੧੬ ਭਾਦਰੋਂ ੨੦੧੮ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਢੈ ਪਈ ਜ਼ਿਲਾ ਲੁਧਿਆਣਾ
ਸਚਖੰਡ ਸੱਚਾ ਦਵਾਰਾ, ਸੋ ਪੁਰਖ ਨਿਰੰਜਣ ਸੋਭਾ ਪਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਦਏ ਸਹਾਰਾ, ਆਪ ਆਪਣਾ ਬੰਧਨ ਪਾਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਵੇਖਣਹਾਰਾ, ਦਰ ਘਰ ਸਾਚਾ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਉਪਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਆਪਣੀ ਖੇਲ ਆਪ ਖਿਲਾਇੰਦਾ। ਅਲਖ ਅਗੋਚਰ ਅਗੰਮ ਅਗੰਮੜੀ ਕਾਰਾ, ਪੁਰਖ ਅਗੰਮੜਾ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸ਼ਾਹ ਪਾਤਸ਼ਾਹ ਹਰਿ ਕਰਤਾਰ, ਆਦਿ ਪੁਰਖ ਅਖਵਾਈਆ। ਨਿਰਗੁਣ ਨਿਰਵੈਰ ਹੋ ਤਿਆਰ, ਮੂਰਤ ਅਕਾਲ ਡਗਮਗਾਈਆ। ਅਜੂਨੀ ਰਹਿਤ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਸੋਭਾ ਪਾਈਆ। ਜਲਵਾ ਨੂਰ ਕਰ ਉਜਿਆਰ, ਜੋਤ ਉਜਾਲਾ ਵੇਸ ਵਟਾਈਆ। ਸਾਚੇ ਮੰਦਰ ਖੇਲ ਨਿਆਰ, ਖੇਲ ਅਵੱਲੜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਵਡਿਆਈਆ। ਸਚਖੰਡ ਸਾਚਾ ਸਚ ਦਵਾਰ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਦਰ ਘਰ ਸਾਚਾ ਆਪ ਸੁਹਾਇੰਦਾ। ਏਕੰਕਾਰਾ ਵੇਖੇ ਵੇਖਣਹਾਰ, ਆਦਿ ਨਿਰੰਜਣ ਮੇਲ ਮਿਲਾਇੰਦਾ। ਅਬਿਨਾਸ਼ੀ ਕਰਤਾ ਵਸੇ ਠਾਂਡੇ ਦਰਬਾਰ, ਸ੍ਰੀ ਭਗਵਾਨ ਨਿਸ਼ਾਨ ਝੁਲਾਇੰਦਾ। ਪਾਰਬ੍ਰਹਮ ਪ੍ਰਭ ਖ਼ਬਰਦਾਰ, ਆਦਿ ਜੁਗਾਦੀ ਇਕ ਅਖਵਾਇੰਦਾ। ਸਾਚੇ ਤਖ਼ਤ ਬੈਠ ਹੁਕਮਰਾਨ, ਧੁਰ ਫ਼ਰਮਾਨਾ ਆਪ ਅਲਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਦਰ ਦਰਵੇਸ਼ ਵੇਸ ਵਟਾਇੰਦਾ। ਭਿੱਖਕ ਭਿਖਾਰੀ ਬਣੇ ਆਪ ਭਗਵਾਨ, ਨਿਉਂ ਨਿਉਂ ਸੀਸ ਜਗਦੀਸ ਸੀਸ ਝੁਕਾਇੰਦਾ। ਕਰੇ ਖੇਲ ਹਰਿ ਮਹਾਨ, ਭੇਵ ਅਭੇਦ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਸੋਭਾ ਪਾਇੰਦਾ। ਸਚਖੰਡ ਦਵਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਨਾਰੀ ਕੰਤ, ਨਰ ਨਰਾਇਣ ਵੇਸ ਵਟਾਈਆ। ਏਕੰਕਾਰਾ ਬਣਾਏ ਬਣਤ, ਘਾੜਨ ਘੜਤ ਲਏ ਘੜਾਈਆ। ਆਦਿ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਅਬਿਨਾਸ਼ੀ ਕਰਤਾ ਬੇਪਰਵਾਹ ਬੇਅੰਤ, ਬੇਐਬ ਨਾਮ ਖ਼ੁਦਾਈਆ। ਸ੍ਰੀ ਭਗਵਾਨ ਸਾਚਾ ਧਾਮ ਸੁਹੰਤ, ਦਰਗਹਿ ਸਾਚੀ ਵਡ ਵਡਿਆਈਆ। ਪਾਰਬ੍ਰਹਮ ਆਪਣਾ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਈਆ। ਸਚਖੰਡ ਦਵਾਰ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਵਸਣਹਾਰਾ ਇਕ ਇਕੱਲਾ, ਆਪ ਆਪਣਾ ਆਸਣ ਲਾਇੰਦਾ। ਆਦਿ ਜੁਗਾਦੀ ਖੇਲ ਅਵੱਲਾ, ਸ਼ਬਦ ਜੋਤ ਆਪੇ ਰੱਲਾ, ਜੋਤੀ ਜਾਤਾ ਡਗਮਗਾਇੰਦਾ। ਨਿਰਗੁਣ ਨਿਰਗੁਣ ਫੜਾਏ ਪੱਲਾ, ਨਿਰਗੁਣ ਨਿਰਗੁਣ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਵੇਖ ਵਖਾਇੰਦਾ। ਸਚਖੰਡ ਦਵਾਰਾ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਛੱਪਰ ਛੰਨ ਨਾ ਕੋਇ ਸਹਾਰ, ਚਾਰ ਦੀਵਾਰ ਨਾ ਕੋਇ ਬਣਾਈਆ। ਦੀਵਾ ਬਾਤੀ ਨਾ ਕੋਇ ਉਜਿਆਰ, ਆਦਿ ਨਿਰੰਜਣ ਡਗਮਗਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਖੇਲ ਖਿਲਾਈਆ। ਨਾ ਕੋਈ ਮੰਦਰ ਗੁਰੂਦਵਾਰ, ਇਕ ਇਕੱਲਾ ਸੋਭਾ ਪਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਆਪਣੀ ਇਛਿਆ ਭਰ ਭੰਡਾਰ, ਆਪੇ ਰਿਹਾ ਵਰਤਾਈਆ। ਆਪੇ ਵੇਖੇ ਵੇਖਣਹਾਰ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਵੜ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪੇ ਨਾਰੀ ਆਪੇ ਕੰਤ, ਕੰਤ ਕੰਤੂਹਲ ਵੇਸ ਵਟਾਇੰਦਾ। ਆਪੇ ਬਣਾਏ ਆਪਣੀ ਬਣਤ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਆਪੇ ਆਦਿ ਆਪੇ ਅੰਤ, ਅੰਤ ਆਦਿ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਾਚਾ ਘਰ, ਦਰ ਘਰ ਸਾਚਾ ਆਪ ਖੁਲ੍ਹਾਇੰਦਾ। ਸਚਖੰਡ ਦਵਾਰਾ ਆਪੇ ਖੋਲ੍ਹ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਏਕੰਕਾਰਾ ਨਿਸ਼ਅੱਖਰ ਆਪ ਬੋਲ, ਅੱਖਰ ਵੱਖਰ ਕਰੇ ਪੜ੍ਹਾਈਆ। ਆਪੇ ਤੋਲਣਹਾਰਾ ਤੋਲ, ਤੋਲਾ ਬਣੇ ਸਾਚਾ ਮਾਹੀਆ। ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਆਪੇ ਵਸੇ ਆਪਣੇ ਕੋਲ, ਆਪਣਾ ਸੰਗ ਨਿਭਾਈਆ। ਆਪੇ ਆਪਣੇ ਅੰਦਰ ਜਾਏ ਮੌਲ, ਆਪਣੀ ਰਚਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਸਚ ਸਿੰਘਾਸਣ ਦਏ ਵਡਿਆਈਆ। ਸਾਚੇ ਤਖ਼ਤ ਬੈਠ ਸੱਚਾ ਸੁਲਤਾਨ, ਹਰਿ ਸਾਚਾ ਖੇਲ ਖਿਲਾਇੰਦਾ। ਆਦਿ ਪੁਰਖ ਹੋ ਮਿਹਰਵਾਨ, ਆਪਣੀ ਦਇਆ ਆਪ ਕਮਾਇੰਦਾ। ਆਪੇ ਦੇਵੇ ਧੁਰ ਫ਼ਰਮਾਨ, ਸ਼ਬਦ ਅਨਾਦੀ ਨਾਦ ਵਜਾਇੰਦਾ। ਹੁਕਮੀ ਹੁਕਮ ਸੁਣਾਏ ਸੁਣਾਵਣਹਾਰ, ਸੁਣਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਹਰਿ, ਸਾਚਾ ਮਤਾ ਆਪ ਪਕਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਵੈਰ ਆਪ ਰਖਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਗੁਣ ਆਪੇ ਵੇਖ ਵਖਾਈਆ। ਨਿਰਗੁਣ ਮੰਦਰ ਨਿਰਗੁਣ ਦਵਾਰ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਭੂਪ ਨਿਰਗੁਣ ਸਿਕਦਾਰ, ਨਿਰਗੁਣ ਰੱਯਤ ਰੂਪ ਵਟਾਈਆ। ਨਿਰਗੁਣ ਸ਼ਾਹ ਨਿਰਗੁਣ ਸਿਕਦਾਰ, ਨਿਰਗੁਣ ਬੈਠਾ ਸੀਸ ਝੁਕਾਈਆ। ਨਿਰਗੁਣ ਸੀਸ ਤਾਜ ਦਸਤਾਰ, ਨਿਰਗੁਣ ਚਰਨ ਕਵਲ ਬਿਗਸਾਈਆ। ਨਿਰਗੁਣ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਨਿਰਗੁਣ ਵਸੇ ਧਾਮ ਨਿਆਰ, ਨਿਹਚਲ ਧਾਮ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਘਾੜਨ ਲਏ ਘੜਾਈਆ। ਸਚਖੰਡ ਸਾਚਾ ਘਾੜਨ ਘੜਿਆ, ਪੁਰਖ ਅਬਿਨਾਸ਼ੀ ਸੇਵ ਕਮਾਇੰਦਾ। ਸਤਿ ਪੁਰਖ ਨਿਰੰਜਣ ਅੰਦਰ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਸਾਚਾ ਪੌੜਾ ਆਪ ਲਗਾਇੰਦਾ। ਆਪੇ ਪੁਰਖ ਨਾਰੀ ਨਰਿਆ, ਵਰ ਦਾਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚਖੰਡ ਦਵਾਰਾ ਸੋਭਨੀਕ, ਸਤਿਗੁਰ ਪੂਰਾ ਆਪ ਸੁਹਾਈਆ। ਨਾ ਕੋਈ ਦੀਸੇ ਅਵਰ ਸ਼ਰੀਕ, ਇਕ ਇਕੱਲਾ ਸਾਚਾ ਮਾਹੀਆ। ਨਾ ਕੋਈ ਅੰਧੇਰਾ ਤਾਰੀਕ, ਨਿਰਗੁਣ ਜੋਤ ਡਗਮਗਾਈਆ। ਨਾ ਆਦਿ ਜੁਗਾਦਿ ਕਿਸੇ ਦੀ ਰੱਖੇ ਉਡੀਕ, ਆਪਣੀ ਇਛਿਆ ਵਿਚ ਸਮਾਈਆ। ਕਿਸੇ ਕੋਲੋਂ ਨਾ ਮੰਗੇ ਭੀਖ, ਵਡ ਦਾਤਾ ਬੇਪਰਵਾਹੀਆ। ਆਪਣਾ ਲੇਖਾ ਆਪੇ ਲਿਖ, ਲਿਖ ਲਿਖ ਲੇਖਾ ਆਪ ਸਮਝਾਈਆ। ਆਪੇ ਵੰਡੇ ਆਪਣਾ ਹਿਸ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਵੜ, ਆਪਣਾ ਖੇਲ ਆਪ ਕਰਾਈਆ। ਸਾਚਾ ਸੁਤ ਦੁਲਾਰਾ ਜਾਇਆ ਏਕਾ ਵਾਰ, ਸ਼ਬਦੀ ਨਾਉਂ ਧਰਾਇੰਦਾ। ਆਪ ਬਿਠਾਇਆ ਪਹਿਲੀ ਵਾਰ, ਦੂਜੀ ਵਾਰ ਨਾ ਕੋਇ ਉਠਾਇੰਦਾ। ਥਿਰ ਘਰ ਸੋਹੇ ਬੰਕ ਦਵਾਰ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਪਿਤਾ ਪੂਤ ਕਰੇ ਪਿਆਰ, ਸਾਚੀ ਗੋਦ ਸੁਹਾਇੰਦਾ। ਏਕਾ ਦੇਵੇ ਵਸਤ ਅਪਾਰ, ਨਾਉਂ ਨਿਰੰਕਾਰਾ ਝੋਲੀ ਪਾਇੰਦਾ। ਅਗੰਮਾ ਅਗੰਮ ਕਰ ਤਿਆਰ, ਸੁਰ ਤਾਲ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਅੰਦਰ ਥਿਰ ਘਰ ਧਰ, ਆਪਣਾ ਖੇਲ ਆਪ ਕਰਾਇੰਦਾ। ਸਚਖੰਡ ਅੰਦਰ ਥਿਰ ਘਰ ਵਾਸਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਖੇਲੇ ਖੇਲ ਖੇਲ ਤਮਾਸ਼ਾ, ਖੇਲਣਹਾਰਾ ਦਿਸ ਨਾ ਆਈਆ। ਸ਼ਬਦ ਦੁਲਾਰੇ ਕਰ ਕਰ ਵਾਸਾ, ਸਾਚਾ ਧਾਮ ਵਡਿਆਈਆ। ਆਦਿ ਜੁਗਾਦਿ ਪੂਰੀ ਕਰੇ ਆਸਾ, ਸੀਸ ਜਗਦੀਸ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਸੁਤ ਦੁਲਾਰਾ ਬਾਲ ਅਞਾਣਾ, ਸ਼ਬਦੀ ਸ਼ਬਦ ਉਠਾਇੰਦਾ। ਆਦਿ ਜੁਗਾਦਿ ਮੰਨਣਾ ਭਾਣਾ, ਜੁਗ ਜੁਗ ਖੇਲ ਖਿਲਾਇੰਦਾ। ਤੇਰਾ ਵਸੇ ਇਕ ਮਕਾਨਾ, ਸਾਚਾ ਮੰਦਰ ਆਪ ਸੁਹਾਇੰਦਾ। ਮੇਰਾ ਨਾਉਂ ਤੇਰਾ ਗਾਣਾ, ਸਾਚੀ ਤਾਰ ਹਲਾਇੰਦਾ। ਮੇਰਾ ਨੂਰ ਤੇਰਾ ਦਰਸ ਮਹਾਨਾ, ਦਰਸੀ ਦਰਸ ਇਕ ਵਖਾਇੰਦਾ। ਮੇਰਾ ਚਰਨ ਤੇਰਾ ਪਦ ਨਿਰਬਾਨਾ, ਸਾਚਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਉਠਾਇੰਦਾ। ਸੁਤ ਦੁਲਾਰਾ ਹਰਿ ਸਮਝਾ, ਆਪਣੀ ਦਇਆ ਕਮਾਈਆ। ਥਿਰ ਘਰ ਸਾਚਾ ਦਏ ਵਸਾ, ਸਾਚੇ ਖੇੜੇ ਭਾਗ ਲਗਾਈਆ। ਜੋਤੀ ਜੋਤ ਕਰ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਧੁਰ ਫ਼ਰਮਾਨਾ ਆਪ ਸੁਣਾ, ਨਾਦ ਅਨਾਦ ਵਜਾਈਆ। ਆਪਣਾ ਪਰਦਾ ਆਪ ਚੁਕਾ, ਰੂਪ ਅਨੂਪ ਦਰਸਾਈਆ। ਸਤਿ ਨਿਸ਼ਾਨਾ ਇਕ ਚੜ੍ਹਾ, ਸਤਿ ਸਤਿਵਾਦੀ ਰਿਹਾ ਝੁਲਾਈਆ। ਬੋਧ ਅਗਾਧੀ ਭੇਵ ਖੁਲ੍ਹਾ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਬਣਤ ਬਣਾਈਆ। ਥਿਰ ਘਰ ਸਾਚਾ ਬਣਤ ਬਣਾਈ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਆਪਣੀ ਘਾੜਨ ਆਪ ਘੜਾਈ, ਬਾਢੀ ਅਵਰ ਨਾ ਕੋਇ ਲਗਾਇੰਦਾ। ਜੋਤ ਨਿਰੰਜਣ ਆਦਿ ਨਿਰੰਜਣ ਵੇਖੇ ਚਾਈਂ ਚਾਈਂ, ਨੂਰ ਨੁਰਾਨਾ ਰੂਪ ਆਪ ਦਿਖਾਇੰਦਾ। ਸੁਤ ਦੁਲਾਰਾ ਪਕੜ ਉਠਾਏ ਬਾਹੀਂ, ਆਪ ਆਪਣੀ ਗੋਦ ਬਹਾਇੰਦਾ। ਏਕਾ ਗੁਣ ਰਿਹਾ ਸਮਝਾਈ, ਅਵਗੁਣ ਸੰਗ ਨਾ ਕੋਇ ਮਿਲਾਇੰਦਾ। ਤੇਰੀ ਰਚਨਾ ਵੇਖਾਂ ਥਾਉਂ ਥਾਈਂ, ਥਾਨ ਥਨੰਤਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਸਚ ਸੰਦੇਸਾ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਪਾਰਬ੍ਰਹਮ ਪ੍ਰਭ ਨਰ ਨਰੇਸ਼ਾ, ਨਰ ਨਰਾਇਣ ਹੁਕਮ ਵਰਤਾਇੰਦਾ। ਆਦਿ ਜੁਗਾਦੀ ਏਕੋ ਵੇਸਾ, ਜੁਗ ਜੁਗ ਵੇਸ ਵਟਾਇੰਦਾ। ਤੇਰੀ ਗੋਦ ਬਹਾਏ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਸਾਚਾ ਹੁਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਰਚਨਾ ਆਪ ਰਚਾਇੰਦਾ। ਆਦਿ ਪੁਰਖ ਹਰਿ ਰਚਨ ਰਚਾਏ, ਆਪਣੀ ਖੇਲ ਆਪ ਖਿਲਾਈਆ। ਸ਼ਬਦੀ ਸੁਤ ਹਰਿ ਸੇਵਾ ਲਾਏ, ਜਨਨੀ ਜਨ ਆਪ ਹੋ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਏ, ਸਾਚੀ ਗੋਦ ਸੁਹਾਈਆ। ਧੁਰ ਫ਼ਰਮਾਨਾ ਇਕ ਅਲਾਏ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਸ਼ਬਦੀ ਡੋਰੀ ਬੰਧਨ ਪਾਏ, ਨਾ ਕੋਈ ਤੋੜੇ ਤੋੜ ਤੁੜਾਈਆ। ਪਰਮਾਨੰਦਨ ਇਕ ਵਖਾਏ, ਆਪ ਆਪਣੀ ਬੂਝ ਬੁਝਾਈਆ। ਸੁਹਾਗੀ ਛੰਦਨ ਇਕ ਸੁਣਾਏ, ਸੋ ਪੁਰਖ ਨਿਰੰਜਣ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਖੇਲ ਖਿਲਾਈਆ। ਸ਼ਬਦੀ ਖੇਲ ਕਰੇ ਕਰਤਾਰਾ, ਹੁਕਮੀ ਹੁਕਮ ਆਪ ਵਰਤਾਇੰਦਾ। ਸ਼ਬਦੀ ਸ਼ਬਦ ਮਹੱਲ ਉਸਾਰਾ, ਸਚ ਮਹੱਲਾ ਸੋਭਾ ਪਾਇੰਦਾ। ਸ਼ਬਦੀ ਸ਼ਬਦ ਗਗਨ ਮੰਡਲ ਦਏ ਸਹਾਰਾ, ਬ੍ਰਹਿਮੰਡ ਖੰਡ ਆਪ ਉਪਾਇੰਦਾ। ਸ਼ਬਦੀ ਸ਼ਬਦ ਨੂਰ ਰਵ ਸਸ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਸ਼ਬਦੀ ਸ਼ਬਦ ਪਵਣ ਹੁਲਾਰਾ, ਪਵਣ ਪਵਣੀ ਆਪ ਸਮਾਇੰਦਾ। ਸ਼ਬਦੀ ਸ਼ਬਦ ਤ੍ਰੈਗੁਣ ਧਾਰਾ, ਤ੍ਰੈਗੁਣ ਅਤੀਤਾ ਆਪ ਪਰਗਟਾਇੰਦਾ। ਸ਼ਬਦੀ ਸ਼ਬਦ ਪੰਚਮ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਚ ਨਚਾਇੰਦਾ। ਸ਼ਬਦੀ ਸ਼ਬਦ ਨਾਦ ਧੁਨਕਾਰਾ, ਸੁਤ ਬ੍ਰਹਮਾ ਆਪ ਪੜ੍ਹਾਇੰਦਾ। ਸ਼ਬਦੀ ਸ਼ਬਦ ਬਣ ਲਿਖਾਰਾ, ਚਾਰੇ ਵੇਦਾਂ ਭੇਵ ਖੁਲ੍ਹਾਇੰਦਾ। ਸ਼ਬਦੀ ਸ਼ਬਦ ਬਣ ਵਣਜਾਰਾ, ਸਾਚਾ ਵਣਜ ਆਪ ਕਰਾਇੰਦਾ। ਸ਼ਬਦੀ ਸ਼ਬਦ ਬੋਲ ਜੈਕਾਰਾ, ਚਾਰੇ ਬਾਣੀ ਆਪ ਅਲਾਇੰਦਾ। ਸ਼ਬਦੀ ਸ਼ਬਦ ਫੜ ਫੜ ਆਰਾ, ਚਾਰੇ ਜੁਗ ਵੰਡ ਵੰਡਾਇੰਦਾ। ਸ਼ਬਦੀ ਸ਼ਬਦ ਖਾਣੀ ਬਾਣੀ ਭਰੇ ਭੰਡਾਰਾ, ਚਾਰੇ ਖਾਣੀ ਆਪ ਉਪਜਾਇੰਦਾ। ਸ਼ਬਦੀ ਸ਼ਬਦ ਲੱਖ ਚੁਰਾਸੀ ਕਰੇ ਪਸਾਰਾ, ਲਿਖ ਲਿਖ ਚਾਰ ਮੇਲ ਮਿਲਾਇੰਦਾ। ਸ਼ਬਦੀ ਸ਼ਬਦੀ ਪੰਚ ਦਏ ਸਹਾਰਾ, ਪੰਚਮ ਪੰਚਮ ਜੋੜ ਜੁੜਾਇੰਦਾ। ਸ਼ਬਦੀ ਸ਼ਬਦ ਨੌਂ ਦਵਾਰ ਵੇਖੇ ਅਖਾੜਾ, ਜਗਤ ਤ੍ਰਿਸਨਾ ਨਾਚ ਨਚਾਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਘਰ ਘਰ ਵਿਚ ਬੰਕ ਸੁਹਾਇੰਦਾ। ਸ਼ਬਦੀ ਸ਼ਬਦ ਅੰਮ੍ਰਿਤ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਸ਼ਬਦੀ ਸ਼ਬਦ ਸਾਚਾ ਤਾੜਾ, ਅਨਹਦ ਤਾਲੀ ਤਾਲ ਵਜਾਇੰਦਾ। ਸ਼ਬਦੀ ਸ਼ਬਦ ਸਾਚਾ ਅਖਾੜਾ, ਪੰਚਮ ਸਖ਼ੀਆਂ ਆਪ ਆਪ ਵਖਾਇੰਦਾ। ਸ਼ਬਦੀ ਸ਼ਬਦ ਜੋਤ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਸ਼ਬਦੀ ਸ਼ਬਦ ਬ੍ਰਹਮ ਪਸਾਰਾ, ਆਤਮ ਬ੍ਰਹਮ ਵੇਖ ਵਖਾਇੰਦਾ। ਸ਼ਬਦੀ ਸ਼ਬਦ ਈਸ਼ ਜੀਵ ਹੁਲਾਰਾ, ਜਗਦੀਸ਼ ਆਪ ਕਰਾਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਧਰਤ ਧਵਲ ਦਏ ਸਹਾਰਾ, ਜਲ ਬਿੰਬ ਆਪ ਟਿਕਾਇੰਦਾ। ਏਕਾ ਸ਼ਬਦ ਬਣੇ ਸਿਕਦਾਰਾ, ਸਚ ਸਿਕਦਾਰੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਵਰਤੌਣਾ, ਏਕਾ ਵਾਰ ਜਣਾਈਆ। ਸ਼ਬਦੀ ਤੇਰਾ ਖੇਲ ਖਿਲੌਣਾ, ਹਰਿ ਸਾਚੀ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗੌਣਾ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਜੁਗ ਚੌਕੜੀ ਵੰਡ ਵੰਡੌਣਾ, ਰੁੱਤ ਰੁਤੜੀ ਆਪ ਸੁਹਾਈਆ। ਨਵ ਨੌਂ ਖੇੜਾ ਆਪ ਵਸੌਣਾ, ਸੱਤ ਸੱਤ ਹੋਏ ਸ਼ਨਵਾਈਆ। ਨਵ ਨੌਂ ਡੇਰਾ ਆਪੇ ਢੌਣਾ, ਜੋ ਘੜਿਆ ਭੰਨ ਵਖਾਈਆ। ਆਪਣਾ ਪਰਦਾ ਆਪ ਉਠੌਣਾ, ਜੁਗ ਜੁਗ ਵੇਸ ਵਟਾਈਆ। ਨਿਰਗੁਣ ਸਰਗੁਣ ਨਾਉਂ ਰਖੌਣਾ, ਪੰਜ ਤੱਤ ਕਰੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਘਰ ਸਾਚੇ ਵੱਜੇ ਵਧਾਈਆ। ਸ਼ਬਦ ਅਨਾਦੀ ਏਕਾ ਗੌਣਾ, ਤੁਰੀਆ ਰਾਗ ਸੁਣਾਈਆ। ਜੀਵ ਜੰਤ ਆਪ ਪੜ੍ਹੌਣਾ, ਆਪਣਾ ਨਾਉਂ ਜਗਤ ਪਰਗਟਾਈਆ। ਸਮਰਥ ਪੁਰਖ ਹਰਿ ਖੇਲ ਖਿਲੌਣਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਰਿਹਾ ਸਮਝਾਈਆ। ਸਾਚਾ ਸੁਤ ਕਰੇ ਧਿਆਨਾ, ਪ੍ਰਭ ਚਰਨ ਸੀਸ ਝੁਕਾਇੰਦਾ। ਸ਼ਾਹ ਪਾਤਸ਼ਾਹ ਸਚ ਸੁਲਤਾਨਾ, ਹਉਂ ਦਰਵੇਸ਼ ਮੰਗ ਮੰਗਾਇੰਦਾ। ਲੱਖ ਚੁਰਾਸੀ ਕਰਾਂ ਪਰਧਾਨਾ, ਤ੍ਰੈਗੁਣ ਤੇਰਾ ਨਾਚ ਨਚਾਇੰਦਾ। ਪੰਚਮ ਬੰਨ੍ਹਾਂ ਏਕਾ ਗਾਨਾ, ਨੌਂ ਖੰਡ ਪ੍ਰਿਥਮੀ ਖੇਲ ਖਿਲਾਇੰਦਾ। ਨਾਉਂ ਸੁਣਾਵਾਂ ਸਚ ਤਰਾਨਾ, ਜੁਗ ਜੁਗ ਤੇਰਾ ਨਾਉਂ ਪਰਗਟਾਇੰਦਾ। ਲੇਖਾ ਜਾਣਾਂ ਦੋ ਜਹਾਨਾਂ, ਲੋਆਂ ਪੁਰੀਆਂ ਖੇਲ ਖਿਲਾਇੰਦਾ। ਮੰਡਲ ਮੰਡਪ ਹੋ ਪਰਧਾਨਾ, ਰਵ ਸਸ ਆਪ ਭਵਾਇੰਦਾ। ਲੇਖਾ ਜਾਣਾਂ ਜ਼ਿਮੀਂ ਅਸਮਾਨਾ, ਸਮੁੰਦ ਸਾਗਰ ਭੇਵ ਚੁਕਾਇੰਦਾ। ਜੁਗ ਚੌਕੜੀ ਪੰਧ ਮੁਕਾਨਾ, ਗੇੜਾ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨਾ, ਗੁਰ ਅਵਤਾਰ ਰੂਪ ਧਰਾਇੰਦਾ। ਸਤਿਜੁਗ ਤੇਰਾ ਨਾਉਂ ਦਏ ਬਿਆਨਾ, ਤ੍ਰੇਤਾ ਤੇਰੀ ਵੰਡ ਵੰਡਾਇੰਦਾ। ਦੁਆਪਰ ਮਾਰੇ ਇਕ ਨਿਸ਼ਾਨਾ, ਤੀਰ ਨਿਰਾਲਾ ਬਾਣ ਚਲਾਇੰਦਾ। ਕਲਜੁਗ ਖੇਲੇ ਖੇਲ ਸ੍ਰੀ ਭਗਵਾਨਾ, ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਜੁਗ ਬੀਤੇ ਵਿਚ ਜਹਾਨਾ, ਕੋਟੀ ਕੋਟ ਵਿਸ਼ਨ ਬ੍ਰਹਮਾ ਸ਼ਿਵ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣੀ ਧਾਰ ਆਪਣੇ ਹੱਥ ਰਖਾਇੰਦਾ। ਆਦਿ ਅੰਤ ਹਰਿ ਜੂ ਧਾਰ, ਆਪਣੇ ਹੱਥ ਰਖਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚਖੰਡ ਦਵਾਰੇ ਸੋਭਾ ਪਾਈਆ। ਸੇਵਾ ਲਾਏ ਗੁਰ ਅਵਤਾਰ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਭਗਤ ਭਗਵੰਤ ਕਰੇ ਪਿਆਰ, ਆਪ ਆਪਣੇ ਰੰਗ ਰੰਗਾਈਆ। ਸਾਚੇ ਸੰਤਾਂ ਦਏ ਹੁਲਾਰ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸਾਚੇ ਲਏ ਉਭਾਰ, ਆਤਮ ਬ੍ਰਹਮ ਕਰੇ ਪੜ੍ਹਾਈਆ। ਗੁਰਮੁਖ ਵਖਾਏ ਧਾਮ ਨਿਆਰ, ਦਰ ਦਰਵਾਜ਼ਾ ਬੰਦ ਖੁਲ੍ਹਾਈਆ। ਅੱਠੇ ਪਹਿਰ ਜੋਤ ਉਜਿਆਰ, ਦਿਵਸ ਰੈਣ ਨਾ ਕੋਇ ਵਖਾਈਆ। ਸਚਖੰਡ ਬੈਠ ਸੱਚੇ ਦਰਬਾਰ, ਜੁਗ ਜੁਗ ਆਪਣਾ ਵੇਖ ਵਖਾਈਆ। ਜੁਗ ਚੌਕੜੀ ਕਰੇ ਪਾਰ, ਨਵ ਨੌਂ ਚਾਰ ਪੰਧ ਮੁਕਾਈਆ। ਨੌਂ ਸੌ ਚੁਰਾਨਵੇ ਚੌਕੜੀ ਰਹੇ ਨਾ ਵਿਚ ਸੰਸਾਰ, ਜੋ ਆਇਆ ਉਠ ਉਠ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਜਣਾਈਆ। ਸੁਤ ਦੁਲਾਰੇ ਵਡ ਬਲਵਾਨ, ਸ਼ਬਦੀ ਤੇਰਾ ਰੰਗ ਰੰਗਾਇਆ। ਤੇਰਾ ਖੇਲ ਦੋ ਜਹਾਨ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਤੇਰਾ ਭੇਵ ਨਾ ਪਾਇਣ ਵੇਦ ਪੁਰਾਨ, ਸ਼ਾਸਤਰ ਸਿਮਰਤ ਰਹੇ ਤੇਰਾ ਜਸ ਗਾਇਆ। ਤੇਰਾ ਨਾਉਂ ਗੀਤਾ ਗਿਆਨ, ਪੁਰਾਨ ਅਠਾਰਾਂ ਰਹੇ ਧਿਆਇਆ । ਤੇਰੀ ਮਹਿਮਾ ਕਰੇ ਅੰਜੀਲ ਕ਼ੁਰਾਨ, ਤੀਸ ਬਤੀਸਾ ਸੇਵਾ ਲਾਇਆ। ਤੇਰਾ ਕਲਮਾ ਸਚ ਈਮਾਨ, ਅਮਾਮ ਅਮਾਮਾ ਸਿਰ ਟਿਕਾਇਆ। ਤੇਰਾ ਛਤਰ ਦੋ ਜਹਾਨ, ਪੁਰਖ ਅਬਿਨਾਸ਼ੀ ਆਪ ਝੁਲਾਇਆ। ਮਿਹਬਾਨ ਬੀਦੋ ਆਦਿ ਜੁਗਾਦਿ ਨੌਜਵਾਨ, ਬੀ ਖ਼ੈਰ ਯਾ ਅੱਲਾ ਬਿਸਮਿਲ ਆਪਣੀ ਖੇਲ ਖਿਲਾਇਆ। ਉਚੇ ਮੰਦਰ ਬੈਠ ਮਕਾਨ, ਹੱਕ ਮੁਕਾਮੇ ਸੋਭਾ ਪਾਇਆ। ਆਪੇ ਦੇਵੇ ਸਚ ਪੈਗ਼ਾਮ, ਪੀਰ ਪੈਗ਼ੰਬਰ ਰਿਹਾ ਸਮਝਾਇਆ। ਆਪੇ ਹੋਏ ਵਡ ਅਮਾਮ, ਸ਼ਾਹ ਅਮਾਮਾਂ ਨਾਉਂ ਧਰਾਇਆ। ਆਲਮ ਉਲਮਾ ਪਿਆਏ ਏਕਾ ਜਾਮ, ਆਬ ਹਯਾਤ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇਆ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਚਖੰਡ ਵਸੇ ਏਕੰਕਾਰਾ, ਆਪਣੀ ਧਾਰ ਚਲਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰੇ ਪਾਰਾ, ਕਲਜੁਗ ਆਪਣਾ ਨਾਚ ਨਚਾਇੰਦਾ। ਨੌਂ ਖੰਡ ਪ੍ਰਿਥਮੀ ਲੱਗਾ ਅਖਾੜਾ, ਮਾਇਆ ਮਮਤਾ ਨਾਲ ਰਲਾਇੰਦਾ। ਈਸਾ ਮੂਸਾ ਬੋਲ ਜੈਕਾਰਾ, ਹੱਕ ਹਕ਼ੀਕ਼ਤ ਏਕਾ ਨਾਅਰਾ ਲਾਇੰਦਾ। ਸੰਗ ਮੁਹੰਮਦ ਚਾਰ ਯਾਰਾ, ਚਾਰੋਂ ਕੁੰਟ ਡੌਰੂ ਵਾਇੰਦਾ। ਅੱਲਾ ਰਾਣੀ ਕਰੇ ਪੁਕਾਰਾ, ਮੀਆਂ ਨੈਣ ਨਾ ਕੋਇ ਉਠਾਇੰਦਾ। ਵਾਹ ਵਾ ਤੇਰੀ ਕ਼ੁਦਰਤ ਬੇਐਬ ਪਰਵਰਦਿਗਾਰਾ, ਕ਼ਾਦਰ ਤੇਰੀ ਖੇਲ ਖਿਲਾਇੰਦਾ। ਆਪੇ ਵਸੇ ਸਭ ਤੋਂ ਨਿਆਰਾ, ਦਿਸ ਕਿਸੇ ਨਾ ਆਇੰਦਾ। ਗੁਰੂਆਂ ਅਵਤਾਰਾਂ ਦੇ ਸਹਾਰਾ, ਏਕਾ ਨਾਮ ਜਪਾਇੰਦਾ। ਉਚੀ ਕੂਕ ਕੂਕ ਕਰਨ ਪੁਕਾਰਾ, ਬੇਅੰਤ ਬੇਅੰਤ ਬੇਅੰਤ ਸਰਬ ਜਣਾਇੰਦਾ। ਆਪਣਾ ਖੇਲ ਆਪਣੇ ਹੱਥ ਰੱਖੇਂ ਤੂੰ ਰੱਖਣਹਾਰਾ, ਤੇਰਾ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਆਪੇ ਵੇਖੇ ਖੇਲ ਤਮਾਸ਼ਾ, ਪ੍ਰਿਥਮੀ ਆਕਾਸ਼ਾ ਫੋਲ ਫੋਲਾਇੰਦਾ। ਪ੍ਰਿਥਮੀ ਆਕਾਸ਼ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਨਿਰਗੁਣ ਨਿਰਵੈਰ ਇਕ ਇਕੱਲਾ, ਕਲਜੁਗ ਅੰਤਮ ਵੇਸ ਵਟਾਈਆ। ਪਾਵੇ ਸਾਰ ਜਲਾ ਥਲਾ, ਜਲ ਥਲ ਮਹੀਅਲ ਵੇਖ ਵਖਾਈਆ। ਪਰਦਾ ਲਾਹੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਉਚੇ ਟਿੱਲੇ ਪਰਬਤ ਫੋਲ ਫੋਲਾਈਆ। ਲੱਖ ਚੁਰਾਸੀ ਅੰਦਰ ਸਚ ਸਿੰਘਾਸਣ ਏਕਾ ਮੱਲਾ, ਆਤਮ ਸੇਜਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇਵੇ ਸਾਚਾ ਵਰ, ਏਕਾ ਤੱਤ ਜਣਾਈਆ। ਏਕਾ ਤੱਤ ਹਰਿ ਕਾ ਨਾਉਂ, ਆਦਿ ਜੁਗਾਦਿ ਰਖਾਇੰਦਾ। ਆਪ ਰਖਾਏ ਸਾਚੇ ਥਾਉਂ, ਥਾਨ ਥਨੰਤਰ ਸੋਭਾ ਪਾਇੰਦਾ। ਜੁਗਾ ਜੁਗੰਤਰ ਕਰੇ ਸਚ ਨਿਆਉਂ, ਸਚ ਅਦਾਲਤ ਆਪ ਰਖਾਇੰਦਾ। ਹਰਿਜਨ ਸਾਚੇ ਫੜ ਫੜ ਬਾਹੋਂ, ਆਪਣੀ ਗੋਦ ਬਹਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਸਾਚੀ ਚੋਗ ਚੁਗਾਇੰਦਾ। ਆਪੇ ਪਿਤਾ ਆਪੇ ਮਾਉਂ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵੰਡ ਵੰਡਾਇੰਦਾ। ਸਾਚੀ ਵੰਡੇ ਹਰਿ ਜੂ ਵੰਡ, ਵੰਡਣਹਾਰ ਅਖਵਾਇਆ। ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡ, ਬ੍ਰਹਿਮੰਡ ਖੰਡ ਅਪਣਾ ਖੇਲ ਖਿਲਾਇਆ। ਪਰਦਾ ਲਾਹੇ ਜੇਰਜ ਅੰਡ, ਉਤਭੁਜ ਸੇਤਜ ਭੇਵ ਚੁਕਾਇਆ। ਲੱਖ ਚੁਰਾਸੀ ਨਾਰ ਸੁਹਾਗਣ ਵੇਖੇ ਰੰਡ, ਹਰਿ ਹਰਿ ਕੰਤ ਨਾ ਕੋਇ ਹੰਢਾਇਆ। ਚਾਰੋਂ ਕੁੰਟ ਭੇਖ ਪਖੰਡ, ਜੂਠ ਝੂਠ ਹੋਏ ਹਲਕਾਇਆ। ਕੋਇ ਨਾ ਗਾਏ ਸੁਹਾਗੀ ਛੰਦ, ਰਸਨਾ ਜੇਹਵਾ ਨਾ ਕੋਇ ਸਾਲਾਹਿਆ। ਕਿਸੇ ਘਰ ਨਾ ਦਿਸੇ ਸਾਚਾ ਚੰਦ, ਜਗਤ ਅੰਧੇਰਾ ਛਾਇਆ। ਗੁਰਮੁਖ ਵਿਰਲਾ ਪਾਏ ਪਰਮਾਨੰਦ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣੀ ਵੰਡ ਆਪਣੇ ਹੱਥ ਰਖਾਇਆ। ਆਪਣੀ ਵੰਡ ਵੰਡ ਭਗਵਾਨ, ਆਪਣਾ ਖੇਲ ਖਿਲਾਈਆ। ਸਤਿਜੁਗ ਸਾਚੇ ਹੋ ਪਰਧਾਨ, ਸਤਿ ਸਤਿਵਾਦੀ ਰੂਪ ਵਟਾਈਆ। ਤ੍ਰੇਤਾ ਲੇਖਾ ਸੀਆ ਰਾਮ, ਰਾਮ ਰਮੱਯਾ ਰੂਪ ਧਰਾਈਆ। ਦੁਆਪਰ ਲੇਖਾ ਕ੍ਰਿਸ਼ਨਾ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਵਡ ਵਡਿਆਈਆ। ਕਲਜੁਗ ਅੰਤ ਹੋ ਪਰਧਾਨ, ਈਸਾ ਮੂਸਾ ਨਾਦ ਵਜਾਈਆ। ਸੰਗ ਮੁਹੰਮਦ ਚਾਰ ਯਾਰ ਮਸਲਾ ਪੜ੍ਹਨ ਕ਼ੁਰਾਨ, ਸ਼ਰਅ ਸ਼ਰੀਅਤ ਇਕ ਵਖਾਈਆ। ਸਾਚਾ ਮਜ਼੍ਹਬ ਦੀਨ ਈਮਾਨ, ਇਬਨਉਲਵਕ਼ਤ ਆਪ ਜਣਾਈਆ। ਨਿਰਗੁਣ ਜੋਤ ਹੋ ਪਰਧਾਨ, ਨਾਨਕ ਨੱਯਾ ਨਾਮ ਵਖਾਈਆ। ਸਤਿ ਨਾਮ ਦੇ ਪੈਗ਼ਾਮ, ਚਾਰ ਵਰਨ ਕਰੇ ਪੜ੍ਹਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਦਾਨ, ਜ਼ਾਤ ਪਾਤ ਨਾ ਕੋਇ ਰਖਾਈਆ। ਕਾਇਆ ਮੰਦਰ ਸਚ ਮਕਾਨ, ਘਰ ਵਸੇ ਸਾਚਾ ਮਾਹੀਆ। ਅੱਠੇ ਪਹਿਰ ਨਾਦ ਧੁਨਕਾਨ, ਆਪਣਾ ਰਾਗ ਰਿਹਾ ਸੁਣਾਈਆ। ਜੋ ਜਨ ਅੰਤਰ ਆਤਮ ਕਰੇ ਧਿਆਨ, ਪਤਿਤ ਪਾਵਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਗੁਰ ਨਾਨਕ ਗੋਬਿੰਦ, ਏਕਾ ਰੰਗ ਸਮਾਇੰਦਾ। ਸਰਬ ਜੀਆਂ ਜੁਗ ਮੇਟੇ ਚਿੰਦ, ਚਿੰਤਾ ਚਿਖਾ ਨਾ ਕੋਇ ਜਣਾਇੰਦਾ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਸਾਚੇ ਸਾਗਰ ਆਪ ਨੁਹਾਇੰਦਾ। ਲੱਖ ਚੁਰਾਸੀ ਬ੍ਰਹਮ ਬਿੰਦ, ਜ਼ਾਤ ਪਾਤ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਵਡਿਆਇੰਦਾ। ਸਾਚਾ ਨਾਮ ਵੱਡਾ ਵਡ, ਹਰਿ ਹਰਿ ਆਪ ਉਪਾਇੰਦਾ। ਆਪਣੇ ਅੰਤਰ ਆਪੇ ਕੱਢ, ਲੱਖ ਚੁਰਾਸੀ ਵਿਚ ਰਖਾਇੰਦਾ। ਜੀਵ ਜੰਤ ਲਡਾਏ ਲਡ, ਪ੍ਰੇਮ ਪਿਆਰ ਇਕ ਸਿਖਾਇੰਦਾ। ਆਪ ਜਣਾਏ ਸਾਚੀ ਹੱਦ, ਪਾਰ ਕਿਨਾਰਾ ਆਪ ਵਖਾਇੰਦਾ। ਸਾਚਾ ਜਾਮ ਪਿਆਏ ਮਦਿ, ਅੰਮ੍ਰਿਤ ਰਸ ਚੁਆਇੰਦਾ। ਨਾਨਕ ਨਿਰਗੁਣ ਹਰਿਜਨ ਆਪਣੇ ਘਰ ਸੱਦ, ਨਿਤ ਸਦੜੇ ਸਤਿ ਸੁਣਾਇੰਦਾ। ਗੁਰਮੁਖ ਬਣਾਈ ਸਾਚੀ ਯਦ, ਵਰਨ ਬਰਨ ਨਾ ਕੋਇ ਵਖਾਇੰਦਾ। ਜੋ ਆਇਆ ਸੋ ਜਾਏ ਲਦ, ਥਿਰ ਕੋਇ ਰਹਿਣ ਨਾ ਪਾਇੰਦਾ। ਜੋ ਘੜਿਆ ਸੋ ਜਾਏ ਭੱਜ, ਘੜਨ ਭੰਨਣਹਾਰ ਆਪ ਭੰਨਾਇੰਦਾ। ਕਲਜੁਗ ਜੀਵ ਹਰਿ ਮੰਦਰ ਬਹਿਣਾ ਸਜ, ਕਾਇਆ ਮੰਦਰ ਅੰਦਰ ਆਪ ਵਖਾਇੰਦਾ। ਸਤਿਗੁਰ ਪੂਰਾ ਪਰਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਵੇਲੇ ਅੰਤ ਲੌਣ ਨਾ ਦੇਵੇ ਕੋਈ ਪੱਜ, ਚਾਰੋਂ ਕੁੰਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਸ਼ਬਦ ਧਰਾਇੰਦਾ। ਸ਼ਬਦ ਗੁਰਦੇਵ ਆਤਮ ਪਰਮਾਤਮ, ਪਰਮ ਪੁਰਖ ਵਡਿਆਈਆ। ਸ਼ਬਦ ਸੁਹਾਗ ਸ਼ਬਦ ਮਾਤਮ, ਸ਼ਬਦ ਖੇਲੇ ਖੇਲ ਹਰ ਘਟ ਥਾਈਂਆ। ਸ਼ਬਦ ਬਾਹਿਰ ਸ਼ਬਦ ਬਾਤਨ, ਸ਼ਬਦ ਨੂਰ ਸ਼ਬਦ ਜ਼ਹੂਰ, ਸ਼ਬਦ ਸ਼ਬਦੀ ਵੇਖ ਵਖਾਈਆ। ਸ਼ਬਦ ਆਸਾ ਸ਼ਬਦ ਮਨਸਾ ਸ਼ਬਦ ਕਰੇ ਪੂਰ, ਸ਼ਬਦੀ ਸੇਵ ਕਮਾਈਆ। ਸ਼ਬਦ ਖ਼ਾਲੀ ਸ਼ਬਦ ਭਰਪੂਰ, ਸ਼ਬਦ ਹਾਜ਼ਰ ਸ਼ਬਦ ਹਜ਼ੂਰ, ਹਜ਼ਰਤ ਸ਼ਬਦ ਰੂਪ ਵਟਾਈਆ। ਸ਼ਬਦ ਨੇੜੇ ਸ਼ਬਦ ਦੂਰ, ਸ਼ਬਦ ਸ਼ਬਦੀ ਸਾਚੀ ਧੂੜ, ਗੁਰਮੁਖ ਵਿਰਲਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਾਲਾਹੀਆ। ਨਾਮ ਸਾਲਾਹੇ ਸਾਲਾਹਣ ਯੋਗ, ਜੁਗ ਕਰਤਾ ਆਪ ਸਾਲਾਹਿੰਦਾ। ਨਾਮ ਹੋਏ ਸਾਚਾ ਰਸ ਭੋਗ, ਨਾਮ ਅੰਮ੍ਰਿਤ ਸਾਚੀ ਚੋਗ, ਤ੍ਰਿਸਨਾ ਭੁੱਖ ਗਵਾਇੰਦਾ। ਨਾਮ ਕੱਟੇ ਹਉਮੇ ਰੋਗ, ਮਾਇਆ ਮਮਤਾ ਮੋਹ ਜਲਾਇੰਦਾ। ਨਾਮ ਵਖਾਏ ਸਾਚਾ ਜੋਗ, ਜੋਗ ਜੋਗੀਸ਼ਰ ਆਪ ਜਣਾਇੰਦਾ। ਨਾਮ ਵਖਾਏ ਸਾਚੀ ਓਟ, ਨਾਨਕ ਗੋਬਿੰਦ ਇਕ ਸਮਝਾਇੰਦਾ। ਨਾਮ ਲਗਾਏ ਸਾਚੀ ਚੋਟ, ਸਚ ਨਗਾਰਾ ਇਕ ਵਜਾਇੰਦਾ। ਨਾਮ ਕੱਢੇ ਝੂਠਾ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਨਾਮ ਮਿਲਾਏ ਨਿਰਮਲ ਜੋਤ, ਜੋਤੀ ਜੋਤ ਸਮਾਇੰਦਾ। ਨਾਮ ਨਾਤਾ ਤੋੜੇ ਵਰਨ ਗੋਤ, ਜ਼ਾਤ ਪਾਤ ਮੇਟ ਮਿਟਾਇੰਦਾ। ਹਰਿ ਕਾ ਨਾਮ ਨਾ ਜਪਿਆ ਜਾਏ ਹੋਂਟ, ਰਸਨਾ ਜੇਹਵਾ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਦਰ, ਏਕਾ ਨਾਉਂ ਰਖਾਇੰਦਾ। ਹਰਿ ਨਾਉਂ ਜੋ ਜਾਏ ਭੁੱਲ, ਅਭੁਲ ਦਏ ਸਜ਼ਾਈਆ। ਨਾਨਕ ਤੋਲੇ ਸਾਚਾ ਤੋਲ, ਤੇਰਾਂ ਤੇਰਾਂ ਗਿਆ ਸਮਝਾਈਆ। ਆਦਿ ਜੁਗਾਦਿ ਰਹੇ ਅਡੋਲ, ਅਡੁਲ ਕਦੇ ਨਾ ਜਾਈਆ। ਲੱਖ ਚੁਰਾਸੀ ਨਾ ਰਹਿਣਾ ਅਨਭੋਲ, ਕਲਜੁਗ ਆਪਣਾ ਬਲ ਵਖਾਈਆ। ਦਰਗਹਿ ਸਾਚੀ ਕਰ ਕੇ ਆਇਆ ਕੌਲ, ਸੰਗ ਮੁਹੰਮਦ ਨਾਲ ਮਿਲਾਈਆ। ਨਾਤਾ ਤੋੜਾਂ ਧਰਨੀ ਧਰਤ ਧੌਲ, ਸਗਲਾ ਸੰਗ ਨਾ ਕੋਇ ਵਖਾਈਆ। ਜੂਠ ਝੂਠ ਰੂਪ ਜਾਵਾਂ ਮੌਲ, ਘਰ ਘਰ ਕਰਾਂ ਕੁੜਮਾਈਆ। ਬਿਨ ਹਰਿ ਨਾਮੇ ਖ਼ਾਲੀ ਕਰਾਂ ਖੋਲ, ਪੰਜ ਤੱਤ ਹੱਟ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਗਿਆ ਸਮਝਾਈਆ। ਨਾਨਕ ਨਿਰਗੁਣ ਪੰਜ ਤੱਤ, ਏਕਾ ਸ਼ਬਦ ਜਣਾਇਆ। ਘਰ ਵਿਚ ਮਿਲੇ ਬ੍ਰਹਮ ਮਤ, ਗੁਰ ਸਤਿਗੁਰ ਰਿਹਾ ਪੜ੍ਹਾਇਆ। ਬੀਜ ਬੀਜੇ ਸਾਚੇ ਵਤ, ਬਣ ਕਿਰਸਾਣਾ ਹਲ ਚਲਾਇਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਬਰਸਾਇਆ। ਸਤਿ ਸੰਤੋਖ ਦੇਵੇ ਧੀਰਜ ਜਤ, ਜਗਤ ਤ੍ਰਿਸਨਾ ਮੇਟ ਮਿਟਾਇਆ। ਇਕ ਚੜ੍ਹਾਏ ਸਾਚੇ ਰਥ, ਬਣ ਰਥਵਾਹੀ ਸੇਵ ਕਮਾਇਆ। ਜਗਤ ਵਿਕਾਰਾ ਦੇਵੇ ਮਥ, ਨਾਮ ਮਧਾਣਾ ਏਕਾ ਪਾਇਆ। ਸ਼ਬਦ ਸੁਣਾਏ ਮਹਿਮਾ ਅਕਥ, ਅਨਹਦ ਤਾਲ ਵਜਾਇਆ। ਨਿਰਗੁਣ ਸਾਚਾ ਮਾਰਗ ਦੱਸ, ਸਰਗੁਣ ਲਏ ਮਿਲਾਇਆ। ਜੋ ਜਨ ਵਕ਼ਤ ਲੰਘਾਏ ਹੱਸ ਹੱਸ, ਪੁਰਖ ਅਬਿਨਾਸ਼ੀ ਦਏ ਸਜ਼ਾਇਆ। ਕਲਜੁਗ ਅੰਤਮ ਲੋਕਮਾਤ ਆਏ ਨੱਸ, ਨਿਹਕਲੰਕੀ ਜਾਮਾ ਪਾਇਆ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਮੁੱਲਾ ਮਸਾਇਕ ਔਲੀਏ ਸ਼ੇਖ਼ ਪੀਰ ਪੈਗ਼ੰਬਰ, ਯਾਰਾਂ ਯਾਰ ਵੇਖ ਵਖਾਇਆ। ਅੰਜੀਲ ਕ਼ੁਰਾਨ ਕਰੇ ਵਸ, ਨਾ ਕੋਈ ਸਕੇ ਸੀਸ ਉਠਾਇਆ। ਪਰਗਟ ਹੋ ਪੁਰਖ ਸਮਰਥ ਲੱਖ ਚੁਰਾਸੀ ਪਾਏ ਨੱਥ, ਦੋ ਜਹਾਨਾਂ ਵੇਖੇ ਨੱਠ ਨੱਠ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇਆ। ਏਕਾ ਖੰਡਾ ਨਾਮ ਚੰਡ ਪਰਚੰਡ, ਦੋ ਜਹਾਨਾਂ ਵੰਡੇ ਵੰਡ, ਨੌਂ ਖੰਡ ਪ੍ਰਿਥਮੀ ਦੇਵੇ ਦੰਡ, ਲੱਖ ਚੁਰਾਸੀ ਮੇਟੇ ਭੇਖ ਪਖੰਡ, ਨਾ ਕੋਇ ਦੀਸੇ ਨਾਰ ਦੁਹਾਗਣ ਰੰਡ, ਜੂਠ ਝੂਠ ਦਏ ਖਪਾਇਆ। ਦੂਈ ਦਵੈਤੀ ਢਾਹੇ ਕੰਧ, ਇਕ ਸੁਣਾਏ ਸੁਹਾਗੀ ਛੰਦ, ਲੇਖਾ ਚੁਕਾਏ ਸੂਰਜ ਚੰਦ, ਵਿਸ਼ਨ ਬ੍ਰਹਮਾ ਸ਼ਿਵ ਬੈਠਣ ਸੀਸ ਝੁਕਾਇਆ। ਨੇਤਰ ਰੋਵੇ ਸੁਰਪਤ ਰਾਜਾ ਇੰਦ, ਕਰੇ ਖੇਲ ਗੁਣੀ ਗਹਿੰਦ, ਅੰਤਮ ਸਭ ਦੀ ਮੇਟੇ ਚਿੰਦ, ਆਪਣੀ ਚਿੰਤਾ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਕਲਜੁਗ ਅੰਤ ਰਿਹਾ ਸਮਝਾਇਆ। ਕਲਜੁਗ ਵੇਲਾ ਅੰਤਮ ਔਣਾ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਮਹਾਂਬਲੀ ਹੋ ਕੇ ਔਣਾ, ਮਾਤ ਪਿਤ ਨਾ ਕੋਇ ਜਾਈਆ। ਧੁਰ ਫ਼ਰਮਾਨਾ ਇਕ ਸੁਣੌਣਾ, ਦੋ ਜਹਾਨਾਂ ਆਪ ਅਲਾਈਆ। ਅਮਾਮ ਅਮਾਮਾਂ ਵੇਸ ਵਟੌਣਾ, ਪੀਰ ਪੈਗ਼ੰਬਰ ਵੇਖੇ ਸ਼ਹਿਨਸ਼ਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪੰਧ ਮੁਕੌਣਾ, ਚੌਥੇ ਜੁਗ ਡੇਰਾ ਢਾਹੀਆ। ਰਾਜ ਰਾਜਾਨਾ ਖ਼ਾਕ ਮਿਲੌਣਾ, ਸ਼ਾਹ ਸੁਲਤਾਨ ਰਹਿਣ ਕੋਇ ਨਾ ਪਾਈਆ। ਊਚ ਨੀਚ ਪੰਧ ਮੁਕੌਣਾ, ਜ਼ਾਤ ਪਾਤ ਕਰੇ ਸਫ਼ਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹੌਣਾ, ਜਗਤ ਚਮੜੀ ਨਾ ਵੰਡ ਵੰਡਾਈਆ। ਏਕਾ ਦ੍ਰਿਸ਼ਟੀ ਰਾਮ ਦਰਸੌਣਾ, ਇਸ਼ਟ ਦੇਵ ਇਕ ਅਖਵਾਈਆ। ਏਕਾ ਰਾਮ ਨਜ਼ਰੀ ਔਣਾ, ਭੂਸ਼ਨ ਬਸਤਰ ਆਪ ਪਹਿਨਾਈਆ। ਏਕਾ ਕਲਮਾ ਨਬੀ ਪੜ੍ਹੌਣਾ, ਕਾਇਨਾਤ ਕਰੇ ਪੜ੍ਹਾਈਆ। ਮੰਦਰ ਮਸਜਿਦ ਕਾਇਆ ਕਾਅਬਾ ਇਕ ਵਖੌਣਾ, ਆਬ ਹਯਾਤ ਦਏ ਪਿਆਈਆ। ਭੁਲ ਸਵਾਬ ਨਾ ਕੋਇ ਵਖੌਣਾ, ਸਚ ਅਹਿਬਾਬ, ਰਬਾਬ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਸ਼ਬਦੀ ਢੋਲਾ ਸ਼ਬਦੀ ਗੀਤ, ਹਰਿ ਸ਼ਬਦੀ ਸ਼ਬਦ ਸੁਣਾਇੰਦਾ। ਸ਼ਬਦ ਸਾਜਣ ਸ਼ਬਦ ਮੀਤ, ਸ਼ਬਦ ਅਤੀਤ ਮੇਲ ਮਿਲਾਇੰਦਾ। ਸ਼ਬਦ ਪਤਿਤ ਸ਼ਬਦ ਪੁਨੀਤ, ਪਤਿਤ ਪਾਪੀ ਸ਼ਬਦ ਤਰਾਇੰਦਾ। ਸ਼ਬਦ ਨਾਮ ਸਦਾ ਅਨਡੀਠ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਸ਼ਬਦ ਚਲਾਏ ਜੁਗ ਜੁਗ ਰੀਤ, ਸਾਚੀ ਰੀਤੀ ਸ਼ਬਦ ਚਲਾਇੰਦਾ। ਸ਼ਬਦ ਦੇਹੁਰਾ ਸ਼ਬਦ ਮੰਦਰ ਸ਼ਬਦ ਮਸੀਤ, ਬਿਨ ਹਰਿ ਸ਼ਬਦੇ ਕਿਸੇ ਦਰ ਨਾ ਦਿਸੇ ਕੋਇ ਪ੍ਰੀਤ, ਖ਼ਾਲੀ ਦਰ ਸਰਬ ਵਖਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਤੇਰੀ ਪਰਖੇ ਨੀਤ, ਲਿਖ ਲਿਖ ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਸ਼ਬਦ ਭੰਡਾਰਾ, ਏਕਾ ਵਰਤੇ ਵਰਤਣਹਾਰਾ, ਨਰ ਨਿਰੰਕਾਰਾ ਆਪ ਵਰਤਾਇੰਦਾ। ਸ਼ਬਦ ਭੰਡਾਰੀ ਹਰਿ ਨਿਰੰਕਾਰ, ਆਦਿ ਜੁਗਾਦਿ ਵਰਤਾਈਆ। ਨਵ ਨੌਂ ਚਾਰ ਕਰ ਵਿਹਾਰ, ਜੁਗ ਚੌਕੜੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਲੇਖਾ ਜਾਣੇ ਤੇਈ ਅਵਤਾਰ, ਅਭੁਲ ਭੁਲ ਕਦੇ ਨਾ ਜਾਈਆ। ਭਗਤ ਭਗਵੰਤ ਕਰ ਕੇ ਗਏ ਪੁਕਾਰ, ਦਸ ਅਠ ਅਠ ਸਮਝਾਈਆ। ਗੁਰ ਗੁਰ ਦੇ ਦੇ ਨਾਮ ਧਾਰ, ਨਾਮ ਨਾਮਾ ਗਏ ਸਮਝਾਈਆ। ਗੋਬਿੰਦ ਬੋਲ ਫ਼ਤਿਹ ਜੈਕਾਰ, ਏਕਾ ਡੰਕਾ ਗਿਆ ਵਜਾਈਆ। ਕਲਜੁਗ ਅੰਤਮ ਆਵੇ ਹਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਤ ਪਿਤ ਨਾ ਕੋਇ ਪਿਆਰ, ਪਿਤਾ ਪੂਤ ਨਾ ਕੋਇ ਸਹਾਈਆ। ਨਾਰ ਕੰਤ ਨਾ ਕੋਇ ਆਧਾਰ, ਵਿਭਚਾਰ ਸਰਬ ਕਮਾਈਆ। ਮੰਦਰ ਮਸਜਿਦ ਨਾ ਕੋਇ ਗੁਰੂਦਵਾਰ, ਗੁਰ ਕਾ ਸ਼ਬਦ ਨਾ ਕੋਇ ਗਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਹਿਤ ਹਿਤ ਨਾ ਕੋਇ ਰਖਾਈਆ। ਚਾਰੋਂ ਕੁੰਟ ਠਗ ਚੋਰ ਯਾਰ, ਆਪਣਾ ਬਲ ਰਹੇ ਵਖਾਈਆ। ਦੀਨ ਮਜ਼੍ਹਬ ਹੋਣ ਖ਼ਵਾਰ, ਵਰਨ ਬਰਨ ਪਏ ਲੜਾਈਆ। ਦਿਸ ਨਾ ਆਏ ਸਾਂਝਾ ਯਾਰ, ਪਰਵਰਦਿਗਾਰ ਮੁਖ ਛੁਪਾਈਆ। ਵੇਖ ਵਖਾਏ ਨਾ ਪੁਰਖ ਅਕਾਲ, ਅਕਾਲ ਅਕਾਲ ਨਾ ਕੋਇ ਮਨਾਈਆ। ਸ੍ਰਿਸ਼ਟ ਸਬਾਈ ਹੋਏ ਬੇਹਾਲ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਰੱਖਿਆ ਕਰੇ ਨਾ ਮਹਾਕਾਲ, ਕਾਲ ਕੂਕੇ ਨੇਤਰ ਨੈਣਾਂ ਨੀਰ ਵਹਾਈਆ। ਰਾਏ ਧਰਮ ਸੁਰਤ ਸੰਭਾਲ, ਆਪਣੀ ਆਪ ਲਏ ਅੰਗੜਾਈਆ। ਚਿਤਰ ਗੁਪਤ ਲੇਖਾ ਦਏ ਵਖਾਲ, ਲਿਖ ਲਿਖ ਲੇਖਾ ਥਾਉਂ ਥਾਈਂਆ। ਲਾੜੀ ਮੌਤ ਉਪਰ ਦਏ ਲਾਲ ਦੁਸ਼ਾਲ, ਲਾਲ ਮੈਂਹਿੰਦੀ ਹੱਥ ਰਖਾਈਆ। ਮਨਮੁਖ ਜੀਵ ਕਲਜੁਗ ਅੰਤਮ ਲਏ ਭਾਲ, ਲੁਕਿਆ ਕੋਇ ਰਹਿਣ ਨਾ ਪਾਈਆ। ਕੋਈ ਨਾ ਬਣੇ ਕਿਸੇ ਦਲਾਲ, ਵੇਲੇ ਅੰਤ ਨਾ ਕੋਇ ਛੁਡਾਈਆ। ਕਿਸੇ ਲੇਖੇ ਲੱਗੇ ਨਾ ਖਾਧਾ ਹਲਾਲ, ਹਲਕ ਹਲਕ ਰਿਹਾ ਕੁਰਲਾਈਆ। ਗੋਬਿੰਦ ਸੂਰਾ ਦਿਸੇ ਨਾ ਕਿਸੇ ਨਾਲ, ਮਨਮੁਖ ਬੈਠੇ ਮੁਖ ਭਵਾਈਆ। ਜਿਸ ਨੇ ਵਾਰੇ ਆਪਣੇ ਲਾਲ, ਲਾਲਨ ਆਪਣਾ ਨਾਉਂ ਰਖਾਈਆ। ਹੋਏ ਸਹਾਈ ਸ਼ਾਹ ਕੰਗਾਲ, ਕੰਗਾਲ ਕੰਗਾਲਾਂ ਗੋਦ ਬਹਾਈਆ। ਕਲਜੁਗ ਜੀਵ ਹੋਏ ਨਾਦਾਨ, ਚਾਰ ਵਰਨ ਬੈਠੇ ਭੁਲਾਈਆ। ਅੰਤ ਕੂਕ ਕੂਕ ਦੇ ਕੇ ਗਿਆ ਬਿਆਨ, ਹਲਫ਼ੀਆ ਬਿਆਨ ਆਪ ਲਿਖਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਧਰਾਈਆ। ਸੰਬਲ ਨਗਰ ਇਕ ਮਕਾਨ, ਆ ਕੇ ਵਸੇ ਸਾਚਾ ਮਾਹੀਆ। ਵੇਦ ਵਿਆਸਾ ਤੇਰੀ ਆਸਾ ਪੂਰੀ ਕਰੇ ਆਣ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚਾ ਟਿੱਲਾ ਪਰਬਤ ਆਪ ਸੁਹਾਈਆ। ਮੂਸਾ ਤੇਰਾ ਰੱਖੇ ਮਾਣ, ਤੇਰੇ ਪਿੱਛੇ ਆਏ ਤੇਰਾ ਪੈਗ਼ੰਬਰ ਨੂਰੀ ਜਲਵਾ ਨੂਰ ਧਰਾਈਆ। ਮੁਹੰਮਦ ਤੇਰੀ ਵੇਖੇ ਆਣ, ਕਰੇ ਕਲਿਆਣ ਬੇਪਰਵਾਹੀਆ। ਚੌਦਾਂ ਤਬਕ ਕਰੇ ਪਹਿਚਾਨ, ਆਪ ਪਹਿਚਾਨ ਵਿਚ ਨਾ ਆਈਆ। ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਰਖਾਈਆ। ਸਾਚੇ ਅਸਵ ਚੜ੍ਹੇ ਨੌਜਵਾਨ, ਦੁਲਦੁਲ ਆਪਣਾ ਆਪ ਦੌੜਾਈਆ। ਚਾਰੋਂ ਕੁੰਟ ਵੇਖੇ ਬੇਈਮਾਨ, ਸ਼ੈਤਾਨ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਨਿਸ਼ਾਨਾ ਦਏ ਮਿਟਾਈਆ। ਕਲਜੁਗ ਤੇਰਾ ਨਿਸ਼ਾਨ ਮਿਟੌਣਾ, ਨਿਹਕਲੰਕ ਕਲ ਆ। ਸਤਿਜੁਗ ਸਾਚਾ ਮਾਰਗ ਲੌਣਾ, ਧਰਤ ਮਾਤ ਦੀ ਗੋਦ ਸੁਹਾ। ਏਕਾ ਮੰਤਰ ਨਾਮ ਦ੍ਰਿੜੌਣਾ, ਨਿਸ਼ਅੱਖਰ ਜਾਪ ਜਪਾ। ਏਕਾ ਮੰਦਰ ਆਪ ਉਪਜੌਣਾ, ਪਾਰਬ੍ਰਹਮ ਪ੍ਰਭ ਵੇਸ ਵਟਾ। ਏਕਾ ਇਸ਼ਟ ਸਰਬ ਵਖੌਣਾ, ਆਤਮ ਪਰਮਾਤਮ ਬੰਧਨ ਪਾ। ਏਕਾ ਹੁਕਮ ਆਪ ਵਰਤੌਣਾ, ਹੁਕਮੀ ਹੁਕਮ ਦਏ ਜਣਾ। ਜ਼ਾਤ ਪਾਤ ਨਾ ਕੋਇ ਰਖੌਣਾ, ਊਚ ਨੀਚ ਨਾ ਕੋਇ ਵਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾ। ਕਲਜੁਗ ਲੇਖਾ ਮੁਕਣਾ, ਆਈ ਅੰਤਮ ਵਾਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਮੰਨ ਮੰਨ ਗਏ ਗੁਰ ਅਵਤਾਰ। ਪੁਰਖ ਅਬਿਨਾਸ਼ੀ ਸ਼ੇਰ ਰੂਪ ਹੋ ਕੇ ਬੁੱਕਣਾ, ਸਿੰਘ ਮਾਰੇ ਇਕ ਭਬਕਾਰ। ਕਲਜੁਗ ਜੰਬਕ ਅੰਤਮ ਲੁਕਣਾ, ਨੇਤਰ ਨੈਣ ਹੋਏ ਸ਼ਰਮਸਾਰ। ਪੁਰਖ ਅਬਿਨਾਸ਼ੀ ਮੂੰਹ ਦੇ ਭਾਰ ਸੁੱਟਣਾ, ਉਪਰ ਪਾਏ ਆਪਣਾ ਭਾਰ। ਦੂਜੀ ਵਾਰ ਫੇਰ ਨਾ ਉਠਣਾ, ਤਿੰਨ ਜੁਗ ਦਏ ਸੁਆਲ। ਤ੍ਰੈਗੁਣ ਤੇਰਾ ਘਰ ਲੁੱਟਣਾ, ਸ਼ਾਹ ਸੁਲਤਾਨ ਹੋਣ ਕੰਗਾਲ। ਜੂਠ ਝੂਠ ਤੇਰਾ ਬੂਟਾ ਪੁੱਟਣਾ, ਲੱਖ ਚੁਰਾਸੀ ਵਿਚੋਂ ਭਾਲ। ਵਰਨ ਬਰਨ ਸ਼ੌਹ ਦਰਯਾਏ ਸੁੱਟਣਾ, ਜ਼ਾਤ ਪਾਤ ਸੁੁਰਤ ਨਾ ਸਕੇ ਸੰਭਾਲ। ਸਤਿਜੁਗ ਸੁਹਾਏ ਸਾਚੀ ਰੁੱਤਨਾ, ਰੁੱਤ ਬਸੰਤ ਕਰੇ ਆਪ ਪ੍ਰਿਤਪਾਲ। ਭਾਗ ਲਗਾਏ ਪੰਜ ਤੱਤ ਕਾਇਆ ਬੁੱਤਨਾ, ਗੁਰਮੁਖ ਸਾਚੇ ਲਏ ਉਠਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੈਠ ਸੱਚੀ ਧਰਮਸਾਲ। ਸੱਚੀ ਧਰਮਸਾਲ ਸਚਖੰਡ ਦਵਾਰਾ, ਹਰਿ ਸਾਚਾ ਆਪ ਸੁਹਾਇੰਦਾ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਬੀਸ ਅਠਾਰਾਂ ਵੇਖ ਵਖਾਇੰਦਾ। ਸੰਮਤ ਉਨੀ ਚੜ੍ਹੇ ਵਿਚ ਸੰਸਾਰਾ, ਪਹਿਲੀ ਚੇਤ ਰੁੱਤ ਜਣਾਇੰਦਾ। ਚਾਰੋਂ ਕੁੰਟ ਹੋਏ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਨੌਂ ਖੰਡ ਲੁੱਟਿਆ ਜਾਏ ਦਿਨ ਦਿਹਾੜਾ, ਰਾਜ ਰਾਜਾਨ ਨਾ ਕੋਇ ਬਚਾਇੰਦਾ। ਜ਼ਿਮੀਂ ਅਸਮਾਨਾਂ ਟੁੱਟੇ ਪਾੜਾ, ਲੱਗੀ ਅੱਗ ਨਾ ਕੋਇ ਬੁਝਾਇੰਦਾ। ਕਲਜੁਗ ਰੋ ਰੋ ਕੱਢੇ ਹਾੜਾ, ਵੇਲਾ ਗਿਆ ਹੱਥ ਨਾ ਆਇੰਦਾ। ਸਾਧਾਂ ਸੰਤਾਂ ਘਰ ਘਰ ਜਾ ਜਾ ਮਾਰਦਾ ਰਿਹਾ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ। ਪੁਰਖ ਅਬਿਨਾਸ਼ੀ ਫੜ ਕੇ ਬੰਨ੍ਹਣਾ ਸਤਾਰਾਂ ਹਾੜਾ, ਅੰਗ ਅੰਗ ਨਾਲ ਬੰਧਾਇੰਦਾ। ਚਾਰੋਂ ਕੁੰਟ ਪੈਣ ਝਾੜਾਂ, ਸਾਚਾ ਸੰਗੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਖੇੜਾ ਆਪੇ ਢਾਹਿੰਦਾ। ਕਲਜੁਗ ਖੇੜਾ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਸੰਮਤ ਉਨੀ ਗਿੜਨੀ ਲੱਠ, ਪੁਰਖ ਅਬਿਨਾਸ਼ੀ ਰਿਹਾ ਗੜਾਇਆ। ਲੱਖ ਚੁਰਾਸੀ ਪਾ ਪਾ ਨੱਥ, ਚਾਰੋਂ ਕੁੰਟ ਦਏ ਭਵਾਇਆ। ਸਾਚੀ ਵਸਤ ਨਾ ਕਿਸੇ ਹੱਥ, ਖ਼ਾਲੀ ਹੱਥ ਰਹੇ ਵਖਾਇਆ। ਕਿਸੇ ਨਜ਼ਰ ਨਾ ਆਏ ਰਾਮਾ ਸੁਤ ਦਸਰਥ, ਕ੍ਰਿਸ਼ਨਾ ਨੰਦ ਨਾ ਮੇਲ ਮਿਲਾਇਆ। ਈਸਾ ਮੂਸਾ ਨਾ ਹੋਇਆ ਕਿਸੇ ਵਸ, ਮੁਹੰਮਦ ਰੰਗ ਨਾ ਕੋਇ ਚੜ੍ਹਾਇਆ। ਨਾਨਕ ਨਿਰਗੁਣ ਹਿਰਦੇ ਗਿਆ ਨਾ ਵਸ, ਗੋਬਿੰਦ ਜਾਮ ਅੰਮ੍ਰਿਤ ਰਸ ਨਾ ਕਿਸੇ ਚਖਾਇਆ। ਮਨ ਵਾਸਨਾ ਹੋ ਕੇ ਸਾਰੇ ਵਸ, ਆਪਣਾ ਆਪ ਰਹੇ ਲੁਟਾਇਆ। ਸੰਮਤ ਬੀਸ ਬੀਸ ਖੇੜਾ ਹੋਣਾ ਭੱਠ, ਭੱਠੀ ਅਗਨ ਆਪ ਤਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਮਾਤ ਧਰ, ਬੀਸ ਇਕੀਸ ਇਕ ਹਦੀਸ ਦਏ ਪੜ੍ਹਾਇਆ।
