੧੭ ਭਾਦਰੋਂ ੨੦੧੮ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਰਾਜ ਰਜਾਨਾ, ਸ਼ਾਹੋ ਭੂਪ ਨਾਮ ਧਰਾਇੰਦਾ। ਏਕੰਕਾਰਾ ਜੋਧਾ ਸੂਰਬੀਰ ਬਲਵਾਨਾ, ਬਲ ਆਪਣਾ ਆਪ ਉਪਾਇੰਦਾ। ਆਦਿ ਨਿਰੰਜਣ ਨੂਰ ਨੂਰ ਨੁਰਾਨਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਰੂਪ ਰੰਗ ਰੇਖ ਨਾ ਕੋਇ ਰਖਾਨਾ, ਬੇਅੰਤ ਆਪਣੀ ਖੇਲ ਖਿਲਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਉਪਾਇੰਦਾ। ਪਾਰਬ੍ਰਹਮ ਪ੍ਰਭ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਸਚਖੰਡ ਵਸੇ ਸਚ ਮਕਾਨਾ, ਦਰ ਘਰ ਸਾਚਾ ਆਪ ਉਪਾਇੰਦਾ। ਨਿਰਗੁਣ ਨਿਰਗੁਣ ਹੋ ਪਰਧਾਨਾ, ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਏਕਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਆਪੇ ਵਸੇ ਆਪਣੇ ਘਰ, ਘਰ ਸਾਚਾ ਸੋਭਾ ਪਾਈਆ। ਆਪੇ ਪੁਰਖ ਨਾਰੀ ਨਰ, ਨਰਾਇਣ ਆਪਣੀ ਖੇਲ ਖਿਲਾਈਆ। ਆਪੇ ਵਰਨੀ ਵਰਨ ਲਏ ਵਰ, ਵਰ ਦਾਤਾ ਆਪ ਹੋ ਜਾਈਆ। ਆਪਣੀ ਕਰਨੀ ਲਏ ਕਰ, ਕਰਤਾ ਪੁਰਖ ਬੇਪਰਵਾਹੀਆ। ਆਪਣੇ ਮੰਦਰ ਬਹੇ ਚੜ੍ਹ, ਸਾਚਾ ਪੌੜਾ ਇਕ ਲਗਾਈਆ। ਆਪਣੇ ਦਰ ਵੇਖੇ ਖੜ, ਸੋ ਦਰ ਸਾਚਾ ਸੋਭਾ ਪਾਈਆ। ਕਰੇ ਖੇਲ ਅਲਖ ਅਗੰਮ ਅਪਾਰ ਅਪਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਨਾਉਂ ਧਰਾਈਆ। ਆਦਿ ਪੁਰਖ ਹਰਿ ਬੇਪਰਵਾਹ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਆਪਣਾ ਖੇਲ ਖਿਲਾ, ਮੂਰਤ ਅਕਾਲ ਡਗਮਗਾਇੰਦਾ। ਅਜੂਨੀ ਰਹਿਤ ਸੱਚਾ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਇੰਦਾ। ਆਪ ਆਪਣਾ ਬਣ ਮਲਾਹ, ਖੇਵਟ ਖੇਟਾ ਸੇਵ ਕਮਾਇੰਦਾ। ਦਰ ਦਰਬਾਰਾ ਆਪ ਸੁਹਾ, ਸਚਖੰਡ ਦਵਾਰ ਵਡਿਆਇੰਦਾ। ਜੋਤੀ ਜੋਤ ਡਗਮਗਾ, ਨੂਰ ਨੂਰ ਪਰਗਟਾਇੰਦਾ। ਆਪੇ ਵਸੇ ਆਪਣੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣੀ ਕਾਰ ਆਪ ਕਰਾਇੰਦਾ। ਕਰੇ ਖੇਲ ਅਪਰ ਅਪਾਰ, ਬੇਅੰਤ ਵਡਿ ਵਡਿਆਈਆ। ਸਾਚਾ ਧਾਮ ਕਰ ਤਿਆਰ, ਸਚਖੰਡ ਸੋਭਾ ਪਾਈਆ। ਹੁਕਮੀ ਹੁਕਮ ਕਰ ਵਰਤਾਰ, ਧੁਰ ਫ਼ਰਮਾਨਾ ਆਪ ਜਣਾਈਆ। ਭੂਪਤ ਭੂਪ ਬਣ ਸਿਕਦਾਰ, ਸ਼ਾਹ ਸੁਲਤਾਨ ਆਪਣੇ ਹੱਥ ਰੱਖੇ ਵਡਿਆਈਆ। ਦਰ ਦਰਵੇਸ਼ ਬਣ ਭਿਖਾਰ, ਸੀਸ ਜਗਦੀਸ ਆਪ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਪਰਗਟਾਈਆ। ਸਚਖੰਡ ਦਵਾਰ ਆਪ ਉਪਾ, ਆਪਣੀ ਮਹਿਮਾ ਆਪ ਜਣਾਇੰਦਾ। ਆਪਣਾ ਕਰ ਖੇਲ ਬੇਪਰਵਾਹ, ਸਾਚੀ ਖੇਲ ਆਪ ਖਿਲਾਇੰਦਾ। ਆਪਣਾ ਦੀਪਕ ਆਪ ਟਿਕਾ, ਆਪੇ ਵੇਖ ਵਖਾਇੰਦਾ। ਆਪਣਾ ਮੰਦਰ ਆਪ ਸੁਹਾ, ਆਪੇ ਸੋਭਾ ਪਾਇੰਦਾ। ਆਪਣਾ ਰੰਗ ਆਪ ਰੰਗਾ, ਰੰਗ ਰੰਗੀਲਾ ਆਪ ਹੋ ਜਾਇੰਦਾ। ਆਪਣੀ ਸੇਜਾ ਆਪ ਵਿਛਾ, ਆਪੇ ਆਸਣ ਲਾਇੰਦਾ। ਆਪਣਾ ਰੂਪ ਆਪ ਧਰਾ, ਆਪੇ ਵੇਖ ਵਖਾਇੰਦਾ। ਆਪਣਾ ਸਗਨ ਆਪ ਮਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰੇ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਆਦਿ ਪੁਰਖ ਇਕ ਇਕੱਲਾ, ਸੋਭਾਵੰਤ ਸੋਭਾ ਪਾਈਆ। ਆਪ ਵਸਿਆ ਸਚ ਮਹੱਲਾ, ਉਚ ਅਟੱਲਾ ਦਏ ਵਡਿਆਈਆ। ਆਪਣੀ ਜੋਤ ਆਪੇ ਬੱਲਾ, ਨੂਰ ਨੂਰ ਵਿਚ ਪਰਗਟਾਈਆ। ਆਪਣਾ ਫੜੇ ਆਪੇ ਪੱਲਾ, ਆਪ ਆਪਣਾ ਬੰਧਨ ਪਾਈਆ। ਆਪਣੇ ਅੰਦਰ ਆਪੇ ਰੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਵੱਜੇ ਵਧਾਈਆ। ਸਚਖੰਡ ਸਾਚਾ ਸਾਚਾ ਦਰ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪਣੀ ਕਰਨੀ ਆਪੇ ਕਰ, ਆਪਣਾ ਖੇਲ ਖਿਲਾਇੰਦਾ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਵੇਸ ਵਟਾਇੰਦਾ। ਆਪਣਾ ਪੱਲੂ ਆਪੇ ਫੜ, ਆਪੇ ਗੰਢ ਪੁਆਇੰਦਾ। ਆਪਣਾ ਮੇਲਾ ਆਪੇ ਕਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਆਪਣੀ ਸੇਜਾ ਆਪੇ ਚੜ੍ਹ, ਆਪਣਾ ਅੰਗ ਆਪ ਲਗਾਇੰਦਾ। ਆਪਣੇ ਅੰਦਰ ਆਪਾ ਧਰ, ਆਪੇ ਖੇਲ ਖਿਲਾਇੰਦਾ। ਆਪੇ ਬਣ ਜਨਨੀ ਜਨ, ਹਰਿ ਦਾਈ ਦਾਇਆ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਖੜ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਇਕ ਇਕੱਲਾ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਬੇਅੰਤ ਵਡ ਵਡਿਆਈਆ। ਵੇਸ ਵਟਾਏ ਨਾਰੀ ਕੰਤ, ਕੰਤ ਕੰਤੂਹਲ ਸੇਜ ਸੁਹਾਈਆ। ਆਪੇ ਚਾੜ੍ਹੇ ਰੰਗ ਬਸੰਤ, ਰੰਗ ਰੰਗੀਲਾ ਸੱਚਾ ਮਾਹੀਆ। ਆਪ ਬਣਾਏ ਆਪਣੀ ਬਣਤ, ਘਾੜਨ ਘੜਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚਾ ਘਾੜਨ ਲਏ ਘੜਾਈਆ। ਸਾਚਾ ਘਾੜਨ ਨਿਰਗੁਣ ਘੜਿਆ, ਦੂਸਰ ਅਵਰ ਨਾ ਕੋਇ ਜਣਾਈਆ। ਆਪਣਾ ਪੱਲੂ ਆਪੇ ਫੜਿਆ, ਆਪੇ ਵੇਖ ਵਖਾਈਆ। ਆਪਣੇ ਮੰਦਰ ਆਪੇ ਧਰਿਆ, ਆਪੇ ਰਿਹਾ ਟਿਕਾਈਆ। ਆਪਣੇ ਜੇਹਾ ਆਪੇ ਕਰਿਆ, ਦੂਸਰ ਸੰਗ ਨਾ ਕੋਇ ਰਲਾਈਆ। ਨਾ ਜਨਮੇ ਨਾ ਕਦੇ ਮਰਿਆ, ਬੇਅੰਤ ਆਪਣੀ ਖੇਲ ਆਪ ਖਿਲਾਈਆ। ਸਚ ਦਵਾਰੇ ਆਪੇ ਚੜ੍ਹਿਆ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਰਿਹਾ ਸੁਹਾਈਆ। ਸਚਖੰਡ ਦਵਾਰਾ ਸਾਚਾ ਧਾਮ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਨਿਰਗੁਣ ਸੇਵਾ ਕਰ ਨਿਸ਼ਕਾਮ, ਆਪਣੀ ਸੇਵਾ ਆਪ ਲਗਾਇੰਦਾ। ਆਪੇ ਹੋਇਆ ਜਾਣੀ ਜਾਣ, ਦੂਸਰ ਭੇਵ ਕੋਇ ਨਾ ਪਾਇੰਦਾ। ਬਾਡੀ ਲੱਗੇ ਨਾ ਕੋਇ ਲੁਹਾਰ ਤ੍ਰਖਾਣ, ਘਾੜਤ ਘੜਤ ਨਾ ਕੋਇ ਵਖਾਇੰਦਾ। ਨਿਰਗੁਣ ਬਣਾਏ ਨਿਰਗੁਣ ਮਕਾਨ, ਨਿਰਗੁਣ ਆਪਣਾ ਧਿਆਨ ਲਗਾਇੰਦਾ। ਨਿਰਗੁਣ ਝੁਲਾਏ ਸਚ ਨਿਸ਼ਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਵਡਿਆਇੰਦਾ। ਸਚ ਦਵਾਰਾ ਸਚਖੰਡ, ਅਖੰਡ ਰਚਨ ਰਚਾਈਆ। ਪੁਰਖ ਅਬਿਨਾਸ਼ੀ ਵੰਡੀ ਆਪਣੀ ਵੰਡ, ਆਪਣਾ ਹਿੱਸਾ ਆਪੇ ਪਾਈਆ। ਆਦਿ ਰੱਖਿਆ ਨਾ ਕੋਇ ਸੰਗ, ਦੂਜਾ ਸਾਥ ਨਾ ਕੋਇ ਜਣਾਈਆ। ਆਪੇ ਜਾਣੇ ਆਪਣਾ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਕਰੇ ਖੇਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸਲਾਹੀਆ। ਸਚਖੰਡ ਬਣਿਆ ਸਚ ਮਕਾਨਾ, ਹਰਿ ਸਾਚਾ ਵੇਖ ਵਖਾਈਆ। ਚਾਰੋਂ ਕੁੰਟ ਨੂਰ ਭਗਵਾਨਾ, ਨੂਰ ਨੁਰਾਨਾ ਡਗਮਗਾਈਆ। ਏਕਾ ਭੂਪ ਇਕ ਰਾਜਾਨਾ, ਇਕ ਸਿੰਘਾਸਣ ਆਸਣ ਲਾਈਆ। ਏਕਾ ਰਾਗ ਇਕ ਤਰਾਨਾ, ਏਕਾ ਨਾਦੀ ਨਾਦ ਵਜਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਰਿਹਾ ਸੁਣਾਈਆ। ਏਕਾ ਦਰਵੇਸ਼ ਦਰ ਦਰਬਾਨਾ, ਏਕਾ ਬੈਠਾ ਸੀਸ ਝੁਕਾਈਆ। ਏਕਾ ਖੇਲੇ ਖੇਲ ਮਹਾਨਾ, ਆਪਣੀ ਖੇਲ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਸੁਹਾਈਆ। ਸਚਖੰਡ ਦਵਾਰਾ ਹਰਿ ਹਰਿ ਪੇਖ, ਆਪਣੀ ਖ਼ੁਸ਼ੀ ਮਨਾਇੰਦਾ। ਰੂਪ ਰੰਗ ਨਾ ਦਿਸੇ ਰੇਖ, ਚਾਰ ਦੀਵਾਰ ਨਾ ਕੋਇ ਚਿਣਾਇੰਦਾ। ਆਪ ਵਸਾਇਆ ਆਪਣਾ ਦੇਸ, ਦੇਸ ਸਾਚੇ ਸੋਭਾ ਪਾਇੰਦਾ। ਤਖ਼ਤ ਸੁਹਾਏ ਨਰ ਨਰੇਸ਼, ਸਾਚਾ ਤਖ਼ਤ ਆਪ ਉਪਾਇੰਦਾ। ਨਿਰਗੁਣ ਕਰਿਆ ਨਿਰਗੁਣ ਵੇਸ, ਨਿਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਸੁਹਾਇੰਦਾ। ਸਚਖੰਡ ਦਵਾਰਾ ਅਪਰ ਅਪਾਰਾ, ਹਰਿ ਸਾਚਾ ਸਚ ਉਪਾਈਆ। ਦੀਆ ਬਾਤੀ ਇਕ ਉਜਿਆਰਾ, ਨਿਰਗੁਣ ਧਾਰਾ ਲਏ ਪਰਗਟਾਈਆ। ਰਵ ਸਸ ਨਾ ਕੋਇ ਸਿਤਾਰਾ, ਸੂਰਜ ਚੰਦ ਨਾ ਕੋਇ ਚੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਪਸਾਰਾ, ਤ੍ਰੈਗੁਣ ਧਾਰਾ ਨਾ ਕੋਇ ਵਖਾਈਆ। ਪੰਚਮ ਦਿਸੇ ਨਾ ਕੋਇ ਅਖਾੜਾ, ਧਰਤ ਧਵਲ ਨਾ ਕੋਇ ਵਡਿਆਈਆ। ਗੁਰ ਪੀਰ ਨਾ ਕੋਇ ਅਵਤਾਰਾ, ਪੀਰ ਪੈਗ਼ੰਬਰ ਨਾ ਕੋਇ ਰਖਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਜੀਵ ਜੰਤ ਨਾ ਰਚਨ ਰਚਾਈਆ। ਸਮੁੰਦ ਸਾਗਰ ਨਾ ਡੂੰਘੀ ਗਾਰਾ, ਜੰਗਲ ਜੂਹ ਉਜਾੜ ਪਹਾੜ ਨਾ ਰਚਨ ਰਚਾਈਆ। ਪਿਤਾ ਪੂਤ ਨਾ ਕੋਇ ਅਧਾਰਾ, ਮਾਤ ਗੋਦ ਨਾ ਕੋਇ ਸੁਹਾਈਆ। ਸ਼ਾਸਤਰ ਸਿਮਰਤ ਨਾ ਕੋਇ ਪਿਆਰਾ, ਵੇਦ ਕਤੇਬ ਨਾ ਕੋਇ ਪੜ੍ਹਾਈਆ। ਸ਼ਾਸਤਰ ਸਿਮਰਤ ਨਾ ਕੋਇ ਹੁਲਾਰਾ, ਗਿਆਨ ਧਿਆਨ ਨਾ ਕੋਇ ਸਮਝਾਈਆ। ਖਾਣੀ ਬਾਣੀ ਨਾ ਕੋਇ ਪੁਕਾਰਾ, ਕੂਕ ਕੂਕ ਨਾ ਕੋਇ ਅਲਾਈਆ। ਕਰਿਆ ਖੇਲ ਅਪਰ ਅਪਾਰਾ, ਪ੍ਰਭ ਆਪਣੀ ਰਚਨ ਰਚਾਈਆ। ਸਚਖੰਡ ਵਸੇ ਏਕਾ ਏਕੰਕਾਰਾ, ਦੂਸਰ ਸੰਗ ਨਾ ਕੋਇ ਰਲਾਈਆ। ਸਚ ਮਹੱਲਾ ਕਰ ਪਿਆਰਾ, ਉਚ ਅਟੱਲਾ ਆਪ ਵਸਾਈਆ। ਆਪਣਾ ਹੁਕਮ ਕਰ ਵਰਤਾਰਾ, ਆਪੇ ਰਿਹਾ ਮਨਾਈਆ। ਆਪਣੀ ਇਛਿਆ ਭਰ ਭੰਡਾਰਾ, ਆਪੇ ਦਏ ਵਰਤਾਈਆ। ਨਿਰਗੁਣ ਨਿਰਗੁਣ ਕਰ ਉਸਾਰਾ, ਲੇਖਾ ਲੇਖ ਨਾ ਕੋਇ ਜਣਾਈਆ। ਜੋਤੀ ਅੰਦਰ ਜੋਤੀ ਧਾਰਾ, ਜੋਤੀ ਜੋਤ ਜੋਤ ਸਮਾਈਆ। ਜੋਤੀ ਸੁਤ ਸੁਤ ਦੁਲਾਰਾ, ਸ਼ਬਦੀ ਸ਼ਬਦ ਪਰਗਟਾਈਆ। ਸ਼ਬਦੀ ਸ਼ਬਦ ਸ਼ਬਦ ਪਿਆਰਾ, ਹਰਿ ਸੱਚਾ ਮੇਲ ਮਿਲਾਈਆ। ਕਰਨੀ ਕਰੇ ਹਰਿ ਕਰਨੇਹਾਰਾ, ਕਰਤਾ ਪੁਰਖ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਘਰ ਵਸਾਈਆ। ਸਚਖੰਡ ਦਵਾਰਾ ਹਰਿ ਵਸਾਇਆ, ਵਸਣਹਾਰਾ ਏਕ। ਆਪਣਾ ਨੂਰ ਆਪ ਧਰਾਇਆ, ਆਪੇ ਰੱਖੇ ਆਪਣੀ ਟੇਕ। ਆਪਣਾ ਰਾਗ ਆਪ ਅਲਾਇਆ, ਆਪੇ ਸੁਣੇ ਸੁਣਾਏ ਆਪੇ ਲਏ ਪੇਖ। ਆਪਣਾ ਰਾਜ ਆਪ ਬਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਭੇਤ। ਆਪਣਾ ਭੇਤ ਭੇਵ ਅਭੇਦਾ, ਆਪਣੇ ਹੱਥ ਰਖਾਈਆ। ਆਦਿ ਪੁਰਖ ਏਕੋ ਏਕਾ, ਏਕਾ ਕਲ ਧਰਾਈਆ। ਆਪਣੇ ਮੰਦਰ ਕਰ ਪਰਵੇਸ਼ਾ, ਆਪਣਾ ਬੰਧਨ ਪਾਈਆ। ਆਪਣੇ ਤਖ਼ਤ ਬਹੇ ਨਰੇਸ਼ਾ, ਆਪਣਾ ਹੁਕਮ ਸੁਣਾਈਆ। ਆਪਣੇ ਦਰ ਕਰੇ ਆਦੇਸ਼ਾ, ਨਿਉਂ ਨਿਉਂ ਸੀਸ ਝੁਕਾਈਆ। ਆਪਣਾ ਖੇਲ ਆਪੇ ਵੇਖਾ, ਵਾਹ ਵਾਹ ਆਪਣੀ ਖ਼ੁਸ਼ੀ ਮਨਾਈਆ। ਆਪਣੇ ਹੱਥ ਰਖਿਆ ਆਪਣਾ ਲੇਖਾ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਵੜ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਆਪੇ ਰੱਖ, ਆਪੇ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹੋ ਪਰਤੱਖ, ਨਿਰਗੁਣ ਧਾਰ ਧਾਰ ਪਰਗਟਾਇੰਦਾ। ਏਕੰਕਾਰਾ ਹੋ ਹੋ ਵੱਖ, ਆਪਣਾ ਰਾਗ ਵਖਾਇੰਦਾ। ਆਦਿ ਨਿਰੰਜਣ ਅਲਖਣਾ ਅਲਖ, ਅਲਖ ਅਗੋਚਰ ਖੇਲ ਕਰਾਇੰਦਾ। ਸ੍ਰੀ ਭਗਵਾਨ ਆਪਣੀ ਪੂਰੀ ਕਰੇ ਆਸ, ਆਸਾ ਆਸਾ ਵਿਚ ਮਿਲਾਇੰਦਾ। ਸ੍ਰੀ ਭਗਵਾਨ ਹੋ ਹੋ ਦਾਸ, ਆਪਣੀ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਕਰ ਪਰਕਾਸ਼, ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਵਖਾਇੰਦਾ। ਸਾਚੀ ਰਚਨਾ ਹਰਿ ਨਿਰੰਕਾਰ, ਆਪਣੀ ਆਪ ਕਰਾਈਆ। ਸਚਖੰਡ ਦਵਾਰੇ ਹੋ ਤਿਆਰ, ਆਪਣਾ ਮਤਾ ਆਪ ਪਕਾਈਆ। ਸਾਚੀ ਇਛਿਆ ਬਣ ਵਰਤਾਰ, ਆਪਣਾ ਭੰਡਾਰਾ ਆਪਣੀ ਝੋਲੀ ਪਾਈਆ। ਲੇਖਾ ਜਾਣੇ ਪੁਰਖ ਨਾਰ, ਨਾਰੀ ਕੰਤ ਸੇਜ ਸੁਹਾਈਆ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਨਾਉਂ ਪਰਗਟਾਈਆ। ਸ਼ਬਦੀ ਦੇਵੇ ਇਕ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਖੋਲ੍ਹਾਂ ਸਚ ਕਿਵਾੜ, ਆਪਣੀ ਬਣਤ ਬਣਾਈਆ। ਥਿਰ ਘਰ ਦਿਆਂ ਵਾੜ, ਸਚ ਦਵਾਰੇ ਆਪ ਟਿਕਾਈਆ। ਆਦਿ ਜੁਗਾਦਿ ਕਰਾਂ ਪਿਆਰ, ਭੁਲ ਕਦੇ ਨਾ ਜਾਈਆ। ਤੇਰਾ ਦੱਸਾਂ ਸਚ ਵਿਹਾਰ, ਏਕਾ ਗੁਣ ਜਣਾਈਆ। ਕਰਾਂ ਖੇਲ ਅਗੰਮ ਅਪਾਰ, ਬੇਅੰਤ ਵੇਸ ਵਟਾਈਆ। ਸਾਚਾ ਹੁਕਮ ਮੰਨਣਾ ਪਏ ਸੱਚੇ ਦਰਬਾਰ, ਨਾ ਮੋੜੇ ਮੋੜ ਮੁੜਾਈਆ। ਪੁਰਖ ਅਬਿਨਾਸ਼ੀ ਖ਼ਬਰਦਾਰ, ਤੇਰੀ ਨਿੰਦਰਾ ਰਿਹਾ ਗੁਆਈਆ। ਜੁਗਾ ਜੁਗੰਤਰ ਖੇਲ ਨਿਆਰ, ਜੁਗ ਕਰਤਾ ਆਪ ਕਰਾਈਆ। ਤੇਰਾ ਉਸਾਰਾਂ ਮਹੱਲ ਮੁਨਾਰ, ਅਟਲ ਦਿਆਂ ਵਡਿਆਈਆ। ਬ੍ਰਹਿਮੰਡ ਖੰਡ ਤੇਰੀ ਧਾਰ, ਲੋਆਂ ਪੁਰੀਆਂ ਰਚਨ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਵੇ ਸਾਰ, ਆਪ ਆਪਣੀ ਦਇਆ ਕਮਾਈਆ। ਤ੍ਰੈਗੁਣ ਮਾਇਆ ਤੱਤ ਵਿਚਾਰ, ਤੇਰੇ ਰੰਗ ਰੰਗਾਈਆ। ਲੱਖ ਚੁਰਾਸੀ ਤੇਰਾ ਪਿਆਰ, ਘੜ ਭਾਂਡੇ ਲਏ ਬਣਾਈਆ। ਨਿਰਗੁਣ ਸਰਗੁਣ ਕਰ ਤਿਆਰ, ਦੇਵੇ ਸਚ ਸਲਾਹੀਆ। ਪੰਚਮ ਮੀਤਾ ਹੋ ਉਜਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੁਣਵੰਤਾ ਮੇਲ ਝੋਲੀ ਪਾਈਆ। ਨਿਰਗੁਣ ਨਿਰਗੁਣ ਕਰੇ ਪਿਆਰ, ਸਰਗੁਣ ਸਰਗੁਣ ਦਏ ਸਮਝਾਈਆ। ਰਕਤ ਬੂੰਦ ਖੇਲ ਨਿਆਰ, ਜੋਤੀ ਜਾਤਾ ਹੋ ਉਜਿਆਰ, ਮਨ ਮਤ ਬੁਧ ਪਾਵੇ ਸਾਰ, ਆਤਮ ਬ੍ਰਹਮ ਨਿਰਾਕਾਰ, ਨਿਰਗੁਣ ਆਪਣੀ ਖੇਲ ਖਿਲਾਈਆ। ਈਸ਼ ਜੀਵ ਹੋ ਉਜਿਆਰ, ਆਪਣੀ ਖ਼ੁਸ਼ੀ ਮਨਾਈਆ। ਸਾਚੇ ਮੰਦਰ ਪਾਵੇ ਸਾਰ, ਡੂੰਘੀ ਕੰਦਰ ਫੋਲ ਫੋਲਾਈਆ। ਸੁਤ ਦੁਲਾਰੇ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਘਟ ਘਟ ਅੰਦਰ ਹੋਏ ਉਜਿਆਰ, ਨਿਰਗੁਣ ਦਾਤਾ ਬੇਪਰਵਾਹੀਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਕਰੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਆਪਣੀ ਰਚਨਾ ਕਰ ਤਿਆਰ, ਲੱਖ ਚੁਰਾਸੀ ਵੇਖ ਵਖਾਈਆ। ਸੁਤ ਦੁਲਾਰੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਚਰਨ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਏਕਾ ਹੁਕਮ ਮੰਨਣਾ ਪਏ ਏਕਾ ਵਾਰ, ਹਰਿ ਸਾਚਾ ਕਰੇ ਜਣਾਈਆ । ਨਿਸ਼ਅੱਖਰ ਕਰ ਤਿਆਰ, ਨਿਰਵੈਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚਖੰਡ ਦਵਾਰੇ ਸਾਚੇ ਖੜ, ਥਿਰ ਘਰ ਰਿਹਾ ਸੁਹਾਈਆ। ਥਿਰ ਘਰ ਵਸੇ ਸੁਤ ਦੁਲਾਰਾ, ਸਚਖੰਡ ਵਾਸੀ ਆਪ ਵਸਾਇੰਦਾ। ਕਰੇ ਖੇਲ ਅਪਰ ਅਪਾਰਾ, ਭੇਵ ਅਭੇਦ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਵਸਤ ਸਤਿ ਭੰਡਾਰਾ, ਧੁਰ ਦਰਬਾਰੀ ਆਪ ਵਰਤਾਇੰਦਾ। ਲੱਖ ਚੁਰਾਸੀ ਕਰ ਤਿਆਰਾ, ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇਵੇ ਸਾਚਾ ਵਰ, ਸਾਚਾ ਹੁਕਮ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਆਦਿ ਪੁਰਖ ਜਣਾਈਆ। ਸ਼ਬਦੀ ਤੇਰਾ ਖੇਲ ਮਹਾਨਾ, ਪਾਤਾਲ ਆਕਾਸ਼ ਤੇਰੀ ਵਡਿਆਈਆ। ਤੇਰਾ ਮਰਦੰਗ ਇਕ ਵਜਾਨਾ, ਆਦਿ ਜੁਗਾਦਿ ਸੁਣਾਈਆ। ਤੇਰਾ ਘਰ ਇਕ ਵਸਾਨਾ, ਨਵ ਖੰਡ ਪ੍ਰਿਥਮੀ ਖੇਲ ਖਿਲਾਈਆ। ਤੇਰਾ ਰੂਪ ਇਕ ਦਰਸਾਨਾ, ਨੂਰ ਨੂਰ ਵਿਚ ਪਰਗਟਾਈਆ। ਤੇਰਾ ਜਾਮ ਇਕ ਪਿਆਨਾ, ਅੰਮ੍ਰਿਤ ਰਸ ਚੁਆਈਆ। ਤੇਰਾ ਘਰ ਇਕ ਵਸਾਨਾ, ਉਜੜ ਕਦੇ ਨਾ ਜਾਈਆ। ਤੇਰੀ ਵੰਡ ਆਪ ਵੰਡਾਨਾ, ਵੰਡ ਵੰਡੇ ਬੇਪਰਵਾਹੀਆ। ਤੇਰਾ ਲੇਖਾ ਆਪ ਸਮਝਾਨਾ, ਬ੍ਰਹਮ ਵੇਤਾ ਬ੍ਰਹਮਾ ਸੁਤ ਪੜ੍ਹਾਈਆ। ਚਾਰ ਵੇਦਾਂ ਭੇਵ ਖੁਲ੍ਹਾਨਾ, ਚਾਰ ਚਾਰ ਮੁਖ ਸਾਲਾਹੀਆ। ਚਾਰੇ ਬਾਣੀ ਆਪ ਜਗਾਨਾ, ਪਰਾ ਪਸੰਤੀ ਮਧਮ ਬੈਖਰੀ ਆਪਣਾ ਪਰਦਾ ਲਾਹੀਆ। ਚਾਰੇ ਖਾਣੀ ਵੰਡ ਵੰਡਾਨਾ, ਅੰਡਜ ਜੇਰਜ ਉਤਭੁਜ ਸੇਤਜ ਬਣਤ ਬਣਾਈਆ। ਚਾਰੇ ਜੁਗ ਹੁਕਮ ਚਲਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਾਰ ਕਮਾਈਆ। ਚਾਰੇ ਵਰਨ ਵੇਖ ਵਖਾਨਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬੰਧਨ ਪਾਈਆ। ਚਾਰੋਂ ਕੁੰਟ ਹੋ ਪਰਧਾਨਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨਾ, ਸ਼ਬਦੀ ਸ਼ਬਦ ਸ਼ਬਦ ਲੱਖ ਚੁਰਾਸੀ ਕਰੇ ਪੜ੍ਹਾਈਆ। ਜੁਗ ਜੁਗ ਮਾਰਗ ਏਕਾ ਲਾਣਾ, ਵੇਸ ਅਨੇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦੇਵੇ ਵਰ, ਵਰਦਾਤਾ ਆਪ ਹੋ ਜਾਈਆ। ਆਦਿ ਪੁਰਖ ਦਿਤਾ ਵਰ, ਸੋ ਪੁਰਖ ਨਿਰੰਜਣ ਖੇਲ ਖਿਲਾ। ਸੁਤ ਦੁਲਾਰੇ ਵਸੇ ਘਰ, ਦੋ ਜਹਾਨਾਂ ਵੇਖ ਵਖਾ। ਲੱਖ ਚੁਰਾਸੀ ਅੰਦਰ ਜਾਣਾ ਵੜ, ਘਟ ਘਟ ਆਪਣਾ ਨੂਰ ਧਰਾ। ਏਕਾ ਅੱਖਰ ਜਾਣਾ ਪੜ੍ਹ, ਲੱਖ ਚੁਰਾਸੀ ਦੇ ਸਮਝਾ। ਏਕਾ ਮੰਦਰ ਜਾਣਾ ਚੜ੍ਹ, ਸਾਚੇ ਮੰਦਰ ਆਸਣ ਲਾ। ਏਕਾ ਹੁਕਮ ਦੇਣਾ ਕਰ, ਹੁਕਮੀ ਹੁਕਮ ਸਚ ਵਰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਰਿਹਾ ਸਮਝਾ। ਆਦਿ ਪੁਰਖ ਹਰਿ ਆਪ ਸਮਝਾਏ, ਮਹਿਮਾ ਅਕਥ ਕਥੀ ਨਾ ਜਾਈਆ। ਸੁਤ ਦੁਲਾਰਾ ਸੇਵਾ ਲਾਏ, ਸਾਚੀ ਸੇਵਾ ਇਕ ਸਮਝਾਈਆ। ਜੁਗ ਚੌਕੜੀ ਵੰਡ ਵੰਡਾਏ, ਕੋਟਨ ਕੋਟ ਕਾਲ ਬਿਤਾਈਆ। ਗੁਰ ਅਵਤਾਰ ਲਏ ਪਰਗਟਾਏ, ਲੋਕਮਾਤ ਕਰੇ ਰੁਸ਼ਨਾਈਆ। ਭਗਤ ਭਗਵੰਤ ਲਏ ਜਗਾਏ, ਆਤਮ ਬ੍ਰਹਮ ਵੇਖ ਵਖਾਈਆ। ਸੰਤ ਕੰਤ ਹਰਿ ਲਏ ਮਿਲਾਏ, ਆਪ ਆਪਣੇ ਅੰਗ ਲਗਾਈਆ। ਗੁਰਮੁਖ ਸਾਚੇ ਲਏ ਉਠਾਏ, ਆਲਸ ਨਿੰਦਰਾ ਦਏ ਗੁਆਈਆ। ਗੁਰਸਿਖ ਆਪਣੀ ਗੋਦ ਬਹਾਏ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਖੇੜਾ ਆਪ ਵਸਾਏ, ਆਪ ਆਪਣਾ ਹੁਕਮ ਵਰਤਾਈਆ। ਵਾਰ ਅਠਾਰਾਂ ਜੋਤ ਪਰਗਟਾਏ, ਰੂਪ ਅਨੂਪ ਆਪ ਵਖਾਈਆ। ਅੰਤਮ ਲੇਖਾ ਦਏ ਮੁਕਾਏ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲ੍ਹਾ ਆਪ ਰਖਾਈਆ। ਅਚਰਜ ਲੀਲਾ ਹਰਿ ਕਰਤਾਰ, ਜੁਗ ਜੁਗ ਆਪ ਵਰਤਾਇੰਦਾ। ਸਤਿਜੁਗ ਅੰਤਮ ਉਤਰਿਆ ਪਾਰ, ਲੋਕਮਾਤ ਪਰਗਟਾਇੰਦਾ। ਕਰੇ ਖੇਲ ਅਗੰਮ ਅਪਾਰ, ਅਪਰੰਪਰ ਧਾਰ ਚਲਾਇੰਦਾ। ਤੋੜਨਹਾਰਾ ਗੜ੍ਹ ਹੰਕਾਰ, ਬਾਣ ਨਿਰਾਲਾ ਆਪ ਰਖਾਇੰਦਾ। ਦੋਏ ਦੋਏ ਰੂਪ ਅਗੰਮ ਅਪਾਰ, ਤ੍ਰੈਗੁਣ ਅਤੀਤਾ ਆਪ ਕਰਾਇੰਦਾ। ਠਾਂਡਾ ਸੀਤਾ ਸਚ ਦਰਬਾਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਸਤਿ ਪੁਰਖ ਨਿਰੰਜਣ ਆਪ ਵਰਤਾਈਆ। ਆਦਿ ਜੁਗਾਦਿ ਆਪੇ ਵਰਤੇ ਆਪਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਰੇ ਖੇਲ ਕ੍ਰਿਸ਼ਨਾ ਕਾਹਨਾ, ਏਕਾ ਬੰਸਰੀ ਨਾਮ ਵਜਾਈਆ। ਮੰਡਲ ਮੰਡਪ ਰਾਸ ਰਚਾਨਾ, ਸਾਚੀ ਸਖ਼ੀਆਂ ਵੇਖ ਵਖਾਈਆ। ਏਕਾ ਦੇਵੇ ਨਾਮ ਨਿਧਾਨਾ, ਗੁਣਵੰਤ ਗੁਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਨਿਰਗੁਣ ਸਰਗੁਣ ਫੜਾਏ ਪੱੱਲਾ, ਸਾਚਾ ਪੱਲੂ ਹੱਥ ਉਠਾਇੰਦਾ। ਸਚ ਸੰਦੇਸ ਏਕਾ ਘੱਲਾ, ਆਪਣਾ ਨਾਉਂ ਜਣਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਪੰਜ ਤੱਤ ਵੇਖ ਵਖਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਕਾਇਆ ਖੇੜਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਸ੍ਰੀ ਭਗਵਾਨ, ਆਦਿ ਜੁਗਾਦਿ ਰੰਗਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਸਾਚਾ ਖੇਲ ਖਿਲਾਇੰਦਾ। ਈਸਾ ਮੂਸਾ ਦੇਵੇ ਦਾਨ, ਸੰਗ ਮੁਹੰਮਦ ਚਾਰ ਯਾਰ ਵੇਖ ਵਖਾਇੰਦਾ। ਨਿਰਗੁਣ ਦੇਵੇ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਇੰਦਾ। ਨਾਨਕ ਪਾਏ ਪਦ ਨਿਰਬਾਨ, ਨਾਮ ਸਤਿ ਮੰਤਰ ਦ੍ਰਿੜਾਇੰਦਾ। ਗੋਬਿੰਦ ਜੋਧਾ ਸੂਰਬੀਰ ਬਲਵਾਨ, ਏਕਾ ਖੰਡਾ ਨਾਮ ਉਠਾਇੰਦਾ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਚੌਕੜੀ ਉਤਰੇ ਪਾਰ, ਕੋਟਨ ਕੋਟ ਕਾਲ ਬਿਤਾਈਆ। ਨਵ ਨੌਂ ਵੇਖੇ ਵੇਖਣਹਾਰ, ਚਾਰ ਚਾਰ ਵੱਜੇ ਵਧਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਆਣੀ ਹਾਰ, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਅਗੰਮ ਅਪਾਰ, ਸਾਚੇ ਤਖ਼ਤ ਬੈਠ ਸਾਚਾ ਮਾਹੀਆ। ਵੇਖੇ ਵਿਗਸੇ ਵੇਖਣਹਾਰ, ਨਿਰਗੁਣ ਨਿਰਾਕਾਰ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਚੌਕੜੀ ਆਪਣੇ ਲੇਖੇ ਲਾਈਆ। ਨੌਂ ਸੌ ਚੁਰਾਨਵਾਂ ਚੌਕੜੀ ਉਤਰੇ ਆਪਣੇ ਘਾਟ, ਘਾਟਾ ਕੋਇ ਰਹਿਣ ਨਾ ਪਾਇਆ। ਕਰੇ ਖੇਲ ਪੁਰਖ ਸਮਰਥ, ਸਮਰਬ ਆਪਣੀ ਧਾਰ ਚਲਾਇਆ। ਜੁਗ ਜੁਗ ਚਲਾਏ ਰਥ, ਰਥ ਰਥਵਾਹੀ ਵੇਸ ਵਟਾਇਆ। ਲੱਖ ਚੁਰਾਸੀ ਪਾਏ ਨਥ, ਚਾਰੋਂ ਕੁੰਟ ਰਿਹਾ ਭੁਆਇਆ। ਵੇਖਣਹਾਰਾ ਮੰਦਰ ਮਸਜਿਦ ਮੱਠ, ਸ਼ਿਵਦਵਾਲੇ ਫੋਲ ਫੋਲਾਇਆ। ਪਾਵੇ ਸਾਰ ਤੀਰਥ ਅਠਸਠ, ਤਟ ਕਿਨਾਰਾ ਡੇਰਾ ਢਾਹਿਆ। ਦੋ ਜਹਾਨਾਂ ਨਠ ਨਠ, ਨਠ ਨਠ ਚੌਦਾਂ ਲੋਕਾਂ ਪੰਧ ਮੁਕਾਇਆ। ਚੌਦਾਂ ਤਬਕਾਂ ਗੇੜੇ ਉਲਟੀ ਲੱਠ, ਗੇੜਾ ਆਪਣਾ ਆਪ ਦਵਾਇਆ। ਕਲਜੁਗ ਅੰਤਮ ਕਰੇ ਭੱਠ, ਏਕਾ ਅਗਨ ਬਸੰਤਰ ਲਾਇਆ। ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਵੇਸ ਵਟਾਇਆ। ਆਦਿ ਅੰਤ ਖੇਲ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਲੇਖਾ ਜਾਣੇ ਗੁਰ ਅਵਤਾਰਾ, ਬੇਅੰਤ ਬੇਪਰਵਾਹੀਆ। ਪੂਰਾ ਕਰੇ ਕੌਲ ਇਕ਼ਰਾਰਾ, ਭੁਲ ਕਦੇ ਨਾ ਜਾਈਆ। ਨਿਹਕਲੰਕ ਮਹਾਂਬਲੀ ਉਤਰੇ ਅਵਤਾਰਾ, ਮਾਤ ਪਿਤ ਨਾ ਕੋਇ ਜਾਈਆ। ਵੇਦ ਵਿਆਸਾ ਬਣ ਲਿਖਾਰਾ, ਏਕਾ ਏਕ ਗਿਆ ਸਮਝਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਮੀਤ ਮੁਰਾਰਾ, ਉਚੇ ਟਿੱਲੇ ਪਰਬਤ ਆਸਣ ਲਾਈਆ। ਕਲਜੁਗ ਅੰਤਮ ਆਵੇ ਵਿਚ ਸੰਸਾਰਾ, ਜੋਤੀ ਜੋਤ ਜੋਤ ਰੁਸ਼ਨਾਈਆ । ਗੋਬਿੰਦ ਬੋਲ ਸਚ ਜੈਕਾਰਾ, ਏਕਾ ਡੰਕਾ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰਾ, ਬ੍ਰਹਿਮੰਡਾਂ ਖੰਡਾਂ ਦਏ ਹਿਲਾਈਆ। ਵਸੇ ਆਪਣੇ ਧਾਮ ਨਿਆਰਾ, ਮਹੱਲ ਅਟਲ ਦਏ ਵਡਿਆਈਆ। ਸੰਬਲ ਨੂਰ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਾਮ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਚਮਕਾਈਆ। ਤਿਖੀਆਂ ਰੱਖੇ ਦੋਵਾਂ ਧਾਰਾਂ, ਦੋ ਜਹਾਨਾਂ ਵੇਖ ਵਖਾਈਆ। ਸ਼ਬਦੀ ਸ਼ਬਦ ਇਕ ਹਲਕਾਰਾ, ਲੋਆਂ ਪੁਰੀਆਂ ਆਪ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਆਪ ਖੁਲ੍ਹਾਉਣਾ, ਆਦਿ ਪੁਰਖ ਪਰਦਾ ਲਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪੰਧ ਮੁਕਾਉਣਾ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਲਹਿਣਾ ਝੋਲੀ ਪਾਉਣਾ, ਪੂਰਬ ਕਰਮਾਂ ਦੇ ਸਲਾਹੀਆ। ਲੱਖ ਚਾਰ ਬੱਤੀ ਹਜ਼ਾਰ ਜਗਤ ਆਯੂ ਪੰਧ ਮੁਕਾਉਣਾ, ਬੰਧੀ ਬੰਧਨ ਇਕ ਵਖਾਈਆ। ਹੁਕਮੀ ਹੁਕਮ ਇਕ ਸੁਣਾਉਣਾ, ਧੁਰ ਫ਼ਰਮਾਨਾ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦੇ ਵਡਿਆਈਆ। ਸ਼ਬਦੀ ਅੰਦਰ ਸਾਚੀ ਧਾਰ, ਆਦਿ ਜੁਗਾਦਿ ਚਲਾਈਆ। ਸ਼ਬਦ ਗੁਰ ਸ਼ਬਦ ਅਵਤਾਰ, ਸ਼ਬਦ ਭਗਤ ਭਗਵੰਤ ਲਏ ਮਿਲਾਈਆ। ਸ਼ਬਦ ਸੰਤ ਸ਼ਬਦ ਕਰਤਾਰ, ਸ਼ਬਦ ਨਾਰ ਕੰਤ ਅਖਵਾਈਆ। ਸ਼ਬਦ ਗੁਰਮੁਖ ਕਰੇ ਪਿਆਰ, ਗੁਰਮੁਖ ਨਾਦ ਸ਼ਬਦ ਵਜਾਈਆ। ਸ਼ਬਦ ਗੁਰਸਿਖ ਲਏ ਉਭਾਰ, ਗੁਰਮੁਖ ਸ਼ਬਦ ਰੂਪ ਵਟਾਈਆ। ਸ਼ਬਦੀ ਸ਼ਬਦ ਜੈਕਾਰ, ਗੁਰ ਅਵਤਾਰ ਢੋਲਾ ਗਾਈਆ। ਜੁਗੋ ਜੁਗ ਸ਼ਬਦ ਭੰਡਾਰ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਸ਼ਬਦ ਖੇਲ ਸੱਚੀ ਸਰਕਾਰ, ਲੱਖ ਚੁਰਾਸੀ ਰੂਪ ਵਟਾਈਆ। ਸ਼ਬਦ ਅੰਦਰ ਸ਼ਬਦ ਬਾਹਰ, ਗੁਪਤ ਜ਼ਾਹਰ ਖੇਲ ਖਿਲਾਈਆ। ਸ਼ਬਦ ਮੰਦਰ ਮਸਜਿਦ ਗੁਰੂਦਵਾਰ, ਸ਼ਬਦ ਮੰਦਰ ਮਸਜਿਦ ਮਠ ਡੇਰਾ ਲਾਈਆ। ਸ਼ਬਦ ਨਾਦ ਧੁਨ ਜੈਕਾਰ, ਗੀਤਾ ਗਿਆਨ ਸ਼ਬਦ ਅਖਵਾਈਆ। ਸ਼ਬਦ ਸ਼ਾਸਤਰ ਸਿਮਰਤ ਪੁਰਾਨ, ਸ਼ਬਦੀ ਸ਼ਬਦ ਸ਼ਬਦ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਸ਼ਬਦ ਜੋਧਾ ਸੂਰਬੀਰ ਬਲੀ ਬਲਵਾਨ, ਸ਼ਬਦ ਦੋ ਜਹਾਨ ਡੇਰਾ ਲਾਈਆ। ਸ਼ਬਦ ਲੋਆਂ ਪੁਰੀਆਂ ਖੇਲ ਮਹਾਨ, ਸ਼ਬਦ ਸੂਰਜ ਚੰਦ ਰਿਹਾ ਚਮਕਾਈਆ। ਸ਼ਬਦ ਧਰਤ ਧਵਲ ਆਕਾਸ਼, ਸ਼ਬਦ ਗਗਨ ਮੰਡਲ ਸੋਭਾ ਪਾਈਆ। ਸ਼ਬਦ ਸ਼ਬਦੀ ਵੇਖੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਸ਼ਬਦ ਸੀਤਾ ਰਾਮ ਕਰੇ ਪਰਨਾਮ, ਸ਼ਬਦ ਸਤਿ ਅਸਥਾਨ ਸੁਹਾਈਆ। ਈਸਾ ਮੂਸਾ ਦੇ ਪੈਗ਼ਾਮ, ਮੁਕਾਮੇ ਹੱਕ ਇਕ ਸਲਾਹੀਆ। ਸ਼ਬਦ ਮੁਹੰਮਦ ਪਿਆਏ ਜਾਮ, ਆਬੇ ਹਯਾਤ ਹੱਥ ਉਠਾਈਆ। ਸ਼ਬਦ ਜਾਣੇ ਸਤਿ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਸ਼ਬਦ ਅਮਾਮਾਂ ਸਿਰ ਅਮਾਮ, ਅਮਾਮ ਸ਼ਬਦੀ ਨਾਉਂ ਧਰਾਈਆ। ਸ਼ਬਦ ਖੇਲ ਸ੍ਰੀ ਭਗਵਾਨ, ਆਦਿ ਜੁਗਾਦਿ ਕਰਾਈਆ। ਕਲਜੁਗ ਅੰਤਮ ਸ਼ਬਦੀ ਸ਼ਬਦ ਹੋ ਪਰਧਾਨ, ਲੋਕਮਾਤ ਵੇਸ ਵਟਾਈਆ। ਸ਼ਬਦ ਗੁਰ ਸਦਾ ਮਿਹਰਵਾਨ, ਦੀਨਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਸ਼ਬਦ ਅੰਤ ਸ਼ਬਦੀ ਧਾਰ ਵਖਾਈਆ। ਸ਼ਬਦੀ ਧਾਰ ਅੰਤਮ ਕਲ, ਕਲਵੰਤਾ ਆਪ ਰਖਾਇੰਦਾ। ਲੱਖ ਚੁਰਾਸੀ ਰਿਹਾ ਛਲ, ਭੇਵ ਕੋਈ ਨਾ ਪਾਇੰਦਾ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਖੇਲ ਖਿਲਾਇੰਦਾ। ਜੋਤੀ ਸ਼ਬਦੀ ਗਿਆ ਰਲ, ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਘੜੀ ਘੜੀ ਪਲ ਪਲ, ਥਿਤ ਵਾਰ ਨਾ ਕੋਇ ਜਣਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਸਾਚੀ ਨਗਰੀ ਆਸਣ ਲਾਇੰਦਾ। ਸਚ ਸੰਦੇਸ ਏਕਾ ਘਲ, ਦੋ ਜਹਾਨ ਸਮਝਾਇੰਦਾ। ਲੱਖ ਚੁਰਾਸੀ ਵੇਖੇ ਲੱਗਾ ਫਲ, ਬ੍ਰਹਮਾ ਬੂਟਾ ਵੇਖ ਵਖਾਇੰਦਾ। ਵਿਸ਼ਨੂੰ ਭੰਡਾਰ ਵੇਖੇ ਭਰਿਆ ਡਲ, ਅੰਤਮ ਪਰਦਾ ਲਾਹਿੰਦਾ। ਸ਼ੰਕਰ ਲਾਹੁੰਦਾ ਵੇਖੇ ਖੱਲ, ਤ੍ਰਿਸੂਲ ਹੱਥ ਚਮਕਾਇੰਦਾ। ਕਰੇ ਖੇਲ ਅੱਜ ਕਿ ਕਲ, ਭੇਵ ਕੋਇ ਨਾ ਪਾਇੰਦਾ। ਸਚ ਸਿੰਘਾਸਣ ਬੈਠਾ ਮੱਲ, ਸਾਚਾ ਤਖ਼ਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਖੇਲ ਆਪ ਕਰਾਇੰਦਾ। ਸ਼ਬਦੀ ਠੋਕਰ ਸ਼ਬਦੀ ਧਾਰ, ਸ਼ਬਦੀ ਸ਼ਬਦ ਆਪ ਜਣਾਈਆ। ਸ਼ਬਦ ਖੰਡਾ ਸ਼ਬਦ ਕਟਾਰ, ਸ਼ਬਦੀ ਸ਼ਬਦ ਰਿਹਾ ਚਮਕਾਈਆ। ਸ਼ਬਦੀ ਮਾਰੇ ਸ਼ਬਦ ਮਾਰ, ਸ਼ਬਦ ਸ਼ਬਦ ਵੇਖ ਵਖਾਈਆ। ਸ਼ਬਦ ਆਰ ਸ਼ਬਦ ਪਾਰ, ਸ਼ਬਦ ਮੰਝਧਾਰ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਖੇਲ ਖਿਲਾਈਆ। ਸ਼ਬਦੀ ਰਾਗ ਸ਼ਬਦੀ ਨਾਦ, ਹਰਿ ਸ਼ਬਦੀ ਸ਼ਬਦ ਵਜਾਇੰਦਾ। ਸ਼ਬਦ ਖੇਲ ਵਿਚ ਬ੍ਰਹਿਮਾਦਿ । ਸ਼ਬਦ ਆਦਿ ਸ਼ਬਦ ਜੁਗਾਦਿ, ਸ਼ਬਦ ਮਧ ਆਪਣਾ ਰੰਗ ਰੰਗਾਇੰਦਾ। ਸ਼ਬਦ ਸੰਤ ਸ਼ਬਦ ਸਾਧ, ਸ਼ਬਦ ਸਤਿ ਸੰਤੋਖ ਗਿਆਨ ਦ੍ਰਿੜਾਇੰਦਾ। ਸ਼ਬਦ ਜੁਗ ਜੁਗ ਕਰੇ ਪਸਾਰ, ਜੁਗ ਜੁਗ ਸ਼ਬਦੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਖੰਡਾ ਆਪ ਚਮਕਾਇੰਦਾ। ਸ਼ਬਦ ਖੰਡਾ ਚਮਕੇ ਦਾਮਨ, ਚੰਡ ਪਰਚੰਡਕਾ ਆਪ ਚਮਕਾਈਆ। ਕੋਈ ਨਾ ਬਣੇ ਕਿਸੇ ਦਾ ਜ਼ਾਮਨ, ਅੰਤਮ ਪੱਲੂ ਰਹੇ ਛੁਡਾਈਆ। ਲਹਿਣਾ ਦੇਣਾ ਚੁੱਕੇ ਛੱਤ੍ਰੀ ਸ਼ੂਦਰ ਵੈਸ਼ ਬ੍ਰਹਿਮਣ, ਵਰਨ ਬਰਨ ਨਾ ਕੋਇ ਵਖਾਈਆ। ਨਾਤਾ ਤੋੜੇ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਜੂਠ ਝੂਠ ਕਰੇ ਖ਼ਵਾਰ, ਆਪ ਆਪਣਾ ਬਲ ਧਰਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਰਖਾਈਆ। ਗੁਰਮੁਖ ਵਿਰਲੇ ਪਕੜਾਏ ਆਪਣਾ ਦਾਮਨ, ਪੂਰਬ ਲਹਿਣਾ ਝੋਲੀ ਪਾਈਆ। ਏਥੇ ਓਥੇ ਹੋਏ ਜ਼ਾਮਨ, ਰਾਏ ਧਰਮ ਨਾ ਦਏ ਸਜ਼ਾਈਆ। ਜਿਸ ਜਨ ਪਕੜੇ ਦਾਮਨ, ਸਦਾ ਹੋਏ ਸਹਾਈਆ। ਨਗਰ ਖੇੜਾ ਵਸਾਏ ਗਰਾਮਨ, ਕਾਇਆ ਬੰਕ ਸੋਭਾ ਪਾਈਆ। ਇਕ ਦੂਜੇ ਨੂੰ ਆਪੇ ਜਾਨਣ, ਗੁਰ ਚੇਲਾ ਰੂਪ ਵਟਾਈਆ। ਸਤਿਜੁਗ ਬੰਨ੍ਹਣ ਆਇਆ ਬਾਨ੍ਹਣ, ਕਲਜੁਗ ਲੇਖਾ ਰਿਹਾ ਮੁਕਾਈਆ। ਗੁਰਮੁਖਾਂ ਕਰੇ ਚਾਨਣ, ਏਕਾ ਚੰਦ ਲਏ ਚੜ੍ਹਾਈਆ। ਕਲਜੁਗ ਜੀਵ ਆਲਣਿਉਂ ਡਿਗੇ ਬੋਟ ਨਾ ਫੇਰ ਕੋਈ ਪਾਏ ਆਲਣ, ਆਪਣਾ ਭਾਰ ਨਾ ਸਕੇ ਉਠਾਈਆ। ਪੱਲੇ ਨਾਮ ਨਾ ਦਿਸੇ ਕੋਈ ਦਾਮਨ, ਝੂਠੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸ਼ਬਦੀ ਰੰਗ ਵਖਾਈਆ। ਸ਼ਬਦੀ ਰੰਗ ਹਰਿ ਨਿਰੰਕਾਰ, ਏਕਾ ਏਕ ਚੜ੍ਹਾਇੰਦਾ। ਵੇਖ ਵਖਾਏ ਸਰਬ ਸੰਸਾਰ, ਲੱਖ ਚੁਰਾਸੀ ਫੋਲ ਫੋਲਾਇੰਦਾ। ਬ੍ਰਹਿਮੰਡਾਂ ਮਾਰੇ ਮਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੋਇਆ ਕੋਇ ਰਹਿਣ ਨਾ ਪਾਇੰਦਾ। ਦੋ ਜਹਾਨਾਂ ਵੱਜੇ ਤਾਲ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਕਲਜੁਗ ਲੇਖਾ ਜਾਣੇ ਧਨ ਮਾਲ, ਤ੍ਰੈਗੁਣ ਮਾਇਆ ਮੂਲ ਚੁਕਾਇੰਦਾ। ਕਲਜੁਗ ਜੀਵ ਹੋਇਣ ਬੇਹਾਲ, ਰਹਿਮਤ ਰਹੀਮ ਨਾ ਕੋਇ ਕਮਾਇੰਦਾ। ਕਾਇਆ ਮੰਦਰ ਅੰਦਰ ਖ਼ਾਲੀ ਦਿਸੇ ਧਰਮਸਾਲ, ਹਰਿ ਕਾ ਨਾਮ ਨਾ ਕੋਇ ਵਸਾਇੰਦਾ। ਅਠਸਠ ਤੀਰਥ ਰਹੇ ਭਾਲ, ਅੰਤਰ ਝਿਰਨਾ ਨਾ ਕੋਇ ਝਿਰਾਇੰਦਾ। ਢੋਲਕ ਛੈਣਾ ਵਜਾਉਂਦੇ ਤਾਲ, ਅਨਹਦ ਨਾਦ ਨਾ ਕੋਇ ਅਲਾਇੰਦਾ। ਹੱਥੀਂ ਫੜ ਫੜ ਫੇਰਨ ਮਾਲ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਦੂਜੇ ਦੀ ਦੂਜਾ ਕਰੇ ਸੰਭਾਲ, ਆਪਣੀ ਸੁਰਤ ਸ਼ਬਦ ਨਾ ਕੋਇ ਮਿਲਾਇੰਦਾ। ਇਕ ਦੂਜੇ ਨੂੰ ਸੁਣਾਉਣ ਸਤਿਗੁਰ ਦਾ ਹਾਲ, ਆਪਣਾ ਹਾਲ ਸਤਿਗੁਰ ਅੱਗੇ ਨਾ ਕੋਇ ਸੁਣਾਇੰਦਾ। ਸਤਿਗੁਰ ਸੂਰਾ ਦੀਨ ਦਿਆਲ, ਜੁਗ ਜੁਗ ਵੇਖ ਵਖਾਇੰਦਾ। ਜਨ ਭਗਤਾਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਅੰਤਮ ਖੇਲ ਹਰਿ ਕਰਾਉਣਾ, ਕਿਰਤੀ ਕਿਰਤ ਕਮਾਈਆ। ਕਲਜੁਗ ਝੂਠਾ ਖੇੜਾ ਢਾਉਣਾ, ਜੂਠ ਝੂਠ ਰਹਿਣ ਨਾ ਪਾਈਆ। ਮਾਇਆ ਮਮਤਾ ਮੋਹ ਚੁਕਾਉਣਾ, ਹੰਕਾਰ ਵਿਕਾਰ ਦਏ ਗਵਾਈਆ। ਸੰਸਾ ਰੋਗ ਸਰਬ ਮਿਟਾਉਣਾ, ਹਿੰਸਾ ਰੰਗ ਨਾ ਕੋਇ ਚੜ੍ਹਾਈਆ। ਸਚ ਸੰਜੋਗ ਆਪ ਕਰਾਉਣਾ, ਵਰਨ ਬਰਨ ਨਾ ਕੋਇ ਲੜਾਈਆ। ਆਤਮ ਜੋਗ ਇਕ ਸਿਖਾਉਣਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਕਾਇਆ ਮੰਦਰ ਇਕ ਵਸਾਉਣਾ, ਘਰ ਘਰ ਵਿਚ ਕਰ ਰੁਸ਼ਨਾਈਆ। ਬਜਰ ਕਪਾਟੀ ਪਰਦਾ ਲਾਹੁਣਾ, ਦੂਈ ਦਵੈਤੀ ਮੇਟ ਮਿਟਾਈਆ। ਹੰਸ ਕਾਗ ਰੂਪ ਵਟਾਉਣਾ, ਸਚ ਸਰੋਵਰ ਦਏ ਨੁਹਾਈਆ। ਅਨਹਦ ਨਾਦੀ ਨਾਦ ਵਜਾਉਣਾ, ਏਕਾ ਰਾਗ ਅਲਾਈਆ। ਪੰਚਮ ਸਖ਼ੀਆਂ ਮੰਗਲ ਗੌਣਾ, ਸਾਚਾ ਰਾਗ ਆਪ ਅਲਾਹੀਆ। ਸੁਰਤੀ ਸ਼ਬਦੀ ਏਕਾ ਘਰ ਬਹਾਉਣਾ, ਮੇਲ ਮਿਲਾਉਣਾ ਸਾਚੇ ਮਾਹੀਆ। ਆਤਮ ਮੰਦਰ ਇਕ ਵਖਾਉਣਾ, ਕਾਇਆ ਸੇਜਾ ਦਏ ਦਰਸਾਈਆ। ਸੋ ਪੁਰਖ ਨਿਰੰਜਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਏਕਾ ਨਜ਼ਰੀ ਆਉਣਾ, ਇਸ਼ਟ ਦੇਵ ਸਰਬ ਲੋਕਾਈਆ। ਨਮੋ ਸਤਿ ਮੰਤਰ ਦ੍ਰਿੜੌਣਾ, ਨਮੋ ਨਮੋ ਵੱਜੇ ਸਤਿ ਵਧਾਈਆ। ਬ੍ਰਹਮ ਮਤ ਇਕ ਸਮਝਾਉਣਾ, ਪਾਰਬ੍ਰਹਮ ਮੇਲ ਮਿਲਾਈਆ। ਰਤੀ ਰਤ ਰੰਗ ਰੰਗਾਉਣਾ, ਰੰਗਿਆ ਰੰਗ ਉਤਰ ਨਾ ਜਾਈਆ। ਹਜ਼ਾਰਾ ਦਰੂਦ ਇਕ ਸਿਖਾਉਣਾ, ਬਸਰੀ ਇਸਮ ਕਰੇ ਪੜ੍ਹਾਈਆ। ਪੀਰ ਦਸਤਗੀਰ ਗੁਣੀ ਗਹੀਰ ਆਪਣਾ ਹੱਥ ਆਪ ਮਿਲਾਉਣਾ, ਸਖ਼ੀ ਸੁਲਤਾਨ ਬੇਪਰਵਾਹੀਆ। ਮੁਕਾਮੇ ਹੱਕ ਫੇਰਾ ਪੌਣਾ, ਦਰਗਹਿ ਸਾਚੀ ਧਾਮ ਸੁਹਾਈਆ। ਲਾਸ਼ਰੀਕ ਖ਼ੁਦਾ ਬੇਐਬ ਪਰਵਰਦਿਗਾਰ ਆਪਣਾ ਬੰਧਨ ਆਪੇ ਪਾਉਣਾ, ਜਲਵਾ ਨੂਰ ਨੂਰ ਵਿਚ ਸਮਾਈਆ। ਹੰ ਬ੍ਰਹਮ ਆਪਣੇ ਰੰਗ ਰੰਗਾਉਣਾ, ਸੋਹੰ ਆਪਣੀ ਧਾਰ ਚਲਾਈਆ। ਨਿਹਕਰਮੀ ਆਪਣਾ ਕਰਮ ਕਮਾਉਣਾ, ਕਰਮ ਕਾਂਡ ਨਾ ਕੋਈ ਰਖਾਈਆ। ਸਾਚਾ ਖੇੜਾ ਆਪ ਵਸੌਣਾ, ਦਰ ਘਰ ਸਾਚਾ ਆਪ ਸੁਹਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲਾਉਣਾ, ਸੀਸ ਤਾਜ ਨਾ ਕੋਈ ਉਠਾਈਆ। ਊਚਾਂ ਨੀਚਾਂ ਏਕਾ ਦਰ ਬਹਾਉਣਾ, ਸਾਚਾ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਲੱਗਣਾ ਜਗ, ਸੋ ਪੁਰਖ ਨਿਰੰਜਣ ਆਪ ਲਗਾਈਆ। ਕਲਜੁਗ ਕੂੜ ਉਡਾਉਣਾ ਕੱਗ, ਜਗਤ ਰਹਿਣ ਨਾ ਪਾਈਆ। ਤ੍ਰੈਗੁਣ ਅਗਨੀ ਬੁਝਣੀ ਅੱਗ, ਸਾਂਤਕ ਸਤ ਵਰਤਾਈਆ। ਹਰਿਜਨ ਮੇਲੇ ਸੂਰਾ ਸਰਬਗ, ਸਿਰ ਆਪਣਾ ਹੱਥ ਟਿਕਾਈਆ। ਦਰਸ ਵਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪਾਰ ਕਰਾਈਆ। ਜਾਮ ਪਿਆਏ ਏਕਾ ਮਦਿ, ਅੰਮ੍ਰਿਤ ਆਤਮ ਮੁਖ ਚੁਆਈਆ। ਸ਼ਬਦ ਵਜਾਏ ਸਾਚਾ ਨਦ, ਅਨਹਦ ਰਾਗ ਸੁਣਾਈਆ। ਸੁਰਤ ਸੁਆਣੀ ਆਪਣੇ ਘਰ ਸੱਦ, ਸ਼ਬਦ ਹਾਣੀ ਲਏ ਮਿਲਾਈਆ। ਇਕ ਵਖਾਏ ਚੌਥਾ ਪਦ, ਨੈਣ ਨੇਤਰ ਕਰੇ ਰੁਸ਼ਨਾਈਆ। ਡੂੰਘੀ ਕਵਰੀ ਆਪੇ ਕੱਢ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਪਾਰਬ੍ਰਹਮ ਬ੍ਰਹਮ ਲਡਾਏ ਲਡ, ਈਸ਼ ਜੀਵ ਗਲੇ ਲਗਾਈਆ। ਪਾਰ ਲੰਘਾਏ ਝੂਠੀ ਹੱਦ, ਸਾਚੇ ਘਰ ਆਪ ਬਹਾਈਆ। ਲੱਖ ਚੁਰਾਸੀ ਨਾਲੋਂ ਕਰੇ ਅੱਡ, ਗੁਰਮੁਖ ਵਿਰਲੇ ਵਡ ਵਡਿਆਈਆ। ਭਾਗ ਲਗਾਏ ਸਾਚੀ ਯੱਦ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਮੁਕਾਈਆ। ਤੇਰਾ ਲੇਖਾ ਮੁਕਣਾ, ਆਈ ਅੰਤਮ ਵਾਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟਣਹਾਰ। ਪੁਰਖ ਅਬਿਨਾਸ਼ੀ ਸ਼ੇਰ ਏਕਾ ਬੁੱਕਣਾ, ਸਿੰਘ ਰੂਪ ਮਾਰੇ ਭਬਕਾਰ। ਤੇਰਾ ਅੰਤਮ ਭਾਗ ਨਿਖੁਟਣਾ, ਚਾਰੇ ਕੁੰਟਾਂ ਆਈ ਹਾਰ। ਤੇਰਾ ਵਸਦਾ ਘਰ ਲੁੱਟਣਾ, ਨਾ ਸਕੇ ਕੋਇ ਸੰਭਾਲ। ਤੇਰਾ ਝੂਠਾ ਬੂਟਾ ਪੁੱਟਣਾ, ਦੇਵੇ ਜੜ੍ਹ ਉਖਾੜ। ਅੰਤਮ ਆਪਣੇ ਖਾਤੇ ਸੁੱਟਣਾ, ਤਿੰਨ ਜੁਗ ਲਏ ਸਵਾਲ। ਸਤਿਜੁਗ ਸਾਚਾ ਮਾਤ ਉਠਣਾ, ਪੁਰਖ ਅਬਿਨਾਸ਼ੀ ਲਏ ਉਠਾਲ। ਆਪ ਸੁਹਾਏ ਸਾਚੀ ਰੁੱਤਨਾ, ਰੁਤ ਰੁਤੜੀ ਵੇਖੇ ਆਣ। ਕਰੇ ਖੇਲ ਅਬਿਨਾਸ਼ੀ ਅਚੁਤਨਾ, ਚੇਤਨ ਰੂਪ ਕਰ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰੇ ਆਪ ਨਿਰੰਕਾਰ। ਕਲਜੁਗ ਅੰਤਮ ਖੇਲ ਕਰਾਉਣਾ, ਨਿਰਗੁਣ ਆਪਣੀ ਕਾਰ ਕਮਾਈਆ। ਗੋਬਿੰਦ ਲੇਖਾ ਪੂਰ ਕਰਾਉਣਾ, ਮੇਲ ਮਿਲਾਵਾ ਸਾਚੇ ਮਾਹੀਆ। ਸੰਬਲ ਨਗਰੀ ਧਾਮ ਸੁਹਾਉਣਾ, ਸਾਚੇ ਬੰਕ ਦੇ ਵਡਿਆਈਆ। ਨਾਮ ਮਰਦੰਗਾ ਇਕ ਵਜਾਉਣਾ, ਤਾਰ ਸਿਤਾਰ ਨਾ ਕੋਇ ਹਿਲਾਈਆ। ਕੋਟਨ ਕੋਟ ਬ੍ਰਹਿਮੰਡਾਂ ਆਪ ਜਗਾਉਣਾ, ਜੇਰਜ ਅੰਡਾਂ ਪਰਦਾ ਲਾਹੀਆ। ਆਪਣਾ ਕੰਢਾ ਆਪੇ ਪਾਰ ਕਰਾਉਣਾ, ਅਧਵਿਚਕਾਰ ਨਾ ਕੋਇ ਰਖਾਈਆ। ਲੱਖ ਚੁਰਾਸੀ ਜੀਵ ਜੰਤ ਕਾਰਜ ਅਨੰਦਾ ਇਕ ਕਰਾਉਣਾ, ਏਕਾ ਦਿਵਸ ਸ਼ਾਹ ਸੁਲਤਾਨ । ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਸਭ ਦਾ ਲੇਖਾ ਆਪ ਮੁਕਾਉਣਾ, ਬਾਕੀ ਲੇਖਾ ਨਾ ਕੋਇ ਵਖਾਈਆ। ਸਾਚੇ ਤਖ਼ਤ ਬੈਠ ਸੁਲਤਾਨਾ ਸਾਚਾ ਹੁਕਮ ਆਪ ਸੁਣਾਉਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਨੌਂ ਖੰਡ ਪ੍ਰਿਥਮੀ ਮਾਰਗ ਏਕਾ ਲਾਉਣਾ, ਸੱਤਾਂ ਦੀਪਾਂ ਸਤਿ ਕਰੇ ਪੜ੍ਹਾਈਆ। ਸੱਤ ਰੰਗ ਨਿਸ਼ਾਨਾ ਇਕ ਝੁਲਾਉਣਾ, ਸਤਿ ਸਤਿਵਾਦੀ ਆਪ ਉਠਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਨਜ਼ਰ ਨਾ ਆਉਣਾ, ਏਕਾ ਬ੍ਰਹਮ ਸਰਬ ਦਰਸਾਈਆ। ਸੋਹੰ ਢੋਲਾ ਸਭ ਨੇ ਗਾਉਣਾ, ਆਤਮ ਪਰਮਾਤਮ ਵੱਜੇ ਵਧਾਈਆ। ਨਾਨਕ ਵਿਚੋਲਾ ਨਜ਼ਰੀ ਆਉਣਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਰਾਮ ਕ੍ਰਿਸ਼ਨ ਰੂਪ ਪਰਗਟਾਉਣਾ, ਮੁਕਟ ਬੈਣ ਵੇਸ ਵਟਾਈਆ। ਈਸਾ ਮੂਸਾ ਕਾਲਾ ਸੂਸਾ ਤਨ ਛੁਹਾਉਣਾ, ਏਕਾ ਅਲਫ਼ੀ ਤਨ ਹੰਢਾਈਆ। ਸੰਗ ਮੁਹੰਮਦ ਆਪਣਾ ਕਲਮਾ ਆਪ ਪੜ੍ਹਾਉਣਾ, ਸ਼ਰਾਇਤ ਆਇਤ ਇਕ ਦ੍ਰਿੜਾਈਆ। ਮੁਖ ਨਕ਼ਾਬੀ ਪਰਦਾ ਲਾਹੁਣਾ, ਬੇਆਬੀ ਖ਼ੁਸ਼ੀ ਮਨਾਈਆ। ਰਮਈਆ ਰਾਮ ਹਰ ਘਟ ਨਜ਼ਰੀ ਆਉਂਣਾ, ਸਾਵਲ ਸੁੰਦਰ ਅਪਣਾ ਰੂਪ ਵਟਾਈਆ। ਨਾਨਕ ਨਿਰਗੁਣ ਜੋਤੀ ਦੀਪ ਜਗਾਉਣਾ, ਗੁਰ ਅੰਜਨ ਨੇਤਰ ਪਾਈਆ। ਗੋਬਿੰਦ ਅੰਮ੍ਰਿਤ ਜਾਮ ਪਿਆਉਣਾ, ਦੂਈ ਦਵੈਤ ਦੇ ਮਿਟਾਈਆ। ਘਟ ਘਟ ਅੰਦਰ ਪੁਰਖ ਅਕਾਲ ਇਕ ਵਖਾਉਣਾ, ਨਿਰਗੁਣ ਬੈਠਾ ਆਸਣ ਲਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਸਾਚਾ ਬੰਧਨ ਪਾਉਣਾ, ਨਾ ਕੋਇ ਤੋੜੇ ਤੋੜ ਤੁੜਾਈਆ। ਜੋਤ ਲਲਾਟੀ ਸਾਚਾ ਚੰਦਨ ਲਾਉਣਾ, ਝੂਠਾ ਤਿਲਕ ਨਾ ਕੋਇ ਵਖਾਈਆ। ਨਾਮ ਨਿਧਾਨਾ ਜੰਞੂ ਪਾਉਣਾ, ਨਾ ਕੋਈ ਤੋੜੇ ਤੋੜ ਤੁੜਾਈਆ। ਸਤਿ ਸੰਤੋਖੀ ਸੁੰਨਤ ਕਰਾਉਣਾ, ਸਾਚੀ ਸ਼ਰਅ ਇਕ ਬਣਾਈਆ। ਗੁਰਸਿਖ ਗੁਰ ਗੁਰ ਗੋਦ ਬਹਾਉਣਾ, ਆਪ ਆਪਣੀ ਗੋਦ ਸੁਹਾਈਆ। ਚਾਰ ਵਰਨਾਂ ਏਕਾ ਰੰਗ ਚੜ੍ਹਾਉਣਾ, ਉਤਰ ਕਦੇ ਨਾ ਜਾਈਆ। ਧਰਮ ਕਰਮ ਇਕ ਵਖਾਉਣਾ, ਏਕਾ ਘਰ ਦੇ ਵਸਾਈਆ। ਏਕਾ ਪਿਤਾ ਏਕਾ ਮਾਤ ਬਣਾਉਣਾ, ਦਾਈ ਦਾਇਆ ਇਕ ਅਖਵਾਈਆ। ਨਿਹਕਲੰਕ ਆਪਣਾ ਖੇਲ ਆਪ ਕਰਾਉਣਾ, ਦੂਸਰ ਓਟ ਨਾ ਕੋਇ ਤਕਾਈਆ। ਗੁਰਮੁਖ ਵਿਰਲੇ ਬੂਝ ਬੁਝਾਉਣਾ, ਕਲਜੁਗ ਅੰਤਮ ਸੁੱਤੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਖੇਲ ਰਿਹਾ ਕਰਾਈਆ। ਖੇਲ ਕਰੇ ਸ੍ਰੀ ਭਗਵਾਨਾ, ਭਗਤਨ ਭੇਤ ਜਣਾਇੰਦਾ। ਗੁਰਮੁਖ ਉਪਜਾਏ ਸਚ ਨਿਸ਼ਾਨਾ, ਲੋਕਮਾਤ ਝੁਲਾਇੰਦਾ। ਅੰਤਰ ਆਤਮ ਦੇਵੇ ਬ੍ਰਹਮ ਗਿਆਨਾ, ਜਗਤ ਵਿਦਿਆ ਨਾ ਕੋਇ ਪੜ੍ਹਾਇੰਦਾ। ਅੱਠੇ ਪਹਿਰ ਇਕ ਤਰਾਨਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਦਿਵਸ ਰੈਣ ਨਜ਼ਰੀ ਆਏ ਸ੍ਰੀ ਭਗਵਾਨਾ, ਕਾਇਆ ਮੰਦਰ ਅੰਦਰ ਆਸਣ ਲਾਇੰਦਾ। ਦਰ ਦਰ ਲੱਭਦਾ ਫਿਰੇ ਜਹਾਨਾ, ਹਰਿ ਕਾ ਰੂਪ ਹੱਥ ਕਿਸੇ ਨਾ ਆਇੰਦਾ। ਮੁਖ ਛੁਪਾ ਕੇ ਬੈਠਾ ਕ੍ਰਿਸ਼ਨਾ ਕਾਹਨਾ, ਬੰਸਰੀ ਨਾਮ ਨਾ ਕਿਸੇ ਸੁਣਾਇੰਦਾ। ਰਾਮ ਰਮਈਆ ਆਵੇ ਨਾ ਵਿਚ ਧਿਆਨਾ, ਸੀਤਾ ਸੁਰਤੀ ਨਾ ਕੋਇ ਹੰਢਾਇੰਦਾ। ਨਾਨਕ ਦੇਵੇ ਨਾ ਸਤਿ ਪਰਵਾਨਾ, ਨਾਨਕ ਸ਼ਬਦ ਨਾ ਕੋਇ ਗਾਇੰਦਾ। ਗੋਬਿੰਦ ਮਿਲੇ ਨਾ ਸੂਰਬੀਰ ਬਲਵਾਨਾ, ਗੁਰ ਕਾ ਖੰਡਾ ਨਾ ਕੋਇ ਚਮਕਾਇੰਦਾ। ਕਲਜੁਗ ਅੰਤਮ ਖੇਲ ਮਹਾਨਾ, ਭੇਵ ਕੋਇ ਨਾ ਪਾਇੰਦਾ। ਪਰਗਟ ਹੋ ਸ੍ਰੀ ਭਗਵਾਨਾ, ਨਿਹਕਲੰਕਾ ਨਾਉਂ ਰਖਾਇੰਦਾ। ਜੁਗ ਚੌਕੜੀ ਵੇਖੇ ਮਾਰ ਧਿਆਨਾ, ਸਤਿਜੁਗ ਤ੍ਰੇਤਾ ਦੁਆਪਰ ਫੋਲ ਫੋਲਾਇੰਦਾ। ਜੁਗ ਜੁਗ ਵਿਛੜੇ ਮੇਲੇ ਵਿਚ ਜਹਾਨਾ, ਕਲਜੁਗ ਅੰਤਮ ਮੇਲ ਮਿਲਾਇੰਦਾ। ਆਪੇ ਜਾਣੇ ਆਪਣਾ ਆਵਣ ਜਾਣਾ, ਹਰਿਜਨ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ। ਗੁਰਮੁਖ ਸਾਚਾ ਜਾਏ ਉਠ, ਜਿਸ ਉਪਰ ਸਤਿਗੁਰ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਜਾਏ ਤੁਠ, ਆਪਣੀ ਬੂਝ ਬੁਝਾਈਆ। ਅੰਮ੍ਰਿਤ ਜਾਮ ਪਿਆਏ ਘੁਟ, ਦੁਰਮਤ ਮੈਲ ਧੁਆਈਆ। ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਭਾਗ ਲਗਾਏ ਕਾਇਆ ਕੋਟ, ਸਾਚਾ ਗੜ੍ਹ ਦੇ ਵਸਾਈਆ। ਗੁਰਮੁਖ ਤੇਰਾ ਵਰਨ ਨਾ ਕੋਈ ਗੋਤ, ਏਕਾ ਬ੍ਰਹਮ ਸਰਬ ਦਰਸਾਈਆ। ਪੁਰਖ ਅਕਾਲ ਸਾਚੀ ਓਟ, ਦੂਸਰ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕਲਜੁਗ ਤੇਰਾ ਲਹਿਣਾ ਤੇਰੀ ਝੋਲੀ ਪਾ, ਤੇਰਾ ਮੂਲ ਚੁਕਾਉਣਾ। ਜੀਵ ਜੰਤ ਜੋ ਦਏ ਭੁਲਾ, ਝੂਠਾ ਮਾਰਗ ਜਗਤ ਮੁਕਾਉਣਾ। ਮਾਇਆ ਮਮਤਾ ਜੋ ਦਏ ਰੁਲਾ, ਮਮਤਾ ਮੋਹ ਆਪ ਮਿਟਾਉਣਾ। ਹਉਮੇ ਹੰਗਤ ਗੜ੍ਹ ਵਿਚ ਦੇ ਵਸਾ, ਝੂਠਾ ਗੜ੍ਹ ਆਪ ਤੁੜਾਉਣਾ। ਝੂਠੀ ਸੰਗਤ ਵਿਚ ਦੇ ਰੁਲਾ, ਠਗ ਚੋਰ ਵੇਖ ਵਖਾਉਣਾ। ਗੁਰਮੁਖ ਵਿਰਲਾ ਮੰਗਤਾ ਬਣੇ ਦਰ ਬੇਪਰਵਾਹ, ਏਕਾ ਸਾਚੀ ਮੰਗ ਮੰਗਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਸਾਚੇ ਹਰਿ ਅੰਤ ਆਪਣਾ ਬੰਧਨ ਪਾਵਣਾ।
