੨੩ ਜੇਠ ੨੦੧੮ ਬਿਕ੍ਰਮੀ ਚੇਲਾ ਸਿੰਘ ਦੇ ਗ੍ਰਹਿ ਜੰਮੂ
ਸ਼ਾਹ ਪਾਤਸ਼ਾਹ ਹਰਿ ਸੁਲਤਾਨਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸਚ ਸਿੰਘਾਸਣ ਆਸਣ ਲਾਇੰਦਾ। ਸਚਖੰਡ ਸੁਹਾਏ ਇਕ ਮਕਾਨਾ, ਦਰ ਘਰ ਸਾਚਾ ਸੋਭਾ ਪਾਇੰਦਾ। ਥਿਰ ਘਰ ਜੋਤ ਜਗਾਏ ਨੂਰ ਮਹਾਨਾ, ਨੂਰ ਨੁਰਾਨਾ ਡਗਮਗਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਅਨਭਵ ਆਪਣੀ ਧਾਰ ਚਲਾਇੰਦਾ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਹਰਿ ਪੁਰਖ ਨਿਰੰਜਣ ਸੰਗ ਮਿਲਾਇੰਦਾ। ਏਕੰਕਾਰਾ ਵਡ ਬਲਵਾਨਾ, ਆਦਿ ਨਿਰੰਜਣ ਖੇਲ ਖਿਲਾਇੰਦਾ। ਸ੍ਰੀ ਭਗਵਾਨਾ ਨੌਜਵਾਨਾ, ਰੂਪ ਅਨੂਪ ਆਪ ਧਰਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣਾ ਬਲ ਰਖਾਨਾ, ਬਲ ਧਾਰੀ ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਅਲਖ ਅਗੋਚਰ ਅਗੰਮ ਅਥਾਹ ਰੂਪ ਅਨੂਪ ਮਹਾਨਾ, ਮਹਿਮਾ ਕਥ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਧੁਰ ਫ਼ਰਮਾਨਾ, ਸਚ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਜੂਨੀ ਰਹਿਤ ਆਪਣੀ ਧਾਰਾ ਆਪ ਚਲਾਇੰਦਾ। ਅਜੂਨੀ ਰਹਿਤ ਪੁਰਖ ਅਕਾਲਾ, ਅਗੰਮ ਅਥਾਹ ਬੇਪਰਵਾਹੀਆ। ਸਚਖੰਡ ਵਸੇ ਸੱਚੀ ਧਰਮਸਾਲਾ, ਸਾਚਾ ਮੰਦਰ ਆਪ ਸੁਹਾਈਆ। ਨਿਰਗੁਣ ਜੋਤ ਜੋਤ ਉਜਾਲਾ, ਨੂਰੋ ਨੂਰ ਡਗਮਗਾਈਆ। ਕਰੇ ਖੇਲ ਦੀਨ ਦਿਆਲਾ, ਦਇਆਨਿਧ ਬੇਪਰਵਾਹੀਆ। ਚਲੇ ਚਲਾਏ ਅਵੱਲੜੀ ਚਾਲਾ, ਵੇਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਪਰਕਾਸ਼ ਆਪਣਾ ਆਪ ਧਰਾਈਆ। ਅਨਭਵ ਪਰਕਾਸ਼ ਹਰਿ ਭਗਵਾਨਾ, ਆਪਣਾ ਆਪ ਧਰਾਇੰਦਾ। ਦੀਵਾ ਬਾਤੀ ਇਕ ਮਹਾਨਾ, ਬਿਨ ਤੇਲ ਬਾਤੀ ਆਪ ਜਗਾਇੰਦਾ। ਸਾਚਾ ਤਖ਼ਤ ਇਕ ਸੁਹਾਨਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਆਦਿ ਆਪਣਾ ਤਖ਼ਤ ਆਪੇ ਸੋਭਾ ਪਾਇੰਦਾ। ਸਾਚਾ ਤਖ਼ਤ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਹਰਿ ਆਪ ਸੁਹਾਈਆ। ਸ਼ਾਹੋ ਭੂਪ ਬਣ ਸੁਲਤਾਨਾ, ਵਡ ਮਿਹਰਵਾਨਾ ਆਸਣ ਲਾਈਆ। ਉਚ ਅਗੰਮ ਅਥਾਹ ਮਹੱਲ ਅਟਲ ਉਚ ਮਹਾਨਾ, ਅਗੰਮ ਅਗੰਮੜਾ ਆਪ ਉਪਾਈਆ। ਅਲਖ ਅਲਖਨਾ ਇਕ ਤਰਾਨਾ, ਆਪ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਧਰਾਈਆ। ਆਪਣਾ ਨੂਰ ਆਪੇ ਰੱਖ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਨਿਰਗੁਣ ਹੋ ਪਰਤੱਖ, ਜੋਤੀ ਜੋਤ ਡਗਮਗਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਬਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਸਚ ਸਿੰਘਾਸਣ ਇਕ ਸੁਹਾਇੰਦਾ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਹਰਿ ਪੁਰਖ ਨਿਰੰਜਣ ਕਥਨੀ ਕਥ ਨਾ ਸਕੇ ਰਾਈਆ। ਏਕੰਕਾਰਾ ਸਾਚਾ ਸੱਜਣ, ਜੁਗਾ ਜੁਗੰਤਰ ਸਾਚਾ ਸੰਗ ਨਿਭਾਈਆ। ਆਦਿ ਨਿਰੰਜਣ ਆਪੇ ਹੋਏ ਸਰੋਵਰ ਮਜਨ, ਅੰਮ੍ਰਿਤ ਰੂਪ ਆਪ ਸੁਹਾਈਆ। ਸ੍ਰੀ ਭਗਵਾਨ ਪਰਦੇ ਕੱਜਣ, ਏਕਾ ਪੱਲੂ ਹੱਥ ਉਠਾਈਆ। ਅਬਿਨਾਸ਼ੀ ਕਰਤਾ ਰੱਖਣਹਾਰਾ ਲੱਜਣ, ਲਾਜਾਵੰਤ ਇਕ ਸ਼ਹਿਨਸ਼ਾਹੀਆ। ਪਾਰਬ੍ਰਹਮ ਆਪਣਾ ਖੇਲ ਕਰੇ ਘੜਨ ਭੰਨਣ, ਘੜਨ ਭੰਨਣਹਾਰ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਾਚੇ ਤਖ਼ਤ ਆਸਣ ਲਾਇੰਦਾ। ਸਾਚਾ ਤਖ਼ਤ ਹਰਿ ਸੁਹਾਇਆ, ਆਦਿ ਪੁਰਖ ਆਸਣ ਲਾਈਆ। ਨਿਰਵੈਰ ਆਪਣਾ ਖੇਲ ਖਿਲਾਇਆ, ਮੂਰਤ ਅਕਾਲ ਡਗਮਗਾਈਆ। ਸਾਚੀ ਤੂਰਤ ਨਾਦ ਵਜਾਇਆ, ਆਪਣੀ ਇਛਿਆ ਆਪ ਸੁਣਾਈਆ। ਆਸਾ ਪੂਰਤ ਆਪ ਅਖਵਾਇਆ, ਮਨਸਾ ਕੋਇ ਰਹਿਣ ਨਾ ਪਾਈਆ। ਆਪੇ ਰਾਓ ਆਪੇ ਰੰਕ, ਰਾਜ ਰਾਜਾਨਾ ਆਪਣਾ ਖੇਲ ਖਿਲਾਇਆ। ਆਪੇ ਦਵਾਰ ਆਪੇ ਬੰਕ, ਆਪੇ ਵਜਾਏ ਨਾਮ ਡੰਕ, ਸਾਚਾ ਮਰਦੰਗਾ ਹੱਥ ਉਠਾਇਆ। ਆਪੇ ਨਾਰੀ ਆਪੇ ਕੰਤ, ਆਪੇ ਸੇਜਾ ਸੋਭਾਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਦਵਾਰਾ ਹਰਿ ਨਿਰੰਕਾਰਾ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਕਿਲੇ ਕੋਟ ਅੰਦਰ ਵੜ, ਆਪ ਆਪਣਾ ਵੇਸ ਵਟਾਇਆ। ਵੇਸ ਅਵੱਲਾ ਇਕ ਇਕੱਲਾ, ਆਦਿ ਪੁਰਖ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟਲ ਦਏ ਵਡਿਆਈਆ। ਆਪਣੀ ਜੋਤੀ ਆਪੇ ਰੱਲਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੂਪ ਆਪ ਧਰਾਈਆ। ਬੈਠਾ ਰਹੇ ਇਕ ਇਕਾਂਤਾ, ਸਰਬ ਜੀਆਂ ਦਾ ਏਕਾ ਦਾਤਾ, ਦਾਤਾ ਦਾਨੀ ਆਪ ਅਖਵਾਈਆ। ਰੂਪ ਧਰਾਏ ਬਹੁ ਬਿਧ ਭਾਂਤਾ, ਕਰੇ ਖੇਲ ਪੁਰਖ ਸਮਰਾਥਾ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਆਪਣਾ ਬੰਧੇ ਨਾਤਾ, ਉਤਮ ਰੱਖੇ ਆਪਣੀ ਜ਼ਾਤਾ, ਜ਼ਾਤ ਪਾਤ ਨਾ ਕੋਇ ਵਡਿਆਈਆ। ਆਪ ਸੁਣਾਏ ਆਪਣੀ ਗਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਸ਼ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਹਰਿ ਨਾ ਨਾਉਂ, ਲਿਖਣ ਪੜ੍ਹਨ ਵਿਚ ਨਾ ਆਈਆ। ਆਪ ਵਸਾਏ ਸਾਚਾ ਥਾਉਂ, ਥਾਨ ਥਨੰਤਰ ਦਏ ਵਡਿਆਈਆ। ਕਰੇ ਖੇਲ ਅਗੰਮ ਅਥਾਹੋ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲਕ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਵੇਸ ਆਪੇ ਰਿਹਾ ਵਟਾਈਆ। ਆਦਿ ਵੇਸ ਵਟਾਇਆ, ਨਿਰਗੁਣ ਰੂਪ ਅਗੰਮ। ਅਨਭਵ ਪਰਕਾਸ਼ ਕਰਾਇਆ, ਮਾਤ ਗਰਭ ਨਾ ਪਿਆ ਜੰਮ। ਜੋਤੀ ਜੋਤ ਨੂਰ ਰੁਸ਼ਨਾਇਆ, ਕਰਿਆ ਖੇਲ ਅਲਖ ਅਲਖਨੇ ਏਕਾ ਕੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੇੜਾ ਆਪੇ ਬੰਨ੍ਹ। ਹਰਿ ਬੇੜਾ ਬੰਨ੍ਹ ਚਲਾਇੰਦਾ, ਨਿਰਗੁਣ ਨਿਰਗੁਣ ਕਰ ਪਿਆਰ। ਨਿਰਗੁਣ ਨਿਰਗੁਣ ਵੇਖ ਵਖਾਇੰਦਾ, ਨਿਰਗੁਣ ਹੋਏ ਵੇਖਣਹਾਰ। ਨਿਰਗੁਣ ਨਾਰੀ ਕੰਤ ਰੂਪ ਵਟਾਇੰਦਾ, ਨਿਰਗੁਣ ਮਾਣੇ ਸੇਜ ਭਤਾਰ। ਨਿਰਗੁਣ ਸਚਖੰਡ ਦਵਾਰੇ ਸੋਭਾ ਪਾਇੰਦਾ, ਨਿਰਗੁਣ ਜੋਤ ਨੂਰ ਉਜਿਆਰ। ਨਿਰਗੁਣ ਸ਼ਬਦੀ ਧਾਰ ਵਹਾਇੰਦਾ, ਨਾਦ ਅਨਾਦੀ ਇਕ ਜੈਕਾਰ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ, ਸੁਤ ਦੁਲਾਰੇ ਕਰ ਤਿਆਰ। ਨਿਰਗੁਣ ਤ੍ਰੈਗੁਣ ਮਾਇਆ ਵੰਡ ਵੰਡਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਗੁਣ ਪੰਜ ਤੱਤ ਘਾੜਨ ਆਪ ਘੜਾਇੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਆਕਾਰ। ਨਿਰਗੁਣ ਸੂਰਜ ਚੰਦ ਚੜ੍ਹਾਇੰਦਾ, ਕਿਰਨ ਕਿਰਨ ਕਰ ਪਸਾਰ। ਨਿਰਗੁਣ ਮੰਡਲ ਮੰਡਪ ਆਪ ਬਣਾਇੰਦਾ, ਲੋਆਂ ਪੁਰੀਆਂ ਦਏ ਸਹਾਰ। ਨਿਰਗੁਣ ਕਰੋੜ ਤੇਤੀਸਾ ਖੇਲ ਖਿਲਾਇੰਦਾ, ਨਿਰਗੁਣ ਸੁਰਪਤ ਰਾਜਾ ਇੰਦ ਕਰੇ ਖ਼ਬਰਦਾਰ। ਨਿਰਗੁਣ ਗਣ ਗੰਧਰਬ ਨਾਚ ਕਰਾਇੰਦਾ, ਕਿੰਨਰ ਯੱਛਪ ਲਏ ਉਠਾਲ। ਨਿਰਗੁਣ ਰਾਏ ਧਰਮ ਸੇਵ ਲਗਾਇੰਦਾ, ਨਿਰਗੁਣ ਚਿਤਰ ਗੁਪਤ ਸਾਚੇ ਲਏ ਬਹਾਲ। ਨਿਰਗੁਣ ਲਾੜੀ ਮੌਤ ਆਪ ਉਠਾਇੰਦਾ, ਨਿਰਗੁਣ ਮਾਰਗ ਦੱਸੇ ਸਾਚੇ ਕਾਲ। ਨਿਰਗੁਣ ਮਹਾਕਾਲ ਆਪਣੇ ਰੰਗ ਰੰਗਾਇੰਦਾ, ਕਰੇ ਖੇਲ ਦੀਨ ਦਿਆਲ। ਆਦਿ ਆਪਣੀ ਰਚਨਾ ਆਪ ਰਚਾਇੰਦਾ, ਸਚਖੰਡ ਬੈਠ ਸੱਚੀ ਧਰਮਸਾਲ। ਸਚ ਸੰਦੇਸਾ ਸਰਬ ਸੁਣਾਇੰਦਾ, ਭੁਲ ਨਾ ਜਾਣਾ ਬਣ ਨਾਦਾਨ। ਲੋਆਂ ਪੁਰੀਆਂ ਵੰਡ ਵੰਡਾਇੰਦਾ, ਬ੍ਰਹਿਮੰਡਾਂ ਖੰਡਾਂ ਕਰ ਧਿਆਨ। ਵਿਸ਼ਨ ਏਕਾ ਹੁਕਮ ਸੁਣਾਇੰਦਾ, ਘਰ ਘਰ ਰਿਜ਼ਕ ਪੁਚੌਣਾ ਆਣ। ਬ੍ਰਹਮਾ ਬ੍ਰਹਮ ਆਪ ਪਰਗਟਾਇੰਦਾ, ਲੱਖ ਚੁਰਾਸੀ ਦੇਵੇ ਦਾਨ। ਸ਼ੰਕਰ ਹੱਥ ਤ੍ਰਿਸੂਲ ਫੜਾਇੰਦਾ, ਬਣਿਆ ਰਹੇ ਨਾ ਕੋਇ ਮਕਾਨ। ਜੋ ਘੜਿਆ ਭੰਨ ਵਖਾਇੰਦਾ, ਮੇਟੇ ਜਗਤ ਨਿਸ਼ਾਨ। ਲੱਖ ਚੁਰਾਸੀ ਰਾਹ ਚਲਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਪੰਜ ਤੱਤ ਕਾਇਆ ਜੋੜ ਜੁੜਾਇੰਦਾ, ਹੱਡ ਮਾਸ ਨਾੜੀ ਰਤ ਬੂੰਦ ਕਰ ਪਰਵਾਨ। ਨੌਂ ਦਰ ਦਵਾਰੇ ਖੋਲ੍ਹ ਖੁਲ੍ਹਾਇੰਦਾ, ਜਗਤ ਵਾਸਨਾ ਦੇਵੇ ਦਾਨ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ, ਮਾਇਆ ਮਮਤਾ ਦੇਵੇ ਮਾਣ। ਆਸਾ ਤ੍ਰਿਸਨਾ ਬੰਧਨ ਪਾਇੰਦਾ, ਹਉਮੇ ਹੰਗਤਾ ਇਕ ਨਿਸ਼ਾਨ। ਮਨ ਮਤ ਬੁਧ ਵਿਚ ਟਿਕਾਇੰਦਾ, ਜੋਤੀ ਨੂਰ ਨੂਰ ਮਹਾਨ। ਘਰ ਘਰ ਵਿਚ ਖੇਲ ਖਿਲਾਇੰਦਾ, ਖੇਲਣਹਾਰਾ ਨੌਜਵਾਨ। ਆਪਣਾ ਮੰਦਰ ਆਪ ਬਣਾਇੰਦਾ, ਪਾਰਬ੍ਰਹਮ ਸ਼ਾਹ ਸੁਲਤਾਨ। ਸਾਚਾ ਮਾਰਗ ਆਪ ਰਖਾਇੰਦਾ, ਟੇਢੀ ਬੰਕ ਖੇਲ ਮਹਾਨ। ਈੜਾ ਪਿੰਗਲ ਸੇਵ ਕਮਾਇੰਦਾ, ਅੱਠੇ ਪਹਿਰ ਵੇਖੇ ਆਣ। ਆਪਣਾ ਅੰਮ੍ਰਿਤ ਆਪਣੇ ਅੰਦਰ ਆਪ ਛੁਪਾਇੰਦਾ, ਕਵਲ ਨਾਭੀ ਖੇਲ ਮਹਾਨ। ਨਾਦ ਅਨਾਦੀ ਧੁੰਨ ਆਪ ਵਜਾਇੰਦਾ, ਅਨਹਦ ਨਾਦੀ ਰਾਗ ਸੁਣਾਏ ਕਾਨ। ਆਤਮ ਸੇਜਾ ਆਪ ਵਿਛਾਇੰਦਾ, ਸਾਚੀ ਸੇਜਾ ਸੋਏ ਸ੍ਰੀ ਭਗਵਾਨ। ਬਜਰ ਕਪਾਟੀ ਪਰਦਾ ਅੱਗੇ ਲਾਇੰਦਾ, ਨਾ ਕੋਈ ਤੋੜੇ ਤੋੜ ਤੁੜਾਨ। ਆਤਮ ਬ੍ਰਹਮ ਰੂਪ ਪਰਗਟਾਇੰਦਾ, ਈਸ਼ ਜੀਵ ਖੇਲ ਮਹਾਨ। ਬ੍ਰਹਮਾ ਵੇਤਾ ਇਕ ਪੜ੍ਹਾਇੰਦਾ, ਬੋਧ ਅਗਾਧਾ ਦੇਵੇ ਦਾਨ। ਚਾਰੇ ਮੁਖ ਆਪ ਖੁਲ੍ਹਾਇੰਦਾ, ਚਾਰੇ ਕੂਟ ਵਖਾਏ ਨਿਸ਼ਾਨ। ਚਾਰੇ ਵੇਦਾਂ ਆਪ ਜਣਾਇੰਦਾ, ਚਾਰੇ ਬਾਣੀ ਗਾਏ ਗਾਨ। ਚਾਰੇ ਵਰਨਾਂ ਵੰਡ ਵੰਡਾਇੰਦਾ, ਚਾਰੇ ਜੁਗ ਕਰੇ ਪਰਧਾਨ। ਚਾਰੇ ਕੂਟ ਵੇਖ ਵਖਾਇੰਦਾ, ਚੌਥੇ ਪਦ ਬੈਠ ਸ੍ਰੀ ਭਗਵਾਨ। ਸਾਚੀ ਵੰਡਣ ਆਪਣੇ ਹੱਥ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸ੍ਰੀ ਭਗਵਾਨ। ਸਾਚੀ ਵੰਡਣ ਹਰਿ ਹਰਿ ਵੰਡਦਾ, ਲੇਖਾ ਲਿਖਤ ਕੋਇ ਨਾ ਜਾਣਿਆ। ਲੇਖਾ ਜਾਣੇ ਕੋਟਨ ਬ੍ਰਹਿਮੰਡ ਦਾ, ਬ੍ਰਹਿਮੰਡ ਨੂਰ ਸ੍ਰੀ ਭਗਵਾਨ। ਰੂਪ ਵਟਾਏ ਜੇਰਜ ਅੰਡ ਦਾ, ਉਤਭੁਜ ਸੇਤਜ ਦੇਵੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਵਡ ਮਿਹਰਵਾਨ। ਮਿਹਰਵਾਨ ਹੋਇਆ ਨਿਰੰਕਾਰਾ, ਆਪਣੀ ਦਇਆ ਆਪ ਕਮਾਈਆ। ਲੱਖ ਚੁਰਾਸੀ ਕਰ ਤਿਆਰਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਆਤਮ ਬ੍ਰਹਮ ਇਕ ਭੰਡਾਰਾ, ਈਸ਼ ਜੀਵ ਆਪ ਵਰਤਾਈਆ। ਕਾਇਆ ਮੰਦਰ ਕਰ ਤਿਆਰਾ, ਘਟ ਘਟ ਬੈਠਾ ਆਸਣ ਲਾਈਆ। ਨਿਰਗੁਣ ਜੋਤੀ ਜੋਤ ਉਜਿਆਰਾ, ਜੋਤ ਨਿਰੰਜਣ ਡਗਮਗਾਈਆ। ਅਨਹਦ ਨਾਦ ਸ਼ਬਦ ਧੁੰਨਕਾਰਾ, ਧੁਨ ਅਨਾਦੀ ਨਾਦ ਵਜਾਈਆ। ਸ਼ਬਦ ਸੁਣਾਏ ਧੁਰ ਫ਼ਰਮਾਨਾ, ਬੋਧ ਅਗਾਧ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਚਾਰ ਜੁਗ ਹਰਿ ਖੇਲ ਖਿਲੌਣਾ, ਨਿਰਗੁਣ ਸਰਗੁਣ ਰੂਪ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖੌਣਾ, ਪਾਂਧੀ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਨਾਉਂ ਧਰੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਨਾਮ ਡੰਕਾ ਇਕ ਵਜੌਣਾ, ਚਾਰ ਕੁੰਟ ਸ਼ਨਵਾਈਆ। ਹਉਮੇ ਹੰਗਤਾ ਗੜ੍ਹ ਤੁੜੌਣਾ, ਮਾਇਆ ਮਮਤਾ ਮੋਹ ਚੁਕਾਈਆ। ਸਾਚੇ ਸੰਤਾਂ ਮੇਲ ਮਿਲੌਣਾ, ਸਤਿ ਦਵਾਰਾ ਇਕ ਵਖਾਈਆ। ਧੁਰ ਫ਼ਰਮਾਨਾ ਇਕ ਸੁਣੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਸੇਵਾ ਲਾਈਆ। ਗੁਰ ਅਵਤਾਰ ਸੇਵਾ ਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਦਏ ਸਮਝਾ, ਰਾਮ ਨਾਮ ਆਪ ਪਰਗਟਾਇੰਦਾ। ਏਕਾ ਡੰਕਾ ਦਏ ਵਜਾ, ਡੰਕਾ ਡੌਰੂ ਆਪਣੇ ਹੱਥ ਰਖਾਇੰਦਾ। ਰਾਜ ਰਾਜਾਨਾ ਦਏ ਉਠਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਰਾਓ ਰੰਕਾਂ ਬੂਝ ਦਏ ਬੁਝਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਜੁਗ ਜੁਗ ਸ਼ੰਕਾ ਦਏ ਮਿਟਾ, ਸੰਸਾ ਰੋਗ ਨਾ ਕੋਇ ਰਖਾਇੰਦਾ। ਏਕਾ ਅੰਕ ਦਏ ਸਮਝਾ, ਔਂਕੜ ਅਵਰ ਨਾ ਕੋਇ ਲਗਾਇੰਦਾ। ਨਿਸ਼ਅੱਖਰ ਅੱਖਰ ਦਏ ਪੜ੍ਹਾ, ਪੱਟੀ ਲੇਖ ਨਾ ਕੋਇ ਕਰਾਇੰਦਾ। ਕਾਗਦ ਕ਼ਲਮ ਨਾ ਕੋਈ ਸ਼ਾਹ, ਰੂਪ ਰੰਗ ਨਾ ਕੋਇ ਵਖਾਇੰਦਾ। ਆਪਣੀ ਕਿਰਪਾ ਕਰੇ ਬੇਪਰਵਾਹ, ਆਪਣਾ ਪਰਦਾ ਆਪ ਚੁਕਾਇੰਦਾ। ਜੋਤੀ ਨੂਰ ਡਗਮਗਾ, ਜੋਤ ਉਜਾਲਾ ਆਪ ਕਰਾਇੰਦਾ। ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੁਗ ਜੁਗ ਗੁਰ ਅਵਤਾਰ ਬੈਠੇ ਸੀਸ ਝੁਕਾ, ਚਰਨ ਕਵਲ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਸੀਸ ਜਗਦੀਸ ਦੇਵੇ ਹੱਥ ਟਿਕਾ, ਲੋਕਮਾਤ ਆਪ ਵਡਿਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾ, ਕਲਜੁਗ ਅੰਤਮ ਵੇਖ ਵਖਾਇੰਦਾ। ਜੁਗ ਚੌਕੜੀ ਗੇੜਾ ਰਿਹਾ ਦਿਵਾ, ਨੌਂ ਸੌ ਚੁਰਾਨਵਾਂ ਚੌਕੜੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਸਣ ਲਾਇੰਦਾ। ਸਾਚੇ ਮੰਦਰ ਹਰਿ ਜੂ ਚੜ੍ਹਿਆ, ਸਚ ਸਿੰਘਾਸਣ ਸੋਭਾ ਪਾਈਆ। ਉਚੇ ਟਿੱਲੇ ਆਪੇ ਖੜ੍ਹਿਆ, ਅਗੰਮ ਅਥਾਹ ਬੇਪਰਵਾਹੀਆ। ਆਪਣਾ ਅੱਖਰ ਆਪੇ ਪੜ੍ਹਿਆ, ਆਦਿ ਜੁਗਾਦਿ ਲੋਕਮਾਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣੀ ਧਾਰ ਬੰਨ੍ਹਾਈਆ। ਨਵ ਨੌਂ ਚਾਰ ਚੁੱਕੇ ਧਾਰ, ਜੁਗ ਚੌਕੜੀ ਰਹਿਣ ਨਾ ਪਾਈਆ। ਚਾਰ ਜੁਗ ਦਾ ਖੇਲ ਨਿਆਰ, ਖ਼ਾਲਕ ਖ਼ਲਕ ਵੇਖ ਵਖਾਈਆ। ਮੁਕਾਮੇ ਹੱਕ ਹੋ ਉਜਿਆਰ, ਪਰਵਰਦਿਗਾਰ ਨੂਰ ਇਲਾਹੀਆ। ਹੱਕ ਹਕ਼ੀਕ਼ਤ ਬੋਲ ਜੈਕਾਰ, ਕਲਮਾ ਅਮਾਮ ਆਪ ਸੁਣਾਈਆ। ਕਾਇਨਾਤ ਕਰੇ ਖ਼ਬਰਦਾਰ, ਕਾਇਆ ਕਾਅਬਾ ਫੋਲ ਫੋਲਾਈਆ। ਦੋ ਦੋ ਆਬਾ ਕਰ ਪਿਆਰ, ਆਬੇ ਹਯਾਤ ਦਏ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਿਲਾਇਆ, ਖੇਲਣਹਾਰ ਕਰਤਾਰ। ਕਲਜੁਗ ਅੰਤਮ ਨੂਰ ਧਰਾਇਆ, ਜੋਤੀ ਜੋਤ ਜੋਤ ਉਜਿਆਰ। ਸਭ ਦਾ ਲੇਖਾ ਵੇਖ ਵਖਾਇਆ, ਵੇਖਣਹਾਰਾ ਹੋਇਆ ਖ਼ਬਰਦਾਰ। ਲਿਖ ਲਿਖ ਸੰਦੇਸਾ ਰਿਹਾ ਸੁਣਾਇਆ, ਦੋ ਜਹਾਨਾਂ ਕਰੇ ਬੇਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਥਿਤ ਵਾਰ। ਥਿਤ ਵਾਰ ਹਰਿ ਸਚ ਵਿਹਾਰਾ, ਕਲਜੁਗ ਅੰਤਮ ਕਰੇ ਜਣਾਈਆ। ਵੀਹ ਸੌ ਅਠਾਰਾਂ ਬਿਕ੍ਰਮੀ ਸਤਾਰਾਂ ਹਾੜਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਦਰ ਬਹਾਏ ਤੇਈ ਅਵਤਾਰਾ, ਭਗਤ ਅਠਾਰਾਂ ਸੰਗ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਖਿਚ ਲਿਆਏ ਚਰਨ ਦਵਾਰਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨਿਉਂ ਨਿਉਂ ਸੀਸ ਝੁਕਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਕਰਨ ਪੁਕਾਰਾ, ਅੱਲਾ ਰਾਣੀ ਨੇਤਰ ਨੈਣਾਂ ਨੀਰ ਵਹਾਈਆ। ਨਾਨਕ ਗੋਬਿੰਦ ਗੁਰ ਦਏ ਹੁਲਾਰਾ, ਸਿੰਘ ਆਪਣਾ ਬਲ ਰਖਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਧੁਰਦਰਗਾਹੀ ਰਿਹਾ ਸੁਣਾਈਆ। ਨੌਂ ਖੰਡ ਪ੍ਰਿਥਮੀ ਬੰਨ੍ਹੇ ਰਾਜਾ ਰਾਣਾ, ਬਚਿਆ ਕੋਇ ਰਹਿਣ ਨਾ ਪਾਈਆ। ਅਠਸਠ ਤੀਰਥ ਹੋਏ ਸੁਹਾਣਾ, ਤਟ ਕਿਨਾਰਾ ਵੇਖ ਵਖਾਈਆ। ਗੁਰਦਰ ਮੰਦਰ ਮਸਜਦ ਮਠ ਮੁਖ ਖੁਲ੍ਹਾਨਾ, ਖੁਲ੍ਹਿਆ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪਣਾ ਵਕ਼ਤ ਆਪ ਸੁਹਾਨਾ, ਆਪਣੇ ਹੱਥ ਰੱਖ ਵਡਿਆਈਆ। ਸਾਚਾ ਤਖ਼ਤ ਇਕ ਲਗਾਣਾ, ਤਖ਼ਤ ਨਿਵਾਸੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸਾ ਹਰਿ ਨਿਰੰਕਾਰਾ, ਸ਼ਬਦੀ ਸ਼ਬਦ ਜਣਾਈਆ। ਸਮੁੰਦ ਸਾਗਰ ਆਇਣ ਵਾਰੋ ਵਾਰਾ, ਕਲਜੁਗ ਪੈਂਡਾ ਅੰਤ ਮੁਕਾਈਆ। ਧਰਨੀ ਧਰਤ ਧਵਲ ਧੌਲ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬਾਸ਼ਕ ਦੋ ਸਹੰਸਰ ਜੇਹਵਾ ਲਾਏ ਨਾਅਰਾ, ਚਾਰ ਕੁੰਟ ਸੁਣਾਈਆ। ਬਣੇ ਭਿਖਾਰੀ ਰਵ ਸਸ ਸਿਤਾਰਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਕਰੇ ਖੇਲ ਅਗੰਮ ਅਪਾਰਾ, ਬੋਧ ਅਗਾਧ ਸੱਚਾ ਸ਼ਹਿਨਸ਼ਾਹੀਆ। ਨਾਦ ਵਜਾਏ ਏਕਾ ਵਾਰਾ, ਲੋਆਂ ਪੁਰੀਆਂ ਆਪ ਸੁਣਾਈਆ। ਬ੍ਰਹਮ ਬ੍ਰਹਿਮਾਦ ਕਰੇ ਖ਼ਬਰਦਾਰਾ, ਘਟ ਘਟ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਨਿਰਗੁਣ ਰੂਪ ਸਮਾਇਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਧਰਾਇਆ। ਸੰਬਲ ਨਗਰੀ ਧਾਮ ਨਿਆਰਾ, ਏਕੰਕਾਰਾ ਬੈਠਾ ਆਸਣ ਲਾਇਆ। ਗੋਬਿੰਦ ਮਿਲਿਆ ਮੀਤ ਮੁਰਾਰਾ, ਫ਼ਤਿਹ ਡੰਕਾ ਇਕ ਵਜਾਇਆ। ਚਾਰੋਂ ਕੁੰਟ ਕਰੇ ਖ਼ਵਾਰਾ, ਦਹਿ ਦਿਸ਼ਾ ਦਏ ਹਿਲਾਇਆ। ਗੁਰਮੁਖ ਵਿਰਲੇ ਪਾਵੇ ਸਾਰਾ, ਪੂਰਬ ਲਹਿਣਾ ਆਪ ਚੁਕਾਇਆ। ਦੇਣਾ ਦੇਵੇ ਦੇਵਣਹਾਰਾ, ਕੀਤਾ ਕੌਲ ਭੁਲ ਨਾ ਜਾਇਆ। ਜੋ ਰੁੜ੍ਹ ਗਏ ਸਰਸੇ ਧਾਰਾ, ਸੰਸਾਰ ਸਾਗਰ ਪਾਰ ਕਰਾਇਆ। ਅਰਸ਼ ਫ਼ਰਸ਼ ਤੇ ਪਾਰ ਕਿਨਾਰਾ, ਦੇ ਦਰਸ ਮੇਲ ਮਿਲਾਇਆ। ਕਰੇ ਤਰਸ ਸਿਰਜਣਹਾਰਾ, ਤ੍ਰੈਗੁਣ ਨਾਤਾ ਤੋੜ ਤੁੜਾਇਆ। ਘਰ ਮਿਲਿਆ ਪੁਰਖ ਅਪਾਰਾ, ਮੰਗਣ ਦਰ ਨਾ ਦੂਜੇ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਅਦਾਲਤ ਇਕ ਵਖਾਇਆ। ਸਚ ਅਦਾਲਤ ਏਕੰਕਾਰ, ਲੋਕਮਾਤ ਲਗਾਈਆ। ਨਾ ਕੋਈ ਵਕਾਲਤ ਕਰੇ ਵਿਚ ਸੰਸਾਰ, ਲਾ ਸ਼ਰੀਅਤ ਦਏ ਮਿਟਾਈਆ। ਨਾ ਕੋਈ ਜ਼ਮਾਨਤ ਕਿਸੇ ਦੇਵੇ ਗੁਨਾਹਗਾਰ, ਅਵਗੁਣ ਸਕੇ ਨਾ ਕੋਇ ਬਖ਼ਸ਼ਾਈਆ। ਪੁਰਖ ਅਬਿਨਾਸ਼ੀ ਬੰਨ੍ਹੇ ਠਗ ਚੋਰ ਯਾਰ, ਰਾਏ ਧਰਮ ਹੱਥ ਫੜਾਈਆ। ਰਾਜ ਰਾਜਾਨਾ ਮਾਰੇ ਮਾਰ, ਜੋ ਬੈਠੇ ਪਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਨਾਮ ਗਵਾਹੀਆ। ਨਾਮ ਗਵਾਹੀ ਮੰਗੇ ਸ਼ਹਾਦਤ, ਹਰਿ ਸੱਚਾ ਸਚ ਸੁਲਤਾਨਾ। ਲੇਖੇ ਲੱਗੇ ਇਕ ਇਬਾਦਤ, ਦੂਜਾ ਸੰਗ ਨਾ ਕੋਇ ਰਖਾਨਾ। ਸਗਲਾ ਸੰਗੀ ਨਾ ਕਰੇ ਕੋਇ ਰਫ਼ਾਕਤ, ਨਾਤਾ ਤੁਟੇ ਵਿਚ ਜਹਾਨਾ। ਚਾਰੋਂ ਕੁੰਟ ਨਜ਼ਰ ਆਇਣ ਨਿੰਦਕ ਦੁਸ਼ਟ ਸਾਕਤ, ਮਿਲੇ ਮੇਲ ਨਾ ਸ੍ਰੀ ਭਗਵਾਨਾ। ਮਨ ਹੰਕਾਰੀ ਚਾੜ੍ਹੇ ਰਾਕਟ, ਏਕਾ ਭੁੱਲਿਆ ਰਾਮ ਰਹੀਮ ਸੱਚਾ ਸੁਲਤਾਨਾ। ਪ੍ਰਭ ਭੰਨੇ ਸਭ ਦੀ ਆਕੜ, ਕਰੇ ਖੇਲ ਖੇਲ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਬਲੀ ਬਲਵਾਨਾ। ਬਲਧਾਰੀ ਬਲ ਬਾਵਣ ਆਇਆ, ਬਲ ਵੇਖੇ ਸਰਬ ਲੋਕਾਈਆ। ਰਘਵੰਸ ਹਰਿ ਰਾਮਾ ਆਇਆ, ਜੋ ਰਾਵਣ ਲੰਕਾ ਗੜ੍ਹ ਤੁੜਾਈਆ। ਹਰਿ ਕਾਹਨਾ ਕ੍ਰਿਸ਼ਨਾ ਰੂਪ ਧਰਾਇਆ, ਕੰਸ ਕੇਸਾਂ ਪਕੜ ਗਿਰਾਈਆ। ਹਰਿ ਈਸਾ ਮੂਸਾ ਵੇਖ ਵਖਾਇਆ, ਕਾਲੀ ਕਮਲੀ ਵੇਖੇ ਲੱਗੀ ਸ਼ਾਹੀਆ। ਹਰਿ ਨਾਨਕ ਨਿਰਗੁਣ ਖੇਲ ਖਿਲਾਇਆ, ਸਰਗੁਣ ਨਾਮ ਸਤਿ ਵੱਜੀ ਵਧਾਈਆ। ਚਾਰੇ ਵਰਨਾਂ ਗਲੇ ਲਗਾਇਆ, ਊਚ ਨੀਚ ਨਾ ਕੋਇ ਰਖਾਈਆ। ਗੋਬਿੰਦ ਡੰਕਾ ਇਕ ਵਜਾਇਆ, ਵਾਹਿਗੁਰੂ ਫ਼ਤਿਹ ਆਪ ਗਜਾਈਆ। ਕਲਜੁਗ ਵੇਲਾ ਅੰਤ ਦਏ ਸੁਹਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਹਕਲੰਕ ਨਾਉਂ ਰਖਾਇਆ, ਨਾ ਮਰੇ ਨਾ ਜਾਈਆ। ਗੁਰਮੁਖ ਸਾਚੇ ਲਏ ਮਿਲਾਇਆ, ਆਪ ਆਪਣਾ ਪਰਦਾ ਲਾਹੀਆ। ਏਕਾ ਮੰਤਰ ਨਾਮ ਪੜ੍ਹਾਇਆ, ਚਾਰ ਵਰਨਾਂ ਤੱਤ ਗਿਆਨ ਦ੍ਰਿੜਾਈਆ। ਸੋ ਪੁਰਖ ਨਿਰੰਜਣ ਆਪ ਅਖਵਾਇਆ, ਹੰ ਬ੍ਰਹਮ ਸਰਬ ਲੋਕਾਈਆ। ਸੋਹੰ ਨਿਰਗੁਣ ਸਰਗੁਣ ਧਾਰ ਚਲਾਇਆ, ਬਿਨ ਸੋਹੰ ਲੱਖ ਚੁਰਾਸੀ ਨਜ਼ਰ ਰੂਪ ਨਾ ਆਈਆ। ਸੋਹੰ ਵਿਸ਼ਨੂੰ ਭਗਵਾਨ ਆਪਣਾ ਅੰਕ ਲਗਾਇਆ, ਚਾਰ ਜੁਗ ਵੱਜੇ ਵਧਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਹਰਿ ਪੰਧ ਮੁਕਾਇਆ, ਲੱਖ ਚੁਰਾਸੀ ਗੇੜ ਕਟਾਈਆ। ਨਾਮ ਰਾਮ ਅਨਾਦੀ ਛੰਦ ਸੁਣਾਇਆ, ਸ਼ੰਕਰ ਬਰਨ ਨਾ ਕੋਇ ਜਣਾਈਆ। ਅਨੰਦ ਅਨੰਦ ਅਨੰਦ ਮੰਗਲ ਆਪੇ ਗਾਇਆ, ਪਰਮਾਨੰਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸੱਜਣ ਗੋਦ ਬਹਾਈਆ। ਹਰਿਜਨ ਸੱਜਣ ਗੋਦੀ ਬਹਿਣਾ, ਸਤਿ ਪੁਰਖ ਨਿਰੰਜਣ ਆਪ ਬਹਾਇੰਦਾ। ਏਕਾ ਦਰਸ ਦਿਖਾਏ ਨੈਣਾਂ, ਲੋਚਣ ਨੇਤਰ ਆਪ ਖੁਲ੍ਹਾਇੰਦਾ। ਹਰਿ ਸੰਗਤ ਵਿਚ ਮਿਲ ਕੇ ਰਹਿਣਾ, ਜ਼ਾਤ ਪਾਤ ਮੇਟ ਮਿਟਾਇੰਦਾ। ਨਾਮ ਨਿਰੰਤਰ ਪੌਣਾ ਗਹਿਣਾ, ਪੁਰਖ ਅਬਿਨਾਸ਼ੀ ਆਪ ਘੜਾਇੰਦਾ। ਗੁਰ ਚਰਨ ਦਵਾਰਾ ਚੁੱਕੇ ਲਹਿਣਾ ਦੇਣਾ, ਪੂਰਬ ਲੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਤਰਾਇੰਦਾ। ਗੁਰਮੁਖ ਵਿਰਲਾ ਤਰੇ ਸਿਖ, ਤਾਰਨਹਾਰਾ ਜਿਸ ਤਰਾਈਆ। ਧੁਰ ਮਸਤਕ ਲੇਖਾ ਦਿਤਾ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸ੍ਰਿਸ਼ਟ ਸਬਾਈ ਦਿਸੇ ਮਿਥ, ਮਿਥਿਆ ਦਿਸੇ ਅੰਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਜਗਾਈਆ। ਗੁਰਮੁਖ ਵਿਰਲਾ ਜਾਗਿਆ, ਜਿਸ ਜਗਾਏ ਆਪ ਨਿਰੰਕਾਰ। ਮਾਣਸ ਜਨਮ ਵਡ ਵਡ ਭਾਗਿਆ, ਘਰ ਮਿਲਿਆ ਗੋਬਿੰਦ ਮੀਤ ਮੁਰਾਰ। ਹੰਸ ਰੂਪ ਵਟਾਇਆ ਕਾਗਿਆ, ਕਾਗ ਰਲਿਆ ਹੰਸਾਂ ਡਾਰ। ਦੀਪਕ ਜੋਤ ਜਗੇ ਚਿਰਾਗ਼ਿਆ, ਬਿਨ ਤੇਲ ਬਾਤੀ ਹੋਏ ਉਜਿਆਰ। ਮਨ ਉਪਜੇ ਇਕ ਵੈਰਾਗਿਆ, ਮਨ ਮਤ ਜਾਏ ਹਾਰ। ਸਤਿਗੁਰ ਮਿਲੇ ਕੰਤ ਸੁਹਾਗਿਆ, ਗੁਰਸਿਖ ਹੋਏ ਸੁਲਖਣੀ ਨਾਰ। ਦੁਰਮਤ ਮੈਲ ਧੋਵੇ ਦਾਗ਼ਿਆ, ਕਾਇਆ ਕਰੇ ਠੰਡੀ ਠਾਰ। ਲੱਖ ਚੁਰਾਸੀ ਵਿਚੋਂ ਕਾਢਿਆ, ਜਨਮ ਮਰਨ ਗੇੜ ਨਿਵਾਰ। ਪਾਰ ਕਰਾਏ ਬ੍ਰਹਮ ਬ੍ਰਹਿਮਾਦਿਆ, ਇਕ ਬਹਾਏ ਚਰਨ ਦਵਾਰ। ਲੱਖ ਚੁਰਾਸੀ ਵਿਚੋਂ ਮਾਣਕ ਮੋਤੀ ਗੁਰਸਿਖ ਹੀਰਾ ਏਕਾ ਲਾਧਿਆ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਕਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਦੇਵੇ ਪਾਰ ਉਤਾਰ। ਉਤਾਰੇ ਪਾਰ ਆਪਣੇ ਘਾਟ, ਮੰਜਧਾਰ ਨਾ ਕੋਇ ਰੁੜ੍ਹਾਈਆ। ਨਾਤਾ ਤੁਟੇ ਚੌਦਾਂ ਲੋਕ ਚੌਦਾਂ ਹਾਟ, ਚੌਦਾਂ ਵਿਦਿਆ ਪੰਧ ਮੁਕਾਈਆ। ਸਚ ਸਿੰਘਾਸਣ ਦੇਵੇ ਖਾਟ, ਪੁਰਖ ਅਬਿਨਾਸ਼ਨ ਸੇਜ ਵਿਛਾਈਆ। ਗੁਰਸਿਖ ਤੇਰਾ ਨਾਤਾ ਤੋੜ ਆਨ ਬਾਟ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਘਰ ਚੰਦ ਹੋਏ ਰੁਸ਼ਨਾਈਆ। ਮਿਲੇ ਅਗੰਮੀ ਸਾਚੀ ਦਾਤ, ਸੋਹੰ ਵਸਤ ਅਮੋਲਕ ਝੋਲੀ ਪਾਈਆ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਹੋਏ ਸਹਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਨਾ ਕੋਈ ਵਰਨ ਬਰਨ ਵੰਡ ਵੰਡਾਈਆ। ਆਪੇ ਬੈਠਾ ਆਪਣੇ ਘਾਟ, ਗੁਰਮੁਖ ਸਾਚੇ ਪਾਰ ਕਰਾਈਆ। ਸਮਰਥ ਪੁਰਖ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਦਾਨ, ਤਿਸ ਜਨ ਜਨਮ ਮਰਨ ਮਰਨ ਜਨਮ ਗੇੜ ਕਟਾਈਆ। ਜਨਮ ਮਰਨ ਹਰਿ ਕੱਟੇ ਫੰਦ, ਫਾਂਦੀ ਫੰਦਨ ਕੋਇ ਨਾ ਪਾਇਆ। ਜਿਸ ਜਨ ਗਾਇਆ ਬੱਤੀ ਦੰਦ, ਤਿਸ ਸੱਜਣ ਲਏ ਮਿਲਾਇਆ। ਜਿਸ ਤਜਿਆ ਰਸਨਾ ਮਦਿਰਾ ਮਾਸ ਗੰਦ, ਤਿਸ ਗੋਬਿੰਦ ਹੋਏ ਸਹਾਇਆ। ਜਿਸ ਵਸਾਇਆ ਪੁਰੀ ਅਨੰਦ, ਗੁਰਸਿਖ ਤੇਰਾ ਕਾਇਆ ਖੇੜਾ ਦਏ ਵਸਾਇਆ। ਜਿਨ ਤੇਰੇ ਪਿਛੇ ਨੀਹਾਂ ਹੇਠ ਦਬਾਏ ਚੰਦ, ਤੇਰਾ ਚੰਦ ਦਏ ਚਮਕਾਇਆ। ਜਿਸ ਨੂੰ ਕਹਿੰਦੇ ਗੁਜਰੀ ਨੰਦ, ਵੇਲਾ ਗੁਜ਼ਰਿਆ ਆਪਣਾ ਵਕ਼ਤ ਰਿਹਾ ਸੁਹਾਇਆ। ਪੁਰਖ ਅਕਾਲ ਨਾਲ ਮਿਲ ਮਿਲ ਗਾਏ ਆਪਣਾ ਛੰਦ, ਪੂਤ ਸਪੂਤਾ ਖ਼ੁਸ਼ੀ ਮਨਾਇਆ। ਹੱਥ ਫੜ ਚੰਡ ਪਰਚੰਡ, ਨਾਮ ਖੰਡਾ ਰਿਹਾ ਚਮਕਾਇਆ। ਨੌਂ ਖੰਡ ਪ੍ਰਿਥਮੀ ਕਰਨੀ ਖੰਡ ਖੰਡ, ਘਰ ਘਰ ਆਪਣਾ ਫੇਰਾ ਪਾਇਆ, ਕਿਸੇ ਕੂਟੇ ਰਹਿਣ ਨਾ ਦੇਣਾ ਭੇਖ ਪਖੰਡ, ਜੂਠਾ ਝੂਠਾ ਨਾਤਾ ਤੋੜ ਤੁੜਾਇਆ। ਮੈਂ ਕੱਚੇ ਭੰਨਾਂ ਅੰਡ, ਜੇਹੜੇ ਬੈਠੇ ਪੁਰਖ ਅਕਾਲ ਭੁਲਾਇਆ। ਮਾਛੂਵਾੜੇ ਪਾਈ ਵੰਡ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖਾਂ ਅੰਦਰ ਜਾਏ ਵੜ, ਸੁਰਤ ਸੁਵਾਣੀ ਲਏ ਫੜ, ਆਪਣਾ ਪ੍ਰੇਮ ਬੰਧਨ ਆਪੇ ਪਾਇਆ। ਕਲਜੁਗ ਜੀਵ ਕਾਚੇ ਬਿਰਖ ਜਾਇਣ ਝੜ, ਪੱਤ ਡਾਲ੍ਹੀ ਨਜ਼ਰ ਕੋਇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਵੇਖੇ ਸਚ ਸਿੰਘਾਸਣ ਖੜ, ਅਬਿਨਾਸ਼ੀ ਆਪਣੇ ਆਸਣ ਆਪ ਸੁਹਾਇਆ। ਗੁਰਸਿਖ ਨਿਰਭੌ ਕਰ ਚੁਕਾਇਆ ਡਰ, ਭੈ ਅਵਰ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਮਿਲਾਇਆ।
