਗੁਰ ਪੂਰਾ ਉਠਦਾ, ਗੁਰਮੁਖ ਸਾਚੇ ਨਾਲ ਮਿਲਾਈਆ। ਗ਼ਰੀਬ ਨਿਮਾਣਿਆਂ ਉਪਰ ਆਪੇ ਤੁਠਦਾ, ਖਿਮਾਂ ਗ਼ਰੀਬੀ ਆਪ ਹੰਢਾਈਆ। ਵਿਸ਼ਨ ਬ੍ਰਹਮਾ ਸ਼ਿਵ ਸੱਦ ਸੱਦ ਤਿੰਨਾਂ ਕੋਲੋਂ ਪੁਛਦਾ, ਗੁਰਸਿਖ ਗੁਰਮੁਖ ਹਰਿਜਨ ਕਵਣ ਕੂਟੇ ਡੇਰਾ ਲਾਈਆ। ਪਾਵੇ ਸਾਰ ਰੂਪ ਧਰ ਮਾਣਸ ਮਨੁਖ ਦਾ, ਨਵ ਨੌਂ ਫੋਲ ਫੋਲਾਈਆ। ਮਾਣਸ ਏਕਾ ਜ਼ਾਤ ਬੂਟਾ ਉਲਟਾ ਰੁੱਖ ਦਾ, ਮਾਤ ਗਰਭ ਉਲਟਾ ਵੇਖ ਵਖਾਈਆ। ਦੱਸ ਮਾਸ ਧੂੰਆਂ ਧੁਖਦਾ, ਅਗਨੀ ਅੱਗ ਅਗਨ ਕੁੰਡ ਤਪਾਈਆ। ਜਿਸ ਕੋਲੋਂ ਸਾਹਿਬ ਸਤਿਗੁਰ ਰੁਸਦਾ, ਜੂਨੀ ਜੂਨ ਦਏ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਲਹਿਣਾ ਆਪ ਮੁਕਾਈਆ। ਜਿਸ ਲਹਿਣਾ ਤਿਸ ਹਰਿ ਜੂ ਦੇਣਾ, ਲੇਖਾ ਲੇਖ ਰਹੇ ਨਾ ਰਾਈਆ। ਨੇਤਰ ਦਰਸ ਦਿਖਾਏ ਆਪਣੇ ਨੈਣਾਂ, ਆਪ ਆਪਣੀ ਅੱਖ ਖੁਲ੍ਹਾਈਆ। ਸ਼ਬਦ ਸੁਣਾਏ ਸਾਚਾ ਕਹਿਣਾ, ਏਕਾ ਅੱਖਰ ਕਰੇ ਪੜ੍ਹਾਈਆ। ਨਾਮ ਪਹਿਨਾਏ ਤਨ ਸਾਚਾ ਗਹਿਣਾ, ਕਾਇਆ ਕੰਚਨ ਰੂਪ ਵਟਾਈਆ। ਹਰਿ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਜੂ ਹਰਿ ਹਰਿ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕਾ ਏਕ ਅਖਵਾਈਆ। ਏਕਾ ਏਕ ਦੇਵਣ ਯੋਗ, ਪਾਰਬ੍ਰਹਮ ਹਰਿ ਅਖਵਾਇੰਦਾ। ਨਾਤਾ ਤੋੜ ਜਗਤ ਵਿਯੋਗ, ਹਰਿਜਨ ਸਾਚੇ ਮੇਲ ਮਿਲਾਇੰਦਾ। ਚਰਨ ਕਵਲ ਕਰਾਏ ਧੁਰ ਸੰਜੋਗ, ਆਪ ਆਪਣੇ ਰੰਗ ਰੰਗਾਇੰਦਾ। ਦਰਸ ਦਿਖਾਏ ਇਕ ਅਮੋਘ, ਰੂਪ ਅਨੂਪ ਆਪ ਵਟਾਇੰਦਾ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਹੰਸਾ ਕਾਗ ਰੂਪ ਵਟਾਇੰਦਾ। ਲੇਖਾ ਚੁਕੇ ਤੀਨ ਲੋਕ, ਤ੍ਰੈਗੁਣ ਬੰਧਨ ਆਪ ਮੁਕਾਇੰਦਾ। ਇਕ ਵਖਾਏ ਸਾਚੀ ਓਟ, ਦੂਸਰ ਸੀਸ ਨਾ ਕੋਇ ਝੁਕਾਇੰਦਾ। ਜਗਤ ਵਾਸਨਾ ਕੱਢੇ ਖੋਟ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਨਿਰਮਲ ਨੂਰ ਜਗਾਏ ਜੋਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਬੰਦ ਕਿਵਾੜਾ ਖੁਲ੍ਹੇ ਸੋਤ, ਦੂਈ ਦਵੈਤੀ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਝੋਲੀ ਪਾਇੰਦਾ। ਹਰਿਜਨ ਲਹਿਣਾ ਝੋਲੀ ਪਾ, ਹਰਿ ਹਰਿ ਸਾਚਾ ਖ਼ੁਸ਼ੀ ਮਨਾਈਆ। ਗੁਰਮੁਖ ਮਿਲਿਆ ਸੱਚਾ ਸ਼ਾਹ, ਜਿਸ ਦਾ ਦਿਤਾ ਕਰਜ਼ਾ ਲਾਹੀਆ। ਨਾਲ ਬਣਾਏ ਹਰਿ ਸੰਗਤ ਗਵਾਹ, ਅਭੁਲ ਭੁਲ ਕਦੇ ਨਾ ਜਾਈਆ। ਜਗਤ ਵਿਛੜੇ ਮੇਲੇ ਆ, ਮਿਲਿਆ ਮੇਲ ਵਿਛੜ ਨਾ ਜਾਈਆ। ਆਪ ਜਪਾਏ ਆਪਣਾ ਨਾਂ, ਗੁਰਸਿਖਾਂ ਨਾਮ ਆਪੇ ਗਾਈਆ। ਬਣ ਸੁਹੇਲਾ ਪਕੜੇ ਬਾਂਹ, ਜਿਉਂ ਸੱਜਣ ਮੀਤ ਗੁਸਾਈਂਆ। ਨਥਾਵਿਆਂ ਦੇਵੇ ਚਰਨ ਕਵਲ ਸਾਚਾ ਥਾਂ, ਥਾਨ ਥਨੰਤਰ ਇਕ ਸੁਹਾਈਆ। ਗੁਰਮੁਖ ਬਾਲ ਅਞਾਣੇ ਗੋਦ ਬਿਠਾਏ ਜਿਉਂ ਬਾਲਕ ਮਾਂ, ਪਿਤਾ ਪੂਤ ਆਪ ਹੋ ਜਾਈਆ। ਸਦਾ ਸੁਹੇਲਾ ਸਮਰਥ ਰੱਖੇ ਠੰਡੀ ਛਾਂ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮ ਪੂਰਬ ਜਨਮ ਲੇਖਾ ਲੇਖੇ ਲਾਈਆ। ਲੇਖਾ ਲੇਖੇ ਲਾਏ ਹਰਿ ਨਿਰੰਕਾਰਾ, ਹਰਿਜਨ ਸਾਚਾ ਮੇਲ ਮਿਲਾਈਆ। ਤੁਟਾ ਫੰਦ ਅੰਤਮ ਵਾਰਾ, ਫਾਂਸੀ ਗਲ ਨਾ ਕੋਇ ਲਟਕਾਈਆ। ਲੇਖਾ ਮੰਗੇ ਨਾ ਕੋਇ ਆਏ ਦਵਾਰਾ, ਹਿਸਾਬ ਕਿਤਾਬ ਨਾ ਕੋਇ ਜਣਾਈਆ। ਗੁਰ ਸਤਿਗੁਰ ਪਾਵੇ ਸਾਚੀ ਸਾਰਾ, ਜਿਸ ਕਾਇਆ ਚੋਲਾ ਬਣਤ ਬਣਾਈਆ। ਦੇਵੇ ਦਰਸ ਅਗੰਮ ਅਪਾਰਾ, ਰੂਪ ਅਨੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਲੇਖਾ ਲੇਖੇ ਜਾਏ ਲੱਗ, ਜਿਸ ਜਨ ਹਰਿ ਹਰਿ ਆਪ ਲਗਾਇੰਦਾ। ਦਰਸ ਦਿਖਾਏ ਸੂਰਾ ਸਰਬੱਗ, ਸੁਰ ਨਰ ਮੁਨ ਜਨ ਆਪਣੇ ਦਰ ਬਹਾਇੰਦਾ। ਤ੍ਰੈਗੁਣ ਅਗਨੀ ਬੁਝੇ ਅੱਗ, ਤਤਵ ਤਤ ਸਰਬ ਮਿਟਾਇੰਦਾ। ਹੰਸ ਬਣਾਏ ਫੜ ਫੜ ਕੱਗ, ਕਾਗ ਹੰਸ ਰੂਪ ਵਟਾਇੰਦਾ। ਮਾਣਕ ਮੋਤੀ ਹੀਰਾ ਬਣੇ ਸੁੱਚਾ ਨਗ, ਜਿਸ ਜਨ ਆਪਣੇ ਸੀਸ ਟਿਕਾਇੰਦਾ। ਅੰਤ ਕਾਲ ਅਧਵਿਚਕਾਰ ਨਾ ਜਾਏ ਛੱਡ, ਪਾਰ ਕਿਨਾਰਾ ਆਪ ਵਖਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਅੱਡ, ਸਾਚੇ ਮੰਦਰ ਆਪ ਬਹਾਇੰਦਾ। ਇਕ ਸੁਣਾਏ ਸਾਚਾ ਨਾਦ, ਨਾਮ ਨਿਧਾਨਾ ਆਪੇ ਗਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਮੁਕਾਇੰਦਾ। ਲਹਿਣਾ ਮੁੱਕੇ ਜਗਤ ਜੁਗ, ਜੁਗ ਚਾਰ ਆਰਜਾ ਬੀਤ ਬਿਤਾਈਆ। ਸੰਤ ਸੁਹੇਲੇ ਗੁਰੂ ਗੁਰਮੁਖ ਗੁਰ ਗੁਰ ਚੁਗ, ਚੁਣ ਚੁਣ ਆਪਣੇ ਸੰਗ ਮਿਲਾਈਆ। ਜਿਉਂ ਜਿਉਂ ਔਧ ਰਹੀ ਪੁਗ, ਘੜੀ ਪੱਲ ਲੇਖਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮੇਲਾ ਏਕਾ ਘਰ, ਘਰ ਸੰਗਤ ਰੂਪ ਵਟਾਇਆ। ਪੁਰਖ ਅਬਿਨਾਸ਼ੀ ਅੰਦਰ ਬੈਠਾ ਵੜ, ਘਟ ਘਟ ਆਪਣਾ ਆਸਣ ਲਾਇਆ। ਇਕ ਦੂਜੇ ਦਾ ਫੜਾਏ ਲੜ, ਸਾਕ ਸੱਜਣ ਸੈਣ ਭਾਈ ਭੈਣ ਮੀਤ ਮੁਰਾਰਾ ਗੁਰਮੁਖ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਸੰਗ ਨਿਭਾਇਆ। ਸਾਧ ਸੰਗਤ ਸਾਚਾ ਸੰਗ, ਗੁਰ ਸਤਿਗੁਰ ਸੰਗ ਨਿਭਾਈਆ। ਨੇਤਰ ਪੇਖ ਚੜ੍ਹੇ ਰੰਗ, ਮਨ ਮਲੰਗ ਉਠ ਨਾ ਦਹਿ ਦਿਸ਼ ਧਾਈਆ। ਸੁਹਾਏ ਸੁਹੰਜਣੀ ਸੇਜ ਪਲੰਘ, ਆਤਮ ਅੰਤਰ ਆਪ ਵਿਛਾਈਆ। ਉਪਰ ਬੈਠ ਸੂਰਾ ਸਰਬੰਗ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਫੜਾਏ ਸਾਚਾ ਲੜ, ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਹਰੀ ਦਵਾਰ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਅੰਮ੍ਰਿਤ ਜਲ ਵਹਾਏ ਧਾਰ, ਡੂੰਘੀ ਧਾਰ ਆਪ ਰਖਾਇੰਦਾ। ਸ਼ੰਕਰ ਵੇਖ ਕਰੇ ਪਿਆਰ, ਵਾਹਵਾ ਹਰਿ ਹਰਿ ਖੇਲ ਖਿਲਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਪਤਤ ਪਵਿਤ ਪਤਤ ਪੁਨੀਤਾ ਆਪਣਾ ਦਰ ਵਖਾਇੰਦਾ। ਜਗਤ ਨਿਮਾਣੇ ਜਾਏ ਤਾਰ, ਠਾਂਡਾ ਸੀਤਾ ਸਤਿ ਸੰਤੋਖ ਦਇਆ ਨਿਧ ਦੀਨ ਦਿਆਲ ਠਾਕਰ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਸੰਗਤ ਮੇਲਾ, ਆਪ ਕਰਾਏ ਸੱਜਣ ਸੁਹੇਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬੰਧਨ ਆਪੇ ਪਾਇੰਦਾ।