Granth 10 Likhat 179: 9 Bhadron 2018 Bikarmi Gurdyal Singh de Navit Nathewal Jila Ferozepur

੯ ਭਾਦਰੋਂ ੨੦੧੮ ਬਿਕ੍ਰਮੀ ਗੁਰਦਿਆਲ ਸਿੰਘ ਦੇ ਨਵਿਤ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਸੋ ਪੁਰਖ ਨਿਰੰਜਣ ਹੋ ਤਿਆਰ, ਸਤਿ ਸਤਿਵਾਦੀ ਆਪਣੀ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਠਾਂਡੇ ਬੈਠ ਸੱਚੇ ਦਰਬਾਰ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਏਕੰਕਾਰਾ ਕਰ ਵਿਚਾਰ, ਆਪ ਆਪਣੀ ਕਿਰਪਾ ਧਾਰ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਜਾਤਾ ਸ਼ਾਹ ਸਿਕਦਾਰ, ਭੂਪਤ ਭੂਪ ਆਪਣਾ ਰੂਪ ਵਟਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਨਿਰਵੈਰ ਨਿਰਾਕਾਰ ਪਾਵੇ ਸਾਰ, ਅਜੂਨੀ ਰਹਿਤ ਭੇਵ ਚੁਕਾਇੰਦਾ। ਸ੍ਰੀ ਭਗਵਾਨ ਹੁਕਮੀ ਹੁਕਮ ਕਰੇ ਵਰਤਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਧਾਰ ਆਪ ਚਲਾਇੰਦਾ। ਪਾਰਬ੍ਰਹਮ ਆਦਿ ਜੁਗਾਦਿ ਜਾਣੇ ਆਪਣਾ ਕੰਮ, ਨਾ ਮਰੇ ਨਾ ਪਏ ਜੰਮ, ਰੂਪ ਅਨੂਪ ਆਪਣਾ ਆਪ ਵਟਾਇੰਦਾ। ਸਚਖੰਡ ਖੋਲ੍ਹ ਕਿਵਾੜ, ਖੇਲੇ ਖੇਲ ਪੁਰਖ ਅਕਾਲ, ਜੋਤੀ ਜੋਤ ਬੇਮਿਸਾਲ, ਨੂਰ ਨੁਰਾਨਾ ਡਗਮਗਾਇੰਦਾ। ਥਿਰ ਘਰ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਕਰ ਸ਼ੰਗਾਰ, ਸਾਚੀ ਸੇਜਾ ਕੰਤ ਭਤਾਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਕਰਨੀ ਕਰੇ ਕਰਨੇਹਾਰ, ਮਹੱਲ ਅਟਲ ਉਚ ਮਨਾਰ, ਸੋਭਾਵੰਤ ਸੋਭਾ ਪਾਇੰਦਾ। ਜਨਨੀ ਜਨ ਬਣ ਕਰਤਾਰ, ਦਾਈ ਦਾਇਆ ਦਏ ਆਧਾਰ, ਇਕ ਇਕੱਲਾ ਬੇਐਬ ਪਰਵਰਦਿਗਾਰ, ਆਪਣਾ ਰੰਗ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਉਚ ਅਟੱਲਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਨਿਰਗੁਣ ਨਿਰਵੈਰ ਬੈਠਾ ਆਸਣ ਲਾਈਆ। ਏਕੰਕਾਰਾ ਸਚ ਸਿੰਘਾਸਣ ਏਕਾ ਮੱਲਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਆਪੇ ਫੜੇ ਆਪਣਾ ਪੱਲਾ, ਦੂਸਰ ਸੰਗ ਨਾ ਕੋਇ ਰਖਾਈਆ। ਸ੍ਰੀ ਭਗਵਾਨ ਖੇਲੇ ਖੇਲ ਅਛਲ ਅਛੱਲਾ, ਭੇਵ ਅਭੇਦ ਅਭੇਵ ਛੁਪਾਈਆ। ਪਾਰਬ੍ਰਹਮ ਆਪਣੇ ਅੰਤਰ ਆਪੇ ਰੱਲਾ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਸਚ ਸੰਦੇਸ ਏਕਾ ਘੱਲਾ, ਨਰ ਨਰੇਸ਼ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਧਰਾਈਆ। ਥਿਰ ਘਰ ਸਾਚੇ ਰੂਪ ਧਰ, ਸਚਖੰਡ ਸੋਭਾ ਪਾਇੰਦਾ। ਸਚਖੰਡ ਦਵਾਰੇ ਆਪੇ ਚੜ੍ਹ, ਤਖ਼ਤ ਨਿਵਾਸੀ ਧੁਰ ਫ਼ਰਮਾਨਾ ਹੁਕਮ ਜਣਾਇੰਦਾ। ਥਿਰ ਘਰ ਚੁਕਾਏ ਭੈ ਡਰ, ਨਿਰਭੌ ਆਪਣਾ ਹੁਕਮ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਸਗਲਾ ਸਾਥ, ਸੋ ਪੁਰਖ ਨਿਰੰਜਣ ਆਪ ਨਿਭਾਈਆ। ਹਰਿ ਪੁਰਖ ਨਿਰੰਜਣ ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਬੇਪਰਵਾਹੀਆ। ਏਕੰਕਾਰਾ ਗਾਏ ਗਾਥ, ਆਦਿ ਨਿਰੰਜਣ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਕਰੇ ਹਾਸ ਬਲਾਸ, ਅਬਿਨਾਸ਼ੀ ਕਰਤਾ ਆਪਣਾ ਰੰਗ ਆਪੇ ਵੇਖ ਵਖਾਈਆ। ਪਾਰਬ੍ਰਹਮ ਆਪਣੇ ਅੰਦਰ ਆਪੇ ਕਰ ਕਰ ਵਾਸ, ਆਪੇ ਵੇਖੇ ਚਾਈਂ ਚਾਈਂਆ। ਸਚਖੰਡ ਦਵਾਰੇ ਸਚਖੰਡ ਨਿਵਾਸੀ ਪਾਏ ਰਾਸ, ਆਪਣੀ ਰਚਨਾ ਆਪ ਰਚਾਈਆ। ਥਿਰ ਘਰ ਸਾਚੇ ਜੋਤ ਪਰਕਾਸ਼, ਨੂਰ ਨੁਰਾਨਾ ਡਗਮਗਾਈਆ। ਆਪੇ ਉਪਜਾਏ ਆਪਣੀ ਆਸ, ਆਸ ਆਸਾ ਵਿਚ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਆਪਣੀ ਧਾਰ ਵਖਾਇੰਦਾ। ਏਕੰਕਾਰਾ ਆਪੇ ਰੱਖੇ ਆਪਣਾ ਮਾਣਾ, ਆਪ ਆਪਣੀ ਦਇਆ ਕਮਾਇੰਦਾ। ਆਦਿ ਨਿਰੰਜਣ ਖੇਲੇ ਖੇਲ ਗੁਣ ਨਿਧਾਨਾ, ਸ੍ਰੀ ਭਗਵਾਨ ਵੇਸ ਵਟਾਇੰਦਾ। ਅਬਿਨਾਸ਼ੀ ਕਰਤਾ ਜਾਣੀ ਜਾਣਾ, ਪਾਰਬ੍ਰਹਮ ਮੇਲ ਮਿਲਾਇੰਦਾ। ਸਚਖੰਡ ਦਵਾਰਾ ਸਚ ਮਕਾਨਾ, ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਥਿਰ ਘਰ ਦੇਵੇ ਆਪਣਾ ਦਾਨਾ, ਸਾਚੀ ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਸਾਚਾ ਵੇਸ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਆਪ ਧਰਾਈਆ। ਲੇਖਾ ਜਾਣੇ ਪੁਰਖ ਨਾਰ, ਨਰ ਨਰਾਇਣ ਵਡੀ ਵਡਿਆਈਆ। ਨਿਰਗੁਣ ਨਿਰਗੁਣ ਕਰ ਪਿਆਰ, ਮੇਲ ਮਿਲਾਵਾ ਸਹਿਜ ਸੁਭਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਆਪ ਆਪਣਾ ਪਰਦਾ ਲਏ ਉਠਾਈਆ। ਦਾਈ ਦਾਇਆ ਬਣ ਸੇਵਕ ਸੇਵਾਦਾਰ, ਸਾਚੀ ਸੇਵ ਕਮਾਈਆ। ਜਨਨੀ ਜਨ ਬਣ ਨਿਰੰਕਾਰ, ਗੋਦੀ ਗੋਦ ਆਪ ਸੁਹਾਈਆ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਸ਼ਬਦ ਨਾਉਂ ਵਡਿਆਈਆ। ਦੇਵੇ ਦਰਸ ਅਗੰਮ ਆਪਾਰ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਰੂਪ ਰੰਗ ਰੇਖ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਸੁਤ ਦੁਲਾਰਾ ਜਣਿਆ ਜਨ, ਜਨ ਜਨਨੀ ਖੇਲ ਖਿਲਾਇੰਦਾ। ਏਕਾ ਰਾਗ ਸੁਣਾਇਆ ਕੰਨ, ਸੋ ਪੁਰਖ ਨਿਰੰਜਣ ਆਪ ਅਲਾਇੰਦਾ। ਛੋਟਾ ਬਾਲਾ ਕਰੇ ਧੰਨ ਧੰਨ ਧੰਨ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਨਾ ਕੋਈ ਰੂਪ ਨਾ ਕੋਈ ਤਨ, ਮਨ ਵੇਸ ਨਾ ਕੋਇ ਵਟਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਾ ਕੋਇ ਘੜੇ ਨਾ ਲਏ ਭੰਨ, ਭੰਨਣਹਾਰ ਤੇਰੇ ਰੰਗ ਸਮਾਇੰਦਾ। ਨਾ ਕੋਈ ਡੋਬੇ ਨਾ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਨਾ ਕੋਏ ਰਖਾਇੰਦਾ। ਨਾ ਕੋਇ ਸੂਰਜ ਨਾ ਕੋਏ ਚੰਨ, ਪਰਕਾਸ਼ ਪਰਕਾਸ਼ ਨਾ ਕੋਇ ਧਰਾਇੰਦਾ। ਤੂੰ ਹੀ ਜਨਨੀ ਤੂੰ ਹੀ ਜਨ, ਹਉਂ ਤੇਰਾ ਸੁਤ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਉਂ ਨਿਉਂ ਸੀਸ ਝੁਕਾਇੰਦਾ। ਸੁਤ ਦੁਲਾਰੇ ਛੋਟੇ ਬਾਲ, ਹਰਿ ਸ਼ਬਦੀ ਸ਼ਬਦ ਸੁਣਾਈਆ। ਆਦਿ ਜੁਗਾਦਿ ਕਰਾਂ ਤੇਰੀ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਦੋ ਜਹਾਨ ਬਣਾਂ ਦਲਾਲ, ਸਾਚਾ ਵਣਜ ਇਕ ਵਖਾਈਆ। ਤੇਰਾ ਸੰਗ ਰਖਾਏ ਇਕ ਮਹਾਕਾਲ, ਆਪਣੀ ਧਾਰ ਦਏ ਜਣਾਈਆ। ਜੁਗਾ ਜੁਗੰਤਰ ਵੱਜੇ ਤੇਰਾ ਤਾਲ, ਪੁਰਖ ਅਬਿਨਾਸ਼ੀ ਆਪ ਵਜਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਬਣੇ ਬੇਪਰਵਾਹੀਆ। ਤੇਰਾ ਖੇੜਾ ਸੱਚੀ ਧਰਮਸਾਲ, ਥਿਰ ਘਰ ਸਾਚਾ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਬੂਝ ਬੁਝਾਈਆ। ਸਾਚਾ ਸੁਤ ਸੁਣ ਸੰਦੇਸ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸਾਹਿਬ ਸੁਲਤਾਨ ਸਚ ਨਰੇਸ਼, ਤੇਰਾ ਭੇਵ ਕੋਇ ਨਾ ਪਾਇੰਦਾ। ਮੈਂ ਮੰਗਾਂ ਦਰਸ ਹਮੇਸ਼, ਆਦਿ ਜੁਗਾਦਿ ਨੈਣ ਉਠਾਇੰਦਾ। ਨਿਰਗੁਣ ਤੇਰਾ ਅਵੱਲੜਾ ਵੇਸ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਤੂੰ ਲਿਖਿਆ ਮੇਰਾ ਲੇਖ, ਤੇਰਾ ਲੇਖਾ ਲਿਖਿਆ ਨਾ ਕੋਇ ਮਿਟਾਇੰਦਾ। ਤੇਰੇ ਚਰਨ ਸਦਾ ਆਦੇਸ, ਆਦਿ ਜੁਗਾਦੀ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਗੁਣ ਜਣਾਈਆ। ਸੁਤ ਦੁਲਾਰੇ ਸੀਸ ਹੱਥ ਟਿਕਾ, ਜਗਦੀਸ ਦਏ ਵਡਿਆਈਆ। ਤੇਰਾ ਖੇੜਾ ਦਵਾਂ ਵਸਾਂ, ਆਪ ਆਪਣੀ ਰਚਨ ਰਚਾਈਆ। ਤੇਰਾ ਨੂਰ ਕਰਾਂ ਰੁਸ਼ਨਾ, ਆਪਣੀ ਜੋਤ ਜੋਤ ਡਗਮਗਾਈਆ। ਤੇਰਾ ਪਰਕਾਸ਼ ਦਿਆਂ ਧਰਾ, ਬਣ ਜਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਸੁਣ ਬਾਲ ਬਾਲ ਨਾਦਾਨ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਏਕਾ ਦੇਵਾਂ ਸੱਚਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਤੇਰਾ ਰੂਪ ਬਣਾਵਾਂ ਸਾਚਾ ਕਾਹਨ, ਤੇਰੀ ਆਸਾ ਗੋਪੀ ਨਾਲ ਰਲਾਇੰਦਾ। ਕਰਾਂ ਖੇਲ ਥਿਰ ਘਰ ਤੇਰੇ ਮਕਾਨ, ਸਚਖੰਡ ਆਪਣਾ ਆਸਣ ਲਾਇੰਦਾ। ਪ੍ਰੇਮ ਪਿਆਲਾ ਦੇਵਾਂ ਇਕ ਨਿਧਾਨ, ਰਸ ਆਪਣਾ ਆਪ ਚੁਆਇੰਦਾ। ਰੰਗਣ ਰੰਗ ਚੜ੍ਹੇ ਮਹਾਨ, ਰੰਗ ਰੰਗੀਲਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਅੰਮ੍ਰਿਤ ਰਸ, ਚਰਨ ਚਰਨ ਨਾਲ ਰਗੜਾਈਆ। ਤੇਰੇ ਅੰਤਰ ਦੇਵੇ ਰੱਖ, ਆਪਣੀ ਦਇਆ ਕਮਾਈਆ। ਨਿਰਗੁਣ ਨਿਰਗੁਣ ਕਰੇ ਪਰਕਾਸ਼, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਤੇਰੀ ਪੂਰੀ ਕਰੇ ਆਸ, ਆਪਣੀ ਆਸਾ ਨਾਲ ਮਿਲਾਈਆ। ਤੇਰਾ ਵੇਖੇ ਖੇਲ ਤਮਾਸ਼, ਵੇਖਣਹਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਜਣਾਈਆ। ਏਕਾ ਤੱਤ ਸ੍ਰੀ ਭਗਵਾਨ, ਸ਼ਬਦੀ ਸ਼ਬਦ ਜਣਾਇੰਦਾ। ਤੇਰਾ ਸੋਹੇ ਮੰਦਰ ਮਕਾਨ, ਥਿਰ ਘਰ ਸਾਚਾ ਆਪ ਸੁਹਾਇੰਦਾ। ਕਿਰਪਾ ਕਰੇ ਹੋ ਮਿਹਰਵਾਨ, ਮਿਹਰਵਾਨ ਆਪਣਾ ਰੰਗ ਰੰਗਾਇੰਦਾ। ਬਾਲੀ ਬੁਧ ਦਿਤਾ ਮਾਣ, ਬਾਲ ਅਞਾਣਾ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ। ਖੇਲ ਕਰਾਏ ਸ੍ਰੀ ਭਗਵੰਤ, ਆਪਣੀ ਦਇਆ ਕਮਾਈਆ। ਸ਼ਬਦੀ ਮੇਲਾ ਨਾਰ ਕੰਤ, ਸਾਚੀ ਸੇਜ ਹੰਢਾਈਆ। ਚੜ੍ਹਿਆ ਰੰਗ ਇਕ ਬਸੰਤ, ਉਤਰ ਕਦੇ ਨਾ ਜਾਈਆ। ਨਾਮ ਜਣਾਇਆ ਆਦਿ ਅੰਤ, ਅਭੁਲ ਬੇਪਰਵਾਹੀਆ। ਆਪ ਉਪਾਏ ਆਪਣੀ ਅੰਸ, ਵਿਸ਼ਵ ਵਿਸ਼ਨੂੰ ਲਏ ਪਰਗਟਾਈਆ। ਵਿਸ਼ਨ ਬਣਾਏ ਸੱਚਾ ਸਰਬੰਸ, ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਵਿਸ਼ਨ ਅੰਦਰ ਅੰਮ੍ਰਿਤ ਧਾਰ, ਸੋ ਪੁਰਖ ਨਿਰੰਜਣ ਆਪ ਵਹਾਈਆ। ਆਪਣੀ ਇਛਿਆ ਕਵਲ ਉਜਿਆਰ, ਕਵਲ ਕਵਲਾ ਲਏ ਖਲਾਈਆ। ਲੇਖਾ ਜਾਣੇ ਅੰਦਰ ਬਾਹਿਰ, ਗੁਪਤ ਜ਼ਾਹਰ ਬੇਪਰਵਾਹੀਆ। ਪਾਰਬ੍ਰਹਮ ਬ੍ਰਹਮ ਹੋ ਤਿਆਰ, ਆਪਣੀ ਵੰਡ ਵੰਡਾਈਆ। ਨਿਰਗੁਣ ਖੇਲ ਕਰੇ ਨਿਰਾਕਾਰ, ਸਾਕਾਰ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਲਏ ਪਰਗਟਾਈਆ। ਵਿਸ਼ਨ ਬ੍ਰਹਮਾ ਖੇਲ ਖਿਲਾਇਆ, ਭੇਵ ਕੋਇ ਨਾ ਪਾਈਆ। ਆਪਣਾ ਭਾਣਾ ਆਪਣੇ ਹੱਥ ਰਖਾਇਆ, ਸਦ ਭਾਣੇ ਆਪ ਸਮਾਈਆ। ਆਪਣੀ ਇਛਿਆ ਲਏ ਧਰਾਇਆ, ਸਾਚੀ ਭਿਛਿਆ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਧੂੜ ਆਪਣੀ ਆਪ ਪਰਗਟਾਈਆ। ਚਰਨ ਧੂੜੀ ਵੇਖੇ ਖ਼ਾਕ, ਖ਼ਾਕੀ ਖ਼ਾਕ ਸਮਾਇੰਦਾ। ਆਦਿ ਜੁਗਾਦਿ ਪਾਕੀ ਪਾਕ, ਪਤਿਤ ਪਵਿਤ ਵੇਸ ਵਟਾਇੰਦਾ। ਸ਼ੰਕਰ ਬਣਿਆ ਸੱਚਾ ਸਾਕ, ਪਿਤਾ ਪੂਤ ਗੋਦ ਸੁਹਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤ, ਵੇਲਾ ਵਕ਼ਤ ਨਾ ਕੋਇ ਜਣਾਇੰਦਾ। ਤਿੰਨਾਂ ਦੇਵੇ ਏਕਾ ਸਾਥ, ਏਕਾ ਹੁਕਮ ਸੁਣਾਇੰਦਾ। ਏਕਾ ਮੰਤਰ ਏਕਾ ਪਾਠ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਪੁਰਖ ਪੁਰਖ ਸਮਰਾਥ, ਪੁਰਖ ਅਕਾਲ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਸ਼ਬਦ ਉਪਜਾਇਆ ਵਿਸ਼ਨ ਬ੍ਰਹਮਾ ਸ਼ਿਵ ਧਾਰ, ਲੇਖਾ ਲਿਖਤ ਵਿਚ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪ ਸੁਣਾਈਆ। ਤਿੰਨਾਂ ਵਿਚੋਲਾ ਬਣ ਨਿਰੰਕਾਰ, ਏਕਾ ਗੁਣ ਸਮਝਾਈਆ। ਸਾਚੀ ਸੇਵਾ ਲਾਏ ਕਰੇ ਖ਼ਬਰਦਾਰ, ਅਭੁਲ ਭੁਲ ਕਦੇ ਨਾ ਜਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਆਪ ਸੁਣਾਈਆ। ਲੱਖ ਚੁਰਾਸੀ ਭਰਨਾ ਭੰਡਾਰ, ਵਸਤ ਵਸਤ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਨਿਉਂ ਨਿਉਂ ਸੀਸ ਝੁਕਾਇੰਦਾ। ਹਉਂ ਬਾਲੀ ਬੁਧ ਬਾਲ ਅਞਾਣ, ਤੇਰਾ ਭੇਵ ਕੋਇ ਨਾ ਪਾਇੰਦਾ। ਏਕਾ ਵਸਤ ਦੇਣਾ ਦਾਨ, ਲੱਖ ਚੁਰਾਸੀ ਘਾੜਨ ਘੜਤ ਘੜਾਇੰਦਾ। ਆਪਣੇ ਦਰ ਕਰੀਂ ਪਰਵਾਨ, ਤੁਧ ਬਿਨ ਦਰ ਨਾ ਕੋਇ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਏਕਾ ਵਾਰ ਮੰਗ ਮੰਗਾਇੰਦਾ। ਸਾਚੀ ਵਸਤ ਹਰਿ ਕਰਤਾਰ, ਏਕਾ ਇਕ ਜਣਾਈਆ। ਤਿੰਨਾਂ ਭਰੇ ਆਪ ਭੰਡਾਰ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਆਪਣਾ ਰੰਗ ਰੰਗਾਈਆ। ਸਤੋ ਤੇਰਾ ਸਤਿ ਵਰਤਾਰ, ਵਿਸ਼ਵ ਭੰਡਾਰੇ ਵਿਚ ਸਮਾਈਆ। ਰਜੋ ਤੇਰਾ ਰਾਜਸ ਰਾਜ ਜੋਗ ਸੰਸਾਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਤਮੋ ਤੇਰਾ ਤੱਤ ਗੁਣ ਨਿਰਾਧਾਰ, ਸ਼ੰਕਰ ਵੇਖੇ ਚਾਈਂ ਚਾਈਂਆ। ਕਰੇ ਖੇਲ ਹਰਿ ਕਰਤਾਰ, ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਵਸਤ ਇਕ ਵਰਤਾਈਆ। ਤ੍ਰੈਗੁਣ ਵਸਤ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਤੇਰੇ ਅੰਦਰੋਂ ਉਪਜੀ ਤੇਰੀ ਧਾਰ, ਤੇਰਾ ਹੁਕਮ ਸੀਸ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਬੱਧਾ ਇਕ ਪਿਆਰ, ਜਗਤ ਨਾਤਾ ਜੋੜ ਜੁੜਾਈਆ। ਕਿਰਪਾ ਕਰ ਸੱਚੀ ਸਰਕਾਰ, ਖੁਲੜੇ ਕੇਸ ਦੇਣ ਦੁਹਾਈਆ। ਕਵਣ ਵੇਲਾ ਸਾਡੀ ਸੁਰਤ ਲਈਂ ਸੰਭਾਲ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਝੋਲੀ ਰਹੀ ਵਖਾਈਆ। ਤ੍ਰੈਗੁਣ ਖ਼ਾਲੀ ਝੋਲੀ ਰੱਖ, ਪ੍ਰਭ ਅੱਗੇ ਸੀਸ ਝੁਕਾਇਆ। ਵਿਸ਼ਨ ਬ੍ਰਹਮਾ ਸ਼ਿਵ ਸਦ ਮੰਗੇ ਮੇਰਾ ਪੱਖ, ਮੈਂ ਸਗਲਾ ਸੰਗ ਨਿਭਾਇਆ। ਏਕਾ ਮਾਰਗ ਦੇਣਾ ਦੱਸ, ਕਵਣ ਵੇਲਾ ਹੋਏ ਸਹਾਇਆ। ਮੈਂ ਰੱਖਾਂ ਤੇਰੀ ਆਸ, ਮੇਰੇ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ। ਬਿਨ ਤੇਰੇ ਹੋਈ ਬੇਆਸ, ਮੇਰੀ ਧੀਰ ਨਾ ਕੋਇ ਧਰਾਇਆ। ਮੈਂ ਕਰਾਂ ਖੇਲ ਪ੍ਰਿਥਮੀ ਆਕਾਸ਼, ਲੱਖ ਚੁਰਾਸੀ ਨਾਚ ਨਚਾਇਆ। ਤੁਧ ਬਿਨ ਮੇਰੀ ਕਰੇ ਨਾ ਕੋਇ ਬੰਦ ਖ਼ੁਲਾਸ, ਮੇਰਾ ਬੰਧਨ ਨਾ ਕੋਇ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਬੈਠੀ ਸੀਸ ਝੁਕਾਇਆ। ਸੀਸ ਝੁਕਿਆ ਤੇਰੇ ਦਰਬਾਰ, ਤੂੰ ਬੇਐਬ ਪਰਵਰਦਿਗਾਰਾ। ਮੈਂ ਸੁਣਿਆ ਸਦਾ ਸੁਣੇਂ ਪੁਕਾਰ, ਆਦਿ ਜੁਗਾਦੀ ਤੇਰੀ ਕਾਰਾ। ਵਿਸ਼ਨ ਬ੍ਰਹਮਾ ਸ਼ਿਵ ਬਣਿਆ ਮੀਤ ਮੁਰਾਰ, ਨਾਤਾ ਜੁੜਿਆ ਵਿਚ ਸੰਸਾਰਾ। ਲੱਖ ਚੁਰਾਸੀ ਤੇਰਾ ਭੰਡਾਰ, ਖੇਲੇ ਖੇਲ ਅਪਰ ਅਪਾਰਾ। ਜੁਗ ਜੁਗ ਵਰਤੇ ਤੇਰਾ ਵਰਤਾਰ, ਤੂੰ ਵੇਖੇਂ ਵੇਖਣਹਾਰਾ। ਮੇਰੇ ਨਾਲ ਕਰ ਸਚ ਇਕ਼ਰਾਰ, ਮੈਂ ਮੰਗਾਂ ਮੰਗ ਦਵਾਰਾ। ਕਵਣ ਵੇਲਾ ਮੇਰਾ ਕ਼ਰਜ਼ਾ ਦਏਂ ਉਤਾਰ, ਪਿਛੇ ਰਹੇ ਨਾ ਕੋਇ ਉਧਾਰਾ। ਆਪਣੇ ਚਰਨਾਂ ਦਈਂ ਪਿਆਰ, ਚਰਨ ਧੂੜੀ ਸਾਚੀ ਛਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਮੰਗਿਆ ਏਕਾ ਦਵਾਰਾ। ਏਕਾ ਵਾਰ ਮੰਗੀ ਮੰਗ, ਆਦਿ ਪੁਰਖ ਜਣਾਈਆ। ਤ੍ਰੈਗੁਣ ਵੱਜੇ ਤੇਰਾ ਮਰਦੰਗ, ਤ੍ਰੈਲੋਕ ਸੁਣੇ ਲੋਕਾਈਆ। ਮੈਂ ਵੰਡਾਂ ਸਾਚੀ ਵੰਡ, ਆਪਣੀ ਖੇਲ ਆਪ ਖਿਲਾਈਆ। ਲੋਆਂ ਪੁਰੀਆਂ ਵੇਖ ਬ੍ਰਹਿਮੰਡ, ਕੋਟਨ ਕੋਟ ਰੂਪ ਵਟਾਈਆ। ਪਰਗਟ ਕਰਾਂ ਜੇਰਜ ਅੰਡ, ਉਤਭੁਜ ਸੇਤਜ ਨਾਲ ਮਿਲਾਈਆ। ਪੰਜ ਤੱਤ ਕਾਇਆ ਕਰਾਂ ਸੇਜ ਪਲੰਘ, ਸਚ ਸਿੰਘਾਸਣ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਵਖਾਈਆ। ਤ੍ਰੈਗੁਣ ਸੁਣ ਕਰ ਧਿਆਨਾ, ਹਰਿ ਸਾਚਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਹੋਏ ਮਿਹਰਵਾਨਾ, ਏਕਾ ਸ਼ਬਦ ਨਾਦ ਵਜਾਇੰਦਾ। ਵਿਸ਼ਨੂੰ ਵਿਸ਼ਵ ਕਰੇ ਪਰਵਾਨਾ, ਬ੍ਰਹਮਾ ਬ੍ਰਹਮ ਵੇਦ ਸੁਣਾਇੰਦਾ। ਚਾਰੇ ਜੁਗ ਖੇਲ ਮਹਾਨਾ, ਚਾਰੇ ਦਰ ਖੋਲ੍ਹ ਖੁਲ੍ਹਾਇੰਦਾ। ਚਾਰੇ ਵਰਨ ਕਰੇ ਪਰਧਾਨਾ, ਚਾਰੋਂ ਕੁੰਟ ਵੰਡ ਵੰਡਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣਾ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਦਏ ਪਰਵਾਨਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਤਾਰ ਸਤਾਰ ਇਕ ਵਜਾਨਾ, ਘਟ ਆਪਣਾ ਨਾਦ ਅਲਾਇੰਦਾ। ਲੱਖ ਚੁਰਾਸੀ ਹੋ ਪਰਧਾਨਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਿਰਗੁਣ ਜੋਤ ਨੂਰ ਮਹਾਨਾ, ਦੀਪਕ ਦੀਆ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦੇਵੇ ਤੇਰਾ ਵਰ, ਤੇਰੀ ਝੋਲੀ ਆਪ ਭਰਾਇੰਦਾ। ਤੇਰਾ ਲਹਿਣਾ ਆਪ ਚੁਕੌਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਖੇਲ ਖਿਲੌਣਾ, ਜੁਗ ਕਰਤਾ ਗੇੜ ਗੜਾਈਆ। ਲੱਖ ਚੁਰਾਸੀ ਨਾਚ ਨਚੌਣਾ, ਤਾਰ ਸਤਾਰ ਆਪ ਹਿਲਾਈਆ। ਕਾਲ ਮਹਾਕਾਲ ਆਪਣਾ ਹੁਕਮ ਵਰਤੌਣਾ, ਹੁਕਮੀ ਹੁਕਮ ਇਕ ਸਮਝਾਈਆ। ਰਾਏ ਧਰਮ ਆਪ ਉਠੌਣਾ, ਆਪ ਆਪਣੇ ਬੰਸ ਦਏ ਵਡਿਆਈਆ। ਚਿਤਰ ਗੁਪਤ ਚੇਤਨ ਆਪ ਕਰੌਣਾ, ਲੇਖਾ ਏਕਾ ਵਾਰ ਸਮਝਾਈਆ। ਜੋ ਘੜਿਆ ਸੋ ਭੰਨ ਵਖੌਣਾ, ਠੋਕਰ ਆਪਣੇ ਹੱਥ ਰਖਾਈਆ। ਤ੍ਰੈਗੁਣ ਤੇਰਾ ਜੰਜਾਲਾ ਏਕਾ ਪੌਣਾ, ਲੱਖ ਚੁਰਾਸੀ ਡੋਰ ਬੰਧਾਈਆ। ਗੁਰ ਅਵਤਾਰ ਰੂਪ ਵਟੌਣਾ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਭਗਤ ਭਗਵੰਤ ਆਪ ਬਣੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਸਾਚੇ ਸੰਤ ਸੰਗ ਨਿਭੌਣਾ, ਸਤਿ ਦਵਾਰਾ ਇਕ ਵਖਾਈਆ। ਗੁਰਮੁਖ ਗੋਦ ਆਪ ਬਹੌਣਾ, ਗੁਰ ਗੁਰ ਆਪਣਾ ਮੇਲ ਮਿਲਾਈਆ। ਗੁਰਸਿਖ ਪਰਦਾ ਆਪੇ ਲੌਹਣਾ, ਤ੍ਰੈਗੁਣ ਤੇਰਾ ਮੋਹ ਚੁਕਾਈਆ। ਤੇਰੇ ਖ਼ਾਤਰ ਜਾਮਾ ਪੌਣਾ, ਆਪਣਾ ਭੇਵ ਦਏ ਖੁਲ੍ਹਾਈਆ। ਲੋਕਮਾਤ ਏਕਾ ਏਕ ਏਕ ਪਰਗਟੌਣਾ, ਏਕਾ ਏਕ ਵੇਖ ਵਖਾਈਆ। ਸਤਿ ਧਰਮ ਸੰਤੋਖ ਸਾਚਾ ਬੀਜ ਬਜੌਣਾ, ਫੁਲ ਫੁਲਵਾੜੀ ਆਪ ਮਹਿਕਾਈਆ। ਸਤਿਜੁਗ ਸਾਚੇ ਮਾਣ ਦਵੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਰਿਹਾ ਲਿਖਾਈਆ। ਤੇਰਾ ਲੇਖਾ ਲਿਖੇ ਨਿਰੰਕਾਰ, ਆਪਣਾ ਭੇਵ ਆਪ ਜਣਾਈਆ। ਮਾਤਲੋਕ ਬਣਾਏ ਸੱਚਾ ਦਵਾਰ, ਭਗਤ ਭਗਵੰਤ ਲਏ ਪਰਗਟਾਈਆ। ਫੇਰ ਕਰੇ ਸਚ ਪਿਆਰ, ਮੇਰ ਤੇਰ ਦਏ ਚੁਕਾਈਆ। ਰੰਗ ਰੰਗੇ ਏਕਾ ਵਾਰ, ਰੰਗ ਰੰਗੀਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਗਤ ਦਏ ਵਡਿਆਈਆ। ਸਤਿਜੁਗ ਆਏ ਭਗਤ ਬਲ, ਬਲਧਾਰੀ ਆਪ ਉਪਜਾਏ। ਆਪਣਾ ਕਰੇ ਵਲ ਛਲ, ਬਾਵਣ ਆਪਣਾ ਰੂਪ ਵਟਾਏ। ਤੇਰਾ ਸਿੰਘਾਸਣ ਜਾਏ ਹਲ, ਧੀਰਜ ਧੀਰ ਨਾ ਕੋਇ ਧਰਾਏ। ਤੇਰੇ ਨੇਤਰ ਨੈਣ ਨੀਰ ਜਾਏ ਚਲ, ਦੋ ਜਹਾਨ ਨਾ ਕੋਇ ਅਟਕਾਏ। ਕਰੇ ਖੇਲ ਆਪ ਪਰਬਲ, ਪਾਰਬ੍ਰਹਮ ਬੇਪਰਵਾਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਲ ਬਾਵਨ ਖੇਲ ਖਿਲਾਏ। ਸਤਿਜੁਗ ਖੇਲ ਬਲ ਬਲ ਬਾਵਨ, ਬੇਅੰਤ ਆਪ ਖਿਲਾਇੰਦਾ। ਆਦਿ ਜੁਗਾਦਿ ਬਣੇ ਤੇਰਾ ਜ਼ਾਮਨ, ਸਾਚੀ ਜ਼ਾਮਨੀ ਆਪ ਨਿਭਾਇੰਦਾ। ਤੇਰਾ ਲਹਿਣਾ ਦੇਣਾ ਚੁਕਾਏ ਆਮ੍ਹਣੋ ਸਾਮ੍ਹਣ, ਵਿਚ ਪਰਦਾ ਨਾ ਕੋਇ ਪਾਇੰਦਾ। ਲੋਕਮਾਤ ਖੇੜਾ ਵਸੇ ਗਰਾਮਨ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਆਪੇ ਪਕੜੇ ਤੇਰਾ ਦਾਮਨ, ਦਾਮਨਗੀਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵਿਚੋਲਾ ਇਕ ਵਖਾਇੰਦਾ। ਤੇਰਾ ਵਿਚੋਲਾ ਏਕਾ ਏਕ, ਸੋ ਪੁਰਖ ਨਿਰੰਜਣ ਆਪ ਜਣਾਈਆ। ਬਲ ਰੱਖੇ ਸਾਚੀ ਟੇਕ, ਬਾਵਨ ਭੇਖੀ ਭੇਖ ਸਮਾਈਆ। ਨਿਰਮਲ ਅਤੀਤ ਹੋਇਆ ਬਿਬੇਕ, ਤ੍ਰੈਗੁਣ ਸੇਕ ਨਾ ਲਗੇ ਰਾਈਆ। ਪਾਰਬ੍ਰਹਮ ਪ੍ਰਭ ਆਪੇ ਖੇਡੇ ਆਪਣੀ ਖੇਡ, ਬਣ ਦਰਵੇਸ਼ ਮੰਗਣ ਆਈਆ। ਲੇਖਾ ਜਾਣੇ ਨਰ ਨਰੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਆਪਣੇ ਹੱਥ ਰਖਾਇੰਦਾ। ਬਲ ਉਪਜਾਏ ਇਕ ਬਲਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਤ੍ਰੈਗੁਣ ਮੰਗੇ ਜਾ ਕੇ ਦਾਨ, ਏਕਾ ਵਾਰ ਝੋਲੀ ਪਾਇੰਦਾ। ਬਲ ਦੇਵੇ ਆਪਣਾ ਬਲੀਦਾਨ, ਸੀਸ ਚਰਨਾਂ ਹੇਠ ਟਿਕਾਇੰਦਾ। ਪਾਰਬ੍ਰਹਮ ਪ੍ਰਭ ਹੋਏ ਮਿਹਰਵਾਨ, ਉਪਰ ਆਪਣਾ ਚਰਨ ਛੁਹਾਇੰਦਾ। ਤੇਰਾ ਮੇਰਾ ਇਕ ਨਿਸ਼ਾਨ, ਏਕਾ ਘਰ ਵਖਾਇੰਦਾ। ਮੈਂ ਵਸਾਂ ਉਪਰ ਅਸਮਾਨ, ਤੂੰ ਜ਼ਿਮੀਂ ਆਪਣੀ ਧਾਰ ਬਣਾਇੰਦਾ। ਤੇਰੀ ਜ਼ਮੀਰ ਕਰਾਂ ਪਰਵਾਨ, ਤੇਰਾ ਜ਼ੰਜੀਰ ਕਟਾਇੰਦਾ। ਏਕਾ ਦੇਵਾਂ ਸਚ ਗਿਆਨ, ਗਿਆਨ ਗਿਆਨ ਵਿਚ ਰਖਾਇੰਦਾ। ਅੱਠੇ ਪਹਿਰ ਇਕ ਧਿਆਨ, ਧਿਆਨ ਧਿਆਨ ਵਿਚ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਆਪਣਾ ਪਰਦਾ ਦਿਤਾ ਚੁੱਕ, ਬਲ ਆਪਣਾ ਦਰਸ ਦਿਖਾਈਆ। ਨਜ਼ਰ ਆਇਆ ਜੋ ਬੈਠਾ ਲੁਕ, ਸਾਖਿਆਤ ਰੂਪ ਵਟਾਈਆ। ਨਾ ਹਰਿਆ ਨਾ ਜਾਏ ਸੁੱਕ, ਆਦਿ ਜੁਗਾਦਿ ਏਕਾ ਰੰਗ ਸਮਾਈਆ। ਜਿਸ ਦੀ ਰੱਖ ਕੇ ਬੈਠਾ ਓਟ, ਸੋ ਮਿਲਿਆ ਹਰਿ ਰਘੁਰਾਈਆ। ਜਿਸ ਦੀ ਦਾਤ ਮੰਗਾਂ ਨਿਰਮਲ ਜੋਤ, ਨਿਰਗੁਣ ਜੋਤ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਆਪ ਕਰਾਈਆ। ਪਾਇਆ ਦਰਸ ਦੀਨ ਦਿਆਲ, ਬਲ ਬਲ ਬਲ ਚਰਨ ਜਾਇੰਦਾ। ਤੂੰ ਸਾਹਿਬ ਸਦਾ ਕਿਰਪਾਲ, ਹਉਂ ਚਰਨ ਸੀਸ ਨਿਵਾਇੰਦਾ। ਮੇਰਾ ਤੁਟਾ ਜਗਤ ਜੰਜਾਲ, ਜਗ ਨਾਤਾ ਨਾ ਕੋਇ ਰਖਾਇੰਦਾ। ਤੇਰਾ ਮਿਲਿਆ ਸੱਚਾ ਧਨ ਮਾਲ, ਜਗਤ ਖ਼ਜ਼ਾਨਾ ਕੰਮ ਨਾ ਕੋਇ ਵਖਾਇੰਦਾ। ਧੰਨ ਭਾਗ ਮੇਰੀ ਨਿਭ ਗਈ ਨਾਲ, ਮੇਰੀ ਲੱਗੀ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਦੇਣੀ ਮੰਗ ਕਰਾਂ ਅਸੀਸ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਆਦਿ ਜੁਗਾਦਿ ਸੱਚਾ ਜਗਦੀਸ, ਜਗਤ ਜੁਗਤ ਤੇਰੀ ਵਡਿਆਈਆ। ਤੇਰਾ ਹੁਕਮ ਇਕ ਹਦੀਸ, ਹਜ਼ਰਤ ਤੇਰੀ ਸਚ ਪੜ੍ਹਾਈਆ। ਮੈਂ ਤੇਰਾ ਪੀਸਣ ਲਿਆ ਪੀਸ, ਘੋਲੀ ਘੋਲ ਸੇਵ ਕਮਾਈਆ। ਮੈਂ ਤੇਰੀ ਬਖ਼ਸ਼ਿਸ਼ ਲੋਕਮਾਤ ਤਾਜ ਰਖਿਆ ਸੀਸ, ਬਿਨ ਤੇਰੇ ਦਰਸ ਰਾਜ ਕਾਜ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਸਰਨ ਸੱਚੀ ਸਰਨਾਈਆ। ਪੁਰਖ ਅਬਿਨਾਸ਼ੀ ਅੱਗੋਂ ਬੋਲ, ਏਕਾ ਹੁਕਮ ਸੁਣਾਇਆ। ਬਲ ਤੋਲਿਆ ਤੇਰਾ ਤੋਲ, ਤੋਲਾ ਬਣ ਕੇ ਹਰਿ ਜੂ ਆਇਆ। ਤੇਰਾ ਤੱਤ ਲਿਆ ਵਰੋਲ, ਨਾਮ ਮਧਾਣਾ ਏਕਾ ਪਾਇਆ। ਪਰਗਟ ਹੋਇਆ ਤੇਰੇ ਕੋਲ, ਨਿਰਗੁਣ ਸਰਗੁਣ ਰੂਪ ਧਰਾਇਆ। ਤੇਰੇ ਨਾਲ ਕਰੇ ਕੌਲ, ਕੀਤਾ ਕੌਲ ਭੁਲ ਨਾ ਜਾਇਆ। ਮੈਂ ਮੰਗੀ ਮੰਗ ਧਰਤ ਧੌਲ, ਧਰਨੀ ਮੇਰੇ ਕੰਮ ਕਿਸੇ ਨਾ ਰਾਇਆ। ਤੂੰ ਰਿਹੋਂ ਇਕ ਅਡੋਲ, ਚਰਨ ਕਵਲ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਰਨੀ ਤੇਰੀ ਝੋਲੀ ਦਏ ਵਖਾਇਆ। ਤੂੰ ਧਰਨੀ ਦਿਤਾ ਦਾਨ, ਆਪਾ ਆਪ ਵਾਰਿਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਤੇਰਾ ਕਾਜ ਸੁਆਰਿਆ। ਤੇਰੇ ਸਿਰ ਹੱਥ ਧਰੇ ਭਗਵਾਨ, ਬਾਵਨ ਆਇਆ ਚਲ ਦਵਾਰਿਆ। ਤੇਰਾ ਧਰਨੀ ਅੰਦਰ ਵਖਾਏ ਨਿਸ਼ਾਨ, ਆਪਣੀ ਹੱਥੀਂ ਆਪ ਝੁਲਾ ਰਿਹਾ। ਇੱਤਲ ਵਿੱਤਲ ਹੋਏ ਕ਼ੁਰਬਾਨ, ਸਿਤਲ ਤੇਰਾ ਰੰਗ ਵਖਾ ਰਿਹਾ। ਤਿੰਨ ਲੋਕ ਰੱਖੇ ਆਣ, ਆਪ ਆਪਣਾ ਹੁਕਮ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਤਲ ਲੋਕ ਆਪ ਬਹਾ ਰਿਹਾ। ਸਿਤਲ ਲੋਕ ਜਾਏ ਬਹਿਣਾ, ਸੋ ਪੁਰਖ ਨਿਰੰਜਣ ਆਪ ਜਣਾਇਆ। ਬਲ ਮੰਨਿਆ ਏਕਾ ਕਹਿਣਾ, ਨਿਉਂ ਨਿਉਂ ਸੀਸ ਝੁਕਾਇਆ। ਔਖਾ ਹੋਵੇ ਤੁਧ ਬਿਨ ਰਹਿਣਾ, ਬਿਨ ਨੇਤਰ ਦਰਸਨ ਪਾਇਆ। ਮੈਂ ਤੇਰਾ ਭਾਣਾ ਸਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਆਪਣਾ ਭਗਤ ਲਈਂ ਮਿਲਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਹੁਕਮ ਦਏ ਜਣਾਈਆ। ਸਤਿਜੁਗ ਲਿਆ ਆਪ ਪਰਨਾ, ਸਾਚਾ ਮੇਲਾ ਮੇਲ ਮਿਲਾਈਆ। ਧਰਨੀ ਥੱਲੇ ਦਿਤਾ ਦਬਾ, ਲੋਕ ਪਾਤਾਲ ਮਿਲੇ ਵਡਿਆਈਆ। ਆਕਾਸ਼ ਆਕਾਸ਼ਾਂ ਉਪਰ ਬੈਠਾ ਸ਼ਹਿਨਸ਼ਾਹ, ਸਚਖੰਡ ਆਪਣਾ ਆਸਣ ਲਾਈਆ। ਤ੍ਰੈਗੁਣ ਤੇਰੀ ਵੰਡ ਵੰਡਾ, ਤੇਰਾ ਲਹਿਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਦੂਸਰ ਭੇਵ ਕੋਇ ਨਾ ਪਾਈਆ। ਬਲ ਰੱਖਣੀ ਆਸ, ਹਰਿ ਸਾਚਾ ਸਚ ਜਣਾਇੰਦਾ। ਦੁਆਪਰ ਤ੍ਰੇਤਾ ਰਹਿਣਾ ਉਦਾਸ, ਸਾਚਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਖੇਲ ਕਰੇ ਪੁਰਖ ਅਬਿਨਾਸ਼, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਤਿੰਨ ਜੁਗ ਰੱਖਣੀ ਓਟ, ਹਰਿ ਸਾਚੇ ਸਚ ਜਣਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਰਗੁਣ ਜੋਤ, ਨਿਰਵੈਰ ਪੁਰਖ ਨਾਉਂ ਧਰਾਈਆ। ਲੇਖਾ ਜਾਣੇ ਲੱਖ ਚੁਰਾਸੀ ਕਾਇਆ ਕਿਲਾ ਕੋਟ, ਬ੍ਰਹਿਮੰਡ ਖੰਡ ਫੋਲ ਫੋਲਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣੇ ਓਤ ਪੋਤ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪਣੇ ਹੱਥ ਰਖਾਈਆ। ਸਾਚਾ ਲਹਿਣਾ ਹੱਥ ਨਿਰੰਕਾਰ, ਦੂਸਰ ਭੇਵ ਕੋਇ ਨਾ ਪਾਇੰਦਾ। ਤ੍ਰੈਗੁਣ ਤੇਰਾ ਜਗਤ ਭੰਡਾਰ, ਜਗਤ ਜੁਗਤ ਆਪ ਵਰਤਾਇੰਦਾ। ਕ਼ਾਦਰ ਕ਼ੁਦਰਤ ਵੇਖ ਵੇਖਣਹਾਰ, ਵੇਖ ਵੇਖ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਜੁਗ ਚੌਕੜੀ ਜਾਏ ਬੀਤ, ਕੋਟਨ ਕਾਲ ਕਾਲ ਬਿਤਾਈਆ। ਪੁਰਖ ਅਬਿਨਾਸ਼ੀ ਰਹੇ ਇਕ ਅਤੀਤ, ਆਦਿ ਜੁਗਾਦਿ ਵੇਖ ਵਖਾਈਆ। ਭਗਤ ਭਗਵੰਤ ਰੱਖੇ ਠਾਂਡਾ ਸੀਤ, ਸੀਤਲ ਧਾਰ ਆਪ ਵਹਾਈਆ। ਬਲ ਤੇਰੀ ਚਲਾਏ ਰੀਤ, ਕਲਜੁਗ ਅੰਤ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਬਲ ਤੇਰਾ ਮੇਲ ਮਿਲੌਣਾ, ਹਰਿ ਸਾਚਾ ਸਚ ਜਣਾਇੰਦਾ। ਸਿਤਲ ਲੋਕ ਚੋਂ ਬਾਹਰ ਕਢੌਣਾ, ਆਪਣਾ ਬੰਧਨ ਆਪ ਤੁੜਾਇੰਦਾ । ਮਾਣਸ ਮਾਨੁਖ ਫੇਰ ਬਣੌਣਾ, ਮਾਨਵ ਆਪਣੀ ਧਾਰ ਰਖਾਇੰਦਾ। ਆਪਣਾ ਕੀਤਾ ਕੌਲ ਪੂਰ ਕਰੌਣਾ, ਕੀਤਾ ਕੌਲ ਭੁਲ ਨਾ ਜਾਇੰਦਾ। ਤੇਰਾ ਧਾਮ ਫੇਰ ਸੁਹੌਣਾ, ਧਰਨੀ ਧਰਤ ਧਵਲ ਵਡਿਆਇੰਦਾ। ਤੇਰੇ ਘਰ ਮਠ ਤਪੌਣਾ, ਅਗਨੀ ਜੋਤ ਲੰਬੂ ਲਾਇੰਦਾ। ਤ੍ਰੈਗੁਣ ਮਾਇਆ ਵਿਚ ਟਿਕੌਣਾ, ਸਾਚਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਕਰੇ ਖੇਲ ਆਪ ਗੋਬਿੰਦ, ਮਹਿਮਾ ਅਕਥ ਕਥੀ ਨਾ ਜਾਈਆ। ਅੰਤਮ ਮੇਟੇ ਤੇਰੀ ਚਿੰਦ, ਜੁਗ ਚੌਕੜੀ ਪਾਰ ਕਰਾਈਆ। ਕਰੇ ਖੇਲ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਆਪ ਬਣਾਏ ਆਪਣੀ ਬਿੰਦ, ਗੁਰਮੁਖ ਸਾਚਾ ਨਾਉਂ ਧਰਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਮੁਕਾਈਆ। ਤ੍ਰੈਗੁਣ ਵੇਖ ਕਰ ਧਿਆਨ, ਆਦਿ ਪੁਰਖ ਸਮਝਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਜਹਾਨ, ਅੰਤਮ ਵੇਲਾ ਦਏ ਸਮਝਾਇਆ। ਪਰਗਟ ਹੋਏ ਸ੍ਰੀ ਭਗਵਾਨ, ਨਿਰਗੁਣ ਜੋਤੀ ਜਾਮਾ ਪਾਇਆ। ਦੋ ਜਹਾਨ ਝੁਲਾਏ ਨਿਸ਼ਾਨ, ਆਪ ਆਪਣੇ ਹੱਥ ਟਿਕਾਇਆ। ਲੱਖ ਚੁਰਾਸੀ ਬਣੇ ਸਾਚਾ ਕਾਹਨ, ਏਕਾ ਵਾਰ ਦਏ ਉਠਾਇਆ। ਏਕਾ ਦੇਵੇ ਧੁਰ ਫ਼ਰਮਾਨ, ਜੁਗ ਜੁਗ ਏਕਾ ਦਏ ਸੁਣਾਇਆ। ਚਾਰ ਵੇਦ ਹੋਣ ਹੈਰਾਨ, ਬ੍ਰਹਮਾ ਬੈਠੇ ਮੁਖ ਸ਼ਰਮਾਇਆ। ਅਠਾਰਾਂ ਪੁਰਾਨ ਸਰਬ ਕੁਰਲਾਣ, ਵੇਲਾ ਗਿਆ ਹੱਥ ਨਾ ਆਇਆ। ਸ਼ਾਸਤਰ ਸਿਮਰਤ ਨਾ ਕਰਨ ਪਛਾਣ, ਨੇਤਰ ਨੈਣ ਨਾ ਕੋਇ ਖੁਲ੍ਹਾਇਆ। ਗੀਤਾ ਗਿਆਨ ਨਾ ਕੋਇ ਵਿਧਾਨ, ਭਰਮੇ ਭੁੱਲੀ ਸਰਬ ਲੋਕਾਇਆ। ਅੰਜੀਲ ਕ਼ੁਰਾਨ ਹੋਏ ਬੇਈਮਾਨ, ਸਾਚਾ ਕਲਮਾ ਨਾ ਕੋਇ ਪੜ੍ਹਾਇਆ। ਆਲਮ ਉਲਮਾ ਨਾ ਕੋਇ ਜਹਾਨ, ਕਾਤਬ ਕੋਇ ਨਜ਼ਰ ਨਾ ਆਇਆ। ਸਾਚੇ ਤਖ਼ਤ ਬਹਿ ਸ੍ਰੀ ਭਗਵਾਨ, ਮੁਕਾਮੇ ਹੱਕ ਡੇਰਾ ਲਾਇਆ। ਈਸਾ ਮੂਸਾ ਦੇਵੇ ਧੁਰ ਫ਼ਰਮਾਨ, ਸੰਗ ਮੁਹੰਮਦ ਨਾਲ ਰਲਾਇਆ। ਏਕਾ ਕਲਮਾ ਸ਼ਰਅ ਸ਼ਰੀਅਤ ਦੇਵੇ ਆਣ, ਆਲਮੀਨ ਆਪ ਪੜ੍ਹਾਇਆ। ਪਰਗਟ ਹੋਏ ਨੌਜਵਾਨ, ਸ਼ਾਹਸਵਾਰ ਵੇਸ ਵਟਾਇਆ। ਨਾਨਕ ਗੋਬਿੰਦ ਕਰ ਪਰਵਾਨ, ਧੁਰ ਫ਼ਰਮਾਨਾ ਇਕ ਸੁਣਾਇਆ। ਅੰਤਮ ਪਰਗਟ ਹੋਏ ਨਿਹਕਲੰਕ ਬਲੀ ਬਲਵਾਨ, ਸਭ ਦਾ ਲੇਖਾ ਦਏ ਮਿਟਾਇਆ। ਜੁਗ ਚੌਕੜੀ ਗੁਰ ਅਵਤਾਰ ਜਿਸ ਦਾ ਗੌਂਦੇ ਰਹੇ ਗਾਣ, ਨਿਉਂ ਨਿਉਂ ਬੈਠੇ ਸੀਸ ਝੁਕਾਇਆ। ਪੀਰ ਪੈਗ਼ੰਬਰ ਔਲੀਏ ਸ਼ੇਖ਼ ਮੁੱਲਾ ਮਸਾਇਕ ਜਿਸ ਦੀ ਮੰਨਦੇ ਰਹੇ ਆਣ, ਸੋ ਦਸਤਗੀਰ ਆਪਣਾ ਵੇਸ ਲਏ ਵਟਾਇਆ। ਜਿਸ ਫ਼ਰਮਾਨਾ ਦਿਤਾ ਅੰਜੀਲ ਕ਼ੁਰਾਨ, ਜਿਸ ਹੁਕਮ ਸੁਣਾਇਆ। ਅਠਾਰਾਂ ਪੁਰਾਨ ਜਿਸ ਵੇਦ ਚਾਰ ਦਿਤਾ ਬ੍ਰਹਮੇ ਬ੍ਰਹਮ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਕਰਾਇਆ। ਨਿਰਗੁਣ ਅੰਤਮ ਵੇਸ ਕਰੌਣਾ, ਵੇਸ ਅਵੱਲੜਾ ਆਪ ਵਟਾਈਆ। ਜੁਗ ਜੁਗ ਦਾ ਲੇਖਾ ਪੂਰ ਕਰੌਣਾ, ਲੇਖਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਭਾਣਾ ਸਰਬ ਮਨੌਣਾ, ਆਪਣੇ ਭਾਣੇ ਸਰਬ ਰਖਾਈਆ। ਆਪਣਾ ਭੇਵ ਨਾ ਕਿਸੇ ਜਣੌਣਾ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਜਾਣ ਗਾਈਆ। ਆਪਣਾ ਖੇਲ ਆਪ ਕਰੌਣਾ, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਵੇਸ ਵਟੌਣਾ, ਨਿਹਕਲੰਕਾ ਨਾਉਂ ਰਖਾਈਆ। ਬਲ ਤੇਰਾ ਮਾਣ ਮਾਤ ਰਖੌਣਾ, ਤੇਰੀ ਭੂਮੀ ਦਾਨ ਤੇਰੇ ਲੇਖੇ ਲਾਈਆ। ਤੇਰਾ ਪੱਕਿਆ ਪਕਵਾਨ ਫੇਰ ਤੇਰੀ ਝੋਲੀ ਪੌਣਾ, ਤ੍ਰੈਗੁਣ ਤੇਰੀ ਭੱਠੀ ਵਿਚ ਡਾਹੀਆ। ਤੇਰਾ ਬੰਕ ਦਵਾਰ ਸੁਹੌਣਾ, ਬੰਕ ਦਵਾਰੀ ਆਵੇ ਵਾਹੋ ਦਾਹੀਆ। ਲੱਖ ਚੁਰਾਸੀ ਭਰਮ ਭੁਲੌਣਾ, ਗੂੜ੍ਹੀ ਨੀਂਦ ਸਰਬ ਸੁਆਈਆ। ਪੂਰਬ ਲਹਿਣਾ ਤੇਰਾ ਅੰਤ ਮੁਕੌਣਾ, ਦੇਣਾ ਕੋਇ ਰਹੇ ਨਾ ਰਾਈਆ। ਤੇਰਾ ਗਹਿਣਾ ਤੇਰੇ ਤਨ ਸ਼ੰਗਾਰ ਕਰੌਣਾ, ਵੇਖੇ ਵੇਖਣਹਾਰਾ ਸੱਚਾ ਮਾਹੀਆ। ਤੇਰਾ ਪਰਕਾਸ਼ ਡਗਮਗੌਣਾ, ਸੂਰਜ ਚੰਦ ਮੁਖ ਸ਼ਰਮਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਤੇਰੀ ਧਾਰ ਫੇਰ ਲਏ ਪਰਗਟਾਈਆ। ਇਕੀ ਜੇਠ ਦਿਵਸ ਸੁਹੌਣਾ, ਤ੍ਰੈਗੁਣ ਤੇਰਾ ਪੰਧ ਮੁਕਾਈਆ। ਇਕੀ ਪਰਵਾਰ ਬੰਧਨ ਪੌਣਾ, ਨਾ ਕੋਈ ਤੋੜ ਤੁੜਾਈਆ। ਤੇਰੇ ਮਸਤਕ ਟਿੱਕਾ ਚੰਦਨ ਲੌਣਾ, ਚਰਨ ਧੂੜੀ ਬਖ਼ਸ਼ੇ ਸਾਚੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਤੇਰਾ ਲਹਿਣਾ ਦਏ ਚੁਕਾਈਆ। ਤ੍ਰੈਗੁਣ ਤੇਰੀ ਬੱਧੀ ਧਾਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਬਲ ਆਇਆ ਵਿਚ ਸੰਸਾਰ, ਹਰਿ ਭਾਣੇ ਸਦ ਸਮਾਈਆ। ਗੁਰੂ ਦਇਆ ਭਇਆ ਲਾਲ, ਗੁਰ ਦਿਆਲ ਨਾਉਂ ਧਰਾਈਆ। ਨੇੜ ਨਾ ਆਏ ਕਾਲ ਮਹਾਕਾਲ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਤ੍ਰੈਗੁਣ ਤੇਰਾ ਤੋੜ ਜੰਜਾਲ, ਕਲਜੁਗ ਭੱਠੀ ਵਿਚ ਤਪਾਈਆ। ਤੇਈ ਮੱਘਰ ਸੁਰਤ ਸੰਭਾਲ, ਸਾਧ ਸੰਗਤ ਗਿਆ ਸਮਝਾਈਆ। ਭੱਠੀ ਪੁੱਟੀ ਆਪ ਅਕਾਲ, ਕ਼ੁਦਰਤ ਕ਼ਾਦਰ ਭੇਵ ਨਾ ਰਾਈਆ। ਚੁਰ ਵੇਖੇ ਦੀਨ ਦਿਆਲ, ਚੋਰੀ ਕਰਕੇ ਗਿਆ ਨਜ਼ਰ ਨਾ ਆਈਆ। ਆਪਣੀ ਹੱਥੀਂ ਪੰਜ ਪਿਆਰੇ ਲਿਆਂਦੇ ਨਾਲ, ਇਕ ਇਕ ਟਪ ਗਿਆ ਲਗਾਈਆ। ਪੰਜਾਂ ਦੇਵੇ ਏਕਾ ਦਾਤ, ਦਾਤਾ ਦਾਨੀ ਆਪ ਸਮਝਾਈਆ। ਨਿਰਗੁਣ ਨਾਨਕ ਦਿਤਾ ਸਾਥ, ਦਰ ਆਇਆ ਚਲ ਕੇ ਘਰ ਸਾਚੇ ਸੱਚਾ ਮਾਹੀਆ। ਚੌਕਾ ਛੀਕਾ ਵੇਖ ਵਿਚਾਰ, ਦਸਵੀਂ ਸੱਤਰ ਖੇਲ ਅਪਾਰ, ਆਪਣਾ ਲੇਖਾ ਗਿਆ ਵਖਾਈਆ। ਚੌਕਾ ਛੀਕਾ ਦਿਤਾ ਉਲਟਾ, ਛੀਕਾ ਚੌਕੇ ਪਿਛੇ ਲਗਾ, ਆਪਣਾ ਪਰਦਾ ਗਿਆ ਖੁਲ੍ਹਾਈਆ। ਬਾਵਨ ਰੂਪ ਆਪ ਅਖਵਾ, ਬਲ ਮੇਲੇ ਸਹਿਜ ਸੁਭਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾ, ਕਲਜੁਗ ਅੰਤਮ ਵੇਖੇ ਆ, ਨਿਰਗੁਣ ਆਪਣਾ ਰੂਪ ਵਟਾਈਆ। ਕਲਜੁਗ ਤੇਰਾ ਲਹਿਣਾ ਲਹਿਣੇ ਦੇਵੇ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਈਆ। ਆਪਣਾ ਭਾਣਾ ਹਰਿ ਵਰਤੌਣਾ, ਭੇਵ ਕੋਇ ਨਾ ਪਾਇੰਦਾ। ਇਕੀ ਜੇਠ ਦਿਵਸ ਸੁਹੌਣਾ, ਤ੍ਰੈਗੁਣ ਤੇਰਾ ਮੂਲ ਚੁਕਾਇੰਦਾ। ਤੇਈ ਮੱਘਰ ਰੰਗ ਰੰਗੌਣਾ, ਸੰਮਤ ਸੋਲਾਂ ਵੇਖ ਵਖਾਇੰਦਾ। ਸਾਚਾ ਹੁਕਮ ਆਪ ਮਨੌਣਾ, ਸਦ ਭਾਣੇ ਆਪ ਰਹਾਇੰਦਾ। ਕਲਜੁਗ ਤੇਰਾ ਖੇੜਾ ਢੌਣਾ, ਜੋ ਘੜਿਆ ਭੰਨ ਵਖਾਇੰਦਾ। ਨੌਂ ਖੰਡ ਪ੍ਰਿਥਮੀ ਕੋਈ ਨਜ਼ਰ ਨਾ ਔਣਾ, ਜੋ ਹਰਿ ਹਰਿ ਨਾਮ ਭੁਲਾਇੰਦਾ। ਨਿਰਗੁਣ ਹੋ ਹੋ ਚਾਰ ਕੁੰਟ ਭੌਣਾ, ਦਹਿ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਬੰਧਾਇੰਦਾ। ਸਾਚੀ ਧਾਰਾ ਬੰਧੇ ਹਰਿ, ਤੇਈ ਮੱਘਰ ਹੁਕਮ ਸੁਣਾਇਆ। ਕਲਜੁਗ ਚਰਨ ਡਿਗਾ ਦੜ, ਨੇਤਰ ਨੈਣਾਂ ਨੀਰ ਵਹਾਇਆ। ਨਿਰਭੈ ਆਵੇ ਤੇਰੇ ਕੋਲੋਂ ਡਰ, ਮੈਂ ਨੇਤਰ ਨੈਣ ਸ਼ਰਮਾਇਆ। ਤ੍ਰੈਗੁਣ ਮੇਰੀ ਗਈ ਹਰ, ਨਾ ਕੋਈ ਸਕੇ ਭਾਰ ਵੰਡਾਇਆ। ਲੱਖ ਚੁਰਾਸੀ ਬੈਠੀ ਅੜ, ਅੱਗੇ ਰਾਹ ਨਾ ਕੋਇ ਵਖਾਇਆ। ਤੂੰ ਘਾੜਨ ਲਿਆ ਆਪੇ ਘੜ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇਆ। ਏਕਾ ਦੇਣਾ ਸਾਚਾ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਮੰਗਣ ਦਰ ਦਵਾਰੇ ਆਇਆ। ਕਿਰਪਾ ਕਰ ਸ੍ਰੀ ਭਗਵਾਨ, ਅੰਤਮ ਮੰਗ ਮੰਗਾਈਆ। ਏਕਾ ਦੇਣਾ ਸੱਚਾ ਦਾਨ, ਜਿਸ ਦਿਤਿਆਂ ਤੋਟ ਰਹੇ ਨਾ ਰਾਈਆ। ਮੇਰੀ ਲੁੱਟੀ ਗਈ ਦੁਕਾਨ, ਵਸਤ ਕੋਇ ਰਹਿਣ ਨਾ ਪਾਈਆ। ਮੈਂ ਹੋਇਆ ਅੰਤ ਹੈਰਾਨ, ਚਾਰ ਯਾਰੀ ਬੈਠੀ ਮੁਖ ਭਵਾਈਆ। ਮਾਣ ਟੁੱਟਾ ਗੋਪੀ ਕਾਹਨ, ਗਾਣ ਹੋਰ ਨਾ ਕੋਇ ਜਣਾਈਆ। ਈਸਾ ਮੂਸਾ ਸਰਬ ਕੁਰਲਾਨ, ਸੰਗ ਮੁਹੰਮਦ ਨੈਣ ਸ਼ਰਮਾਈਆ। ਅੱਲਾ ਰਾਣੀ ਨਾਲ ਰਕਾਣ, ਮੁਖ ਘੁੰਗਟ ਬੈਠੀ ਪਾਈਆ। ਅੰਤ ਕਰੇ ਨਾ ਕੋਇ ਪਰਵਾਨ, ਬੇਨਕਾਹੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਅੰਤਮ ਆਸ ਪੁਚਾਈਆ। ਕਲਜੁਗ ਤੇਰੀ ਅੰਤਮ ਆਸਾ, ਸੋ ਪੁਰਖ ਨਿਰੰਜਣ ਪੂਰ ਕਰਾਇੰਦਾ। ਚੌਥੇ ਜੁਗ ਦਏ ਧਰਵਾਸਾ, ਧੀਰਜ ਧੀਰ ਆਪ ਧਰਾਇੰਦਾ। ਵੇਖੇ ਖੇਲ ਪ੍ਰਿਥਮੀ ਆਕਾਸਾ, ਗਗਨ ਗਗਨੰਤਰ ਫੋਲ ਫੋਲਾਇੰਦਾ। ਜੋ ਉਪਜੇ ਸੋ ਅੰਤ ਵਿਨਾਸਾ, ਥਿਰ ਕੋਇ ਰਹਿਣ ਨਾ ਪਾਇੰਦਾ। ਘਰ ਘਰ ਵਖਾਵਾਂ ਖ਼ਾਲੀ ਕਾਸਾ, ਆਪਣੀ ਕਲ ਆਪਣੇ ਹੱਥ ਰਖਾਇੰਦਾ। ਗੁਰਮੁਖ ਵਿਰਲੇ ਅੰਦਰ ਕਰਾਂ ਵਾਸਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨੰਨ੍ਹਾ ਨਿਰਗੁਣ ਗੋਬਿੰਦ ਹੋਇਆ ਦਾਸਾ, ਪੁਰਖ ਅਕਾਲ ਇਕ ਧਿਆਇੰਦਾ। ਏਕਾ ਮੰਡਲ ਏਕਾ ਰਾਸਾ, ਏਕਾ ਨਗਰੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਆਪ ਸਮਝਾਇੰਦਾ। ਕਲਜੁਗ ਅੰਤ ਉਠਣਾ ਜਾਗ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਲੌਣਾ ਭਾਗ, ਲੋਕਮਾਤ ਵੇਸ ਵਟਾਇੰਦਾ। ਗੁਰਮੁਖ ਜਗੌਣੇ ਸਚ ਚਿਰਾਗ਼, ਵਿਸ਼ਨ ਬ੍ਰਹਮਾ ਸ਼ਿਵ ਮਿਟਾਇੰਦਾ। ਇੰਦਰ ਤੋੜੇ ਅੰਤਮ ਤਾਗ, ਤਖ਼ਤ ਤਾਜ ਨਾ ਕੋਇ ਸੁਹਾਇੰਦਾ। ਧਰੂ ਲੈ ਕੇ ਜਾਏ ਆਪਣਾ ਲਾਗ, ਪਿਛਲੀ ਕੀਤੀ ਝੋਲੀ ਪਾਇੰਦਾ। ਚਾਰ ਜੁਗ ਦਾ ਵੇਖ ਵੈਰਾਗ, ਗੋਬਿੰਦ ਸੁਤ ਆਪ ਉਪਜਾਇੰਦਾ। ਚਾਰੇ ਸੁਤ ਧੋਵਣ ਦਾਗ਼, ਦੁਰਮਤ ਮੈਲ ਆਪ ਧਵਾਇੰਦਾ। ਅੰਤਮ ਖੇਲ ਕਰੇ ਆਪ ਮਹਾਰਾਜ, ਰੂਪ ਅਨੂਪ ਆਪ ਵਟਾਇੰਦਾ। ਤੇਰਾ ਰਚ ਆਪਣੀ ਹੱਥੀ ਕਾਜ, ਦੋ ਜਹਾਨਾਂ ਗੰਢ ਪਵਾਇੰਦਾ। ਗੁਰ ਅਵਤਾਰਾਂ ਪਏ ਭਾਜ, ਭਗਤ ਭਗਵੰਤ ਦਰ ਬੁਲਾਇੰਦਾ। ਰਾਜ ਰਾਜਾਨ ਸੀਸ ਛੱਡਣ ਤਾਜ, ਸਾਚਾ ਤਖ਼ਤ ਨਾ ਕੋਇ ਸੁਹਾਇੰਦਾ। ਕਲਜੁਗ ਨੱਯਾ ਡੋਲੇ ਜਹਾਜ਼, ਚੱਪੂ ਕੋਇ ਨਾ ਨਾਮ ਲਗਾਇੰਦਾ। ਲੱਖ ਚੁਰਾਸੀ ਉਘੜੇ ਪਾਜ, ਮੁਲੱਮਾ ਅੰਤ ਰਹਿਣ ਨਾ ਪਾਇੰਦਾ। ਚਾਰੋਂ ਕੁੰਟ ਵੇਖੇ ਹਾਜੀ ਹਾਜ, ਮੰਦਰ ਮਸਜਿਦ ਮਠ ਸ਼ਿਵਦਵਾਲੇ ਫੋਲ ਫੋਲਾਇੰਦਾ। ਲਹਿਣਾ ਦੇਣਾ ਵੇਖੇ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਚਰਨਾਂ ਹੇਠ ਦਬਾਇੰਦਾ। ਏਕਾ ਖੋਲ੍ਹੇ ਸੱਚਾ ਹਾਟ, ਜਿਸ ਦਵਾਰੇ ਗੁਰਸਿਖ ਆਪ ਪਰਗਟਾਇੰਦਾ। ਕਰੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਾਂਗ ਵਰਤਾਇੰਦਾ। ਕਲਜੁਗ ਤੇਰੀ ਮੇਟੇ ਅੰਧੇਰੀ ਰਾਤ, ਸਾਚਾ ਚੰਦ ਆਪ ਚੜ੍ਹਾਇੰਦਾ। ਆਪ ਬੰਧਾਏ ਆਪਣਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਪੇ ਹੋਏ ਪਿਤਾ ਮਾਤ, ਗੁਰਮੁਖ ਸਾਚੀ ਗੋਦ ਬਹਾਇੰਦਾ। ਬਲ ਦਿਤੀ ਸਾਚੀ ਦਾਤ, ਕਲਜੁਗ ਅੰਤਮ ਸਿੰਘ ਗੁਰਦਿਆਲ ਪੂਰ ਕਰਾਇੰਦਾ। ਅੰਤਮ ਉਤਰਿਆ ਪੂਰੇ ਘਾਟ, ਪਾਰ ਕਿਨਾਰਾ ਇਕ ਰਖਾਇੰਦਾ। ਮਲਾਹ ਬਣਿਆ ਪੁਰਖ ਸਮਰਾਥ, ਜਿਸ ਦਾ ਬੇੜਾ ਨਾ ਕੋਇ ਅਟਕਾਇੰਦਾ। ਜਿਸ ਨੂੰ ਗੌਂਦੇ ਰਹੇ ਤ੍ਰਿਲੋਕੀ ਨਾਥ, ਸੋ ਨਾਥ ਅਨਾਥਾਂ ਵੇਸ ਵਟਾਇੰਦਾ। ਜਿਸ ਦੀ ਵਸਤ ਆਈ ਨਾ ਕਿਸੇ ਹਾਥ, ਸੋ ਆਪਣਾ ਭੇਵ ਖੁਲ੍ਹਾਇੰਦਾ। ਜਿਸ ਦਾ ਤਿਲਕ ਲਗੌਂਦੇ ਰਹੇ ਮਸਤਕ ਮਾਥ, ਸੋ ਜੋਤ ਲਲਾਟ ਆਪ ਜਗਾਇੰਦਾ। ਖੇਲੇ ਖੇਲ ਦਿਵਸ ਰਾਤ, ਦਾਈ ਦਾਇਆ ਰੂਪ ਵਖਾਇੰਦਾ। ਗੁਰਸਿਖ ਅੰਤਮ ਮਿਲਿਆ ਆਪਣੀ ਜ਼ਾਤ, ਜਗਤ ਜ਼ਾਤੀ ਆਪ ਤੁੜਾਇੰਦਾ। ਨਾ ਕੋਈ ਸੱਜਣ ਨਾ ਕੋਈ ਸਾਕ, ਸਰਬ ਜੀਆਂ ਗੁਰਸਿਖ ਇਹ ਸਮਝਾਇੰਦਾ। ਪੁਰਖ ਅਬਿਨਾਸ਼ੀ ਅੰਤਮ ਖੋਲ੍ਹਿਆ ਏਕਾ ਤਾਕ, ਮਨਮੁਖਾਂ ਨਜ਼ਰ ਕਿਸੇ ਨਾ ਆਇੰਦਾ। ਦੂਰ ਦੁਰਾਡੇ ਸਾਧ ਸੰਤ ਰਹੇ ਝਾਕ, ਅੰਦਰ ਵੜ ਦਰਸ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲਹਿਣਾ ਤੇਰੀ ਝੋਲੀ ਪਾਇੰਦਾ। ਕਲਜੁਗ ਤੇਰਾ ਲਹਿਣਾ ਮੰਗੇ ਬਲੀਦਾਨ, ਬਲ ਬਾਵਨ ਹੁਕਮ ਸੁਣਾਇਆ। ਤ੍ਰੇਤਾ ਮੇਟੇ ਰਾਮ ਰਾਵਣ ਆਣ, ਰੂਪ ਅਨੂਪ ਧਰਾਇਆ। ਦੁਆਪਰ ਖੇਲ ਕਰੇ ਕੰਸਾ ਕਾਹਨ, ਆਪ ਆਪਣਾ ਬਲ ਵਖਾਇਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਜਾਮਾ ਪਾਇਆ। ਤੇਰਾ ਮੇਟੇ ਝੂਠ ਨਿਸ਼ਾਨ, ਹੁਕਮੀ ਹੁਕਮ ਆਪ ਸੁਣਾਇਆ। ਇਕੀ ਜੇਠ ਦਿਵਸ ਮਹਾਨ, ਗੁਰ ਗੋਬਿੰਦ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇਆ। ਗੋਬਿੰਦ ਬੰਧਨ ਗੁਰਮੁਖ ਰੰਗ, ਗੁਰ ਗੁਰ ਗੁਰ ਵਡਿਆਈਆ। ਪੂਤ ਸਪੂਤਾ ਮੰਗੀ ਮੰਗ, ਪੀਤ ਪੀਤੰਬਰ ਦਏ ਵਡਿਆਈਆ। ਸਾਚੀ ਸੇਜਾ ਵੇਖ ਪਲੰਘ, ਪਰਮ ਪੁਰਖ ਬੈਠਾ ਆਸਣ ਲਾਈਆ। ਅੱਠੇ ਪਹਿਰ ਨਾਦ ਮਰਦੰਗ, ਤੁਰੀਆ ਰਾਗ ਸੁਣਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਹੁਕਮੇ ਅੰਦਰ ਸਚ ਵਰਤਾਰਾ, ਵਰਤਮਾਨ ਵਰਤਾਇਆ। ਗੋਬਿੰਦ ਮਿਲਿਆ ਮੀਤ ਮੁਰਾਰਾ, ਗੋਬਿੰਦ ਹਰਿ ਹਰਿ ਦਰਸ਼ਨ ਪਾਇਆ। ਹਰਿ ਹਰਿ ਆਇਆ ਚਲ ਦਵਾਰਾ, ਦਰ ਘਰ ਸਾਚੇ ਭਾਗ ਲਗਾਇਆ। ਪੂਰਬ ਲਹਿਣਾ ਜਗਤ ਵਿਚਾਰਾ, ਨੇਤਰ ਨੈਣਾਂ ਪਰਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇਆ। ਸਾਚਾ ਵਰ ਸ੍ਰੀ ਭਗਵਾਨ, ਭਗਤਨ ਝੋਲੀ ਪਾਈਆ। ਲੇਖਾ ਜਾਣੇ ਜੀਵ ਜਹਾਨ, ਜੁਗਤ ਜਗਤ ਖੇਲ ਖਿਲਾਈਆ। ਸੁਤ ਦੁਲਾਰਾ ਕਰ ਪਰਵਾਨ, ਪੂਤ ਸਪੂਤ ਹੋਏ ਸਹਾਈਆ। ਜੋਤੀ ਜੋਤ ਸਰਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਵਖਾਈਆ। ਸਾਚਾ ਲੇਖਾ ਗੋਬਿੰਦ ਧਾਰ, ਹਰਿ ਸਾਚਾ ਸਚ ਜਣਾਇੰਦਾ। ਡੱਲੇ ਮਿਲਿਆ ਝੱਲਾ ਯਾਰ, ਝਲਕ ਆਪਣੀ ਆਪ ਵਖਾਇੰਦਾ। ਜੀਂਵਦਿਆਂ ਮਰਿਆ ਵਿਚ ਸੰਸਾਰ, ਆਪਣੀ ਮਰਨੀ ਜਗਤ ਸਮਝਾਇੰਦਾ। ਜਿਸ ਮਿਲਿਆ ਇਕ ਨਿਰੰਕਾਰ, ਦੂਸਰ ਓਟ ਨਾ ਕੋਇ ਤਕਾਇੰਦਾ। ਹੱਡੀਆਂ ਬਾਲਣ ਕਰ ਤਿਆਰ, ਕਲਜੁਗ ਤੇਰੀ ਭੱਠੀ ਆਪ ਤਪਾਇੰਦਾ। ਹੱਡ ਮਾਸ ਨਾੜੀ ਰਤ ਦਿਤੀ ਡਾਰ, ਹਵਨੀ ਹਵਨ ਆਪ ਵਖਾਇੰਦਾ। ਬਿਰਹੋਂ ਸੜ ਸੜ ਹੋਇਆ ਅੰਗਿਆਰ, ਬਿਰਹੋਂ ਰੂਪ ਨਜ਼ਰ ਕਿਸੇ ਨਾ ਆਇੰਦਾ। ਬਾਹਰੋਂ ਦਿਸਦਾ ਰਿਹਾ ਸਿੰਘ ਗੁਰਦਿਆਲ, ਅੰਦਰ ਕ਼ਾਦਰ ਖੇਲ ਖਿਲਾਇੰਦਾ। ਆਪਣੀ ਹੱਥੀਂ ਕੋਹਿਆ ਆਪਣਾ ਲਾਲ, ਕਲਜੁਗ ਤੇਰੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਸਾਚੀ ਬਣੇ ਧਰਮਸਾਲ, ਜਿਸ ਦਰ ਤੇਰੀ ਭੱਠੀ ਲੋਹ ਤਪਾਇੰਦਾ। ਸਾਚੇ ਦਰ ਸੋਹਣ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਇੰਦਾ। ਗੁਰਸਿਖ ਤੇਰੇ ਨਾਉਂ ਵਡਿਆਈ, ਗੁਰ ਸਤਿਗੁਰ ਸਦਾ ਸਾਲਾਹਿੰਦਾ। ਸਚਖੰਡ ਤੇਰੀ ਵੱਜਦੀ ਰਹੇ ਵਧਾਈ, ਦੂਸਰ ਤਾਲ ਨਾ ਕੋਇ ਵਜਾਇੰਦਾ। ਪਾਰਬ੍ਰਹਮ ਕਰੇ ਕੁੜਮਾਈ, ਨਾਤਾ ਹੋਰ ਨਾ ਕੋਇ ਵਖਾਇੰਦਾ। ਏਕਾ ਘਰ ਦਏ ਬਹਾਈ, ਦੂਜਾ ਦਰ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਮਿਲੇ ਚਾਈਂ ਚਾਈਂ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤ ਭਗਵੰਤ ਉਠਾਏ ਫੜ ਫੜ ਬਾਂਹੀਂ, ਆਪ ਆਪਣੇ ਗਲੇ ਲਗਾਇੰਦਾ। ਆਪੇ ਕਰੇ ਸਾਚਾ ਸਗਨ, ਨਾ ਕੋਈ ਸਦੇ ਨਾਇਣ ਨਾਈ, ਝੀਵਰ ਛੀਂਬਾ ਨਾ ਕੋਇ ਰਲਾਇੰਦਾ। ਗੋਬਿੰਦ ਏਕਾ ਮੱਤ ਗਿਆ ਸਮਝਾਈ, ਬਿਨ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਆਪ ਲਗਾਇੰਦਾ। ਜੋ ਜਨ ਰੋਵੇ ਜਗਤ ਪਰਾਣੀ, ਤਿਸ ਦਰਗਹਿ ਠੌਰ ਨਾ ਰਾਈਆ। ਮਿਲੇ ਦਰ ਨਾ ਸ਼ਾਹ ਸੁਲਤਾਨੀ, ਜੂਨੀ ਜੂਨ ਭਵਾਈਆ। ਜਨਮ ਜਨਮ ਵਿਚ ਆਏ ਹਾਨੀ, ਧੀਰਜ ਧੀਰ ਨਾ ਕੋਇ ਧਰਾਈਆ। ਏਕਾ ਵੱਜਦੀ ਰਹੇ ਕਾਨੀ, ਚਿੰਤਾ ਦੁੱਖ ਵਖਾਈਆ। ਕਿਸੇ ਕੰਮ ਨਾ ਆਏ ਪੜ੍ਹੀ ਬਾਣੀ, ਜੋ ਅੰਤ ਨੇਤਰ ਨੈਣਾਂ ਨੀਰ ਵਹਾਈਆ। ਸਤਿਗੁਰ ਪੂਰੇ ਨੂੰ ਆਵੇ ਹਾਨੀ, ਜਿਸ ਦਾ ਕੀਤਾ ਪਿਛਲੇ ਰਹੇ ਉਲਟਾਈਆ। ਜਿਸ ਦੀ ਵਸਤ ਤਿਸ ਅੰਤ ਸੰਭਾਲੀ, ਭਰਮੇ ਭੁੱਲੀ ਸਰਬ ਲੋਕਾਈਆ। ਆਪੇ ਬੂਟਾ ਆਪੇ ਮਾਲੀ, ਆਪੇ ਏਥੇ ਓਥੇ ਰਿਹਾ ਲਗਾਈਆ। ਘਰ ਘਰ ਵੇਖੋ ਹੱਥ ਸਭ ਦੇ ਦਿਸਣ ਖ਼ਾਲੀ, ਸਾਚਾ ਨਾਉਂ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਦਏ ਮਿਟਾਈਆ। ਗੁਰਸਿਖ ਜੋ ਅੰਤਰ ਰੋਵੇ, ਤਿਸ ਮਿਲੇ ਨਾ ਮੇਲ ਭਗਵਾਨਾ। ਮਾਣਸ ਜਨਮ ਜਗ ਵਿਚ ਖੋਵੇ, ਜਨਮ ਜਨਮ ਹੋਏ ਹੈਰਾਨਾ। ਦੁਰਮਤ ਮੈਲ ਨਾ ਤਨ ਦੀ ਧੋਵੇ, ਪੜ੍ਹੇ ਵੇਦ ਪਾਠ ਪੁਰਾਨਾ। ਅੱਗੇ ਮਿਲੇ ਨਾ ਕੋਈ ਢੋਏ, ਰਾਏ ਧਰਮ ਮਾਰੇ ਤੀਰ ਨਿਸ਼ਾਨਾ। ਪਾਰਬ੍ਰਹਮ ਦੀ ਸਾਚੀ ਸੋਏ, ਪ੍ਰਭ ਦੇਵੇ ਧੁਰ ਫ਼ਰਮਾਨਾ। ਗੁਰਮੁਖ ਅੰਤ ਸਤਿਗੁਰ ਜੇਹਾ ਹੋਏ, ਮਿਲੇ ਜੋਤ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨਾਂ। ਹਰਿ ਸੰਗਤ ਸਤਿਜੁਗ ਸਚ ਵਿਹਾਰਾ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਚਾਰ ਵਰਨ ਇਕ ਵਰਤਾਰਾ, ਅਠਾਰਾਂ ਬਰਨ ਆਪ ਵਖਾਇੰਦਾ। ਵੇਲੇ ਅੰਤ ਨਾ ਮਾਰੇ ਕੋਈ ਨਾਅਰਾ, ਨੇਤਰ ਨੀਰ ਨਾ ਕੋਇ ਵਹਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਨਾਰ ਕੰਤ ਕਰੇ ਪਿਆਰਾ, ਏਕਾ ਹੁਕਮ ਜਣਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰਾ, ਅਗਲਾ ਪੈਂਡਾ ਪੰਧ ਮੁਕਾਇੰਦਾ। ਗਲ ਪਾਓ ਇਕ ਇਕ ਹਾਰਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜਿਸ ਘਰ ਹੋਏ ਇਹ ਵਿਹਾਰਾ, ਸੋ ਦਰ ਸੋਭਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆ ਕੇ ਕਰਨ ਨਿਮਸਕਾਰਾ, ਗੁਰ ਗੋਬਿੰਦ ਖ਼ੁਸ਼ੀ ਮਨਾਇੰਦਾ। ਹੱਡੀਆਂ ਬਾਲਣ ਕਰ ਸਸਕਾਰਾ, ਧੂੰਆਂਧਾਰ ਅਸਮਾਨ ਚੜ੍ਹਾਇੰਦਾ। ਮੜੀ ਮਠ ਫੋਲੇ ਨਾ ਵਿਚ ਸੰਸਾਰਾ, ਹੱਡੀ ਹੱਡ ਨਾ ਕੋਇ ਗਣਾਇੰਦਾ। ਕਿਸੇ ਪਾਰ ਨਾ ਕਰੇ ਕੋਈ ਜਲ ਧਾਰਾ, ਬਿਨ ਸਤਿਗੁਰ ਪੂਰੇ ਬੇੜਾ ਬੰਨੇ ਨਾ ਕੋਇ ਲਗਾਇੰਦਾ। ਗੁਰਸਿਖਾਂ ਦਵਾਰੇ ਆਏ ਆਪ ਕਰਤਾਰਾ, ਆਪ ਆਪਣੀ ਗੋਦ ਬਹਾਇੰਦਾ। ਆਦਿ ਜੁਗਾਦਿ ਸੱਚਾ ਸ਼ਾਹ ਸਵਾਰਾ, ਸਾਚਾ ਅਸਵ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਨਰ ਆਪ ਸਮਝਾਇੰਦਾ। ਨਾਰੀ ਨਰ ਇਕ ਗਿਆਨ, ਬੋਧ ਗਿਆਨ ਜਣਾਈਆ। ਅੰਤਮ ਲੇਖਾ ਹੱਥ ਭਗਵਾਨ, ਦੂਸਰ ਅਵਰ ਨਾ ਕੋਇ ਸਹਾਈਆ। ਗੁਰਸਿਖ ਤਜੇ ਜੋ ਪਰਾਣ, ਘਰ ਮੰਗਲ ਵੱਜੇ ਵਧਾਈਆ। ਜੋ ਦਰ ਆਏ ਰੋਏ ਰੋ ਕਰੇ ਕੁਰਲਾਨ, ਤਿਸ ਦਵਾਰਿਉਂ ਬਾਹਰ ਦਏ ਕਢਾਈਆ। ਭੈਣ ਭਾਈ ਸਾਕ ਸੱਜਣ ਨਾ ਕੋਇ ਜਹਾਨ, ਵੇਲੇ ਅੰਤ ਨਾ ਕੋਇ ਛੁਡਾਈਆ। ਗੁਰਸਿਖ ਤੇਰੀ ਕੋਈ ਨਾ ਆਏ ਮੁਕਾਣ, ਤੇਰਾ ਸੱਥਰ ਨਾ ਕੋਇ ਵਿਛਾਈਆ। ਤੇਰੇ ਗੀਤ ਸਾਰੇ ਗਾਣ, ਜਿਸ ਦਵਾਰੇ ਗਿਆ ਤਿਸ ਜਾਣਾ ਚਾਈਂ ਚਾਈਂਆ। ਕਵਣ ਵੇਲਾ ਮਿਲੇ ਸ੍ਰੀ ਭਗਵਾਨ, ਆਪਣਾ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਦੇਣਾ ਰੱਖ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਗੁਰਸਿਖ ਲੱਖ ਚੁਰਾਸੀ ਨਾਲੋਂ ਕਰੇ ਵਖ, ਆਪ ਆਪਣਾ ਬੰਧਨ ਪਾਇੰਦਾ। ਜੁਗ ਜੁਗ ਭਗਤਾਂ ਕਰਦਾ ਆਇਆ ਪੱਖ, ਮਨਮੁਖਾਂ ਦਰ ਦੁਰਕਾਇੰਦਾ। ਗੁਰਦਿਆਲ ਸਿੰਘ ਤੇਰਾ ਕੋਇ ਨਾ ਵਿਛਿਆ ਸੱਥਰ ਸਥ, ਤੇਰੀ ਸੇਜਾ ਪਾਰਬ੍ਰਹਮ ਆਪ ਹੰਢਾਇੰਦਾ। ਸਿੰਘ ਨਾਜ਼ਰ ਰੱਖੇ ਪਤ, ਪਤਵੰਤਾ ਦਇਆ ਕਮਾਇੰਦਾ। ਉਚੀ ਕੂਕ ਦੇਣਾ ਦੱਸ, ਗੁਰਮੁਖ ਸਚਖੰਡ ਸੋਭਾ ਪਾਇੰਦਾ। ਹਰਿ ਜੂ ਮਿਲਿਆ ਹੱਸ ਹੱਸ, ਜਗਤ ਦੁੱਖ ਜਗਤ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਘਰ ਆਪ ਵਸਾਇੰਦਾ। ਵਸਿਆ ਘਰ ਛੁੱਟਾ ਝੇੜਾ, ਹਰਿ ਸੱਜਣ ਦਇਆ ਕਮਾਈਆ। ਖੁਲ੍ਹਿਆ ਦਰ ਮੁਕਿਆ ਗੇੜਾ, ਘਰ ਸਾਚੇ ਵੱਜੀ ਵਧਾਈਆ। ਮੁਕਿਆ ਪੈਂਡਾ ਬਨ੍ਹਿਆ ਬੇੜਾ, ਸੇਵਕ ਸਾਚੀ ਸੇਵ ਕਮਾਈਆ। ਨਜ਼ਰੀ ਆਇਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਜੀਵ ਜਾਨਣ ਉਜੜਿਆ ਖੇੜਾ, ਗੁਰਮੁਖ ਕਹਿਣ ਵਸਿਆ ਖੇੜਾ ਮਿਲੀ ਵਡਿਆਈਆ। ਮਨ ਮਤ ਮਾਇਆ ਭੇੜ ਭੇੜਾ, ਜੀਵਣ ਜੁਗਤ ਨਾ ਕੋਇ ਜਣਾਈਆ। ਇਕ ਦੂਜੇ ਨੂੰ ਕਹਿਣ ਮੇਰਾ ਮੇਰਾ, ਸੰਗ ਚਲੇ ਨਾ ਕੋਇ ਭੈਣ ਭਾਈਆ। ਬਿਨ ਸਤਿਗੁਰ ਪੂਰੇ ਕਰੇ ਨਾ ਕੋਇ ਨਬੇੜਾ, ਸਾਰੇ ਬੈਠਣ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਜੂ ਲਏ ਮਿਲਾਈਆ। ਮੇਲ ਮਿਲਾਵਾ ਸਚਖੰਡ, ਸਾਚੀ ਦਰਗਹਿ ਆਪ ਸੁਹਾਈਆ। ਪਾਰ ਕਰਾਏ ਕੋਟਨ ਕੋਟ ਬ੍ਰਹਿਮੰਡ, ਪਾਰਬ੍ਰਹਮ ਵਡ ਵਡਿਆਈਆ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਮੂਲ ਮੁਕਾਈਆ। ਚਰਨਾਂ ਹੇਠ ਦਬਾਏ ਸੂਰਜ ਚੰਨ, ਰਵ ਸਸ ਮੁਖ ਸ਼ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਬੰਦਨ ਬੰਦ, ਦੋਏ ਜੋੜ ਜੋੜ ਸਰਨਾਈਆ। ਸਾਹਿਬ ਦਿਆਲ ਠਾਕਰ ਸਦਾ ਬਖ਼ਸ਼ੰਦ, ਹਰਿਜਨ ਸਾਚੇ ਲਏ ਤਰਾਈਆ। ਆਪ ਜਣਾਏ ਆਪਣਾ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਵਡ ਵਡਿਆਈਆ। ਹਰਿਜਨ ਤੇਰਾ ਸਚ ਮਕਾਨ, ਛੱਪਰ ਛੰਨ ਨਾ ਕੋਇ ਰਖਾਇੰਦਾ। ਹਰਿਜਨ ਤੇਰਾ ਸਚ ਨਿਸ਼ਾਨ, ਬਾਢੀ ਘਾੜਤ ਨਾ ਕੋਇ ਘੜਾਇੰਦਾ। ਹਰਿਜਨ ਤੇਰਾ ਸਚ ਗਿਆਨ, ਚੌਦਾਂ ਵਿਦਿਆ ਭੇਵ ਨਾ ਆਇੰਦਾ। ਹਰਿਜਨ ਤੇਰਾ ਸਚ ਨਾਮ, ਸ਼ਾਹ ਸੁਲਤਾਨ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਸਾਚਾ ਸੋਭਾ ਪਾਇੰਦਾ। ਸਾਚਾ ਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਮੇਲ ਮਿਲਾਵਾ ਨਾਰੀ ਕੰਤ, ਨਰ ਨਰਾਇਣ ਸੰਗ ਰਖਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਗੁਰ ਅਵਤਾਰ ਕਹਿ ਕਹਿ ਬੇਅੰਤ, ਆਪਣਾ ਪੱਲੂ ਗਏ ਛੁਡਾਈਆ। ਜਿਸ ਬਣਾਈ ਆਪਣੀ ਬਣਤ, ਸੋ ਆਪਣਾ ਭੇਵ ਰਿਹਾ ਖੁਲ੍ਹਾਈਆ । ਆਪੇ ਆਦਿ ਆਪੇ ਅੰਤ, ਮਧ ਆਪਣੀ ਧਾਰ ਚਲਾਈਆ। ਆਪੇ ਜੀਵ ਆਪੇ ਜੰਤ, ਆਪੇ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਆਪੇ ਦਰਵੇਸ਼ ਆਪੇ ਮੰਗਤ, ਆਪੇ ਸ਼ਾਹ ਸੁਲਤਾਨ ਹੁਕਮ ਸੁਣਾਈਆ। ਆਪੇ ਮੇਲ ਮਿਲਾਇਆ ਸਾਚੀ ਸੰਗਤ, ਪੰਗਤ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਬੂੜ ਰਿਹਾ ਸਮਝਾਈਆ। ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ। ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ। ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼। ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ। ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ। ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ। ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ। ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ। ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ। ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ। ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ। ਸੰਗਤ ਸਦਾ ਖ਼ੁਸ਼ੀ ਮਨਾਏ, ਦਿਵਸ ਰੈਣ ਵਡਿਆਈਆ। ਗੀਤ ਗੋਬਿੰਦ ਹਰਿ ਗੁਣ ਗਾਏ, ਰਸਨਾ ਜੇਹਵਾ ਸੇਵ ਕਮਾਈਆ। ਮਨ ਤਨ ਹਰਿਆ ਜਗਤ ਕਰਾਏ, ਅੰਮ੍ਰਿਤ ਮੇਘ ਇਕ ਬਰਸਾਈਆ। ਹਰਖ ਸੋਗ ਵਿਚ ਕਦੇ ਨਾ ਆਏ, ਸੋ ਸੰਗਤ ਸਤਿਗੁਰ ਭਾਈਆ। ਸੰਗਤ ਸਤਿਗੁਰ ਆਪ ਬਣਾਏ, ਦੇਵੇ ਮਾਣ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਸਿੱਖ ਰੂਪ ਰਖਾਈਆ। ਸਾਚੀ ਸੰਗਤ ਸੋ ਪਰਧਾਨ, ਜੋ ਮੰਨੇ ਧੁਰ ਫ਼ਰਮਾਨਾ। ਪੰਗਤ ਬਣੇ ਫੇਰ ਵਿਚ ਜਹਾਨ, ਪੁਰਖ ਅਬਿਨਾਸ਼ੀ ਹੋਏ ਮਿਹਰਵਾਨਾ। ਮਰੇ ਆਏ ਨਾ ਕੋਇ ਮੁਕਾਣ, ਗਾਏ ਗੋਬਿੰਦ ਗਾਨਾ। ਘਰ ਆਈ ਵੇਖੇ ਸੰਗਤ ਜਹਾਨ, ਕੀ ਵਰਤਿਆ ਕਲਜੁਗ ਭਾਣਾ। ਗੁਰਦਿਆਲ ਸਿੰਘ ਤੇਰਾ ਰਿਧਾ ਪੱਕਾ ਸਾਰੇ ਖਾਣ, ਨਾਲ ਮਿਲਿਆ ਸ੍ਰੀ ਭਗਵਾਨਾ। ਪੰਗਤ ਬਣੀ ਚਤੁਰ ਸੁਜਾਨ, ਮੂਰਖ ਮੁਗਧ ਨੈਣ ਸ਼ਰਮਾਨਾ। ਪਿਛਲੀ ਚਲੇ ਨਾ ਕੋਈ ਦੁਕਾਨ, ਅੱਗੇ ਖੇਲ ਕਰੇ ਹੋ ਮਿਹਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਪੰਗਤ ਪੰਗਤ ਸੰਗਤ ਹਰਖ ਸੋਗ ਚਿੰਤਾ ਦੁੱਖ ਸਰਬ ਮਿਟਾਨਾ।