Granth 07 Likhat 056: 21 Sawan 2015 Bikarmi Charan Singh de Ghar Tarn Taran Amritsar

੨੧ ਸਾਵਣ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਤਰਨ ਤਾਰਨ ਅੰਮ੍ਰਿਤਸਰ

ਨਿਰਗੁਣ ਫੂਲ ਨਿਰਗੁਣ ਰੰਗ, ਨਿਰਗੁਣ ਆਪ ਰੰਗਾਇਆ। ਨਿਰਗੁਣ ਸੇਜ ਨਿਰਗੁਣ ਪਲੰਘ, ਨਿਰਗੁਣ ਆਸਣ ਲਾਇਆ। ਨਿਰਗੁਣ ਵੇਖੇ ਨਿਰਗੁਣ ਸੰਗ, ਨਿਰਗੁਣ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਫੂਲਨ ਰੂਪ ਸਮਾਇਆ। ਹਰਿ ਫੂਲਨ ਫੁਲਵਾੜੀਆ, ਨਾਮ ਸ਼ਬਦ ਅਨਮੋਲ। ਪੱਤ ਵੇਖੇ ਸੱਚੀ ਡਾਲ੍ਹੀਆ, ਘਟ ਘਟ ਆਪੇ ਟੋਲ। ਕਵਣ ਸ਼ੰਗਾਰੇ ਸਾਚੀ ਲਾੜੀਆ, ਕਵਣ ਦਵਾਰੇ ਕਰੇ ਚੋਹਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਆਪੇ ਖੋਲ੍ਹ। ਨਿਰਗੁਣ ਡਾਲ੍ਹੀ ਨਿਰਗੁਣ ਪਾਤੀ, ਨਿਰਗੁਣ ਫੂਲ ਮਹਿਕਾਈਆ। ਨਿਰਗੁਣ ਮੇਲਾ ਕਮਲਾਪਾਤੀ, ਸਾਚਾ ਕੰਤ ਮਨਾਈਆ। ਨਿਰਗੁਣ ਮੇਟੇ ਅੰਧੇਰੀ ਰਾਤੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਮਲ ਦੀਵਾ ਨਿਰਮਲ ਬਾਤੀ, ਨਿਰਮਲ ਅੰਮ੍ਰਿਤ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਪੰਖੜੀ ਆਪ ਸਮਾਈਆ। ਆਪੇ ਫੂਲ ਆਪੇ ਫੁਲਾਏ, ਨਿਰਗੁਣ ਖੇਲ ਖਿਲਾਇੰਦਾ। ਵੇਖਣਹਾਰਾ ਦਿਸ ਨਾ ਆਏ, ਅਚਰਜ ਬਣਤ ਬਣਾਇੰਦਾ। ਆਪਣਾ ਹਿੱਸਾ ਆਪ ਵੰਡਾਏ, ਆਪਣੀ ਮੰਗ ਮੰਗਾਇੰਦਾ। ਦਹਿ ਦਿਸ਼ਾ ਹਰਿ ਫੇਰੀ ਪਾਏ, ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਕ ਮਹਿਕਾਇੰਦਾ। ਆਪਣਾ ਨੂਰ ਆਪ ਨੁਰਾਨਾ, ਆਪੇ ਡਗਮਗਾਈਆ। ਆਪੇ ਖੇਲੇ ਖੇਲ ਦੋ ਜਹਾਨਾਂ, ਖੇਲਣਹਾਰ ਆਪ ਅਖਵਾਈਆ। ਆਪਣਾ ਸਗਨ ਆਪ ਮਨਾਣਾ, ਆਪਣੇ ਤੰਦਨ ਤੰਦ ਬੰਧਾਈਆ। ਆਪੇ ਬੰਨੇ ਆਪਣਾ ਗਾਨਾ, ਆਪ ਆਪਣੀ ਖੁਸ਼ੀ ਮਨਾਈਆ। ਆਪੇ ਅੰਤਰ ਵੇਖੇ ਮਾਰ ਧਿਆਨਾ, ਘਰ ਮੰਦਰ ਇਕ ਸੁਹਾਈਆ। ਨਿਰਗੁਣ ਸਰੂਪ ਸਦਾ ਨੌਜਵਾਨਾ, ਬਿਰਧ ਬਾਲ ਨਾ ਕੋਈ ਜਣਾਈਆ। ਨਿਰਗੁਣ ਨਾਰੀ ਕਰ ਪਰਵਾਨਾ, ਆਪਣੀ ਸੇਜ ਵਖਾਈਆ। ਹਰਿ ਹਰਿ ਹੋਏ ਮਿਹਰਵਾਨਾ, ਆਪਣੀ ਕਿਰਪਾ ਫੂਲਨ ਬਰਖਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੁਲ ਮਾਲਾ ਤਨ ਸੁਹਾਇਆ। ਕਰਿਆ ਤਨ ਸ਼ੰਗਾਰ, ਕਮਲਾਪਾਤੀ ਇਕ ਮਨਾਇਆ, ਢਹਿ ਢਹਿ ਪਏ ਦਵਾਰ। ਅੰਦਰ ਝਾਕੀ ਇਕ ਵਖਾਇਆ, ਖੋਲ੍ਹੇ ਬੰਦ ਕਿਵਾੜ। ਸਾਚਾ ਸਾਕੀ ਨਾਮ ਧਰਾਇਆ, ਜਾਮ ਪਿਆਏ ਅੰਮ੍ਰਿਤ ਧਾਰ। ਸ਼ਬਦ ਰਾਕੀ ਇਕ ਦੌੜਾਇਆ, ਨਿਰਗੁਣ ਰੂਪ ਸ਼ਾਹ ਅਸਵਾਰ। ਮਾਨਸ ਮਾਟੀ ਵੇਖ ਵਖਾਇਆ, ਵੇਖੇ ਵਿਗਸੇ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਰੰਗ ਸਮਾਇਆ। ਫੂਲਨ ਹਾਰ ਸਾਚੀ ਮਾਲਣ, ਹਰਿ ਹਰਿ ਏਕਾ ਏਕ ਉਠਾਈਆ। ਸੇਵਾ ਲੱਗੀ ਜੋਤ ਅਕਾਲਣ, ਆਪਣੀ ਇਛਿਆ ਪੂਰ ਕਰਾਈਆ। ਗੁਰਮੁਖ ਸਾਜਨ ਚਲੀ ਭਾਲਣ, ਆਪ ਆਪਣਾ ਵੇਸ ਵਟਾਈਆ। ਨਾ ਕੋਈ ਰੱਖਿਆ ਵਿਚ ਦਲਾਲਣ, ਨਾ ਕੋਈ ਪੁਛ ਪੁਛਾਈਆ। ਨੂਰੀ ਜੋਤ ਇਕ ਜਮਾਲਣ, ਅੱਠੇ ਪਹਿਰ ਡਗਮਗਾਈਆ। ਸਾਚੀ ਵੇਖੇ ਇਕ ਧਰਮ ਧਰਮਸਾਲਣ, ਹਰਿ ਬੈਠਾ ਬੇਪਰਵਾਹੀਆ। ਦਿਵਸ ਰੈਣ ਏਕ ਚਾਨਣ, ਅੰਧ ਅੰਧੇਰ ਦਿਸ ਨਾ ਆਈਆ। ਦਰ ਆਪਣੇ ਘਰ ਆਪਣੇ ਰੰਗ ਆਪਣਾ ਮਾਨਣ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਨ ਖਾਰੀ ਇਕ ਵਖਾਈਆ। ਫੂਲਨ ਖਾਰੀ ਸਾਚਾ ਹਰਿ ਹਰਿ ਹਰਿ ਰੰਗ ਰੰਗਾਇਆ। ਨਿਰਗੁਣ ਰੂਪ ਕਰ ਪਿਆਰਾ, ਨਿਰਗੁਣ ਤਨ ਛੁਹਾਇਆ। ਨਿਰਗੁਣ ਵੇਖੇ ਅੰਦਰ ਬਾਹਰਾ, ਗੁਪਤ ਜ਼ਾਹਰਾ ਆਪ ਹੋ ਆਇਆ। ਨਿਰਗੁਣ ਖੇਲ ਏਕੰਕਾਰਾ, ਅਕਲ ਕਲਾ ਵਰਤਾਇਆ। ਨਿਰਗੁਣ ਰੂਪ ਪਾਰਬ੍ਰਹਮ ਕਰਤਾਰਾ, ਕਰਤਾ ਪੁਰਖ ਨਾਉਂ ਧਰਾਇਆ। ਨਿਰਗੁਣ ਭਰੇ ਇਕ ਭੰਡਾਰਾ, ਵਡ ਭੰਡਾਰੀ ਨਾਮ ਧਰਾਇਆ। ਆਦਿਨ ਅੰਤਾ ਹੋ ਵਰਤਾਰਾ, ਜੁਗ ਜੁਗ ਵਰਤੌਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮਾਲਾ ਵੇਖ ਵਖਾਇਆ। ਘਰ ਮਾਲਾ ਫੂਲਨ ਫੁਲਿਆ, ਵੇਖੇ ਹਰਿ ਬਸੰਤ। ਸਾਚੇ ਕੰਡੇ ਸਾਚਾ ਤੁਲਿਆ, ਮਹਿਮਾ ਗਣਤ ਅਗਣਤ। ਲੱਖ ਕਰੋੜੀ ਪਾਏ ਨਾ ਕੋਈ ਮੁਲਿਆ, ਭੇਵ ਨਾ ਜਾਣੇ ਕੋਈ ਜੀਵ ਜੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਭਗਵੰਤ। ਨਿਰਗੁਣ ਹਾਰ ਹਰਿ ਸ਼ਬਦ ਸ਼ੰਗਾਰਾ, ਹਰਿ ਜੋਤੀ ਭੇਟ ਚੜ੍ਹਾਈਆ। ਕਲੀ ਕਲੀ ਪਾਵੇ ਸਾਰਾ, ਪੰਖੜੀ ਵੇਖ ਵਖਾਈਆ। ਕਵਣ ਕੂਟੇ ਭਵਰ ਉਠੇ ਹੁਲਾਰਾ, ਆਪਣੀ ਗੂੰਜ ਗੁੰਜਾਈਆ। ਆਪੇ ਵੇਖੇ ਵੇਖਣਹਾਰਾ, ਨਿਰਗੁਣ ਵਡ ਵਡਿਆਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮੜੇ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਲੜ ਗੁੰਦਾਈਆ । ਲੜ ਗੁੰਦਾਇਆ ਦਇਆ ਕਮਾਇਆ, ਏਕਾ ਧਾਰ ਚਲਾਇੰਦਾ। ਨਿਰਗੁਣ ਸੇਵਕ ਸੇਵਾ ਲਾਇਆ, ਨਿਰਗੁਣ ਸੇਵ ਕਮਾਇੰਦਾ। ਨਿਰਗੁਣ ਨਾਰੀ ਨਾਲ ਪਰਨਾਇਆ, ਨਿਰਗੁਣ ਕੰਤ ਹੰਢਾਇੰਦਾ। ਨਿਰਗੁਣ ਕਜਲਾ ਧਾਰ ਬੰਧਾਇਆ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਆਪਣਾ ਸ਼ਬਦ ਚਲਾਇਆ, ਨਿਰਗੁਣ ਰਾਗ ਅਲਾਇੰਦਾ। ਨਿਰਗੁਣ ਸੇਜਾ ਦਏ ਸੁਹਾਇਆ, ਨਿਰਗੁਣ ਫੂਲ ਬਰਸਾਇੰਦਾ। ਨਿਰਗੁਣ ਨਿਰਗੁਣ ਵਿਚ ਦਏ ਟਿਕਾਇਆ, ਨਿਰਗੁਣ ਨਿਰਗੁਣ ਆਪ ਉਪਜਾਇੰਦਾ। ਨਿਰਗੁਣ ਦਾਈ ਨਿਰਗੁਣ ਦਾਇਆ, ਨਿਰਗੁਣ ਪੂਤ ਸਪੂਤਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੇਹਰਾ ਇਕ ਵਖਾਇੰਦਾ। ਸਾਚਾ ਸੇਹਰਾ ਹਰਿ ਜਗਦੀਸ਼, ਏਕਾ ਏਕ ਸੁਹਾਇਆ। ਆਪੇ ਕਰੇ ਆਪਣਾ ਆਦੇਸ਼, ਨਾ ਕੋਈ ਦੂਸਰ ਸੰਗ ਰਖਾਇਆ। ਆਪਣਾ ਛਤਰ ਝੁਲਾਏ ਆਪਣੇ ਸੀਸ, ਆਪ ਆਪਣਾ ਛਤਰ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਜਾਇਆ। ਸਾਚਾ ਸੇਹਰਾ ਬੰਨ ਡੋਰ, ਕਲੀ ਕਲੀ ਗੁੰਦਾਈਆ। ਆਪੇ ਚੜ੍ਹਿਆ ਆਪਣੇ ਘੋੜ, ਆਪਣਾ ਸਗਨ ਮਨਾਈਆ। ਆਪ ਉਠਾਇਆ ਆਪਣਾ ਪੌੜ, ਆਪਣੇ ਘਰ ਦਏ ਟਿਕਾਈਆ। ਆਪਣੇ ਘਰ ਆਪੇ ਬੌਹੜ, ਆਪਣਾ ਕੁੰਡਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਘਰ ਬੇਪਰਵਾਹੀਆ। ਆਪਣੇ ਘਰ ਆਪੇ ਆ, ਆਪਣਾ ਰਾਹ ਤਕਾਇਆ । ਆਪਣੀ ਨਾਰੀ ਆਪੇ ਵੇਖ ਵਖਾ, ਆਪਣਾ ਵੇਖ ਵਖਾਇਆ। ਜੋਤੀ ਜੋਤ ਲਈ ਪਰਨਾ, ਨਾਤਾ ਇਕ ਬੰਧਾਇਆ। ਵਰਨ ਗੋਤੀ ਗਿਆ ਸਮਾ। ਏਕਾ ਏਕ ਅਖਵਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੇਹਰਾ ਆਪਣੇ ਹੱਥ ਉਠਾਇਆ। ਸਾਚਾ ਸੇਹਰਾ ਜਗਤ ਹਾਰ, ਭਗਤੀ ਦਰ ਸੁਹਾਇੰਦਾ। ਸ਼ਬਦ ਵਿਚੋਲਾ ਕਰ ਪਿਆਰ, ਦੋਹਾਂ ਮੇਲ ਮਿਲਾਇੰਦਾ। ਹੋਇਆ ਗੋਲਾ ਦਰ ਦਰਬਾਰ, ਏਕਾ ਮੰਗ ਮੰਗਾਇੰਦਾ। ਕਾਇਆ ਚੋਲਾ ਰੰਗ ਕਰਤਾਰ, ਦੁਰਮਤ ਮੈਲ ਗਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਨਹਾਰ ਵੇਖ ਵਖਾਇੰਦਾ। ਫੂਲਨ ਮਾਲਾ ਜੋਤ ਜਵਾਲਾ, ਆਦਿ ਸ਼ਕਤ ਭਵਾਨੀਆ। ਦੇਵਣਹਾਰਾ ਸਾਚਾ ਦਾਨਾ, ਵਡ ਦਾਤਾ ਦਾਨੀ ਮਿਹਰਵਾਨੀਆ। ਜੁਗ ਜੁਗ ਕਰੇ ਆਪ ਪਛਾਨਾ, ਆਪੇ ਵੇਖੇ ਵਡ ਨਿਗਹਬਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪਣਾ ਕਰ, ਖੇਲੇ ਖੇਲ ਆਪ ਮਹਾਨੀਆ। ਫੂਲਨਹਾਰ ਕਵਣ ਮੁੱਲ, ਕਵਣ ਤੋਲ ਤੁਲਾਇਆ। ਕਵਣ ਦਵਾਰੇ ਜਾਏ ਰੁਲ, ਕਵਣ ਕਰਤਾ ਕੀਮਤ ਪਾਇਆ । ਕਵਣ ਦਵਾਰੇ ਜਾਏ ਭੁੱਲ, ਬੰਧੀ ਬੰਧਨ ਤੋੜ ਤੁੜਾਇਆ। ਕਵਣ ਦਵਾਰੇ ਫਲ ਫੁਲਵਾੜੀ ਜਾਏ ਹੁਲ, ਪੱਤ ਡਾਲ੍ਹੀ ਰਹਿਣ ਨਾ ਪਾਇਆ। ਭਾਗ ਲਗਾਏ ਕਵਣ ਦਵਾਰੇ ਸਾਚੀ ਕੁਲ, ਭਗਤ ਭਗਵੰਤੀ ਮੇਲ ਮਿਲਾਇਆ। ਕਵਣ ਦਵਾਰੇ ਅੰਮ੍ਰਿਤ ਆਤਮ ਜਾਏ ਡੁੱਲ, ਤ੍ਰਿਸਨਾ ਭੁੱਖ ਗਵਾਇਆ। ਕਵਣ ਦਵਾਰਾ ਜਾਏ ਖੁੱਲ੍ਹ, ਹਰਿ ਸ਼ਬਦੀ ਸ਼ਬਦ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਫੂਲਨ ਵੇਖ ਵਖਾਇਆ। ਜਗ ਫੂਲਨ ਜਗ ਮੌਲਿਆ, ਜਗਤ ਖਿੜੀ ਗੁਲਜਾਰ। ਕਵਣ ਕਰੇ ਉਲਟਾ ਕਵਲਿਆ, ਅੰਮ੍ਰਿਤ ਭਰੇ ਭੰਡਾਰ। ਜਗਤ ਵਡਿਆਈ ਉਪਰ ਝੂਠੀ ਧਵਲਿਆ, ਥਿਰ ਘਰ ਮਿਲੇ ਨਾ ਕੋਈ ਦਰਬਾਰ। ਆਪਣੀ ਸੁਰਤੀ ਆਪਣੀ ਕਾਇਆ ਗੁਰ ਕੇ ਸ਼ਬਦ ਕਵਲ ਮੌਲਿਆ, ਕਵਣ ਚਾੜ੍ਹੇ ਰੰਗ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕਵਣ ਅਪਾਰ। ਫਲ ਫਲਿਆ ਜਗ ਵੇਖਿਆ, ਜਗਤ ਹੋਇਆ ਉਜਾਲਾ। ਗੁਰਮਤ ਗੁਰ ਪੂਰੇ ਲਿਖਿਆ ਲੇਖਿਆ, ਹਰਿ ਬੈਠ ਸੱਚੀ ਧਰਮਸਾਲਾ। ਲੋਕਮਾਤੀ ਭਰਮ ਭੁਲੇਖਿਆ, ਭੇਵ ਨਾ ਜਾਣੇ ਜੋਤ ਅਕਾਲਾ। ਜਿਸ ਜਨ ਨੇਤਰ ਲੋਚਨ ਨੈਣ ਆਪਣੇ ਪੇਖਿਆ, ਤਿਸ ਜਨ ਮਿਲਿਆ ਦੀਨ ਦਿਆਲਾ। ਧੁਰਦਰਗਾਹੋਂ ਲਿਖੀ ਰੇਖਿਆ, ਜਨ ਬਖ਼ਸ਼ੇ ਫੂਲਨ ਮਾਲਾ। ਮਸਤਕ ਲਾਏ ਮੇਖਿਆ, ਸੁਹਾਏ ਦਰ ਸ਼ਾਹ ਕੰਗਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਅਵੱਲੜੀ ਚਾਲਾ। ਫੂਲਨ ਫਲ ਕੱਚਾ ਤੰਦ, ਜੋੜੀ ਜੋੜ ਜੁੜਾਇੰਦਾ। ਹਰਿ ਹਰਿਜਨ ਮੇਲਾ ਹਰਿ ਹਰਿ ਖ਼ੁਸ਼ੀ ਬੰਦ ਬੰਦ, ਤ੍ਰਿਸਨਾ ਅਗਨ ਬੁਝਾਇੰਦਾ। ਗਾ ਗਾ ਥੱਕੇ ਬੱਤੀ ਦੰਦ, ਬੱਤੀ ਧਾਰ ਨਾ ਕੋਈ ਬਖ਼ਸ਼ਾਇੰਦਾ । ਵਿਸਰਿਆ ਜਨ ਪਰਮਾਨੰਦ, ਨਿਜਾਨੰਦ ਨਾ ਕੋਈ ਦਰਸਾਇੰਦਾ। ਗਗਨ ਮੰਡਲ ਨਾ ਚੜ੍ਹਿਆ ਚੰਦ, ਸੀਤਲ ਧਾਰ ਨਾ ਕੋਈ ਸਮਾਇੰਦਾ। ਅਨਹਦ ਰਾਗੀ ਅਨਾਦੀ ਧੁਨ ਨਾ ਸੁਣਿਆ ਸਾਚਾ ਛੰਦ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਦੂਈ ਦਵੈਤੀ ਭਰਮਾ ਕੰਧ, ਪੜਦਾ ਕੋਈ ਨਾ ਲਾਹਿੰਦਾ। ਜੂਠ ਝੂਠ ਰਸਨਾ ਗੰਦ, ਸਚ ਸੁੱਚ ਜਾਮ ਨਾ ਕੋਈ ਪਿਆਇੰਦਾ। ਗੁਰਮੁਖ ਵਿਰਲਾ ਮੁਕਾਏ ਆਪਣਾ ਪੰਧ, ਘਰ ਆਪਣੇ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਆਪ ਆਪਣੀ ਦਇਆ ਕਮਾਇੰਦਾ। ਗੁਰਮੁਖ ਸਾਜਨ ਘਰ ਨਿਜ ਵੇਖੇ, ਨਿਜ ਘਰ ਵੱਜੇ ਵਧਾਈਆ। ਗੁਰ ਕਿਰਪਾ ਕੱਢੇ ਭਰਮ ਭੁਲੇਖੇ, ਭਰਮੇ ਗੜ੍ਹ ਤੁੜਾਈਆ। ਸਤਿਗੁਰ ਸ਼ਬਦ ਨੇਤਰ ਪੇਖੇ, ਸਵੱਛ ਸਰੂਪੀ ਉਤੋਂ ਆਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸੇ, ਨਾ ਕੋਈ ਮੂੰਡ ਮੁੰਡਾਈਆ। ਸੋ ਪੁਰਖ ਸਦਾ ਅਦੇਸੇ, ਨਿਉਂ ਨਿਉਂ ਸੀਸ ਝੁਕਾਈਆ। ਗੁਰਮੁਖਾਂ ਮੇਲ ਮਿਲਾਏ ਕਰ ਕਰ ਵੇਸੇ, ਹਰਿ ਵਿਚ ਵੱਡੀ ਵਡਿਆਈਆ। ਕੋਟਨ ਕੋਟ ਨਚਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੇ, ਦਰ ਬੈਠੇ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਾਲਾ ਆਪਣੇ ਹੱਥ ਰਖਾਈਆ। ਆਪਣੀ ਮਾਲਾ ਆਪਣੇ ਹੱਥ ਉਠਾ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰਮੁਖ ਜੋ ਜਨ ਦਿਸੇ ਰੁੱਠਾ, ਫੜ ਬਾਂਹੋਂ ਆਪ ਮਨਾਇੰਦਾ। ਨਿਰਗੁਣ ਰੂਪ ਆਪੇ ਤੁੱਠਾ, ਆਪੇ ਵੇਖ ਵਖਾਇੰਦਾ। ਲੁਕਿਆ ਕੋਈ ਨਾ ਰਹੇ ਗੁੱਠਾ, ਹਰ ਘਟ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਣਹਾਰ ਵਿਚ ਸੰਸਾਰ ਗੁਰਮੁਖਾਂ ਕਰ ਪਿਆਰ, ਪਿਆਰ ਭੇਟ ਇਕ ਚੜ੍ਹਾਇੰਦਾ।