ਪਹਿਲੀ ਭਾਦਰੋਂ ੨੦੧੮ ਬਿਕ੍ਰਮੀ ਦਰਬਾਰ ਵਿਚ ਦਇਆ ਹੋਈ ਜੇਠੂਵਾਲ
ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਸਚਖੰਡ ਬੈਠ ਸੱਚੇ ਮਕਾਨਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਨਾਦ ਧੁਰ ਫ਼ਰਮਾਨਾ, ਅਨਾਦੀ ਨਾਦ ਨਾਦ ਸੁਣਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਆਪੇ ਵਰਤੇ ਆਪਣਾ ਭਾਣਾ, ਸਦ ਭਾਣੇ ਆਪ ਸਮਾਇੰਦਾ । ਹੁਕਮੇ ਅੰਦਰ ਰਾਜਾ ਰਾਣਾ, ਲੱਖ ਚੁਰਾਸੀ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਇੰਦਾ। ਹਰਿ ਭਾਣਾ ਬਲਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਲੇਖਾ ਜਾਣੇ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਈਆ । ਜੁਗਾ ਜੁਗੰਤਰ ਹੋ ਪਰਧਾਨ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਪਰਗਟਾਈਆ। ਆਪਣੇ ਭਾਣੇ ਆਪ ਸਮਾ, ਹਰਿ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਆਪਣੀ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਏਕਾ ਨਾਉਂ ਪਰਗਟਾਇੰਦਾ। ਏਕੰਕਾਰਾ ਵੇਸ ਵਟਾ, ਰੂਪ ਅਨੂਪ ਆਪ ਰਖਾਇੰਦਾ। ਆਦਿ ਨਿਰੰਜਣ ਡਗਮਗਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਲ ਆਪ ਰਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਥਾਉਂ ਥਾਂ, ਸਚ ਦਵਾਰੇ ਸੋਭਾ ਪਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਪਾਰਬ੍ਰਹਮ ਪ੍ਰਭ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਰਮ ਕਮਾਇੰਦਾ। ਸਾਚਾ ਬੇੜਾ ਹਰਿ ਚਲਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ। ਅਜੂਨੀ ਰਹਿਤ ਖੇਲ ਖਿਲਾਇੰਦਾ, ਪਾਰਬ੍ਰਹਮ ਬੇਅੰਤ ਬੇਅੰਤ ਬੇਅੰਤ ਦੀਨ ਦਿਆਲ। ਆਪਣਾ ਭੇਵ ਆਪਣੇ ਹੱਥ ਰਖਾਇੰਦਾ, ਜੁਗਾ ਜੁਗੰਤਰ ਖੇਲ ਨਿਰਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪੇ ਹੁਕਮ ਆਪੇ ਰਾਣਾ, ਆਪੇ ਰੱਯਤ ਵੇਸ ਵਟਾਈਆ। ਆਪੇ ਰਾਜ ਆਪ ਰਾਜਾਨਾ, ਸ਼ਾਹੋ ਭੂਪ ਆਪ ਅਖਵਾਈਆ। ਆਪੇ ਮੰਦਰ ਆਪ ਮਕਾਨਾ, ਆਪੇ ਬੈਠਾ ਆਸਣ ਲਾਈਆ। ਆਪੇ ਮਰਦ ਆਪ ਮਰਦਾਨਾ, ਆਪੇ ਨਾਰ ਕੰਤ ਹੰਢਾਈਆ। ਆਪੇ ਜੋਧਾ ਸੁਰਬੀਰ ਬਲਵਾਨਾ, ਬਲਧਾਰੀ ਆਪ ਅਖਵਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਮੰਡਲ ਰਾਸ ਰਚਾਇਆ। ਆਪੇ ਨਾਦ ਆਪੇ ਗਾਣਾ, ਆਪੇ ਧੁਨ ਸ਼ਨਵਾਈਆ। ਆਪੇ ਜੋਤੀ ਨੂਰ ਨੂਰ ਮਹਾਨਾ, ਜੋਤੀ ਜਾਤਾ ਆਪ ਅਖਵਾਈਆ। ਆਪੇ ਹੋਏ ਬੇਪਛਾਣਾ, ਆਪੇ ਕੂੜ ਕੁੜਿਆਰਾ ਰੂਪ ਧਰਾਈਆ। ਆਪੇ ਪਹਿਰੇ ਆਪਣਾ ਬਾਣਾ, ਨਿਰਗੁਣ ਸਰਗੁਣ ਰੂਪ ਧਰਾਈਆ। ਆਪੇ ਰੱਖੇ ਆਪਣਾ ਮਾਣਾ, ਆਪੇ ਬੈਠਾ ਸੀਸ ਝੁਕਾਈਆ। ਆਪੇ ਹੋਏ ਬਾਲ ਅਞਾਣਾ, ਬਾਲੀ ਬੁਧ ਆਪ ਧਰਾਈਆ। ਆਪੇ ਵਰਤੇ ਆਪਣਾ ਭਾਣਾ, ਸਦ ਭਾਣੇ ਵਿਚ ਸਮਾਈਆ। ਆਪੇ ਸੁਘੜ ਆਪ ਸਿਆਣਾ, ਆਪੇ ਅਭੁਲ ਰੂਪ ਵਟਾਈਆ। ਆਪੇ ਜਾਣੇ ਆਪਣਾ ਔਣਾ ਜਾਣਾ, ਆਪੇ ਪੀਣਾ ਆਪੇ ਖਾਣਾ, ਤ੍ਰਿਸਨਾ ਭੁੱਖ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪੇ ਸ਼ਾਹ ਸ਼ਹਿਨਸ਼ਾਹ ਸੁਲਤਾਨਾ, ਆਪੇ ਸਚਖੰਡ ਦਵਾਰੇ ਸੋਭਾ ਪਾਇੰਦਾ। ਆਪੇ ਥਿਰ ਘਰ ਵਸੇ ਸਚ ਮਕਾਨਾ, ਸਚ ਸਿੰਘਾਸਣ ਆਸਣ ਲਾਇੰਦਾ। ਆਪੇ ਸੁਤ ਦੁਲਾਰਾ ਬਣ ਨਾਦਾਨਾ, ਪੂਤ ਸਪੂਤਾ ਵੇਸ ਵਟਾਇੰਦਾ। ਆਪੇ ਬਖ਼ਸ਼ੇ ਚਰਨ ਧਿਆਨਾ, ਆਪੇ ਸੀਸ ਜਗਦੀਸ ਹੱਥ ਰਖਾਇੰਦਾ। ਆਪੇ ਦਰ ਦਰਵੇਸ ਬਣੇ ਦਰਬਾਨਾ, ਆਪੇ ਆਪਣੀ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪੇ ਰਾਓ ਆਪੇ ਰੰਕ, ਨਿਰਧਨ ਸਰਧਨ ਆਪੇ ਧਾਰ ਚਲਾਈਆ। ਆਪੇ ਦਵਾਰਾ ਆਪੇ ਬੰਕ, ਆਪੇ ਬੈਠਾ ਸੇਜ ਸੁਹਾਈਆ। ਆਪੇ ਸ਼ਬਦ ਆਪੇ ਡੰਕ, ਆਪੇ ਰਿਹਾ ਵਜਾਈਆ। ਆਪੇ ਰੂਪ ਧਰਾਏ ਬਾਰ ਅਨਕ, ਆਪੇ ਜੁਗ ਜੁਗ ਵੇਸ ਵਟਾਈਆ। ਆਪੇ ਲੇਖਾ ਜਾਣੇ ਭਗਤ ਜਨਕ, ਭਗਤ ਭਗਵੰਤ ਭੇਵ ਨਾ ਰਾਈਆ। ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਖਿਲਾਈਆ। ਆਪੇ ਰਵ ਸਸ ਬਣਾਏ ਬਣਤ, ਮੰਡਲ ਮੰਡਪ ਆਪ ਉਪਾਈਆ । ਆਪੇ ਸਾਧ ਆਪੇ ਸੰਤ, ਆਪੇ ਸਤਿਗੁਰ ਰੂਪ ਵਖਾਈਆ। ਆਪੇ ਜੀਵ ਆਪੇ ਜੰਤ, ਆਪੇ ਜਾਗਰਤ ਜੋਤ ਕਰੇ ਰੁਸ਼ਨਾਈਆ। ਆਪੇ ਹਉਮੇ ਆਪੇ ਹੰਗਤ, ਆਪੇ ਮਾਇਆ ਮਮਤਾ ਮੋਹ ਵਧਾਈਆ। ਆਪੇ ਭੁੱਖ ਆਪੇ ਨੰਗਤ, ਆਪੇ ਸੀਸ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਆਪੇ ਧਰਤੀ ਆਪੇ ਪਾਣੀ, ਆਪੇ ਖ਼ਾਕੀ ਖ਼ਾਕ ਸਮਾਇੰਦਾ। ਆਪੇ ਨਾਮ ਆਪੇ ਬਾਣੀ, ਆਪੇ ਖਾਣੀ ਵੇਸ ਵਟਾਇੰਦਾ। ਆਪੇ ਬਿਰਧ ਬਾਲ ਜਵਾਨ ਬਣੇ ਹਾਣੀ, ਆਪੇ ਸਗਲਾ ਸੰਗ ਨਿਭਾਇੰਦਾ। ਆਪੇ ਅੰਤਰ ਆਤਮ ਬਣੇ ਬ੍ਰਹਮ ਗਿਆਨੀ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਆਪੇ ਨਿਰਗੁਣ ਜੋਤ ਦੇਵੇ ਸਚ ਨਿਸ਼ਾਨੀ, ਸਾਚੇ ਮੰਦਰ ਆਪ ਜਗਾਇੰਦਾ। ਆਪੇ ਤੀਰ ਨਿਰਾਲਾ ਮਾਰੇ ਕਾਨੀ, ਬਿਰਹੋਂ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਇੰਦਾ। ਆਪੇ ਅੰਮ੍ਰਿ੍ਰਤ ਆਪੇ ਵਿਖ, ਆਪਣੀ ਕਲ ਆਪ ਧਰਾਈਆ। ਆਪੇ ਲੇਖਕ ਆਪੇ ਲਿਖ, ਆਪਣਾ ਲੇਖ ਦਏ ਵਖਾਈਆ। ਆਪੇ ਭਿੱਖਕ ਆਪੇ ਭਿੱਖ, ਆਪੇ ਵਸਤ ਰਿਹਾ ਵਰਤਾਈਆ। ਆਪੇ ਆਦਿ ਜੁਗਾਦਿ ਆਪੇ ਹੋਏ ਮਿਥ, ਮਿਥਿਆ ਰੂਪ ਆਪ ਅਖਵਾਈਆ। ਆਪੇ ਸਿਖਿਆ ਆਪਣੀ ਲਏ ਸਿਖ, ਸਾਖਿਆਤ ਕਰੇ ਪੜ੍ਹਾਈਆ। ਆਪੇ ਨੀਚ ਆਪੇ ਊਚ, ਊਚ ਅਗੰਮ ਅਥਾਹ ਆਪਣਾ ਨਾਉਂ ਧਰਾਈਆ। ਆਪੇ ਹਸਤ ਆਪੇ ਕੀਟ, ਆਪੇ ਘਰ ਘਰ ਬੈਠਾ ਆਸਣ ਲਾਈਆ। ਆਪੇ ਵਸੇ ਧਾਮ ਅਨਡੀਠ, ਅਨਡਿਠੜਾ ਧਾਮ ਆਪ ਸੁਹਾਈਆ। ਆਪੇ ਜਾਣੇ ਆਪਣੀ ਰੀਤ, ਸਾਚੀ ਰੀਤ ਆਪ ਚਲਾਈਆ। ਆਪੇ ਦੇਹੁਰਾ ਮੰਦਰ ਮਸੀਤ, ਸ਼ਿਵਦਵਾਲਾ ਮਠ ਆਪ ਅਖਵਾਈਆ। ਆਪੇ ਗਾਏ ਆਪਣਾ ਗੀਤ, ਆਪਣਾ ਨਾਉਂ ਨਾਉਂ ਸਾਲਾਹੀਆ। ਆਪੇ ਵਸੇ ਹਰਿਜਨ ਚੀਤ, ਚੇਤਨ ਰੂਪ ਆਪ ਹੋ ਜਾਈਆ। ਆਪੇ ਲਾਏ ਸਚ ਪ੍ਰੀਤ, ਪੀਆ ਪ੍ਰੀਤਮ ਆਪ ਨਿਭਾਈਆ। ਆਪੇ ਠਾਂਡਾ ਆਪੇ ਸੀਤ, ਆਪੇ ਅਗਨੀ ਤੱਤ ਜਲਾਈਆ। ਆਪੇ ਭੈ ਆਪੇ ਭੀਤ, ਆਪੇ ਪੀਤੰਬਰ ਸੀਸ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹਾਰ ਆਪੇ ਜੀਤ, ਆਪਣਾ ਬੰਧਨ ਆਪੇ ਪਾਈਆ। ਆਪੇ ਪੁਰਖ ਆਪੇ ਨਾਰ, ਜਨਨੀ ਜਨ ਆਪ ਅਖਵਾਇੰਦਾ । ਆਪੇ ਦਾਈ ਦਾਇਆ ਕਰੇ ਪਿਆਰ, ਆਦਿ ਜੁਗਾਦਿ ਵੇਸ ਵਟਾਇੰਦਾ। ਆਪੇ ਸੁਤ ਦੁਲਾਰਾ ਲਏ ਉਭਾਰ, ਸ਼ਬਦੀ ਸ਼ਬਦ ਆਪ ਉਪਾਇੰਦਾ। ਆਪੇ ਮਹੱਲ ਲਏ ਉਸਾਰ, ਥਿਰ ਘਰ ਸਾਚੇ ਆਪ ਵਸਾਇੰਦਾ। ਆਪੇ ਕਰੇ ਖੇਲ ਕਰਤਾਰ, ਆਪਣੀ ਕਰਨੀ ਆਪ ਕਮਾਇੰਦਾ। ਨਿਰਗੁਣ ਨਿਰਗੁਣ ਦਏ ਆਧਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਮੰਦਰ ਨਿਰਗੁਣ ਗੁਰੂਦਵਾਰ, ਨਿਰਗੁਣ ਨਿਰਗੁਣ ਆਸਣ ਲਾਇੰਦਾ। ਨਿਰਗੁਣ ਨਾਮ ਬੋਲ ਜੈਕਾਰ, ਨਿਰਗੁਣ ਨਾਅਰਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪੇ ਰੂਪ ਆਪੇ ਰੰਗ, ਰੇਖ ਰੰਗ ਨਾ ਕੋਇ ਜਣਾਇੰਦਾ। ਆਪੇ ਸੇਜ ਆਪ ਪਲੰਘ, ਆਪੇ ਬੈਠਾ ਆਸਣ ਲਾਈਆ। ਆਪੇ ਨਾਮ ਆਪ ਮਰਦੰਗ, ਆਪੇ ਮਰਦੰਗਾ ਰਿਹਾ ਵਜਾਈਆ। ਆਪੇ ਸੂਰਬੀਰ ਸੂਰਾ ਸਰਬੰਗ, ਜੋਧਾ ਬੀਰ ਆਪ ਅਖਵਾਈਆ । ਆਪੇ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਕਦੇ ਬਦਲਾਈਆ। ਆਪੇ ਲੋਆਂ ਪੁਰੀਆਂ ਰਿਹਾ ਲੰਘ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਆਪੇ ਵੇਖੇ ਲੱਖ ਚੁਰਾਸੀ ਰੰਡ, ਆਪੇ ਨਾਰ ਕੰਤ ਸੁਹਾਗ ਵਖਾਈਆ। ਆਪੇ ਟੁੱਟੀ ਦੇਵੇ ਗੰਢ, ਤੋੜਨਹਾਰ ਆਪ ਹੋ ਜਾਈਆ। ਆਪੇ ਜਾਣੇ ਆਪਣਾ ਭੇਖ ਪਖੰਡ, ਅਛੱਲ ਛਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। ਆਪੇ ਕਰਨੀ ਆਪੇ ਕਰਤਾ, ਆਪੇ ਕ਼ੁਦਰਤ ਖੇਲ ਖਿਲਾਇੰਦਾ । ਆਪੇ ਜੁਗਤ ਆਪੇ ਜੁਗਤਾ, ਜਾਗਰਤ ਜੋਤ ਆਪ ਜਗਾਇੰਦਾ। ਆਪੇ ਭੋਗੀ ਆਪੇ ਭੁਗਤਾ, ਭਸਮੜ ਆਪਣਾ ਰੂਪ ਵਟਾਇੰਦਾ। ਆਪੇ ਮੋਖੀ ਆਪੇ ਮੁਕਤਾ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਆਪੇ ਈਸ਼ ਆਪੇ ਜੀਵ, ਆਪੇ ਜੀਵਣ ਜੁਗਤ ਦਏ ਬਣਾਈਆ। ਆਪੇ ਪੀਸਣ ਰਿਹਾ ਪੀਸ, ਆਪਣੀ ਚੱਕੀ ਆਪ ਚਲਾਈਆ। ਆਪੇ ਸ਼ਰਅ ਆਪ ਹਦੀਸ, ਆਪੇ ਬੰਧਨ ਰਿਹਾ ਪਾਈਆ। ਆਪੇ ਹੋਏ ਸ਼ਹਿਨਸ਼ਾਹ ਜਗਦੀਸ਼, ਆਪੇ ਦਰ ਦਰਵੇਸ਼ ਫੇਰਾ ਪਾਈਆ। ਆਪੇ ਜਾਣੇ ਰਾਗ ਛਤੀਸ, ਆਪੇ ਅਨਕ ਕਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਆਪੇ ਹੁਕਮ ਆਪੇ ਭਾਣਾ, ਆਪੇ ਸਾਚੀ ਖੇਲ ਖਿਲਾਇੰਦਾ। ਆਪੇ ਸ਼ਾਹੋ ਭੂਪ ਬਣ ਸਾਚਾ ਰਾਣਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਪੇ ਜੁਗ ਜੁਗ ਖੇਲੇ ਖੇਲ ਮਹਾਨਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਆਪੇ ਲੱਖ ਚੁਰਾਸੀ ਤਣਿਆ ਤਾਣਾ, ਤਾਣਾ ਪੇਟਾ ਆਪਣਾ ਰੰਗ ਰੰਗਾਇੰਦਾ। ਆਪੇ ਘਰ ਘਰ ਬਣਾਏ ਇਕ ਮਕਾਨਾ, ਘਟ ਘਟ ਆਪਣੀ ਜੋਤ ਜਗਾਇੰਦਾ। ਆਪੇ ਨਾਦ ਸ਼ਬਦ ਧੁੰਨਕਾਨਾ, ਅਨਹਦ ਨਾਦੀ ਨਾਦ ਵਜਾਇੰਦਾ। ਆਪੇ ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸਨਾ ਭੁੱਖ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣੇ ਭਾਣੇ ਆਪ ਸਮਾਇੰਦਾ। ਭਾਣਾ ਵਰਤੇ ਆਦਿ ਆਦਿ, ਆਦਿ ਪੁਰਖ ਵਡੀ ਵਡਿਆਈਆ। ਆਪਣੇ ਵਿਚੋਂ ਆਪ ਕਾਢ, ਨਿਰਗੁਣ ਨਿਰਗੁਣ ਲਏ ਪਰਗਟਾਈਆ। ਆਪਣੀ ਦੇਵੇ ਆਪੇ ਦਾਦ, ਬਣ ਦਾਤਾ ਸੱਚਾ ਸ਼ਹਿਨਸ਼ਾਹੀਆ। ਆਪੇ ਰੱਖੇ ਆਪਣੀ ਯਾਦ, ਅਭੁਲ ਭੁਲ ਕਦੇ ਨਾ ਜਾਈਆ। ਆਪੇ ਸੁਣੇ ਆਪਣੀ ਫ਼ਰਯਾਦ, ਤਖ਼ਤ ਬੈਠ ਸਾਚਾ ਮਾਹੀਆ। ਆਪੇ ਗਾਏ ਨਾਦ ਬੋਧ ਅਗਾਧ, ਸ਼ਬਦ ਸ਼ਬਦੀ ਧੁਨ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਸਮਝਾਈਆ। ਆਪਣੇ ਭਾਣੇ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਆਪਣੀ ਰਚਨਾ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਉਪਜਾਇਆ। ਤ੍ਰੈਗੁਣ ਮਾਇਆ ਭਰ ਭੰਡਾਰ, ਰਜੋ ਤਮੋ ਸਤੋ ਮੇਲ ਮਿਲਾਇਆ। ਪੰਜ ਤੱਤ ਕਰ ਤਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇਆ। ਮਨ ਮਤ ਬੁਧ ਕਰ ਪਿਆਰ, ਨਿਰਗੁਣ ਨਿਰਗੁਣ ਰੰਗ ਰੰਗਾਇਆ। ਘਰ ਵਿਚ ਘਰ ਖੋਲ੍ਹ ਕਿਵਾੜ, ਆਤਮ ਸੇਜਾ ਇਕ ਸੁਹਾਇਆ। ਪਾਰਬ੍ਰਹਮ ਬ੍ਰਹਮ ਅੰਦਰ ਦੇਵੇ ਵਾੜ, ਆਪਣਾ ਮੁਖ ਛੁਪਾਇਆ। ਉਪਰ ਲਾਏ ਬਜਰ ਕਪਾਟ, ਨਾ ਕੋਇ ਸਕੇ ਤੋੜ ਤੁੜਾਇਆ। ਮੇਲ ਮਿਲਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਲੇਖਾ ਜਾਣੇ ਨਾੜ ਨਾੜ, ਬਹੱਤਰ ਨਾੜ ਵੇਸ ਵਟਾਇਆ। ਤਿੰਨ ਸੌ ਸੱਠ ਹਾਡੀ ਬੰਨ੍ਹੇ ਏਕਾ ਵਾਰ, ਆਪਣਾ ਬੰਧਨ ਪਾਇਆ। ਨਿਰਗੁਣ ਜੋਤ ਕਰੇ ਉਜਿਆਰ, ਜੋਤ ਨਿਰੰਜਣ ਸੇਵਾ ਲਾਇਆ। ਅਨਹਦ ਦੇਵੇ ਸੱਚੀ ਧੁੰਨਕਾਰ, ਅਨਹਦ ਨਾਦੀ ਨਾਦ ਵਜਾਇਆ। ਅੰਮ੍ਰਿਤ ਸਿੰਚੇ ਸਚ ਪਿਆਰ, ਨਿਝਰ ਝਿਰਨਾ ਆਪ ਝਿਰਾਇਆ। ਘਰ ਮੇਲਾ ਕੰਤ ਭਤਾਰ, ਗ੍ਰਹਿ ਮੰਦਰ ਖ਼ੁਸ਼ੀ ਮਨਾਇਆ। ਕਰੇ ਖੇਲ ਆਪ ਕਰਤਾਰ, ਰੂਪ ਰੰਗ ਰੇਖ ਨਾ ਕੋਇ ਜਣਾਇਆ। ਲੱਖ ਚੁਰਾਸੀ ਦਏ ਆਧਾਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇਆ। ਆਪਣੀ ਇਛਿਆ ਆਪੇ ਧਾਰ, ਆਪ ਆਪਣਾ ਮਤਾ ਪਕਾਇਆ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਆਪਣਾ ਸੀਸ ਆਪ ਝੁਕਾਇਆ। ਆਪੇ ਦੇਵੇ ਸਚ ਭੰਡਾਰ, ਨਿਰਗੁਣ ਨਿਰਗੁਣ ਲਏ ਵਰਤਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਲੱਖ ਚੁਰਾਸੀ ਤੁਧ ਬਿਨ ਪਾਵੇ ਕਵਣ ਸਾਰ, ਧਰਤ ਧਵਲ ਦੇ ਵਡਿਆਇਆ। ਜਲ ਬਿੰਬ ਰੋਵੇ ਆਪਣੀ ਵਾਰ, ਧੀਰਜ ਧੀਰ ਨਾ ਕੋਇ ਧਰਾਇਆ। ਤੇਰੀ ਮਹਿਮਾ ਅਪਰ ਅਪਾਰ, ਤੇਰਾ ਅੰਤ ਕਿਸੇ ਨਾ ਪਾਇਆ। ਤੂੰ ਸਰਬ ਜੀਆਂ ਦਾਤਾਰ, ਦੇਵਣਹਾਰ ਇਕ ਅਖਵਾਇਆ। ਤੇਰਾ ਅਤੁੱਟ ਭਰਿਆ ਭੰਡਾਰ, ਤੋਟ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਰਗੁਣ ਨਿਰਗੁਣ ਅੱਗੇ ਝੋਲੀ ਡਾਹਿਆ। ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਨਿਰਗੁਣ ਮੰਗ ਮੰਗਾਈਆ। ਨਿਰਗੁਣ ਆਦਿ ਜੋਤ ਪੁਰਖ ਨਿਰੰਕਾਰੀ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਵਸੇ ਸਚ ਮਹੱਲ ਅਟਲ ਮਨਾਰੀ, ਸਚਖੰਡ ਦਵਾਰੇ ਸੋਭਾ ਪਾਈਆ। ਅਲਖ ਅਗੰਮ ਅਥਾਹ ਕਰੇ ਸੱਚੀ ਸਿਕਦਾਰੀ, ਆਪ ਆਪਣਾ ਹੁਕਮ ਵਰਤਾਈਆ। ਆਪੇ ਹੁਕਮੇ ਅੰਦਰ ਕਰੇ ਫ਼ਰਮਾਂਬਰਦਾਰੀ, ਆਪਣਾ ਹੁਕਮ ਆਪ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਦਏ ਸਮਝਾਈਆ। ਨਿਰਗੁਣ ਨਿਰਗੁਣ ਘਰ ਜਣਾਇੰਦਾ, ਆਦਿ ਪੁਰਖ ਅਬਿਨਾਸ਼। ਲੱਖ ਚੁਰਾਸੀ ਆਪਣੀ ਖੇਲ ਖਿਲਾਇੰਦਾ, ਵੇਖੇ ਖੇਲ ਤਮਾਸ਼। ਅੰਡਜ ਜੇਤਜ ਉਤਭੁਜ ਸੇਤਜ ਰੰਗ ਰੰਗਾਇੰਦਾ, ਘਟ ਘਟ ਅੰਦਰ ਰੱਖੇ ਵਾਸ। ਦੀਆ ਬਾਤੀ ਏਕਾ ਡਗਮਗਾਇੰਦਾ, ਦਿਵਸ ਰੈਣ ਰਹੇ ਪਰਕਾਸ਼। ਬ੍ਰਹਮ ਆਤਮ ਸਰਬ ਵਖਾਇੰਦਾ, ਈਸ਼ ਜੀਵ ਦਾਸੀ ਦਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰੇ ਸਚ ਨਿਵਾਸ। ਬ੍ਰਹਮ ਪੁਕਾਰੇ ਦੀਨਨ ਦਇਆ ਕਰ, ਆਪਣਾ ਸੀਸ ਝੁਕਾਈਆ। ਲੱਖ ਚੁਰਾਸੀ ਮੱਲਿਆ ਦਰ, ਘਰ ਘਰ ਬੈਠਾ ਮੁਖ ਛੁਪਾਈਆ। ਤੁਧ ਬਿਨ ਨਾ ਕੋਇ ਫੜਾਏ ਲੜ, ਮੇਰੇ ਸੱਜਣ ਸੱਚੇ ਮਾਹੀਆ। ਏਕਾ ਦੇਣਾ ਸਾਚਾ ਵਰ, ਹਉਂ ਭਿੱਖਕ ਮੰਗ ਮੰਗਾਈਆ। ਕਵਣ ਰੂਪ ਮਿਲੇ ਘਰ, ਘਰ ਘਰ ਵਿਚ ਮੇਲ ਮਿਲਾਈਆ। ਮੇਰੀ ਆਸਾ ਤ੍ਰਿਸਨਾ ਦੂਰ ਕਰ, ਏਕਾ ਬ੍ਰਹਮ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਬ੍ਰਹਮ ਤੇਰਾ ਨਿਭੇ ਸਾਥ, ਪਾਰਬ੍ਰਹਮ ਜਣਾਇੰਦਾ। ਆਪ ਜਣਾਵਾਂ ਆਪਣੀ ਗਾਥ, ਆਪਣਾ ਨਾਉਂ ਪਰਗਟਾਇੰਦਾ। ਤੇਰਾ ਬਣਾਵਾਂ ਸਾਚਾ ਰਾਥ, ਲੋਕਮਾਤ ਚਲਾਇੰਦਾ। ਜੁਗ ਜੁਗ ਪੁੱਛਾਂ ਆਪੇ ਵਾਤ, ਆਪਣਾ ਰੂਪ ਵਟਾਇੰਦਾ। ਪਾਰਬ੍ਰਹਮ ਬ੍ਰਹਮ ਬੰਨ੍ਹੇ ਨਾਤ, ਗੁਰ ਗੁਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਵਖਾਇੰਦਾ। ਜੁਗ ਜੁਗ ਆਵਾਂ ਪਾਰਬ੍ਰਹਮ, ਆਪ ਆਪਣੀ ਕਿਰਪਾ ਧਾਰ। ਨਾ ਮਰੇ ਨਾ ਪਏ ਜੰਮ, ਕਰੇ ਖੇਲ ਪੁਰਖ ਕਰਤਾਰ। ਤੇਰਾ ਬੇੜਾ ਦੇਵੇ ਬੰਨ੍ਹ, ਸਿਰ ਆਪਣੇ ਚੁੱਕੇ ਭਾਰ। ਏਕਾ ਰਾਗ ਸੁਣਾਏ ਏਕਾ ਕੰਨ, ਉਚੀ ਕੂਕ ਕੂਕ ਪੁਕਾਰ। ਤੇਰਾ ਰੂਪ ਮੇਰਾ ਰੂਪ ਜਾਏ ਮੰਨ, ਸੋਹੇ ਬੰਕ ਸੱਚਾ ਦਵਾਰ। ਲੋਕਮਾਤ ਸਾਚਾ ਚੜ੍ਹੇ ਚੰਨ, ਨਾਉਂ ਧਰਾਏ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਗੁਰ ਅਵਤਾਰ ਰੂਪ ਵਟੌਣਾ, ਬ੍ਰਹਮ ਤੇਰਾ ਸੰਗ ਨਿਭਾਈਆ। ਆਪਣਾ ਹੁਕਮ ਨਾਲ ਮਿਲੌਣਾ, ਭੁਲ ਕੋਇ ਨਾ ਜਾਈਆ। ਸਾਚੀ ਵੰਡਣ ਮਾਤ ਵੰਡੌਣਾ, ਚਾਰ ਜੁਗ ਕਰੇ ਕੁੜਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰਾਹ ਵਖੌਣਾ, ਕਲਜੁਗ ਅੰਤਮ ਪੰਧ ਮੁਕਾਈਆ। ਨੌਂ ਨੌਂ ਚਾਰ ਵੇਸ ਵਟੌਣਾ, ਵੇਸ ਅਨੇਕਾ ਆਪ ਹੋ ਜਾਈਆ। ਧੁਰ ਫ਼ਰਮਾਨਾ ਰਾਗ ਸੁਣੌਣਾ, ਕਰੇ ਸਚ ਪੜ੍ਹਾਈਆ। ਬਣ ਬਣ ਲੇਖਕ ਲੇਖ ਲਿਖੌਣਾ, ਜਗਤ ਵਿਦਿਆ ਮਾਣ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਦਏ ਵਡਿਆਈਆ। ਗੁਰ ਅਵਤਾਰ ਧਰਨੀ ਧਰ, ਧਰਤ ਧਵਲ ਸੁਹਾਏ। ਬ੍ਰਹਮ ਪਾਰਬ੍ਰਹਮ ਰੂਪ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਧਰਾਏ। ਨਿਰਭੌ ਚੁਕਾਏ ਭੈ ਡਰ, ਭਿਆਨਕ ਅਵਰ ਨਾ ਕੋਇ ਰਖਾਏ। ਆਪਣਾ ਕਾਰਜ ਆਪੇ ਕਰ, ਹਰਿ ਆਪੇ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਗੁਰ ਪੀਰ ਆਪ ਹੋ ਜਾਏ। ਗੁਰ ਅਵਤਾਰ ਆਵੇ ਮਾਤ, ਜੁਗ ਜੁਗ ਵੇਸ ਵਟਾਈਆ। ਆਦਿ ਪੁਰਖ ਅਬਿਨਾਸ਼ੀ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਚਰਨ ਕਵਲ ਵਖਾਏ ਸਾਚਾ ਘਾਟ, ਸਾਚੇ ਪੌੜੇ ਲਏ ਚੜ੍ਹਾਈਆ। ਨਾਉਂ ਨਿਰੰਕਾਰਾ ਦੇਵੇ ਦਾਤ, ਨਿਸ਼ਅੱਖਰ ਕਰੇ ਪੜ੍ਹਾਈਆ। ਦੂਰ ਦੁਰਾਡੀ ਮੇਟੇ ਵਾਟ, ਨੇੜੇ ਪੰਧ ਰਖਾਈਆ। ਮਿਲੇ ਮੇਲ ਕਮਲਾਪਾਤ, ਗੁਰ ਗੁਰ ਨਾਰੀ ਰੂਪ ਵਟਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਬ੍ਰਹਮ ਪਾਰਬ੍ਰਹਮ ਵੱਜੇ ਵਧਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਜਨਨੀ ਗੋਦ ਨਾ ਕੋਇ ਬਹਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਆਪਣੇ ਹੁਕਮ ਬਣਾਈਆ। ਗੁਰ ਅਵਤਾਰ ਹੁਕਮੀ ਕਾਰ, ਹਰਿ ਹਰਿ ਆਪ ਕਰਾਇੰਦਾ। ਜੁਗ ਜੁਗ ਦੇਵੇ ਮਾਤ ਸਹਾਰ, ਏਕਾ ਰਾਹ ਚਲਾਇੰਦਾ। ਨੇਤਰ ਖੋਲ੍ਹ ਬੰਦ ਕਿਵਾੜ, ਆਪਣਾ ਰੰਗ ਰੰਗਾਇੰਦਾ। ਆਪਣੇ ਮੰਦਰ ਲਵੇ ਵਾੜ, ਚਰਨ ਦਵਾਰਾ ਇਕ ਜਣਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਵੇਖ ਵਖਾਇੰਦਾ। ਆਪੇ ਪੁਰਖ ਆਪੇ ਨਾਰ, ਨਰ ਨਰਾਇਣ ਵੇਸ ਵਟਾਇੰਦਾ। ਲੇਖਾ ਜਾਣੇ ਗੁਰ ਅਵਤਾਰ, ਜੁਗ ਜੁਗ ਹੁਕਮੇ ਆਪ ਭਵਾਇੰਦਾ। ਕੋਈ ਕਰ ਨਾ ਸਕੇ ਇਨਕਾਰ, ਅੱਠੇ ਪਹਿਰ ਸ਼ਾਹ ਪਾਤਸ਼ਾਹ ਏਕਾ ਨਜ਼ਰੀ ਆਇੰਦਾ। ਭਾਂਡਾ ਘੜਿਆ ਬਣ ਠਠਿਆਰ, ਅੰਤਮ ਆਪੇ ਭੰਨ ਵਖਾਇੰਦਾ। ਨਿਰਗੁਣ ਨਿਰਗੁਣ ਬਣੇ ਯਾਰ, ਸਰਗੁਣ ਸੰਗ ਨਾ ਕੋਇ ਨਿਭਾਇੰਦਾ। ਗੁਰ ਅਵਤਾਰ ਭੇਜੇ ਵਾਰੋ ਵਾਰ, ਜੋ ਆਵੇ ਸੋ ਉਠ ਜਾਇੰਦਾ। ਉਚੀ ਕੂਕ ਕੂਕ ਕਰਨ ਪੁਕਾਰ, ਜੀਵ ਜੰਤ ਸਰਬ ਸਮਝਾਇੰਦਾ। ਸਰਬ ਜੀਆਂ ਦਾ ਇਕ ਦਾਤਾਰ, ਨਜ਼ਰ ਕਿਸੇ ਨਾ ਆਇੰਦਾ। ਨਦਰੀ ਨਦਰ ਕਰੇ ਨਿਹਾਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਜੁਗ ਜੁਗ ਸਿਰ ਆਪਣਾ ਹੱਥ ਰਖਾਇੰਦਾ। ਆਪੇ ਕਾਲ ਆਪੇ ਮਹਾਕਾਲ, ਦੀਨ ਦਿਆਲ ਆਪਣਾ ਨਾਉਂ ਧਰਾਇੰਦਾ। ਆਪੇ ਵਸੇ ਸਚਖੰਡ ਸੱਚੀ ਧਰਮਸਾਲ, ਥਿਰ ਘਰ ਆਪੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪਣਾ ਨਾਉਂ ਚਲਾਇੰਦਾ। ਗੁਰ ਅਵਤਾਰਾਂ ਦੇਵੇ ਨਾਉਂ, ਆਪਣੇ ਨਾਉਂ ਕਰੇ ਪੜ੍ਹਾਈਆ। ਆਪੇ ਫੜ ਉਠਾਏ ਬਾਂਹੋਂ, ਪੰਜ ਤੱਤ ਲਏ ਜਗਾਈਆ। ਆਪੇ ਪਿਤਾ ਆਪੇ ਮਾਉਂ, ਪੁਰਖ ਅਕਾਲ ਹੋਏ ਸਹਾਈਆ। ਆਪੇ ਕਰੇ ਸਚ ਨਿਆਉਂ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਏਕਾ ਹੁਕਮੇ ਬੰਧਨ ਪਾਈਆ। ਗੁਰ ਅਵਤਾਰ ਹੁਕਮੇ ਬੰਧਨ, ਸੋ ਪੁਰਖ ਨਿਰੰਜਣ ਆਪੇ ਪਾਇੰਦਾ। ਹਰਿ ਪੁਰਖ ਨਿਰੰਜਣ ਲਾਏ ਚੰਦਨ, ਨਿਰਗੁਣ ਨੂਰ ਨੂਰ ਡਗਮਗਾਇੰਦਾ। ਏਕੰਕਾਰ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੀ ਝੋਲੀ ਪਾਇੰਦਾ। ਆਦਿ ਨਿਰੰਜਣ ਪਰਮਾਨੰਦਨ, ਪਰਮ ਪੁਰਖ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਸੁਣਾਏ ਸੁਹਾਗੀ ਛੰਦਨ, ਗੀਤ ਗੋਬਿੰਦ ਆਪ ਅਲਾਇੰਦਾ। ਸ੍ਰੀ ਭਗਵਾਨ ਬੇਅੰਤ ਬੇਅੰਤ ਆਪੇ ਹੋਏ ਮੁਕੰਦ ਮੁਕੰਦਨ, ਪਾਰਬ੍ਰਹਮ ਪ੍ਰਭ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਜਣਾਇੰਦਾ। ਚਾਰ ਜੁਗ ਦਾ ਸਾਚਾ ਭਾਣਾ, ਗੁਰ ਅਵਤਾਰ ਜਣਾਈਆ। ਲੋਕਮਾਤ ਭੁਲ ਨਾ ਜਾਣਾ, ਏਕਾ ਅੱਖਰ ਕਰੇ ਪੜ੍ਹਾਈਆ। ਲੱਖ ਚੁਰਾਸੀ ਅੰਦਰ ਬਣ ਕੇ ਰਹਿਣਾ ਨਿਮਾਣਾ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਏਕਾ ਮੇਰਾ ਗੌਣਾ ਗਾਣਾ, ਦੂਜੀ ਅਵਰ ਨਾ ਕੋਇ ਚਤੁਰਾਈਆ। ਨਾ ਕੋਇ ਰਾਜਾ ਨਾ ਕੋਈ ਰਾਣਾ, ਸ਼ਾਹ ਪਾਤਸ਼ਾਹ ਨਾ ਕੋਇ ਅਖਵਾਈਆ। ਜੋ ਆਇਆ ਸੋ ਉਠ ਕੇ ਜਾਣਾ, ਜੋ ਘੜਿਆ ਭੰਨ ਵਖਾਈਆ। ਗੁਰ ਅਵਤਾਰਾਂ ਦੇਵੇ ਮਾਣਾ, ਬਖ਼ਸ਼ੇ ਚਰਨ ਸੱਚੀ ਸਰਨਾਈਆ। ਆਪਣੇ ਹੱਥ ਰਖਾਏ ਆਵਣ ਜਾਣਾ, ਆਵਣ ਜਾਵਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਕਾਰੇ ਲਾਈਆ। ਗੁਰ ਅਵਤਾਰ ਕਾਰੇ ਜਾਇਣ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਏਕਾ ਓਟ ਸੂਰੇ ਸਰਬੰਗ, ਦੂਸਰ ਸੀਸ ਨਾ ਕਿਸੇ ਝੁਕਾਇੰਦਾ। ਦੇਵੇ ਵਡਿਆਈ ਵਿਚ ਜਗ, ਜਾਗਰਤ ਜੋਤ ਡਗਮਗਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਅਗਨੀ ਤੱਤ ਨਾ ਕੋਇ ਵਖਾਇੰਦਾ। ਆਪ ਉਪਾਏ ਸਾਚਾ ਨਗ, ਸਚ ਨਗੀਨਾ ਆਪ ਉਠਾਇੰਦਾ। ਲੋਕਮਾਤ ਦਾ ਕਰਾਏ ਹੱਜ, ਅੰਤਮ ਆਪਣਾ ਮੇਲ ਮਿਲਾਇੰਦਾ। ਹੁਕਮੇ ਅੰਦਰ ਪਰਦਾ ਦੇਵੇ ਕਜ, ਪੰਜ ਤੱਤ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਖੇਲ ਖਿਲਾਇੰਦਾ। ਚਾਰ ਜੁਗ ਖੇਲ ਅਵੱਲਾ, ਇਕ ਇਕੱਲਾ ਆਪ ਕਰਾਈਆ। ਗੁਰ ਗੁਰ ਫੜਾਏ ਏਕਾ ਪੱਲਾ, ਪੱਲੂ ਏਕਾ ਨਾਮ ਰਖਾਈਆ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਨਿਰਗੁਣ ਧਾਰ ਚਲਾਈਆ। ਸਚ ਸਿੰਘਾਸਣ ਆਪੇ ਮੱਲਾ, ਦਰ ਘਰ ਸਾਚੇ ਵੱਜੇ ਵਧਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਉਚ ਮਹੱਲਾ ਸੋਭਾ ਪਾਈਆ। ਪਾਵੇ ਸਾਰ ਜਲਾ ਥਲਾ, ਡੂੰਘੀ ਕੰਦਰ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਭਾਣਾ ਦਏ ਜਣਾਈਆ। ਭਾਣਾ ਜਣਾਏ ਏਕਾ ਗੁਰ, ਗੁਰ ਗੁਰ ਵੇਸ ਵਟਾਇਆ। ਲੇਖਾ ਜਾਣੇ ਲਿਖਿਆ ਧੁਰ, ਲਿਖਿਆ ਲੇਖ ਨਾ ਕੋਇ ਛੁਪਾਇਆ। ਹੁਕਮੇ ਅੰਦਰ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਇਆ। ਹੁਕਮੇ ਅੰਦਰ ਗੁਰ ਅਵਤਾਰ ਬੈਠੇ ਜੁੜ, ਅੰਤਰ ਇਕ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਏਕਾ ਹੁਕਮ ਏਕਾ ਵਾਰ ਸੁਣਾਇਆ। ਚਾਰ ਜੁਗ ਸਾਚੀ ਕਾਰ, ਤੇਈ ਅਵਤਾਰ ਆਪ ਜਣਾਇੰਦਾ। ਗੁਰ ਗੁਰ ਮੇਲਾ ਵਿਚ ਸੰਸਾਰ, ਦਸ ਦਸ ਬੂਝ ਬੁਝਾਇੰਦਾ। ਨਾਮ ਸ਼ਕਤੀ ਕਰ ਉਜਿਆਰ, ਸਾਚੀ ਭਗਤੀ ਆਪ ਪਰਗਟਾਇੰਦਾ। ਭਗਤਾਂ ਦੇਵੇ ਦਰਸ ਦੀਦਾਰ, ਸਵੱਛ ਸਰੂਪ ਅਨੂਪ ਉਪਾਇੰਦਾ। ਸੰਤਨ ਦੱਸੇ ਰਾਹ ਸੁਖਾਲ, ਸਾਚਾ ਮਾਰਗ ਆਪ ਲਗਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਜੋਤੀ ਜੋਤ ਡਗਮਗਾਇੰਦਾ। ਗੁਰਮੁਖਾਂ ਤੋੜੇ ਜਗਤ ਜੰਜਾਲ, ਕਾਲ ਮਹਾਕਾਲ ਨੇੜ ਨਾ ਆਇੰਦਾ। ਗੁਰਸਿਖਾਂ ਵਜਾਏ ਸਾਚਾ ਤਾਲ, ਘਰ ਅਨਹਦ ਨਾਦ ਸੁਣਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਸੇਵਾ ਲਾਇੰਦਾ। ਤੇਈ ਅਵਤਾਰ ਸੇਵਾ ਲਾ, ਲੋਕਮਾਤ ਰਾਹ ਵਖਾਇਆ। ਜੁਗ ਜੁਗ ਆਏ ਗਏ ਫੇਰਾ ਪਾ, ਆਪਣਾ ਹੁਕਮ ਚਲਾਇਆ। ਪੁਰਖ ਅਬਿਨਾਸ਼ੀ ਗਏ ਭੁਲਾ, ਹਰਿ ਕਾ ਭੇਵ ਕਿਸੇ ਨਾ ਆਇਆ। ਜਗਤ ਰਚਨਾ ਵਿਚ ਸਮਾ, ਅਚਰਜ ਆਪਣਾ ਖੇਲ ਖਿਲਾਇਆ। ਕੋਈ ਬਣਿਆ ਪਿਤਾ ਮਾਂ, ਕੋਈ ਪੁੱਤਰ ਧੀਆਂ ਗੋਦ ਬਹਾਇਆ। ਕੋਈ ਰਾਜ ਤਿਲਕ ਬੈਠਾ ਲਗਾ, ਲਸ਼ਕਰ ਫ਼ੌਜ ਕੋਈ ਰਖਾਇਆ। ਕੋਈ ਸਖ਼ੀਆਂ ਮੰਗਲ ਰਿਹਾ ਗਾ, ਆਪ ਆਪਣਾ ਵੇਸ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪਣੇ ਹੱਥ ਰਖਾਇਆ। ਅਵਤਾਰ ਗੁਰ ਸ਼ਬਦ ਜਣਾ, ਲੋਕਮਾਤ ਉਠ ਧਾਈਆ। ਏਕਾ ਮਾਰਗ ਨਾ ਸਕੇ ਕੋਇ ਵਖਾ, ਚਾਰ ਵਰਨ ਵੰਡ ਵੰਡਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬੰਧਨ ਪਾ, ਊਚ ਨੀਚ ਖੇਲ ਖਿਲਾਈਆ। ਆਤਮ ਬ੍ਰਹਮ ਨਾ ਪਰਦਾ ਸਕੇ ਕੋਇ ਉਠਾ, ਈਸ਼ ਜੀਵ ਨਾ ਕੋਇ ਮਿਲਾਈਆ। ਆਪਣੀ ਆਪਣੀ ਹਦੀਸ ਗਏ ਸੁਣਾ, ਲਿਖ ਲਿਖ ਲੋਕਮਾਤ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖੇ ਥਾਉਂ ਥਾਈਂਆ। ਜੁਗ ਜੁਗ ਵੇਖਣਹਾਰ ਗੋਪਾਲਾ, ਏਕਾ ਰੰਗ ਸਮਾਇਆ। ਚਲੇ ਚਲਾਏ ਅਵੱਲੜੀ ਚਾਲਾ, ਭੇਵ ਕਿਸੇ ਨਾ ਆਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਸਣਹਾਰਾ ਸੱਚੀ ਧਰਮਸਾਲਾ, ਗ੍ਰਹਿ ਮੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਦਏ ਵਡਿਆਇਆ। ਭਾਣੇ ਅੰਦਰ ਹਰਿ ਹਰਿ ਰੱਖ, ਗੁਰ ਅਵਤਾਰ ਪੰਧ ਮੁਕਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਨਾ ਕੀਤਾ ਕਿਸੇ ਦਾ ਪੱਖ, ਆਪਣਾ ਬਲ ਗਏ ਵਖਾਈਆ। ਅੰਤਮ ਨਿਰਗੁਣ ਨਿਰਗੁਣ ਹੋ ਪਰਤੱਖ, ਸਰਗੁਣ ਸਾਰੇ ਸਦ ਬਹਾਈਆ। ਚਾਰ ਜੁਗ ਜੋ ਵਸਤ ਰੱਖੀ ਢਕ, ਅੰਤਮ ਏਕਾ ਵਾਰ ਲਏ ਫੁਲਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬੂਟਾ ਗਿਆ ਪੱਕ, ਫਲ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਉਪਰ ਰੱਖਦੇ ਰਹੇ ਆਪਣਾ ਹੱਕ, ਹਕ਼ੀਕ਼ਤ ਬੈਠੀ ਮੁਖ ਛੁਪਾਈਆ। ਜ਼ਾਤ ਪਾਤ ਜੋ ਪਾਇਆ ਸ਼ੱਕ, ਪਾਰਬ੍ਰਹਮ ਭੁਲਾਈਆ। ਦੀਨਾਂ ਮਜ਼੍ਹਬਾਂ ਚੁੱਕੀ ਅਤ, ਘਰ ਘਰ ਪਈ ਲੜਾਈਆ । ਕਾਇਆ ਭਾਂਡਾ ਮਨ ਕੁੱਤਾ ਬਣ ਕੇ ਰਿਹਾ ਲਕ, ਪਰਦਾ ਕੋਇ ਨਾ ਸਕੇ ਪਾਈਆ। ਬਣ ਸੁਆਣੀ ਨਾ ਸਕੇ ਕੋਈ ਢਕ, ਲਜਪਤ ਲੱਥੀ ਸਰਬ ਲੋਕਾਈਆ। ਨੱਥ ਸੁਹਾਗ ਨਾ ਕਿਸੇ ਨੱਕ, ਚਾਰੋਂ ਕੁੰਟ ਅੰਧੇਰਾ ਛਾਈਆ। ਕਰੇ ਖੇਲ ਪੁਰਖ ਸਮਰਥ, ਚਾਰ ਜੁਗ ਦੇ ਗੁਰ ਅਵਤਾਰ ਲਏ ਉਠਾਈਆ। ਆਓ ਵੇਖੋ ਆਪਣਿਆਂ ਉਤੇ ਰੱਖੋ ਹੱਥ, ਜੋ ਪੁਰਖ ਅਕਾਲ ਰਹੇ ਮਨਾਈਆ। ਜਿਨ੍ਹਾਂ ਪਾਈ ਸ਼ਰਅ ਨਥ, ਅੰਤ ਦਏ ਤੁੜਾਈਆ। ਦੋ ਜਹਾਨ ਚੌਦਾਂ ਲੋਕ ਵੇਖੋ ਹੱਟ, ਚੌਦਾਂ ਤਬਕਾਂ ਕੁੰਡਾ ਲਾਹੀਆ। ਸਾਚੀ ਵਸਤ ਨਾ ਕੋਈ ਦਸੇ ਸੱਕ, ਸਭ ਬੈਠੇ ਮੁਖ ਛੁਪਾਈਆ। ਇਕ ਦੂਜੇ ਦੀ ਵੇਖਣ ਲੱਥੀ ਪਤ, ਨੇਤਰ ਨੈਣਾਂ ਨਾਲ ਨਾ ਕੋਇ ਮਿਲਾਈਆ। ਮੇਰੀ ਉਮਤ ਭੁੱਲੀ ਮੇਰੀ ਮਤ, ਮੇਰਾ ਕਲਮਾ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਚਾਰ ਜੁਗ ਦੇ ਸੱਦੇ ਪੀਰ, ਪੀਰ ਪੈਗ਼ੰਬਰ ਹਰਿ ਦਰ ਆਇਆ। ਚਾਰ ਜੁਗ ਦਾ ਵੇਖੇ ਨੀਰ, ਅਠਸਠ ਫੋਲ ਫੋਲਾਇਆ। ਚਾਰ ਜੁਗ ਦਾ ਵੇਖੇ ਚੀਰ, ਬਸਤਰ ਤਨ ਪਹਿਨਾਇਆ। ਚਾਰ ਜੁਗ ਦੀ ਵੇਖੇ ਬੀੜ, ਵੇਦ ਪੁਰਾਨ ਸ਼ਾਸਤਰ ਸਿਮਰਤ ਲੇਖ ਲਿਖਾਇਆ। ਚਾਰ ਜੁਗ ਦਾ ਵੇਖੇ ਜ਼ੰਜੀਰ, ਸ਼ਰਅ ਸ਼ਰੀਅਤ ਬੰਧਨ ਪਾਇਆ। ਚਾਰ ਜੁਗ ਦੀ ਚੋਟੀ ਵੇਖੇ ਅਖ਼ੀਰ, ਕਵਣ ਉਪਰ ਚੜ੍ਹ ਕੇ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੀਤਾ ਕੌਲ ਭੁਲ ਕਦੇ ਨਾ ਜਾਇਆ। ਚਾਰ ਜੁਗ ਦਾ ਕੀਤਾ ਕੌਲ, ਅੰਤਮ ਆਪ ਨਿਭਾਈਆ। ਤੇਰਾ ਭਾਰ ਨਾ ਝੱਲੇ ਧੌਲ, ਧਰਨੀ ਹੋਏ ਸਹਾਈਆ। ਤੇਰੀ ਫੁਲਵਾੜੀ ਜਾਏ ਮੌਲ, ਪੱਤ ਡਾਲ੍ਹੀ ਆਪ ਮਹਿਕਾਈਆ। ਤੇਰੀ ਰੁੱਤ ਸੁਹਾਏ ਬ੍ਰਹਿਮਣ ਗੌੜ, ਪੂਤ ਸਪੂਤਾ ਆਪੇ ਜਾਈਆ। ਤੇਰੇ ਉਤੇ ਕਰੇ ਆਪਣਾ ਗ਼ੌਰ, ਨੇਤਰ ਨੈਣ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਲੇਖਾ ਲਹਿਣੇ ਪਾਈਆ। ਗੁਰ ਗੁਰ ਲੇਖਾ ਹਰਿ ਹਰਿ ਭਾਣਾ, ਭੌ ਭੌ ਵੇਖ ਵਖਾਇੰਦਾ। ਜੁਗ ਜੁਗ ਦਾ ਭਰਮ ਭੁਲੇਖਾ, ਆਪ ਮਿਟਾਏ ਨਰ ਨਰੇਸ਼ਾ, ਪੁਰਖ ਅਕਾਲ ਰੂਪ ਵਟਾਇੰਦਾ। ਦਰ ਬਹਾਏ ਬ੍ਰਹਮਾ ਵਿਸ਼ਨ ਮਹੇਸ਼ਾ, ਲਹਿਣਾ ਦੇਣਾ ਵੇਖੇ ਸਾਂਗੋਂ ਪਾਂਗ ਬਾਸ਼ਕ ਸੇਜਾ, ਲੁਕਿਆ ਕੋਇ ਰਹੇ ਨਾ ਰਾਇਆ। ਸਚ ਸੰਦੇਸਾ ਗੁਰ ਅਵਤਾਰਾਂ ਏਕਾ ਭੇਜਾ, ਏਕਾ ਹੁਕਮ ਸੁਣਾਇਆ। ਚਾਰ ਜੁਗ ਦਾ ਚਾਰ ਮੁਖ ਦਾ ਖਾਣਾ ਜਾਣੇ ਲੇਹਜਾ ਫੇਜਾ, ਭੱਖ ਭੋਜ ਆਪ ਵਖਾਇਆ। ਚਾਰ ਜੁਗ ਲੱਖ ਚੁਰਾਸੀ ਤੇਰੀ ਵੇਖੇ ਸੇਜਾ, ਕਵਣ ਕੰਤ ਸੁਹਾਗ ਹੰਢਾਇਆ। ਪੁਰਖ ਅਬਿਨਾਸ਼ੀ ਅਗੰਮ ਅਗੰਮੜਾ ਫੜਿਆ ਨੇਜਾ, ਤਿਖੀ ਧਾਰ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪੇ ਦਏ ਵਰਤਾਇਆ। ਹਰਿ ਭਾਣਾ ਆਪ ਵਰਤਾਇੰਦਾ, ਅਗੰਮ ਅਗੰਮੜੀ ਕਾਰ। ਜੁਗ ਕਰਤਾ ਪੰਧ ਮੁਕਾਇੰਦਾ, ਜੁਗ ਚੌਕੜੀ ਕਰ ਖ਼ਵਾਰ। ਨਵ ਨੌਂ ਲੇਖਾ ਰਹਿਣ ਨਾ ਪਾਇੰਦਾ, ਨਵ ਨੌਂ ਲਹਿਣਾ ਦੇਣਾ ਕ਼ਰਜ਼ ਦਏ ਉਤਾਰ। ਗੁਰ ਅਵਤਾਰ ਸੀਸ ਝੁਕਾਇੰਦਾ, ਦੋਏ ਜੋੜ ਕਰੇ ਨਿਮਸਕਾਰ। ਤੇਰੀ ਕ਼ੁਦਰਤ ਤੂ ਹੀ ਵੇਖ ਵਖਾਇੰਦਾ, ਬੇਐਬ ਪਰਵਰਦਿਗਾਰ। ਹਉਂ ਸੇਵਕ ਸੇਵ ਕਮਾਇੰਦਾ, ਯਾਚਕ ਬਣ ਧੁਰ ਦਰਬਾਰ। ਤੇਰੇ ਹੁਕਮੇ ਵੇਖ ਵਖਾਇੰਦਾ, ਤੇਰਾ ਹੁਕਮ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭਾਣਾ ਮੰਨੀਏ ਤੇਰੇ ਦਰਬਾਰ। ਜੇ ਕਰ ਭਾਣਾ ਸਤਿ ਮਨੌਣਾ, ਏਕਾ ਸੁਣ ਅਰਜ਼ੋਈਆ। ਸਾਚੀ ਵੰਡ ਸਾਡੀ ਝੋਲੀ ਪੌਣਾ, ਇਕ ਇਕ ਬੈਠੇ ਮੰਗ ਮੰਗਾਈਆ। ਦੂਜਾ ਸਾਥੀ ਨਾ ਕੋਇ ਰਲੌਣਾ, ਆਪਣਾ ਆਪਣਾ ਸਭ ਦੇ ਸਿਰ ਤੇ ਭਾਰ ਚੁਕਾਈਆ। ਪੁਰਖ ਅਬਿਨਾਸ਼ੀ ਅੱਗੋਂ ਬੋਲ ਸੁਣਾਇਆ, ਏਕਾ ਸ਼ਬਦ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਖਿਲਾਇਆ, ਕਲਜੁਗ ਅੰਤਮ ਵਾਰੀ ਆਈਆ। ਨਾਨਕ ਨਿਰਗੁਣ ਸਰਗੁਣ ਏਕਾ ਰੰਗ ਵਖਾਇਆ, ਦੂਜੀ ਦਿਸੇ ਨਾ ਕੋਇ ਸ਼ਾਹੀਆ। ਤੇਰਾ ਮੰਤਰ ਨਾਮ ਸਤਿ ਦ੍ਰਿੜਾਇਆ, ਖ਼ਿਮਾਂ ਗ਼ਰੀਬੀ ਚਾਕਰੀ ਜਗਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਵੱਜਦੀ ਰਹੇ ਵਧਾਈਆ। ਜੇ ਕਰਨਾ ਤੂੰ ਸਚ ਇਨਸਾਫ਼, ਗੋਬਿੰਦ ਆਖ ਸੁਣਾਇੰਦਾ। ਮੇਰਾ ਅਵਗੁਣ ਤੇਰਾ ਗੁਣ ਕਰੇ ਮੁਆਫ਼, ਗੁਣ ਅਵਗੁਣ ਨਾ ਕੋਇ ਰਖਾਇੰਦਾ। ਤੂੰ ਪਿਤਾ ਹਉਂ ਬਾਲਕ ਤੇਰੇ ਸਾਥ, ਦੂਜਾ ਨਜ਼ਰ ਨਾ ਕੋਇ ਆਇੰਦਾ। ਤੂੰ ਕਿਨਾਰਾ ਤੂੰ ਹੀ ਘਾਟ, ਤੂੰ ਪੱਤਣ ਮਾਹੀ ਡੇਰਾ ਲਾਇੰਦਾ। ਤੂੰ ਹੀ ਇਸਮ ਮੇਰੀ ਜ਼ਾਤ, ਤੂੰ ਹੀ ਮੇਰਾ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗਾਂ ਸਾਚਾ ਵਰ, ਮੇਰਾ ਭਾਰ ਦੇਣਾ ਮੇਰੇ ਘਰ, ਦੂਸਰ ਹੱਥ ਨਾ ਕੋਇ ਫੜਾਇੰਦਾ। ਪੁਰਖ ਅਬਿਨਾਸ਼ੀ ਏਕਾ ਬੋਲ, ਏਕਾ ਵਾਰ ਜਣਾਈਆ। ਗੋਬਿੰਦ ਤੋਲਿਆ ਤੇਰਾ ਤੋਲ, ਤੋਲਾ ਬਣਿਆ ਸਾਚਾ ਮਾਹੀਆ। ਤੇਰਾ ਛਾਬਾ ਰਿਹਾ ਅਡੋਲ, ਨਾ ਡੋਲੇ ਨਾ ਡੋਲ ਡੁਲਾਈਆ। ਤੂੰ ਆਪਣੀ ਵਸਤ ਅਪਣਿਆਂ ਉਤੋਂ ਦਿਤੀ ਘੋਲ, ਘੋਲੀ ਘੋਲ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੋਏ ਸਦਾ ਸਹਾਈਆ। ਹਉਂ ਘੋਲੀ ਨਾ ਘੋਲ ਘੁਮਾਇਆ, ਤੇਰੀ ਸਭ ਵਡਿਆਈਆ। ਮੈਂ ਬਣ ਬਣ ਗੋਲੀ ਸੇਵ ਕਮਾਇਆ, ਦਰ ਸੱਚੇ ਤੇਰੇ ਮਾਹੀਆ। ਤੂੰ ਮੇਰੀ ਚੋਲੀ ਦਈਂ ਰੰਗਾਇਆ, ਨਾਮ ਰਤੜਾ ਰੰਗ ਚੜ੍ਹਾਈਆ। ਤੂੰ ਮੇਰੀ ਡੋਲੀ ਇਕ ਹੰਢਾਇਆ, ਸਾਚੀ ਡੋਲੀ ਰਿਹਾ ਸਮਝਾਈਆ। ਮਾਰੇ ਬੋਲੀ ਬੇਪਰਵਾਹਿਆ, ਏਕਾ ਬੋਲ ਲਗਾਈਆ। ਤੇਰੇ ਪ੍ਰੇਮ ਖੇਲੀ ਹੋਲੀ, ਤੂੰ ਨਜ਼ਰ ਝਾਤ ਨਾ ਪਾਈਆ। ਬਿਨ ਤੇਰੇ ਮੇਰੀ ਫੁਲਵਾੜੀ ਮਾਤ ਨਾ ਮੌਲੀ, ਰੁੱਤ ਬਸੰਤ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਏਕਾ ਹੁਕਮ ਸੁਣਾਇੰਦਾ। ਗੁਰ ਗੋਬਿੰਦ ਦੇਵੇ ਸਚ ਸਲਾਹ, ਸਾਚਾ ਰਾਹ ਵਖਾਇੰਦਾ। ਕਲਜੁਗ ਅੰਤਮ ਬਣਨਾ ਇਕ ਮਲਾਹ, ਲੱਖ ਚੁਰਾਸੀ ਬੇੜਾ ਆਪ ਬੰਨ੍ਹਾਇੰਦਾ। ਤੇਰਾ ਮੰਦਰ ਦਿਆਂ ਵਸਾ, ਸਾਚਾ ਗੜ੍ਹ ਉਪਾਇੰਦਾ। ਆਪਣਾ ਆਸਣ ਲਵਾਂ ਲਾ, ਸਾਚੀ ਸੇਜ ਹੰਢਾਇੰਦਾ । ਨਿਹਕਲੰਕਾ ਨਾਉਂ ਰਖਾ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਡੰਕਾ ਦਿਆਂ ਵਜਾ, ਸਾਚਾ ਡੌਰੂ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ ਫੇਰਾ ਪਾ, ਸੱਤਾਂ ਦੀਪਾਂ ਆਪ ਉਠਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਦਾ ਲਹਿਣਾ ਦੇਣਾ ਦਿਆਂ ਚੁਕਾ, ਪੂਰਬ ਲੇਖਾ ਸਰਬ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਖਾਇੰਦਾ। ਆਪਣਾ ਭਾਣਾ ਹਰਿ ਜਣਾਏ, ਬਿਧ ਆਪਣੀ ਆਪ ਜਣਾਈਆ। ਨਿਰਗੁਣ ਨਿਰਗੁਣ ਰੂਪ ਵਟਾਏ, ਨਿਰਗੁਣ ਜੋਤ ਕਰ ਰੁਸ਼ਨਾਈਆ। ਏਕਾ ਹੁਕਮ ਰਿਹਾ ਸੁਣਾਏ, ਹੁਕਮ ਹਾਕਮ ਆਪ ਜਣਾਈਆ। ਚਾਰ ਜੁਗ ਦਾ ਲੇਖਾ ਦਏ ਮੁਕਾਏ, ਲੇਖਾ ਆਪਣੀ ਝੋਲੀ ਪਾਈਆ। ਸਾਚਾ ਸਾਲਸ ਇਕ ਵਡਿਆਏ, ਏਕਾ ਮਾਣ ਰਖਾਈਆ। ਨਿਰਗੁਣ ਦਲੀਲ ਇਕ ਦ੍ਰਿੜਾਏ, ਅਪੀਲ ਸੁਣੇ ਸਾਚਾ ਮਾਹੀਆ। ਚਾਰ ਜੁਗ ਦੇ ਚਾਰ ਚਾਰ ਦਿਨ ਸਭ ਦੀ ਝੋਲੀ ਪਾਏ, ਲਿਖ ਲਿਖ ਲੇਖਾ ਰਿਹਾ ਮੁਕਾਈਆ। ਸੰਮਤ ਉਨੀਸਾ ਨੇੜੇ ਆਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਆਪ ਸਮਾਈਆ। ਸੰਮਤ ਉਨੀਸਾ ਨੇੜੇ ਔਣਾ, ਪਾਂਧੀ ਪੰਧ ਮੁਕਾਈਆ। ਆਪਣਾ ਕੀਤਾ ਆਪੇ ਪੌਣਾ, ਦੂਸਰ ਭਾਰ ਨਾ ਕੋਇ ਉਠਾਈਆ। ਜਿਸ ਨੇ ਕਿਹਾ ਮੁਹੰਮਦ ਗੌਣਾ, ਤਿਸ ਜ਼ਹਿਮਤ ਦਏ ਵਖਾਈਆ। ਜਿਸ ਨੇ ਕਿਹਾ ਈਸਾ ਮੂਸਾ ਸੰਗ ਨਿਭੌਣਾ, ਤਿਸ ਹਿੱਸਾ ਰਿਹਾ ਮੁਕਾਈਆ। ਜਿਸ ਨੇ ਕਿਹਾ ਕ੍ਰਿਸ਼ਨ ਧਿਔਣਾ, ਤਿਸ ਤ੍ਰਿਲੋਕੀ ਗੇੜਾ ਗੇੜੇ ਵਿਚ ਭਵਾਈਆ। ਜਿਸ ਨੇ ਕਿਹਾ ਰਾਮ ਦਸਰਥ ਬੇਟਾ ਇਕ ਧਿਔਣਾ, ਤਿਸ ਜੂਨੀ ਜੂਨ ਭਵਾਈਆ। ਜਿਸ ਨੇ ਕਿਹਾ ਰਾਮ ਰਮੱਯਾ ਏਕਾ ਪੌਣਾ, ਸੋ ਲੱਖ ਚੁਰਾਸੀ ਪਾਰ ਕਰਾਈਆ। ਜਿਸ ਨੇ ਕਿਹਾ ਨਾਨਕ ਗੋਬਿੰਦ ਗੁਰੂ ਧਿਔਣਾ, ਤਿਸ ਦੇਵੇ ਫੜ ਸਜ਼ਾਈਆ। ਗੋਬਿੰਦ ਕਹੇ ਪੁਰਖ ਅਕਾਲ ਇਕ ਮਨੌਣਾ, ਦੂਸਰ ਓਟ ਨਾ ਕੋਇ ਤਕਾਈਆ। ਸੰਮਤ ਉਨੀ ਨੇੜੇ ਔਣਾ, ਸਭ ਨੂੰ ਫੜ ਫੜ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਣਾ ਆਪਣੇ ਹੱਥ ਰਖਾਈਆ।
