੧੭ ਫੱਗਣ ੨੦੧੮ ਕਾਨਪੁਰ
ਸਿਰੋਪਾਉ ਹਰਿ ਨਾਉਂ, ਸਦਾ ਸੰਗ ਰਖਾਇੰਦਾ। ਭਗਤ ਭਗਵਾਨ ਮਿਲਣ ਦਾ ਚਾਉ, ਚਾਉ ਘਨੇਰਾ ਇਕ ਜਣਾਇੰਦਾ। ਪ੍ਰੇਮ ਪ੍ਰੇਮ ਪਕੜੇ ਬਾਂਹੋਂ, ਪਿਆਰ ਪਿਆਰ ਨਾਲ ਰਖਾਇੰਦਾ। ਏਥੇ ਓਥੇ ਦੋ ਜਹਾਨ ਠੰਡੀ ਛਾਉਂ, ਅਗਨੀ ਤੱਤ ਨਾ ਕੋਇ ਰਖਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਰੋਪਾ ਸੰਤਾਂ ਸੀਸ ਟਿਕਾਇੰਦਾ। ਸਿਰੋਪਾਉ ਸੋਹੇ ਸਾਚੇ ਸੰਤ, ਸਤਿਗੁਰ ਦੇਵੇ ਮਾਣ ਵਡਿਆਈਆ। ਜੀਵਾਂ ਨਾਰੀ ਮਿਲੇ ਕੰਤ, ਮਿਲ ਕੰਤ ਖ਼ੁਸ਼ੀ ਮਨਾਈਆ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਆਤਮ ਅੰਤਰ ਵੱਜੇ ਵਧਾਈਆ। ਮਾਨਸ ਜਨਮ ਬਣੇ ਬਣਤ, ਮਾਨੁਖ ਆਪਣਾ ਭੇਵ ਚੁਕਾਈਆ। ਮੇਲਾ ਹੋਏ ਹਰਿ ਜੂ ਅੰਤ, ਅੰਤ ਕੰਤ ਸੰਤ ਭਗਵੰਤ ਏਕਾ ਘਰ ਸਮਾਈਆ। ਨਾਤਾ ਤੁਟੇ ਜੀਵ ਜੰਤ, ਲੱਖ ਚੁਰਾਸੀ ਜੰਮ ਕੀ ਫਾਸੀ ਰਾਏ ਧਰਮ ਨਾ ਦਏ ਸਜਾਈਆ। ਸਿਰੋਪਾਉ ਸੰਤ ਮਾਣ, ਘਰ ਘਰ ਵਿਚ ਵੇਖ ਵਖਾਈਆ। ਨਿਝ ਨੇਤਰ ਦਿਸੇ ਸ੍ਰੀ ਭਗਵਾਨ, ਨਿਝ ਆਤਮ ਆਸਣ ਲਾਈਆ। ਨਿਝ ਖੇਤਰ ਕਰ ਪਰਵਾਨ, ਬਣ ਹੇਤੀ ਹਿਤ ਰਖਾਈਆ। ਦਿਤੀ ਵਸਤ ਹੋਈ ਪਰਵਾਨ, ਪਰਵਾਨਗੀ ਸੰਤਾਂ ਹੱਥ ਫੜਾਈਆ। ਇਕੋ ਸਤਿ ਸਤਿ ਨਿਸ਼ਾਨ, ਸਦਾ ਸਦਾ ਸਦ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਮਿਲ ਆਪਣੀ ਖ਼ੁਸ਼ੀ ਰਖਾਈਆ। ਤੁਛ ਚੀਜ ਨਾ ਦਿਸੇ ਕੋਇ, ਹਰ ਘਟ ਘਟ ਰਿਹਾ ਸਮਾਈਆ। ਬਿਨ ਹਰਿ ਮਿਲੇ ਨਾ ਕੋਈ ਢੋਏ, ਢੋਆ ਲੈ ਕੇ ਅੱਗੇ ਕੋਇ ਨਾ ਆਈਆ। ਪੂਰਬ ਲਹਿਣਾ ਬੀਜ ਜੋ ਜਨ ਬੋਏ, ਪੂਰਬ ਲੇਖਾ ਲੇਖੇ ਪਾਈਆ। ਚਿੱਟੇ ਬਸਤਰ ਚਿੱਟੀ ਧਾਰ ਚਿੱਟਾ ਰੰਗ ਸੋ ਪੁਰਖ ਨਿਰੰਜਣ ਜਾਣੇ ਸੋਏ, ਹਰਿ ਪੁਰਖ ਨਿਰੰਜਣ ਵੇਖੇ ਚਾਈਂ ਚਾਈਂਆ। ਏਕੰਕਾਰ ਨਿਰਮਲ ਜੋਤ ਬਲੋਏ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸੰਤ ਸੁਹੇਲਾ ਸੰਤਾਂ ਜਿਹਾ ਹੋਏ, ਸ੍ਰੀ ਭਗਵਾਨ ਆਪਣੇ ਘਰ ਆਪੇ ਸੋਭਾ ਪਾਈਆ। ਪਾਰਬ੍ਰਹਮ ਬ੍ਰਹਮ ਅੰਮ੍ਰਿਤ ਆਤਮ ਰਸ ਸਾਚਾ ਚੋਏ, ਸਾਚਾ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰੋਪਾਉ ਸਾਚੀ ਪੱਗ, ਲੇਖਾ ਜਾਣੇ ਸੂਰਾ ਸਰਬੱਗ, ਤ੍ਰੈਗੁਣ ਵੇਖੇ ਜਗਤ ਬਸੰਤਰ, ਗਲ ਚੋਲਾ ਪ੍ਰੇਮ ਬਸਤਰ ਸ਼ਸਤਰ ਨਾਮ ਹੱਥ ਰਖਾਈਆ।
