Granth 10 Likhat 144: 22 Jeth 2018 Bikarmi Mayea Devi de Greh Seerh Jammu

੨੨ ਜੇਠ ੨੦੧੮ ਬਿਕ੍ਰਮੀ ਮਾਇਆ ਦੇਵੀ ਦੇ ਗ੍ਰਹਿ ਸੀੜ ਜੰਮੂ

ਸੁਰਤੀ ਮਿਲੇ ਹਰਿ ਗੋਬਿੰਦ, ਗੋਬਿੰਦ ਮੇਲਾ ਆਪ ਮਿਲਾਈਆ। ਸਰਬ ਦੁਖੜਾ ਲੱਥੇ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਅੰਮ੍ਰਿਤ ਬਖ਼ਸ਼ੇ ਸਾਗਰ ਸਿੰਧ, ਚਰਨ ਕਵਲ ਸੱਚੀ ਸਰਨਾਈਆ। ਮੇਲ ਮਿਲਾਏ ਗੁਣੀ ਗਹਿੰਦ, ਗਹਿਰ ਗਵਰ ਬੇਪਰਵਾਹੀਆ। ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਮੇਲ ਮਿਲਾਈਆ। ਮਿਲਿਆ ਮੇਲ ਹਰਿ ਨਿਰੰਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਿਚ ਸਮਾਇਆ। ਕਿਰਪਾ ਕਰੀ ਪੁਰਖ ਅਪਾਰ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਇਆ। ਖੇਲੇ ਖੇਲ ਵਿਚ ਸੰਸਾਰ, ਸੰਸਾਰ ਸਾਗਰ ਦਏ ਤਰਾਇਆ। ਗੁਰਸਿਖ ਸਦਾ ਜਗਤ ਵਲੋਂ ਗਏ ਹਾਰ, ਮਾਣਸ ਜਿਤ ਸਤਿਗੁਰ ਹੱਥ ਰਖਾਇਆ। ਝੂਠ ਅਡੰਬਰ ਮੋਹ ਵਿਹਾਰ, ਮਾਇਆ ਸਵੰਬਰ ਇਕ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਹਾਏ ਆਪਣੇ ਅੰਬਰ, ਅੰਮ੍ਰਿਤ ਜਾਮ ਇਕ ਪਿਆਇਆ। ਮਿਲਿਆ ਮੇਲ ਸ੍ਰੀ ਭਗਵਾਨ, ਘਰ ਸਾਚੇ ਮਿਲੀ ਵਡਿਆਈਆ। ਧਰਮ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਝੁਲਦਾ ਦਿਸੇ ਦੋ ਜਹਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਨਵ ਨੌਂ ਲੇਖਾ ਜਾਣੇ ਸਾਚਾ ਕਾਹਨ, ਰੂਪ ਅਨੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਰਖਾਈਆ। ਮਿਲਿਆ ਹਰਿ ਭਗਵੰਤ, ਹਰਿ ਸੱਜਣ ਸੱਚਾ ਪਾਇਆ। ਹੋਈ ਸੁਹਾਗਣ ਲੱਧਾ ਕੰਤ, ਨੱਢੀ ਲੇਖੇ ਲਏ ਲਗਾਇਆ। ਚਾੜ੍ਹਿਆ ਰੰਗ ਇਕ ਬਸੰਤ, ਚੋਲੀ ਕਾਇਆ ਵੇਖ ਵਖਾਇਆ। ਮੇਰੀ ਪੂਰੀ ਹੋਈ ਮੰਨਤ, ਮੇਰਾ ਲੇਖਾ ਲੇਖੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਮਿਲਿਆ ਹਰਿ ਸੱਚਾ ਸ਼ਹਿਨਸ਼ਾਹ, ਆਦਿ ਜੁਗਾਦਿ ਸੱਚੀ ਸ਼ਹਿਨਸ਼ਾਹੀਆ। ਏਕਾ ਅੱਖਰ ਦਿਤਾ ਪੜ੍ਹਾ, ਦੂਜੀ ਵਿਦਿਆ ਨਾ ਕੋਇ ਸਿਖਾਈਆ। ਏਕਾ ਮਾਰਗ ਦਿਤਾ ਦਿਖਾ, ਆਪਣਾ ਪਰਦਾ ਆਪ ਉਠਾਈਆ। ਏਕਾ ਘਰ ਦਿਤਾ ਸੁਹਾ, ਬੰਕ ਦਵਾਰ ਮਿਲੇ ਵਡਿਆਈਆ। ਏਕਾ ਵਾਰ ਝੋਲੀ ਦਿਤਾ ਪਾ, ਸਦਾ ਸੁਹੇਲਾ ਨਾ ਮਰੇ ਨਾ ਜਾਈਆ। ਆਪਣੀ ਹੱਥੀਂ ਪਕੜੇ ਮੇਰੀ ਬਾਂਹ, ਨਾ ਸਕੇ ਕੋਇ ਛੁਡਾਈਆ। ਲੈ ਕੇ ਜਾਏ ਸਚਖੰਡ ਦਵਾਰੇ ਸਾਚੇ ਥਾਂ, ਥਾਨ ਥਨੰਤਰ ਆਪ ਸੁਹਾਈਆ। ਨਾਤਾ ਤੁਟੇ ਪਿਤਾ ਮਾਂ, ਭੈਣ ਭਾਈ ਸੰਗ ਨਾ ਕੋਇ ਵਖਾਈਆ। ਚਾਰੋਂ ਕੁੰਟ ਨਜ਼ਰੀ ਆਏ ਇਕ ਮਿਹਰਬਾਂ, ਨੂਰੋ ਨੂਰ ਨੂਰ ਰੁਸ਼ਨਾਈਆ। ਦਰ ਆਇਆ ਘਰ ਦੇਵੇ ਮਾਣ, ਨਿਮਾਣਿਆਂ ਹੋਏ ਸਹਾਈਆ। ਧੰਨ ਵਡਿਆਈ ਲੱਖ ਚੁਰਾਸੀ ਵਿਚੋਂ ਕਰ ਪਛਾਣ, ਆਪ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਮਿਲਿਆ ਹਰਿ ਸੱਚਾ ਬਨਵਾਰੀ, ਬਨ ਖੰਡ ਮੇਰੀ ਸਾਰ ਸਮਾਲ ਦਾ। ਚਾਰ ਜੁਗ ਮੈਂ ਰਹੀ ਕੁਆਰੀ, ਸਾਚਾ ਕੰਤ ਕੋਇ ਨਾ ਮਿਲਿਆ ਜੋ ਜਲਵਾ ਨੂਰੀ ਨੂਰ ਵਖਾਲ ਦਾ। ਆਪਣੇ ਦਰ ਕਰੇ ਪਿਆਰੀ, ਲੇਖਾ ਚੁਕਾਏ ਏਕਾ ਵਾਰ ਸਾਚਾ ਵਸਲ ਅਹਿਬਾਬ ਮੀਤ ਮੁਰਾਰ ਦਾ। ਜੰਗਲ ਜੂਹਾਂ ਰਹੀ ਪੁਕਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਅਕਾਲ ਦਾ। ਮਿਲਿਆ ਹਰਿ ਪੁਰਖ ਅਕਾਲਾ, ਕਾਲਖ ਟਿੱਕਾ ਦਏ ਧੁਆਈਆ। ਏਕਾ ਪਾਏ ਸਾਚੀ ਗਲ ਮਾਲਾ, ਆਪ ਆਪਣਾ ਘਾੜਤ ਲਏ ਘੜਾਈਆ। ਸਾਚਾ ਮਾਰਗ ਦਏ ਸੁਖਾਲਾ, ਆਤਮ ਪਰਮਾਤਮ ਆਪਣੇ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੋੜਿਆ ਜਗਤ ਜੰਜਾਲਾ, ਬਾਕੀ ਕੋਇ ਰਹਿਣ ਨਾ ਪਾਈਆ। ਪਾਇਆ ਹਰਿ ਛੁੱਟਾ ਜਗ, ਲੱਖ ਲੱਖ ਖ਼ੁਸ਼ੀ ਮਨਾਈਆ। ਪਾਰਬ੍ਰਹਮ ਤੇਰੇ ਸੇਵਾਂ ਪਗ, ਤੇਰੀ ਸੱਚੀ ਸਰਨ ਸਰਨਾਈਆ। ਲੱਖ ਚੁਰਾਸੀ ਅੰਦਰ ਤਪੀ ਤੰਦੂਰ ਅੱਗ, ਹੱਡੀਆਂ ਬਾਲਣ ਵੇਖ ਵਖਾਈਆ। ਮੇਰੇ ਸੱਜਣ ਬਣ ਬਣ ਮੈਨੂੰ ਗਏ ਠਗ, ਘਰ ਵਿਚ ਠਗੌਰੀ ਪਾਈਆ। ਮੇਰਾ ਧੀਰਜ ਸਤਿ ਸੰਤੋਖ ਦਾ ਤੁੱਟਾ ਤਗ, ਜਤ ਤੱਤ ਨਾ ਕੋਇ ਵਖਾਈਆ। ਮੈਂ ਤੇਰੇ ਅੰਗ ਗਈ ਲੱਗ, ਅੰਗੀਕਾਰ ਕਰ ਸੱਚੇ ਮਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਨਿਰਮਲ ਨਿਰਮਲ ਨਿਰਮਲ ਰੂਪ ਰਖਾਈਆ। ਮੈਂ ਨਿਮਾਣੀ ਭਾਗਾਂ ਮੰਦ, ਮੰਗਤੀ ਦਰ ਦਵਾਰੇ ਬੈਠੀ ਸੀਸ ਝੁਕਾਈਆ। ਤੇਰਾ ਰੂਪ ਸਦਾ ਸੈਭੰ, ਗੁਰ ਪ੍ਰਸਾਦ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਣੀ ਥਾਈਂਆ। ਮਿਲਿਆ ਹਰਿ ਸੱਚਾ ਦਾਤਾ, ਦੀਨਨ ਨਾਥ ਦਇਆ ਕਮਾਇੰਦਾ। ਇਕ ਸੁਣਾਈ ਸਾਚੀ ਗਾਥਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਮੇਟੀ ਰੈਣ ਅੰਧੇਰੀ ਰਾਤਾ, ਪਰਕਾਸ਼ ਪਰਕਾਸ਼ ਆਪ ਵਖਾਇੰਦਾ। ਚਰਨ ਕਵਲ ਬੰਧਾਇਆ ਨਾਤਾ, ਸਾਚਾ ਬੰਧਨ ਪਾਇੰਦਾ। ਇਕ ਖੁਲ੍ਹਾਇਆ ਆਪਣਾ ਹਾਟਾ, ਦੂਜੇ ਹੱਟ ਨਾ ਕੋਇ ਵਿਕਾਇੰਦਾ। ਪਾਇਆ ਪੁਰਖ ਪੁਰਖ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਟਿਕਾਇੰਦਾ। ਆਪਣੇ ਅੰਦਰ ਆਪੇ ਰੱਖ, ਆਪਣਾ ਬੰਕ ਆਪ ਸੁਹਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਰਿਹਾ ਚਲਾਈਆ। ਹਿਰਦੇ ਅੰਦਰ ਆਪੇ ਵਸ, ਹਰਿ ਕਾ ਨਾਮ ਕਰੇ ਪੜ੍ਹਾਈਆ। ਤੀਰ ਨਿਰਾਲਾ ਮਾਰਿਆ ਕਸ, ਆਰ ਪਾਰ ਆਪ ਵਖਾਈਆ। ਗੁਰਮੁਖ ਪੂਰੀ ਕਰੇ ਆਸ, ਆਸਾ ਮਨਸਾ ਪੂਰ ਕਰਾਈਆ। ਪਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵੇਖੇ ਥਾਉਂ ਥਾਈਂਆ। ਜਨਮ ਜਨਮ ਦੀ ਬੁਝਾਏ ਪਿਆਸ, ਤ੍ਰਿਸਨਾ ਤ੍ਰਿਖਾ ਰਹੇ ਨਾ ਰਾਈਆ। ਸਾਚੀ ਸਖ਼ੀਆਂ ਸਾਚਾ ਕਾਹਨ ਮਿਲ ਮਿਲ ਪਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਅੰਤਮ ਕਰ ਬੰਦ ਖ਼ਲਾਸ, ਮੰਦਰ ਦਏ ਵਖਾਈਆ। ਗੁਰਮੁਖ ਤੇਰਾ ਰੂਪ ਬ੍ਰਹਮ ਪਰਕਾਸ਼, ਪਾਰਬ੍ਰਹਮ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਉਪਰ ਆਪਣਾ ਡੇਰਾ ਲਾਈਆ।