Granth 10 Likhat 180: 13 Bhadron 2018 Bikarmi Massa Singh de Greh Kotli Than Singh Jila Jalandhar

੧੩ ਭਾਦਰੋਂ ੨੦੧੮ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ

ਹਰਿ ਪਰਕਾਸ਼ ਆਦਿ ਜੁਗਾਦਿ, ਜੋਤੀ ਜੋਤ ਡਗਮਗਾਇੰਦਾ। ਹਰਿ ਨਾਦ ਆਦਿ ਜੁਗਾਦਿ, ਸ਼ਬਦ ਨਾਦੀ ਨਾਦ ਵਜਾਇੰਦਾ। ਹਰਿ ਨਾਮ ਆਦਿ ਜੁਗਾਦਿ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਹਰਿ ਕਾਮ ਆਦਿ ਜੁਗਾਦਿ, ਨਿਹਕਰਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਆਪ ਦਰਸਾਇੰਦਾ। ਆਦਿ ਜੁਗਾਦਿ ਨੂਰ ਨੁਰਾਨਾ, ਸਚ ਮਹੱਲਾ ਸੋਭਾ ਪਾਈਆ। ਆਦਿ ਜੁਗਾਦਿ ਰਾਗ ਤਰਾਨਾ, ਤੁਰੀਆ ਆਪਣਾ ਰਾਗ ਸੁਣਾਈਆ। ਆਦਿ ਜੁਗਾਦਿ ਨਾਉਂ ਸ੍ਰੀ ਭਗਵਾਨਾ, ਪਾਰਬ੍ਰਹਮ ਪ੍ਰਭ ਆਪ ਪਰਗਟਾਈਆ। ਆਦਿ ਜੁਗਾਦਿ ਖੇਲੇ ਖੇਲ ਮਹਾਨਾ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਆਪ ਧਰਾਈਆ। ਹਰਿ ਪਰਕਾਸ਼ ਆਦਿ ਜੁਗਾਦਿ, ਹਰਿ ਕਰਤਾ ਆਪ ਧਰਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਲੱਖ ਚੁਰਾਸੀ ਜੋਤ ਟਿਕਾਇੰਦਾ। ਭੇਵ ਖੁਲ੍ਹਾਏ ਗੁਰਮੁਖ ਵਿਰਲੇ ਸੰਤ ਸਾਧ, ਮਨਮੁਖ ਅੰਧ ਅੰਧੇਰ ਵਸਾਇੰਦਾ। ਲੇਖਾ ਜਾਣੇ ਮੋਹਨ ਮਾਧਵ ਮਾਧ, ਭੇਵ ਅਭੇਦ ਨਾ ਕੋਇ ਪਾਇੰਦਾ। ਆਪ ਆਪਾ ਵਿਚੋਂ ਕਾਢ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਕਾਸ਼ ਆਪ ਰਖਾਇੰਦਾ। ਸਤਿ ਪਰਕਾਸ਼ ਹਰਿ ਨਿਰੰਕਾਰ, ਏਕਾ ਏਕ ਪਰਗਟਾਈਆ। ਏਕਾ ਰੂਪ ਸਰਬ ਸੰਸਾਰ, ਲੱਖ ਚੁਰਾਸੀ ਧਾਰ ਚਲਾਈਆ। ਏਕਾ ਜੋਤ ਨਿਰਾਕਾਰ, ਘਟ ਘਟ ਅੰਦਰ ਰਿਹਾ ਸਮਾਈਆ। ਏਕਾ ਨੂਰ ਕਰ ਉਜਿਆਰ, ਦੀਵਾ ਬਾਤੀ ਡਗਮਗਾਈਆ। ਏਕਾ ਮੰਦਰ ਕਰ ਤਿਆਰ, ਸਾਚਾ ਮੰਦਰ ਆਪ ਸੁਹਾਈਆ। ਅੱਠੇ ਪਹਿਰ ਖੇਲ ਨਿਆਰ, ਦਿਵਸ ਰੈਣ ਨਾ ਕੋਇ ਵਖਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਆਪ ਪਰਗਟਾਈਆ। ਸਾਚਾ ਨੂਰ ਨੂਰ ਉਜਾਲਾ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਪੁਰਖ ਨਿਰੰਜਣ ਦੀਨ ਦਿਆਲਾ, ਗਹਿਰ ਗੰਭੀਰ ਆਪਣੀ ਦਇਆ ਆਪ ਕਮਾਇੰਦਾ। ਏਕੰਕਾਰਾ ਬਣ ਰਖਵਾਲਾ, ਆਦਿ ਜੁਗਾਦਿ ਸੇਵ ਕਮਾਇੰਦਾ। ਆਦਿ ਨਿਰੰਜਣ ਖੇਲ ਨਿਰਾਲਾ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪ ਜਾਣੇ ਆਪਣਾ ਰਾਹ ਸੁਖਾਲਾ, ਲੱਖ ਚੁਰਾਸੀ ਗੇੜਾ ਆਪ ਭਵਾਇੰਦਾ। ਸ੍ਰੀ ਭਗਵਾਨ ਜੁਗ ਜੁਗ ਚਲੇ ਅਵੱਲੜੀ ਚਾਲਾ, ਵੇਦ ਕਤੇਬ ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨੂਰ ਪਰਕਾਸ਼, ਘਟ ਘਟ ਅੰਦਰ ਰੱਖੇ ਵਾਸ, ਦੀਵਾ ਬਾਤੀ ਨਾ ਕੋਇ ਜਗਾਇੰਦਾ। ਸਚ ਉਜਾਲਾ ਹਰਿ ਗੋਪਾਲਾ, ਏਕਾ ਏਕ ਰਖਾਈਆ। ਜੁਗਾ ਜੁਗੰਤਰ ਖੇਲ ਨਿਰਾਲਾ, ਜੁਗ ਕਰਤਾ ਵੇਸ ਵਟਾਈਆ। ਆਪ ਜਣਾਏ ਆਪਣੀ ਸਾਚੀ ਧਰਮਸਾਲਾ, ਜਿਸ ਘਰ ਬੈਠਾ ਆਸਣ ਲਾਈਆ। ਇਕ ਲਗਾਏ ਬਜਰ ਕਪਾਟੀ ਤਾਲਾ, ਨਾ ਕੋਈ ਤੋੜੇ ਤੋੜ ਤੁੜਾਈਆ। ਲੱਖ ਚੁਰਾਸੀ ਹੋਵੇ ਬੇਹਾਲਾ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਨਿਰਵੈਰ ਆਪਣੀ ਖੇਲ ਖਿਲਾਈਆ। ਨਿਰਾਕਾਰ ਨਿਰਵੈਰ ਅਕਾਲ ਮੂਰਤ, ਅਨਭਵ ਆਪਣੀ ਖੇਲ ਖਿਲਾਇੰਦਾ। ਸ਼ਬਦ ਨਾਦ ਅਨਾਦੀ ਤੂਰਤ, ਇਕ ਇਕੱਲਾ ਸਚ ਮਹੱਲਾ ਆਪ ਵਜਾਇੰਦਾ। ਰੂਪ ਰੰਗ ਰੇਖ ਨਾ ਕੋਈ ਸੂਰਤ, ਚੱਕਰ ਚਿੰਨ੍ਹ ਨਾ ਕੋਇ ਜਣਾਇੰਦਾ। ਨਾ ਕੋਈ ਦਿਵਸ ਰੈਣ ਦਿਸੇ ਮਹੂਰਤ, ਵਾਰ ਥਿਤ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਆਸਾ ਮਨਸਾ ਪੂਰਤ, ਆਸਾ ਆਸਾ ਵਿਚ ਸਮਾਇੰਦਾ। ਜੁਗਾ ਜੁਗੰਤਰ ਹਾਜ਼ਰ ਹਜ਼ੂਰਤ, ਹਰਿ ਹਰਿ ਆਪਣਾ ਵੇਸ ਵਟਾਇੰਦਾ। ਨਾਤਾ ਤੋੜੇ ਕੂੜੋ ਕੂੜਤ, ਕੂੜੀ ਕਿਰਿਆ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨੂਰ ਆਪ ਪਰਗਟਾਇੰਦਾ। ਸਾਚਾ ਨੂਰ ਸ੍ਰੀ ਭਗਵਾਨ, ਆਪਣਾ ਆਪ ਧਰਾਈਆ। ਜ਼ਾਹਰ ਜ਼ਹੂਰ ਨੌਜਵਾਨ, ਬਿਰਧ ਬਾਲ ਨਾ ਰੂਪ ਵਖਾਈਆ। ਜੁਗਾ ਜੁਗੰਤਰ ਸਤਿ ਸਰੂਰ, ਸਤਿ ਸਤਿਵਾਦੀ ਇਕ ਰਖਾਈਆ। ਸਰਬ ਕਲਾ ਆਪੇ ਭਰਪੂਰ, ਸਮਰਥ ਪੁਰਖ ਵਡੀ ਵਡਿਆਈਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਆਪ ਵਖਾਈਆ। ਸਾਚਾ ਜਲਵਾ ਹਰਿ ਪਰਕਾਸ਼, ਬ੍ਰਹਮ ਪਾਰਬ੍ਰਹਮ ਜਣਾਇੰਦਾ। ਨਿਜ ਘਰ ਆਤਮ ਕਰ ਕਰ ਵਾਸ, ਰੂਪ ਅਨੂਪ ਆਪ ਵਖਾਇੰਦਾ। ਜੁਗਾ ਜੁਗੰਤਰ ਦਾਸੀ ਦਾਸ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਲੇਖਾ ਜਾਣੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਤ੍ਰੈ ਤ੍ਰੈ ਆਪਣਾ ਰੰਗ ਰੰਗਾਇੰਦਾ। ਸਰਬ ਗੁਣਵੰਤਾ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਤਤਵ ਤਤ ਚਲਾਏ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਨਮੋ ਮੰਤਰ ਪੂਜਾ ਪਾਠ, ਸਤਿ ਸਤਿਵਾਦੀ ਆਪ ਦ੍ਰਿੜਾਇੰਦਾ। ਸਰੋਵਰ ਸਰ ਤੀਰਥ ਤਾਟ, ਮਜਨ ਅਸ਼ਨਾਨ ਆਪ ਕਰਾਇੰਦਾ। ਲੇਖਾ ਜਾਣੇ ਚੌਦਾਂ ਹਾਟ, ਤਬਕ ਤਬਕੀ ਪਰਦਾ ਲਾਹਿੰਦਾ। ਜੁਗ ਜੁਗ ਵੇਖੇ ਆਪਣੀ ਵਾਟ, ਜੁਗ ਗੇੜਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦਿਵਸ ਰਾਤ, ਸੂਰਜ ਚੰਦ ਆਪ ਚੜ੍ਹਾਇੰਦਾ। ਸਚ ਪਰਕਾਸ਼ ਭਏ ਅਨੰਦ, ਘਰ ਮੰਦਰ ਵੱਜੇ ਵਧਾਈਆ। ਅੱਠੇ ਪਹਿਰ ਪਰਮਾਨੰਦ, ਪਰਮ ਪੁਰਖ ਦਏ ਸਾਲਾਹੀਆ। ਨਾ ਕੋਈ ਸੂਰਜ ਨਾ ਕੋਈ ਚੰਦ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਅਗਿਆਨ ਅੰਧੇਰਾ ਨਾ ਦੀਸੇ ਅੰਧ, ਦੀਵਾ ਬਾਤੀ ਨਾ ਕੋਇ ਜਗਾਈਆ। ਜਿਸ ਜਨ ਸੁਣਾਏ ਏਕਾ ਛੰਦ, ਏਕਾ ਰਾਗ ਅਲਾਈਆ। ਲੱਖ ਚੁਰਾਸੀ ਮੁੱਕੇ ਪੰਧ, ਜੁਗ ਜੁਗ ਗੇੜ ਨਾ ਕੋਇ ਵਖਾਈਆ। ਭੇਵ ਖੁਲ੍ਹਾਏ ਸਚਖੰਡ, ਆਪਣਾ ਪਰਦਾ ਆਪ ਉਠਾਈਆ। ਨਾਤਾ ਤੋੜੇ ਬ੍ਰਹਿਮਾਂਡ ਬ੍ਰਹਿਮੰਡ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਦਏ ਵਡਿਆਈਆ। ਸਚ ਪਰਕਾਸ਼ ਆਤਮ ਗਿਆਨ, ਆਤਮ ਦਰਸੀ ਆਪ ਜਣਾਇੰਦਾ। ਜਿਸ ਜਨ ਦੇਵੇ ਨਾਮ ਨਿਧਾਨ, ਅੰਤਰ ਮੰਤਰ ਆਪ ਪੜ੍ਹਾਇੰਦਾ। ਜਿਸ ਜਨ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਜਿਸ ਜਨ ਲੋਚਣ ਨੈਣ ਦੇਵੇ ਨੂਰ ਮਹਾਨ, ਸੋ ਜਨ ਆਪਣਾ ਨੈਣ ਖੁਲ੍ਹਾਇੰਦਾ। ਜਿਸ ਜਨ ਦੇਵੇ ਏਕਾ ਦਾਨ, ਦੀਪਕ ਬਾਤੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਪਾਰਬ੍ਰਹਮ, ਜੁਗਾ ਜੁਗੰਤਰ ਆਪ ਕਰਾਈਆ। ਨਾ ਮਰੇ ਨਾ ਪਏ ਜੰਮ, ਵੇਸ ਅਨੇਕਾ ਰੂਪ ਵਟਾਈਆ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਨਿਤ ਨਵਿਤ ਹੋਏ ਸਹਾਈਆ। ਏਕਾ ਰਾਗ ਸੁਣਾਏ ਕੰਨ, ਦੂਸਰ ਵਿਦਿਆ ਨਾ ਕੋਇ ਪੜ੍ਹਾਈਆ। ਇਕ ਵਸੇਰਾ ਬਿਨ ਛੱਪਰ ਛੰਨ, ਮਹੱਲ ਅਟਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਧਨ, ਅਤੋਟ ਅਤੁਟ ਆਪ ਵਰਤਾਈਆ। ਅਤੋਟ ਅਤੁਟ ਹਰਿ ਭੰਡਾਰ, ਹਰਿਜਨ ਸਾਚੇ ਆਪ ਵਰਤਾਇੰਦਾ। ਆਦਿ ਜੁਗਾਦਿ ਨਾ ਆਏ ਹਾਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਏਥੇ ਓਥੇ ਦਏ ਸਹਾਰ, ਸਮਰਥ ਪੁਰਖ ਸੰਗ ਨਿਭਾਇੰਦਾ। ਮਾਣਸ ਜਨਮ ਉਤਰੇ ਪਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਨਿਹਕਰਮੀ ਕਰਮ ਕਰੇ ਵਿਚਾਰ, ਕਰਮ ਕਾਂਡ ਨਾ ਕੋਇ ਰਖਾਇੰਦਾ। ਏਕਾ ਸ਼ਬਦ ਨਾਮ ਜੈਕਾਰ, ਘਰ ਮੰਦਰ ਆਪ ਸੁਣਾਇੰਦਾ। ਪੰਚ ਵਿਕਾਰਾ ਕਰ ਖ਼ਵਾਰ, ਮਾਇਆ ਮਮਤਾ ਮੋਹ ਮਿਟਾਇੰਦਾ। ਕੂੜੀ ਕਿਰਿਆ ਮਾਰੇ ਮਾਰ, ਸਚ ਸੁੱਚ ਇਕ ਸਮਝਾਇੰਦਾ। ਬਿਨ ਹਰਿ ਨਾਮੇ ਕੋਇ ਨਾ ਉਤਰੇ ਪਾਰ, ਲੱਖ ਚੁਰਾਸੀ ਭਰਮ ਭੁਲਾਇੰਦਾ। ਮੂਰਖ ਮੂੜ੍ਹੇ ਭੁੱਲੇ ਜੀਵ ਗਵਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜਿਸ ਘੜਿਆ ਸੋ ਭੰਨਣਹਾਰ, ਘੜਨ ਭੰਨਣ ਆਪਣੀ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਇਕ ਉਪਾਇੰਦਾ। ਸਚ ਪਰਕਾਸ਼ ਹਰਿ ਉਪਾਇਆ, ਨਿਰਗੁਣ ਜੋਤ ਜੋਤ ਜਗਾ। ਸਚਖੰਡ ਦਵਾਰੇ ਆਪ ਵਸਾਇਆ, ਏਕਾ ਰੂਪ ਰਿਹਾ ਡਗਮਗਾ। ਜੁਗ ਜੁਗ ਵੇਸ ਅਨੇਕ ਕਰਾਇਆ, ਲੱਖ ਚੁਰਾਸੀ ਘਾੜਤ ਲਏ ਘੜਾ। ਘਟ ਘਟ ਦੀਪਕ ਆਪ ਟਿਕਾਇਆ, ਨਾ ਕੋਈ ਸਕੇ ਮਾਤ ਬੁਝਾ। ਕਲਜੁਗ ਜੀਵਾਂ ਭੇਵ ਕਿਸੇ ਨਾ ਪਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਗੁਰਮੁਖ ਘਰ ਅੰਧੇਰਾ ਕਦੇ ਨਾ ਛਾਇਆ, ਅੱਠੇ ਪਹਿਰ ਹੋਏ ਰੁਸ਼ਨਾ। ਦੀਵਾ ਬਾਤੀ ਨਾ ਕੋਇ ਰਖਾਇਆ, ਨਿਰਗੁਣ ਜੋਤ ਰਿਹਾ ਟਮਟਮਾ। ਕਾਇਆ ਖੇੜਾ ਆਪ ਵਸਾਇਆ, ਸੂਰਜ ਚੰਦ ਰਹੇ ਸ਼ਰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਇਕ ਜਗਾ। ਸਾਚਾ ਦੀਪਕ ਜਾਏ ਜਗ, ਸੋ ਪੁਰਖ ਨਿਰੰਜਣ ਆਪ ਜਗਾਈਆ। ਕਰੇ ਪਰਕਾਸ਼ ਉਪਰ ਸ਼ਾਹ ਰਗ, ਨਾ ਕੋਈ ਵੇਖੇ ਵੇਖ ਵਖਾਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਲੱਗੀ ਅੱਗ, ਚਾਰ ਕੁੰਟ ਨਾ ਕੋਇ ਬੁਝਾਈਆ। ਘਰ ਸੁਣੇ ਨਾ ਕੋਇ ਨਦ, ਸਦ ਸਚ ਸਨੇਹੁੜਾ ਕਵਣ ਅਲਾਈਆ। ਕਾਇਆ ਪਿੰਡ ਨਾ ਕੋਈ ਵੇਖੇ ਹੱਦ, ਸਚ ਲਕੀਰ ਤਕ਼ਦੀਰ ਨਾ ਕੋਇ ਖਿਚਾਈਆ। ਆਪਣਾ ਮਨ ਨਾ ਸਕੇ ਕੋਈ ਬਧ, ਦਹਿ ਦਿਸ਼ਾ ਉਠ ਉਠ ਧਾਈਆ। ਹਉਮੇ ਰੋਗ ਨਾ ਸਕੇ ਕੋਈ ਕੱਢ, ਦੁਖੜਾ ਜਗਤ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਦਏ ਵਡਿਆਈਆ। ਜਗਤ ਉਜਾਲਾ ਜਗਤ ਅੰਧੇਰਾ, ਜਗਤ ਜਗਤ ਵਿਚ ਰਖਾਇਆ। ਗੁਰਮੁਖਾਂ ਸਦਾ ਸੰਞ ਸਵੇਰਾ, ਰੈਣ ਅੰਧੇਰਾ ਨਾ ਕੋਇ ਛਾਇਆ। ਵਸਦਾ ਰਹੇ ਕਾਇਆ ਖੇੜਾ, ਪੁਰਖ ਅਬਿਨਾਸ਼ੀ ਮੰਦਰ ਆਪ ਸੁਹਾਇਆ। ਖੁਲ੍ਹਾ ਕਰਾਏ ਆਪ ਵੇਹੜਾ, ਪੰਚ ਵਿਕਾਰਾ ਦਏ ਗਵਾਇਆ। ਦਰਸ ਦਿਖਾਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇਆ। ਆਦਿ ਅੰਤ ਬੰਨ੍ਹੇ ਬੇੜਾ, ਪੁਰਖ ਅਕਾਲ ਬੇਪਰਵਾਹਿਆ। ਲੱਖ ਚੁਰਾਸੀ ਦੇਵੇ ਗੇੜਾ, ਅੰਤਮ ਆਪਣੀ ਲੱਠ ਗੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਇਕ ਵਖਾਇਆ। ਸਾਚਾ ਦੀਪਕ ਹਰਿ ਕਾ ਦੀਆ, ਸੋ ਪੁਰਖ ਨਿਰੰਜਣ ਆਪ ਜਗਾਈਆ। ਸੁਰਤ ਸ਼ਬਦ ਬੀਵੀ ਮੀਆਂ, ਘਰ ਬੈਠੇ ਖ਼ੁਸ਼ੀ ਮਨਾਈਆ। ਭਾਗ ਲੱਗਾ ਸਾਢੇ ਤਿੰਨ ਹੱਥ ਸੀਆਂ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਨਿਰਮਲ ਹੋਏ ਹਰਿਜਨ ਜੀਆ, ਆਤਮ ਪਰਮਾਤਮ ਵੇਖ ਵਖਾਈਆ। ਪੂਰਬ ਜਨਮ ਬੀਜ ਜੋ ਬੀਆ, ਮਾਣਸ ਜਨਮ ਲੇਖੇ ਪਾਈਆ। ਸਤਿ ਕਰਮ ਜੋ ਕਲਜੁਗ ਕੀਆ, ਨਿਹਕਰਮੀ ਕਰਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਰੰਗ ਰੰਗਾਈਆ। ਏਕਾ ਰੰਗ ਰੰਗੇ ਕਰਤਾਰ, ਦੂਸਰ ਰੰਗ ਨਾ ਕੋਇ ਵਖਾਇੰਦਾ। ਨਾਤਾ ਤੋੜ ਅੰਧ ਅੰਧਿਆਰ, ਸਾਚਾ ਚੰਦ ਆਪ ਚੜ੍ਹਾਇੰਦਾ। ਅੱਠੇ ਪਹਿਰ ਕਰੇ ਗ਼ੁਫ਼ਤਾਰ, ਰਾਗੀ ਆਪਣਾ ਰਾਗ ਸੁਣਾਇੰਦਾ। ਸਾਚੇ ਮੰਦਰ ਖੇਲ ਨਿਆਰ, ਉਚ ਮਹੱਲੇ ਸੋਭਾ ਪਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜ, ਸਾਚੀ ਬਾਤੀ ਆਪ ਟਿਕਾਇੰਦਾ। ਆਪੇ ਵੇਖੇ ਵੇਖਣਹਾਰ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਆਪ ਦਰਸਾਇੰਦਾ। ਸਾਚਾ ਨੂਰ ਆਤਮ ਜੋਤ, ਨੂਰ ਨੁਰਾਨਾ ਆਪ ਜਣਾਈਆ। ਭਾਗ ਲਗਾਏ ਕਾਇਆ ਕੋਟ, ਘਰ ਸਾਚੇ ਵੱਜੇ ਵਧਾਈਆ। ਸ਼ਬਦ ਨਗਾਰੇ ਲੱਗੇ ਚੋਟ, ਨਾਦ ਧੁੰਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਥਾਨ ਸੁਹਾਇੰਦਾ, ਗ੍ਰਹਿ ਮੰਦਰ ਹੋਏ ਪਵਿਤ। ਸੋ ਪੁਰਖ ਨਿਰੰਜਣ ਦਇਆ ਕਮਾਇੰਦਾ, ਨਿਰਗੁਣ ਆਵੇ ਜਾਵੇ ਨਿਤ ਨਵਿਤ। ਸਾਚਾ ਮੰਦਰ ਇਕ ਵਖਾਇੰਦਾ, ਸਤਿ ਸਰੂਪੀ ਕਰੇ ਹਿਤ। ਦੀਪਕ ਦੀਆ ਇਕ ਜਗਾਇੰਦਾ, ਪਾਰਬ੍ਰਹਮ ਪ੍ਰਭ ਬਣ ਬਣ ਸਾਚਾ ਮਿਤ। ਮਾਣਸ ਜ਼ਾਤ ਨਾ ਕੋਇ ਬੁਝਾਇੰਦਾ, ਹਰਿ ਜੂ ਹਰਿ ਮੰਦਰ ਲੇਖਾ ਰਿਹਾ ਲਿਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਗੁਰਮੁਖ ਮੇਲਾ ਸਚ ਦਵਾਰ, ਕਾਇਆ ਬੰਕ ਸੁਹਾਇਆ। ਜਗਤ ਖੇੜਾ ਹੋਏ ਖ਼ਵਾਰ, ਧੀਰਜ ਧੀਰ ਨਾ ਕੋਇ ਧਰਾਇਆ। ਗੁਰਮੁਖ ਵਿਰਲਾ ਉਤਰੇ ਪਾਰ, ਜਿਸ ਜਨ ਆਪਣੀ ਬੂਝ ਬੁਝਾਇਆ। ਮੇਟ ਮਿਟਾਏ ਅੰਧ ਅੰਧਿਆਰ, ਸਾਚਾ ਨੂਰ ਇਕ ਦਰਸਾਇਆ। ਚਰਨ ਕਵਲ ਵਖਾਏ ਸਚ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਵਖਾਇਆ। ਸਾਚਾ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਡੇਰਾ ਲਾਈਆ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਨਰ ਨਰਾਇਣ ਖ਼ੁਸ਼ੀ ਮਨਾਈਆ। ਏਕੰਕਾਰਾ ਆਦਿ ਅੰਤ, ਜੁਗ ਜੁਗ ਖੇਲ ਖਿਲਾਈਆ। ਆਦਿ ਨਿਰੰਜਣ ਮਹਿਮਾ ਅਗਣਤ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵੇਖੇ ਸਾਚੇ ਸੰਤ, ਸੰਤ ਸਾਜਨ ਲਏ ਮਿਲਾਈਆ। ਸ੍ਰੀ ਭਗਵਾਨ ਏਕਾ ਨਾਮ ਜਣਾਏ ਮਣੀਆ ਮੰਤ, ਸਾਚਾ ਮੰਤਰ ਇਕ ਵਖਾਈਆ। ਪਾਰਬ੍ਰਹਮ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਜੋ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਮਾਣ ਰਖਾਇੰਦਾ, ਜੁਗਾ ਜੁਗੰਤਰ ਕਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਆਏ ਅੰਤਮ ਵਾਰ। ਨਿਰਗੁਣ ਆਪਣਾ ਰੂਪ ਵਟਾਇੰਦਾ, ਨਿਹਕਲੰਕਾ ਜਾਮਾ ਧਾਰ। ਜਾਗਰਤ ਜੋਤ ਡਗਮਗਾਇੰਦਾ, ਦੋ ਜਹਾਨ ਹੋਏ ਉਜਿਆਰ। ਗੁਰਮੁਖ ਦੀਪਕ ਆਪ ਵਖਾਇੰਦਾ, ਸਾਚਾ ਦੀਆ ਆਪੇ ਬਾਲ। ਤੇਲ ਬਾਤੀ ਨਾ ਕੋਇ ਪਾਇੰਦਾ, ਮਾਰਗ ਦੱਸੇ ਇਕ ਸੁਖਾਲ। ਜੋਤੀ ਜੋਤ ਮੇਲ ਮਿਲਾਇੰਦਾ, ਨਾਤਾ ਤੋੜ ਕਾਲ ਮਹਾਕਾਲ। ਸਾਚੀ ਚੋਟੀ ਆਪ ਚੜ੍ਹਾਇੰਦਾ, ਸਚਖੰਡ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਦੇਵੇ ਬਾਲ। ਬਲਿਆ ਦੀਪਕ ਹੋਇਆ ਪਰਕਾਸ਼ਾ, ਪਰਮ ਪੁਰਖ ਕਰਾਇਆ। ਗ੍ਰਹਿ ਮੰਦਰ ਅੰਦਰ ਸਾਚੀ ਰਾਸਾ, ਗੋਪੀ ਕਾਹਨ ਨਚਾਇਆ। ਨਿਜ ਆਤਮ ਨਿਜ ਘਰ ਕਰ ਕਰ ਵਾਸਾ, ਨਿਜ ਨੇਤਰ ਨੈਣ ਖੁਲ੍ਹਾਇਆ। ਨਿਜ ਪਵਣ ਚਲਾਏ ਸਵਾਸਾ, ਰਸਨਾ ਜੇਹਵਾ ਆਪ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖ ਵਖਾਇਆ। ਗ੍ਰਹਿ ਮੰਦਰ ਹੋਏ ਸੁਹੰਜਣਾ, ਗੁਰਮੁਖ ਕਾਇਆ ਗੜ੍ਹ। ਜੋਤ ਜਗਾਏ ਆਦਿ ਨਿਰੰਜਣਾ, ਸਾਚੇ ਮੰਦਰ ਆਪੇ ਵੜ। ਆਦਿ ਜੁਗਾਦਿ ਦਰਦ ਦੁੱਖ ਭੈ ਭੰਜਨਾ, ਜਗਤ ਵਿਕਾਰਾ ਲਵੇ ਫੜ। ਏਥੇ ਓਥੇ ਸਾਚਾ ਸੱਜਣਾ, ਨਾ ਜਨਮੇ ਨਾ ਜਾਏ ਮਰ। ਜਨ ਭਗਤਾਂ ਰੱਖੇ ਲੱਜਣਾ, ਬਣ ਦਰਵੇਸ਼ ਆਵੇ ਦਰ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਦੇਵੇ ਹਰ। ਆਦਿ ਅੰਤ ਪਰਦਾ ਕੱਜਨਾ, ਖੋਲ੍ਹੇ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਭੌ ਚੁਕਾਏ ਭੈ ਡਰ। ਗੁਰਮੁਖ ਅੰਤਰ ਆਤਮ ਲੋ, ਲੋਆਂ ਪੁਰੀਆਂ ਕਰੇ ਰੁਸ਼ਨਾਈਆ । ਗੁਰਮੁਖ ਆਤਮ ਦੁਰਮਤ ਮੈਲ ਧੋ, ਨਿਰਮਲ ਨੀਰ ਅੰਮ੍ਰਿਤ ਆਤਮ ਜਾਮ ਪਿਆਈਆ। ਗੁਰਮੁਖ ਆਤਮ ਸੁਰਤੀ ਪਾਰਬ੍ਰਹਮ ਪ੍ਰਭ ਜਾਣੇ ਸੋ, ਹੰ ਬ੍ਰਹਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਜੋਤ ਜੋਤ ਰੁਸ਼ਨਾਈਆ। ਸਾਚੀ ਜੋਤ ਇਕ ਗੋਬਿੰਦ, ਹਰਿਜਨ ਆਪ ਟਿਕਾਇੰਦਾ। ਹਰਖ ਸੋਗ ਨਾ ਕੋਇ ਚਿੰਦ, ਚਿੰਤਾ ਚਿਖਾ ਨਾ ਕੋਇ ਵਖਾਇੰਦਾ। ਏਕਾ ਓਟ ਗਹਿਰ ਗੰਭੀਰ ਗੁਣੀ ਗਹਿੰਦ, ਦੂਸਰ ਆਸ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਸਚ ਦਵਾਰਾ ਆਪ ਵਖਾਇੰਦਾ। ਸਚ ਦਵਾਰਾ ਹਰਿ ਜੂ ਖੋਲ੍ਹ, ਹਰਿਜਨ ਆਪ ਜਣਾਈਆ। ਸ਼ਬਦ ਅਗੰਮੀ ਏਕਾ ਬੋਲ, ਨਾਮ ਮਰਦੰਗਾ ਢੋਲ ਵਜਾਈਆ। ਲੱਖ ਚੁਰਾਸੀ ਵਿਚੋਂ ਵਰੋਲ, ਗੁਰਮੁਖ ਸੱਜਣ ਬਾਹਰ ਕਢਾਈਆ। ਨਾਮ ਕੰਡੇ ਦੇਵੇ ਤੋਲ, ਤੋਲਣਹਾਰਾ ਹਰਿ ਸ਼ਹਿਨਸ਼ਾਹੀਆ। ਦੇਵੇ ਵਸਤ ਅੰਤ ਅਨਮੋਲ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਅੰਧੇਰਾ ਚਾਰ ਕੁੰਟ ਜੂਠ ਝੂਠ ਵੱਜਿਆ ਢੋਲ, ਜੀਵਾਂ ਜੰਤਾਂ ਰਿਹਾ ਸੁਣਾਈਆ । ਸਚ ਵਸਤ ਨਾ ਦਿਸੇ ਕਿਸੇ ਕੋਲ, ਸਾਚਾ ਮਾਰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਨਾਮ ਰੱਖੇ ਵਡਿਆਈਆ । ਏਕਾ ਨਾਉਂ ਹਰਿ ਬਲਵਾਨ, ਦੂਸਰ ਕੋਇ ਨਜ਼ਰ ਨਾ ਆਇਆ। ਕੋਟਨ ਕੋਟ ਬਹਿ ਬਹਿ ਗਾਣ, ਜੁਗ ਜੁਗ ਰਸਨਾ ਜੇਹਵਾ ਹਿਲਾਇਆ। ਵੇਲੇ ਅੰਤ ਸਰਬ ਪਛਤਾਣ, ਵੇਲਾ ਗਿਆ ਹੱਥ ਨਾ ਆਇਆ । ਪੀਰ ਫ਼ਕੀਰ ਨਾ ਦਿਸੇ ਕੋਇ ਨਿਸ਼ਾਨ, ਜੋ ਘੜਿਆ ਭੰਨ ਵਖਾਇਆ। ਲੱਖ ਚੁਰਾਸੀ ਫ਼ਨਾਹ ਮਕਾਨ, ਮਲਕਉਲਮੌਤ ਲਏ ਪਰਨਾਇਆ। ਜਗਤ ਦਵਾਰਾ ਝੂਠ ਦੁਕਾਨ, ਮਾਇਆ ਮਮਤਾ ਹੱਟ ਖੁਲ੍ਹਾਇਆ। ਹਵਨ ਧੂਪ ਨਾ ਕੋਇ ਮਸਾਣ, ਪਵਣ ਸੁਗੰਧ ਨਾ ਕੋਇ ਰਲਾਇਆ। ਜਗਤ ਅੰਧੇਰ ਨਾ ਕੋਇ ਗਿਆਨ, ਦੀਵਾ ਬਾਤੀ ਨਾ ਕੋਇ ਜਗਾਇਆ। ਜਿਸ ਦਵਾਰੇ ਆਏ ਸ੍ਰੀ ਭਗਵਾਨ, ਸੋ ਦਰ ਦੂਜਾ ਕੋਇ ਰਹਿਣ ਨਾ ਪਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਕਲਿਆਣ, ਵੇਲੇ ਅੰਤ ਨਾ ਕੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇਆ। ਆਪਣਾ ਖੇਲ ਕਰੇ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਕਲਜੁਗ ਅੰਤਰ ਹੋ ਤਿਆਰਾ, ਬੇਐਬ ਰੂਪ ਵਟਾਈਆ। ਮੁਕਾਮੇ ਹੱਕ ਲਗਾਏ ਨਾਅਰਾ, ਲਾਸ਼ਰੀਕ ਇਕ ਖ਼ੁਦਾਈਆ। ਦਰ ਬਹਾਏ ਗੁਰ ਪੀਰ ਅਵਤਾਰਾ, ਮੁੱਲਾਂ ਸ਼ੇਖ਼ ਮਸਾਇਕ ਬੰਧਨ ਪਾਈਆ । ਗਿਆਨ ਧਿਆਨ ਨਾ ਕੋਇ ਵਿਚਾਰਾ, ਪੰਡਤ ਪਾਂਧੇ ਰਹੇ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਾਚਾ ਖੇਲ ਗੁਰਮੁਖ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਇੰਦਾ। ਜਿਸ ਦਵਾਰੇ ਵਜਾਏ ਨਾਮ ਮਰਦੰਗ, ਦੂਸਰ ਸਾਜ ਨਾ ਕੋਇ ਵਖਾਇੰਦਾ। ਚਾਰੋਂ ਕੁੰਟ ਅੰਧੇਰਾ ਅੰਧ, ਘਰ ਘਰ ਦੀਪ ਨਾ ਕੋਇ ਜਗਾਇੰਦਾ। ਜਗਤ ਦੁੱਖ ਨਾ ਮੁੱਕੇ ਪੰਧ, ਦੁਖੀਆਂ ਦੁੱਖ ਨਾ ਕੋਇ ਗਵਾਇੰਦਾ। ਜੋ ਜਨ ਸੁਣੇ ਸੁਹਾਗੀ ਛੰਦ, ਤਿਸ ਜਨ ਬੇੜਾ ਪਾਰ ਕਰਾਇੰਦਾ। ਕਾਲ ਦਏ ਦਵਾਰ ਨਾ ਡੰਨ, ਲਾੜੀ ਮੌਤ ਦਰ ਦੁਰਕਾਇੰਦਾ। ਪਸੂ ਪੰਖੀ ਪੰਛੀ ਬੇੜਾ ਦੇਵੇ ਬੰਨ੍ਹ, ਡੋਰੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਵਾਰੇ ਜਾਏ ਖੜ੍ਹ, ਦੂਸਰ ਨੇੜ ਕੋਇ ਨਾ ਆਇੰਦਾ। ਦੂਸਰ ਕੋਈ ਨਾ ਆਵੇ ਨੇੜੇ, ਜਿਸ ਦਰ ਆਪਣਾ ਨਾਮ ਜਪਾਈਆ। ਟੂਣੇ ਜਾਦੂ ਜਗਤ ਝੂਠੇ ਝੇੜੇ, ਸਾਚਾ ਰਾਹ ਨਾ ਕੋਇ ਵਖਾਈਆ। ਬਿਨ ਸਤਿਗੁਰ ਪੂਰੇ ਕਵਣ ਬੰਨ੍ਹੇ ਬੇੜੇ, ਬੇੜਾ ਪਾਰ ਕਵਣ ਲੰਘਾਈਆ। ਮਨਮੁਖ ਸੁੱਤੇ ਰਹੇ ਅੰਧੇਰੇ, ਸਾਚਾ ਨੂਰ ਨਜ਼ਰ ਨਾ ਆਈਆ। ਮਨ ਵਾਸਨਾ ਪਾਏ ਘੇਰੇ, ਮਨ ਕਾ ਮਣਕਾ ਨਾ ਕੋਇ ਭਵਾਈਆ। ਗੁਰਮੁਖ ਸਿੰਘ ਮੱਸਾ ਮੱਸਿਆ ਰੈਣ ਗਈ ਅੰਧੇਰੇ, ਚੰਦ ਏਕਮ ਏਕਾ ਵਾਰ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਕਾਇਆ ਖੇੜੇ, ਸਿਰ ਆਪਣਾ ਹੱਥ ਟਿਕਾਈਆ।