੨੨ ਜੇਠ ੨੦੧੮ ਬਿਕ੍ਰਮੀ ਦੇਵੀ ਸਿੰਘ ਦੇ ਗ੍ਰਹਿ ਮੱਘੋਵਾਲੀ ਜੰਮੂ
ਨਿਰਗੁਣ ਰੂਪ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਸਰਗੁਣ ਰੂਪ ਅਨੂਪ ਮਹਾਨ, ਗੁਰ ਗੁਰ ਆਪਣਾ ਖੇਲ ਖਿਲਾਇੰਦਾ। ਸਾਚਾ ਨਾਮ ਕਰ ਪਰਧਾਨ, ਭਗਤਨ ਝੋਲੀ ਆਪ ਭਰਾਇੰਦਾ। ਸੰਤਨ ਦੇਵੇ ਬ੍ਰਹਮ ਗਿਆਨ, ਆਪਣਾ ਪਰਦਾ ਆਪ ਉਠਾਇੰਦਾ। ਗੁਰਮੁਖਾਂ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਗੁਰਸਿਖ ਬਣਾਏ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੇਖਣਹਾਰਾ ਪੰਜ ਤੱਤ ਕਾਇਆ ਮਕਾਨ, ਗੜ੍ਹ ਬੰਕ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਨਿਰਗੁਣ ਰੂਪ ਹਰਿ ਪੁਰਖ ਨਿਰੰਜਣ, ਆਦਿ ਜੁਗਾਦਿ ਵਡੀ ਵਡਿਆਈਆ। ਸਰਗੁਣ ਰੂਪ ਦਰਦ ਦੁਖ ਭੈ ਭੰਜਨ, ਗੁਰ ਗੁਰ ਨਾਉਂ ਪਰਗਟਾਈਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਸਾਚੇ ਸੰਤਾਂ ਕਰੇ ਸਚ ਰੁਸ਼ਨਾਈਆ। ਗੁਰਮੁਖ ਮੇਲੇ ਸਾਚੇ ਸੱਜਣ, ਦਰ ਘਰ ਸਾਚੇ ਵੱਜੇ ਵਧਾਈਆ। ਗੁਰਸਿਖਾਂ ਕਰਾਏ ਏਕਾ ਮੱਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਲੱਖ ਚੁਰਾਸੀ ਭਾਂਡੇ ਭੱਜਣ, ਭੰਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਈਆ। ਨਿਰਗੁਣ ਰੂਪ ਏਕੰਕਾਰ, ਅਕਲ ਕਲਾ ਅਖਵਾਇੰਦਾ। ਸਰਗੁਣ ਰੂਪ ਵਿਚ ਸੰਸਾਰ, ਗੁਰ ਗੁਰ ਸ਼ਬਦੀ ਡੰਕ ਵਜਾਇੰਦਾ। ਭਗਤਨ ਸਾਚਾ ਦਏ ਆਧਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੰਤਨ ਖੋਲ੍ਹੇ ਬੰਦ ਕਿਵਾੜ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖ ਸਾਚੇ ਪੌੜੇ ਦੇਵੇ ਚਾੜ੍ਹ, ਸਾਚਾ ਮੰਦਰ ਆਪ ਸੁਹਾਇੰਦਾ। ਗੁਰਸਿਖ ਕਰੇ ਪਰਕਾਸ਼ ਨਾੜ ਨਾੜ, ਜੋਤੀ ਜਾਤਾ ਜੋਤ ਜਗਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਭੇਵ ਅਭੇਦ ਅਭੇਵ ਖਲ੍ਹਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਜੁਗ ਕਰਤਾ ਆਪ ਕਰਾਇੰਦਾ। ਵਸਣਹਾਰਾ ਠਾਂਡੇ ਦਰਬਾਰ, ਬ੍ਰਹਿਮੰਡ ਖੰਡ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਇੰਦਾ। ਨਿਰਗੁਣ ਰੂਪ ਨਿਰੰਜਣ ਆਦਿ, ਆਦਿ ਪੁਰਖ ਬੇਪਰਵਾਹੀਆ। ਗੁਰ ਗੁਰ ਵੇਸ ਕਰੇ ਵਿਚ ਬ੍ਰਹਿਮਾਦ, ਬ੍ਰਹਮ ਨਾਦ ਇਕ ਵਜਾਈਆ। ਭਗਤਨ ਦੇਵੇ ਸਾਚੀ ਦਾਦ, ਵਸਤ ਅਮੋਲਕ ਝੋਲੀ ਪਾਈਆ। ਸੰਤ ਸੁਹੇਲੇ ਆਪੇ ਲਾਧ, ਆਪ ਆਪਣਾ ਮੇਲ ਮਿਲਾਈਆ। ਗੁਰਮੁਖਾਂ ਮੇਟੇ ਵਾਦ ਵਿਵਾਦ, ਮਾਇਆ ਮਮਤਾ ਮੋਹ ਚੁਕਾਈਆ। ਗੁਰਸਿਖਾਂ ਲੱਖ ਚੁਰਾਸੀ ਵਿਚੋਂ ਲਏ ਕਾਢ, ਦਰ ਘਰ ਸਾਚਾ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਰੂਪ ਸ੍ਰੀ ਭਗਵਾਨ, ਇਕ ਇਕੱਲਾ ਸੋਭਾ ਪਾਇੰਦਾ। ਗੁਰ ਗੁਰ ਰੂਪ ਵਿਚ ਜਹਾਨ, ਸਰਗੁਣ ਆਪਣਾ ਵੇਸ ਵਟਾਇੰਦਾ। ਭਗਤਨ ਵਸੇ ਕਾਇਆ ਮੰਦਰ ਸਚ ਮਕਾਨ, ਆਤਮ ਸੇਜਾ ਆਸਣ ਲਾਇੰਦਾ। ਸੰਤਨ ਏਕਾ ਰਾਗ ਸੁਣਾਏ ਕਾਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਗੁਰਮੁਖਾਂ ਵਖਾਏ ਪਦ ਨਿਰਬਾਣ, ਸਾਚੇ ਮੰਦਰ ਆਪ ਬਹਾਇੰਦਾ। ਗੁਰਸਿਖ ਮਿਲਾਏ ਏਕਾ ਕਾਹਨ, ਆਪ ਆਪਣਾ ਰੂਪ ਧਰਾਇੰਦਾ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵਾਲੀ ਆਪਣਾ ਪਰਦਾ ਆਪ ਚੁਕਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਨੂਰ ਧਰਾਇੰਦਾ। ਚੌਦਾਂ ਲੋਕ ਹੱਟ ਦੁਕਾਨ, ਵੰਡਣਹਾਰਾ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਕਰੋੜ ਤੇਤੀਸਾ ਭੇਵ ਚੁਕਾਇੰਦਾ। ਸੁਰਪਤ ਰਾਜਾ ਇੰਦ ਕਰ ਪਰਵਾਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਜੋੜ ਜੁੜਾਇੰਦਾ। ਦੇਵਣਹਾਰਾ ਦੇਵੇ ਦਾਨ, ਲੱਖ ਚੁਰਾਸੀ ਘਾੜਤ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਨਿਰਗੁਣ ਰੂਪ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹਰਿ ਅਖਵਾਇੰਦਾ। ਗੁਰ ਗੁਰ ਵੇਖੇ ਖੇਲ ਤਮਾਸ਼, ਸਰਗੁਣ ਕਾਇਆ ਚੋਲਾ ਆਪ ਹੰਢਾਇੰਦਾ। ਭਗਤਨ ਪੂਰੀ ਕਰੇ ਆਸ, ਸਵੱਛ ਸਰੂਪੀ ਰੂਪ ਧਰਾਇੰਦਾ। ਸੰਤਨ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਗਰਮੁਖਾਂ ਦੇਵੇ ਜੋਤ ਪਰਕਾਸ਼, ਜੋਤ ਨਿਰੰਜਣ ਦੀਪ ਜਗਾਇੰਦਾ। ਗੁਰਸਿਖਾਂ ਕਰੇ ਬੰਦ ਖ਼ਲਾਸ, ਆਪਣਾ ਬੰਧਨ ਆਪ ਪਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ, ਜਨਮ ਮਰਨ ਨਾ ਕੋਇ ਰਖਾਇੰਦਾ। ਸਾਚੇ ਤਖ਼ਤ ਬਹੇ ਸ਼ਾਹੋ ਸ਼ਾਬਾਸ਼, ਸਚ ਸਿੰਘਾਸਣ ਆਸਣ ਲਾਇੰਦਾ। ਨਿਰਮਲ ਜੋਤ ਇਕ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਨਿਰਗੁਣ ਰੂਪ ਪਾਰਬ੍ਰਹਮ, ਨਾ ਮਰੇ ਨਾ ਜਾਈਆ। ਗੁਰ ਗੁਰ ਰੂਪ ਕਰੇ ਸਾਚਾ ਕੰਮ, ਸਰਗੁਣ ਤਤਵ ਤਤ ਸਮਾਈਆ। ਭਗਤਨ ਬੇੜਾ ਦੇਵੇ ਬੰਨ੍ਹ, ਜੁਗ ਜੁਗ ਵੇਖ ਵਖਾਈਆ। ਸੰਤਨ ਦੇਵੇ ਨਾਮ ਧਨ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਗੁਰਮੁਖਾਂ ਰਾਗ ਸੁਣਾਏ ਕੰਨ, ਤਾਰ ਸਤਾਰ ਨਾ ਕੋਇ ਹਿਲਾਈਆ। ਗੁਰਸਿਖ ਚੜ੍ਹਾਏ ਸਾਚੇ ਚੰਨ, ਜੋਤ ਨੂਰ ਨੂਰ ਸਵਾਈਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਬੇਅੰਤ ਬੇਪਰਵਾਹੀਆ। ਵਸਣਹਾਰਾ ਬਿਨ ਛੱਪਰੀ ਛੰਨ, ਸਚਖੰਡ ਦਵਾਰੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਰੂਪ ਪੁਰਖ ਅਕਾਲਾ, ਅਕਲ ਕਲ ਵਡੀ ਵਡਿਆਈਆ। ਸਰਗੁਣ ਰੂਪ ਦੀਨ ਦਿਆਲਾ, ਲੋਕਮਾਤ ਕਰੇ ਰੁਸ਼ਨਾਈਆ। ਆਪੇ ਜਾਣੇ ਆਪਣੀ ਅਵੱਲੜੀ ਚਾਲਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਤੱਤ ਏਕਾ ਏਕ ਜਣਾਈਆ। ਨਿਰਗੁਣ ਸਰਗੁਣ ਵਿਸ਼ਨ ਧਾਰ, ਵਿਸ਼ਵ ਆਪ ਕਰਾਇੰਦਾ। ਨਿਰਗੁਣ ਸਰਗੁਣ ਬ੍ਰਹਮ ਪਸਾਰ, ਬ੍ਰਹਮ ਵੇਤਾ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਸ਼ੰਕਰ ਉਜਿਆਰ, ਸਹਿੰਸਾ ਅਵਰ ਨਾ ਕੋਇ ਜਣਾਇੰਦਾ। ਤਿੰਨਾਂ ਵਿਚੋਲਾ ਏਕੰਕਾਰ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਢੋਲਾ ਅਪਰ ਅਪਾਰ, ਸਚ ਸੰਦੇਸਾ ਆਪ ਸੁਣਾਇੰਦਾ। ਬਣ ਬਣ ਤੋਲਾ ਸੱਚਾ ਤੋਲੇ ਤੋਲਣਹਾਰ, ਏਕਾ ਕੰਡਾ ਹੱਥ ਉਠਾਇੰਦਾ। ਵਸਤ ਅਮੋਲਕ ਦੇਵੇ ਡਾਰ, ਤ੍ਰੈ ਤ੍ਰੈ ਏਕਾ ਰੂਪ ਦਰਸਾਇੰਦਾ। ਸਾਚਾ ਮੇਲਾ ਵਿਚ ਸੰਸਾਰ, ਮੇਲਣਹਾਰਾ ਆਪ ਮਿਲਾਇੰਦਾ। ਤ੍ਰੈਗੁਣ ਅਤੀਤਾ ਤ੍ਰੈਗੁਣ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਾੜਨ ਘੜਤ ਆਪ ਘੜਾਇੰਦਾ। ਜੁਗ ਜੁਗ ਕਰੇ ਸਚ ਵਿਹਾਰ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਕਰਾਇੰਦਾ। ਨਿਰਗੁਣ ਵੇਸ ਕਰੇ ਕਰਤਾਰਾ, ਅਚਰਜ ਆਪਣੀ ਖੇਲ ਖਿਲਾਈਆ। ਸਰਗੁਣ ਰੂਪ ਕਰ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਲੱਖ ਚੁਰਾਸੀ ਬਣ ਠਠਿਆਰਾ, ਘੜੇ ਭਾਂਡੇ ਦਏ ਧਰਾਈਆ। ਨਿਰਗੁਣ ਸਰਗੁਣ ਸਚ ਵਿਹਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਜੋਤੀ ਜਾਤਾ ਜੋਤ ਕਰ ਉਜਿਆਰਾ, ਆਪਣੀ ਵੰਡਣ ਰਿਹਾ ਵਖਾਈਆ। ਘਟ ਘਟ ਅੰਤਰ ਬ੍ਰਹਮ ਪਸਾਰਾ, ਈਸ਼ ਜੀਵ ਰੂਪ ਧਰਾਈਆ। ਜੁਗ ਜੁਗ ਪਾਵਣ ਆਏ ਸਾਰਾ, ਦੇ ਮਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਸਰਗੁਣ ਖੇਲ ਆਪਰਾ, ਹਰਿ ਸਤਿਗੁਰ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰਾ, ਰੂਪ ਅਨੂਪ ਆਪ ਵਟਾਇੰਦਾ। ਕਲਜੁਗ ਅੰਤਮ ਹੋਏ ਉਜਿਆਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਡੰਕਾ ਅਗੰਮ ਅਪਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਜਨ ਭਗਤਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਾਚੇ ਸੰਤਾਂ ਦੇਵੇ ਇਕ ਹੁਲਾਰਾ, ਸ਼ਬਦ ਹਲੂਣਾ ਇਕ ਲਗਾਇੰਦਾ। ਗੁਰਮੁਖਾਂ ਮੇਟੇ ਪੰਚਮ ਧਾੜਾ, ਝੂਠਾ ਨਾਤਾ ਤੋੜ ਤੁੜਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਨਿਰਗੁਣ ਧਾਰ, ਪੁਰਖ ਅਬਿਨਾਸ਼ੀ ਆਪ ਚਲਾਈਆ। ਸਰਗੁਣ ਪਾਵੇ ਸਾਚੀ ਸਾਰ, ਸਾਰੰਗ ਧਰ ਭਗਵਾਨ ਬੀਠਲੋ ਸਾਚਾ ਮਾਹੀਆ। ਭਗਤ ਭਗਵੰਤ ਲਏ ਉਠਾਲ, ਆਪ ਆਪਣੇ ਰੰਗ ਰੰਗਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਰਾਓ ਰੰਕ ਨਾ ਕੋਇ ਵਡਿਆਈਆ। ਸਾਚੇ ਸੰਤ ਦਏ ਜਮਾਲ, ਨੂਰੀ ਜਲਵਾ ਆਪ ਵਖਾਈਆ। ਗੁਰਮੁਖਾਂ ਸੁਰਤ ਰਿਹਾ ਸੰਭਾਲ, ਸੁਰਤੀ ਮੇਲਾ ਸਹਿਜ ਸੁਭਾਈਆ। ਗੁਰਸਿਖਾਂ ਚਲੇ ਨਾਲ ਨਾਲ, ਕਲਜੁਗ ਕੂੜਾ ਪੰਧ ਮੁਕਾਈਆ। ਸ਼ਬਦ ਸਰੂਪੀ ਬਣ ਦਲਾਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਈਆ। ਨਾਤਾ ਤੋੜ ਕਾਲ ਮਹਾਕਾਲ, ਦੀਨ ਦਿਆਲ ਮੇਲ ਮਿਲਾਈਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਨਿਰਗੁਣ ਦਾਤਾ ਬੇਪਰਵਾਹ, ਬੇਐਬ ਨਾਮ ਖ਼ੁਦਾਇਆ। ਸਰਗੁਣ ਬਣੇ ਜਗਤ ਮਲਾਹ, ਜੁਗ ਜੁਗ ਵੇਸ ਵਟਾਇਆ। ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇਆ। ਸੰਤਨ ਬੇੜੇ ਲਏ ਚੜ੍ਹਾ, ਸਾਚਾ ਬੇੜਾ ਆਪ ਚਲਾਇਆ। ਗੁਰਮੁਖ ਸੱਜਣ ਲਏ ਮਿਲਾ, ਆਪ ਆਪਣਾ ਮੇਲ ਕਰਾਇਆ। ਗੁਰਸਿਖ ਸੋਏ ਲਏ ਉਠਾ, ਜਾਗਤ ਸੋਵਤ ਏਕਾ ਰੂਪ ਦਰਸਾਇਆ। ਕਲਜੁਗ ਅੰਧੇਰਾ ਦਏ ਮਿਟਾ, ਸਾਚਾ ਨੂਰ ਕਰ ਰੁਸ਼ਨਾਇਆ। ਗੀਤ ਸੁਹਾਗੀ ਦਏ ਸੁਣਾ, ਆਤਮ ਪਰਮਾਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਇਆ। ਨਿਰਗੁਣ ਸਰਗੁਣ ਸਦਾ ਸੁਹੇਲਾ, ਜੁਗ ਜੁਗ ਸੇਵ ਕਮਾਇੰਦਾ। ਸਰਗੁਣ ਨਿਰਗੁਣ ਏਕਾ ਮੇਲਾ, ਏਕਾ ਦਰ ਬਹਾਇੰਦਾ। ਨਿਰਗੁਣ ਸਰਗੁਣ ਗੁਰੂ ਗੁਰ ਚੇਲਾ, ਗੁਰ ਚੇਲਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕੱਟੇ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਮੁਕਾਇੰਦਾ। ਨਿਰਗੁਣ ਸਰਗੁਣ ਜਾਣੇ ਤੇਰਾ ਵਕ਼ਤ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਧਾਰ ਆਪ ਵਖਾਇੰਦਾ। ਦੋਏ ਦੋਏ ਧਾਰ ਹਰਿ ਕਰਤਾਰਾ, ਜੁਗ ਜੁਗ ਮਾਤ ਚਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਰਹੇ ਜਸ ਗਾਈਆ। ਸ਼ਾਸਤਰ ਸਿਮਰਤ ਕਰੇ ਪੁਕਾਰਾ, ਪੁਰਾਨ ਅਠਾਰਾਂ ਭੇਵ ਖੁਲ੍ਹਾਈਆ। ਅਠ ਦਸ ਵੇਖੇ ਇਕ ਕਿਨਾਰਾ, ਗਿਆਨ ਧਿਆਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਵੇਦ ਪੁਰਾਨਾਂ ਗਾਇਆ ਜਸ, ਹਰਿ ਸੱਚਾ ਸੱਚੀ ਵਡਿਆਈਆ। ਗੁਰ ਅਵਤਾਰ ਮਿਲ ਮਿਲ ਰਹੇ ਹੱਸ, ਘਰ ਮਿਲਿਆ ਸਾਚਾ ਮਾਹੀਆ। ਭਗਤ ਭਗਵੰਤ ਦਵਾਰੇ ਰਹੇ ਨੱਸ, ਜੁਗ ਜੁਗ ਪੰਧ ਮੁਕਾਈਆ। ਸੰਤਾਂ ਹਿਰਦੇ ਰਿਹਾ ਵਸ, ਜੀਵਾਂ ਜੰਤਾਂ ਕਰਨ ਸੁਣਾਈਆ। ਗੁਰਮੁਖਾਂ ਹੰਕਾਰੀ ਬੁਰਜ ਜਾਏ ਢੱਠ, ਹੰਗਤਾ ਗੜ੍ਹ ਨਜ਼ਰ ਨਾ ਆਈਆ। ਗੁਰਸਿਖਾਂ ਗੇੜੇ ਉਲਟੀ ਲੱਠ, ਮਨ ਕਾ ਮਣਕਾ ਆਪ ਭਵਾਈਆ। ਨਜ਼ਰੀ ਆਏ ਘਟ ਘਟ, ਲੱਖ ਚੁਰਾਸੀ ਰਿਹਾ ਸਮਾਈਆ। ਸਰਬ ਜੀਆਂ ਦਾ ਕਮਲਾਪਤ, ਕਵਲ ਨੈਣ ਬੇਪਰਵਾਹੀਆ। ਜਿਸ ਦੀ ਹੱਡ ਮਾਸ ਨਾੜੀ ਨਾ ਕੋਈ ਰਤ, ਤਤਵ ਤਤ ਨਾ ਕੋਇ ਰਖਾਈਆ। ਸਰਬ ਕਲਾ ਸਦਾ ਸਮਰਥ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਧਰਾਈਆ। ਪਾਵੇ ਸਾਰ ਚੌਦਾਂ ਹੱਟ, ਚੌਦਾਂ ਤਬਕਾਂ ਭੇਵ ਖੁਲ੍ਹਾਈਆ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਈਆ। ਨਿਰਗੁਣ ਸਰਗੁਣ ਹੋਏ ਸਹਾਇਆ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ, ਕਲਜੁਗ ਅੰਤਮ ਵੇਖ ਵਖਾਇੰਦਾ। ਰੂਪ ਅਨੂਪਾ ਆਪ ਧਰਾਇਆ, ਵੇਸ ਅਨੇਕਾ ਆਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸਾਚੀ ਸੇਵਾ ਇਕ ਜਣਾਇੰਦਾ। ਚਾਰ ਜੁਗ ਦਾ ਲੇਖਾ ਰਿਹਾ ਮੰਗਾਇਆ, ਵੇਖਣਹਾਰ ਆਪ ਹੋ ਜਾਇੰਦਾ। ਸਾਚਾ ਹੁਕਮ ਇਕ ਸੁਣਾਇਆ, ਧੁਰ ਫ਼ਰਮਾਨਾ ਆਪ ਅਲਾਇੰਦਾ। ਦਿਵਸ ਦਿਹਾੜਾ ਇਕ ਮਨਾਇਆ, ਹਾੜ ਸਤਾਰਾਂ ਦਿਵਸ ਸੁਹਾਇੰਦਾ। ਚਾਰ ਵੇਦ ਜੋ ਵਿਦਿਤ ਗਾਇਆ, ਅਵਦਿਤ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪੇ ਬਣ, ਆਪਣੀ ਚਾਲ ਚਲਾਇੰਦਾ। ਨਿਰਗੁਣ ਸਰੁਗਣ ਹਰਿ ਹਰਿ ਚਾਲੀ, ਚਲਣਹਾਰ ਆਪ ਅਖਵਾਈਆ। ਆਪੇ ਹੋਵੇ ਆਦਿ ਸ਼ਕਤ ਭਵਾਨੀ, ਚਤੁਰਭੁਜ ਆਪਣਾ ਨਾਉਂ ਧਰਾਈਆ। ਆਪੇ ਸਿੰਘ ਕਰੇ ਅਸਵਾਰ ਇਕ ਵਖਾਏ ਸਚ ਨਿਸ਼ਾਨੀ, ਅਸ਼ਟਭੁਜ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਹਰਿ ਹਰਿ ਰੰਗ, ਜੁਗ ਜੁਗ ਖੇਲ ਖਿਲਾਇੰਦਾ। ਆਪ ਰਾਮਾ ਬਣੇ ਸਰਬੰਗ, ਦੁਸ਼ਟ ਹੰਕਾਰੀ ਮੇਟ ਮਿਟਾਇੰਦਾ। ਆਪੇ ਮੁਕੰਦ ਮਨੋਹਰ ਸੁਤ ਸਦਾਏ ਨੰਦਾ ਨੰਦ, ਅਨੰਦ ਆਪ ਜਣਾਇੰਦਾ। ਆਪੇ ਜੁਗ ਜੁਗ ਮੇਟੇ ਪੰਧ, ਗੇੜਾ ਗੇੜ ਆਪ ਵਖਾਇੰਦਾ। ਆਪੇ ਕਲਮਾ ਅਮਾਮ ਬੋਲੇ ਛੰਦ, ਨਾਅਰਾ ਹੱਕ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਆਪੇ ਵਸੇ ਧਾਮ ਸਤਿ, ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ। ਆਪੇ ਲੇਖਾ ਜਾਣੇ ਪੰਜ ਤੱਤ, ਨਾਨਕ ਚੋਲਾ ਆਪ ਹੰਢਾਇੰਦਾ। ਆਪੇ ਦੇਵੇ ਬ੍ਰਹਮ ਮਤ, ਗੁਰਮਤ ਆਪਣੀ ਖੇਲ ਖਿਲਾਇੰਦਾ। ਆਪੇ ਲੇਖੇ ਲਾਏ ਗੋਬਿੰਦ ਰਤ, ਬੰਸ ਸਰਬੰਸਾ ਆਪ ਸੁਹਾਇੰਦਾ। ਆਪੇ ਸਰਗੁਣ ਨਿਰਗੁਣ ਬੰਧਾਏ ਨੱਤ, ਸਾਚਾ ਨਾਤਾ ਜੋੜ ਜੁੜਾਇੰਦਾ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਥ, ਪਿਛਲਾ ਲੇਖਾ ਪੂਰ ਕਰਾਇੰਦਾ। ਅਗਲੀ ਮਹਿਮਾ ਜਣਾਏ ਅਕਥ, ਕਥਨੀ ਕਥ ਨਾ ਕੋਇ ਵਖਾਇੰਦਾ। ਸਤਿਜੁਗ ਚਲਾਏ ਸਾਚਾ ਰਥ, ਧਰਨੀ ਧਰਤ ਧਵਲ ਵਡਿਆਇੰਦਾ। ਝੂਠਾ ਖੇੜਾ ਕਰੇ ਭੱਠ, ਕਲਜੁਗ ਲੋਕਮਾਤ ਰਹਿਣ ਨਾ ਪਾਇੰਦਾ। ਲੇਖਾ ਮੁੱਕੇ ਬੱਤੀ ਹਜ਼ਾਰ ਚਾਰ ਲੱਖ, ਲਿਖ ਲਿਖ ਆਪਣਾ ਲੇਖ ਵਖਾਇੰਦਾ। ਕਲਜੁਗ ਜੀਵਾਂ ਮੁੱਲ ਨਾ ਪੈਣਾ ਕੌਡੀ ਕੱਖ, ਕੱਖੋਂ ਹੱਟ ਆਪ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪ ਤਰਾਇੰਦਾ। ਨਿਰਗੁਣ ਸਰਗੁਣ ਤਾਰਨਹਾਰਾ, ਤ੍ਰੈਗੁਣ ਅਤੀਤਾ ਬੇਪਰਵਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਸ ਵਟਾਈਆ। ਭਗਤ ਭਗਵੰਤ ਦਏ ਸਹਾਰਾ, ਧਰੂ ਪ੍ਰਹਿਲਾਦ ਗਲੇ ਲਗਾਈਆ। ਜਗਤ ਨਿਮਾਣੀ ਪਾਵੇ ਸਾਰਾ, ਜੂਠੇ ਬੇਰਾਂ ਮੁਖ ਰਖਾਈਆ। ਬਿਦਰ ਸੁਦਾਮਾ ਲਾਇਆ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਐਨਲਹੱਕ ਬੋਲ ਜੈਕਾਰਾ, ਮੁਰੀਦ ਮੁਰਸ਼ਦ ਮਿਲਿਆ ਸਾਚੇ ਮਾਹੀਆ। ਨਾਨਕ ਨਿਰਗੁਣ ਦਏ ਆਧਾਰਾ, ਅੰਗਦ ਅੰਗੀਕਾਰ ਕਰਾਈਆ। ਗੋਬਿੰਦ ਬਣਿਆ ਸੁਤ ਦੁਲਾਰਾ, ਪੁਰਖ ਅਕਾਲ ਏਕਾ ਓਟ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਆਇਆ ਸਚ ਵਿਹਾਰਾ, ਕਲਜੁਗ ਅੰਤਮ ਆਪਣੇ ਹੱਥ ਰਖਾਈਆ। ਗਾ ਗਾ ਗਏ ਗੁਰ ਅਵਤਾਰਾ, ਜੀਵਾਂ ਜੰਤਾਂ ਮਾਤ ਸਮਝਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਬਲੀ ਬਲਕਾਰਾ, ਰੂਪ ਰੰਗ ਰੇਖ ਨਾ ਕੋਈ ਰਖਾਈਆ। ਚੰਡ ਪਰਚੰਡ ਨਾ ਕੋਇ ਸਹਾਰਾ, ਤੀਰ ਕਮਾਨ ਨਾ ਕੋਈ ਉਠਾਈਆ। ਸ਼ਾਹੀ ਫ਼ੌਜ ਨਾ ਲਸ਼ਕਰ ਭਾਰਾ, ਸਗਲਾ ਸੰਗ ਨਾ ਕੋਇ ਜਣਾਈਆ। ਇਕ ਇਕੱਲਾ ਹੋ ਉਜਿਆਰਾ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੋਲਾਈਆ। ਉਚੀ ਕੂਕ ਬੋਲੇ ਇਕ ਜੈਕਾਰਾ, ਸੋ ਪੁਰਖ ਨਿਰੰਜਣ ਆਪਣਾ ਨਾਉਂ ਆਪ ਧਰਾਈਆ। ਹੰ ਬ੍ਰਹਮ ਕਰੇ ਪਾਰ ਕਿਨਾਰਾ, ਪੱਤਣ ਆਇਆ ਸਾਚਾ ਮਾਹੀਆ । ਹਰਿਜਨ ਸੱਜਣ ਲਏ ਉਭਾਰਾ, ਹਰਿ ਕੇ ਪੌੜੇ ਆਪ ਚੜ੍ਹਾਈਆ। ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਨਿਰਗੁਣ ਜੋਤ ਕਰ ਉਜਿਆਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਮੇਟ ਮਿਟਾਏ ਧੂੰਆਂਧਾਰਾ, ਅੰਧ ਅੰਧੇਰ ਰਹਿਣ ਨਾ ਪਾਈਆ। ਕਾਇਆ ਮੰਦਰ ਵਖਾਏ ਸੱਚਾ ਗੁਰੂਦਵਾਰਾ, ਅੰਦਰ ਵਸੇ ਸੱਚਾ ਸ਼ਹਿਨਸ਼ਾਹੀਆ। ਏਕਾ ਰਾਗ ਸੁਣਾਏ ਅਨਹਦ ਸੱਚੀ ਧੁੰਨਕਾਰਾ, ਧੁੰਨ ਆਤਮਕ ਆਪ ਪਰਗਟਾਈਆ। ਦੇਵੇ ਦਰਸ ਅਗੰਮ ਅਪਾਰਾ, ਸਵੱਛ ਸਰੂਪ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਥਾਉਂ ਥਾਈਂਆ। ਥਾਨ ਥਨੰਤਰ ਫੋਲਿਆ, ਲੋਆਂ ਪੁਰੀਆਂ ਬ੍ਰਹਿਮੰਡ ਖੰਡ। ਗੁਰਮੁਖ ਵਿਰਲਾ ਆਪ ਟਟੋਲਿਆ, ਜ਼ਿਮੀਂ ਅਸਮਾਨਾਂ ਮੁਕਾ ਪੰਧ। ਅੰਦਰ ਵੜ ਵੜ ਆਪੇ ਬੋਲਿਆ, ਆਪ ਸੁਣਾਇਆ ਸੁਹਾਗੀ ਛੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਪਰਮਾਨੰਦ। ਪਰਮਾਨੰਦ ਨਿਜ ਸਾਚੀ ਧਾਰ, ਅਨੰਦ ਅਨੰਦ ਸਮਾਈਆ। ਹਰਿਜਨ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਇਸ਼ਟ ਦੇਵ ਨਜ਼ਰ ਕਿਸੇ ਨਾ ਆਈਆ। ਕਾਇਆ ਗੜ੍ਹ ਬਣਿਆ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਕੂਕੇ ਦਏ ਦੁਹਾਈਆ। ਸੁਰਤ ਸੁਆਣੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾ ਨੀਰ ਵਹਾਈਆ। ਕਵਣ ਮਿਲਾਏ ਮੇਰਾ ਪ੍ਰੀਤਮ ਪਿਆਰਾ, ਮੇਰਾ ਦੁਖੜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ ਇਕ ਸੁਣਾਈਆ। ਪ੍ਰੀਤਮ ਪਿਆਰਾ ਪੀਆ ਪ੍ਰੀਤਮ, ਪਰਮ ਪੁਰਖ ਅਖਵਾਇਆ। ਤੇਰਾ ਰੂਪ ਕਰੇ ਸੀਤਲ, ਸੀਤਲ ਧਾਰ ਮੁਖ ਚੁਆਇਆ। ਤੇਰਾ ਕੰਚਨ ਰੂਪ ਬਣਾਏ ਝੂਠਾ ਪੀਤਲ, ਨਾਮ ਕਸਵਟੀ ਏਕਾ ਲਾਇਆ। ਮਿਲੇ ਭਗਵਾਨ ਸਾਚਾ ਬੀਠਲ, ਬੀਠਲੋ ਭਗਵਾਨ ਨਾਮੇ ਹਰਿ ਜਸ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਵਿਰਲਾ ਉਠਿਆ, ਲੋਕਮਾਤ ਲਏ ਅੰਗੜਾਈਆ। ਗੁਰ ਸਤਿਗੁਰ ਸਾਹਿਬ ਸਾਚਾ ਤੁਠਿਆ, ਰਾਮ ਨਾਮ ਕਰੇ ਪੜ੍ਹਾਈਆ। ਅੰਮ੍ਰਿਤ ਜਾਮ ਦੇਵੇ ਘੁੱਟਿਆ, ਜਿਉਂ ਅਰਜਣ ਕ੍ਰਿਸ਼ਨ ਹੋਏ ਸਹਾਈਆ। ਲੋਕਮਾਤ ਨਾ ਜਾਏ ਲੁੱਟਿਆ, ਕਾਇਆ ਰਥ ਚਲਾਏ ਸੱਚਾ ਰਥਵਾਹੀਆ। ਕਲਜੁਗ ਸੋਮਾਂ ਏਕਾ ਫੁਟਿਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਗੁਰਮੁਖ ਵਿਰਲੇ ਦੇਵੇ ਘੁੱਟਿਆ, ਲੱਖ ਚੁਰਾਸੀ ਮਰੇ ਤਿਹਾਈਆ। ਆਪ ਸੁਹਾਏ ਸਾਚੀ ਰੁਤਿਆ, ਰੁੱਤ ਬਸੰਤ ਆਪ ਮਹਿਕਾਈਆ। ਹਰਿਜਨ ਮੇਲੇ ਜੁਗ ਜੁਗਾ ਦਾ ਰੁੱਸਿਆ, ਜਨਮ ਅਜਨਮ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਆ ਆ ਪੁਛਿਆ, ਪ੍ਰਭ ਅੱਗੇ ਸੀਸ ਝੁਕਾਈਆ। ਕਵਣ ਕੂਟੇ ਤੇਰਾ ਗੁਰਮੁਖ ਲੁਕਿਆ, ਜੋ ਜਸ ਰਿਹਾ ਤੇਰਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਏ ਸਮਝਾਈਆ। ਗੁਰਮੁਖ ਸਾਚਾ ਹਰਿ ਸਮਝਾਇੰਦਾ, ਆਪ ਆਪਣੀ ਦਇਆ ਕਮਾ। ਚਾਰ ਵਰਨ ਜੋ ਤਜਾਇੰਦਾ, ਜ਼ਾਤ ਪਾਤ ਰਿਹਾ ਮਿਟਾ। ਅੱਠੇ ਪਹਿਰ ਧਿਆਨ ਲਗਾਇੰਦਾ, ਮਾਇਆ ਮਮਤਾ ਮੋਹ ਚੁਕਾ। ਹੰਸਾ ਰੂਪ ਨਾ ਕੋਇ ਜਣਾਇੰਦਾ, ਹੰਸ ਬਣ ਕੇ ਬੈਠਾ ਕਾਂ। ਵਿਸ਼ਨੂੰ ਵੰਸ ਜੋ ਅਖਵਾਇੰਦਾ, ਪੁਰਖ ਅਬਿਨਾਸ਼ੀ ਪਿਤਾ ਮਾਂ। ਹਰਿਜਨ ਸਾਚੇ ਸੋ ਉਪਜਾਇੰਦਾ, ਜਿਸ ਦੇਵੇ ਬ੍ਰਹਮ ਗਿਆਨ। ਕਲਜੁਗ ਅੰਤਮ ਆਪਣੇ ਧੰਦੇ ਲਾਇੰਦਾ, ਏਕਾ ਧੰਦਾ ਆਤਮ ਰਾਮ ਪਛਾਣ। ਮੂਰਖ ਮੂੜ੍ਹੇ ਪਾਪੀ ਗੰਦੇ ਦਰ ਦੁਰਕਾਇੰਦਾ, ਲੱਖ ਚੁਰਾਸੀ ਵੇਖੇ ਜਗਤ ਦੁਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਖੇਲ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
