੪ ਚੇਤ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਏਕੰਕਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਧੁਰਦਰਗਾਹੀ ਸਚ ਦਰਬਾਰਾ, ਪੁਰਖ ਅਬਿਨਾਸ਼ੀ ਏਕਾ ਲਾਇੰਦਾ। ਹੁਕਮੀ ਹੁਕਮ ਸਚ ਜੈਕਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਜੁਗ ਚੌਕੜੀ ਲੋਕ ਪਰਲੋਕ ਵੇਖਣਹਾਰਾ, ਬ੍ਰਹਿਮੰਡ ਖੰਡ ਭੇਵ ਚੁਕਾਇੰਦਾ। ਖਾਣੀ ਬਾਣੀ ਪਾਵੇ ਸਾਰਾ, ਸਾਰੰਗ ਧਰ ਭਗਵਾਨ ਬੀਠਲੋ ਰੂਪ ਅਨੂਪ ਆਪ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵਿਸ਼ਨ ਬ੍ਰਹਮਾ ਸ਼ਿਵ ਨਾ ਪਾਵੇ ਸਾਰਾ, ਬੇਅੰਤ ਬੇਅੰਤ ਸ੍ਰੀ ਭਗਵੰਤ ਆਪਣੀ ਧਾਰ ਆਪ ਚਲਾਇੰਦਾ। ਗੁਰ ਅਵਤਾਰ ਦੇ ਸਹਾਰਾ, ਪੀਰ ਪੈਗ਼ੰਬਰ ਕਰ ਭਿਖਾਰਾ, ਦਰ ਦਰਵੇਸ਼ ਨਰ ਨਰੇਸ਼ ਵਸਤ ਅਮੋਲਕ ਆਪ ਵਰਤਾਇੰਦਾ। ਨਿਰਗੁਣ ਸਰਗੁਣ ਵੇਖੇ ਵਿਗਸੇ ਵੇਖਣਹਾਰਾ, ਆਦਿ ਜੁਗਾਦੀ ਸਾਚੀ ਕਾਰਾ, ਜੁਗ ਕਰਤਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਹੁਕਮੀ ਹੁਕਮ ਆਪ ਚਲਾਇੰਦਾ। ਸਾਚਾ ਹੁਕਮ ਹਰਿ ਨਿਰੰਕਾਰ, ਏਕੰਕਾਰ ਇਕ ਚਲਾਈਆ। ਸ਼ਬਦੀ ਸ਼ਬਦ ਸੇਵਾਦਾਰ, ਦਰ ਘਰ ਸਾਚੇ ਸੇਵ ਕਮਾਈਆ। ਗੁਰ ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਨਿਮਸਕਾਰ, ਸਯਦਾ ਸੀਸ ਜਗਦੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰਿਆ ਖ਼ਬਰਦਾਰ, ਸਚ ਸੁਨੇਹੜਾ ਇਕ ਸੁਣਾਈਆ। ਏਕਾ ਵਾਰ ਹਰਿ ਨਿਰੰਕਾਰ ਸੱਦ ਸੱਦ ਸੱਚੇ ਦਰਬਾਰ, ਧੁਰ ਫ਼ਰਮਾਣਾ ਆਪ ਜਣਾਈਆ। ਆਪਣੀ ਕਰਨੀ ਲਓ ਵਿਚਾਰ, ਸਤਿਜੁਗ ਤ੍ਰੇਤਾ ਦੁਆਪਰ ਨੇਤਰ ਨੈਣ ਅੱਖ ਉਘਾੜ, ਅਨਭੇਵ ਭੇਵ ਭੇਵ ਜਣਾਈਆ। ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਡੂੰਘੀ ਗਾਰ, ਉਚੇ ਟਿੱਲੇ ਪਰਬਤ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਵੇਖਣਹਾਰਾ, ਲੋਕਮਾਤ ਫੇਰਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨੇਤਰ ਨੈਣ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਅੰਤਮ ਖੇਲ ਅਪਰ ਅਪਾਰਾ, ਪੁਰਖ ਅਗੰਮੜਾ ਆਪ ਸਮਝਾਇੰਦਾ। ਲੇਖਾ ਜਾਣੇ ਵੇਦ ਚਾਰਾ, ਪੁਰਾਨ ਅਠਾਰਾਂ ਫੋਲ ਫੋਲਾਇੰਦਾ। ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨਾਂ ਵੇਖ ਅਖਾੜਾ, ਨਵ ਨੌਂ ਨਟੂਆ ਨਾਚ ਨਚਾਇੰਦਾ। ਖਾਣੀ ਬਾਣੀ ਖੋਲ੍ਹ ਕਿਵਾੜਾ, ਪਰਾ ਪਸੰਤੀ ਮਧਮ ਬੈਖਰੀ ਵੇਖਣਹਾਰਾ, ਆਪਣਾ ਪੜਦਾ ਆਪ ਉਠਾਇੰਦਾ। ਲੋਕਮਾਤ ਲਗਾਏ ਸਚ ਦਰਬਾਰਾ, ਤਖ਼ਤ ਨਿਵਾਸੀ ਏਕੰਕਾਰਾ, ਸੋਭਾਵੰਤ ਆਸਣ ਲਾਇੰਦਾ। ਜੋਤੀ ਜਾਤਾ ਜੋਤ ਉਜਿਆਰਾ, ਸ਼ਬਦ ਅਨਾਦੀ ਨਾਦ ਜੈਕਾਰਾ, ਇਕ ਅਕੱਲਾ ਆਪ ਸੁਣਾਇੰਦਾ। ਰਾਗੀ ਨਾਦੀ ਵਸੇ ਬਾਹਰਾ, ਥਿਤ ਵਾਰ ਨਾ ਕੋਇ ਵਿਚਾਰਾ, ਘੜੀ ਪਲ ਨਾ ਕੋਇ ਜਣਾਇੰਦਾ। ਰਵ ਸਸ ਕਰਨ ਨਿਮਸਕਾਰਾ, ਬ੍ਰਹਮਾ ਵਿਸ਼ਨ ਸ਼ਿਵ ਰੋਵੇ ਜ਼ਾਰੋ ਜ਼ਾਰਾ, ਦਰ ਅਲਖ ਸਰਬ ਜਗਾਇੰਦਾ। ਸ਼ਾਹ ਪਾਤਸ਼ਾਹ ਪਰਵਰਦਿਗਾਰਾ, ਮੁਕਾਮੇ ਹੱਕ ਖੇਲ ਨਿਆਰਾ, ਮਿਹਬਾਨ ਬੀਦੋ ਆਪ ਖਲਾਇੰਦਾ। ਹੱਕ ਹਕ਼ੀਕ਼ਤ ਵੇਖਣਹਾਰਾ, ਲਾਸ਼ਰੀਕ ਏਕਾ ਧਾਰਾ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਾਰ ਆਪ ਕਰਾਇੰਦਾ। ਆਪਣੀ ਕਾਰ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਘੱਲਦਾ ਰਿਹਾ ਗੁਰ ਅਵਤਾਰਾ, ਪੀਰ ਪੈਗ਼ੰਬਰ ਸੇਵਾ ਲਾਈਆ। ਜੋਤੀ ਜੋਤ ਦੇ ਉਜਿਆਰਾ, ਦੀਆ ਬਾਤੀ ਇਕ ਟਿਕਾਈਆ। ਨਾਦ ਸ਼ਬਦ ਧੁਨ ਜੈਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਪਾਰਬ੍ਰਹਮ ਬ੍ਰਹਮ ਕਰ ਪਿਆਰਾ, ਆਤਮ ਪਰਮਾਤਮ ਜੋੜ ਜੁੜਾਈਆ। ਈਸ਼ ਜੀਵ ਇਕ ਅਖਾੜਾ, ਜਗਦੀਸ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਪੁਰਖ ਅਬਿਨਾਸ਼, ਆਦਿ ਜੁਗਾਦੀ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਜਗਤ ਤਮਾਸ਼, ਗੁਰ ਪੀਰ ਅਵਤਾਰ ਆਪਣੀ ਸੇਵਾ ਲਾਇੰਦਾ। ਕਲਜੁਗ ਪਾਏ ਸਾਚੀ ਰਾਸ, ਮੰਡਲ ਮੰਡਪ ਆਪ ਸੁਹਾਇੰਦਾ। ਪੀਰ ਪੈਗ਼ੰਬਰ ਪਰਗਟਾਏ ਸਾਚੀ ਸ਼ਾਖ਼, ਸਾਖਿਆਤ ਵੇਸ ਵਟਾਇੰਦਾ। ਕਲਮਾ ਕਲਾਮ ਦੇ ਦੇ ਦਾਤ, ਕਾਇਨਾਤ ਆਪ ਪੜ੍ਹਾਇੰਦਾ। ਦੋ ਦੋ ਮੇਲਾ ਆਬੇਹਯਾਤ, ਇਕ ਇਕੱਲਾ ਆਪ ਕਰਾਇੰਦਾ। ਵਾਹਦ ਸੁਣਾਏ ਏਕਾ ਗਾਥ, ਹੂ ਹੂ ਨਾਅਰਾ ਆਪੇ ਲਾਇੰਦਾ। ਆਪ ਜਣਾਏ ਦਿਵਸ ਰਾਤ, ਸੂਰਜ ਚੰਨ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪਣੇ ਹੱਥ ਰਖਾਇੰਦਾ। ਸਾਚੀ ਕਿਰਪਾ ਸ੍ਰੀ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਜੋ ਦੇਦਾਂ ਰਿਹਾ ਦਾਨ, ਨਾਮ ਵਸਤ ਅਮੋਲਕ ਆਪ ਵਰਤਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਧਰਾਈਆ। ਨਿਰਗੁਣ ਸਰਗੁਣ ਕਰ ਪਰਧਾਨ, ਜਗਤ ਪਰਧਾਨਗੀ ਵੇਖ ਵਖਾਈਆ। ਕਾਇਆ ਕਾਅਬਾ ਖੇਲ ਮਹਾਨ, ਪੀਰ ਪੈਗ਼ੰਬਰ ਹਰਿ ਸਮਝਾਈਆ। ਦੇਵਣਹਾਰਾ ਧੁਰ ਫ਼ਰਮਾਣ, ਬੋਧ ਅਗਾਧ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਪੁਰਖ ਅਗੰਮ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਇ ਬਣਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਰਖਾਇੰਦਾ। ਨੇਤਰ ਨੀਰ ਨਾ ਵਿਰੋਲੇ ਅੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਕਰਤਾਰਾ, ਏਕਾ ਏਕਾ ਵਾਰ ਜਣਾਈਆ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਲਿਖ ਲਿਖ ਲੇਖ ਦੇ ਦੇ ਗਏ ਸਹਾਰਾ, ਜੀਵ ਜੰਤ ਜੰਤ ਸਮਝਾਈਆ। ਸਰਬ ਜੀਆਂ ਦਾ ਇਕ ਦਾਤਾਰਾ, ਘਟ ਘਟ ਡੇਰਾ ਲਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਈਆ। ਲੇਖਾ ਜਾਣੇ ਸ਼ਬਦੀ ਸ਼ਬਦ ਗੁਰ ਅਵਤਾਰਾ, ਗੁਰ ਗੁਰ ਆਪਣੀ ਸੇਵ ਜਣਾਈਆ। ਕਲਜੁਗ ਆਏ ਅੰਤਮ ਵਾਰਾ, ਲੋਕਮਾਤ ਫੇਰਾ ਪਾਈਆ। ਚਾਰ ਵਰਨ ਦਏ ਸਰਨ, ਸਰਨਗਤ ਇਕ ਰਖਾਈਆ। ਜਨ ਭਗਤਾਂ ਖੋਲ੍ਹੇ ਨੇਤਰ ਹਰਨ ਫਰਨ, ਆਤਮ ਅੰਤਰ ਬੂਝ ਬੁਝਾਈਆ। ਨਾਤਾ ਤੁੱਟੇ ਮਰਨ ਡਰਨ, ਭੈ ਭਿਆਨਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਕਰੇ ਰਹਿਮਤ ਹਰਿ ਰਹਿਮਾਨ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਹੱਕ ਨਿਸ਼ਾਨ, ਹਰਿ ਜੂ ਹਰਿ ਹਰਿ ਆਪ ਝੁਲਾਇੰਦਾ। ਲੋਕ ਚੌਦਾਂ ਚੌਦਾਂ ਤਬਕ ਵੇਖੇ ਨੱਠ, ਪਾਂਧੀ ਆਪਣਾ ਪੰਧ ਮੁਕਾਇੰਦਾ। ਪਾਵੇ ਸਾਰ ਤੀਰਥ ਤੱਟ, ਤੱਟ ਕਿਨਾਰਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਹਰਿ ਜੂ ਆਪ ਕਰਾਇੰਦਾ। ਹਰਿ ਖੇਲ ਕਰੇ ਕਰਤਾਰਾ, ਕਲਜੁਗ ਅੰਤਮ ਵੇਸ ਵਟਾਈਆ। ਸੰਮਤ ਸੰਮਤੀ ਪਾਰ ਕਿਨਾਰਾ, ਲੋਕਮਾਤ ਵੇਖ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਬੇਅੰਤ ਹਰਿ ਵਡਿਆਈਆ। ਰਾਗ ਨਾਦ ਨਾ ਪਾਵੇ ਸਾਰਾ, ਛੱਤੀ ਰਾਗ ਨੈਣ ਸ਼ਰਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਇਕ ਇਕੱਲਾ ਏਕੰਕਾਰਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤਮ ਕਰੇ ਖੇਲ ਅਪਾਰਾ, ਲੋਕਮਾਤ ਰੂਪ ਅਨੂਪ ਜਣਾਈਆ। ਸਚਖੰਡ ਵਖਾਏ ਸਚ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਤਖ਼ਤ ਨਿਵਾਸੀ ਕਰ ਪਸਾਰਾ, ਸੀਸ ਜਗਦੀਸ ਤਾਜ ਸੁਹਾਈਆ। ਸਚ ਸੰਦੇਸਾ ਏਕਾ ਵਾਰਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਸੁਣਾਈਆ। ਪਹਿਲੀ ਚੇਤ ਦਿਵਸ ਵਿਚਾਰਾ, ਏਕਾ ਨਾਇਆ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਈਆ। ਏਕਾ ਹੁਕਮ ਧੁਰ ਫ਼ਰਮਾਣ, ਹਰਿ ਜੂ ਹਰਿ ਜਣਾਇਆ। ਸਭ ਦਾ ਲੇਖਾ ਚੁਕੇ ਆਣ, ਲੋਕਮਾਤ ਰਹੇ ਨਾ ਰਾਇਆ। ਨੇਤਰ ਖੋਲ੍ਹ ਆਪਣੇ ਆਪਣੇ ਲਓ ਪਛਾਣ, ਲੋਕਮਾਤ ਰਾਹ ਵਖਾਇਆ। ਦਰ ਦੁਆਰੇ ਸਾਰੇ ਹੋਏ ਹੈਰਾਨ, ਹਰਿ ਜੂ ਕੀ ਖੇਲ ਵਰਤਾਇਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਜੀਵ ਜੰਤ ਬੇਈਮਾਨ, ਆਤਮ ਪਰਮਾਤਮ ਧੀਰਜ ਧੀਰ ਨਾ ਕੋਇ ਧਰਾਇਆ। ਗ੍ਰਹਿ ਗ੍ਰਹਿ ਵਸੇ ਪੰਜ ਸ਼ੈਤਾਨ, ਘਟ ਘਟ ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਇਆ। ਕਿਸੇ ਘਰ ਦਿਸੇ ਨਾ ਗੁਰ ਕਾ ਸਚ ਨਿਸ਼ਾਨ, ਗੁਰ ਸ਼ਬਦ ਹਿਰਦੇ ਨਜ਼ਰ ਕਿਸੇ ਨਾ ਆਇਆ। ਤੇਈ ਅਵਤਾਰ ਵੇਖ ਵੇਖ ਕੁਰਲਾਣ, ਬੌਹੜੀ ਬੌਹੜੀ ਦੇਣ ਦੁਹਾਇਆ। ਸਾਡੀ ਸਿਖਿਆ ਨਾ ਸਕਿਆ ਕੋਈ ਜਾਣ, ਹਰਿ ਜੂ ਤੇਰਾ ਨਾਉਂ ਭੁਲਾਇਆ। ਤੇਰੇ ਹੁਕਮੇ ਅੰਦਰ ਆਏ ਵਿਚ ਜਹਾਨ, ਹੁਕਮੀ ਹੁਕਮ ਸੇਵਾ ਲਾਇਆ। ਪੰਜ ਤੱਤ ਵੇਖ ਨੈਣ ਸ਼ਰਮਾਣ, ਬ੍ਰਹਮ ਤੱਤ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਤੇਰੀ ਵਡਿਆਇਆ। ਪੁਰਖ ਅਬਿਨਾਸ਼ੀ ਰਿਹਾ ਦੱਸ, ਪੀਰ ਪੈਗ਼ੰਬਰ ਆਪ ਜਣਾਈਆ। ਲੋਕਮਾਤ ਆਏ ਨੱਸ, ਬਣ ਪਾਂਧੀ ਪੰਧ ਮੁਕਾਈਆ। ਜੀਵਾਂ ਜੰਤਾਂ ਜੋ ਮਾਰਗ ਗਏ ਦੱਸ, ਕਲਮਾ ਕਲਾਮ ਇਕ ਪੜ੍ਹਾਈਆ। ਆਪਣੇ ਨੇਤਰ ਵੇਖੋ ਆਪਣਾ ਰਸ, ਰਸਨਾ ਰਸ ਨਜ਼ਰ ਕਿਤੇ ਨਾ ਆਈਆ। ਈਸਾ ਮੂਸਾ ਸੰਗ ਮੁਹੰਮਦ ਨੇਤਰ ਸੁੱਟਣ ਅੱਥ, ਬਹੁੜੀ ਬਹੁੜੀ ਕਰ ਕੁਰਲਾਈਆ। ਸਾਡਾ ਖੇੜਾ ਹੋਇਆ ਭੱਠ, ਚਾਰੋਂ ਕੁੰਟ ਚਾਰ ਦੀਵਾਰ ਨਜ਼ਰ ਨਾ ਆਈਆ। ਅਸੀਂ ਬਿਨ ਢਾਇਆ ਗਏ ਢੱਠ, ਸਾਡੀ ਹਾਰ ਸਾਡੀ ਉਮਤ ਹੱਥ ਫੜਾਈਆ। ਤੇਰੇ ਹੁਕਮ ਅੰਦਰ ਪਹਿਲੀ ਚੇਤ ਹੋਇਆ ਇਕੱਠ, ਦਰ ਤੇਰੇ ਤੇਰਾ ਦਰਸ਼ਨ ਪਾਈਆ। ਪੁਰਖ ਅਬਿਨਾਸ਼ੀ ਅੱਗੋਂ ਪਿਆ ਹੱਸ, ਪਰਵਰਦਿਗਾਰ ਖ਼ੁਸ਼ੀ ਮਨਾਈਆ। ਅੰਜ਼ੀਲ ਕੁਰਾਨ ਲੱਗਾ ਫਟ, ਦਵੈਤੀ ਦੂਰ ਨਾ ਕੋਇ ਕਰਾਈਆ। ਚੌਦਾਂ ਤਬਕ ਵੇਖੋ ਹੱਟ, ਅਗਨੀ ਅੱਗ ਰਹੀ ਜਲਾਈਆ। ਮੁੱਲਾ ਸ਼ੇਖ਼ ਮੁਸਾਇਕ ਆਬੇਹਯਾਤ ਨਾ ਸਕੇ ਕੋਈ ਝਟ, ਮੱਕਾ ਕਾਅਬਾ ਤਪੇ ਨਾਲ ਲੋਕਾਈਆ। ਚੌਦਾਂ ਸਦੀਆਂ ਕੀ ਖੱਟੀ ਗਿਆ ਖੱਟ, ਮੁਹੰਮਦ ਨੇਤਰ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਗੁਰ ਗੁਰ ਵੇਖੋ ਕਰੋ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਆਪਣਾ ਆਪਣਾ ਦਿਓ ਬਿਆਨ, ਸਚਖੰਡ ਨਿਵਾਸੀ ਮੰਗ ਮੰਗਾਇੰਦਾ। ਧੁਰ ਸੰਦੇਸਾ ਸੁਣਾ ਕੇ ਗਏ ਜਗਤ ਫ਼ਰਮਾਨ, ਕਲਮ ਸ਼ਾਹੀ ਲੇਖ ਬਣਾਇੰਦਾ। ਆਤਮ ਪਰਮਾਤਮ ਦੱਸ ਦੱਸ ਗਏ ਗਿਆਨ, ਗਿਆਨ ਧਿਆਨ ਜੋੜ ਜੁੜਾਇੰਦਾ। ਘਰ ਘਰ ਵੇਖੋ ਹੋ ਨਿਗਹਬਾਨ, ਕਵਣ ਹੁਕਮ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਨਾਨਕ ਨਿਰਗੁਣ ਨੇਤਰ ਖੋਲ੍ਹ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਸਤਿਨਾਮ ਵਸਤ ਨਾ ਕਿਸੇ ਕੋਲ, ਖਾਲੀ ਹੱਥ ਸਰਬ ਲੋਕਾਈਆ। ਸ੍ਰਿਸ਼ਟ ਸਬਾਈ ਰਹੀ ਡੋਲ, ਧੀਰਜ ਧੀਰ ਨਾ ਕੋਇ ਧਰਾਈਆ। ਜੂਠ ਝੂਠ ਰਹੇ ਵਰੋਲ, ਸਚ ਸੁੱਚ ਵਣਜ ਨਾ ਕੋਇ ਕਰਾਈਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਤੀਰਥ ਤਟਾਂ ਉਤੇ ਧੀਆਂ ਭੈਣਾਂ ਕਰਨ ਮਖੋਲ, ਨੇਤਰ ਨੈਣ ਨੈਣ ਉਠਾਈਆ। ਗੁਰ ਕਾ ਸ਼ਬਦ ਨਿਭਾਇਆ ਨਾ ਕੋਈ ਕੌਲ, ਕੀਤਾ ਕੋਲ ਗਏ ਭੁਲਾਈਆ। ਮੰਗਣ ਵਡਿਆਈ ਉਪਰ ਧਰਨੀ ਧਰਤ ਧੌਲ, ਅਗਲਾ ਲੇਖਾ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਆਤਮ ਜਾਮ ਪੀਤਾ ਘੋਲ, ਹਰਿ ਕਾ ਨਾਉਂ ਸਾਚਾ ਰੰਗ ਨਾ ਕੋਇ ਚੜ੍ਹਾਈਆ। ਮੈਂ ਤੋਲ ਕੇ ਆਇਆ ਸਾਚਾ ਤੋਲ, ਨਾਮ ਕੰਡਾ ਹੱਥ ਫੜਾਈਆ। ਤੇਰਾਂ ਤੇਰਾਂ ਤੇਰਾਂ ਧਾਰਨ ਆਇਆ ਬੋਲ, ਵੱਟਾ ਸੇਰ ਨਾ ਕੋਇ ਪਾਈਆ। ਸਾਹਿਬ ਸੁਲਤਾਨ ਸਦ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਗੁਰਮੁਖ ਗੁਰਸਿਖ ਹਰਿਜਨ ਆਤਮ ਤਾਕੀ ਪੜਦਾ ਖੋਲ੍ਹ, ਹਰਿ ਜੂ ਮਿਲੇ ਚਾਈਂ ਚਾਈਂਆ। ਭਾਗ ਲਗਾਏ ਕਾਇਆ ਚੋਲ, ਤੇਰੀ ਚੋਲੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰੋਂ ਕੁੰਟ ਭੁੱਲੀ ਸਰਬ ਲੋਕਾਈਆ। ਗੋਬਿੰਦ ਸੂਰਾ ਮਾਰ ਲਲਕਾਰ, ਏਕਾ ਵਾਰ ਜਣਾਇੰਦਾ। ਪੁਰਖ ਅਕਾਲ ਤੇਰਾ ਵਿਹਾਰ, ਭੇਵ ਕੋਇ ਨਾ ਪਾਇੰਦਾ। ਮੈਂ ਨੀਚਾਂ ਦੱਸਕੇ ਆਇਆ ਸਚ ਪਿਆਰ, ਊਚ ਨੀਚ ਨਾ ਕੋਇ ਰਖਾਇੰਦਾ। ਦੇ ਕੇ ਆਇਆ ਪੰਜ ਕਕਾਰ, ਧੀਰਜ ਜਤ ਸੰਤੋਖ ਏਕਾ ਗੰਢ ਪੁਵਾਇੰਦਾ। ਪੰਜਾਂ ਪਿਆਰਿਆਂ ਦੇ ਕੇ ਆਇਆ ਮਾਣ, ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਸਾਰੇ ਹੋਏ ਬੇਈਮਾਨ, ਮਨ ਕੀ ਵਾਸਨਾ ਨਾ ਕੋਇ ਬੰਧਾਇੰਦਾ। ਰਸਨਾ ਖਾਣ ਪੀਣ ਜੂਠ ਝੂਠ ਖ਼ਾਕ ਰਹੇ ਛਾਣ, ਸਚ ਸੁੱਚ ਵਸਤ ਕੋਲ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਣ, ਆਤਮ ਬਾਣ ਤੀਰ ਨਿਰਾਲਾ ਨਾ ਕੋਇ ਲਗਾਇੰਦਾ। ਤਨ ਉਤੇ ਸਾਰੇ ਰੱਖਣ ਕਿਰਪਾਨ, ਅੰਦਰ ਨਾਮ ਖੰਡਾ ਨਾ ਫਿਰਾਇੰਦਾ। ਮੈਂ ਦਿਵਸ ਰੈਣ ਵੇਖਾਂ ਮਾਰ ਧਿਆਨ, ਭੁੱਲ ਕਦੇ ਨਾ ਜਾਇੰਦਾ। ਮੇਰਾ ਭੁੱਲਿਆ ਮੇਰਾ ਨਿਸ਼ਾਨ, ਮੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸ਼ਹਿਨਸ਼ਾਹ ਤੇਰਾ ਕੀਤਾ ਨਾ ਕੋਇ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਸਾਚੀ ਮੰਗ ਮੰਗਾਇੰਦਾ। ਸਾਚੀ ਮੰਗ ਮੰਗਾਂ ਨਿਰੰਕਾਰ, ਗੋਬਿੰਦ ਏਕਾ ਵਾਰ ਜਣਾਈਆ। ਜੁਗ ਚੌਕੜੀ ਬੀਤੇ ਕੋਟਨ ਕਾਲ, ਕਾਲ ਕਾਲ ਗਰਾਸ ਖਾਈਆ। ਕਲਜੁਗ ਅੰਤ ਵਰਨ ਬਰਨ ਹੋਏ ਬੇਹਾਲ, ਜਾਤ ਪਾਤ ਰਹੀ ਕੁਰਲਾਈਆ। ਦੀਨ ਮਜ਼੍ਹਬ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਬਿਨ ਹਰਿ ਨਾਮੇ ਹੋਏ ਸਰਬ ਕੰਗਾਲ, ਨਾਮ ਧਨ ਹੱਟ ਨਾ ਕੋਇ ਵਿਕਾਈਆ। ਆਪਣੀ ਆਪਣੀ ਘਾਲਣ ਸਾਰੇ ਰਹੇ ਘਾਲ, ਪੁਰਖ ਅਕਾਲ ਤੇਰਾ ਇਸ਼ਟ ਨਾ ਕੋਇ ਮਨਾਈਆ। ਮੈਂ ਜੀਵਾਂ ਜੰਤਾਂ ਏਕਾ ਵਾਰ ਆਇਆ ਸਿਖਾਲ, ਬੰਸ ਸਰਬੰਸ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖ ਵਡਿਆਈਆ। ਤੇਰੇ ਹੱਥ ਵਡਿਆਈ ਪੁਰਖ ਅਕਾਲ, ਮੈਂ ਨਿਉਂ ਨਿਉਂ ਸੀਸ ਝੁਕਾਇੰਦਾ। ਤੇਰਾ ਹੁਕਮ ਦੀਨ ਦਿਆਲ, ਹਰਿ ਦਾਤੇ ਮੋਹੇ ਭਾਇੰਦਾ। ਮੈਂ ਚਲ ਕੇ ਆਇਆ ਤੇਰੇ ਦੁਆਰ, ਦਰ ਦੁਆਰੇ ਸੀਸ ਝੁਕਾਇੰਦਾ। ਪਹਿਲੀ ਚੇਤ ਕਰ ਪਿਆਰ, ਪਰੇਮ ਬੰਧਨ ਏਕਾ ਪਾਇੰਦਾ। ਗੁਰ ਅਵਤਾਰ ਕਰਨ ਪੁਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਤੂੰ ਕਰਤਾ ਪੁਰਖ ਕਰਨੇਹਾਰ, ਤੇਰੀ ਕੀਤੀ ਨਾ ਕੋਇ ਉਲਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਣੀ ਹਾਰ, ਬਣ ਪਨਿਹਾਰ ਸੇਵ ਕਮਾਇੰਦਾ। ਮੈਂ ਦਰ ਦਰਵੇਸ਼ ਬਣ ਚੋਬਦਾਰ, ਤੇਰਾ ਫ਼ਰਮਾਣਾ ਇਕ ਜਣਾਇੰਦਾ। ਪੀਰ ਪੈਗ਼ੰਬਰ ਸੁਣੋ ਗੁਰ ਅਵਤਾਰ, ਪੂਰਬ ਲੇਖਾ ਸਭ ਦਾ ਅੰਤ ਕਰਾਇੰਦਾ। ਬੀਸ ਬੀਸਾ ਹਰਿ ਜਗਦੀਸਾ ਰਹਿਣ ਨਾ ਦੇਵੇ ਪਿਛਲਾ ਮਾਣ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਏਕਾ ਵਾਰ, ਏਕਾ ਏਕ ਜਣਾਈਆ। ਸਭ ਨੇ ਰਹਿਣਾ ਖ਼ਬਰਦਾਰ, ਵਿਸ਼ਨ ਬ੍ਰਹਮਾ ਸ਼ਿਵ ਸਮੁੰਦ ਸਾਗਰ ਧਰਤ ਧਵਲ ਤ੍ਰੈਗੁਣ ਪੰਜ ਤੱਤ ਨਾਲ ਮਿਲਾਈਆ। ਕਰੇ ਖੇਲ ਕਰਤਾ ਕਰੀਮ ਕਾਦਰ, ਨਬੀ ਰਸੂਲ ਪੀਰ ਪੈਗ਼ੰਬਰ ਪੂਰਬ ਲਹਿਣਾ ਸਭ ਦਾ ਰਿਹਾ ਮੁਕਾਈਆ। ਅੱਗੇ ਦੇਵੇ ਇਕੋ ਆਡਰ, ਸਾਚੇ ਹੁਕਮ ਗੋਬਿੰਦ ਤਾਮੀਲ ਆਪ ਕਰਾਈਆ । ਲੇਖਾ ਲਿਖੇ ਨਾਲ ਰਤ, ਤੇਗ ਬਹਾਦਰ ਤੀਰ ਮੁਖੀ ਕਲਮ ਬਣਾਈਆ। ਕਲਜੁਗ ਵਹਿਣ ਡੂੰਘਾ ਸਾਗਰ, ਕੂੜੀ ਕਿਰਿਆ ਦਏ ਰੁੜ੍ਹਾਈਆ। ਸਾਚੇ ਭਗਤਾਂ ਦੇਵੇ ਇਕੋ ਆਦਰ, ਆਪਣਾ ਆਦਰਸ਼ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫ਼ਰਮਾਣ ਆਪੇ ਰਿਹਾ ਅਲਾਈਆ। ਹਰਿ ਫ਼ਰਮਾਨ ਸੁਣਾਇਆ ਸੰਦੇਸ, ਪਹਿਲੀ ਚੇਤ ਚੇਤਨ ਕਰਤਾਰ। ਪਿਛਲਾ ਰਹੇ ਨਾ ਕੋਈ ਨਰ ਨਰੇਸ਼ ਅੱਗੇ ਲੇਖਾ ਪਾਰ ਕਿਨਾਰ। ਪੂਜਾ ਚੁਕੇ ਗਣਪਤ ਗਣੇਸ਼, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਅਧਾਰ। ਗੁਰ ਪੀਰ ਅਵਤਾਰ ਪੈਗ਼ੰਬਰ ਇਕੋ ਵਾਰ ਕਰ ਲੈ ਪੇਸ਼, ਅੱਗੇ ਰੱਖਿਆ ਨਾ ਕੋਇ ਉਧਾਰ। ਸਾਰਿਆਂ ਸੌਂ ਜਾਣਾ ਉਤੇ ਲੈ ਕਰ ਲੇਫ਼, ਪੁਰਖ ਅਬਿਨਾਸ਼ੀ ਲਏ ਸੁਆਲ। ਲੋਕਮਾਤ ਨੌਂ ਖੰਡ ਪ੍ਰਿਥਮੀ ਬਿਨ ਕਰਸਾਣ ਦਿਸੇ ਖਾਲੀ ਖੇਤ, ਚਾਰੋਂ ਕੁੰਟ ਕੁੰਟ ਕਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਾਚਾ ਹੇਤ, ਭਗਵਨ ਭਗਤ ਲਏ ਪਰਗਟਾਇਆ। ਗੁਰ ਪੀਰ ਪੈਗ਼ੰਬਰ ਲਹਿਣਾ ਮੁਕਿਆ, ਮੁਕਿਆ ਵਿਚ ਸੰਸਾਰ। ਭਗਤ ਭਗਵੰਤ ਗੋਦੀ ਚੁੱਕਿਆ, ਸਤਿਜੁਗ ਚਲਾਈ ਸਾਚੀ ਧਾਰ। ਨਿਰਗੁਣ ਨਿਰਵੈਰ ਪੁਰਖ ਅਕਾਲ ਏਕਾ ਉਠਿਆ, ਸਭ ਦਾ ਲਹਿਣਾ ਦਏ ਨਿਵਾਰ। ਦੀਨ ਦਿਆਲ ਠਾਕਰ ਸੁਆਮੀ ਏਕਾ ਤੁਠਿਆ, ਹਰਿਜਨ ਸਾਚੇ ਲਏ ਉਠਾਲ। ਲੁਕਿਆ ਰਹਿਣ ਨਾ ਦੇਵੇ ਕੋਈ ਕਿਸੇ ਗੁਠਿਆ, ਸਤਿਗੁਰ ਮੇਲਾ ਮੇਲੇ ਆਣ। ਪੰਜ ਤੱਤ ਤੇਰਾ ਦੀਪਕ ਬੁਝਿਆ, ਨਿਰਗੁਣ ਜੋਤ ਹੋਏ ਪਰਧਾਨ। ਗੋਬਿੰਦ ਭੇਵ ਖੁਲ੍ਹਾਏ ਗੁਝਿਆ, ਕੋਈ ਰਹੇ ਨਾ ਜਗਤ ਅਞਾਣ। ਲੇਖਾ ਚੁਕੇ ਏਕਾ ਦੂਜਿਆ, ਦੋਆ ਏਕਾ ਨਾ ਕੋਇ ਨਿਸ਼ਾਨ। ਭਗਤ ਭਗਵੰਤ ਆਪੇ ਬੂਝਿਆ, ਲੇਖਾ ਜਾਣੇ ਦੋ ਜਹਾਨ। ਆਪੇ ਕੰਮ ਹਰਿ ਜੂ ਰੁਝਿਆ, ਆਪੇ ਘਰ ਘਰ ਵੇਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਅਵੱਲਾ, ਆਦਿ ਪੁਰਖ ਕਰਾਇੰਦਾ। ਜਿਸ ਨੂੰ ਕਹਿੰਦੇ ਰਹੇ ਮੀਆਂ ਅੱਲਾ, ਅਲਾਹੀ ਨੂਰ ਡਗਮਗਾਇੰਦਾ । ਜਿਸ ਨੂੰ ਕਹਿੰਦੇ ਰਹੇ ਮੇਟੇ ਸੱਲਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਜਿਸ ਨੂੰ ਕਹਿੰਦੇ ਰਹੇ ਗੁਰ ਅਵਤਾਰ ਪੀਰ ਪੈਗ਼ੰਬਰ ਫੜਾਏ ਪੱਲਾ, ਸ਼ਬਦੀ ਡੋਰ ਡੋਰ ਬੰਧਾਇੰਦਾ। ਜਿਸ ਨੂੰ ਕਹਿੰਦੇ ਵਸੇ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਆਸਣ ਲਾਇੰਦਾ। ਜਿਸ ਨੂੰ ਕਹਿੰਦੇ ਬੋਧ ਅਗਾਧ ਸਚ ਸੰਦੇਸ ਘੱਲਾ, ਗੁਰ ਪੀਰ ਅਵਤਾਰਾਂ ਸ਼ਬਦੀ ਸ਼ਬਦ ਸ਼ਬਦ ਪੜ੍ਹਾਇੰਦਾ। ਸੋ ਕਲਜੁਗ ਅੰਤਮ ਨਿਰਗੁਣ ਨਿਹਕਲੰਕ ਨਿਰਾਕਾਰ ਅਜੂਨੀ ਰਹਿਤ ਹੋਇਆ ਝੱਲਾ, ਬਣ ਝੱਲਾ ਭਗਤਾਂ ਪਿਛੇ ਫੇਰਾ ਪਾਇੰਦਾ। ਹੱਥ ਵਿਚ ਫੜਿਆ ਇਕੋ ਭੱਲਾ, ਦੋ ਜਹਾਨਾਂ ਨੈਣ ਸ਼ਰਮਾਇੰਦਾ। ਸਚ ਸੰਦੇਸ ਪਹਿਲੀ ਚੇਤ ਏਕਾ ਘੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਇਕ ਇਕੱਲਾ, ਅਕਲ ਕਲ ਕੁਲਵੰਤਾ ਆਪਣੀ ਕਲ ਪਰਗਟਾਇੰਦਾ।
