Granth 10 Likhat 189: 18 Bhadron 2018 Bikarmi Polo Singh de Greh Pakhowal Jila Ludhiana

੧੮ ਭਾਦਰੋਂ ੨੦੧੮ ਬਿਕ੍ਰਮੀ ਪੋਲੋ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਨਿਰਗੁਣ ਰੂਪ ਹਰਿ ਨਿਰੰਕਾਰਾ, ਨੂਰੋ ਨੂਰ ਸਮਾਇੰਦਾ। ਸ਼ਬਦੀ ਸ਼ਬਦ ਖੇਲ ਨਿਆਰਾ, ਗੁਰ ਗੁਰ ਵੇਸ ਵਟਾਇੰਦਾ। ਭਗਤੀ ਭਗਤ ਭਗਤ ਸਹਾਰਾ, ਭਗਤ ਭਗਵੰਤ ਖੇਲ ਖਿਲਾਇੰਦਾ। ਸੰਤਨ ਸਤਿ ਨਾਮ ਉਜਿਆਰਾ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਮੁਖ ਖੋਲ੍ਹੇ ਬੰਦ ਕਿਵਾੜਾ, ਸਚ ਦਵਾਰਾ ਆਪ ਵਖਾਇੰਦਾ। ਗੁਰਸਿਖਾਂ ਦੇਵੇ ਸਚ ਪਿਆਰਾ, ਸਚ ਪ੍ਰੀਤੀ ਆਪ ਨਿਭਾਇੰਦਾ। ਮਨਮੁਖਾਂ ਦੇਵੇ ਜਗਤ ਵਿਕਾਰਾ, ਜੂਠਾ ਝੂਠਾ ਬੰਧਨ ਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਆਦਿ ਜੁਗਾਦੀ ਵੇਖ ਵਖਾਇੰਦਾ। ਜੁਗਾ ਜੁਗੰਤਰ ਹੋ ਤਿਆਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਦਏ ਆਧਾਰਾ, ਰਵ ਸਸ ਨੂਰ ਚਮਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਇਕ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਿਰਗੁਣ ਰੂਪ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇੰਦਾ। ਸ਼ਬਦ ਰੂਪ ਹੋ ਪਰਧਾਨ, ਗੁਰ ਗੁਰ ਵੇਖ ਵਖਾਇੰਦਾ। ਭਗਤਨ ਦੇਵੇ ਬ੍ਰਹਮ ਗਿਆਨ, ਆਤਮ ਦ੍ਰਿਸ਼ਟੀ ਦ੍ਰਿਸ਼ਟ ਖੁਲ੍ਹਾਇੰਦਾ। ਸੰਤਨ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਗੁਰਮੁਖਾਂ ਵਖਾਏ ਇਕ ਮਕਾਨ, ਘਰ ਘਰ ਵਿਚ ਸੋਭਾ ਪਾਇੰਦਾ। ਗੁਰਸਿਖਾਂ ਬਖ਼ਸ਼ੇ ਇਕ ਧਿਆਨ, ਚਰਨ ਧਿਆਨ ਇਕ ਲਗਾਇੰਦਾ। ਮਨਮੁਖ ਜੀਵ ਸਰਬ ਕੁਰਲਾਣ, ਝੂਠੇ ਧੰਦੇ ਆਪੇ ਲਾਇੰਦਾ। ਜੁਗਾ ਜੁਗੰਤਰ ਲੇਖਾ ਜਾਣੇ ਦੋ ਜਹਾਨ, ਜੁਗ ਕਰਤਾ ਆਪ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਇੰਦਾ। ਆਦਿ ਪੁਰਖ ਏਕਾ ਹਰਿ, ਨਿਰਗੁਣ ਰੂਪ ਧਰਾਈਆ। ਗੁਰ ਗੁਰ ਰੂਪ ਮਾਤ ਧਰ, ਸ਼ਬਦੀ ਸ਼ਬਦ ਡੰਕ ਵਜਾਈਆ। ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਸੰਤ ਸੁਹਾਗੀ ਨਾਰੀ ਨਰ, ਨਰ ਨਰਾਇਣ ਸੇਜ ਸੁਹਾਈਆ। ਗੁਰਮੁਖ ਸਾਜਨ ਲਏ ਫੜ, ਨਾਮ ਡੋਰੀ ਬੰਧਨ ਪਾਈਆ। ਗੁਰਸਿਖ ਮੇਲੇ ਆਪਣੇ ਲੜ, ਏਕਾ ਪੱਲੂ ਗੰਢ ਦਿਵਾਈਆ। ਮਨਮੁਖ ਦਰ ਤੋਂ ਜਾਇਣ ਡਰ, ਨੇਰਨ ਨੇਰ ਨਾ ਕੋਇ ਆਈਆ। ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਹਰਿ ਆਪਣੀ ਖੇਲ ਖਿਲਾਈਆ। ਬ੍ਰਹਿਮੰਡਾਂ ਖੰਡਾਂ ਆਪਣਾ ਨੂਰ ਧਰ, ਜੋਤੀ ਜੋਤ ਜੋਤ ਰੁਸ਼ਨਾਈਆ। ਵੇਸ ਅਵੱਲੜਾ ਆਪੇ ਕਰ, ਜੁਗ ਜੁਗ ਆਪਣਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਮਾਤ ਧਰ, ਦੁਆਪਰ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਚੜ੍ਹਾਈਆ। ਨਿਰਗੁਣ ਰੂਪ ਸ੍ਰੀ ਭਗਵੰਤ, ਏਕਾ ਰੰਗ ਸਮਾਇੰਦਾ। ਗੁਰ ਗੁਰ ਰੂਪ ਆਦਿ ਅੰਤ, ਜੁਗ ਕਰਤਾ ਵੇਸ ਵਟਾਇੰਦਾ। ਭਗਤਨ ਨਾਮ ਨਾਮਾ ਮੰਤ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸੰਤਨ ਸੁਹਾਏ ਧਾਮ ਸੋਭਾਵੰਤ, ਘਰ ਸਾਚਾ ਆਪ ਵਖਾਇੰਦਾ। ਗੁਰਮੁਖ ਉਭਾਰੇ ਲੱਖ ਚੁਰਾਸੀ ਵਿਚੋਂ ਜੰਤ, ਜਾਗਰਤ ਜੋਤ ਆਪ ਜਗਾਇੰਦਾ। ਗੁਰਸਿਖ ਬਣਾਏ ਬਣਤ, ਸਾਚੀ ਸਿਖਿਆ ਇਕ ਸਮਝਾਇੰਦਾ। ਮਨਮੁਖ ਵਸਾਏ ਹਉਮੇ ਗੜ੍ਹ ਹੰਗਤ, ਮਾਇਆ ਮਮਤਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਪੁਰਖ ਅਗੰਮ, ਏਕਾ ਏਕ ਚਲਾਈਆ। ਗੁਰ ਗੁਰ ਰੂਪ ਸ੍ਰੀ ਭਗਵਾਨ, ਸਚ ਮੇਲਾ ਸਹਿਜ ਸੁਭਾਈਆ। ਭਗਤਨ ਦੇਵੇ ਨਾਮ ਧਨ, ਸਾਚਾ ਵਣਜ ਇਕ ਕਰਾਈਆ। ਸੰਤਨ ਬੇੜਾ ਦੇਵੇ ਬੰਨ੍ਹ, ਵੰਜ ਮੁਹਾਣਾ ਇਕ ਵਖਾਈਆ। ਗੁਰਮੁਖ ਰਾਗ ਸੁਣਾਏ ਕੰਨ, ਆਤਮ ਧੁਨ ਆਪ ਉਪਜਾਈਆ। ਗੁਰਸਿਖ ਵੇਖੇ ਸਾਚਾ ਜਨ, ਜਨ ਜਨਨੀ ਲੇਖੇ ਲਾਈਆ। ਮਨਮੁਖਾਂ ਦੇਵੇ ਹਰਿ ਜੂ ਡੰਨ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਹੁਕਮੇ ਅੰਦਰ ਸੂਰਜ ਚੰਨ, ਕੋਟਨ ਕੋਟ ਬ੍ਰਹਿਮੰਡ ਰਿਹਾ ਭਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਰਹੇ ਮੰਨ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਅਕਲ ਕਲਾ ਸਮਾਇੰਦਾ। ਆਦਿ ਸ਼ਕਤ ਖੇਲ ਨਿਰਾਲ, ਨੂਰ ਨੁਰਾਨਾ ਡਗਮਗਾਇੰਦਾ। ਚਤੁਰਭੁਜ ਹੋ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਸਚਖੰਡ ਵਸ ਸੱਚੀ ਧਰਮਸਾਲ, ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਥਿਰ ਘਰ ਬੈਠ ਆਪ ਦਿਆਲ, ਦਇਆ ਨਿਧ ਨਾਉਂ ਧਰਾਇੰਦਾ। ਆਪਣੀ ਇਛਿਆ ਪਰਗਟ ਕਰ ਮਹਾਕਾਲ, ਮਹਾਕਾਲ ਆਪਣੀ ਗੋਦ ਬਹਾਇੰਦਾ। ਆਦਿ ਜੁਗਾਦੀ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਰਤ ਸੰਭਾਲ, ਸਾਚੀ ਸਿਖਿਆ ਇਕ ਸਮਝਾਇੰਦਾ। ਤ੍ਰੈਗੁਣ ਦੇਵੇ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਵਰਤਾਇੰਦਾ। ਫਲ ਲਗਾਏ ਸਾਚੇ ਡਾਲ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ, ਅਨਭਵ ਪਰਕਾਸ਼ ਕਰਾਇੰਦਾ। ਗੁਰ ਗੁਰ ਲਏ ਮਾਤ ਅਵਤਾਰ, ਜੋਤੀ ਜੋਤ ਡਗਮਗਾਇੰਦਾ। ਸ਼ਬਦੀ ਸ਼ਬਦ ਨਾਦ ਧੁਨਕਾਰ, ਲੱਖ ਚੁਰਾਸੀ ਆਪ ਸੁਣਾਇੰਦਾ। ਪੰਚਮ ਪੰਚ ਕਰ ਪਿਆਰ, ਪੰਚਮ ਮੇਲਾ ਸਚ ਦਰਬਾਰ, ਪੰਚਮ ਰਾਗੀ ਰਾਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਾਚਾ ਹਰਿ, ਸਾਚਾ ਵੇਸ ਆਪ ਧਰਾਇੰਦਾ। ਨਿਰਗੁਣ ਵੇਸ ਆਦਿ ਅਵੱਲਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਗੁਰ ਗੁਰ ਫੜਾਏ ਸਾਚਾ ਪੱਲਾ, ਏਕਾ ਪੱਲੂ ਨਾਮ ਵਖਾਈਆ। ਭਗਤਨ ਵਖਾਏ ਨਿਹਚਲ ਧਾਮ ਅਟੱਲਾ, ਉਚ ਮਹੱਲਾ ਸੋਭਾ ਪਾਈਆ। ਸੰਤਨ ਸਚ ਸੰਦੇਸ ਏਕਾ ਘੱਲਾ, ਨਿਸ਼ਅੱਖਰ ਕਰੇ ਪੜ੍ਹਾਈਆ। ਗੁਰਮੁਖਾਂ ਆਤਮ ਜੋਤੀ ਆਪੇ ਬਲਾ, ਨੂਰ ਨੁਰਾਨਾ ਡਗਮਗਾਈਆ। ਗੁਰਸਿਖਾਂ ਕਾਇਆ ਮੰਦਰ ਅੰਦਰ ਨਿਰਗੁਣ ਸਰਗੁਣ ਆਪੇ ਰਲਾ, ਆਪਣਾ ਭੇਵ ਆਪ ਛੁਪਾਈਆ। ਮਨਮੁਖਾਂ ਕੋਇ ਨਾ ਮੇਟੇ ਦੂਈ ਦਵੈਤੀ ਸੱਲਾ, ਬਿਰਹੋਂ ਅਗਨੀ ਅੱਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਅਨੂਪ ਆਪ ਵਖਾਈਆ। ਨਿਰਗੁਣ ਰੂਪ ਸਤਿ ਸਰੂਪ, ਸਤਿ ਸਤਿਵਾਦੀ ਹਰਿ ਅਖਵਾਇੰਦਾ। ਗੁਰ ਗੁਰ ਧਾਰ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ। ਭਗਤਨ ਉਪਰ ਆਪੇ ਤੁਠ, ਆਪ ਆਪਣੀ ਦਇਆ ਕਮਾਇੰਦਾ। ਸੰਤਨ ਦੇਵੇ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਗੁਰਮੁਖਾਂ ਪਿਆਏ ਅੰਮ੍ਰਿਤ ਘੁਟ, ਆਤਮ ਰਸ ਆਪ ਚਖਾਇੰਦਾ। ਗੁਰਸਿਖ ਬਹਾਏ ਸਾਚੇ ਕੋਟ, ਕਾਇਆ ਬੰਕ ਸੋਭਾ ਪਾਇੰਦਾ। ਮਨਮੁਖ ਆਹਲਣਿਉਂ ਡਿਗੇ ਬੋਟ, ਦੂਜੀ ਵਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਏਕੰਕਾਰ। ਸਚਖੰਡ ਦਵਾਰਾ ਏਕਾ ਮਲੜਾ, ਆਸਣ ਸਿੰਘਾਸਣ ਸੁਹਾਏ ਸੱਚੀ ਸਰਕਾਰ। ਸਤਿ ਸੰਦੇਸ ਏਕਾ ਘਲੜਾ, ਧੁਰ ਫ਼ਰਮਾਨਾ ਨਾਮ ਜੈਕਾਰ। ਆਦਿ ਜੁਗਾਦੀ ਹੋਏ ਅਛਲ ਅਛਲੜਾ, ਵਲ ਛਲ ਕਰੇ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਏ ਅਵਤਾਰ। ਨਿਰਗੁਣ ਨਰ ਨਰਾਇਣ, ਨਿਰਾਕਾਰ ਅਖਵਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਨੇਤਰ ਨੈਣ ਜਗਤ ਦਰਸ ਨਾ ਪਾਇਆ। ਆਦਿ ਜੁਗਾਦੀ ਆਪ ਆਪਣਾ ਬਣ ਬਣ ਸੱਜਣ ਸੈਣ, ਸਗਲਾ ਸੰਗ ਨਿਭਾਇਆ। ਨਿਰਗੁਣ ਆਪ ਚੁਕਾਏ ਲਹਿਣ ਦੇਣ, ਸਰਗੁਣ ਝੋਲੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇਆ। ਜੁਗ ਜੁਗ ਰੂਪ ਆਪ ਕਰਤਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਵ ਨੌਂ ਚਾਰ ਖੇਲ ਨਿਆਰ, ਇਕ ਇਕੱਲਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਗੁਰ ਅਵਤਾਰ ਗਏ ਸੇਵ ਕਮਾਈਆ। ਭਗਤ ਭਗਵੰਤ ਬੋਲ ਜੈਕਾਰ, ਏਕਾ ਨਾਮ ਗਏ ਧਿਆਈਆ। ਸੰਤ ਕੂਕ ਕੂਕ ਕਰ ਪੁਕਾਰ, ਏਕਾ ਮਾਰਗ ਗਏ ਸੁਣਾਈਆ। ਗੁਰਮੁਖ ਕਰ ਕਰ ਪਿਆਰ, ਪੀਆ ਪ੍ਰੀਤਮ ਇਕ ਮਨਾਈਆ। ਗੁਰਸਿਖ ਮੰਗਣ ਧੂੜੀ ਛਾਰ, ਨਿਉਂ ਨਿਉਂ ਸੀਸ ਝੁਕਾਈਆ। ਜੁਗ ਜੁਗ ਮਨਮੁਖ ਸੁੱਤੇ ਰਹਿਣ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਇ ਖੁਲ੍ਹਾਈਆ। ਕਲਜੁਗ ਆਈ ਅੰਤਮ ਵਾਰ, ਗੋਬਿੰਦ ਲੇਖਾ ਗਿਆ ਸਮਝਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਆਦਿ ਜੁਗਾਦਿ ਵਡੀ ਵਡਿਆਈਆ। ਜੋਤੀ ਜਾਤਾ ਹੋਏ ਖ਼ਬਰਦਾਰ, ਅਨਭਵ ਪਰਕਾਸ਼ ਕਰਾਈਆ। ਮਹੱਲ ਅਟਲ ਉਚ ਮੁਨਾਰ, ਸੋਭਾਵੰਤ ਆਪ ਸੁਹਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨ ਆਪ ਜਣਾਈਆ। ਦੋ ਜਹਾਨਾਂ ਦਏ ਹੁਲਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਕਰੋੜ ਤੇਤੀਸਾ ਲਏ ਉਠਾਲ, ਸੁਰਪਤ ਰਾਜਾ ਇੰਦ ਨਾਲ ਮਿਲਾਈਆ। ਰਵ ਸਸ ਕਰ ਤਿਆਰ, ਏਕਾ ਗੁਣ ਸਮਝਾਈਆ। ਲੱਖ ਚੁਰਾਸੀ ਵੇਖੇ ਵੇਖਣਹਾਰ, ਅਭੁਲ ਭੁਲ ਕਦੇ ਨਾ ਜਾਈਆ। ਤੀਰਥ ਤਟਾਂ ਪਾਵੇ ਸਾਰ, ਸਮੁੰਦ ਸਾਗਰ ਭੇਵ ਚੁਕਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਵੇਖ ਵਖਾਈਆ। ਜੀਵ ਜੰਤ ਜਾਣੇ ਜਗਤ ਵਿਭਚਾਰ, ਭੁੱਲਿਆ ਕੋਇ ਰਹੇ ਨਾ ਰਾਈਆ। ਸਾਧਾਂ ਸੰਤਾਂ ਆਈ ਹਾਰ, ਹਰਿ ਹਰਿ ਹਿਰਦੇ ਨਾ ਕੋਇ ਵਸਾਈਆ । ਰਸਨਾ ਗਾ ਗਾ ਗਏ ਹਾਰ, ਜਿਹਵਾ ਕਾਗ ਵਾਂਗ ਕੁਰਲਾਈਆ। ਆਤਮ ਬ੍ਰਹਮ ਨਾ ਕੋਇ ਵਿਚਾਰ, ਪਾਰਬ੍ਰਹਮ ਨਾ ਕੋਇ ਦਰਸਾਈਆ। ਘਰ ਮਿਲੇ ਨਾ ਕੰਤ ਭਤਾਰ, ਜੀਵਾਂ ਜੰਤਾਂ ਕਾਰਜ ਰਹੇ ਕਰਾਈਆ। ਆਤਮ ਰੰਡੀ ਰੋਵੇ ਜ਼ਾਰੋ ਜ਼ਾਰ, ਕੰਤ ਸੁਹਾਗ ਨਾ ਕੋਇ ਵਖਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲੇ ਕਰਨ ਪੁਕਾਰ, ਗੁਰੂਦਵਾਰ ਉਚੀ ਕੂਕ ਕੂਕ ਸੁਣਾਈਆ। ਪਰਗਟ ਹੋ ਪ੍ਰਭ ਸਾਂਝੇ ਯਾਰ, ਤੁਧ ਬਿਨ ਦੀਸੇ ਨਾ ਕੋਇ ਸਹਾਈਆ। ਵਰਨ ਬਰਨ ਮਾਰਨ ਮਾਰ, ਝੂਠਾ ਖੰਡਾ ਹੱਥ ਉਠਾਈਆ। ਤੇਰੇ ਨਾਉਂ ਨਾ ਕਰੇ ਕੋਇ ਪਿਆਰ, ਮਾਇਆ ਮਮਤਾ ਮੋੋਹ ਵਧਾਈਆ। ਘਰ ਘਰ ਤ੍ਰੈਗੁਣ ਅਗਨੀ ਤਪੇ ਅੰਗਿਆਰ, ਬਿਨ ਗੋਬਿੰਦ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਠਾਂਡਾ ਦਿਸੇ ਨਾ ਕੋਇ ਦਰਬਾਰ, ਸੀਤਲ ਧਾਰ ਨਾ ਕੋਇ ਜਣਾਈਆ। ਸੁਰਤੀ ਰਾਮ ਨਾ ਕਰੇ ਪਿਆਰ, ਰਾਧਾ ਕ੍ਰਿਸ਼ਨ ਨਾ ਕੋਇ ਮਨਾਈਆ। ਮਨਮਤ ਹੋਈ ਮਾਤ ਉਜਿਆਰ, ਗੁਰਮਤ ਬੈਠੀ ਮੁਖ ਛੁਪਾਈਆ। ਪੰਜ ਵਿਕਾਰਾ ਬੋਲ ਜੈਕਾਰ, ਆਪਣਾ ਬਲ ਰਿਹਾ ਵਖਾਈਆ। ਬੁਧ ਬਿਬੇਕੀ ਗਈ ਹਾਰ, ਸੀਸ ਸਕੇ ਨਾ ਮਾਤ ਉਠਾਈਆ। ਚਾਰੋਂ ਕੁੰਟ ਚੋਰ ਯਾਰ ਹੋਏ ਖ਼ਬਰਦਾਰ, ਗੁਰਮੁਖ ਨੇਤਰ ਰੋਵਣ ਵਾਹੋ ਦਾਹੀਆ। ਧਰਤੀ ਕਰੇ ਦਰ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਮੇਰਾ ਪਰਦਾ ਚੁਕਿਆ ਚਾਰ ਯਾਰ, ਪੱਲੂ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਸਾਚੇ ਹਰਿ, ਸਰਗੁਣ ਬੈਠਾ ਮੁਖ ਭੁਆਈਆ। ਸਰਗੁਣ ਮਾਤ ਗਿਆ ਉਠ, ਨਿਰਗੁਣ ਨਜ਼ਰ ਕਿਸੇ ਨਾ ਆਇਆ। ਚੋਰ ਯਾਰ ਰਹੇ ਲੁੱਟ, ਘਰ ਘਰ ਵਿਚ ਸ਼ੋਰ ਮਚਾਇਆ। ਮਾਤਾ ਸੇਜ ਵੇਖੇ ਸੁੱਤ, ਭੈਣਾਂ ਭੱਯਾ ਸੰਗ ਨਿਭਾਇਆ। ਕਲਜੁਗ ਸੁਹਾਈ ਆਪਣੀ ਰੁੱਤ, ਵਾਹ ਵਾ ਮੰਗਲ ਆਪਣਾ ਗਾਇਆ । ਸਚ ਸੁੱਚ ਜੜ੍ਹ ਦਿਤੀ ਪੁੱਟ, ਜੂਠ ਝੂਠ ਬੂਟਾ ਲਾਇਆ। ਚਾਰ ਕੁੰਟ ਕੋਈ ਨਾ ਸਕੇ ਉਠ, ਸਭ ਦੇ ਉਤੇ ਰਿਹਾ ਭਾਰ ਪਾਇਆ। ਸਾਧਾਂ ਸੰਤਾਂ ਅੰਦਰ ਆਈ ਫੁੱਟ, ਅੰਮ੍ਰਿਤ ਰਸ ਨਾ ਕੋਇ ਚਖਾਇਆ। ਪੰਚ ਵਿਕਾਰਾ ਰਿਹਾ ਕੁੱਟ, ਅੱਠੇ ਪਹਿਰ ਦਏ ਸਜ਼ਾਇਆ। ਬੱਧਾ ਮਨ ਨਾ ਸਕੇ ਛੁੱਟ, ਸੰਗਲ ਸਕੇ ਨਾ ਕੋਇ ਤੁੜਾਇਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁੱਤ, ਕਲਜੁਗ ਡੌਰੂ ਡੰਕਾ ਵਾਇਆ। ਸਭ ਦੀ ਕਰਨੀ ਜਾਏ ਖੁਸ, ਖ਼ਾਲੀ ਹੱਥ ਸਰਬ ਵਖਾਇਆ। ਪੁਰਖ ਅਬਿਨਾਸ਼ੀ ਕਰੇ ਗਿਛ ਪੁਛ, ਪੁੱਛਣਹਾਰਾ ਆਪੇ ਆਇਆ। ਜਿਸ ਦਵਾਰੇ ਵੇਖੇ ਸੁੱਚ, ਤਿਸ ਸੱਜਣ ਲਏ ਮਿਲਾਇਆ। ਜਨਮ ਜਨਮ ਦੀ ਵੇਖੇ ਰੁਚੀ ਰੁਚ, ਪੂਰਬ ਲਹਿਣਾ ਫੋਲ ਫੋਲਾਇਆ। ਕਲਜੁਗ ਜੀਵ ਸਿਮਲ ਰੁੱਖ ਮੁਚ, ਚਾਰੋਂ ਕੁੰਟ ਰਹੇ ਲਹਿਰਾਇਆ। ਗੁਰਮੁਖ ਵਿਰਲੇ ਸਾਚੇ ਸੁੱਤ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲਾ ਸਹਿਜ ਸੁਭਾਇਆ। ਨਿਰਗੁਣ ਮੇਲਾ ਸਚ ਦਵਾਰ, ਨਿਰਾਕਾਰ ਕਰਾਈਆ। ਗੁਰ ਗੁਰ ਰੂਪ ਸ਼ਬਦ ਭੰਡਾਰ, ਨਾਮ ਨਿਧਾਨ ਆਪ ਵਰਤਾਈਆ। ਭਗਵਨ ਭਗਤ ਕਰ ਪਿਆਰ, ਭਾਵੀ ਭੈ ਭੌ ਮਿਟਾਈਆ। ਸੰਤਨ ਦੇਵੇ ਇਕ ਆਧਾਰ, ਜਗਤ ਤ੍ਰਿਸਨਾ ਦਏ ਖਪਾਈਆ। ਗੁਰਮੁਖ ਸਾਚੇ ਮੰਦਰ ਵਾੜ, ਸਚ ਸਿੰਘਾਸਣ ਸੋਭਾ ਪਾਈਆ। ਗੁਰਸਿਖ ਬਖ਼ਸ਼ੇ ਇਕ ਧਿਆਨ, ਧਿਆਨ ਧਿਆਨ ਵਿਚ ਸਮਾਈਆ। ਸੋ ਪੁਰਖ ਨਿਰੰਜਣ ਦੇਵਣਹਾਰਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਹੰ ਬ੍ਰਹਮ ਕਰ ਪਛਾਣ, ਸੋਹੰ ਅੱਖਰ ਇਕ ਜਣਾਈਆ। ਚਾਰ ਵਰਨ ਇਕ ਨਿਸ਼ਾਨ, ਅਠਾਰਾਂ ਬਰਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਆਪੇ ਧਰ, ਸਰਗੁਣ ਸਾਜਨ ਲਏ ਮਿਲਾਈਆ। ਨਿਰਗੁਣ ਸਰਗੁਣ ਸਾਚਾ ਮੇਲਾ, ਦਰ ਘਰ ਸਾਚੇ ਆਪ ਕਰਾਇੰਦਾ। ਏਕਾ ਦਰ ਸੋਹੇ ਗੁਰੂ ਗੁਰ ਚੇਲਾ, ਗੁਰ ਸ਼ਬਦੀ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਜਨ ਭਗਤਾਂ ਕੱਟੇ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਏਥੇ ਓਥੇ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪੇ ਕਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜੁਗ ਵਿਛੜਿਆਂ ਮੇਲੇ ਜਗ, ਜੁਗਤ ਆਪਣੇ ਹੱਥ ਰਖਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋਵੇ ਦਾਗ਼, ਮਾਇਆ ਮਮਤਾ ਮੋਹ ਚੁਕਾਈਆ। ਅੰਧ ਅੰਧੇਰੇ ਜਗਾਏ ਚਿਰਾਗ਼, ਨਿਰਗੁਣ ਜੋਤ ਦੀਪ ਡਗਮਗਾਈਆ। ਤ੍ਰੈਗੁਣ ਲੱਗੀ ਬੁਝਾਏ ਆਗ, ਨਿਝਰ ਝਿਰਨਾ ਆਪ ਝਿਰਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਦਰਸਾਈਆ। ਹਰਿਜਨ ਪੁਛੇ ਤੇਰੀ ਵਾਤ, ਵੇਲੇ ਅੰਤ ਹੋਏ ਸਹਾਈਆ । ਨਾਮ ਧਨ ਖ਼ਜ਼ਾਨਾ ਦੇਵੇ ਦਾਤ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਲੇਖਾ ਚੁਕਾਏ ਚੌਦਾਂ ਹਾਟ, ਚੌਦਾਂ ਲੋਕ ਭੇਵ ਖੁਲ੍ਹਾਈਆ। ਜਿਸ ਜਨ ਕਰੇ ਦਾਸੀ ਦਾਸ, ਸਿਰ ਸਮਰਥ ਹੱਥ ਰਖਾਈਆ। ਨਿਜ ਆਤਮ ਕਰੇ ਵਾਸ, ਨਿਜ ਘਰ ਮੰਦਰ ਦਏ ਸੁਹਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲੇ ਘਰ, ਘਰ ਵਜਦੀ ਰਹੇ ਵਧਾਈਆ। ਘਰ ਮੇਲਾ ਸਾਚੇ ਮੰਦਰ, ਗ੍ਰਹਿ ਆਪਣਾ ਖੇਲ ਖਿਲਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਘਟ ਭੀਤਰ ਫੋਲ ਫੋਲਾਇੰਦਾ। ਆਪੇ ਤੋੜੇ ਲੱਗਾ ਜੰਦਰ, ਨਾਮ ਖੰਡਾ ਇਕ ਚਮਕਾਇੰਦਾ। ਮਨ ਮਨੂਆ ਨਾ ਦੌੜੇ ਬੰਦਰ, ਸ਼ਬਦ ਡੋਰੀ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਕਾਇਆ ਗੜ੍ਹ, ਸਤਿਗੁੁਰ ਪੂਰਾ ਆਪ ਕਰਾਈਆ। ਸੁਰਤ ਸੁਆਣੀ ਸ਼ਬਦ ਵਰ, ਸ਼ਬਦੀ ਸੁਰਤੀ ਮੇਲ ਮਿਲਾਈਆ। ਸੁਖਮਨ ਟੇਢੀ ਪਾਰ ਕਰ, ਡੂੰਘੀ ਭਵਰ ਹੋਏ ਸਹਾਈਆ। ਪੰਚ ਵਿਕਾਰਾ ਜਾਏ ਹਰ, ਨਿਉਂ ਨਿਉਂ ਸੀਸ ਝੁਕਾਈਆ। ਅੰਮ੍ਰਿਤ ਆਤਮ ਜਾਮ ਪਿਆਲਾ ਦੇਵੇ ਅੱਗੇ ਧਰ, ਆਪਣੀ ਸੇਵ ਕਮਾਈਆ। ਕਰੇ ਪਰਕਾਸ਼ ਬਹੱਤਰ ਨੜ, ਜੋਤ ਨਿਰੰਜਣ ਡਗਮਗਾਈਆ। ਅਨਹਦ ਵੱਜੇ ਧੜਾ ਧੜ, ਦਿਵਸ ਰੈਣ ਸ਼ਨਵਾਈਆ। ਪੰਚਮ ਸਖ਼ੀਆਂ ਲੜ ਫੜ, ਆਪਣਾ ਮੰਗਲ ਗਾਈਆ। ਗੁਰਮੁਖ ਜਾਏ ਆਪਣੇ ਘਰ, ਘਰ ਆਪਣੇ ਸੋਭਾ ਪਾਈਆ। ਸਤਿਗੁਰ ਸੱਚਾ ਫੜੇ ਲੜ, ਅੱਗੇ ਬੈਠਾ ਸਾਚਾ ਮਾਹੀਆ। ਸਾਚੀ ਸੇਜਾ ਦੇਵੇ ਧਰ, ਆਪਣੀ ਸੇਵ ਕਮਾਈਆ। ਨਾਤਾ ਜੋੜੇ ਨਾਰੀ ਨਰ, ਏਕਾ ਰੰਗ ਰੰਗਾਈਆ। ਪਲੰਘ ਰੰਗੀਲੇ ਆਪੇ ਚੜ੍ਹ, ਆਤਮ ਬੰਕ ਸੁਹਾਈਆ। ਗੁਰਮੁਖ ਸੱਜਣ ਲਏ ਫੜ, ਗੋਬਿੰਦ ਮੇਲਾ ਸਾਚੇ ਮਾਹੀਆ। ਕਲਜੁਗ ਅੰਤਮ ਜਾਏ ਹਰ, ਬੇੜਾ ਸ਼ੌਹ ਦਰਯਾ ਡੁਬਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ, ਆਪਣਾ ਗੇੜਾ ਆਪ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਨਿਰਾਕਾਰ ਆਪਣਾ ਆਪ ਰਿਹਾ ਛੁਪਾਈਆ। ਸਰਗੁਣ ਅੰਦਰ ਨਿਰਗੁਣ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੇ ਪੋੜੇ ਆਪੇ ਚੜ੍ਹਿਆ, ਆਪਣਾ ਮਾਰਗ ਲਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਜਗਤ ਵਿਦਿਆ ਨਾ ਕੋਇ ਰਖਾਇੰਦਾ। ਆਪਣੀ ਤਰਨੀ ਆਪੇ ਤਰਿਆ, ਸ੍ਰਿਸ਼ਟ ਸਬਾਈ ਆਪ ਤਰਾਇੰਦਾ। ਨਿਰਭੌ ਹੋ ਕਦੇ ਨਾ ਡਰਿਆ, ਭੈ ਆਪਣਾ ਸਰਬ ਜਣਾਇੰਦਾ। ਕਰੇ ਖੇਲ ਕਲਜੁਗ ਤੇਰੀ ਅੰਤਮ ਵਰਿਆ, ਜੁਗ ਚੌਕੜੀ ਪਾਰ ਕਰਾਇੰਦਾ। ਲੱਖ ਚੁਰਾਸੀ ਜਿਸ ਘਾੜਨ ਘੜਿਆ, ਵੇਲੇ ਅੰਤ ਭੰਨ ਵਖਾਇੰਦਾ। ਗੁਰਮੁਖਾਂ ਵਿਰਲੇ ਕਾਰਜ ਸਰਿਆ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਫੰਦ ਕਟਾਇੰਦਾ। ਨਿਰਗੁਣ ਸਰਗੁਣ ਦਵਾਰੇ ਆਪੇ ਖੜ੍ਹਿਆ, ਸਵੱਛ ਸਰੂਪ ਰੂਪ ਵਟਾਇੰਦਾ। ਭਗਤ ਭਗਵੰਤ ਪੱਲਾ ਫੜਿਆ, ਦੋ ਜਹਾਨ ਨਾ ਕੋਇ ਛਡਾਇੰਦਾ। ਸੰਤ ਕੰਤ ਏਕਾ ਵਰਿਆ, ਸਚ ਸੁਹਾਗ ਇਕ ਬਣਾਇੰਦਾ। ਗੁਰਮੁਖ ਅੱਖਰ ਏਕਾ ਪੜ੍ਹਿਆ, ਦੂਜਾ ਅੱਖਰ ਨਾ ਕੋਇ ਜਣਾਇੰਦਾ। ਗੁਰਸਿਖ ਸਰਨ ਸਰਨਾਈ ਏਕਾ ਹਰਿਆ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਹਰਿਜਨ ਹੋਏ ਪਿਤਾ ਮਾਤਾ ਚਰਨ ਕਵਲ ਬੰਧਾਏ ਨਾਤਾ, ਉਤਮ ਰੱਖੇ ਜ਼ਾਤ ਪਾਤਾ, ਵਰਨ ਬਰਨ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਇਕਾਂਤਾ, ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਸੁਣਾਏ ਸਾਚੀ ਗਾਥਾ, ਬੋਧ ਅਗਾਧ ਸ਼ਬਦ ਅਲਾਇੰਦਾ। ਕਲਜੁਗ ਪਿੰਜਰ ਗਿਆ ਸੁੱਕ, ਹੱਡ ਮਾਸ ਨਾੜੀ ਤਨ ਨਜ਼ਰ ਨਾ ਆਈਆ। ਆਪਣਾ ਖੇਲ ਕਰਦਾ ਰਿਹਾ ਲੁਕ ਲੁਕ, ਮੁਖ ਪਰਦਾ ਰਿਹਾ ਪਾਈਆ। ਅੰਤਮ ਪੈਂਡਾ ਗਿਆ ਮੁੱਕ, ਪੁਰਖ ਅਬਿਨਾਸ਼ੀ ਆਪ ਮੁਕਾਈਆ। ਹਰਿ ਕਾ ਤੀਰ ਨਿਰਾਲਾ ਗਿਆ ਛੁੱਟ, ਬ੍ਰਹਿਮੰਡ ਖੰਡ ਕਰੇ ਸ਼ਨਵਾਈਆ। ਜੋ ਜਨ ਸਾਚੇ ਸਿਖਾਂ ਲਏ ਓਟ, ਤਿਸ ਸਾਹਿਬ ਲਏ ਬਖ਼ਸ਼ਾਈਆ। ਕਲਜੁਗ ਮਾਇਆ ਮਮਤਾ ਜੂਠ ਝੂਠ ਖਾ ਖਾ ਭਰੀ ਨਾ ਅਜੇ ਪੋਟ, ਭੁੱਖਾ ਰਿਹਾ ਕੁਰਲਾਈਆ। ਦੂਜਾ ਸਤਿਜੁਗ ਨਾਲ ਗਿਆ ਉਠ, ਕਲਜੁਗ ਅੰਤਮ ਤੇਰਾ ਵੇਖੇ ਚਾਈਂ ਚਾਈਂਆ। ਤੇਰੀ ਮਾਇਆ ਮਮਤਾ ਨਾਰ ਦੁਹਾਗਣ ਨਾਗਣੀ ਗੁਰਸਿਖਾਂ ਨਾ ਸਕੇ ਡੱਸ, ਨੇਰਨ ਨੇਰ ਰਹਿਣ ਨਾ ਪਾਈਆ। ਹਰਿਜਨ ਅੰਦਰ ਹਰਿ ਜੂ ਰਿਹਾ ਵਸ, ਅੱਠੇ ਪਹਿਰ ਸਮਾਈਆ। ਏਕਾ ਮਾਰਗ ਰਿਹਾ ਦੱਸ, ਸੋਹੰ ਡੰਡਾ ਹੱਥ ਫੜਾਈਆ। ਕਲਜੁਗ ਅੰਤਮ ਸੀਸ ਲੌਹਣਾ ਝੱਟ, ਗੁਰਸਿਖ ਤੇਰੇ ਹੱਥ ਵਡਿਆਈਆ। ਸੰਮਤ ਅਠਾਰਾਂ ਲੱਗਾ ਪਹਿਲਾ ਫੱਟ, ਉਨੀ ਸੰਮਤ ਦੇਵੇ ਸੀਸ ਕਟਾਈਆ । ਵਿਚ ਬੈਠਾ ਰਹੇ ਪੁਰਖ ਸਮਰਥ, ਅਡੋਲ ਅਡੁਲ ਆਪਣਾ ਆਸਣ ਆਪ ਸੁਹਾਈਆ। ਜ਼ਿਮੀਂ ਅਸਮਾਨ ਗਗਨ ਮੰਡਲ ਦੀਪ ਲੋਅ ਪਾਤਾਲ ਖੰਡ ਬ੍ਰਹਿਮੰਡ ਧਰਤ ਧਵਲ ਸਮੁੰਦ ਸਾਗਰ ਆਦਿ ਅੰਤ ਜੁਗਾ ਜੁਗੰਤ ਜੀਵ ਜੰਤ ਪਸ਼ੂ ਪੰਖੀ ਪੰਛੀ ਗਾਇਣ ਹਰਿ ਕਾ ਜਸ, ਜਸ ਆਪਣਾ ਆਪ ਜਣਾਈਆ। ਨੀਂਦਰ ਵਿਚ ਜੁਮਾਲ ਦਸ, ਨੀਂਦਰ ਰੂਪ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਗੁਰ ਗੁਰ ਸੇਵਾ ਲਾਈਆ।