੧੬ ਭਾਦਰੋਂ ੨੦੧੮ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਮਹਿਮਾ ਸਿੰਘ ਵਾਲਾ ਜ਼ਿਲਾ ਲੁਧਿਆਣਾ
ਹਰਿਜਨ ਫੁਲਵਾੜੀ ਰੁੱਤ ਬਸੰਤ, ਆਦਿ ਜੁਗਾਦਿ ਹਰਿ ਲਗਾਇੰਦਾ। ਵੇਖ ਵਖਾਏ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਲੇਖਾ ਜਾਣੇ ਆਦਿ ਅੰਤ, ਬੇਅੰਤ ਖੇਲ ਖਿਲਾਇੰਦਾ। ਗੁਰਮੁਖ ਮੇਲੇ ਸਾਚੇ ਸੰਤ, ਦਰ ਦਵਾਰੇ ਸੋਭਾ ਪਾਇੰਦਾ। ਨਾਮ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭੁਆਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਸੋਭਾਵੰਤ, ਸੋ ਪੁਰਖ ਨਿਰਜੰਣ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ ਏਕਾ ਕੰਤ, ਕੰਤ ਕੰਤੂਹਲ ਖੇਲ ਖਿਲਾਇੰਦਾ। ਆਪ ਵਿਰੋਲੇ ਲੱਖ ਚੁਰਾਸੀ ਵਿਚੋਂ ਜੀਵ ਜੰਤ, ਨਾਮ ਮਧਾਣਾ ਏਕਾ ਪਾਇੰਦਾ। ਮਾਨਸ ਮਾਨੁਖ ਬਣਾਏ ਬਣਤ, ਘਾੜਣ ਘੜਨ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਪਜਾਇੰਦਾ। ਹਰਿਜਨ ਸਾਚਾ ਸਾਚੀ ਧਾਰ, ਨਿਰਗੁਣ ਸਰਗੁਣ ਆਪ ਪਰਗਟਾਈਆ। ਸਰਗੁਣ ਨਿਰਗੁਣ ਦਏ ਆਧਾਰ, ਨਿਰਗੁਣ ਬਾਤੀ ਜੋਤੀ ਡਗਮਗਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਗ੍ਰਹਿ ਮੰਦਰ ਨਾਦ ਧੁੰਨਕਾਰ, ਸ਼ਬਦ ਅਨਾਦੀ ਨਾਦ ਸੁਣਾਈਆ। ਅੰਧ ਅੰਧੇਰ ਦਏ ਨਿਵਾਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਡੂੰਘੀ ਭਵਰੀ ਪਾਵੇ ਸਾਰ, ਕਾਇਆ ਬੰਕ ਫੋਲ ਫੋਲਾਈਆ। ਸਰ ਸਰੋਵਰ ਦਏ ਨੁਹਾਲ, ਅੰਮ੍ਰਿਤ ਮੇਘ ਆਪ ਬਰਸਾਈਆ । ਭਗਤ ਵਛਲ ਸਦਾ ਕਿਰਪਾਲ, ਦੀਨਨ ਦੀਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਹਰਿ ਜੂ ਆਪ ਉਠਾਉਣਾ, ਆਪ ਆਪਣੀ ਕਿਰਪਾ ਧਾਰ। ਪੂਰਬ ਲਹਿਣਾ ਲੇਖੇ ਪਾਉਣਾ, ਜਨਮਾ ਜਨਮਾ ਪਾਵੇ ਸਾਰ। ਸਾਚਾ ਨਾਮ ਇਕ ਵਰਤਾਉਣਾ, ਨਾਮ ਅਨਮੋਲਾ ਅਗੰਮ ਅਪਾਰ। ਸਾਚੇ ਮੰਦਰ ਆਪ ਟਿਕਾਉਣਾ, ਬੰਦ ਕਿਵਾੜੀ ਖੋਲ੍ਹ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਜਾਏ ਉਭਾਰ। ਹਰਿਜਨ ਸਾਚਾ ਜਾਏ ਉਠ, ਸਤਿਗੁਰ ਪੂਰਾ ਆਪ ਉਠਾਈਆ। ਮਿਹਰਵਾਨ ਪ੍ਰਭ ਜਾਏ ਤੁਠ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਨੀਰ ਸੀਰ ਮੁਖ ਚੁਆਈਆ। ਪਰਕਾਸ਼ ਕਰਾਏ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਸਾ ਤ੍ਰਿਸਨਾ ਕੱਢੇ ਖੋਟ, ਮਾਇਆ ਮਮਤਾ ਮੋਹ ਮਿਟਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਪੰਜ ਤੱਤ ਬਣਾਏ ਕਾਇਆ ਕੋਟ, ਆਤਮ ਬ੍ਰਹਮ ਵਿਚ ਟਿਕਾਈਆ। ਤਨ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਪਾਈਆ। ਹਰਿਜਨ ਸਾਚਾ ਹਰਿ ਕਾ ਰੂਪ, ਮਮਤਾ ਮੋਹ ਨਾ ਕੋਇ ਰਖਾਇੰਦਾ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਮੇਲ ਮਿਲਾਇੰਦਾ। ਕਰੇ ਪਰਕਾਸ਼ ਚਾਰੇ ਕੂਟ, ਅੰਧ ਅੰਧੇਰ ਗੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਪਰਗਟਾਇੰਦਾ। ਹਰਿਜਨ ਸਾਚਾ ਹਰਿ ਹਰਿ ਰੰਗ, ਆਦਿ ਜੁਗਾਦਿ ਸਮਾਇਆ। ਪਾਰਬ੍ਰਹਮ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਆਤਮ ਸੇਜਾ ਇਕ ਪਲੰਘ, ਨਿਰਗੁਣ ਸਰਗੁਣ ਆਪ ਸੁਹਾਇਆ। ਅਗੰਮ ਅਗੰਮੜਾ ਵਜਾਏ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇਆ। ਗੁਰਸਿਖ ਸਾਚਾ ਹਰੀ ਹਰਿ ਜਨ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਭਾਣਾ ਰਿਹਾ ਮੰਨ, ਸਦ ਭਾਣੇ ਵਿਚ ਸਮਾਇੰਦਾ। ਇਕ ਸੁਣਾਏ ਰਾਗ ਕੰਨ, ਦੂਜੀ ਵਿਦਿਆ ਨਾ ਕੋਇ ਪੜ੍ਹਾਇੰਦਾ। ਸਾਚਾ ਦੇਵੇ ਨਾਮ ਧਨ, ਜਗਤ ਖ਼ਜ਼ਾਨਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਨਾਮ ਖ਼ਜ਼ਾਨਾ ਸਦਾ ਭਰਪੂਰ, ਹਰਿਜਨ ਸਾਚੇ ਆਪ ਵਰਤਾਈਆ। ਆਦਿ ਜੁਗਾਦਿ ਹਾਜ਼ਰ ਹਜ਼ੂਰ, ਵਿਛੜ ਕਦੇ ਨਾ ਜਾਈਆ। ਵਸਣਹਾਰਾ ਨੇੜੇ ਦੂਰ, ਸਵੱਛ ਸਰੂਪੀ ਰੂਪ ਵਟਾਈਆ। ਨਾਤਾ ਤੋੜੇ ਕੂੜੋ ਕੂੜ, ਕਲਜੁਗ ਕੂੜੀ ਕਿਰਿਆ ਦਏ ਖਪਾਈਆ। ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਮੂਰਖ ਮੁਗਧ ਹੋਈ ਮੂੜ੍ਹ, ਚਾਰ ਵਰਨਾਂ ਪਈ ਲੜਾਈਆ। ਕਿਤੇ ਨਾ ਮਿਲੇ ਸਾਚੀ ਧੂੜ, ਦੁਰਮਤ ਮੈਲ ਨਾ ਕੋਇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਤੇਰਾ ਥਾਨ ਥਨੰਤਰ, ਥਿਰ ਘਰ ਵਾਸੀ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਲੱਗੀ ਬਸੰਤਰ, ਅਗਨੀ ਤੱਤ ਸਰਬ ਜਲਾਇੰਦਾ। ਘਰ ਘਰ ਅੰਦਰ ਮਨ ਕਾ ਮੰਤਰ, ਮਨ ਵਾਸਨਾ ਸਰਬ ਕੁਰਲਾਇੰਦਾ। ਕੋਈ ਨਾ ਬਣਾਏ ਸਾਚੀ ਬਣਤਰ, ਆਤਮ ਬ੍ਰਹਮ ਨਾ ਕੋਇ ਵਖਾਇੰਦਾ। ਬੋਧ ਗਿਆਨ ਨਾ ਜਾਣੇ ਕੋਈ ਪੰਡਤ, ਜਗਤ ਵਿਦਿਆ ਸਭ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਵੇਖ ਵਖਾਉਣਾ, ਕਲਜੁਗ ਅੰਤਮ ਧਾਰ। ਪੁਰਖ ਅਬਿਨਾਸ਼ੀ ਖੇਲ ਕਰਾਉਣਾ, ਨਿਰਗੁਣ ਸਰਗੁਣ ਲਏ ਅਵਤਾਰ। ਨਾਮ ਡੰਕਾ ਇਕ ਵਜਾਉਣਾ, ਚਾਰ ਵਰਨਾਂ ਕਰੇ ਖ਼ਬਰਦਾਰ। ਊਚ ਨੀਚ ਰਾਓ ਰੰਕ ਏਕਾ ਰੰਗ ਰੰਗਾਉਣਾ, ਦੂਈ ਦਵੈਤੀ ਪਰਦਾ ਦੇਵੇ ਪਾੜ। ਏਕਾ ਮੰਤਰ ਨਾਮ ਦ੍ਰਿੜਾਉਣਾ, ਸੋ ਪੁਰਖ ਨਿਰੰਜਣ ਇਕ ਕਰਾਏ ਸਚ ਜੈਕਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਉਣਾ, ਸਾਚਾ ਮੰਦਰ ਖੋਲ੍ਹੇ ਇਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੁਰਤ ਸੰਭਾਲ। ਚਾਰ ਵਰਨ ਏਕਾ ਦਰ, ਪੁਰਖ ਅਬਿਨਾਸ਼ੀ ਆਪ ਖੁਲ੍ਹਾਈਆ। ਕਲਜੁਗ ਅੰਤਮ ਜਾਏ ਹਰ ਸਗਲਾ ਸੰਗ ਨਾ ਕੋਇ ਨਿਭਾਈਆ। ਬਰਨ ਅਠਾਰਾਂ ਆਪਣਾ ਕੀਤਾ ਲੈਣ ਭਰ, ਨੇਤਰ ਨੈਣਾਂ ਨੀਰ ਵਹਾਈਆ। ਜੂਠੇ ਝੂਠੇ ਜਾਇਣ ਹਰ, ਪੱਤ ਡਾਲ੍ਹੀ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਤੁੱਟੇ ਗੜ੍ਹ, ਹਉਮੇ ਹੰਗਤਾ ਹੋਏ ਸਫ਼ਾਈਆ। ਪਰਗਟ ਹੋਏ ਨਰਾਇਣ ਨਰ, ਨਿਹਕਲੰਕਾ ਨਾਉਂ ਰਖਾਈਆ। ਭਗਤਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਇਕ ਵਖਾਈਆ। ਪੂਰਬ ਲਹਿਣਾ ਦੇਵੇ ਫੜ ਫੜ, ਜਨਮ ਕਰਮ ਕਰਮ ਜਨਮ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਹਿਜ ਸੁਭਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਕਲਜੁਗ ਅੰਤਮ ਵੇਸ ਵਟਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦਿ ਬੇਪਰਵਾਹ, ਬੇਅੰਤ ਵੇਖ ਵਖਾਇੰਦਾ। ਹਰਿਜਨ ਸਾਚੇ ਮੇਲ ਮਿਲਾ, ਜਨ ਜਨਣੀ ਲੇਖੇ ਲਾਇੰਦਾ। ਏਕਾ ਮਾਰਗ ਦੇਵੇ ਪਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਏਕਾ ਅੱਖਰ ਦਏ ਪੜ੍ਹਾ, ਸੋ ਅੱਖਰ ਆਪ ਉਪਜਾਇੰਦਾ। ਹੰ ਬ੍ਰਹਮ ਦਏ ਜਣਾ, ਪਾਰਬ੍ਰਹਮ ਸੇਵ ਕਮਾਇੰਦਾ। ਨਿਹਕਰਮੀ ਕਰਮ ਕਮਾ, ਕਰਮ ਕਾਂਡ ਮੇਟ ਮਿਟਾਇੰਦਾ। ਵਰਨ ਬਰਨ ਡੇਰਾ ਢਾਹ, ਭਾਂਡਾ ਭਰਮ ਭਓ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਤ ਬਣਾਇੰਦਾ। ਹਰਿਜਨ ਜਾਣੇ ਹਰਿ ਕਾ ਰੂਪ, ਹਰਿ ਹਰਿ ਵਿਚ ਸਦ ਸਮਾਈਆ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿਵਾਦੀ ਵੇਖ ਵਖਾਈਆ। ਏਕਾ ਤਾਗਾ ਏਕਾ ਸੂਤ, ਏਕਾ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਬ੍ਰਹਮ ਇਕ ਦਰਸਾਈਆ। ਆਤਮ ਬ੍ਰਹਮ ਬ੍ਰਹਮ ਉਜਿਆਰਾ, ਪਾਰਬ੍ਰਹਮ ਕਰਾਇੰਦਾ। ਘਰ ਘਰ ਅੰਦਰ ਸਚ ਦਵਾਰਾ, ਧੁਰ ਦਰਬਾਰਾ ਆਪ ਵਖਾਇੰਦਾ। ਟੇਢੀ ਬੰਕ ਪਾਰ ਕਿਨਾਰਾ, ਸਾਚਾ ਮਾਰਗ ਆਪ ਜਣਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਗ੍ਰਹਿ ਗ੍ਰਹਿ ਦੀਪਕ ਆਪ ਜਗਾਇੰਦਾ। ਦਿਵਸ ਰੈਣ ਨਾਦ ਧੁੰਨਕਾਰਾ, ਅਨਹਦ ਸ਼ਬਦ ਅਲਾਇੰਦਾ। ਪੰਚਮ ਮਿਲ ਮਿਲ ਮੰਗਲਚਾਰਾ, ਦਰ ਸਾਚੇ ਸੋਭਾ ਪਾਇੰਦਾ। ਹਿੰਦੂ ਮੁਸਲਿਮ ਸਿੱਖ ਈਸਾਈ ਨਾ ਕੋਇ ਵਿਚਾਰਾ, ਈਸ਼ ਜੀਵ ਸਮਝਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਭੇਦ ਨਾ ਆਇੰਦਾ। ਸ਼ਰਅ ਸ਼ਰੀਅਤ ਮਾਰੇ ਮਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਵਖਾਇੰਦਾ। ਹਰਿ ਕੀ ਧਾਰ ਡੂੰਘਾ ਸਾਗਰ, ਗੁਰਮੁਖ ਵਿਰਲੇ ਬੂਝ ਬੁਝਾਈਆ। ਜਿਸ ਜਨ ਦੇਵੇ ਨਾਮ ਰਤੀ ਰਤਨਾਗਰ, ਰਤਨ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਵਣਜ ਕਰਾਏ ਸਚ ਸੌਦਾਗਰ, ਸਾਚੀ ਦਾਤ ਇਕ ਵਖਾਈਆ। ਭਾਗ ਲਗਾਏ ਕਾਇਆ ਗਾਗਰ, ਪੰਜ ਤੱਤ ਕਰ ਰੁਸ਼ਨਾਈਆ। ਚਾਰ ਵਰਨਾਂ ਦੇਵੇ ਆਦਰ, ਹਰਿਜਨ ਬਖ਼ਸ਼ੇ ਸਰਨ ਸਰਨਾਈਆ। ਕਰੇ ਖੇਲ ਕਰੀਮ ਕ਼ਾਦਰ, ਕ਼ੁਦਰਤ ਕਰਤਾ ਵੇਖ ਵਖਾਈਆ। ਰਾਗ ਸੁਣਾਏ ਏਕਾ ਦਾਦਰ, ਦਰੂਦ ਕਰੇ ਪੜ੍ਹਾਈਆ। ਲੇਖਾ ਜਾਣੇ ਪਿਸਰ ਪਿਦਰ ਮਾਦਰ, ਮਿਹਰਬਾਨ ਬੀਦੋ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਚਾਰ ਵਰਨ ਹਰਿਜਨ ਟੇਕ, ਏਕਾ ਇਸ਼ਟ ਵਖਾਇੰਦਾ। ਬੁਧੀ ਕਰੇ ਆਪ ਬਿਬੇਕ, ਮੰਤਰ ਗਿਆਨ ਇਕ ਦ੍ਰਿੜਾਇੰਦਾ। ਮਨ ਮਤ ਮੇਟੇ ਰੇਖ, ਗੁਰਮਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਬਣਾਇੰਦਾ। ਚਾਰ ਵਰਨ ਪਾਵੇ ਸਾਰ, ਚਾਰੋਂ ਕੁੰਟ ਵੇਖ ਵਖਾਈਆ। ਚੌਥੇ ਜੁਗ ਕਰ ਵਿਚਾਰ, ਚਾਰ ਯਾਰੀ ਫੋਲ ਫੋਲਾਈਆ। ਚਾਰ ਵੇਦਾਂ ਦਏ ਆਧਾਰ, ਚਾਰ ਬਾਣੀ ਕਰੇ ਪੜ੍ਹਾਈਆ। ਚਾਰੇ ਖਾਣੀ ਹੋ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਕਰੇ ਖੇਲ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਚਲਾਈ ਆਪਣੀ ਰੀਤਾ, ਵੇਸ ਅਨੇਕ ਧਰਾਈਆ। ਕਲਜੁਗ ਵੇਲਾ ਅੰਤਮ ਬੀਤਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਆਪਣਾ ਘਰ, ਦਰ ਘਰ ਸਾਚਾ ਇਕ ਸਮਝਾਈਆ। ਸਾਚਾ ਘਰ ਸਾਢੇ ਤਿੰਨ ਹੱਥ, ਰਵਦਾਸ ਚਮਾਰਾ ਲੇਖ ਲਿਖਾਇੰਦਾ। ਗੁਰਮਖ ਵਿਰਲੇ ਆਵੇ ਹੱਥ, ਲੱਖ ਚੁਰਾਸੀ ਸਰਬ ਕੁਰਲਾਇੰਦਾ। ਜਿਸ ਜਨ ਕਿਰਪਾ ਕਰੇ ਪੁਰਖ ਸਮਰਥ, ਸੋ ਜਨ ਬੂਝ ਬੁਝਾਇੰਦਾ। ਨਜ਼ਰੀ ਆਏ ਘਟ ਘਟ, ਘਟ ਅੰਤਰ ਸੋਭਾ ਪਾਇੰਦਾ। ਭਾਗ ਲਗਾਏ ਕਾਇਆ ਮਟ, ਕੰਚਨ ਗੜ੍ਹ ਆਪ ਵਖਾਇੰਦਾ। ਲੇਖਾ ਜਾਣੇ ਗੰਗਾ ਘਾਟ, ਜਗਤ ਕਸੀਰਾ ਵੇਖ ਵਖਾਇੰਦਾ। ਆਤਮ ਪਰਮਾਤਮ ਬੱਧਾ ਨਾਤ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਬ੍ਰਹਮ ਗਿਆਨ ਸਮਝਾਇੰਦਾ। ਏਕਾ ਬ੍ਰਹਮ ਇਕ ਗਿਆਨਾ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਘਰ ਇਕ ਮਕਾਨਾ, ਏਕਾ ਬੈਠਾ ਆਸਣ ਲਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਰਿਹਾ ਸੁਣਾਈਆ। ਏਕਾ ਦਾਨੀ ਏਕਾ ਦਾਨਾ, ਏਕਾ ਦਾਤ ਰਿਹਾ ਵਰਤਾਈਆ। ਏਕਾ ਰੂਪ ਸ੍ਰੀ ਭਗਵਾਨਾ, ਆਦਿ ਜੁਗਾਦਿ ਸਮਾਈਆ। ਕਲਜੁਗ ਅੰਤਮ ਹੋ ਪਰਧਾਨਾ, ਨਿਹਕਲੰਕਾ ਨਾਉਂ ਰਖਾਈਆ। ਸਚ ਸੁੱਚ ਝੁਲਾਏ ਇਕ ਨਿਸ਼ਾਨਾ, ਸਚਖੰਡ ਨਿਵਾਸੀ ਆਪਣਾ ਬਲ ਧਰਾਈਆ। ਕੂੜੀ ਕਿਰਿਆ ਮੇਟੇ ਵਿਚ ਜਹਾਨਾ, ਜੂਠ ਝੂਠ ਰਹਿਣ ਨਾ ਪਾਈਆ। ਚਾਰ ਵਰਨਾਂ ਬੰਨ੍ਹੇ ਏਕ ਗਾਨਾ, ਨਾਮ ਬੰਧਨ ਆਪਣੇ ਹੱਥ ਰਖਾਈਆ। ਆਪੇ ਤੋੜੇ ਮਾਣ ਅਭਿਮਾਨਾ, ਚਰਨ ਧਿਆਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਆਪਣਾ ਪਰਦਾ ਹਰਿ ਉਠੌਣਾ, ਨਵ ਖੰਡ ਪ੍ਰਿਥਮੀ ਖੇਲ ਖਿਲਾਇੰਦਾ। ਸੱਤਾਂ ਦੀਪਾਂ ਵੇਖ ਵਖੌਣਾ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਲੌਣਾ, ਸੁਰਪਤ ਇੰਦ ਨਾਲ ਰਲਾਇੰਦਾ। ਜੁਗ ਚੌਕੜੀ ਵੇਖ ਵਖੌਣਾ, ਨਵ ਨੌਂ ਚਾਰ ਖੇਲ ਖਿਲਾਇੰਦਾ। ਹਰਿਜਨ ਸਾਚੇ ਆਪ ਜਗੌਣਾ, ਸ਼ਬਦ ਹੁਲਾਰਾ ਇਕ ਲਗਾਇੰਦਾ। ਦਰ ਦਵਾਰੇ ਮੇਲ ਮਿਲੌਣਾ, ਜਗਤ ਵਿਛੋੜਾ ਆਪ ਕਟਾਇੰਦਾ। ਸਾਚਾ ਸੰਤ ਆਪ ਬਣੌਣਾ, ਪੁਰਖ ਅਬਿਨਾਸ਼ੀ ਸੇਵ ਕਮਾਇੰਦਾ। ਚਾਰ ਵਰਨਾਂ ਭੈਣਾਂ ਭੱਯਾ ਸਨਬੰਧ ਰਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਧਾਰ ਆਪ ਚਲਾਇੰਦਾ। ਸਾਚੀ ਧਾਰ ਜਗਤ ਧਰਮਸਾਲ, ਧੁਰ ਦਰਗਾਹੀ ਆਪ ਚਲਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਰਾਜ ਰਾਜਾਨ ਨਾ ਕੋਇ ਵਡਿਆਈਆ। ਸ੍ਰਿਸ਼ਟ ਸਬਾਈ ਰਿਹਾ ਸੁਰਤ ਸੰਭਾਲ, ਲੱਖ ਚੁਰਾਸੀ ਭੁਲ ਕਦੇ ਨਾ ਜਾਈਆ। ਹਰਿਜਨ ਦੇਵੇ ਨਾਮ ਸੱਚਾ ਧਨ ਮਾਲ, ਅਤੋਟ ਅਤੁਟ ਰਖਾਈਆ। ਫਲ ਲਗਾਏ ਸਾਚੇ ਡਾਲ, ਪੱਤ ਡਾਲ੍ਹੀ ਆਪ ਮਹਿਕਾਈਆ। ਏਥੇ ਓਥੇ ਕਰੇ ਸੰਭਾਲ, ਸਮਰਥ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰ ਇਕ ਭਗਵਾਨ, ਆਦਿ ਜੁਗਾਦਿ ਸਮਾਇੰਦਾ। ਜਿਸ ਜਨ ਦੇਵੇ ਭਗਤੀ ਦਾਨ, ਭਗਤ ਭਗਵੰਤ ਮੇਲ ਮਿਲਾਇੰਦਾ। ਸੁਰਤ ਮਿਲਾਏ ਸ਼ਬਦੀ ਕਾਹਨ, ਸਾਚੀ ਬੰਸਰੀ ਨਾਮ ਵਜਾਇੰਦਾ। ਭਾਗ ਲਗਾਏ ਤੱਤ ਮਕਾਨ, ਪੰਚਮ ਗੜ੍ਹ ਸੁਹਾਇੰਦਾ। ਦਰਸ ਦਿਖਾਏ ਦਰ ਘਰ ਆਣ, ਸਤਿ ਸਰੂਪੀ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਫੜਾਏ ਆਪਣਾ ਲੜ, ਏਕਾ ਪੱਲੂ ਗੰਢ ਦਿਵਾਇੰਦਾ। ਸਾਚਾ ਪੱਲੂ ਹਰਿਜਨ ਫੜ, ਆਪਣਾ ਬੰਧਨ ਪਾਈਆ। ਸਰਗੁਣ ਅੰਦਰ ਨਿਰਗੁਣ ਜਾਏ ਵੜ, ਸਚ ਸਿੰਘਾਸਣ ਆਸਣ ਲਾਈਆ। ਨਿਸ਼ਅੱਖਰ ਆਪਣਾ ਨਾਉਂ ਪੜ੍ਹ, ਬੋਧ ਅਗਾਧ ਕਰੇ ਪੜ੍ਹਾਈਆ। ਸੋਭਾਵੰਤ ਸੁਹਾਏ ਘਰ ਘਰ, ਘਰ ਵਿਚ ਵੱਜੇ ਵਧਾਈਆ। ਹਰਿਜਨ ਮੇਲਾ ਆਪੇ ਕਰ, ਜਗਤ ਵਿਛੋੜਾ ਫੰਦ ਕਟਾਈਆ। ਨਾ ਜਨਮੇ ਨਾ ਜਾਏ ਮਰ, ਸੋ ਸਤਿਗੁਰ ਸੱਜਣ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਕੋਟੰਤ ਗਗਨ ਗਗਨ ਨਿਵਾਸਾ, ਗ੍ਰਹਿ ਮੰਦਰ ਆਪ ਕਰਾਈਆ। ਗ੍ਰਹਿ ਦੀਪ ਜੋਤ ਪਰਕਾਸ਼ਾ, ਭੇਵ ਅਭੇਦ ਰਖਾਈਆ। ਨਿਰਵੈਰ ਖੇਲ ਤਮਾਸ਼ਾ, ਨਿਰਗੁਣ ਧਾਰ ਚਲਾਈਆ। ਅਲਖ ਅਗੰਮ ਅਗੋਚਰ ਆਪਣੀ ਪਾਏ ਰਾਸਾ, ਮੰਡਲ ਰਾਸ ਰਚਾਈਆ। ਭੇਵ ਨਾ ਜਾਣੇ ਪ੍ਰਿਥਮੀ ਆਕਾਸ਼ਾ, ਬ੍ਰਹਮਾ ਵੇਤਾ ਨੈਣ ਸ਼ਰਮਾਈਆ। ਚਾਰੇ ਵੇਦ ਨਾ ਕਰੇ ਕੋਇ ਖ਼ੁਲਾਸਾ, ਪੁਰਾਨ ਅਠਾਰਾਂ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਘਟਨਾ ਆਪੇ ਵੇਖ ਵਖਾਈਆ । ਕਟੰਕ ਰੂਪ ਸ੍ਰੀ ਭਗਵਾਨ, ਨਿਹਕਲੰਕ ਖੇਲ ਖਿਲਾਇੰਦਾ। ਕੱਕਾ ਕਰ ਨਾ ਸਕੇ ਕੋਇ ਵਖਾਨ, ਮਤ ਬੁਧ ਭੇਵ ਨਾ ਕੋਇ ਪਾਇੰਦਾ। ਟੈਂਕਾ ਟੱਲ ਵਜਾਏ ਸਰਬ ਜਹਾਨ, ਰਸਨਾ ਜੇਹਵਾ ਜੀਵ ਹਿਲਾਇੰਦਾ। ਟਿੱਪੀ ਵੇਖੋ ਦੋ ਜਹਾਨ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਕੱਕਾ ਰੂਪ ਵਖਾਇੰਦਾ। ਕੱਕਾ ਕਲ ਹਰਿ ਜੂ ਧਾਰ, ਕਲਵੰਤਾ ਖੇਲ ਖਿਲਾਇੰਦਾ। ਟਹਿਕ ਮਹਿਕ ਰਿਹਾ ਸੰਸਾਰ, ਦੀਪ ਲੋਏ ਡੇਰਾ ਲਾਇੰਦਾ। ਕ਼ੁਦਰਤ ਕ਼ਾਦਰ ਕਰ ਵਿਚਾਰ, ਆਪ ਆਪਣੇ ਵਿਚ ਛੁਪਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਭੇਵ ਅਭੇਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਿਖ ਆਪਣੇ ਹੱਥ ਰਖਾਇੰਦਾ। ਜਗਤ ਬੁਧੀ ਜਗਤ ਵਿਚਾਰ, ਜੁਗ ਜੁਗ ਕਰੇ ਪੜ੍ਹਾਈਆ। ਜਿਸ ਲਿਖਿਆ ਸੋ ਪਾਵੇ ਸਾਰ, ਨਿਸ਼ਅੱਖਰ ਨਜ਼ਰ ਨਾ ਆਈਆ। ਇਕ ਇਕੱਲਾ ਏਕੰਕਾਰ, ਆਪਣਾ ਖੇਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਹਰਿ ਕਰਤਾਰ ਆਪ ਚਲਾਈਆ।
