੧੮ ਫੱਗਣ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਦੇ ਗ੍ਰਹਿ ਕਾਨਪੁਰ
ਜੁਗ ਜੁਗ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਭਗਵਤ ਹਰ ਘਟ ਵੇਖੇ ਆਣ, ਭਾਵੀ ਭੈ ਭੇਵ ਜਣਾਈਆ। ਸਾਚੇ ਭਗਤ ਕਰੇ ਪਰਵਾਨ, ਹਰਿਜਨ ਸਾਚੇ ਲਏ ਮਿਲਾਈਆ। ਆਤਮ ਅੰਤਰ ਦੇਵੇ ਗਿਆਨ, ਏਕਾ ਰਾਮ ਨਾਮ ਪੜ੍ਹਾਈਆ। ਸ਼ਾਸਤਰ ਸਿਮਰਤ ਸਾਰੇ ਗਾਣ, ਵੇਦ ਕਤੇਬ ਰਹੇ ਜਸ ਗਾਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਦੀਨਾ ਨਾਥ ਦੀਨਨ ਦਇਆ ਕਮਾਈਆ। ਸੰਤ ਸੁਹੇਲੇ ਕਰੇ ਪਹਿਚਾਨ, ਦੁਰਮਤ ਮੈਲ ਧੁਵਾਈਆ। ਹਰਿਜਨ ਵੇਖੇ ਚਤਰ ਸੁਘੜ ਸੁਜਾਨ, ਜੀਵਣ ਜੁਗਤ ਇਕ ਜਣਾਈਆ। ਕਾਇਆ ਮੰਦਰ ਵੇਖ ਮਕਾਨ, ਘਟ ਪੜਦਾ ਦਏ ਉਠਾਈਆ। ਸਵੱਛ ਸਰੂਪੀ ਦਰਸ਼ਨ ਦੇਵੇ ਆਣ, ਦਰਸੀ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਵੇਖੇ ਚਾਈਂ ਚਾਈਂਆ। ਭਗਤ ਮਿਲਣ ਦਾ ਚਾਉ ਘਨੇਰਾ, ਹਰੀ ਹਰਿ ਨਰਾਇਣ ਆਪ ਰਖਾਇੰਦਾ। ਜੁਗਾ ਜੁਗੰਤਰ ਪਾਵੇ ਫੇਰਾ, ਵੇਸ ਅਨੇਕ ਵਟਾਇੰਦਾ। ਲੱਖ ਚੁਰਾਸੀ ਜੀਵ ਜੰਤ ਭੁਲਾਏ ਕਰ ਕਰ ਹੇਰਾ ਫੇਰਾ, ਤ੍ਰੈਗੁਣ ਮਾਇਆ ਪੜਦਾ ਪਾਇੰਦਾ। ਹਰਿਜਨ ਵਿਰਲੇ ਕਰੇ ਆਪ ਨਿਬੇੜਾ, ਨਿਝ ਆਤਮ ਨਿਝ ਘਰ ਨਿਝ ਪਰਮਾਤਮ ਵੇਖ ਵਖਾਇੰਦਾ। ਜਨਮ ਜਨਮ ਦਾ ਚੁੱਕੇ ਗੇੜਾ, ਜਮ ਕਾ ਫਾਸ ਆਪ ਕਟਾਇੰਦਾ। ਦੂਰ ਦੁਰਾਡਾ ਦਿਸੇ ਨੇਰਾ, ਨੇਰਨ ਨੇਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਸਦਾ ਸਲਾਹਿੰਦਾ। ਹਰਿ ਭਗਤ ਸਲਾਹ ਸਦਾ ਸਦ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹਿਆ। ਸਚ ਦੁਆਰੇ ਲਏ ਸੱਦ, ਨਾਮ ਸੰਦੇਸਾ ਇਕ ਸੁਣਾਇਆ। ਲੱਖ ਚੁਰਾਸੀ ਵਿਚੋਂ ਲਏ ਕੱਢ, ਆਪ ਆਪਣੀ ਗੋਦ ਬਹਾਇਆ। ਅੰਮ੍ਰਿਤ ਜਾਮ ਪਿਆਏ ਮਦਿ, ਰਸਨਾ ਰਸ ਇਕ ਵਖਾਇਆ। ਜਗਤ ਦੁਆਰਾ ਕਰੇ ਪਾਰ ਹੱਦ, ਦਸਮ ਦੁਆਰੀ ਕੁੰਡਾ ਲਾਹਿਆ। ਲੇਖਾ ਜਾਣੇ ਰੱਤ ਨਾੜੀ ਮਾਸ ਹੱਡ, ਤੱਤਵ ਤੱਤ ਫੋਲ ਫੁਲਾਇੰਦਾ। ਪਾਏ ਸਾਰ ਵਿਸ਼ਨੂੰ ਯਦ, ਵਿਸ਼ਵ ਆਪਣੀ ਧਾਰ ਰਖਾਇਆ। ਕੋਟਨ ਕੋਟ ਗਏ ਲਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਵਿਚ ਸਮਾਇਆ। ਸਾਚੇ ਭਗਤਾਂ ਅੰਦਰ ਵੜ, ਹਰਿ ਜੂ ਆਪਣਾ ਘਰ ਵਖਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਮਮਤਾ ਮੋਹ ਮਿਟਾਇੰਦਾ। ਅੰਮ੍ਰਿਤ ਝਿਰਨਾ ਜਾਏ ਝਰ, ਨਿਝਰ ਰਸ ਚਖਾਇੰਦਾ। ਸੁਰਤੀ ਸ਼ਬਦੀ ਲਏ ਫੜ, ਆਪ ਆਪਣੀ ਦਇਆ ਕਮਾਇੰਦਾ। ਰਾਮ ਸੀਤਾ ਏਕਾ ਘਰ, ਅਨਡਿਠੜਾ ਵਰ ਆਪ ਵਡਿਆਇੰਦਾ। ਰਾਧਾ ਕ੍ਰਿਸ਼ਨਾ ਪੱਲੂ ਫੜ, ਨਾਮ ਬੰਸਰੀ ਇਕ ਵਜਾਇੰਦਾ। ਅੱਲਾ ਰਾਣੀ ਹੂ ਹੂ ਹੱਕ ਹੱਕ ਦੇਵੇ ਵਰ, ਐਨਲਹੱਕ ਭੇਵ ਚੁਕਾਇੰਦਾ। ਨਾਨਕ ਆਤਮ ਪਰਮਾਤਮ ਦੇਵੇ ਵਰ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਗੋਬਿੰਦ ਗੁਰਸਿਖ ਲਾਏ ਲੜ, ਪੱਲੂ ਆਪਣੀ ਗੰਢ ਦਿਵਾਇੰਦਾ। ਸਰਬ ਜੀਆਂ ਦਾ ਇਕੋ ਦਾਤਾ ਹਰਿ, ਸਚਖੰਡ ਬੈਠਾ ਖੇਲ ਕਰਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਇੰਦਾ । ਭਗਤ ਭਗਵੰਤ ਦਰਸ ਦਿਖਾਏ ਅੱਗੇ ਖੜ, ਆਪ ਆਪਣਾ ਪੜਦਾ ਲਾਹਿੰਦਾ। ਕਾਇਆ ਮੰਦਰ ਸਚ ਮਹੱਲੇ ਬਹੇ ਚੜ੍ਹ, ਆਸਣ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਗੰਮੀ ਆਪੇ ਪੜ੍ਹ, ਤਾਲ ਤਲਵਾੜਾ ਆਪ ਵਜਾਇੰਦਾ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਵਡਿਆਇੰਦਾ। ਸਾਚਾ ਭਗਤ ਵੱਡਾ ਵਡ, ਸਿਫ਼ਤੀ ਸਿਫ਼ਤ ਨਾ ਕੋਇ ਜਣਾਈਆ। ਲੱਖ ਚੁਰਾਸੀ ਵਿਚੋਂ ਹੋਏ ਅੱਡ, ਦਰਗਹਿ ਸਾਚੀ ਮਿਲੇ ਵਡਿਆਈਆ। ਪਾਰ ਕਿਨਾਰਾ ਵੇਖੇ ਹੱਦ, ਆਪਣਾ ਪੰਧ ਮੁਕਾਈਆ। ਧਰਮ ਨਿਸ਼ਾਨਾ ਦੇਵੇ ਗੱਡ, ਵਰਨ ਬਰਨ ਨਾ ਕੋਇ ਲੜਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਯਦ, ਬ੍ਰਹਮ ਪਾਰਬ੍ਰਹਮ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਵੇਖ ਵਖਾਈਆ। ਹਰਿ ਭਗਤਾਂ ਵੇਖੇ ਨੇਤਰ ਖੋਲ੍ਹ, ਨਿਝ ਨੇਤਰ ਆਪ ਖੁਲ੍ਹਾਇੰਦਾ। ਅੱਠੇ ਪਹਿਰ ਵਜਾਏ ਢੋਲ, ਨਾਦ ਮਰਦੰਗ ਨਾ ਕੋਇ ਜਣਾਇੰਦਾ। ਸਖਾ ਸਖਾਈ ਵਸੇ ਕੋਲ, ਸਦਾ ਸੁਹੇਲਾ ਮੋਹ ਵਧਾਇੰਦਾ। ਭਾਗ ਲਗਾਏ ਕਾਇਆ ਚੋਲ, ਚੋਲਾ ਕਾਇਆ ਆਪ ਬਦਲਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਰੂਪ ਵਖਾਇੰਦਾ। ਉਲਟਾ ਕਰੇ ਨਾਭ ਕੌਲ, ਕਵਲ ਕਵਲਾ ਆਪ ਭੁਵਾਇੰਦਾ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੁਹਾਇੰਦਾ। ਸਾਚੇ ਭਗਤਾਂ ਵਸੇ ਕੋਲ, ਘਰ ਸਾਚੇ ਡੇਰਾ ਲਾਇੰਦਾ। ਆਦਿ ਜੁਗਾਦਿ ਰਹੇ ਅਡੋਲ, ਅਡੁਲ ਆਪਣੀ ਧਾਰ ਵਖਾਇੰਦਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਘਟ ਘਟ ਅੰਤਰ ਰਿਹਾ ਫੋਲ, ਫੋਲਣਹਾਰਾ ਦਿਸ ਨਾ ਆਇੰਦਾ। ਕਲਜੁਗ ਅੰਤ ਸ੍ਰੀ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਲਏ ਵਰੌਲ, ਨਾਮ ਮਧਾਣਾ ਏਕਾ ਪਾਇੰਦਾ। ਨਾਮ ਮਧਾਣਾ ਵਿਰੋਲੇ ਛਾਛ, ਸਾਖਆਤ ਰੂਪ ਵਟਾਈਆ। ਰਿੜਕਣਹਾਰਾ ਜ਼ਾਤ ਪਾਤ, ਵਰਨ ਬਰਨ ਆਪ ਭੁਵਾਈਆ। ਬੈਠਾ ਰਹੇ ਇਕ ਇਕਾਂਤ, ਅਕਲ ਕਲਾ ਅਖਵਾਈਆ। ਦੋ ਜਹਾਨ ਸ੍ਰੀ ਭਗਵਾਨ ਵੇਖੇ ਮਾਰ ਝਾਤ, ਚੌਦਾਂ ਲੋਕ ਫੇਰਾ ਪਾਈਆ। ਚੌਦਾਂ ਤਬਕ ਜਾਣੇ ਖਾਤ, ਖਾਤਾ ਆਪਣਾ ਆਪ ਬਣਾਈਆ। ਮੁਰੀਦ ਮੁਰਸ਼ਦ ਕਰੇ ਪਾਕੀ ਪਾਕ, ਮੁਰਸ਼ਦ ਮੁਰੀਦ ਏਕਾ ਦਰ ਵਖਾਈਆ। ਬੰਕ ਦੁਆਰੀ ਖੋਲ੍ਹੇ ਤਾਕ, ਤਾਕੀ ਆਪਣੀ ਆਪੇ ਲਾਹੀਆ। ਚਰਨ ਕਵਲ ਕਵਲ ਚਰਨ ਉਪਰ ਧਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਜਨ ਭਗਤਾਂ ਬਣੇ ਸੱਚਾ ਸਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਹੋਏ ਸਹਾਈਆ। ਹੋਏ ਸਹਾਈ ਸ੍ਰੀ ਭਗਵੰਤ, ਭਗਵਨ ਦਇਆ ਕਮਾਇੰਦਾ। ਨਾਤਾ ਤੋੜ ਜੀਵ ਜੰਤ, ਆਪਣਾ ਬੰਧਨ ਇਕ ਵਖਾਇੰਦਾ। ਏਕਾ ਨਾਉਂ ਮਣੀਆ ਮੰਤ, ਮੰਤਰ ਨਾਮ ਇਕ ਪੜ੍ਹਾਇੰਦਾ। ਏਕਾ ਰੂਪ ਨਾਰ ਕੰਤ, ਕੰਤ ਕੰਤੂਹਲਾ ਸੇਜ ਸੁਹਾਇੰਦਾ। ਏਕਾ ਰੰਗ ਚਾੜ੍ਹੇ ਬਸੰਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਏਕਾ ਮੇਲਾ ਸਾਚੀ ਸੰਗਤ, ਹਰਿ ਸੰਗਤ ਵਿਚ ਸਮਾਇੰਦਾ। ਹਰਿਜਨ ਹਰਿ ਜੂ ਲਾਏ ਆਪਣੇ ਅੰਗਤ, ਅੰਗੀਕਾਰ ਆਪ ਹੋ ਜਾਇੰਦਾ। ਗੁਰਮੁਖ ਦੂਜੇ ਦਰ ਨਾ ਹੋਏ ਮੰਗਤ, ਸਾਚੀ ਵਸਤ ਆਪ ਵਰਤਾਇੰਦਾ। ਦੁਖ ਦਰਦ ਸਰਬ ਅਖੰਡਤ, ਖੰਡਾ ਨਾਮ ਵਿਚ ਫਿਰਾਇੰਦਾ। ਲੇਖਾ ਜਾਣੇ ਵਰਭੰਡੀ ਵਰਭੰਡਤ, ਬ੍ਰਹਿਮੰਡੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਏਕਾ ਵਰ, ਬੋਧ ਗਿਆਨਾ ਨਾਮ ਪੰਡਤ, ਪੰਡਤ ਆਪਣਾ ਭੇਵ ਜਣਾਇੰਦਾ। ਸਾਚਾ ਪੰਡਤ ਹਰਿ ਨਿਰੰਕਾਰ, ਭਗਤਨ ਕਰੇ ਪੜ੍ਹਾਈਆ। ਕਾਗਦ ਕਲਮ ਨਾ ਪਾਵੇ ਸਾਰ, ਲਿਖ ਲਿਖ ਸ਼ਾਹੀ ਲੇਖ ਨਾ ਕੋਇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਕੂਕ ਕੂਕ ਗਏ ਪੁਕਾਰ, ਦੋਏ ਜੋੜ ਜੋੜ ਸਰਨਾਈਆ। ਬੇਅੰਤ ਬੇਪਰਵਾਹ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਅੰਤ ਨਾ ਕੋਇ ਪਾਈਆ। ਜੁਗਾ ਜੁਗੰਤਰ ਗੁਰ ਅਵਤਾਰਾਂ ਦੇ ਸਹਾਰ, ਲੋਕਮਾਤ ਸੇਵਾ ਲਾਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਆਪਣਾ ਵੇਸ ਵਟਾਈਆ। ਭਗਤ ਭਗਵੰਤ ਲਏ ਉਠਾਲ, ਫੜ ਬਾਂਹੋਂ ਗਲੇ ਲਗਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਏਕਾ ਮੰਦਰ ਏਕਾ ਘਰ ਬੈਠੇ ਆਸਣ ਲਾਈਆ।
