Granth 11 Likhat 104: 16 Faggan 2018 Bikarmi Mangal Singh de Greh Bhopal

੧੬ ਫੱਗਣ ੨੦੧੮ ਮੰਗਲ ਸਿੰਘ ਦੇ ਗ੍ਰਹਿ ਭੂਪਾਲ

ਹਰਿ ਪਿਆਰ ਸਤਿ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਏਕਾ ਪੱਲੂ ਹੱਥ ਫੜਾਇੰਦਾ। ਜੂਠ ਝੂਠ ਮੇਟੇ ਗੰਦ, ਸਚ ਸੁੱਚ ਇਕ ਵਖਾਇੰਦਾ। ਕਿਰਪਾਨਿਧ ਚਾੜ੍ਹੇ ਚੰਦ, ਅਗਿਆਨ ਅੰਧੇਰ ਚੁਕਾਇੰਦਾ। ਆਵਣ ਜਾਵਣ ਮੁਕੇ ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਮਮਤਾ ਮੋਹ ਖੰਡ ਖੰਡ, ਧੀਰਜ ਧੀਰ ਇਕ ਰਖਾਇੰਦਾ। ਦੂਈ ਦਵੈਤ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਘਰ ਵਿਚ ਘਰ ਸੁਣੇ ਸੁਹਾਗੀ ਛੰਦ, ਅਨਹਦ ਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਰਖਾਇੰਦਾ। ਸਚ ਪਿਆਰ ਭਗਤ ਭਗਵਾਨ, ਜੁਗ ਜੁਗ ਆਪ ਰਖਾਈਆ । ਸੰਤਾਂ ਦੇਵੇ ਇਕ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਗੁਰਮੁਖ ਵੇਖੇ ਚਤੁਰ ਸੁਜਾਨ, ਗੁਰ ਗੁਰ ਬੂਝ ਬੁਝਾਈਆ। ਗੁਰਸਿਖ ਮੇਲਾ ਗੁਣ ਨਿਧਾਨ, ਗੁਣਵੰਤਾ ਹੋਏ ਸਹਾਈਆ। ਨਾਤਾ ਤੁਟੇ ਜਗਤ ਸ਼ੈਤਾਨ, ਸਾਚਾ ਮੰਦਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਰਖਾਈਆ। ਸਚ ਪਿਆਰ ਗੁਰਚਰਨ ਡੋਰ, ਡੋਰੀ ਹਰਿ ਹਰਿ ਆਪਣੇ ਹੱਥ ਰਖਾਇੰਦਾ। ਕੱਢਣਹਾਰਾ ਪੰਜੇ ਚੋਰ, ਨੀਚਾਂ ਮਾਣ ਰਖਾਇੰਦਾ। ਪੰਚਮ ਸ਼ਬਦ ਦਏ ਘਨਘੋਰ, ਘਰ ਆਤਮਕ ਰਾਗ ਸੁਣਾਇੰਦਾ। ਗੁਰ ਸ਼ਬਦੀ ਆਦਿ ਜੁਗਾਦਿ ਜੁਗਾ ਜੁਗੰਤਰ ਚੜ੍ਹਿਆ ਰਹੇ ਅਗੰਮੀ ਘੋੜ, ਦੋ ਜਹਾਨਾਂ ਵੇਖ ਵਖਾਇੰਦਾ। ਗੁਰਮੁਖ ਸਾਚੇ ਜਾਏ ਬਹੁੜ, ਗੁਰ ਗੁਰ ਆਪਣੀ ਦਇਆ ਕਮਾਇੰਦਾ। ਜਨਮ ਜਨਮ ਬੁਝਾਏ ਔੜ, ਕਰਮ ਨਿਹਕਰਮੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬ੍ਰਹਮ ਏਕਾ ਬੰਧਨ ਪਾਇੰਦਾ। ਸਾਚਾ ਬ੍ਰਹਮ ਬੰਧਨ ਪਾ, ਬੰਦੀਖਾਨਾ ਦਏ ਤੁੜਾਈਆ। ਮਸਤਕ ਟਿੱਕਾ ਚੰਦਨ ਲਾ, ਚਿੰਤਾ ਚਿਖਾ ਦਏ ਗਵਾਈਆ। ਸਦ ਬਖਸ਼ੰਦਨ ਬੇਪਰਵਾਹ, ਸਿਰ ਆਪਣਾ ਹੱਥ ਟਿਕਾਈਆ। ਸ਼ਬਦੀ ਸ਼ਬਦ ਬਣ ਮਲਾਹ, ਗੁਰ ਗੁਰ ਬੇੜਾ ਆਪ ਚਲਾਈਆ। ਸਾਚੀ ਨੱਯਾ ਲਏ ਚੜ੍ਹਾ, ਨੌਕਾ ਆਪਣਾ ਨਾਮ ਰਖਾਈਆ। ਪਾਰ ਕਿਨਾਰੇ ਦੇਵੇ ਲਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਰਾਏ ਧਰਮ ਨਾ ਦਏ ਸਜਾ, ਚਿਤਰ ਗੁਪਤ ਨਾ ਲੇਖਾ ਰਾਈਆ। ਲਾੜੀ ਮੌਤ ਨਾ ਲਏ ਪਰਨਾ, ਵੇਲੇ ਅੰਤ ਕਾਲ ਨਾ ਖਾਈਆ। ਜਿਸ ਜਨ ਸਤਿਗੁਰ ਪੂਰਾ ਦਏ ਦਇਆ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਪ੍ਰੇਮ ਪ੍ਰੀਤੀ ਨਿਭੇ ਤੋੜ, ਹਰਿ ਸਤਿਗੁਰ ਆਪ ਨਿਭਾਇੰਦਾ। ਜਨਮ ਜਨਮ ਦੇ ਵਿਛੜੇ ਲਏ ਜੋੜ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਸੁਰਤ ਸੁਵਾਣੀ ਸ਼ਬਦ ਹਾਣੀ ਅੱਗੇ ਦੇਵੇ ਤੋਰ, ਪੱਲੂ ਪੱਲੂ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਨਾਤਾ ਇਕ ਜੁੜਾਇੰਦਾ। ਪ੍ਰੇਮ ਨਾਤਾ ਸ਼ਬਦੀ ਧਾਰ, ਸੁਰਤੀ ਸੁਰਤ ਸੁਰਤ ਕੁੜਮਾਈਆ। ਦੋਹਾਂ ਵਿਚੋਲਾ ਏਕੰਕਾਰ, ਘਰ ਘਰ ਵਿਚ ਮੇਲ ਕਰਾਈਆ। ਜੋਤੀ ਜਾਤਾ ਹੋ ਤਿਆਰ, ਪੁਰਖ ਬਿਧਾਤਾ ਵੇਖ ਵਖਾਈਆ। ਸਾਚੀ ਗਾਥਾ ਮਹਿਮਾ ਮੰਗਲਾਚਾਰ, ਅਨਹਦ ਰਾਗੀ ਰਾਗ ਸੁਣਾਈਆ। ਬੋਧ ਅਗਾਧੀ ਬੋਲ ਜੈਕਾਰ, ਜੈ ਜੈਕਾਰ ਆਪਣਾ ਨਾਉਂ ਸਮਝਾਈਆ। ਪ੍ਰੇਮ ਅਨਡਿਠੜੀ ਵਜਦੀ ਰਹੇ ਸਿਤਾਰ, ਤੰਦੀ ਤੰਦ ਨਾ ਕੋਇ ਰਖਾਈਆ। ਬੱਤੀ ਦੰਦ ਨਾ ਕੋਇ ਅਧਾਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਅੰਤਰ ਅੰਤਰ ਕਰੇ ਪਿਆਰ, ਜਗਤ ਬਸੰਤਰ ਦਏ ਬੁਝਾਈਆ। ਗੁਰ ਕਾ ਸ਼ਬਦ ਮੰਤਰ ਅਪਾਰ, ਬਿਨ ਰਸਨਾ ਜਿਹਵਾ ਗਾਈਆ। ਆਤਮ ਸੇਜਾ ਖੇਲ ਅਪਾਰ, ਬ੍ਰਹਮ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਕੰਤ ਭਤਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਾਰੀ ਕੰਤ ਪਰਨਾਈਆ। ਪਰੇਮ ਵਿਛੌਣਾ ਕਰ ਤਿਆਰ, ਦਰ ਘਰ ਸਾਚਾ ਆਪ ਸੁਹਾਈਆ। ਕਮਲਾਪਾਤੀ ਕਿਰਪਾ ਧਾਰ, ਦੀਆ ਬਾਤੀ ਡਗਮਗਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਘਟ ਘਟ ਵਾਸੀ ਦਰਸ ਦਿਖਾਈਆ। ਜੋਤ ਪਰਕਾਸ਼ ਮਿਟੇ ਧੂੰਆਂਧਾਰ, ਅੰਧ ਅੰਧੇਰ ਦਏ ਗਵਾਈਆ। ਪਵਣ ਸਵਾਸੀ ਲੇਖਾ ਜਾਣੇ ਜਾਨਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਨਾਲ ਨਿਭਾਈਆ । ਪ੍ਰੇਮ ਨਾਲ ਪ੍ਰੇਮ ਰੰਗ, ਹਰਿ ਪ੍ਰੀਤਮ ਆਪ ਰੰਗਾਇੰਦਾ। ਪ੍ਰੇਮ ਵਿਛੌਣਾ ਪ੍ਰੇਮ ਪਲੰਘ, ਪ੍ਰੇਮ ਉਪਰ ਸੋਭਾ ਪਾਇੰਦਾ। ਪ੍ਰੇਮ ਨਾਮ ਪ੍ਰੇਮ ਮਰਦੰਗ, ਪਰੇਮ ਢੋਲਾ ਸਾਚਾ ਗਾਇੰਦਾ। ਪ੍ਰੇਮ ਨੂਰ ਪ੍ਰੇਮ ਚੰਦ, ਪ੍ਰੇਮ ਗੀਤ ਪਰੇਮ ਛੰਦ ਪ੍ਰੇਮ ਆਪਣਾ ਰਾਗ ਸੁਣਾਇੰਦਾ। ਪ੍ਰੇਮ ਸੂਰਬੀਰ ਸਰਬੰਗ, ਪ੍ਰੇਮ ਅੰਤਰ ਆਤਮ ਵੇਖੇ ਲੰਘ, ਘਰ ਮੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਏਕਾ ਪ੍ਰੇਮ ਵਧਾਇੰਦਾ। ਏਕਾ ਪ੍ਰੇਮ ਜਾਏ ਵਧ, ਹਾਥ ਕਿਸੇ ਨਾ ਆਈਆ। ਕੋਟਨ ਕੋਟ ਜੀਵ ਜੰਤ ਸਾਧ ਸੰਤ ਗਏ ਲਦ, ਬੇਅੰਤ ਕਹੇ ਲੋਕਾਈਆ। ਜਿਸ ਮੰਦਰ ਵਜਾਵੇ ਆਪਣਾ ਨਦ, ਸੋ ਮੰਦਰ ਸੋਭਾ ਪਾਈਆ । ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਸਦ, ਗੁਰ ਗੁਰ ਆਪਣਾ ਭੇਵ ਖੁਲ੍ਹਾਈਆ। ਜਗਤ ਜੰਜ਼ਾਲੇ ਵਿਚੋਂ ਕੱਢ, ਸਾਚੇ ਮਾਰਗ ਆਪੇ ਲਾਈਆ। ਲੇਖਾ ਜਾਣੇ ਸਾਚੀ ਯੱਦ, ਬੰਸ ਸਰਬੰਸਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਬੰਧਨ ਇਕ ਰਖਾਈਆ। ਪ੍ਰੇਮ ਬੰਧਨ ਸਾਚਾ ਨਾਤਾ, ਹਰਿਜਨ ਹਰਿ ਹਰਿ ਆਪ ਰਖਾਇੰਦਾ। ਦੋ ਜਹਾਨਾਂ ਪਿਤਾ ਮਾਤਾ, ਬਣ ਬਣ ਸੇਵਕ ਸੇਵ ਕਮਾਇੰਦਾ। ਨਾਮ ਅਗੰਮੀ ਦੇਵੇ ਦਾਤਾ, ਅਨਮੁਲੜੀ ਆਪ ਵਰਤਾਇੰਦਾ। ਘਰ ਵਿਚ ਘਰ ਬਹਿ ਬਹਿ ਗਾਏ ਗਾਥਾ, ਮਹੱਲ ਅਟੱਲ ਸੋਭਾ ਪਾਇੰਦਾ। ਆਪੇ ਜਾਣੇ ਪੂਜਾ ਪਾਠਾ, ਹਵਨ ਦੀਪ ਘਿਰਤ ਪਵਣ ਤੇਲ ਬਾਤੀ ਕਮਲਾਪਾਤੀ ਆਪਣਾ ਪਿਆਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਘਰ ਸਾਚਾ ਆਪ ਵਡਿਆਇੰਦਾ। ਪਰੇਮ ਅੰਦਰ ਪ੍ਰੇਮ ਪਿਆਲਾ, ਬਣ ਬਣ ਸਾਕੀ ਜਾਮ ਪਿਆਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦੀਨਨ ਆਪਣਾ ਭੇਵ ਚੁਕਾਇੰਦਾ। ਸਦਾ ਸਦਾ ਸਦ ਰਹੇ ਰਖਵਾਲਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਨਾਤਾ ਤੋੜੇ ਕਾਲ ਮਹਾਂਕਾਲਾ, ਭੈ ਭਿਆਨਕ ਸੋਭਾ ਪਾਇੰਦਾ। ਅੰਤਰ ਮੰਤਰ ਦੇਵੇ ਸਾਚੀ ਮਾਲਾ, ਮਨ ਕਾ ਮਣਕਾ ਆਪ ਭੁਵਾਇੰਦਾ। ਅੱਠ ਅਠੋਤਰੀ ਤੋੜ ਜੰਜਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਆਪਣੇ ਰੰਗ ਵਖਾਇੰਦਾ। ਪਰੇਮ ਰੰਗਾ ਹਰਿ ਪੁਰਖ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਰਖਾਈਆ। ਜਨ ਭਗਤਾਂ ਦੇਵੇ ਆਪਣਾ ਦਰਸ, ਰੂਪ ਅਨੂਪ ਧਰਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਨਿਝਰ ਝਿਰਨਾ ਇਕ ਝਿਰਾਈਆ। ਜੁਗ ਜਨਮ ਦੀ ਮੇਟੇ ਹਰਸ, ਹਵਸ ਹੋਰ ਨਾ ਕੋਇ ਵਧਾਈਆ। ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕੁਰਾ ਫੋਲ ਫੁਲਾਈਆ। ਗੁਰਮੁਖ ਉਪਰ ਕਰੇ ਤਰਸ, ਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਖੇਲ ਇਕ ਖਿਲਾਈਆ। ਪ੍ਰੇਮ ਖੇਲ ਰਿਹਾ ਖੇਲ, ਖੇਲਣਹਾਰਾ ਏਕੰਕਾਰਾ। ਜੁਗਾ ਜੁਗੰਤਰ ਕਰ ਕਰ ਮੇਲ, ਜਨ ਭਗਤਾਂ ਦੇਵੇ ਸਤਿ ਦੁਆਰਾ। ਦੀਪ ਜਗਾਏ ਬਿਨ ਬਾਤੀ ਤੇਲ, ਘਰ ਵਿਚ ਘਰ ਕਰੇ ਉਜਿਆਰਾ। ਅੰਮ੍ਰਿਤ ਬਖ਼ਸ਼ੇ ਕਰ ਕਰ ਮਿਹਰ, ਨਿਝਰ ਝਿਰਨਾ ਠੰਡਾ ਠਾਰਾ। ਦੇਵੇ ਦਰਸ ਨਾ ਲਾਏ ਦੇਰ, ਖੋਲ੍ਹਣਹਾਰਾ ਬੰਦ ਕਿਵਾੜਾ। ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਕੱਟੇ ਗੇੜ, ਅਗਨੀ ਤੱਤ ਨਾ ਲੱਗੇ ਹਾੜਾ। ਲਹਿਣਾ ਦੇਣਾ ਦਏ ਨਿਬੇੜ, ਨਾੜ ਬਹੱਤਰ ਵੱਜੇ ਇਕੋ ਤਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਪ੍ਰੇਮ ਨਿਆਰਾ। ਪ੍ਰੇਮ ਨਿਆਰਾ ਨਿਰਾਕਾਰ, ਨਿਰਗੁਣ ਏਕਾ ਏਕ ਜਣਾਈਆ। ਲਿਖਣ ਪੜ੍ਹਣ ਤੋਂ ਵਸੇ ਬਾਹਰ, ਕਾਗਦ ਕਲਮ ਭੇਵ ਨਾ ਰਾਈਆ। ਵੇਦ ਕਤੇਬ ਗਏ ਹਾਰ, ਹਰਿ ਕਾ ਅੰਤ ਕੋਇ ਨਾ ਪਾਈਆ। ਸਮੁੰਦ ਸਾਗਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਧਰਤ ਬਸੁਧਾ ਕਰੇ ਪੁਕਾਰ, ਬਲ ਆਪਣਾ ਆਪ ਗਵਾਈਆ। ਬ੍ਰਹਮਾ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਤੇਰੀ ਵਡ ਵਡਿਆਈਆ। ਗੁਰ ਅਵਤਾਰ ਬਣ ਭਿਖਾਰ, ਹਰਿ ਅੱਗੇ ਝੋਲੀ ਡਾਹੀਆ। ਜੁਗ ਜੁਗ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਲਏ ਅਵਤਾਰ, ਗੁਰ ਗੁਰ ਸ਼ਬਦੀ ਵੰਡ ਵੰਡਾਈਆ । ਸ਼ਬਦ ਭੰਡਾਰਾ ਅਪਰ ਅਪਾਰ, ਜੀਵਾਂ ਜੰਤਾਂ ਝੋਲੀ ਪਾਈਆ। ਸਾਚੇ ਸੰਤਾਂ ਕਰ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਕਾਇਆ ਮੰਦਰ ਅੰਦਰ ਹਰੀ ਦੁਆਰ, ਹਰਿ ਜੂ ਬੈਠਾ ਆਸਣ ਲਾਈਆ। ਦਿਸ ਨਾ ਆਵੇ ਜੀਵ ਸੰਸਾਰ, ਤ੍ਰੈਗੁਣ ਮਾਇਆ ਪੜਦਾ ਪਾਈਆ। ਕੂੜਾ ਕਾਇਆ ਕਪੜ ਵੇਖ ਵਿਚਾਰ, ਤਨ ਧਨ ਹਾਟੀ ਬਾਜੀ ਲਾਈਆ। ਗੁਰ ਸਾਖੀ ਗੁਰ ਸਾਖਿਆਤ ਗੁਰ ਸ਼ਬਦ ਦਏ ਅਧਾਰ, ਗੁਰ ਨਾਦੀ ਨਾਦ ਵਜਾਈਆ। ਬ੍ਰਹਮ ਬ੍ਰਹਿਮਾਦੀ ਖੋਲ੍ਹ ਕਿਵਾੜ, ਆਦਿ ਜੁਗਾਦੀ ਇਕ ਸਹਾਰ, ਹਰਿ ਸਰਨ ਸੱਚੀ ਸਰਨਾਈਆ। ਡੂੰਘੀ ਭਵਰੀ ਪਾਰ ਗ਼ਾਰ, ਆਤਮ ਸੇਜਾ ਖੇਲ ਨਿਆਰ, ਨਿਰਗੁਣ ਮੇਲਾ ਸਰਗੁਣ ਧਾਰ, ਸਰਗੁਣ ਨਾਤਾ ਛੁੱਟੇ ਸੰਸਾਰ, ਗੁਰ ਗੁਰ ਰੂਪ ਅਪਰ ਅਪਾਰ, ਗੁਰਸਿਖ ਮੇਲਾ ਏਕਾ ਵਾਰ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪਿਆਰ ਇਕ ਰਖਾਈਆ। ਪਰੇਮ ਪਿਆਰ ਸਦਾ ਅਤੁਟ, ਗੁਰ ਚੇਲਾ ਰੂਪ ਵਖਾਇੰਦਾ। ਜਗਤ ਵਾਸਨਾ ਜਾਏ ਛੁਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਜਿਸ ਜਨ ਅੰਮ੍ਰਿਤ ਜਾਮ ਪਿਆਏ ਘੁੱਟ, ਤਿਸ ਆਪਣਾ ਜਾਮ ਪਿਆਇੰਦਾ। ਅੰਮ੍ਰਿਤ ਸੋਮਾ ਪਏ ਫੁੱਟ, ਮੁਖ ਕਵਲ ਨਾਭ ਖੁਲ੍ਹਾਇੰਦਾ। ਅੰਦਰ ਬੈਠਾ ਪਏ ਉਠ, ਆਪਣੀ ਕਰਵਟ ਆਪ ਬਦਲਾਇੰਦਾ। ਗੁਰਮੁਖ ਗੋਦੀ ਲਏ ਚੁੱਕ, ਸਾਚੀ ਗੋਦ ਸੁਹਾਇੰਦਾ। ਜਗਤ ਵਿਕਾਰਾ ਕੱਢੇ ਕੁੱਟ, ਆਪ ਆਪਣਾ ਬਲ ਧਰਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣਾ ਰੂਪ ਵਖਾਇੰਦਾ। ਗੁਰਸਿਖ ਮੇਲਾ ਗੁਰ ਗੁਰ ਸੁਤ, ਗੁਰ ਏਕਾ ਰੰਗ ਰੰਗਾਇੰਦਾ। ਲੇਖਾ ਜਾਣੇ ਪੰਜ ਤੱਤ ਕਾਇਆ ਬੁੱਤ, ਮਨ ਮਤ ਬੁਧ ਆਪਣੇ ਰਾਹ ਚਲਾਇੰਦਾ। ਮਾਨਸ ਜਨਮ ਜੀਵ ਦੇਵੇ ਸੁਧ, ਸੁਧ ਪਿਛਲੀ ਸਰਬ ਭੁਲਾਇੰਦਾ। ਹਰਿ ਕਾ ਪ੍ਰੇਮ ਪਿਆਰ ਨਿਰਮਲ ਦੁੱਧ, ਦਸਮ ਦੁਆਰੀ ਸਾਚੀ ਧਾਰ, ਧਾਰ ਧਾਰ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਵਰ ਦਾਤਾ ਇਕ ਅਖਵਾਇੰਦਾ।