Granth 10 Likhat 183: 15 Bhadron 2018 Bikarmi Lal Singh de Greh Ludhiana

੧੫ ਭਾਦਰੋਂ ੨੦੧੮ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਲੁਧਿਆਣਾ

ਨਿਰਗੁਣ ਰੂਪ ਹਰਿ ਨਿਰੰਕਾਰਾ, ਨਿਹਕਲੰਕਾ ਨਾਉਂ ਰਖਾਈਆ। ਘਟ ਘਟ ਅੰਦਰ ਕਰ ਪਸਾਰਾ, ਲੱਖ ਚੁਰਾਸੀ ਸੋਭਾ ਪਾਈਆ। ਦੀਆ ਬਾਤੀ ਕਰ ਉਜਿਆਰਾ, ਗ੍ਰਹਿ ਗ੍ਰਹਿ ਜੋਤ ਨੂਰ ਰੁਸ਼ਨਾਈਆ। ਸ਼ਬਦ ਨਾਦ ਸੱਚੀ ਧੁਨਕਾਰਾ, ਸਾਚੇ ਮੰਦਰ ਆਪ ਵਜਾਈਆ। ਵੇਖੇ ਵਿਗਸੇ ਵੇਖਣਹਾਰਾ, ਆਦਿ ਪੁਰਖ ਵਡੀ ਵਡਿਆਈਆ। ਨਵ ਖੰਡ ਪਾਵੇ ਸਾਰਾ, ਸਤਿ ਸਤਿ ਕਰੇ ਕੁੜਮਾਈਆ। ਸਤਿ ਸਤਿ ਤੇਰਾ ਪਾਰ ਕਿਨਾਰਾ, ਬ੍ਰਹਮ ਮਤ ਦਏ ਪਰਗਟਾਈਆ। ਏਕਾ ਤੱਤ ਗੁਣ ਵਿਚਾਰਾ, ਅਵਗੁਣ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਨਾਉਂ ਪਰਗਟਾਈਆ। ਹਰਿ ਕਾ ਨਾਉਂ ਸੂਰਬੀਰ, ਆਦਿ ਜੁਗਾਦਿ ਸਮਾਇਆ। ਸਤਿਗੁਰ ਪੂਰਾ ਸ਼ਬਦ ਨਿਸ਼ਾਨਾ ਫੜੇ ਤੀਰ, ਦੋ ਜਹਾਨਾਂ ਆਪ ਚਲਾਇਆ। ਲੋਆਂ ਪੁਰੀਆਂ ਜਾਏ ਚੀਰ, ਬ੍ਰਹਿਮੰਡ ਖੰਡ ਪਾਰ ਵਖਾਇਆ। ਅਠਸਠ ਵਰੋਲੇ ਆਪੇ ਨੀਰ, ਸਮੁੰਦ ਸਾਗਰ ਡੇਰਾ ਢਾਹਿਆ। ਲਹਿਣਾ ਦੇਣਾ ਚੁਕਾਏ ਸ਼ਾਹ ਹਕੀਰ, ਸ਼ਾਹ ਪਾਤਸ਼ਾਹ ਪਰਦਾ ਲਾਹਿਆ। ਤ੍ਰੈਗੁਣ ਕੱਟੇ ਜਗਤ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਉਂ ਵਡਿਆਇਆ। ਹਰਿ ਕਾ ਨਾਉਂ ਵਡ ਵਡਿਆਈ, ਹਰਿ ਵੱਡਾ ਵੱਡ ਵਡਿਆਇੰਦਾ। ਬ੍ਰਹਿਮੰਡ ਖੰਡ ਵੱਜੇ ਵਧਾਈ, ਬ੍ਰਹਮ ਨਾਦ ਇਕ ਰਖਾਇੰਦਾ। ਜਗਤ ਜੁਗਤ ਕਰੇ ਕੁੜਮਾਈ, ਆਪਣਾ ਬੰਧਨ ਪਾਇੰਦਾ। ਵੇਖਣਹਾਰਾ ਥਾਉਂ ਥਾਈਂ, ਗਗਨ ਪਾਤਾਲਾਂ ਵੇਖ ਵਖਾਇੰਦਾ। ਨਿਰਗੁਣ ਕਰੇ ਖੇਲ ਚਾਈਂ ਚਾਈਂ, ਵੇਲਾ ਵਕ਼ਤ ਆਪ ਸੁਹਾਇੰਦਾ। ਆਦਿ ਅੰਤ ਕਰੇ ਸਚ ਨਿਆਈਂ, ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਨਾਉਂ ਨਿਰੰਕਾਰ ਸ੍ਰੀ ਭਗਵਾਨ, ਆਪਣਾ ਆਪ ਪਰਗਟਾਈਆ। ਤਖ਼ਤ ਨਿਵਾਸੀ ਸਚ ਨਿਸ਼ਾਨ, ਸਚ ਦਵਾਰੇ ਆਪ ਝੁਲਾਈਆ। ਭੂਪਤ ਭੂਪ ਬਣ ਰਾਜਾਨ, ਹੁਕਮੀ ਹੁਕਮ ਆਪ ਵਰਤਾਈਆ। ਧੁਰ ਫ਼ਰਮਾਨਾ ਦੇਵੇ ਜੀਆ ਦਾਨ, ਜੀਵਣ ਜੁਗਤ ਜਗਤ ਜਣਾਈਆ। ਆਦਿ ਜੁਗਾਦਿ ਹੋ ਮਿਹਰਵਾਨ, ਨਿਰਵੈਰ ਪੁਰਖ ਸੇਵ ਕਮਾਈਆ। ਲੱਖ ਚੁਰਾਸੀ ਬਣ ਬਣ ਕਾਹਨ, ਕੋਟਨ ਕੋਟ ਸਖ਼ੀਆਂ ਲਏ ਪਰਨਾਈਆ। ਏਕਾ ਮੰਦਰ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਈਆ। ਆਪਣਾ ਨਾਉਂ ਕਰ ਪਰਧਾਨ, ਸਚ ਪਰਧਾਨਗੀ ਇਕ ਵਖਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਜੁਗ ਕਰਤਾ ਵੇਸ ਵਟਾਇੰਦਾ। ਸ਼ਬਦ ਅਗੰਮੀ ਦੇਵਣਹਾਰਾ ਦਾਨ, ਦਾਤਾ ਦਾਨੀ ਝੋਲੀ ਪਾਇੰਦਾ। ਗੁਰ ਗੁਰ ਮੇਲਾ ਵਿਚ ਜਹਾਨ, ਜਾਗਰਤ ਜੋਤ ਡਗਮਗਾਇੰਦਾ। ਆਤਮ ਅੰਤਰ ਇਕ ਗਿਆਨ, ਬ੍ਰਹਮ ਵੇਤਾ ਆਪ ਸਿਖਾਇੰਦਾ। ਪਾਰਬ੍ਰਹਮ ਚਤੁਰ ਸੁਘੜ ਸੁਜਾਨ, ਮਨ ਮਤ ਬੁਧ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇੰਦਾ। ਆਪਣਾ ਨਾਉਂ ਆਪੇ ਧਰ, ਧਰਨੀ ਧਰਤ ਧਵਲ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਖ ਵਖਾਈਆ। ਆਪਣੇ ਮੰਦਰ ਆਪੇ ਚੜ੍ਹ, ਸਾਚਾ ਮੰਦਰ ਆਪ ਸੁਹਾਈਆ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਸਚ ਪੜ੍ਹਾਈਆ। ਆਪਣਾ ਫੜਿਆ ਆਪੇ ਲੜ, ਲੱਖ ਚੁਰਾਸੀ ਪੱਲੂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਇਕ ਸਾਲਾਹੀਆ। ਹਰਿ ਕਾ ਨਾਉਂ ਸਿਫ਼ਤ ਸਾਲਾਹ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਬਣੇ ਮਾਤ ਮਲਾਹ, ਦੋ ਜਹਾਨਾਂ ਬੇੜਾ ਆਪ ਉਠਾਇਆ। ਲੇਖਾ ਜਾਣੇ ਥਲ ਅਸਗਾਹ, ਆਕਾਸ਼ ਆਕਾਸ਼ਾਂ ਫੇਰਾ ਪਾਇਆ। ਆਪਣਾ ਮਾਰਗ ਦਏ ਵਖਾ, ਸਾਚਾ ਪਾਂਧੀ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪਰਗਟਾਇਆ। ਆਪਣਾ ਨਾਉਂ ਆਪ ਪਰਗਟਾ, ਆਪੇ ਬੂਝ ਬੁਝਾਈਆ। ਨਾਉਂ ਨਿਰੰਕਾਰਾ ਆਪ ਰਖਾ, ਨੱਯਾ ਨੌਕਾ ਨਾਮ ਚਲਾਈਆ। ਨਿਸ਼ਅੱਖਰ ਆਪ ਪੜ੍ਹਾ, ਜਗਤ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪੇ ਰਿਹਾ ਗਾਈਆ। ਆਪਣਾ ਨਾਉਂ ਗਾਏ ਜਸ, ਜਸ ਵੇਦ ਪੁਰਾਨ ਕਿਸੇ ਨਾ ਗਾਇਆ। ਆਪਣੇ ਮੰਦਰ ਆਪੇ ਬਹੇ ਹੱਸ, ਆਪਣੀ ਲੀਲ੍ਹਾ ਆਪ ਰਚਾਇਆ। ਆਪਣੇ ਅੰਤਰ ਆਪੇ ਜਾਏ ਵਸ, ਆਪ ਆਪਣਾ ਖੇਲ ਖਿਲਾਇਆ। ਆਪੇ ਜਾਣੇ ਆਪਣਾ ਰਸ, ਰਸ ਰਸੀਆ ਸਾਚਾ ਰਸ ਆਪ ਚੁਆਇਆ। ਆਪਣਾ ਮਾਰਗ ਆਪੇ ਦੱਸ, ਆਪੇ ਪੰਥ ਲਗਾਇਆ। ਆਦਿ ਜੁਗਾਦਿ ਨੱਸ ਨੱਸ, ਜੁਗ ਜੁਗ ਪਾਂਧੀ ਪੰਧ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਉਪਾਇਆ। ਸਾਚਾ ਨਾਉਂ ਉਪਾਏ ਆਪ, ਆਪਣੀ ਗਤ ਮਿਤ ਆਪ ਜਣਾਇੰਦਾ। ਆਪੇ ਮਾਈ ਆਪੇ ਬਾਪ, ਪਿਤਾ ਪੂਤ ਆਪ ਅਖਵਾਇੰਦਾ। ਆਪਾ ਆਪਣੇ ਵਿਚੋਂ ਕਾਢ, ਆਪ ਆਪਣੀ ਗੋਦ ਸੁਹਾਇੰਦਾ। ਆਪ ਲਡਾਏ ਸਾਚਾ ਲਾਡ, ਦਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਰੱਖ ਆਦਿ, ਸ਼ਬਦ ਵਜਾਏ ਇਕ ਬ੍ਰਹਿਮਾਦ ਜੁਗਾਦਿ ਆਪਣੀ ਖੇਲ ਵਖਾਇੰਦਾ। ਆਪਣਾ ਨਾਉਂ ਰੱਖ ਨਿਰੰਕਾਰ, ਆਪਣੀ ਖੇਲ ਖਿਲਾਈਆ। ਆਦਿ ਪੁਰਖ ਹੋ ਤਿਆਰ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਭਰ ਭੰਡਾਰ, ਕਾਇਆ ਗੋਲਕ ਵੇਖ ਵਖਾਈਆ। ਜਾਗਰਤ ਜੋਤ ਨੂਰ ਉਜਿਆਰ, ਗ੍ਰਹਿ ਮੰਦਰ ਦੀਵਾ ਬਾਤੀ ਆਪ ਟਿਕਾਈਆ। ਆਤਮ ਪਰਮਾਤਮ ਪਾਵੇ ਸਾਰ, ਬ੍ਰਹਮ ਪਾਰਬ੍ਰਹਮ ਸਮਾਈਆ। ਈਸ਼ ਜੀਵ ਦਏ ਆਧਾਰ, ਜਗਦੀਸ਼ ਦਇਆ ਕਮਾਈਆ। ਜੁਗਾਦਿ ਖੇਲ ਕਰੇ ਕਰਤਾਰ, ਜੁਗ ਚੌਕੜੀ ਪੰਧ ਮੁਕਾਈਆ। ਨਿਰਗੁਣ ਨਿਰਵੈਰ ਲੈ ਅਵਤਾਰ, ਮੂਰਤ ਅਕਾਲ ਡਗਮਗਾਈਆ। ਅਜੂਨੀ ਰਹਿਤ ਹੋਇਆ ਖ਼ਬਰਦਾਰ, ਰੂਪ ਰੰਗ ਨਾ ਕੋਇ ਵਖਾਈਆ। ਨਿਰਭੌ ਭੈ ਨਾ ਰੱਖੇ ਵਿਚ ਸੰਸਾਰ, ਆਪਣਾ ਭੈ ਸਰਬ ਜਣਾਈਆ। ਲਹਿਣਾ ਦੇਣਾ ਕ਼ਰਜ਼ ਦਏ ਉਤਾਰ, ਲੱਖ ਚੁਰਾਸੀ ਹਿਸਾਬ ਰਿਹਾ ਮੁਕਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਸੱਤ ਸਮੁੰਦਰ ਰੋਵੇ ਮਸ ਬਨਾਸਪਤ ਰਹੀ ਕੁਰਲਾਈਆ। ਕਰੇ ਕਰਾਏ ਕਰਨੇਹਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਅਮਾਮ ਅਮਾਮਾਂ ਸਿਰ ਸੱਚਾ ਸ਼ਾਹ ਸਿਕਦਾਰ, ਸ਼ਾਹ ਨਵਾਬ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪੇ ਰਿਹਾ ਧਰਾਈਆ। ਧਰਿਆ ਨਾਉਂ ਨਿਹਕਲੰਕ, ਨਿਰਵੈਰ ਪੁਰਖ ਅਖਵਾਇਆ। ਜੁਗਾਦਿ ਵਜਾਏ ਸਾਚਾ ਡੰਕ, ਏਕਾ ਡੰਕਾ ਨਾਮ ਰਖਾਇਆ। ਲਹਿਣਾ ਦੇਣਾ ਚੁਕਾਏ ਰਾਓ ਰੰਕ, ਰਾਜ ਰਾਜਾਨ ਭੁਲ ਕੋਇ ਨਾ ਜਾਇਆ। ਲੱਖ ਚੁਰਾਸੀ ਵੇਖੇ ਕਾਇਆ ਬੰਕ, ਘਟ ਘਟ ਆਪਣਾ ਖੇਲ ਕਰਾਇਆ। ਆਵੇ ਜਾਵੇ ਵਾਰ ਅਨਕ, ਜੁਗ ਕਰਤਾ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇਆ। ਨਿਹਕਲੰਕਾ ਹਰਿ ਕਾ ਨਾਉਂ, ਰੂਪ ਰੰਗ ਨਾ ਕੋਇ ਰਖਾਈਆ। ਕਰੇ ਖੇਲ ਅਗੰਮ ਅਥਾਹੋ, ਬੇਪਰਵਾਹ ਵਡੀ ਵਡਿਆਈਆ। ਜੁਗ ਚੌਕੜੀ ਕਰੇ ਨਿਆਉਂ, ਸਚ ਅਦਾਲਤ ਆਪ ਕਮਾਈਆ। ਗੁਰ ਅਵਤਾਰਾਂ ਸਿਰ ਰੱਖੇ ਠੰਡੀ ਛਾਉਂ, ਸਮਰਥ ਆਪਣਾ ਹੱਥ ਟਿਕਾਈਆ। ਲੋਕਮਾਤ ਸੇਵ ਲਗਾਏ ਫੜ ਫੜ ਬਾਂਹੋਂ, ਧੁਰ ਫ਼ਰਮਾਨਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਇਕ ਵਖਾਈਆ। ਆਪਣਾ ਨਾਉਂ ਨਿਹਕਲੰਕ ਨਿਰੰਕਾਰ ਨਿਰਵੈਰ ਰੱਖ, ਨਿਰਧਨ ਸਰਧਨ ਵੇਖ ਵਖਾਇੰਦਾ। ਸਾਚੇ ਘਰ ਹੋ ਪਰਤੱਖ, ਸੰਬਲ ਸੋਭਾ ਪਾਇੰਦਾ। ਪਤਿਪਰਮੇਸ਼ਵਰ ਆਪੇ ਰੱਖੇ ਆਪਣੀ ਪਤ, ਪਤ ਪਤਵੰਤਾ ਵੇਸ ਵਟਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਿਸੇ ਕੋਲੋਂ ਨਾ ਲਏ ਮਤ, ਸਾਚੀ ਸਿਖਿਆ ਆਪ ਸਮਝਾਇੰਦਾ। ਲੱਖ ਚੁਰਾਸੀ ਬ੍ਰਹਮ ਪਾਰਬ੍ਰਹਮ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਹੱਡ ਮਾਸ ਨਾੜੀ ਵੇਖੇ ਰਤ, ਰਤੀ ਰਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪੇ ਗਾਇੰਦਾ। ਆਪਣਾ ਨਾਉਂ ਗਾਏ ਢੋਲਾ, ਲਿਖਣ ਪੜ੍ਹਨ ਵਿਚ ਨਾ ਆਈਆ। ਵੇਦ ਸ਼ਾਸਤਰ ਸਿਮਰਤ ਪੁਰਾਨ ਉਚੀ ਕੂਕਣ ਕਰਨ ਬੋਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਤੋਲ ਕਿਸੇ ਨਾ ਤੋਲਾ, ਅਤੋਲ ਅਤੁਲ ਤੋਲਿਆ ਨਾ ਜਾਈਆ। ਗੁਰ ਅਵਤਾਰਾਂ ਦੇਵੇ ਚੋਲਾ, ਪੰਜ ਤੱਤ ਕਾਇਆ ਕਰੇ ਕੁੜਮਾਈਆ। ਲੱਖ ਚੁਰਾਸੀ ਕੋਲੋਂ ਰੱਖੇ ਉਹਲਾ, ਘਰ ਘਰ ਵਿਚ ਮੁਖ ਛੁਪਾਈਆ। ਆਪਣੀ ਧਰਨੀ ਆਪੇ ਮੌਲਾ, ਆਪਣੀ ਰੁੱਤ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਲਏ ਪਰਗਟਾਈਆ। ਆਪ ਪਰਗਟਾਏ ਸਾਚਾ ਨਾਉਂ, ਆਦਿ ਜੁਗਾਦਿ ਭੇਵ ਖੁਲ੍ਹਾਇਆ। ਆਪ ਵਸਾਏ ਹਰ ਘਟ ਥਾਉਂ, ਘਟ ਘਟ ਸੋਭਾ ਪਾਇਆ। ਹਰਿਜਨ ਪਕੜੇ ਆਪੇ ਬਾਹੋਂ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਹਰਿ ਕਾ ਨਾਉਂ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਆਤਮ ਸੇਜਾ ਵੇਖ ਪਲੰਘ, ਪਰਮ ਪੁਰਖ ਪ੍ਰਭ ਆਸਣ ਲਾਈਆ। ਗ੍ਰਹਿ ਮੰਦਰ ਵੱਜੇ ਮਰਦੰਗ, ਨਿਜ ਆਤਮ ਢੋਲਾ ਗਾਈਆ। ਕਰੇ ਖੇਲ ਸੂਰਾ ਸਰਬੰਗ, ਘਰ ਸਾਚਾ ਇਕ ਸੁਹਾਈਆ। ਜੂਠੀ ਝੂਠੀ ਢਾਏ ਕੰਧ, ਭਾਂਡਾ ਭਰਮ ਭੌ ਭੰਨਾਈਆ। ਏਕਾ ਨੂਰ ਚੜ੍ਹਾਏ ਚੰਦ, ਰਵ ਸਸ ਮੁਖ ਸ਼ਰਮਾਈਆ। ਦਿਵਸ ਰੈਣ ਪਰਮਾਨੰਦ, ਘੜੀ ਪਲ ਨਾ ਵੰਡ ਵੰਡਾਈਆ। ਪੰਚਮ ਪੰਚ ਕਰੇ ਖੰਡ ਖੰਡ, ਏਕਾ ਖੰਡਾ ਨਾਮ ਚਮਕਾਈਆ। ਸੁਰਤ ਦੁਹਾਗਣ ਨਾ ਹੋਏ ਰੰਡ, ਕੰਤ ਸੁਹਾਗੀ ਲਏ ਮਿਲਾਈਆ। ਆਪੇ ਪਾਏ ਆਪਣਾ ਬੰਦੀ ਬੰਦ, ਬੰਧਨ ਏਕਾ ਹੱਥ ਰਖਾਈਆ। ਕਰਵਟ ਲਏ ਬਦਲੇ ਕੰਡ, ਆਪਣਾ ਪਰਦਾ ਦਏ ਚੁਕਾਈਆ। ਲਹਿਣਾ ਦੇਣਾ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਆਪਣੀ ਝੋਲੀ ਪਾਈਆ। ਪੰਧ ਮੁਕਾਏ ਕੋਟਨ ਕੋਟ ਬ੍ਰਹਿਮੰਡ, ਦੂਰ ਦੁਰਾਡਾ ਨੇਰਨ ਨੇਰ ਦਰਸ ਦਿਖਾਈਆ। ਆਦਿ ਜੁਗਾਦਿ ਆਪਣਾ ਨਾਉਂ ਸੁਣਾਏ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਨਾ ਦੇਵੇ ਦੰਡ, ਏਕਾ ਡੰਡਾਵਤ ਰਿਹਾ ਸਿਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਰੱਖਿਆ ਨਾਉਂ ਪੁਰਖ ਸਮਰਥ, ਏਕਾ ਨਾਦ ਸ਼ਬਦ ਜੈਕਾਰ। ਲਿਖ ਲਿਖ ਲੇਖ ਨਾ ਸਕੇ ਕੋਈ ਦੱਸ, ਜਗਤ ਵਿਦਿਆ ਨਾ ਕੋਈ ਵਿਚਾਰ। ਆਪੇ ਜਾਣੇ ਆਪਣੀ ਮਹਿਮਾ ਅਕਥ, ਕਥਨੀ ਕਥ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਨਿਰੰਕਾਰ ਖੇਲ ਖਿਲਾਇੰਦਾ, ਜੁਗਾ ਜੁਗੰਤਰ ਕਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਆਈ ਵਾਰ। ਗੁਰ ਅਵਤਾਰ ਮੁਖ ਸਾਲਾਹਿੰਦਾ, ਰਸਨਾ ਜੇਹਵਾ ਕਰ ਪੁਕਾਰ। ਨਿਹਕਲੰਕ ਵੇਸ ਵਟਾਇੰਦਾ, ਪਰਗਟ ਹੋਏ ਅਗੰਮ ਅਪਾਰ। ਆਪਣੀ ਕਰਨੀ ਆਪ ਕਰਾਇੰਦਾ, ਕਰੇ ਕਰਾਏ ਕਰਨੇਹਾਰ। ਦੂਸਰ ਓਟ ਨਾ ਕੋਇ ਰਖਾਇੰਦਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਚਾਰ ਜੁਗ ਦੀ ਰੀਤੀ ਵੇਖ ਵਖਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਵਣਹਾਰਾ ਸਾਰ। ਵਿਸ਼ਨ ਬ੍ਰਹਮਾ ਸ਼ਿਵ ਲੇਖਾ ਆਪ ਮੁਕਾਇੰਦਾ, ਲੇਖਾ ਲੇਖੇ ਵਿਚ ਡਾਰ। ਤ੍ਰੈਗੁਣ ਤੇਰੀ ਅੱਗ ਬੁਝਾਇੰਦਾ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਪੰਜ ਤੱਤ ਤੇਰਾ ਗੜ੍ਹ ਤੁੜਾਇੰਦਾ, ਨਾਮ ਖੰਡਾ ਫੜ ਕਟਾਰ। ਕਲਜੁਗ ਕੂੜਾ ਕੂੜ ਕੁੜਿਆਰਾ ਮੋਹ ਚੁਕਾਇੰਦਾ, ਨਾਮ ਸਤਿ ਕਰ ਜੈਕਾਰ। ਚਾਰ ਵਰਨਾਂ ਪੰਧ ਮੁਕਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਆਧਾਰ। ਅਠਾਰਾਂ ਬਰਨ ਆਪ ਖਪਾਇੰਦਾ, ਏਕਾ ਹੁਕਮੀ ਹੁਕਮ ਵਰਤਾਰ। ਉਚਾਂ ਨੀਚਾਂ ਏਕਾ ਰੰਗ ਵਖਾਇੰਦਾ, ਸ਼ਾਹ ਸੁਲਤਾਨਾਂ ਮਾਰੇ ਮਾਰ। ਵੇਦ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕ਼ੁਰਾਨਾ ਪੰਧ ਮੁਕਾਇੰਦਾ, ਖਾਣੀ ਬਾਣੀ ਖੇਲ ਨਿਆਰ। ਅਠਸਠ ਤੀਰਥ ਡੇਰਾ ਢਾਇੰਦਾ, ਗੰਗਾ ਗੋਦਾਵਰੀ ਜਮਨ ਸੁਰਸਤੀ ਹੋਏ ਹੈਰਾਨ। ਦੋ ਜਹਾਨਾਂ ਵੇਖ ਵਖਾਇੰਦਾ, ਵੇਖਣਹਾਰ ਸ੍ਰੀ ਭਗਵਾਨ। ਆਪਣਾ ਨਾਉਂ ਆਪ ਧਰਾਇੰਦਾ, ਨਿਹਕਲੰਕ ਬਲੀ ਬਲਵਾਨ। ਸਤਿ ਸਤਿਵਾਦੀ ਸਾਚਾ ਰਾਹ ਚਲਾਇੰਦਾ, ਸਤਿ ਪੁਰਖ ਨਿਰੰਜਣ ਝੁਲਾਏ ਸਚ ਨਿਸ਼ਾਨ। ਬੋਧ ਅਗਾਧੀ ਭੇਵ ਖੁਲ੍ਹਾਇੰਦਾ, ਆਪੇ ਹੋਇਆ ਹੁਕਮਰਾਨ। ਹੁਕਮੀ ਹੁਕਮ ਸਰਬ ਭਵਾਇੰਦਾ, ਰਵ ਸਸ ਮੰਡਲ ਮੰਡਪ ਜ਼ਿਮੀਂ ਅਸਮਾਨ ਮੰਨਣ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਏਕਾ ਹਰਿ, ਨਿਰਗੁਣ ਰੂਪ ਹੋਏ ਪਰਧਾਨ। ਨਿਰਗੁਣ ਰੂਪ ਸ਼ਾਹੋ ਭੂਪ, ਭੂਪਤ ਆਪਣੇ ਨਾਮ ਦਏ ਵਡਿਆਈਆ। ਲੇਖਾ ਜਾਣੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਨਾਤਾ ਤੋੜੇ ਜੂਠ ਝੂਠ, ਸਤਿਜੁਗ ਸਚ ਸੁੱਚ ਕਰੇ ਕੁੜਮਾਈਆ। ਦੀਨ ਦਿਆਲ ਠਾਕਰ ਅਬਿਨਾਸ਼ੀ ਗਿਆ ਤੁਠ, ਦੀਨਨ ਆਪਣੀ ਦਇਆ ਕਮਾਈਆ। ਜਗਤ ਦੁਕਾਨ ਜਾਏ ਲੁੱਟ, ਠਗ ਚੋਰ ਯਾਰ ਹਰਾਮ ਖ਼ੋਰ ਮੁਖ ਭਵਾਈਆ। ਸੁਤ ਦੁਲਾਰਾ ਇਕ ਉਪਜਾਏ ਸੁੱਤ, ਸਤਿਜੁਗ ਸਾਚਾ ਨਾਉਂ ਧਰਾਈਆ। ਆਪ ਸੁਹਾਏ ਸਾਚੀ ਰੁਤ, ਗੁਰਮਖ ਸਾਚੇ ਫੁਲ ਫੁਲਵਾੜੀ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਵਡਿਆਈਆ। ਨਾਉਂ ਨਿਰੰਕਾਰ ਹਰਿ ਗੋਬਿੰਦ, ਗੋਬਿੰਦ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਮੇਟੇ ਚਿੰਦ, ਚਿੰਤਾ ਗ਼ਮ ਨਾ ਕੋਇ ਰਖਾਇਆ। ਅੰਮ੍ਰਿਤ ਧਾਰਾ ਸਾਗਰ ਸਿੰਧ, ਗ੍ਰਹਿ ਸਰੋਵਰ ਨੀਰ ਵਹਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹਿਆ। ਹਰਿਜਨ ਉਪਜਾਏ ਆਪਣੀ ਬਿੰਦ, ਸੁਤ ਨਾਦੀ ਸੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਏਕਾ ਡੰਕਾ ਜਗਤ ਵਜਾਇਆ। ਸੋ ਪੁਰਖ ਨਿਰੰਜਣ ਆਦਿ ਅੰਤ, ਨਿਰਧਨ ਸਰਧਨ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਏਕੰਕਾਰਾ ਮਹਿਮਾ ਅਗਣਤ, ਭੇਵ ਅਭੇਦ ਆਪ ਖੁਲ੍ਹਾਇੰਦਾ। ਆਦਿ ਨਿਰੰਜਣ ਸੋਭਾਵੰਤ, ਸਾਚੇ ਮੰਦਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਸਾਚੇ ਸੰਤ, ਸੰਤ ਸੁਹੇਲੇ ਮੇਲ ਮਿਲਾਇੰਦਾ। ਸ੍ਰੀ ਭਗਵਾਨ ਵੇਖ ਵਖਾਏ ਸਾਚੇ ਭਗਤ, ਭਗਤ ਭਗਤੀ ਪਰਦਾ ਉਠਾਇੰਦਾ। ਪਾਰਬ੍ਰਹਮ ਲੇਖਾ ਜਾਣੇ ਜੀਵ ਜੰਤ, ਆਤਮ ਬ੍ਰਹਮ ਸਰਬ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਸਦ ਸਮਾਇੰਦਾ। ਆਦਿ ਜੁਗਾਦਿ ਖੇਲ ਅਪਾਰਾ, ਜੁਗ ਕਰਤਾ ਵੇਸ ਵਟਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਵੇਖ ਵਖਾਈਆ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਬੈਠਾ ਆਸਣ ਲਾਈਆ। ਭਗਤ ਭਗਵੰਤ ਦਏ ਸਹਾਰਾ, ਆਤਮ ਪਰਦਾ ਇਕ ਉਠਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਅੰਧ ਅੰਧੇਰਾ ਦਏ ਗਵਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਗ੍ਰਹਿ ਮੰਦਰ ਆਪ ਵਜਾਈਆ। ਅੰਮ੍ਰਿਤ ਸਰੋਵਰ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਦੇਵੇ ਦਰਸ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਹਰਿਜਨ ਮੇਲੇ ਆਪਣੇ ਦਵਾਰਾ, ਸਚ ਦਵਾਰਾ ਆਪ ਖੁਲ੍ਹਾਈਆ। ਪੰਚਮ ਮੇਟੇ ਝੂਠੀ ਧਾੜਾ, ਪੰਚਮ ਨਾਦ ਸ਼ਬਦ ਧੁਨ ਸ਼ਨਵਾਈਆ। ਪੰਚਮ ਕਰੇ ਜੈ ਜੈਕਾਰਾ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਸ੍ਰੀ ਭਗਵਾਨ, ਜੁਗ ਕਰਤਾ ਆਪ ਕਰਾਇੰਦਾ। ਭਗਤਾਂ ਦੇਵੇ ਭਗਤੀ ਦਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੰਤਨ ਵਖਾਏ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਇੰਦਾ। ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਆਤਮ ਵਿਦਿਆ ਇਕ ਪੜ੍ਹਾਇੰਦਾ। ਗੁਰਸਿਖ ਬਣਾਏ ਚਤੁਰ ਸੁਘੜ ਸੁਜਾਨ, ਬੁੱਧ ਬਿਬੇਕ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸਾਚੀ ਬੂਝ ਹਰਿ ਕਰਤਾਰ, ਗੁਰਮੁਖ ਵਿਰਲੇ ਆਪ ਜਣਾਈਆ। ਜੁਗਾ ਜੁਗੰਤਰ ਖੇਲ ਅਪਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਜੋਤ ਜੋਤ ਰੁਸ਼ਨਾਈਆ। ਭਗਤਨ ਵਖਾਏ ਸਚ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਿਵਸ ਰੈਣ ਏਕਾ ਧਾਰ, ਆਠ ਪਹਿਰ ਰੰਗ ਰੰਗਾਈਆ। ਡੂੰਘੀ ਭਵਰੀ ਪਾਵੇ ਸਾਰ, ਕਾਇਆ ਕਵਰੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਹਰਿ ਦਵਾਰ, ਹਰਿ ਮੰਦਰ ਆਪ ਸੁਹਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਕਰ ਕਿਰਪਾ ਪਰਦਾ ਲਾਹਿੰਦਾ। ਸ਼ਬਦੀ ਸ਼ਬਦ ਕਰੇ ਸਚ ਪਿਆਰ, ਪੀਆ ਪ੍ਰੀਤਮ ਪ੍ਰੇਮ ਕਮਾਇੰਦਾ। ਸੁਰਤੀ ਸੁਰਤ ਦਏ ਆਧਾਰ, ਸੁਰਤ ਸੁਆਣੀ ਆਪ ਉਠਾਇੰਦਾ। ਮੇਲ ਮਿਲਾਵਾ ਸਾਚੇ ਰਾਮ, ਰਮੱਯਾ ਆਪਣਾ ਰੂਪ ਵਟਾਇੰਦਾ। ਸਾਚੀ ਨੱਯਾ ਕਰ ਤਿਆਰ, ਸੰਸਾਰ ਸਾਗਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਹਰਿਜਨ ਹਰਿ ਸਾਚਾ ਰੰਗ, ਸਤਿ ਸਤਿਵਾਦੀ ਆਪ ਚੜ੍ਹਾਈਆ। ਆਤਮ ਸੇਜਾ ਵੇਖ ਪਲੰਘ, ਪੁਰਖ ਪੁਰਖੋਤਮ ਆਸਣ ਲਾਈਆ। ਦਿਵਸ ਰੈਣ ਵੱਜੇ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਅੱਠੇ ਪਹਿਰ ਧਾਰ ਗੰਗ, ਅੰਮ੍ਰਿਤ ਜਲ ਨੀਰ ਵਖਾਈਆ। ਸਚ ਦਵਾਰਾ ਆਪੇ ਲੰਘ, ਸਵੱਛ ਸਰੂਪ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਤੱਤ ਬੁਝਾਈਆ। ਏਕਾ ਤੱਤ ਸ਼ਬਦ ਗਿਆਨ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਕਾਇਆ ਮੰਦਰ ਸਚ ਮਕਾਨ, ਸਤਿਗੁਰ ਪੂਰਾ ਸੋਭਾ ਪਾਇੰਦਾ। ਦੀਪਕ ਜੋਤ ਜਗੇ ਮਹਾਨ, ਬਿਨ ਤੇਲ ਬਾਤੀ ਡਗਮਗਾਇੰਦਾ। ਦਿਵਸ ਰੈਣ ਦੇਵੇ ਫ਼ਰਮਾਨ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸੱਚਾ ਜਾਗਿਆ, ਜਿਸ ਆਤਮ ਬ੍ਰਹਮ ਵਿਚਾਰ। ਮਾਣਸ ਜਨਮ ਵਡ ਵਡ ਭਾਗਿਆ, ਪਾਇਆ ਪਰਮ ਪੁਰਖ ਕਰਤਾਰ। ਘਰ ਦੀਪਕ ਜੋਤ ਜਗੇ ਚਿਰਾਗ਼ਿਆ, ਮੇਟ ਮਿਟਾਏ ਅੰਧ ਅੰਧਿਆਰ। ਦੁਰਮਤ ਮੈਲ ਧੋਵੇ ਦਾਗ਼ਿਆ, ਕੂੜੀ ਕਿਰਿਆ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਉਭਾਰੀਅਨ, ਆਪ ਆਪਣੀ ਕਿਰਪਾ ਧਾਰ। ਦੇਵੇ ਦਰਸ ਅਗੰਮ ਅਪਾਰੀਅਨ, ਕਿਰਪਾਨਿਧ ਗੁਣ ਵਿਚਾਰ। ਮਾਣਸ ਜਨਮ ਪੈਜ ਸੁਆਰੀਅਨ, ਆਵਣ ਜਾਵਣ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਦਰਸ ਦੀਦਾਰ। ਦਰਸ ਦੀਦਾਰ ਨੇਤਰ ਨੈਣ, ਨਿਜ ਨੇਤਰ ਆਪ ਖੁਲ੍ਹਾਈਆ। ਰਸਨਾ ਜੇਹਵਾ ਨਾ ਸਕੇ ਕਹਿਣ, ਗੁਣ ਅਵਗੁਣ ਨਾ ਕੋਇ ਵਡਿਆਈਆ। ਹਰਿਜਨ ਹਰਿ ਧਾਮ ਇਕੱਠੇ ਰਹਿਣ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਲਹਿਣ ਦੇਣ, ਪੂਰਬ ਲੇਖਾ ਝੋਲੀ ਪਾਈਆ। ਪੂਰਬ ਲੇਖਾ ਪੂਰਬ ਲਹਿਣਾ, ਕਰਮ ਧਰਮ ਮੇਲ ਮਿਲਾਇੰਦਾ। ਸਤਿਗੁਰ ਦਰਸ ਨੇਤਰ ਨੈਣਾ, ਰੂਪ ਅਨੂਪ ਆਪ ਜਣਾਇੰਦਾ। ਸਦਾ ਸਦ ਸਚ ਭਾਣਾ ਸਹਿਣਾ, ਸਦ ਭਾਣਾ ਇਕ ਵਖਾਇੰਦਾ। ਤਨ ਬਸਤਰ ਪਾਏ ਏਕਾ ਗਹਿਣਾ, ਹਰਿ ਕਾ ਨਾਉਂ ਸ਼ੰਗਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਵੇਖ ਵਖਾਇੰਦਾ। ਦਰ ਸਾਚਾ ਸੋਭਾਵੰਤ, ਘਟ ਮੰਦਰ ਵੱਜੇ ਵਧਾਈਆ। ਪ੍ਰਭ ਪਾਇਆ ਪੂਰਨ ਭਗਵੰਤ, ਮਿਲਿਆ ਮੇਲ ਵਿਛੜ ਨਾ ਜਾਈਆ। ਗੜ੍ਹ ਤੁਟਾ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਹਰਿਜਨ ਮੇਲਾ ਸਾਚੀ ਸੰਗਤ, ਸੰਗਤ ਸੰਗ ਹਰਿ ਸਮਾਈਆ। ਜਨਮ ਜਨਮ ਜਨਮ ਬਣਾਏ ਬਣਤ, ਜਨਮ ਮਰਨ ਗੇੜ ਮੁਕਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਕਰਤਾ ਵੇਖ ਵਖਾਈਆ। ਸਰਬ ਜੀਆਂ ਦਾ ਏਕਾ ਕੰਤ, ਲੱਖ ਚੁਰਾਸੀ ਨਾਰ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਸਾਚੇ ਰਾਮ, ਰਾਮ ਰਮੱਯਾ ਮੇਲ ਮਿਲਾਇੰਦਾ। ਅੰਤਰ ਆਤਮ ਪਿਆਏ ਸਾਚਾ ਜਾਮ, ਨਾਮ ਪਿਆਲਾ ਹੱਥ ਰਖਾਇੰਦਾ। ਕਾਇਆ ਖੇੜੇ ਵਸੇ ਗਰਾਮ, ਸਾਚਾ ਮੰਦਰ ਆਪ ਸੁਹਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਜੋਤ ਨੂਰ ਡਗਮਗਾਇੰਦਾ। ਏਕਾ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਸੁਰਤੀ ਸ਼ਬਦ ਕਰੇ ਪਰਵਾਨ, ਸ਼ਬਦੀ ਆਪਣਾ ਬੰਧਨ ਪਾਇੰਦਾ। ਏਕਾ ਘਰ ਵਸਾਏ ਸੀਤਾ ਰਾਮ, ਰਾਮ ਸੀਤਾ ਆਪ ਹੋ ਜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਪੂਰਨ ਕਰੇ ਕਾਮ, ਕਰਤਾ ਆਪਣੀ ਕਰਨੀ ਆਪ ਕਰਾਇੰਦਾ। ਹਰਿਜਨ ਮੇਟੇ ਅੰਧੇਰੀ ਸ਼ਾਮ, ਸਾਚਾ ਚੰਦ ਆਪ ਚੜ੍ਹਾਇੰਦਾ। ਜਗਤ ਤ੍ਰਿਸਨਾ ਮਿਟੇ ਤਾਮ, ਹਰਖ ਸੋਗ ਨਾ ਕੋਇ ਵਖਾਇੰਦਾ। ਜਿਸ ਜਨ ਦੇਵੇ ਆਪਣਾ ਨਾਮ, ਨਾਉਂ ਨਿਰੰਕਾਰਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਰਾਮ ਨਾਮ ਇਕ ਵਰਤਾਇੰਦਾ। ਰਾਮ ਨਾਮ ਵਸਤ ਅਮੋਲ, ਆਦਿ ਜੁਗਾਦਿ ਰਖਾਈਆ। ਤ੍ਰੈਗੁਣ ਕੰਡੇ ਨਾ ਸਕੇ ਕੋਇ ਤੋਲ, ਚੌਦਾਂ ਲੋਕ ਦੇਣ ਦੁਹਾਈਆ। ਬ੍ਰਹਿਮੰਡ ਖੰਡ ਹੋਏ ਅਨਭੋਲ, ਵਿਸ਼ਨ ਬ੍ਰਹਮਾ ਸ਼ਿਵ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਉਂ ਰੱਖੇ ਵਡਿਆਈਆ। ਹਰਿ ਕਾ ਨਾਉਂ ਅਗੰਮ ਅਪਾਰ, ਲਿਖਣ ਪੜ੍ਹਨ ਵਿਚ ਨਾ ਆਇਆ। ਸਤਿਗੁਰ ਗੁਰ ਪਾਵੇ ਸਾਰ, ਆਪਣਾ ਪਰਦਾ ਆਪ ਉਠਾਇਆ। ਭਗਤਨ ਦੇਵੇ ਵਿਚ ਸੰਸਾਰ, ਕਾਇਆ ਅੰਦਰ ਅੰਦਰ ਆਪ ਟਿਕਾਇਆ। ਸੰਤਨ ਵਖਾਏ ਖੋਲ੍ਹ ਕਿਵਾੜ, ਬੰਦ ਤਾਕੀ ਪਰਦਾ ਲਾਹਿਆ। ਗੁਰਮੁਖਾਂ ਬਣੇ ਆਪ ਵਰਤਾਰ, ਘਰ ਘਰ ਸਾਚੀ ਸੇਵ ਕਮਾਇਆ। ਗੁਰਸਿਖਾਂ ਦੇਵੇ ਇਕ ਆਧਾਰ, ਨੇਤਰ ਲੋਚਣ ਨੈਣ ਦਰਸ ਕਰਾਇਆ। ਹਰਿਜਨ ਹਰਿ ਜੂ ਹਰਿ ਮੰਦਰ ਦਏ ਵਖਾਲ, ਘਰ ਘਰ ਵਿਚ ਹੋਏ ਸਹਾਇਆ। ਜੁਗ ਕਰਤਾ ਜਗ ਕਰੇ ਪ੍ਰਿਤਪਾਲ, ਜਨ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਵਜਾਏ ਮਰਦੰਗ, ਬ੍ਰਹਮ ਬਹਿਮਾਦਿ ਆਪ ਸੁਣਾਇਆ।