ਪਹਿਲੀ ਚੇਤ ੨੦੧੯ ਬਿਕ੍ਰਮੀ ਹਰਿ ਭਗਤ ਦੁਆਰ ਦਰਬਾਰ ਵਿਚ ਜੇਠੂਵਾਲ
ਸਚਖੰਡ ਨਿਵਾਸੀ ਸਚ ਦਰਬਾਰ, ਸਤਿ ਸਤਿਵਾਦੀ ਆਪ ਲਗਾਇੰਦਾ। ਨਿਰਗੁਣ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਖੋਲ੍ਹ ਕਿਵਾੜ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰ, ਆਪਣਾ ਬਲ ਆਪ ਧਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਹੋ ਨਿਗਹਬਾਨ, ਨੇਤਰ ਨੈਣ ਨੈਣ ਉਠਾਇੰਦਾ। ਆਪਣੀ ਇਛਿਆ ਕਰ ਪਰਵਾਨ, ਸਾਚੀ ਭਿਛਿਆ ਆਪ ਵਰਤਾਇੰਦਾ। ਸਤਿ ਸਤਿਵਾਦੀ ਸਤਿ ਮਕਾਨ, ਬੇਨਿਸ਼ਾਨ ਆਪ ਜਣਾਇੰਦਾ। ਸਚਖੰਡ ਦੁਆਰ ਗੁਣ ਨਿਧਾਨ, ਗੁਣ ਆਪਣੇ ਰੰਗ ਰੰਗਾਇੰਦਾ। ਤਖ਼ਤ ਨਿਵਾਸੀ ਬਣ ਬਲਵਾਨ, ਸਾਚਾ ਤਖ਼ਤ ਆਪ ਸੁਹਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਨਾਉਂ ਰਖਾਇੰਦਾ। ਹੁਕਮੀ ਹੁਕਮ ਹੁਕਮਰਾਨ, ਸਤਿ ਫ਼ਰਮਾਣਾ ਆਪ ਅਲਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਆਪਣੀ ਧਾਰਾ ਆਪ ਚਲਾਇੰਦਾ। ਦਰ ਦਰਵੇਸ ਬਣ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲਾਇੰਦਾ। ਭੇਵ ਖੁਲ੍ਹਾਏ ਹਰਿ ਨਿੰਰਕਾਰਾ, ਨਿਰਗੁਣ ਵੱਡਾ ਵਡ ਵਡਿਆਈਆ। ਆਦਿ ਆਦਿ ਕਰ ਪਸਾਰਾ, ਪੁਰਖ ਪੁਰਖ ਵੇਸ ਵਟਾਈਆ। ਮਹਲ ਮਹੱਲ ਅਟੱਲ ਮੁਨਾਰਾ, ਸਚਖੰਡ ਦੁਆਰ ਸਮਝਾਈਆ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਦੇਵੇ ਮਾਣ ਵਡਿਆਈਆ। ਨਾਰ ਕੰਤ ਬਣ ਨਿਰੰਕਾਰਾ, ਅਚਰਜ ਖੇਲ ਰਚਾਈਆ। ਸਾਚੀ ਸੇਜਾ ਬੈਠ ਭਤਾਰਾ, ਆਪ ਆਪਣੇ ਅੰਗ ਲਾਈਆ। ਜਨਨੀ ਜਨ ਬਣ ਅਗੰਮ ਅਪਾਰਾ, ਦਾਈ ਦਾਇਆ ਸੇਵ ਕਮਾਈਆ। ਨਿਰਗੁਣ ਨਿਰਗੁਣ ਕਰ ਪਸਾਰਾ, ਸ਼ਬਦੀ ਸ਼ਬਦ ਸ਼ਬਦ ਪਰਗਟਾਈਆ। ਕਰੇ ਖੇਲ ਖੇਲਣਹਾਰਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਰੱਖੇ ਹੱਥ, ਆਦਿ ਪੁਰਖ ਬੇਪਰਵਾਹਿਆ। ਆਪਣੇ ਗ੍ਰਹਿ ਹੋ ਪਰਗਟ, ਆਪ ਆਪਣਾ ਰੂਪ ਧਰਾਇਆ। ਆਪਣੇ ਮੰਦਰ ਬੈਠ ਪੁਰਖ ਸਮਰਥ, ਆਪਣਾ ਬਲ ਆਪ ਰਖਾਇਆ। ਆਪਣੀ ਮਹਿਮਾ ਗਾਏ ਅਕੱਥ, ਭੇਵ ਅਭੇਦ ਆਪ ਜਣਾਇਆ। ਆਪਣਾ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਇਆ। ਆਪਣਾ ਪੜਦਾ ਆਪੇ ਲਾਹ, ਪੁਰਖ ਅਕਾਲ ਖੇਲ ਕਰਾਇੰਦਾ। ਅਜੂਨੀ ਰਹਿਤ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਤਿ ਸਤਿਵਾਦੀ ਦੇਵੇ ਸਚ ਸਲਾਹ, ਮਾਰਗ ਪੰਧ ਆਪ ਰਖਾਇੰਦਾ। ਨਾਉਂ ਨਿਰੰਕਾਰ ਆਪ ਪਰਗਟਾ, ਇਕ ਇਕੱਲਾ ਆਪੇ ਗਾਇੰਦਾ। ਥਾਨ ਥਨੰਤਰ ਆਪ ਸੁਹਾ, ਦਰਗਹਿ ਸਾਚੀ ਆਸਣ ਲਾਇੰਦਾ। ਆਪਣੀ ਬਣਤਰ ਆਪ ਬਣਾ, ਤਖ਼ਤ ਨਿਵਾਸੀ ਦਇਆ ਕਮਾਇੰਦਾ। ਆਪਣੀ ਇਛਿਆ ਆਪ ਸਮਝਾ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਘਾੜਨ ਆਪ ਘੜਾ, ਘੜ ਘੜ ਆਪੇ ਵੇਖ ਵਖਾਇੰਦਾ। ਆਪਣਾ ਗੜ੍ਹ ਆਪ ਬਣਾ, ਨਿਰਾਕਾਰ ਆਪੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰਨੀ ਕਰ, ਕਰਤਾ ਪੁਰਖ ਆਪ ਕਰਾਈਆ। ਸਾਚੇ ਤਖ਼ਤ ਬਹੇ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਪਰਗਟਾਈਆ। ਧੁਰ ਫ਼ਰਮਾਣਾ ਆਪੇ ਜਾਣ, ਆਪਣੀ ਦਇਆ ਕਮਾਇੰਦਾ। ਸਚਖੰਡ ਦੁਆਰਾ ਕਰ ਪਰਵਾਨ, ਥਿਰ ਘਰ ਆਪਣਾ ਆਪ ਸੁਹਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਤਖ਼ਤ ਨਿਵਾਸੀ ਹੋ ਮਿਹਰਬਾਨ, ਸੀਸ ਜਗਦੀਸ ਤਾਜ ਟਿਕਾਇੰਦਾ। ਏਕਾ ਰੰਗ ਖੇਲ ਮਹਾਨ, ਬੇਰੰਗ ਨਜ਼ਰ ਨਾ ਕੋਇ ਵਖਾਇੰਦਾ। ਮੁਕਾਮੇ ਹੱਕ ਹੋ ਪਰਧਾਨ, ਬੇਐਬ ਵੇਸ ਵਟਾਇੰਦਾ। ਪਰਵਰਦਿਗਾਰ ਵਡ ਮਿਹਰਬਾਨ, ਮਹਿਬਾਨ ਬੀਦੋ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਜਾਣੀ ਜਾਣ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਕਰ ਪਰਵਾਨ, ਸਚ ਸੰਦੇਸਾ ਇਕ ਸਮਝਾਈਆ। ਏਕੰਕਾਰਾ ਇਕ ਧਿਆਨ, ਏਕਾ ਏਕ ਦਏ ਸਮਝਾਈਆ। ਆਦਿ ਨਿਰੰਜਣ ਦੀਪ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਡ ਮਿਹਰਵਾਨ, ਮਿਹਰ ਮਿਹਰ ਮਿਹਰ ਆਪਣੀ ਆਪ ਕਰਾਈਆ। ਸ੍ਰੀ ਭਗਵਾਨ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਈਆ। ਪਾਰਬ੍ਰਹਮ ਵੇਖੇ ਮਾਰ ਧਿਆਨ, ਆਪ ਆਪਣਾ ਪੜਦਾ ਲਾਹੀਆ। ਨਿਰਗੁਣ ਖੇਲ ਕਰੇ ਮਹਾਨ, ਬੇਅੰਤ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਲਾਏ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਚਖੰਡ ਵਸਣਹਾਰਾ ਸਚ ਮਕਾਨ, ਥਿਰ ਘਰ ਆਪਣਾ ਰੂਪ ਪਰਗਟਾਇੰਦਾ। ਸ਼ਬਦੀ ਸ਼ਬਦ ਸ਼ਬਦ ਬਲਵਾਨ, ਦਰ ਘਰ ਸਾਚੇ ਆਪ ਬਹਾਇੰਦਾ। ਨਾਮ ਨਿਧਾਨਾ ਇਕ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਦੀਪਕ ਦੀਆ ਜੋਤ ਮਹਾਨ, ਜੋਤੀ ਜਾਤਾ ਆਪ ਜਗਾਇੰਦਾ। ਅਨੁਭਵ ਪਰਕਾਸ਼ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਇੰਦਾ। ਸਾਚੀ ਸੇਵਾ ਸ਼ਬਦ ਸੁਤ, ਸਤਿ ਸਤਿਵਾਦੀ ਆਪ ਜਣਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਸਚਖੰਡ ਦੁਆਰ ਸੁਹਾਈ ਸਾਚੀ ਰੁੱਤ, ਥਿਰ ਘਰ ਫੁਲ ਫੁਲਵਾੜੀ ਆਪ ਮਹਿਕਾਈਆ। ਆਪਣੇ ਮੰਦਰ ਆਪੇ ਉਠ, ਨਿਰਗੁਣ ਆਪਣਾ ਬਲ ਧਰਾਈਆ। ਸਾਹਿਬ ਸੁਲਤਾਨ ਹਰਿ ਜੂ ਤੁਠ, ਆਪਣੀ ਦਇਆ ਆਪ ਕਮਾਈਆ। ਕਰ ਪਰਕਾਸ਼ ਨਿਰਮਲ ਜੋਤ, ਨੂਰ ਨੂਰ ਨੂਰ ਰੁਸ਼ਨਾਈਆ। ਵਸਣਹਾਰਾ ਸਾਚੇ ਕੋਟ, ਬੰਕ ਦੁਆਰ ਖ਼ੁਸ਼ੀ ਮਨਾਈਆ। ਆਪੇ ਰੱਖੇ ਆਪਣੀ ਓਟ, ਦੂਜਾ ਭੈ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਲਾਹੀਆ। ਆਪਣਾ ਪੜਦਾ ਲਾਹੇ ਹਰਿ ਨਿਰੰਕਾਰ, ਏਕੰਕਾਰਾ ਨਾਉਂ ਧਰਾਇੰਦਾ। ਏਕਾ ਨਾਮ ਮੰਤ ਜੈਕਾਰ, ਜੈ ਜੈਕਾਰ ਅਲਾਇੰਦਾ। ਆਪਣਾ ਨੂਰ ਜ਼ਹੂਰ ਕਰੇ ਖੇਲ ਅਪਾਰ, ਰੂਪ ਰੰਗ ਰੇਖ ਨਾ ਕੋਇ ਬਣਾਇੰਦਾ। ਮਹੱਲ ਅਟੱਲ ਉਚ ਮੁਨਾਰ, ਬਿਨ ਚਾਰ ਦੀਵਾਰ ਸੋਭਾ ਪਾਇੰਦਾ। ਸਾਚਾ ਤਖ਼ਤ ਕਰ ਤਿਆਰ, ਪਾਵਾ ਚੂਲ ਨਾ ਕੋਇ ਬਣਾਇੰਦਾ। ਬਾਢੀ ਬਣ ਆਪ ਕਰਤਾਰ, ਸਾਚੀ ਘਾੜਨ ਘੜਨ ਘੜਾਇੰਦਾ। ਸੀਸ ਜਗਦੀਸ ਪਹਿਨ ਦਸਤਾਰ, ਅਪਰੰਪਰ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਆਪਣਾ ਬਲ ਆਪੇ ਰੱਖ, ਹਰਿ ਹਰਿ ਖੇਲ ਕਰਾਇੰਦਾ। ਸਚਖੰਡ ਦੁਆਰੇ ਹੋ ਪਰਤੱਖ, ਅਨੁਭਵ ਪਰਕਾਸ਼ ਕਰਾਇੰਦਾ। ਥਿਰ ਘਰ ਦੁਆਰੇ ਹੋ ਹੋ ਵੱਖ, ਸ਼ਬਦੀ ਧਾਰ ਚਲਾਇੰਦਾ। ਆਦਿ ਜੁਗਾਦੀ ਅਲਖਨਾ ਅਲੱਖ, ਏਕਾ ਅਲਖ ਜਗਾਇੰਦਾ। ਸਾਚੇ ਮੰਦਰ ਆਪੇ ਵਸ, ਨਿਰਗੁਣ ਸੋਭਾ ਪਾਇੰਦਾ। ਆਪਣਾ ਮਾਰਗ ਆਪੇ ਦੱਸ, ਸੁਤ ਦੁਲਾਰੇ ਹਰਿ ਸਮਝਾਇੰਦਾ। ਚਰਨ ਕਵਲ ਧੂੜ ਸਾਚਾ ਰਸ, ਰਸ ਰਸੀਆ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਪੁਰਖ ਅਬਿਨਾਸ਼, ਹਰਿ ਅਬਿਨਾਸ਼ੀ ਆਪ ਜਣਾਈਆ। ਸੁਤ ਦੁਲਾਰੇ ਰਹਿਣਾ ਦਾਸ, ਦਾਸਨ ਦਾਸ ਖੇਲ ਵਖਾਈਆ। ਮੇਰਾ ਨੂਰ ਤੇਰਾ ਪਰਕਾਸ਼, ਤੇਰਾ ਪਰਕਾਸ਼ ਵਡ ਵਡਿਆਈਆ। ਮੇਰੀ ਵਸਤ ਤੇਰੀ ਰਾਸ, ਤੇਰੀ ਰਾਸ ਸੋਭਾ ਪਾਈਆ। ਮੇਰਾ ਖੇਲ ਤੇਰਾ ਤਮਾਸ਼, ਤੇਰਾ ਤਮਾਸ਼ਾ ਸਾਚੀ ਰਾਸ ਰਚਾਈਆ। ਆਦਿ ਜੁਗਾਦਿ ਵਸਣਾ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਸਮਝਾਈਆ। ਸਾਚੇ ਸੁਤ ਜਾਣਾ ਜਾਗ, ਹਰਿ ਜਾਗਰਤ ਆਪ ਜਗਾਇੰਦਾ। ਤੇਰਾ ਮੇਰਾ ਇਕ ਵੈਰਾਗ, ਸਚਖੰਡ ਨਿਵਾਸੀ ਥਿਰ ਘਰ ਦੁਆਰੇ ਆਪ ਸੁਣਾਇੰਦਾ। ਤੇਰਾ ਮੇਰਾ ਇਕ ਸੁਹਾਗ, ਨਾਰੀ ਕੰਤ ਰੂਪ ਵਟਾਇੰਦਾ। ਤੇਰਾ ਮੇਰਾ ਇਕ ਰਾਗ, ਹਰਿ ਰਾਗੀ ਰਾਗ ਅਲਾਇੰਦਾ। ਤੇਰਾ ਮੇਰਾ ਇਕ ਕਾਜ, ਕਾਜ ਕਰਤਾ ਆਪ ਕਰਾਇੰਦਾ। ਤੇਰਾ ਮੇਰਾ ਇਕ ਸਾਜ, ਸਾਜਨਹਾਰਾ ਆਪ ਵਜਾਇੰਦਾ। ਤੇਰਾ ਮੇਰਾ ਇਕ ਤਾਜ, ਤਾਜ ਸੀਸ ਜਗਦੀਸ ਸੁਹਾਇੰਦਾ। ਤੇਰਾ ਮੇਰਾ ਇਕ ਜਹਾਜ਼, ਬਣ ਜਹਾਜ਼ੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਕਰ ਧਿਆਨ, ਨਰ ਨਰਾਇਣ ਆਪ ਜਣਾਈਆ। ਏਕਾ ਹੁਕਮ ਇਕ ਫ਼ਰਮਾਣ, ਧੁਰ ਦਾ ਬਾਣ ਲਗਾਈਆ। ਏਕਾ ਮੰਦਰ ਇਕ ਮਕਾਨ, ਏਕਾ ਘਰ ਦਏ ਵਸਾਈਆ। ਏਕਾ ਨਾਮ ਇਕ ਨਿਸ਼ਾਨ, ਏਕਾ ਦਏ ਝੁਲਾਈਆ। ਏਕਾ ਖੇਲ ਕਰੇ ਭਗਵਾਨ, ਏਕਾ ਸ਼ਬਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਈਆ। ਰਾਹ ਸਾਚਾ ਆਪ ਸਮਝਾਏ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਨਿਰਗੁਣ ਬਣਾਈ ਨਿਰਗੁਣ ਬਣਤ, ਨਿਰਾਕਾਰ ਵੇਸ ਵਟਾਇੰਦਾ। ਨਿਰਗੁਣ ਨਾਰ ਨਿਰਗੁਣ ਕੰਤ, ਨਿਰਗੁਣ ਸੇਜ ਹੰਢਾਇੰਦਾ। ਨਿਰਗੁਣ ਮਹਿਮਾ ਬੇਅੰਤ, ਅਗਣਤ ਲੇਖਾ ਲੇਖ ਨਾ ਕੋਇ ਜਣਾਇੰਦਾ। ਨਿਰਗੁਣ ਆਦਿ ਨਿਰਗੁਣ ਅੰਤ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਨਿਰਗੁਣ ਨਾਮ ਨਿਰਗੁਣ ਮੰਤ, ਨਿਰਗੁਣ ਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸੱਚੀ ਸਿਖ, ਹਰਿ ਜੂ ਹਰਿ ਹਰਿ ਆਪ ਜਣਾਈਆ। ਤੇਰਾ ਲੇਖ ਦੇਵਾਂ ਲਿਖ, ਲੇਖਾ ਲਿਖਾ ਬਿਨ ਕਲਮ ਸ਼ਾਹੀਆ। ਏਕਾ ਦੇਵਾਂ ਸਾਚੀ ਭਿਖ, ਭਿਖਕ ਝੋਲੀ ਏਕਾ ਭਰਾਈਆ। ਆਦਿ ਜੁਗਾਦਿ ਬਿਨ ਨੇਤਰ ਆਵਾਂ ਦਿਸ, ਜੋਤੀ ਜੋਤ ਜੋਤ ਰੁਸ਼ਨਾਈਆ। ਤੇਰਾ ਵੰਡਾਂ ਸਾਚਾ ਹਿਸ, ਆਪਣਾ ਭਾਗ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੇਰੇ ਹੱਥ ਰੱਖਾਂ ਸੱਚਾ ਭਾਗ, ਹਰਿ ਜੂ ਹਰਿ ਹਰਿ ਵੰਡ ਵੰਡਾਇੰਦਾ। ਤੇਰੇ ਮੰਦਰ ਇਕ ਚਰਾਗ਼, ਬਿਨ ਤੇਲ ਬਾਤੀ ਆਪ ਜਗਾਇੰਦਾ। ਤੇਰੇ ਅੰਦਰ ਇਕ ਵੈਰਾਗ, ਬਣ ਵੈਰਾਗੀ ਆਪ ਪਰਗਟਾਇੰਦਾ। ਤੇਰੇ ਅੰਤਰ ਏਕਾ ਜਾਗ, ਬਿਨ ਨੇਤਰ ਆਪ ਖੁਲ੍ਹਾਇੰਦਾ। ਤੇਰੇ ਅੰਦਰ ਏਕਾ ਰਾਜ, ਇਕ ਰਈਅਤ ਰਾਜ ਕਮਾਇੰਦਾ। ਤੇਰੇ ਅੰਦਰ ਇਕ ਸਮਾਜ, ਨਿਰਗੁਣ ਆਪਣਾ ਰੂਪ ਵਖਾਇੰਦਾ। ਤੇਰੇ ਅੰਤਰ ਇਕ ਕਾਜ਼, ਕਰਤਾ ਪੁਰਖ ਆਪ ਰਖਾਇੰਦਾ। ਤੇਰੇ ਅੰਤਰ ਇਕ ਅਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਦੇਵੇ ਦਾਤ, ਹਰਿ ਦਾਨੀ ਆਪ ਵਰਤਾਈਆ। ਚਰਨ ਕਵਲ ਸਾਚਾ ਨਾਤ, ਨਿਰਗੁਣ ਨਿਰਗੁਣ ਲਏ ਸਮਝਾਈਆ। ਆਦਿ ਅੰਤ ਰਹੇ ਇਕਾਂਤ, ਇਕ ਇਕੱਲਾ ਬੇਪਰਵਾਹੀਆ। ਥਿਰ ਘਰ ਵੇਖੇ ਮਾਰ ਝਾਤ, ਬੰਦ ਤਾਕੀ ਆਪ ਖੁਲ੍ਹਾਈਆ। ਪਿਤਾ ਪੂਤ ਸੱਜਣ ਸਾਕ, ਬੰਧਨ ਬੰਧਪ ਇਕ ਰਖਾਈਆ। ਸਚ ਮਹੱਲਾ ਸਾਚਾ ਘਾਟ, ਸਚ ਦੁਆਰਾ ਦਏ ਸਮਝਾਈਆ। ਨਿਰਗੁਣ ਨੂਰ ਜੋਤ ਲਿਲਾਟ, ਏਕਾ ਨੂਰ ਕਰੇ ਰੁਸ਼ਨਾਈਆ। ਸਦਾ ਸੁਹੇਲਾ ਦੇਵੇ ਸਾਥ, ਵਿਛੜ ਕਦੇ ਨਾ ਜਾਈਆ। ਇਕ ਪੜ੍ਹਾਏ ਏਕੰਕਾਰਾ ਗਾਥ, ਅੱਖਰ ਰੂਪ ਨਾ ਕੋਇ ਵਟਾਈਆ। ਕਰੇ ਖੇਲ ਪੁਰਖ ਸਮਰਾਥ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਗੁਣ ਗਾਉਣਾ ਜਸ, ਜਸ ਏਕਾ ਗੁਣ ਵਖਾਈਆ। ਮੇਲ ਮਿਲਾਵਾ ਹੱਸ ਹੱਸ, ਹੰਸ ਮੁਖ ਦਏ ਸਮਝਾਈਆ। ਤੇਰਾ ਤੇਰੀ ਪੂਰੀ ਕਰੇ ਆਸ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਦੇਵੇ ਖੋਲ੍ਹ, ਖੋਲ੍ਹਣਹਾਰ ਆਪ ਨਿਰੰਕਾਰਾ। ਸ਼ਬਦ ਅਗੰਮੀ ਏਕਾ ਬੋਲ, ਬੋਲੇ ਸਚ ਜੈਕਾਰਾ। ਨਾਮ ਕੰਡੇ ਤੋਲੇ ਤੋਲ, ਤੋਲਣਹਾਰਾ ਹਰਿ ਗਿਰਧਾਰਾ। ਸਚ ਮਹੱਲੇ ਬੈਠਾ ਅਡੋਲ, ਡੁਲ ਨਾ ਜਾਏ ਅਗੰਮ ਅਪਾਰਾ। ਤੇਰੇ ਅੰਤਰ ਜਾਏ ਮੌਲ, ਫੁਲ ਫੁਲਵਾੜੀ ਵੇਖੇ ਸਚ ਗੁਲਜਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਨਾਮ ਹਰਿ ਥਾਰਾ। ਨਾਮ ਵਸਤ ਦੇਵੇ ਦਾਨੀ, ਹਰਿ ਦਾਤਾ ਆਪ ਵਰਤਾਇੰਦਾ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨੀ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਵਡ ਬਲਵਾਨੀ, ਬਲ ਆਪਣਾ ਆਪ ਜਣਾਇੰਦਾ। ਸ੍ਰੀ ਭਗਵਾਨ ਜੋਤ ਨੂਰਾਨੀ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੇਲ ਮਹਾਨੀ, ਅਨਭਵ ਆਪਣੀ ਧਾਰ ਵਖਾਇੰਦਾ। ਪਾਰਬ੍ਰਹਮ ਵਖਾਏ ਸਚ ਨਿਸ਼ਾਨੀ, ਸਚ ਨਿਸ਼ਾਨਾ ਇਕ ਝੁਲਾਇੰਦਾ। ਸ਼ਬਦ ਅਗੰਮੀ ਇਕੋ ਬਾਣੀ, ਅਗੰਮ ਅਥਾਹ ਬੇਪਰਵਾਹ ਆਪ ਪੜ੍ਹਾਇੰਦਾ। ਸਾਚੇ ਸੁਤ ਕਰ ਪਰਵਾਨੀ, ਹਰਿ ਪਰਵਾਨਾ ਹੱਥ ਫੜਾਇੰਦਾ। ਚਰਨ ਸਰਨ ਮੇਲ ਕਰ ਕੁਰਬਾਨੀ, ਸਾਚੀ ਸਿਖਿਆ ਆਪ ਜਣਾਇੰਦਾ। ਪੁਰਖ ਅਕਾਲ ਸੱਚਾ ਹਾਣੀ, ਆਦਿ ਅੰਤ ਮੇਲ ਮਿਲਾਇੰਦਾ। ਆਪੇ ਜਾਣੇ ਅਕਥ ਕਹਾਣੀ, ਆਪਣਾ ਭੇਵ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੇਵੇ ਦੱਸ, ਬੇਅੰਤ ਵਡੀ ਵਡਿਆਈਆ। ਥਿਰ ਘਰ ਦੁਆਰੇ ਜਾਏ ਵਸ, ਤੇਰਾ ਹੋਏ ਆਪ ਸਹਾਈਆ। ਤੇਰੇ ਅੰਤਰ ਭਰੇ ਰਸ, ਆਪ ਆਪਣਾ ਰਸ ਜਣਾਈਆ। ਤੇਰੇ ਗ੍ਰਹਿ ਕਰੇ ਪਰਕਾਸ਼, ਘਰ ਘਰ ਖ਼ੁਸ਼ੀ ਮਨਾਈਆ। ਆਪਣੀ ਪੂਰੀ ਕਰੇ ਆਸ, ਤੇਰੀ ਆਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸੁਤ ਸ਼ਬਦ ਹੋ ਨਿਮਾਣਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸਚ ਸੁਲਤਾਨਾ, ਹਉਂ ਬਾਲਕ ਸੇਵ ਕਮਾਇੰਦਾ। ਤੇਰਾ ਮੰਦਰ ਸਚ ਮਕਾਨਾ, ਪੁਰਖ ਅਬਿਨਾਸ਼ੀ ਮੋਹੇ ਭਾਇੰਦਾ। ਤੇਰਾ ਨਾਉਂ ਰਾਗ ਤਰਾਨਾ, ਗੁਣ ਏਕਾ ਇਕ ਜਣਾਇੰਦਾ। ਤੂੰ ਸਾਹਿਬ ਸੱਚਾ ਬੀਨਾ ਦਾਨਾ, ਦਾਤ ਅਨਮੁਲੜੀ ਇਕ ਵਰਤਾਇੰਦਾ। ਹਉਂ ਬਾਲਕ ਬਾਲ ਅਞਾਣਾ, ਭੇਵ ਕੋਇ ਨਾ ਆਇੰਦਾ। ਮੈਨੂੰ ਤੇਰਾ ਇਕੋ ਮਾਣਾ, ਦੂਜੀ ਓਟ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਝੁਕਾਇੰਦਾ। ਤੇਰੇ ਚਰਨਾਂ ਜਾਵਾਂ ਝੁਕ, ਝੁਕ ਝੁਕ ਆਪਣੀ ਖ਼ੁਸ਼ੀ ਮਨਾਈਆ। ਤੇਰੇ ਬਿਨਾਂ ਤੇਰਾ ਬੂਟਾ ਜਾਏ ਸੁੱਕ, ਹਰਾ ਸਿੰਚ ਨਾ ਕੋਇ ਕਰਾਈਆ। ਸਚਖੰਡ ਦੁਆਰੇ ਨਾ ਬਹਿਣਾ ਲੁਕ, ਥਿਰ ਘਰ ਤੇਰੀ ਆਸ ਰਖਾਈਆ। ਆਪਣੀ ਗੋਦੀ ਲੈਣਾ ਚੁੱਕ, ਤੇਰਾ ਪ੍ਰੇਮ ਮੇਰੀ ਵਡਿਆਈਆ। ਮੈਂ ਉਪਜਿਆ ਤੇਰੀ ਕੁੱਖ, ਜਨਮਿਆਂ ਬਿਨ ਪਿਤਾ ਮਾਈਆ। ਤੇਰੀ ਕਿਰਪਾ ਗਿਆ ਉਠ, ਦੂਸਰ ਬਲ ਨਾ ਕੋਇ ਰਖਾਈਆ। ਤੂੰ ਸਾਹਿਬ ਗਿਆ ਤੁਠ, ਹਉਂ ਦੀਨਨ ਮਾਣ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਿਰ ਮੇਰੇ ਰੱਖੀਂ ਹੱਥ, ਦੂਸਰ ਓਟ ਨਾ ਕੋਇ ਤਕਾਇੰਦਾ। ਤੇਰਾ ਤੇਰੇ ਹੋਏ ਵਸ, ਤੁਧ ਬਿਨ ਅਵਰ ਨਾ ਕੋਇ ਭਾਇੰਦਾ। ਸਦ ਗਾਵਾਂ ਤੇਰਾ ਜਸ, ਗਾ ਗਾ ਆਪਣੀ ਖ਼ੁਸ਼ੀ ਮਨਾਇੰਦਾ। ਤੇਰੇ ਦੁਆਰੇ ਆਵਾਂ ਨੱਸ, ਬਣ ਪਾਂਧੀ ਪੰਧ ਮੁਕਾਇੰਦਾ। ਤੂੰ ਅੱਗੋਂ ਮਿਲਣਾ ਹੱਸ ਹੱਸ, ਇਕੋ ਮੰਗ ਮੰਗਾਇੰਦਾ। ਏਕਾ ਮਾਰਗ ਦੇਣਾ ਦੱਸ, ਹਉਂ ਬਾਲਕ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਹੱਥ ਰੱਖੇ ਨਿਰੰਕਾਰ, ਨਿਰਾਕਾਰ ਦਇਆ ਕਮਾਇੰਦਾ। ਸ਼ਬਦੀ ਸੁਤ ਤੇਰਾ ਪਿਆਰ, ਬਣ ਪਿਆਰਾ ਪੂਰ ਕਰਾਇੰਦਾ। ਬਾਲੇ ਬਾਲ ਤੇਰਾ ਵਿਹਾਰ, ਬਾਲੀ ਬਾਲਾ ਖੇਲ ਕਰਾਇੰਦਾ। ਤਖ਼ਤ ਨਿਵਾਸੀ ਸ਼ਾਹਕਾਰ, ਸ਼ਹਿਨਸ਼ਾਹ ਰੂਪ ਧਰਾਇੰਦਾ। ਖੇਲ ਤਮਾਸ਼ੀ ਏਕੰਕਾਰ, ਅਕਲ ਕਲਾ ਵੇਸ ਵਟਾਇੰਦਾ। ਥਿਰ ਘਰ ਤੇਰੇ ਪਾਵੇ ਸਾਰ, ਥਿਰ ਘਰ ਸਾਚਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਾਚੇ ਸੁਤ ਤੇਰਾ ਨਿਸ਼ਾਨ, ਹਰਿ ਨਿਸ਼ਾਨਾ ਲਏ ਬਣਾਈਆ। ਤੇਰਾ ਰੂਪ ਬੇਪਹਿਚਾਨ, ਪਹਿਚਾਨ ਵਿਚ ਕਿਸੇ ਨਾ ਆਈਆ। ਤੇਰਾ ਨਾਦ ਸੱਚੀ ਧੁੰਨਕਾਨ, ਅਨਾਦੀ ਨਾਦ ਵਜਾਈਆ। ਅਨਡਿਠ ਤੇਰਾ ਮਕਾਨ, ਬੇਮਕਾਨ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਹੁਕਮ ਸੁਣਾਈਆ। ਸਾਚਾ ਹੁਕਮ ਏਕਾ ਵਾਰ, ਹਰਿ ਜੂ ਹਰਿ ਸੁਣਾਇਆ। ਤੇਰੀ ਮੇਰੀ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਖਿਲਾਇਆ। ਤੇਰਾ ਮੇਰਾ ਇਕ ਪਿਆਰ, ਏਕਾ ਵਣਜ ਰਿਹਾ ਜਣਾਈਆ। ਤੇਰਾ ਮੇਰਾ ਇਕ ਵਿਹਾਰ, ਬਣ ਵਿਹਾਰੀ ਹਰਿ ਸਮਝਾਇਆ। ਤੇਰਾ ਮੇਰਾ ਇਕ ਦੁਆਰ, ਬਣ ਦਰਬਾਰੀ ਪੜਦਾ ਲਾਹਿਆ। ਤੇਰਾ ਮੇਰਾ ਇਕ ਸ਼ਿੰਗਾਰ, ਹਰਿ ਸ਼ਬਦੀ ਸ਼ਬਦ ਸਮਝਾਇਆ। ਤੇਰਾ ਮੇਰਾ ਇਕ ਜੈਕਾਰ, ਜੈ ਜੈਕਾਰ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰਖਾਇਆ। ਆਪਣਾ ਦੱਸੇ ਹਰਿ ਜੂ ਰੰਗ, ਰੂਪ ਰੇਖ ਨਾ ਕੋਇ ਜਣਾਇੰਦਾ। ਆਪਣਾ ਵਖਾਏ ਸਚ ਪਲੰਘ, ਪਾਵਾ ਚੂਲ ਨਾ ਕੋਇ ਵਖਾਇੰਦਾ। ਆਪਣਾ ਵਜਾਏ ਆਪ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਆਪਣਾ ਚਖਾਏ ਆਪ ਅਨੰਦ, ਰਸਨਾ ਰਸ ਨਾ ਕੋਇ ਰਖਾਇੰਦਾ। ਆਪੇ ਹੋਏ ਸੂਰਾ ਸਰਬੰਗ, ਸਾਖਆਤ ਰੂਪ ਵਟਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨੂਰ ਨੁਰਾਨਾ ਡਗਮਗਾਇੰਦਾ। ਇਕੋ ਸੁਣਾਇਆ ਸਾਚਾ ਛੰਦ, ਸੋ ਪੁਰਖ ਨਿਰੰਜਣ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣੀ ਦਇਆ ਕਮਾਇੰਦਾ। ਥਿਰ ਘਰ ਦਇਆ ਕਮਾਏ ਦੀਨ ਦਿਆਲ, ਆਪਣੀ ਦਇਆ ਕਮਾਈਆ। ਸੁਤ ਦੁਲਾਰਾ ਵੇਖੇ ਲਾਲ, ਹਰਿ ਲਾਲਨ ਬੇਪਰਵਾਹੀਆ। ਆਪ ਬਣਾਏ ਸੱਚੀ ਧਰਮਸਾਲ, ਸਚ ਦੁਆਰੇ ਦਏ ਵਡਿਆਈਆ। ਆਪੇ ਵਸੇ ਨਾਲ ਨਾਲ, ਆਪਣਾ ਸੰਗ ਰਖਾਈਆ। ਆਪੇ ਕਰੇ ਸੱਚੀ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਆਪਣੀ ਘਾਲਣ ਆਪੇ ਘਾਲ, ਬਣ ਸੇਵਕ ਸੇਵ ਕਮਾਈਆ। ਕਰੇ ਖੇਲ ਪੁਰਖ ਅਕਾਲ, ਅਕਲ ਕਲ ਵਡ ਵਡਿਆਈਆ। ਸਾਚੇ ਸੁੱਤ ਤੇਰਾ ਦਲਾਲ, ਹਰਿ ਸਤਿਗੁਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਦੇਵੇ ਧਨ ਮਾਲ, ਸਚ ਖ਼ਜੀਨਾ ਹੱਥ ਫੜਾਈਆ। ਸਚ ਖ਼ਜ਼ੀਨਾ ਦੇਵੇ ਦਾਤ, ਸਾਚੀ ਝੋਲੀ ਆਪ ਭਰਾਇੰਦਾ। ਦਾਨਾ ਬੀਨਾ ਇਕ ਇਕਾਂਤ, ਏਕਾ ਘਰ ਸੋਭਾ ਪਾਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਸਾਚੀ ਹਾਟੀ ਆਪ ਜਣਾਇੰਦਾ। ਕਰੇ ਖੇਲ ਪੁਰਖ ਸਮਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਜਣਾਇੰਦਾ। ਆਪ ਜਣਾਏ ਰੂਪ ਅਨੂਪਾ, ਭੇਵ ਅਭੇਦ ਖੁਲ੍ਹਾਇਆ। ਲੇਖਾ ਜਾਣੇ ਸ਼ਾਹੋ ਭੂਪਾ, ਭੂਪਤ ਭੂਪ ਰੂਪ ਵਟਾਇਆ। ਵਸਣਹਾਰਾ ਸਾਚੀ ਕੂਟਾ, ਸਾਚੇ ਤਖ਼ਤ ਡੇਰਾ ਲਾਇਆ। ਥਿਰ ਘਰ ਲਾਇਆ ਆਪੇ ਬੂਟਾ, ਸ਼ਬਦੀ ਸੁਤ ਆਪ ਪਰਗਟਾਇਆ। ਠਾਕਰ ਸਵਾਮੀ ਆਪੇ ਤੁਠਾ, ਮਿਹਰਵਾਨ ਬੇਪਰਵਾਹੀਆ। ਅੰਮ੍ਰਿਤ ਰਸ ਦਏ ਅਨੂਠਾ, ਚਰਨ ਚਰਨ ਨਾਲ ਰਗੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਇਆ। ਮਿਹਰ ਨਜ਼ਰ ਪਾਏ ਭਗਵਾਨ, ਸ਼ਬਦੀ ਸ਼ਬਦ ਦਏ ਵਡਿਆਈਆ। ਕਰੇ ਖੇਲ ਖੇਲ ਮਹਾਨ, ਖੇਲਣਹਾਰ ਇਕ ਹੋ ਜਾਈਆ। ਰੂਪ ਅਨੂਪ ਸ੍ਰੀ ਭਗਵਾਨ, ਹਰਿ ਭਗਵਨ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਏਕਾ ਵਸਤ ਏਕਾ ਵਾਰ ਝੋਲੀ ਪਾਈਆ। ਏਕਾ ਵਾਰ ਝੋਲੀ ਭਰ, ਹਰਿ ਜੂ ਦਇਆ ਕਮਾਇੰਦਾ। ਨਿਰਭੌ ਚੁਕਾਏ ਭੈ ਡਰ, ਭੈ ਆਪਣਾ ਆਪ ਵਖਾਇੰਦਾ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਪੌੜੇ ਨਿਰਗੁਣ ਚੜ੍ਹ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਫੜ ਨਿਰਗੁਣ ਲੜ, ਨਿਰਗੁਣ ਬੰਧਨ ਪਾਇੰਦਾ। ਨਿਰਗੁਣ ਘਾੜਤ ਨਿਰਗੁਣ ਘੜ, ਨਿਰਗੁਣ ਰੰਗ ਰੰਗਾਇੰਦਾ। ਨਿਰਗੁਣ ਅੱਗੇ ਨਿਰਗੁਣ ਖੜ, ਨਿਰਗੁਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਪਰਗਟਾਇੰਦਾ। ਸਾਚੀ ਧਾਰ ਪੁਰਖ ਅਗੰਮ, ਆਪਣੀ ਆਪ ਪਰਗਟਾਈਆ। ਆਪਣੇ ਅੰਤਰ ਆਪੇ ਜੰਮ, ਕਰੇ ਖੇਲ ਬਿਨ ਪਿਤਾ ਮਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਆਪਣਾ ਭਾਣਾ ਆਪੇ ਮੰਨ, ਆਪੇ ਚਲੇ ਹੁਕਮ ਰਜ਼ਾਈਆ। ਆਪੇ ਵਸੇ ਸਾਚੇ ਛੱਪਰ ਛੰਨ, ਚਾਰ ਕੁੰਟ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣੇ ਪਿਤਾ ਮਾਈਆ । ਆਪੇ ਪਿਤਾ ਮਾਈ ਬਣੇ ਪੂਤ, ਪਾਰਬ੍ਰਹਮ ਹਰਿ ਖੇਲ ਖਿਲਾਇੰਦਾ। ਆਪੇ ਤਾਣਾ ਪੇਟਾ ਬਣ ਸੂਤ, ਸੂਤਰਧਾਰੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਨਿਰਗੁਣ ਧਾਰ ਨਿਰਵੈਰ ਅਜੂਨੀ ਰਹਿਤ ਆਪਣਾ ਵੇਸ ਵਟਾਇੰਦਾ। ਆਪਣਾ ਵੇਸ ਵਟਾਇਆ, ਹਰਿ ਆਪਣੀ ਦਇਆ ਕਮਾਈਆ । ਸ਼ਬਦੀ ਅੰਦਰ ਸ਼ਬਦ ਸਮਾਇਆ, ਸ਼ਬਦੀ ਖੇਲ ਕਰਾਈਆ। ਸ਼ਬਦ ਦਾਈ ਸ਼ਬਦ ਸ਼ਬਦ ਦਾਇਆ, ਸੇਵਕ ਸਾਚੀ ਸੇਵ ਕਮਾਈਆ। ਸ਼ਬਦੀ ਗੋਦ ਆਪ ਸੁਹਾਇਆ, ਆਪੇ ਵੇਖੇ ਚਾਈਂ ਚਾਈਂਆ। ਆਪਣਾ ਨੂਰ ਆਪ ਪਰਗਟਾਇਆ, ਨੂਰੋ ਨੂਰ ਨੂਰ ਰੁਸ਼ਨਾਈਆ। ਵਿਸ਼ਨੂੰ ਆਪਣਾ ਖੇਲ ਕਰਾਇਆ, ਵਿਸ਼ਵ ਏਕਾ ਘਰ ਵਖਾਈਆ। ਅੰਮ੍ਰਿਤ ਆਪਣਾ ਜਾਮ ਪਿਆਇਆ, ਭਰ ਪਿਆਲਾ ਸਚ ਸੁਰਾਈਆ। ਘਰ ਵਿਚ ਬੂਟਾ ਆਪ ਲਗਾਇਆ, ਕਵਲ ਕਵਲਾ ਆਪ ਲਗਾਈਆ। ਫੁਲ ਫੁਲਵਾੜੀ ਆਪ ਮਹਿਕਾਇਆ, ਬਣ ਮਾਲੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਰਤਾਈਆ। ਸਾਚੀ ਵਸਤ ਕਵਲ ਕਵਲਾ ਧਾਰ, ਕਵਲ ਨੈਣ ਆਪ ਵਰਤਾਇੰਦਾ। ਵਿਸ਼ਨੂੰ ਵਿਸ਼ਵ ਦਏ ਅਧਾਰ, ਵਾਸਤਕ ਆਪਣਾ ਭੇਵ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਕਰ ਤਿਆਰ, ਵੰਡਣਹਾਰਾ ਏਕਾ ਵੰਡ ਵੰਡਾਇੰਦਾ। ਨਿਰਗੁਣ ਰੂਪ ਨਿਰਾਕਾਰ ਕਰੇ ਖੇਲ ਅਪਰ ਅਪਾਰ, ਪਤ ਡਾਲ੍ਹੀ ਆਪ ਮਹਿਕਾਇੰਦਾ। ਗੁਲਸ਼ਨ ਵੇਖ ਸੱਚੀ ਗੁਲਜ਼ਾਰ, ਬ੍ਰਹਮਾ ਬ੍ਰਹਮ ਕਰ ਪਸਾਰ, ਆਪ ਆਪਣੇ ਰੰਗ ਰੰਗਾਇੰਦਾ। ਥਿਰ ਘਰ ਵੇਖੇ ਵੇਖਣਹਾਰ, ਸੁੰਨ ਅਗੰਮ ਭੇਵ ਨਿਆਰ, ਧੂਆਂਧਾਰ ਦਿਸ ਕਿਸੇ ਨਾ ਆਇੰਦਾ। ਜਨ ਜਨਨੀ ਬਣ ਕਰਤਾਰ, ਸ਼ੰਕਰ ਸੇਵ ਕਰੇ ਸੇਵਾ ਕਰਨੇਹਾਰ, ਆਪ ਆਪਣਾ ਰੰਗ ਰੰਗਾਇੰਦਾ। ਤਿੰਨਾਂ ਵਿਚੋਲਾ ਏਕੰਕਾਰ, ਹੁਕਮ ਹੁਕਮ ਆਪ ਸੁਣਾਇੰਦਾ। ਸ਼ਬਦੀ ਸ਼ਬਦ ਤੇਰਾ ਵਿਹਾਰ, ਬਿਵਹਾਰੀ ਆਪ ਰਖਾਇੰਦਾ। ਥਿਰ ਘਰ ਖੇਲ ਕਰੇ ਕਰਤਾਰ, ਆਪਣੀ ਰਚਨਾ ਆਪ ਰਚਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚਾ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਭੇਵ ਅਭੇਦਾ ਆਪਣਾ ਆਪ ਕਰਾਈਆ। ਵਿਸ਼ਨੂੰ ਵੇਖੇ ਮਾਰ ਧਿਆਨ, ਕਵਣ ਪਿਤਾ ਕਵਣ ਮਾਈਆ। ਕਵਣ ਦੇਵਣਹਾਰ ਧਿਆਨ, ਅੰਤਰ ਅੰਤਰ ਕਰੇ ਪੜ੍ਹਾਈਆ। ਕਵਣ ਹੋਏ ਨਿਗਹਬਾਨ, ਬਿਨ ਨੇਤਰ ਵੇਖ ਵਖਾਈਆ। ਕਵਣ ਵਸਾਏ ਸਚ ਮਕਾਨ, ਸਾਚੇ ਧਾਮ ਦਏ ਵਡਿਆਈਆ। ਕਵਣ ਮੇਲਾ ਮਿਲਾਏ ਆਣ, ਆਪ ਆਪਣੀ ਦਇਆ ਕਮਾਈਆ। ਕਵਣ ਦੇਵੇ ਚਰਨ ਧਿਆਨ, ਚਰਨ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਖੋਲ੍ਹੇ ਭਗਵੰਤ, ਆਪਣੀ ਦਇਆ ਕਮਾਇੰਦਾ। ਇਕੋ ਨਾਰ ਇਕੋ ਕੰਤ, ਇਕੋ ਵੇਸ ਵਟਾਇੰਦਾ। ਇਕ ਬਣਾਏ ਸਾਚੀ ਬਣਤ, ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ। ਇਕੋ ਪੁਰਖ ਆਦਿ ਅੰਤ, ਜਨਮ ਮਰਨ ਵਿਚ ਨਾ ਆਇੰਦਾ। ਇਕੋ ਮਹਿਮਾ ਗਾਏ ਅਗਣਤ, ਬਿਨ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਏਕੰਕਾਰ, ਏਕਾ ਏਕ ਜਣਾਈਆ। ਵਿਸ਼ਨੂੰ ਰਹਿਣਾ ਖ਼ਬਰਦਾਰ, ਸਚ ਸੰਦੇਸਾ ਹਰਿ ਸੁਣਾਈਆ। ਬ੍ਰਹਮਾ ਬ੍ਰਹਮ ਹੋਏ ਉਜਿਆਰ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਲੇਖਾ ਧੂਆਂਧਾਰ, ਸੁੰਨ ਅਗੰਮੀ ਵੇਖ ਵਖਾਈਆ। ਸਾਖਆਤ ਰੂਪ ਨਿਰੰਕਾਰ, ਜੋਤ ਸ਼ਬਦ ਕਰੇ ਸ਼ਨਵਾਈਆ। ਸ਼ਬਦੀ ਸ਼ਬਦ ਵਡ ਭੰਡਾਰ, ਹਰਿ ਭੰਡਾਰਾ ਆਪ ਵਰਤਾਈਆ। ਵਸਤ ਦੇਵੇ ਏਕਾ ਵਾਰ, ਅਤੋਟ ਅਤੁਟ ਰਖਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਦਏ ਸਮਝਾਈਆ। ਸ਼ੰਕਰ ਸੰਸਾ ਦਏ ਨਿਵਾਰ, ਸ਼ਰਅ ਆਪਣੀ ਆਪ ਜਣਾਈਆ। ਤਿੰਨਾਂ ਵਿਚੋਲਾ ਬਣ ਪੁਰਖ ਨਿਰੰਕਾਰ, ਏਕਾ ਗੁਣ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਇਕ ਜਣਾਇੰਦਾ। ਸ਼ਬਦੀ ਸ਼ਬਦ ਚਲਾਈ ਰੀਤਾ, ਵਿਸ਼ਨ ਬ੍ਰਹਮਾ ਸ਼ਿਵ ਆਪ ਪਰਗਟਾਇੰਦਾ। ਧਾਮ ਜਣਾਏ ਇਕ ਅਨਡੀਠਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਠਾਂਡਾ ਸੀਤਾ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਵਿਸ਼ਨੂੰ ਭੇਵ ਦੱਸੇ ਭਗਵਾਨਾ, ਆਪਣੀ ਦਇਆ ਕਮਾਈਆ । ਬ੍ਰਹਮੇ ਵੇਖੇ ਮਾਰ ਧਿਆਨਾ, ਪਾਰਬ੍ਰਹਮ ਵਡ ਵਡਿਆਈਆ। ਸ਼ੰਕਰ ਤੇਰਾ ਇਕ ਨਿਸ਼ਾਨਾ, ਸ਼ਾਹ ਪਾਤਸ਼ਾਹ ਆਪ ਸਮਝਾਈਆ। ਤਿੰਨਾਂ ਕੋਲੋਂ ਮੰਗੇ ਇਕ ਬਿਆਨਾ, ਏਕਾ ਹੁਕਮ ਵਰਤਾਈਆ। ਕਰੇ ਖੇਲ ਖੇਲ ਮਹਾਨਾ, ਆਪਣਾ ਮਾਰਗ ਲਾਈਆ। ਤਿੰਨਾਂ ਦੇਵੇ ਇਕੋ ਦਾਨਾ, ਏਕਾ ਵਾਰੋ ਵਾਰ ਵਰਤਾਈਆ। ਤ੍ਰੈਗੁਣ ਮਾਇਆ ਕਰ ਪਰਧਾਨਾ, ਪੱਲੇ ਗੰਢ ਪੁਵਾਈਆ। ਬ੍ਰਹਿਮੰਡ ਖੰਡ ਨਿਸ਼ਾਨਾ, ਲੋਆਂ ਪੁਰੀਆਂ ਦਏ ਝੁਲਾਈਆ। ਰਵ ਸਸ ਕਿਰਨ ਕਿਰਨ ਮਹਾਨਾ, ਨੂਰ ਨੂਰ ਨੂਰ ਰੁਸ਼ਨਾਈਆ। ਮੰਡਲ ਮੰਡਪ ਇਕ ਅਸਥਾਨਾ, ਥਾਨ ਥਨੰਤਰ ਦਏ ਬਣਾਈਆ। ਪੰਚਮ ਤੱਤ ਤੱਤ ਵਿਖਾਨਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਈਆ। ਜਲ ਜਲ ਬਿੰਬ ਸਮਾਨਾ, ਧਰਨੀ ਧਰਤ ਧਵਲ ਧੌਲ ਵਡਿਆਈਆ। ਲੇਖਾ ਕਰ ਦੋ ਜਹਾਨਾਂ, ਦੋਏ ਦੋਏ ਰੂਪ ਆਪ ਸਮਝਾਈਆ। ਨਿਰਗੁਣ ਸਰਗੁਣ ਖੇਲੇ ਖੇਲ ਮਹਾਨਾ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਸਚ ਭੰਡਾਰ ਇਕ ਵਰਤਾਨਾ, ਵਿਸ਼ਨੂੰ ਵਿਸ਼ਵ ਦਏ ਸਮਝਾਈਆ। ਬ੍ਰਹਮੇ ਤੇਰਾ ਬ੍ਰਹਮ ਵਖਾਨਾ, ਬ੍ਰਹਮ ਏਕਾ ਰੂਪ ਵਖਾਈਆ। ਸ਼ੰਕਰ ਮੇਟੇ ਅੰਤ ਨਿਸ਼ਾਨਾ, ਜੋ ਘੜਿਆ ਭੰਨ ਵਖਾਈਆ। ਸ਼ਬਦੀ ਸ਼ਬਦ ਸਚ ਤਰਾਨਾ, ਸਤਿ ਸਤਿਵਾਦੀ ਇਕ ਸੁਣਾਈਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਘਰ ਘਰ ਸਗਨ ਮਨਾਈਆ। ਕਰੇ ਖੇਲ ਸ੍ਰੀ ਭਗਵਾਨਾ, ਅਨਭਵ ਆਪਣੀ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਸੁਣਾਈਆ। ਧੁਰ ਫ਼ਰਮਾਨਾ ਹਰਿ ਜਗਦੀਸ, ਆਦਿ ਆਦਿ ਸੁਣਾਇੰਦਾ। ਏਕਾ ਛਤਰ ਝੁੱਲੇ ਹਰਿ ਜੂ ਸੀਸ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਏਕਾ ਹੁਕਮ ਇਕ ਹਦੀਸ, ਏਕਾ ਸ਼ਬਦੀ ਸ਼ਬਦ ਸੁਣਾਇੰਦਾ। ਏਕਾ ਪੀਸਣ ਲੈਣਾ ਪੀਸ, ਸਾਚੀ ਸੇਵਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਆਪ ਉਠਾਇੰਦਾ। ਸ਼ਬਦ ਦੁਲਾਰੇ ਉਠ ਉਠ ਜਾਗ, ਹਰਿ ਹਰਿ ਆਪ ਜਗਾਇਆ। ਤੇਰੀ ਗੋਦੀ ਲੱਗਾ ਭਾਗ, ਵਿਸ਼ਨ ਬ੍ਰਹਮਾ ਸ਼ਿਵ ਸੁਹਾਇਆ। ਤ੍ਰੈਗੁਣ ਮਾਇਆ ਬੱਧਾ ਤਾਗ, ਪੰਚਮ ਤੱਤ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਇਆ। ਸਾਚਾ ਖੇਲ ਦੱਸੇ ਅਬਿਨਾਸ਼ਾ, ਆਪਣੀ ਦਇਆ ਕਮਾਈਆ। ਸ਼ਬਦੀ ਸ਼ਬਦ ਤੇਰਾ ਤਮਾਸ਼ਾ, ਵਿਸ਼ਨ ਬ੍ਰਹਮਾ ਸ਼ਿਵ ਨਾਚ ਨਚਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਕਰ ਵਾਸਾ, ਦੋ ਜਹਾਨਾਂ ਵੇਖ ਵਖਾਈਆ। ਵੇਖ ਵਖਾਏ ਪ੍ਰਿਥਮੀ ਅਕਾਸ਼ਾ, ਅਕਾਸ਼ ਆਕਾਸ਼ਾਂ ਉਪਰ ਡੇਰਾ ਲਾਈਆ। ਰਵ ਸਸ ਕਰ ਪਰਕਾਸ਼ਾ, ਮੰਡਲ ਮੰਡਪ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸੁਤ ਸ਼ਬਦ ਹੋ ਤਿਆਰ, ਹਰਿ ਸਤਿਗੁਰ ਆਪ ਜਣਾਇੰਦਾ। ਲੱਖ ਚੁਰਾਸੀ ਤੇਰਾ ਪਸਾਰ, ਤੇਰੀ ਝੋਲੀ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵ ਸਮਝਾਇੰਦਾ। ਘਰ ਘਰ ਮੰਦਰ ਕਰ ਤਿਆਰ, ਘਰ ਘਰ ਜੋਤ ਜਗਾਇੰਦਾ। ਘਰ ਘਰ ਨਾਦ ਸ਼ਬਦ ਧੁੰਨਕਾਰ, ਘਰ ਘਰ ਰਾਗ ਅਲਾਇੰਦਾ। ਘਰ ਘਰ ਬ੍ਰਹਮ ਕਰ ਪਸਾਰ, ਪਾਰਬ੍ਰਹਮ ਖ਼ੁਸ਼ੀ ਮਨਾਇੰਦਾ। ਘਰ ਘਰ ਸੇਜਾ ਮਾਣੇ ਬਣ ਭਤਾਰ, ਲੱਖ ਚੁਰਾਸੀ ਨਾਰੀ ਆਪ ਹੰਡਾਇੰਦਾ। ਘਰ ਘਰ ਰੱਖੇ ਧੂਆਂਧਾਰ, ਅੰਧ ਅੰਧੇਰ ਵਖਾਇੰਦਾ। ਘਰ ਘਰ ਰੱਖੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਨਾਲ ਮਿਲਾਇੰਦਾ। ਘਰ ਘਰ ਜੂਠ ਝੂਠ ਕਰੇ ਪਸਾਰ, ਘਰ ਘਰ ਹਉਮੇ ਹੰਗਤਾ ਗੜ੍ਹ ਬਣਾਇੰਦਾ। ਘਰ ਘਰ ਮਨ ਮਤ ਬੁਧ ਦਏ ਅਧਾਰ, ਘਰ ਘਰ ਰਾਗੀ ਰਾਗ ਸੁਣਾਇੰਦਾ। ਘਰ ਘਰ ਅੰਮ੍ਰਿਤ ਜਲ ਰੱਖੇ ਠੰਡਾ ਠਾਰ, ਘਰ ਘਰ ਅਗਨੀ ਅੱਗ ਜਲਾਇੰਦਾ। ਘਰ ਘਰ ਵੇਖੇ ਮਹੱਲ ਅਟਾਰ, ਘਰ ਘਰ ਡੂੰਘੀ ਕੰਦਰ ਮੁੱਖ ਛੁਪਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਸ਼ਬਦ ਸੁਣ ਸੰਦੇਸਾ, ਘਰ ਆਪਣੇ ਖ਼ੁਸ਼ੀ ਮਨਾਈਆ। ਤੂੰ ਸਾਹਿਬ ਨਰ ਨਰੇਸ਼ਾ, ਤੇਰੇ ਹੱਥ ਵਡੀ ਵਡਿਆਈਆ। ਤੂੰ ਮੇਰਾ ਬਣਾਇਆ ਪੇਸ਼ਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਮੈਂ ਵਸਾਂ ਦੇਸ ਪਰਦੇਸਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਸਣ ਲਾਈਆ। ਕਵਣ ਬਿਧ ਦਰਸਨ ਤੇਰਾ ਪੇਖਾਂ, ਘਰ ਆਪਣੇ ਖ਼ੁਸ਼ੀ ਮਨਾਈਆ। ਕਵਣ ਕਰੇ ਤੇਰਾ ਲੇਖਾ, ਆਪਣੀ ਬਿਧ ਦੇਣੀ ਸਮਝਾਈਆ। ਕਵਣ ਰੂਪ ਧਰੇ ਵੇਸਾ, ਅਨਕ ਕਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਦੇਣੀ ਸਮਝਾਈਆ। ਸਾਚੀ ਬਣਤ ਸਮਝਾਏ ਰਘੁਨਾਥ, ਆਪਣੀ ਦਇਆ ਕਮਾਇੰਦਾ। ਸ਼ਬਦੀ ਸ਼ਬਦ ਤੇਰਾ ਸਾਥ, ਮਹਾਂਕਾਲ ਰੂਪ ਵਟਾਇੰਦਾ। ਮਹਾਂਕਾਲ ਮੰਗੇ ਦਾਤ, ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਬੈਠ ਇਕਾਂਤ, ਆਪ ਆਪਣੀ ਖੇਲ ਕਰਾਇੰਦਾ। ਵੇਖਣਹਾਰਾ ਮਾਰ ਝਾਤ, ਝਾਕੀ ਆਪਣੀ ਇਕ ਰਖਾਇੰਦਾ । ਦੋ ਜਹਾਨਾਂ ਖੋਲ੍ਹ ਤਾਕ, ਸਾਚਾ ਮੰਦਰ ਆਪ ਸੁਹਾਇੰਦਾ। ਸਾਚੇ ਘੋੜੇ ਚੜ੍ਹ ਰਾਕ, ਸ਼ਾਹ ਸਵਾਰਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਂਕਾਲ ਖੇਲ ਖਿਲਾਇੰਦਾ। ਮਹਾਂਕਾਲ ਹੋਏ ਨਿਮਾਣਾ, ਨਿਉਂ ਨਿਉਂ ਸੀਸ ਝੁਕਾਈਆ। ਏਕਾ ਮੰਗੇ ਸਾਚਾ ਦਾਨਾ, ਆਪਣੀ ਝੋਲੀ ਅੱਗੇ ਡਾਹੀਆ। ਕਰੇ ਖੇਲ ਸ੍ਰੀ ਭਗਵਾਨਾ, ਤੇਰੇ ਹੱਥ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬੱਧਾ ਗਾਨਾ, ਲੱਖ ਚੁਰਾਸੀ ਕਰੀ ਕੁੜਮਾਈਆ। ਘਟ ਘਟ ਤੇਰਾ ਰੂਪ ਨਿਸ਼ਾਨਾ, ਈਸ਼ ਜੀਵ ਭੇਵ ਚੁਕਾਈਆ। ਘਰ ਘਰ ਤੇਰਾ ਰਾਗ ਤਰਾਨਾ, ਤਾਰ ਸਿਤਾਰ ਹਿਲਾਈਆ। ਘਰ ਘਰ ਤੇਰਾ ਖੇਲ ਮਹਾਨਾ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਸ ਬਿਧ ਤੇਰਾ ਲੇਖਾ ਤੇਰੇ ਲੇਖੇ ਪਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਸੁਣ ਸੁਤ ਮਹਾਂਕਾਲਾ, ਭੇਵ ਅਭੇਦ ਜਣਾਇੰਦਾ। ਆਦਿ ਜੁਗਾਦਿ ਬਣ ਰਖਵਾਲਾ, ਹਰਿ ਸਿਰ ਸਿਰ ਹੱਥ ਰਖਾਇੰਦਾ। ਤੇਰਾ ਮਾਰਗ ਦੱਸੇ ਸੁਖਾਲਾ, ਤੇਰੀ ਗੋਦੀ ਭਾਗ ਲਗਾਇੰਦਾ। ਤੇਰੇ ਅੰਤਰ ਉਪਜੇ ਬਾਲਾ, ਚਿਤਰ ਗੁਪਤ ਨਾਉਂ ਰਖਾਇੰਦਾ। ਚਿਤਰ ਗੁਪਤ ਫਲ ਲੱਗੇ ਡਾਲ੍ਹਾ, ਰਾਏ ਧਰਮ ਆਪ ਪਰਗਟਾਇੰਦਾ। ਰਾਏ ਧਰਮ ਹੋ ਬੇਹਾਲਾ, ਨੇਤਰ ਰੋ ਰੋ ਨੀਰ ਵਹਾਇੰਦਾ। ਪਾਰਬ੍ਰਹਮ ਤੇਰਾ ਖੇਲ ਨਿਰਾਲਾ, ਭੇਵ ਕੋਇ ਨਾ ਆਇੰਦਾ । ਲੱਖ ਚੁਰਾਸੀ ਘਰ ਘਰ ਅੰਦਰ ਤੇਰਾ ਲੱਗਿਆ ਤਾਲਾ, ਬ੍ਰਹਮ ਪੜਦਾ ਨਾ ਕੋਇ ਉਠਾਇੰਦਾ। ਲੱਖ ਚੁਰਾਸੀ ਤੇਰੀ ਧਰਮਸਾਲਾ, ਤੂੰ ਹਰਿ ਥਾਂ ਨਜ਼ਰੀ ਆਇੰਦਾ। ਏਕਾ ਮਾਰਗ ਦੇ ਸੁਖਾਲਾ, ਹਉਂ ਬਾਲਕ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਰਾਏ ਧਰਮ ਹਰਿ ਹੋ ਦਿਆਲ, ਸਿਰ ਆਪਣਾ ਹੱਥ ਟਿਕਾਈਆ। ਤੇਰੇ ਅੰਤਰ ਉਪਜੇ ਕਾਲ, ਹਰਿ ਜੂ ਸਾਚੀ ਬਣਤ ਬਣਾਈਆ। ਲੱਖ ਚੁਰਾਸੀ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਅੰਤਮ ਫਲ ਰਹਿਣ ਨਾ ਦੇਵੇ ਤੇਰੇ ਡਾਲ, ਪਤ ਡਾਲ੍ਹੀ ਦਏ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਕਾਲ ਰੂਪ ਉਠਿਆ ਕਾਲ, ਪ੍ਰਭ ਅੱਗੇ ਸੀਸ ਝੁਕਾਇੰਦਾ। ਲੱਖ ਚੁਰਾਸੀ ਤੇਰਾ ਹਾਲ, ਘਰ ਘਰ ਤੂ ਹੀ ਨਜ਼ਰੀ ਆਇੰਦਾ। ਮੈਂ ਨਿਮਾਣਾ ਹੋਇਆ ਕੰਗਾਲ, ਆਪਣਾ ਬਲ ਨਾ ਕੋਇ ਰਖਾਇੰਦਾ। ਤੇਰੇ ਅੱਗੇ ਕਰਾਂ ਇਕ ਸੁਵਾਲ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਤੇਰੀ ਸੇਵ ਕਮਾਇੰਦਾ। ਸੇਵਾ ਦੱਸੇ ਹਰਿ ਨਿਰੰਕਾਰਾ, ਆਪਣਾ ਭੇਵ ਖੁਲ੍ਹਾਈਆ। ਕਾਲ ਕਾਲ ਤੇਰਾ ਸਚ ਪਸਾਰਾ, ਹਰਿ ਪਸਾਰੀ ਆਪ ਜਣਾਈਆ। ਤੇਰਾ ਭੇਵ ਕਰੇ ਨਿਆਰਾ, ਨਿਰਾਕਾਰ ਵਡੀ ਵਡਿਆਈਆ। ਤੇਰਾ ਵਸਾਏ ਇਕ ਦੁਆਰਾ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਤੇਰੀ ਇਛਿਆ ਬਣੇ ਤੇਰੀ ਨਾਰਾ, ਨਾਰ ਕੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਰ ਕੰਤ ਖੇਲ ਅਪਾਰਾ, ਹਰਿ ਕਾਲ ਕਾਲ ਜਣਾਇੰਦਾ। ਰਾਏ ਧਰਮ ਵੇਖੇ ਵੇਖਣਹਾਰਾ, ਵੇਖ ਵੇਖ ਖ਼ੁਸ਼ੀ ਮਨਾਇੰਦਾ। ਮੈਂ ਇਕ ਇਕੱਲਾ ਰਿਹਾ ਕੁਆਰਾ, ਮੇਰਾ ਸੰਗ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਸੱਚਾ ਸਚ ਦੁਆਰਾ, ਖ਼ਾਲੀ ਕੋਈ ਨਜ਼ਰ ਨਾ ਆਇੰਦਾ। ਮੈਂ ਢਹਿ ਢਹਿ ਕਰਾਂ ਨਿਮਸਕਾਰਾ, ਇਕੋ ਇਕੋ ਮੰਗ ਮੰਗਾਇੰਦਾ। ਕਾਲ ਨਾਲ ਮੇਰਾ ਹੋਏ ਪਿਆਰਾ, ਸਾਚੀ ਗੰਢ ਪੁਵਾਇੰਦਾ। ਦੋਹਾਂ ਅੰਤਰ ਇਕੋ ਧਾਰਾ, ਏਕਾ ਰੰਗ ਰੰਗਾਇੰਦਾ। ਏਕਾ ਨੂਰ ਹੋਏ ਉਜਿਆਰਾ, ਪਿਤਾ ਪੂਤ ਵੇਖ ਵਖਾਇੰਦਾ। ਲੱਖ ਚੁਰਾਸੀ ਕਰੇ ਵਣਜ ਵਣਜਾਰਾ, ਸਾਚਾ ਵਣਜ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸਮਝਾਇੰਦਾ। ਰਾਏ ਧਰਮ ਤੇਰਾ ਹੋਇਆ ਸੰਗ, ਕਾਲ ਕਾਲ ਪਰਨਾਈਆ। ਇਕੋ ਸੇਜ ਇਕ ਪਲੰਘ, ਏਕਾ ਬਸਤਰ ਦਏ ਸੁਹਾਈਆ। ਏਕਾ ਸੇਜ ਇਕ ਅਨੰਦ, ਏਕਾ ਰਸ ਦਏ ਵਖਾਈਆ। ਏਕਾ ਚੜ੍ਹੇ ਜਗਤ ਚੰਦ, ਸਾਚਾ ਚੰਦ ਦਏ ਚਮਕਾਈਆ। ਲੱਖ ਚੁਰਾਸੀ ਕਰੇ ਖੰਡ ਖੰਡ, ਘਰ ਘਰ ਆਪਣਾ ਫੇਰਾ ਪਾਈਆ। ਸਦਾ ਬਣੀ ਰਹੇ ਨਾਰ ਦੁਹਾਗਣ ਰੰਡ, ਸਾਚਾ ਕੰਤ ਨਜ਼ਰ ਨਾ ਆਈਆ। ਲਾੜੀ ਮੌਤ ਉਪਜੇ ਤੇਰੀ ਬਿੰਦ, ਜਗਤ ਸਪੁੱਤਰੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਸਮਝਾਈਆ। ਲਾੜੀ ਮੌਤ ਕਾਲ ਮੀਤ, ਧਰਮ ਰਾਏ ਖੇਲ ਖਿਲਾਇਆ। ਚਿਤਰ ਗੁਪਤ ਪਰਖੇ ਨੀਤ, ਘਟ ਘਟ ਵੇਖ ਵਖਾਇਆ। ਮਹਾਂਕਾਲ ਠਾਂਡਾ ਸੀਤ, ਦਰ ਘਰ ਸਾਚੇ ਸੋਭਾ ਪਾਇਆ। ਸ਼ਬਦੀ ਸ਼ਬਦ ਇਕ ਅਤੀਤ, ਹੁਕਮੀ ਹੁਕਮ ਇਕ ਵਰਤਾਇਆ। ਲੱਖ ਚੁਰਾਸੀ ਵੇਖੇ ਪਰਖੇ ਨੀਤ, ਨੀਤੀਵਾਨ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਇਆ। ਵਸਤ ਅਮੋਲਕ ਮਿਲਿਆ ਭੰਡਾਰਾ, ਹਰਿ ਜੂ ਰਚਨਾ ਸਚ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਕ ਸੇਵਾਦਾਰਾ, ਮਹਾਂਕਾਲ ਆਪਣਾ ਰੰਗ ਵਖਾਈਆ। ਚਿਤਰ ਗੁਪਤ ਬਣ ਲਿਖਾਰਾ, ਰਾਏ ਧਰਮ ਹਿਸਾਬ ਮੁਕਾਈਆ। ਕਾਲ ਵਜਾਏ ਇਕ ਨਗਾਰਾ, ਲਾੜੀ ਮੌਤ ਕਰੇ ਪੜ੍ਹਾਈਆ। ਥਿਰ ਰਹੇ ਨਾ ਕੋਈ ਵਿਚ ਸੰਸਾਰਾ, ਜੋ ਘੜਿਆ ਸੋ ਭੰਨ ਵਖਾਈਆ। ਏਕਾ ਹੁਕਮ ਧੁਰ ਦਰਬਾਰਾ, ਹਰਿ ਦਰਬਾਰੀ ਆਪ ਸੁਣਾਈਆ। ਸ਼ਬਦ ਸੁਤ ਨਿਉਂ ਨਿਉਂ ਕਰੇ ਨਿਮਸਕਾਰਾ, ਪਾਰਬ੍ਰਹਮ ਤੇਰੀ ਵਡਿਆਈਆ। ਏਕਾ ਦੱਸ ਆਪਣਾ ਸਚ ਵਿਹਾਰਾ, ਕਿਸ ਬਿਧ ਆਪਣਾ ਰੂਪ ਵਟਾਈਆ। ਲੋਕਮਾਤ ਹੋਏ ਉਜਿਆਰਾ, ਪਰਲੋਕ ਵੇਖ ਵਖਾਈਆ। ਬ੍ਰਹਿਮੰਡ ਖੰਡ ਵਜਾਏ ਨਗਾਰਾ, ਲੋਆਂ ਪੁਰੀਆਂ ਨਾਦ ਸੁਣਾਈਆ। ਲੱਖ ਚੁਰਾਸੀ ਦਏ ਅਧਾਰਾ, ਅੰਡਜ ਜੇਰਜ ਸੇਤਜ ਉਤਭੁਜ ਫੇਰਾ ਪਾਈਆ। ਕਾਗਦ ਕਲਮ ਬਣੇ ਲਿਖਾਰਾ, ਲਿਖ ਲਿਖ ਆਪਣਾ ਗੁਣ ਜਣਾਈਆ। ਰਾਗ ਨਾਦ ਬੋਲ ਜੈਕਾਰਾ, ਜੈ ਜੈਕਾਰ ਕਰੇ ਸ਼ਨਵਾਈਆ। ਸਚਖੰਡ ਨਿਵਾਸੀ ਵਖਾਏ ਸਚ ਦੁਆਰਾ, ਦੋਏ ਦੋਏ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਏਕਾ ਵਰ ਦੇਵੇ ਦਾਤਾਰ, ਆਪਣੀ ਦਇਆ ਕਮਾਇੰਦਾ। ਏਕਾ ਵਸਤ ਇਕ ਭੰਡਾਰ, ਹਰਿ ਏਕਾ ਏਕ ਵਰਤਾਇੰਦਾ। ਏਕਾ ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰ, ਏਕਾ ਸਾਚੀ ਸੇਵ ਲਗਾਇੰਦਾ। ਏਕਾ ਤ੍ਰੈਗੁਣ ਮਾਇਆ ਕਰ ਤਿਆਰ, ਏਕਾ ਪੰਚਮ ਗੰਢ ਪੁਵਾਇੰਦਾ। ਏਕਾ ਲੱਖ ਚੁਰਾਸੀ ਕਰ ਆਕਾਰ, ਏਕਾ ਨਿਰਾਕਾਰ ਵੇਖ ਵਖਾਇੰਦਾ। ਏਕਾ ਜੋਤੀ ਜੋਤ ਕਰ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਏਕਾ ਸ਼ਬਦੀ ਸ਼ਬਦ ਧੁੰਨਕਾਰ, ਏਕਾ ਰਾਗੀ ਰਾਗ ਅਲਾਇੰਦਾ। ਏਕਾ ਵਿਸ਼ਨੂੰ ਦੇਵੇ ਪਿਆਰ, ਏਕਾ ਬ੍ਰਹਮੇ ਧਾਰ ਚਲਾਇੰਦਾ। ਏਕਾ ਬੋਧ ਅਗਾਧ ਜੈਕਾਰ, ਜੈ ਜੈਕਾਰ ਇਕ ਸੁਣਾਇੰਦਾ। ਏਕਾ ਲੇਖਾ ਜਾਣੇ ਵੇਦ ਚਾਰ, ਚਾਰੇ ਜੁਗ ਵੰਡ ਵੰਡਾਇੰਦਾ। ਏਕਾ ਚਾਰੇ ਖਾਣੀ ਕਰ ਤਿਆਰ, ਚਾਰੇ ਬਾਣੀ ਇਕ ਸੁਣਾਇੰਦਾ। ਏਕਾ ਚਾਰੇ ਵਰਨ ਕਰੇ ਪਸਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਏਕਾ ਰਵ ਸਸ ਦਏ ਅਧਾਰ, ਏਕਾ ਆਪਣਾ ਹੁਕਮ ਵਰਤਾਇੰਦਾ। ਏਕਾ ਜੁਗ ਚੌਕੜੀ ਵੰਡੇ ਵੰਡ ਵਿਚ ਸੰਸਾਰ, ਲੋਕਮਾਤ ਵੇਖ ਵਖਾਇੰਦਾ। ਏਕਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਪਸਾਰ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਏਕਾ ਜੁਗ ਜੁਗ ਲਏ ਅਵਤਾਰ, ਰੂਪ ਅਨੂਪ ਆਪ ਧਰਾਇੰਦਾ। ਏਕਾ ਖੇਲੇ ਖੇਲ ਅਗੰਮ ਅਪਾਰ, ਅਗੋਚਰ ਆਪਣਾ ਭੇਵ ਖੁਲ੍ਹਾਇੰਦਾ। ਏਕਾ ਰਾਗਾਂ ਨਾਦਾਂ ਵਸੇ ਬਾਹਰ, ਏਕਾ ਗੀਤ ਗੋਬਿੰਦ ਅਲਾਇੰਦਾ। ਏਕਾ ਸਤਿਜੁਗ ਸਾਚਾ ਵੇਖੇ ਆਣ, ਮਾਟੀ ਭਾਂਡਾ ਕਾਚਾ ਫੋਲ ਫੋਲਾਇੰਦਾ। ਏਕਾ ਤ੍ਰੇਤਾ ਤ੍ਰੀਆ ਦਏ ਅਧਾਰ, ਤ੍ਰੈਗੁਣ ਅਤੀਤਾ ਸਾਚਾ ਮੀਤਾ ਖੇਲ ਖਿਲਾਇੰਦਾ। ਏਕਾ ਕਾਹਨ ਕਰੇ ਸ਼ਿੰਗਾਰ, ਦੋਏ ਦੋਏ ਲੋਚਣ, ਦੋਏ ਦੋਏ ਰੂਪ ਧਰਾਇੰਦਾ। ਏਕਾ ਬੋਲ ਹੱਕ ਜੈਕਾਰ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਏਕਾ ਲਾਸ਼ਰੀਕ ਬੇਐਬ ਪਰਵਰਦਿਗਾਰ, ਬੇਨਕ਼ਾਬ ਇਕ ਅਖਵਾਇੰਦਾ। ਏਕਾ ਸਚਖੰਡ ਵਸੇ ਮਕਾਨ ਨਿਆਰ, ਏਕਾ ਸਤਿ ਸਤਿਨਾਮ ਦ੍ਰਿੜਾਇੰਦਾ। ਏਕਾ ਡੰਕਾ ਵਜਾਏ ਅਪਰ ਅਪਾਰ, ਰਾਓ ਰੰਕਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਆਪਣਾ ਖੇਲ ਜਣਾਏ ਹਰਿ ਹਰਿ, ਆਪਣੀ ਦਇਆ ਕਮਾਈਆ। ਏਕਾ ਦੇਵੇ ਸਾਚਾ ਵਰ ਵਰ, ਵਰ ਦਾਤਾ ਬੇਪਰਵਾਹੀਆ। ਏਕਾ ਲੱਖ ਚੁਰਾਸੀ ਭਾਂਡੇ ਵੇਖੇ ਘੜ ਘੜ, ਏਕਾ ਭੰਨ ਵਖਾਈਆ। ਏਕਾ ਨਿਰਭੌ ਚੁਕਾਏ ਡਰ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਏਕਾ ਬੰਨ੍ਹੇ ਆਪਣੇ ਲੜ ਲੜ, ਏਕਾ ਪੱਲੂ ਲਏ ਫੜਾਈਆ। ਏਕਾ ਨੁਹਾਏ ਸਾਚੇ ਸਰ ਸਰ, ਏਕਾ ਦੁਰਮਤ ਮੈਲ ਧੁਵਾਈਆ। ਏਕਾ ਆਵੇ ਜਾਵੇ ਜੰਮੇ ਮਰ ਮਰ, ਜੂਨੀ ਜੂਨ ਜੂਨ ਭੁਵਾਈਆ। ਏਕਾ ਦਰਸ ਦਿਖਾਵੇ ਖੜ ਖੜ, ਨਿਰਗੁਣ ਸਰਗੁਣ ਹੋਏ ਸਹਾਈਆ। ਏਕਾ ਵੇਖੇ ਸਾਚੇ ਪੌੜੇ ਚੜ੍ਹ ਚੜ੍ਹ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਏਕਾ ਬਿਨ ਅੱਖਰ ਵਿਦਿਆ ਪੜ੍ਹ ਪੜ੍ਹ, ਲੱਖ ਚੁਰਾਸੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣਾ ਭੇਵ ਜਣਾਈਆ। ਸ਼ਬਦ ਸੁਤ ਕਹੇ ਭਗਵਾਨ, ਸਤਿ ਸਤਿ ਤੇਰੀ ਵਡਿਆਈਆ। ਆਪਣਾ ਦੱਸ ਇਕ ਨਿਸ਼ਾਨ, ਲੋਕਮਾਤ ਮਾਤ ਸਮਝਾਈਆ। ਕਵਣ ਬਿਧ ਵੇਖੇ ਖੇਲ ਦੋ ਜਹਾਨ, ਦੋਏ ਦੋਏ ਰੂਪ ਵਟਾਈਆ। ਕਵਣ ਹੱਥ ਵਖਾਏ ਨਿਸ਼ਾਨ, ਸ਼ਾਹ ਸੁਲਤਾਨ ਬਣ ਝੁਲਾਈਆ। ਕਵਣ ਨਾਮ ਦੇਵੇ ਗਿਆਨ, ਬਿਨ ਅੱਖਰ ਕਰ ਪੜ੍ਹਾਈਆ। ਕਵਣ ਮੰਦਰ ਵਖਾਏ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਕਵਣ ਰਾਗ ਸੁਣਾਏ ਕਾਨ, ਤਾਰ ਸਿਤਾਰ ਨਾ ਕੋਇ ਹਿਲਾਈਆ। ਕਵਣ ਰੂਪ ਵੇਖੇ ਆਣ, ਅਨੂਪ ਤੇਰੀ ਵਡਿਆਈਆ। ਕਵਣ ਕੂਟ ਮਾਰੇ ਧਿਆਨ, ਕਵਣ ਦਿਸ਼ਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਦੇਣਾ ਸਮਝਾਈਆ। ਸਾਚਾ ਵੇਲਾ ਦੱਸ ਰੁੱਤ, ਦੋਏ ਜੋੜ ਜੋੜ ਸਰਨਾਇਆ। ਕਵਣ ਧਾਰ ਪਏ ਉਠ, ਨਿਰਗੁਣ ਏਕਾ ਰੂਪ ਪਰਗਟਾਇਆ। ਕਵਣ ਬਿਧ ਜਾਏ ਤੁਠ, ਮਿਹਰਵਾਨ ਮੇਰੇ ਰਘੁਰਾਇਆ। ਕਵਣ ਬਣਾਏ ਸਾਚਾ ਸੁਤ, ਲੋਕਮਾਤ ਸਲਾਹਿਆ। ਕਵਣ ਭਾਗ ਲਗਾਏ ਮਾਟੀ ਬੁੱਤ, ਪੰਜ ਤੱਤ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਆਪ ਜਣਾਇਆ। ਸ਼ਬਦੀ ਸੁਤ ਸੁਤ ਬਲਵਾਨ, ਹਰਿ ਸਾਚਾ ਸਚ ਜਣਾਈਆ। ਆਦਿ ਖੇਲ ਕਰਾਂ ਮਹਾਨ, ਵਿਸ਼ਨ ਬ੍ਰਹਮ ਸ਼ਿਵ ਤੇਰੇ ਨਾਲ ਰਲਾਈਆ। ਕਰੋੜ ਤੇਤੀਸਾ ਇਕ ਧਿਆਨ, ਸੁਰਪਤ ਇੰਦ ਮਾਣ ਰਖਾਈਆ। ਆਦਿ ਸ਼ਕਤ ਨੂਰ ਮਹਾਨ, ਚਤਰਭੁਜ ਰੰਗ ਚੜ੍ਹਾਈਆ। ਲੇਖਾ ਜਾਣ ਦੋ ਜਹਾਨ, ਭਰਮ ਭੁਲੇਖਾ ਏਕਾ ਪਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਸਰਗੁਣ ਆਪਣੀ ਬੂਝ ਬੁਝਾਈਆ। ਆਤਮ ਪਰਮਾਤਮ ਇਕ ਮਕਾਨ, ਪਾਰਬ੍ਰਹਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਚੁਕਾਈਆ। ਆਪਣਾ ਪੜਦਾ ਚੁੱਕੇ ਹਰਿ, ਹਰਿ ਹਰਿ ਆਪ ਜਣਾਇੰਦਾ। ਜੁਗਾ ਜੁਗੰਤਰ ਵੇਸ ਕਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪੰਜ ਤੱਤ ਅੰਦਰ ਜਾਏ ਵੜ, ਨਜ਼ਰ ਕਿਸੇ ਨਾ ਆਇੰਦਾ। ਆਪਣਾ ਨਾਉਂ ਆਪ ਜਣਾਏ ਪੜ੍ਹ ਪੜ੍ਹ, ਸਾਚੀ ਸਿਖਿਆ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲੇ ਹਰਿ ਜੂ ਖੇਲ, ਖੇਲਣਹਾਰ ਵਡ ਵਡਿਆਈਆ। ਨਿਰਗੁਣ ਸਰਗੁਣ ਕਰ ਕਰ ਮੇਲ, ਸ਼ਬਦੀ ਸ਼ਬਦ ਦਏ ਵਡਿਆਈਆ। ਲੇਖਾ ਜਾਣ ਗੁਰੂ ਗੁਰ ਚੇਲ, ਗੁਰ ਗੁਰ ਚੇਲਾ ਰੂਪ ਵਟਾਈਆ। ਬਣ ਬਣ ਸਾਚਾ ਸੱਜਣ ਸੁਹੇਲ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰਾਈਆ। ਜੁਗ ਚੌਕੜੀ ਖੇਲ ਅਵੱਲਾ, ਆਲਮੀਨ ਆਪ ਕਰਾਇੰਦਾ। ਨੂਰ ਇਲਾਹੀ ਏਕਾ ਬਲਾ, ਬਿਸਮਲ ਆਪਣੀ ਧਾਰ ਚਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਸੋਭਾ ਪਾਇੰਦਾ। ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਆਪਣਾ ਰੰਗ ਰੰਗਾਇੰਦਾ। ਸਮੁੰਦ ਸਾਗਰ ਡੂੰਘੀ ਕੰਦਰ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਉਚੇ ਟਿੱਲੇ ਪਰਬਤ ਆਪੇ ਖੱਲਾ, ਚੋਟੀ ਚੋਟੀ ਡੰਕ ਵਜਾਇੰਦਾ। ਕੋਟਨ ਕੋਟ ਬ੍ਰਹਿਮੰਡ ਖੰਡ ਫਿਰਾਏ ਪੱਲਾ, ਉਚੀ ਕੂਕ ਕੂਕ ਸੁਣਾਇੰਦਾ। ਸਚ ਸੰਦੇਸ ਨਰ ਨਰੇਸ਼ ਸਤਿ ਸਤਿਵਾਦੀ ਇਕੋ ਘੱਲਾ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰ, ਧਰਨੀ ਧਰਤ ਧਵਲ ਵਡਿਆਈਆ। ਨਾਉਂ ਰੱਖ ਗੁਰ ਅਵਤਾਰ, ਜੀਵ ਜੰਤ ਜੰਤ ਪੜ੍ਹਾਈਆ। ਏਕਾ ਨਾਮ ਬੋਲ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਜੁਗ ਚੌਕੜੀ ਬਣੇ ਵਾਰੋ ਵਾਰ, ਥਿਰ ਕੋਇ ਰਹਿਣ ਨਾ ਪਾਈਆ। ਭਗਤਾਂ ਦੇਵੇ ਸਚ ਭੰਡਾਰ, ਨਾਮ ਭਗਤੀ ਝੋਲੀ ਪਾਈਆ। ਸੰਤਨ ਖੋਲ੍ਹ ਬੰਦ ਕਿਵਾੜ, ਆਤਮ ਤਾਕੀ ਕੁੰਡਾ ਲਾਹੀਆ। ਗੁਰਮੁਖਾਂ ਕਰੇ ਪਰਕਾਸ਼ ਨਾੜ ਨਾੜ, ਬਹੱਤਰ ਨਾੜ ਇਕ ਰੁਸ਼ਨਾਈਆ। ਗੁਰਸਿਖ ਵੇਖੇ ਸਾਚੇ ਲਾੜ, ਲੋਕਮਾਤ ਫੇਰਾ ਪਾਈਆ। ਜੁਗਾ ਜੁਗੰਤਰ ਸਾਚੇ ਪੌੜੇ ਦੇਵੇ ਚਾੜ੍ਹ, ਚੌਥੇ ਪਦ ਵਡਿਆਈਆ। ਵਾ ਨਾ ਲੱਗੇ ਅਗਨੀ ਹਾੜ, ਤੱਤਵ ਤੱਤ ਨਾ ਕੋਇ ਜਲਾਈਆ। ਲੇਖਾ ਜਾਣੇ ਹਰਿ ਜੁਗ ਚਾਰ, ਗੁਰ ਅਵਤਾਰ ਸੇਵ ਕਮਾਈਆ। ਪੀਰ ਪੈਗ਼ੰਬਰ ਦਏ ਅਧਾਰ, ਏਕਾ ਕਲਮਾ ਨਬੀ ਪੜ੍ਹਾਈਆ। ਰਹਿਮਤ ਕਰ ਪਰਵਰਦਿਗਾਰ, ਰਹੀਮ ਰਹਿਮਾਨ ਰਹਿਮਤ ਆਪਣੀ ਆਪ ਕਮਾਈਆ। ਏਕਾ ਨਾਮ ਬੋਲ ਜੈਕਾਰ, ਸਤਿ ਸਤਿ ਕਰੇ ਸ਼ਨਵਾਈਆ। ਏਕਾ ਜੋਤ ਜੋਤ ਉਜਿਆਰ, ਏਕਾ ਸ਼ਬਦ ਸ਼ਬਦ ਸ਼ਨਵਾਈਆ। ਏਕਾ ਮੰਤ ਮੰਤ ਵਿਚਾਰ, ਬ੍ਰਹਮ ਮਤ ਇਕ ਸਮਝਾਈਆ। ਏਕਾ ਸ਼ਬਦ ਕਰੇ ਤਿਆਰ, ਜੁਗ ਜੁਗ ਆਪਣਾ ਖੇਲ ਕਰਾਈਆ। ਪੰਜ ਤੱਤ ਘੜੇ ਭੰਨੇ ਬਣ ਠਠਿਆਰ, ਲੋਕਮਾਤ ਖੇਲ ਰਚਾਈਆ। ਕੋਟਨ ਕੋਟ ਗੁਰੂ ਅਵਤਾਰ, ਜੀਵ ਜੰਤ ਸੇਵ ਲਗਾਈਆ। ਕੋਟਨ ਕੋਟ ਪੀਰ ਪੈਗ਼ੰਬਰ ਦਏ ਅਧਾਰ, ਕਲਮਾ ਕਲਾਮ ਆਪ ਜਣਾਈਆ। ਕੋਟਨ ਕੋਟ ਭਗਤ ਭਗਵੰਤ ਕਰ ਤਿਆਰ, ਲੋਕਮਾਤ ਹੋਏ ਸਹਾਈਆ। ਕੋਟਨ ਕੋਟ ਸੰਤ ਦਏ ਅਧਾਰ, ਸਾਚੀ ਸਿਖਿਆ ਇਕ ਸਿਖਾਈਆ। ਕੋਟਨ ਕੋਟ ਗੁਰਮੁਖ ਲਾਏ ਪਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਕੋਟਨ ਕੋਟ ਗੁਰਸਿਖ ਲਏ ਉਧਾਰ, ਜਗਤ ਉਧਾਰਨ ਬੇਪਰਵਾਹੀਆ। ਕੋਟਨ ਕੋਟ ਕਰ ਕਰ ਖੁਆਰ, ਲੱਖ ਚੁਰਾਸੀ ਆਪ ਭੁਵਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਦਰ ਬੈਠੇ ਸੀਸ ਝੁਕਾਈਆ। ਕੋਟਨ ਕੋਟ ਜੁਗ ਚੌਕੜੀ ਗਏ ਹਾਰ, ਬਣ ਪਾਂਧੀ ਪੰਧ ਮੁਕਾਈਆ। ਕੋਟਨ ਕੋਟ ਕਰ ਕਰ ਗਏ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਕੋਟਨ ਕੋਟ ਮੰਨ ਕੇ ਗਏ ਹਾਰ, ਆਪਣਾ ਬਲ ਨਾ ਕੋਇ ਰਖਾਈਆ। ਕੋਟਨ ਕੋਟ ਕਰ ਕਰ ਗਏ ਸ਼ਿੰਗਾਰ, ਹਰਿ ਕੰਤ ਨਾ ਕੋਇ ਮਨਾਈਆ। ਕੋਟਨ ਕੋਟ ਬਣ ਬਣ ਗਏ ਲਿਖਾਰ, ਵੇਦ ਪੁਰਾਨ ਸ਼ਾਸਤਰ ਸਿਮਰਤ ਕੁਰਾਨ ਅੰਜ਼ੀਲ ਖਾਣੀ ਬਾਣੀ ਕਰ ਪੜ੍ਹਾਈਆ। ਕੋਟਨ ਕੋਟ ਬੇਅੰਤ ਬੇਅੰਤ ਕਹਿ ਕਰ ਗਏ ਪੁਕਾਰ, ਅੰਤ ਕੋਇ ਨਾ ਪਾਈਆ। ਕੋਟਨ ਕੋਟ ਬੈਠੇ ਡੂੰਘੀ ਗਾਰ, ਬਾਹਰ ਨਾ ਕੋਇ ਕਢਾਈਆ। ਕੋਟਨ ਕੋਟ ਸਮੁੰਦ ਸਾਗਰ ਰੋਵਣ ਜ਼ਾਰੋ ਜ਼ਾਰ, ਕੋਟਨ ਕੋਟ ਉਚੇ ਪਰਬਤ ਦੇਣ ਦੁਹਾਈਆ। ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਸ਼ਬਦ ਦਏ ਵਡਿਆਈਆ। ਸਾਚੇ ਸ਼ਬਦ ਸੁਣ ਸੁਤ ਦੁਲਾਰੇ, ਹਰਿ ਸਾਚਾ ਸਚ ਜਣਾਇੰਦਾ। ਚਾਰ ਜੁਗ ਦੇ ਜਗਤ ਵਿਹਾਰੇ, ਹਰਿ ਜੂ ਆਪ ਬਣਾਇੰਦਾ। ਸ਼ਾਸਤਰ ਸਿਮਰਤ ਬਣ ਵਣਜਾਰੇ, ਲੋਕਮਾਤ ਹਟ ਚਲਾਇੰਦਾ। ਗੁਰ ਅਵਤਾਰਾਂ ਦੇ ਅਧਾਰੇ, ਪੀਰ ਪੈਗ਼ੰਬਰ ਨਾਲ ਰਲਾਇੰਦਾ। ਲਿਖ ਲਿਖ ਲੇਖ ਥੱਕੇ ਸਰਬ ਸੰਸਾਰੇ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਜੀਵ ਜੰਤ ਸਭ ਮੰਗਦੇ ਰਹਿਣ ਦੁਆਰੇ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰੇ, ਭੇਵ ਕੋਇ ਨਾ ਪਾਇੰਦਾ। ਆਵੇ ਜਾਵੇ ਵਾਰੋ ਵਾਰੇ, ਰੂਪ ਅਨੂਪ ਧਰਾਇੰਦਾ। ਸਤਿਜੁਗ ਤ੍ਰੇਤਾ ਆਪੇ ਜਾਣੇ, ਦੁਆਪਰ ਆਪਣਾ ਰੰਗ ਵਖਾਇੰਦਾ। ਕਲਜੁਗ ਵੇਖੇ ਖੇਲ ਸ੍ਰੀ ਭਗਵਾਨੇ, ਭੇਵ ਕੋਇ ਨਾ ਪਾਇੰਦਾ। ਕਲਮ ਸ਼ਾਹੀ ਲਿਖ ਲਿਖ ਥੱਕੀ ਤੇਰੇ ਤਰਾਨੇ, ਤੀਰ ਨਿਸ਼ਾਨਾ ਕੋਈ ਨਾ ਲਾਇੰਦਾ। ਕੋਟਨ ਕੋਟ ਬੰਨ੍ਹ ਬੰਨ੍ਹ ਗਏ ਗਾਨੇ, ਤੇਰਾ ਸਗਨ ਨਾ ਕੋਇ ਮਨਾਇੰਦਾ। ਜੀਵ ਜੰਤ ਆਦਿ ਅੰਤ ਜੁਗਾ ਜੁਗੰਤ ਚਲਣ ਸੱਚੇ ਭਾਣੇ, ਹਰਿ ਭਾਣਾ ਨਾ ਕੋਇ ਮਨਾਇੰਦਾ। ਹੁਕਮੇ ਅੰਦਰ ਰਾਜੇ ਰਾਣੇ, ਹੁਕਮੀ ਹੁਕਮ ਖੇਲ ਕਰਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸ਼ਾਹ ਸੁਲਤਾਨੇ, ਸਾਚੇ ਤਖ਼ਤ ਸੋਭਾ ਪਾਇੰਦਾ। ਨੌਂ ਨੌਂ ਚਾਰ ਵੰਡ ਵੰਡਾਨੇ, ਚਾਰ ਚਾਰ ਵੇਖ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਿਰਗੁਣ ਸਰਗੁਣ ਦਏ ਮਾਣੇ, ਸਿਰ ਆਪਣਾ ਹੱਥ ਰਖਾਇੰਦਾ। ਆਪਣਾ ਹੁਕਮ ਦਏ ਪਰਵਾਨੇ, ਲੋਕਮਾਤ ਸੇਵਾ ਲਾਇੰਦਾ। ਅੰਤਮ ਸਭ ਦੇ ਮਿਟੇ ਨਿਸ਼ਾਨੇ, ਨਿਸ਼ਾਨ ਆਪਣਾ ਇਕ ਝੁਲਾਇੰਦਾ। ਸਾਚੇ ਸੁਤ ਸ਼ਬਦ ਵੇਖ ਮਾਰ ਧਿਆਨੇ, ਤੇਰਾ ਪੁਰਖ ਅਕਾਲ ਇਕੋ ਇਕ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਿਹਾਰਾ ਹਰਿ ਨਿਰੰਕਾਰਾ ਏਕਾ ਏਕ ਜਣਾਇੰਦਾ। ਤੇਰਾ ਵਿਹਾਰਾ ਹਰਿ ਨਿਰੰਕਾਰ, ਬਿਨ ਤੇਰੇ ਸਮਝ ਨਾ ਆਈਆ। ਬਿਨ ਲਿਖਿਆ ਲਿਖਾਰਾ ਬਣਿਆ ਰਹੇ ਅਗੰਮ ਅਪਾਰ, ਤੇਰਾ ਲੇਖ ਨਾ ਕੋਇ ਮਿਟਾਈਆ। ਜੁਗ ਚੌਕੜੀ ਖੇਲ ਕਰੇ ਸੰਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਕਰ ਕਰ ਪਾਰ, ਗੁਰ ਅਵਤਾਰ ਸੇਵ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਨਵ ਨੌਂ ਚਾਰ ਖੇਲ ਕਰਾਈਆ। ਅੰਤ ਕੰਤ ਭਗਵੰਤ ਸਾਰੇ ਮੰਗਣ ਤੇਰਾ ਦਰਸ ਦੀਦਾਰ, ਦੋਏ ਜੋੜ ਜੋੜ ਸਰਨਾਈਆ। ਤੂੰ ਸਰਬ ਜੀਆਂ ਦਾ ਇਕ ਭਤਾਰ, ਹਰਿ ਕੰਤ ਵਡ ਵਡਿਆਈਆ। ਤੇਰਾ ਸੱਚਾ ਸਚ ਦਰਬਾਰ, ਦਰ ਦਰਬਾਰ ਦੂਸਰ ਨਾ ਹੋਰ ਕੋਇ ਰਖਾਈਆ। ਮੈਨੂੰ ਦੱਸਦੇ ਅੰਤ ਵਿਹਾਰ, ਕਿਸ ਬਿਧ ਮੇਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਪੁਰਖ ਅਬਿਨਾਸ਼ੀ ਨਿਰਗੁਣ ਹੱਸ, ਹੰਸਮੁਖ ਵਡਿਆਇਆ। ਆਪਣਾ ਮਾਰਗ ਦੇਵਾਂ ਦੱਸ, ਬਿਨ ਕਲਮ ਦਵਾਤ ਲਿਖਾਇਆ। ਜੁਗ ਚੌਕੜੀ ਨੱਸ ਨੱਸ, ਬਣ ਪਾਂਧੀ ਪੰਧ ਮੁਕਾਇਆ। ਗੁਰ ਅਵਤਾਰ ਅੰਤਰ ਵਸ, ਆਪਣਾ ਭੇਵ ਖੁਲ੍ਹਾਇਆ। ਭਗਤਾਂ ਦੇ ਦੇ ਸਾਚਾ ਰਸ, ਅੰਮ੍ਰਿਤ ਰਸ ਚਖਾਇਆ। ਤੀਰ ਨਿਰਾਲਾ ਮਾਰ ਕਸ, ਅਣਿਆਲਾ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਇਆ। ਆਪਣਾ ਖੇਲ ਕਰੇ ਕਰਤਾਰਾ, ਹਰਿ ਕਰਤਾ ਵਡ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਆਏ ਵਿਚ ਸੰਸਾਰਾ, ਸੰਸਾਰ ਸਾਗਰ ਵੇਖੇ ਚਾਈਂ ਚਾਈਂਆ। ਸਤਿਗੁਰ ਸਰਗੁਣ ਲਏ ਅਵਤਾਰਾ, ਵਾਰ ਅਠਾਰਾਂ ਸੰਸਾਰ ਰੂਪ ਵਟਾਈਆ। ਤ੍ਰੇਤਾ ਕਰੇ ਖੇਲ ਨਿਆਰਾ, ਦੋਏ ਦੋਏ ਨਿਸ਼ਾਨ ਝੁਲਾਈਆ। ਦੁਆਪਰ ਪਾਵਣਹਾਰਾ ਸਾਰਾ, ਦੋਏ ਦੋਏ ਰੰਗ ਰੰਗ ਵਖਾਈਆ। ਕਲਜੁਗ ਖੇਲ ਕਰੇ ਅਪਾਰਾ, ਏਕਾ ਏਕੇ ਪਿਛੇ ਛੁਪਾਈਆ। ਏਕਾ ਅੱਖਰ ਕਰ ਪਿਆਰਾ, ਊੜਾ ਓਅੰਕਾਰਾ ਤ੍ਰੈ ਤ੍ਰੈ ਲੇਖਾ ਦਏ ਮੁਕਾਈਆ। ਐੜਾ ਅੱਖ ਉਘਾੜਾ, ਆਖਰ ਸਭ ਦਾ ਦਏ ਕਰਾਈਆ। ਅਲਫ਼ੀ ਕਰ ਤਨ ਸ਼ਿੰਗਾਰਾ, ਆਰਫ਼ ਕਰੇ ਸਚ ਪੜ੍ਹਾਈਆ। ਆਪੇ ਛੱਡੇ ਤੁਲਸੀ ਮਾਲਾ, ਹਵਨ ਘਿਰਤ ਨਾ ਕੋਇ ਵਖਾਈਆ। ਪੰਜ ਤੱਤ ਤੱਤ ਅਧਾਰਾ, ਤੱਤਵ ਤੱਤ ਮੇਲ ਮਿਲਾਈਆ। ਨੂਰੋ ਨੂਰ ਨੂਰ ਉਜਿਆਰਾ, ਈਸਾ ਮੂਸਾ ਸੋਭਾ ਪਾਈਆ। ਏਕਾ ਹੱਕ ਹੱਕ ਜੈਕਾਰਾ, ਲਾ ਹੱਕ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਦਏ ਵਖਾਈਆ। ਏਕਾ ਖੇਲ ਕਰੇ ਕਰਤਾਰ, ਹਰਿ ਖ਼ਾਲਕ ਖ਼ਲਕ ਜਣਾਇੰਦਾ। ਤੱਤਵ ਤੱਤ ਦਏ ਅਧਾਰ, ਜਗਤ ਅਧਾਰੀ ਵੇਸ ਵਟਾਇੰਦਾ। ਚੌਥੇ ਜੁਗ ਕਰ ਪਿਆਰ, ਚਾਰੇ ਅੱਖਰ ਮੇਲ ਮਿਲਾਇੰਦਾ। ਇਕ ਮੁਹੰਮਦ ਕਰ ਉਜਿਆਰ, ਅਹਿਮਦ ਆਪਣਾ ਰੂਪ ਵਖਾਇੰਦਾ। ਸਮਝ ਵਿਚ ਸਮਝ ਦਏ ਕਰਤਾਰ, ਕੁਦਰਤ ਕਾਦਰ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਮਾਟੀ ਖਾਕ, ਏਕਾ ਏਕ ਜਣਾਈਆ। ਕਾਇਆ ਅੰਤਰ ਖੋਲ੍ਹ ਤਾਕ, ਏਕਾ ਚੰਦ ਚੜ੍ਹਾਈਆ। ਏਕਾ ਅੱਖਰ ਭਵਿਖਤ ਵਾਕ, ਏਕਾ ਅਲਫ਼ ਕਰੇ ਪੜ੍ਹਾਈਆ। ਏਕਾ ਲੇਖਾ ਬਾਤਨ ਬਾਤ, ਹਰਿ ਜੂ ਹਰਿ ਹਰਿ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਆਪਣਾ ਪੜਦਾ ਦੇਵੇ ਲਾਹ, ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਵੇਸ ਵਟਾ, ਕਲਜੁਗ ਖੇਲ ਖਿਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾ, ਬਣ ਪਾਂਧੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਚੋਲਾ ਡਗਮਗਾਇੰਦਾ। ਨਾਨਕ ਨਾਉਂ ਲਏ ਧਰਾ, ਲੋਕਮਾਤ ਵੇਸ ਧਰਾਇੰਦਾ। ਏਕਾ ਨਾਮ ਕਰ ਰੁਸ਼ਨਾ, ਨਾਮ ਸਤਿ ਆਪ ਪੜ੍ਹਾਇੰਦਾ। ਏਕਾ ਘਰ ਮੇਲ ਮਿਲਾ, ਦਸ ਦਸ ਆਪਣਾ ਰੰਗ ਰੰਗਾਇੰਦਾ। ਅੰਤਮ ਮੇਲਾ ਸਹਿਜ ਸੁਭਾ, ਸ੍ਰੀ ਭਗਵਾਨ ਆਪਣੇ ਹੱਥ ਰਖਾਇੰਦਾ। ਸੁਤ ਦੁਲਾਰਾ ਏਕਾ ਜਾ, ਗੋਬਿੰਦ ਨਾਉਂ ਧਰਾਇੰਦਾ। ਅੰਮ੍ਰਿਤ ਜਾਮ ਇਕ ਪਿਆ, ਏਕਾ ਰਸ ਵਖਾਇੰਦਾ। ਏਕਾ ਖੰਡਾ ਦਏ ਚਮਕਾ, ਏਕਾ ਖੜਗ ਉਠਾਇੰਦਾ। ਏਕਾ ਮਾਰਗ ਦਏ ਲਗਾ, ਏਕਾ ਰਹਿਬਰ ਨਜ਼ਰੀ ਆਇੰਦਾ। ਚਾਰ ਕੁੰਟ ਫੇਰਾ ਪਾ, ਚੌਥੇ ਜੁਗ ਡੇਰਾ ਢਾਹਿੰਦਾ। ਚਾਰ ਯਾਰੀ ਵੇਖ ਵਿਖਾ, ਪੰਚਮ ਜੋੜ ਜੁੜਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਦਿਸੇ ਨਾ ਆਤਮ ਪਰਮਾਤਮ ਸਰਬ ਵਖਾਇੰਦਾ। ਅਠਸਠ ਤੀਰਥ ਡੇਰਾ ਢਾਹ, ਏਕਾ ਅੰਮ੍ਰਿਤ ਜਾਮ ਪਿਆਇੰਦਾ। ਪੁਰਖ ਅਕਾਲ ਇਕ ਮਨਾ, ਏਕਾ ਇਸ਼ਟ ਵਖਾਇੰਦਾ। ਆਪਣਾ ਆਪ ਭੇਟ ਚੜ੍ਹਾ, ਗੁਰਮੁਖਾਂ ਸੇਵ ਕਮਾਇੰਦਾ। ਖੇਵਟ ਖੇਟ ਬਣ ਮਲਾਹ, ਸਾਚੇ ਪੱਤਣ ਡੇਰਾ ਲਾਇੰਦਾ। ਇਕੋ ਓਟ ਰਿਹਾ ਤਕਾ, ਦੂਸਰ ਓਟ ਨਾ ਕੋਇ ਤਕਾਇੰਦਾ। ਸੱਥਰ ਸਚ ਰਿਹਾ ਹੰਡਾ, ਯਾਰ ਯਾਰੀ ਨਾਲ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸਾਚੇ ਸੁਤ ਕਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮਿਟੇ ਨਿਸ਼ਾਨ, ਲੋਕਮਾਤ ਰਹਿਣ ਨਾ ਪਾਇੰਦਾ। ਸਤਿਜੁਗ ਹਰਿ ਜੂ ਵੇਖੇ ਆਣ, ਬ੍ਰਹਮਾ ਸੁਤ ਰੂਪ ਧਰਾਇੰਦਾ। ਬਰਾਹ ਖੇਲ ਕਰੇ ਮਹਾਨ, ਯਗੇ ਪੁਰਸ਼ ਰੰਗ ਵਖਾਇੰਦਾ। ਹਾਵ ਗਰੀਵ ਇਕ ਗਿਆਨ, ਨਰ ਨਰਾਇਣ ਆਪ ਪੜ੍ਹਾਇੰਦਾ। ਦਤਾ ਤ੍ਰੈ ਦੇਵੇ ਮਾਣ, ਕਪਲ ਮੁੰਨ ਆਪ ਸਮਝਾਇੰਦਾ। ਰਿਖਪ ਦੇਵੇ ਇਕ ਨਿਸ਼ਾਨ, ਪਿਰਥੂ ਏਕਾ ਹੁਕਮ ਵਰਤਾਇੰਦਾ। ਮਤਸ ਮੇਲਾ ਮੇਲੇ ਆਣ, ਕਛਪ ਆਪਣਾ ਭਾਰ ਵੰਡਾਇੰਦਾ। ਧਨੰਤਰ ਦੇਵੇ ਏਕਾ ਖਾਣ, ਮੋਹਣੀ ਆਪਣਾ ਰੂਪ ਧਰਾਇੰਦਾ। ਬਾਵਨ ਵੇਖੇ ਖੇਲ ਮਹਾਨ, ਆਪਣਾ ਬਲ ਨਾ ਕੋਇ ਜਣਾਇੰਦਾ। ਹੰਸਾ ਚੋਗ ਮੰਗੇ ਆਣ, ਮਾਣਕ ਮੋਤੀ ਮੁਖ ਸਲਾਹਿੰਦਾ । ਹਰੀ ਹਰਿ ਕਰ ਧਿਆਨ, ਧਰੂ ਬਾਲਾ ਗੋਦ ਬਹਾਇੰਦਾ। ਨਰ ਨਰਾਇਣ ਹੋ ਪਰਧਾਨ, ਗਜ ਸਿਰ ਆਪਣਾ ਹੱਥ ਟਿਕਾਇੰਦਾ। ਪ੍ਰਹਿਲਾਦ ਦੇਵੇ ਏਕਾ ਮਾਣ, ਹਰਨਾਕਸ਼ ਮੇਟ ਮਿਟਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਸਰਗੁਣ ਨਿਰਗੁਣ ਵੇਸ ਵਟਾਇੰਦਾ। ਸਤਿਜੁਗ ਸਾਚਾ ਜਾਏ ਲੰਘ, ਲੋਕਮਾਤ ਰਹਿਣ ਨਾ ਪਾਈਆ। ਇਕੋ ਬਲ ਬਾਵਨ ਕੋਲੋਂ ਮੰਗੀ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਕਰਮ ਢਾਈ ਤੇਰਾ ਸੰਗ, ਤੇਰੀ ਸੇਜ ਸੁਹਾਈਆ। ਤੇਰਾ ਮੇਰਾ ਇਕ ਅਨੰਦ, ਲੋਕਮਾਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਦੇਵਣਹਾਰਾ ਦਾਨੀ ਦਾਨ, ਬਣ ਦਾਤਾ ਆਪ ਵਰਤਾਇੰਦਾ। ਬਲ ਤੇਰਾ ਰੱਖਾਂ ਧਿਆਨ, ਭੁੱਲ ਕਦੇ ਨਾ ਜਾਇੰਦਾ। ਤ੍ਰੇਤਾ ਦੁਆਪਰ ਖੇਲ ਮਹਾਨ, ਹਰਿ ਜੂ ਆਪ ਕਰਾਇੰਦਾ। ਅੰਤਮ ਮੇਲਾ ਮੇਲੇ ਆਣ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਨਿਰੰਕਾਰਾ, ਹਰਿ ਹਰਿ ਆਪ ਕਰਾਈਆ। ਰਿਖ ਮੁਨ ਦਏ ਸਹਾਰਾ, ਏਕਾ ਬ੍ਰਹਮ ਪਾਰਬ੍ਰਹਮ ਮਿਲਾਈਆ। ਜੁਗ ਜੁਗ ਕਰੇ ਵਣਜ ਵਪਾਰਾ, ਬਣ ਹਟਵਾਣਾ ਹੱਟ ਚਲਾਈਆ। ਗੌਤਮ ਦਏ ਇਕ ਸਹਾਰਾ, ਇਕ ਕਿਨਾਰਾ ਦਏ ਵਖਾਈਆ। ਤ੍ਰੈਗੁਣ ਮਾਇਆ ਬਣ ਲਾੜਾ, ਅਛਲ ਅਛੱਲ ਖੇਲ ਜਣਾਈਆ। ਕਰੇ ਕਰਾਏ ਕਰਨੇਹਾਰਾ, ਭੇਵ ਕੋਇ ਨਾ ਪਾਈਆ। ਨਾਰੀ ਮੰਗੇ ਬਣ ਭਿਖਾਰਾ, ਅੱਗੇ ਝੋਲੀ ਡਾਹੀਆ। ਮੇਲੇ ਮੇਲ ਕੰਤ ਭਤਾਰਾ, ਜਗਤ ਵਿਛੋੜਾ ਝੱਲਿਆ ਨਾ ਜਾਈਆ। ਪੁਰਖ ਅਬਿਨਾਸ਼ੀ ਦਏ ਸਹਾਰਾ, ਏਕਾ ਗੁਣ ਵਖਾਈਆ। ਤ੍ਰੈਗੁਣ ਤੇਰਾ ਇਕ ਕਿਨਾਰਾ, ਤ੍ਰੈਗੁਣ ਅਤੀਤਾ ਲਏ ਪਰਗਟਾਈਆ। ਤ੍ਰੇਤਾ ਆਏ ਵਡ ਪਰਵਾਰਾ, ਦੁਆਪਰ ਤ੍ਰੇਤਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਨੇਹਾਰਾ, ਹਰਿ ਹਰਿ ਭੇਵ ਕੋਇ ਨਾ ਪਾਇੰਦਾ। ਤ੍ਰੇਤਾ ਲਏ ਉਨੀਸਵਾਂ ਅਵਤਾਰਾ, ਪਰਸਰਾਮ ਰਾਮ ਰਾਮ ਅਖਵਾਇੰਦਾ। ਬੀਸਵਾਂ ਕਰ ਸਚ ਸ਼ਿੰਗਾਰਾ, ਦਸਰਥ ਬੇਟਾ ਰੂਪ ਵਟਾਇੰਦਾ। ਸਾਚੀ ਸੀਆ ਕਰ ਪਿਆਰਾ, ਜਨਕ ਸਪੁੱਤਰੀ ਆਪ ਪਰਨਾਇੰਦਾ। ਏਕਾ ਲਕਸ਼ਮਨ ਦਏ ਅਧਾਰਾ, ਆਪਣਾ ਲਕਸ਼ਨ ਆਪ ਜਣਾਇੰਦਾ। ਏਕਾ ਦੁਸ਼ਟ ਦੈਂਤ ਸੰਘਾਰਾ, ਏਕਾ ਤੀਰ ਕਮਾਨ ਚਲਾਇੰਦਾ। ਏਕਾ ਭਗਤ ਭਗਤ ਵਣਜਾਰਾ, ਹਨਵੰਤਾ ਰੰਗ ਰੰਗਾਇੰਦਾ। ਏਕਾ ਤੋੜਨਹਾਰਾ ਗੜ੍ਹ ਹੰਕਾਰਾ, ਹੰਕਾਰੀ ਗੜ੍ਹ ਆਪ ਤੁੜਾਇੰਦਾ। ਏਕਾ ਕਰਨਹਾਰਾ ਸ਼ਿੰਗਾਰਾ, ਦੂਤੀ ਦੁਸ਼ਟ ਆਪ ਖਪਾਇੰਦਾ। ਏਕਾ ਦੇਵਣਹਾਰ ਸਹਾਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਏਕਾ ਅੱਖਰ ਕਰ ਪਿਆਰਾ, ਰਾਮ ਰਾਮ ਰਾਮ ਸਮਝਾਇੰਦਾ। ਏਕਾ ਰਾਮ ਵਸੇ ਸਰਬ ਨਿਆਰਾ, ਏਕਾ ਘਟ ਘਟ ਡੇਰਾ ਲਾਇੰਦਾ। ਏਕਾ ਰਾਮ ਦਸਰਥ ਕਰੇ ਪਿਆਰਾ, ਏਕਾ ਦਿਸ ਕਿਸੇ ਨਾ ਆਇੰਦਾ। ਏਕਾ ਦਏ ਸਚ ਸਹਾਰਾ, ਬਾਲਮੀਕ ਬਿਜਵਾੜਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੰਜ ਤੱਤ ਕਾਇਆ ਚੋਲਾ ਆਪ ਹੰਢਾਇੰਦਾ। ਪੰਜ ਤੱਤ ਚੋਲਾ ਜਾਏ ਹੰਢ, ਲੋਕਮਾਤ ਰਹਿਣ ਨਾ ਪਾਈਆ। ਨਿਰਗੁਣ ਨਾਮ ਸਾਚਾ ਚੰਦ, ਜੁਗ ਜੁਗ ਲੋਕਮਾਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਇਕ ਅਨੰਦ, ਅਨੰਦ ਅਨੰਦ ਅਨੰਦ ਦਰਸਾਈਆ। ਕਰੇ ਖੇਲ ਸੂਰਾ ਸਰਬੰਗ, ਆਪਣੇ ਹੱਥ ਰੱਖੇ ਵਡਿਆਈਆ। ਤ੍ਰੇਤਾ ਜਾਏ ਪਾਰ ਲੰਘ, ਦੁਆਪਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਦੁਆਪਰ ਲੋਕਮਾਤ ਰੂਪ ਵਟਾਇਆ, ਆਪਣਾ ਖੇਲ ਆਪ ਜਣਾਈਆ। ਘਨੱਯਾ ਘਨੱਯਾ ਵਸਤ ਝੋਲੀ ਪਾਇਆ, ਦਾਤਾ ਦਾਨੀ ਵਸਤ ਆਪ ਵਰਤਾਈਆ। ਵੇਦ ਵਿਆਸਾ ਆਪੇ ਜਾਇਆ, ਖੇਲ ਬੇਪਰਵਾਹੀਆ। ਪੁਰਾਨ ਅਠਾਰਾਂ ਆਪੇ ਗਾਇਆ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਸੁਣਾਈਆ। ਬਾਰਾਂ ਅੱਖਰ ਰਾਗ ਅਲਾਇਆ, ਨਾਰਦ ਬ੍ਰਹਮਾ ਕਰ ਪੜ੍ਹਾਈਆ। ਸੁਰਸਤੀ ਤਾਲ ਇਕ ਵਜਾਇਆ, ਰਾਗ ਰਾਗਨੀ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਵੇਸ ਵਟਾਇਆ, ਕਰੇ ਖੇਲ ਬੇਪਰਵਾਹੀਆ। ਨੰਦ ਜਸ਼ੋਦਾ ਮਾਣ ਦੁਵਾਇਆ, ਘਨੱਯਾ ਨੱਯਾ ਇਕ ਚਲਾਈਆ। ਸਾਚੀ ਬੰਸਰੀ ਇਕ ਵਜਾਇਆ, ਰਾਗ ਧੁਨ ਧੁਨ ਸ਼ਨਵਾਈਆ। ਸਾਚੀ ਸਖ਼ੀਆਂ ਮੰਡਲ ਰਾਸ ਆਪ ਰਚਾਇਆ, ਬਣ ਕਾਹਨ ਫੇਰਾ ਪਾਇਆ। ਸੀਸ ਮੁਕਟ ਤਾਜ਼ ਟਿਕਾਇਆ, ਕਵਲ ਨੈਣ ਮਟਕਾਈਆ। ਬਣ ਰਥਵਾਹੀ ਰਥ ਚਲਾਇਆ, ਸੇਵਕ ਸੇਵਾ ਸਚ ਕਮਾਈਆ। ਗ਼ਰੀਬ ਨਿਮਾਣੇ ਗਲੇ ਲਗਾਇਆ, ਬਿਦਰ ਸੁਦਾਮਾ ਲਏ ਤਰਾਈਆ। ਸਾਗ ਅਲੂਣੇ ਭੋਗ ਲਗਾਇਆ, ਬਿਦਰ ਦੇਵੇ ਮਾਣ ਵਡਿਆਈਆ। ਦਰੋਪਤ ਸੁਤ ਪਾਰ ਕਰਾਇਆ, ਦਰੋਪਤ ਲੱਜਿਆ ਇਕ ਰਖਾਈਆ। ਗੀਤਾ ਗਿਆਨ ਇਕ ਦ੍ਰਿੜਾਇਆ, ਅਠਾਰਾਂ ਧਿਆਏ ਕਰੇ ਪੜ੍ਹਾਈਆ। ਏਕਾ ਅਰਜਨ ਹਰਿ ਸਮਝਾਇਆ, ਰੂਪ ਅਨੂਪ ਵਿਰਾਟ ਵਟਾਈਆ। ਚੌਦਾਂ ਲੋਕ ਆਪਣੇ ਵਿਚ ਸਮਾਇਆ, ਸੋਲਾਂ ਕਲ ਕਲ ਰਖਾਈਆ। ਚੌਦਾਂ ਵਿਦਿਆ ਮਾਣ ਗੁਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਵੇਲਾ ਅੰਤ ਅੰਤ ਕਰਾਈਆ। ਪੁਰਖ ਅਬਿਨਾਸ਼ੀ ਕਰ ਤਿਆਰ, ਚੌਥੇ ਜੁਗ ਛੋਟੇ ਸੁਤ ਲਏ ਉਠਾਈਆ। ਸ਼ਬਦ ਮੰਗੇ ਬਣ ਭਿਖਾਰ, ਹਰਿ ਵਸਤ ਰਿਹਾ ਵਰਤਾਈਆ। ਤੇਰੀ ਆਈ ਅੰਤਮ ਵਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗਏ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ। ਧੁਰ ਫ਼ਰਮਾਣਾ ਹਰਿ ਭਗਵਾਨ, ਏਕਾ ਇਕ ਜਣਾਇੰਦਾ। ਕਲਜੁਗ ਤੇਰੇ ਵਿਚ ਮੇਰਾ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਤੂੰ ਮੰਗ ਇਕੋ ਵਾਰ ਦਾਨ, ਹਰਿ ਦਾਤਾ ਝੋਲੀ ਪਾਇੰਦਾ। ਕਲਜੁਗ ਬੋਲੇ ਬਾਲ ਨਾਦਾਨ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਤੇਰਾ ਚਰਨ ਧਿਆਨ, ਮੋਹੇ ਸਦਾ ਭਾਇੰਦਾ। ਲੋਕਮਾਤ ਨਾ ਕੋਈ ਮਾਣ, ਬਿਨ ਤੇਰੇ ਮਾਣ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਮੈਨੂੰ ਵਰ, ਜਿਸ ਬਿਧ ਤੇਰਾ ਪੰਧ ਮੁਕਾਇੰਦਾ। ਜਿਸ ਬਿਧ ਮੁੱਕੇ ਤੇਰਾ ਪੰਧ, ਸੋ ਬਿਧੀ ਦੇ ਬਤਾਈਆ। ਮੇਰੀ ਆਰਜ਼ੂ ਚਾਰ ਲੱਖ ਬੱਤੀ ਹਜ਼ਾਰ ਪਈ ਗੰਢ, ਲੋਕਮਾਤ ਹੋਈ ਕੁੜਮਾਈਆ। ਮੈਂ ਝੱਲਾਂ ਨਾ ਵਿਛੋੜਾ ਤੇਰਾ ਰੰਡੇਪਾ ਰੰਡ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਮੇਰਾ ਪੰਧ ਖੰਡ, ਆਪਣਾ ਖੰਡਾ ਇਕ ਚਮਕਾਈਆ। ਬੌਹੜੀ ਬੌਹੜੀ ਮੇਰੀ ਤੁਟੀ ਗੰਢ, ਮੈਂ ਦਰ ਤੇ ਦਿਆਂ ਦੁਹਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਸ਼ ਤੇਰੇ ਹੱਥ ਵਡਿਆਈਆ। ਤਿੰਨ ਜੁਗ ਮਾਣਿਆ ਅਨੰਦ, ਮਿਲੀ ਸਰਨ ਸਰਨਾਈਆ। ਚੌਥੇ ਜੁਗ ਤੇਰਾ ਵਿਛੋੜਾ ਦਿਸੇ ਦੂਜੀ ਕੰਧ, ਤੇਰਾ ਨੂਰ ਨਜ਼ਰ ਨਾ ਆਈਆ। ਕਵਣ ਬਿਧ ਮਿਲਾਂ ਦੂਰ ਦੁਰਾਡਾ ਕੱਟ ਕੇ ਪੰਧ, ਘਰ ਤੇਰੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਵਾਸਤਾ ਪਾਈਆ। ਦੋਏ ਜੋੜ ਵਾਸਤਾ ਰਿਹਾ ਘੱਤ, ਹਰਿ ਚਰਨੀ ਸੀਸ ਝੁਕਾਇਆ। ਮੇਰੀ ਉਬਲ ਆਈ ਰੱਤ, ਰੱਤੀ ਰੱਤ ਵੇਖ ਵਖਾਇਆ। ਮੈਨੂੰ ਦੇ ਆਪਣੀ ਮਤ, ਮੇਰੀ ਚਲੇ ਨਾ ਕੋਇ ਚਤੁਰਾਇਆ। ਲਹਿਣਾ ਦੇਣਾ ਮੁਕਾਈਂ ਹੱਥੋ ਹੱਥ, ਮੇਰੇ ਸਾਹਿਬ ਸੱਚੇ ਸ਼ਹਿਨਸ਼ਾਹਿਆ। ਤੂੰ ਪੁਰਖ ਅਕਾਲ ਸਮਰਥ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਖੇਲ ਵੇਖ ਵਖਾਇਆ। ਜੋ ਉਪਜਿਆ ਸੋ ਗਿਆ ਢੱਠ, ਬਣਿਆ ਕੋਈ ਰਹਿਣ ਨਾ ਪਾਇਆ। ਜਿਉਂ ਭਾਵੇ ਤਿਉਂ ਗੇੜੇਂ ਲੱਠ, ਗੇੜਾ ਗੇੜੇ ਵਿਚ ਰਖਾਇਆ। ਇਕੋ ਮਾਰਗ ਦੇਣਾ ਦੱਸ, ਲੋਕਮਾਤ ਮਾਤ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਆਪ ਸੁਣਾਇਆ। ਧੁਰ ਸੰਦੇਸਾ ਦਏ ਸੁਣਾ, ਹਰਿ ਹਰਿ ਆਪ ਜਣਾਇੰਦਾ। ਕਲਜੁਗ ਤੇਰੀ ਇਕ ਸਲਾਹ, ਸਲਾਹਗੀਰ ਆਪ ਰਖਾਇੰਦਾ। ਜੂਠ ਝੂਠ ਤੇਰੀ ਝੋਲੀ ਦਿਆਂ ਪਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ। ਆਸਾ ਤ੍ਰਿਸਨਾ ਵਿਚ ਦਿਆਂ ਵਸਾ, ਹਉਮੇ ਹੰਗਤਾ ਗੜ੍ਹ ਬਣਾਇੰਦਾ। ਆਪਣਾ ਨਾਮ ਸਭ ਨੂੰ ਦਿਆਂ ਭੁਲਾ, ਤੇਰਾ ਰੰਗ ਚੜ੍ਹਾਇੰਦਾ। ਤੇਰਾ ਡੰਕਾ ਦਿਆਂ ਵਜਾ, ਚਾਰੋਂ ਕੁੰਟ ਸੁਣਾਇੰਦਾ। ਚਾਰੋਂ ਕੁੰਟ ਦਿਆ ਹਿਲਾ, ਦਹਿ ਦਿਸ਼ਾ ਵੇਖ ਵਖਾਇੰਦਾ। ਦਹਿ ਦਿਸ਼ਾ ਡੇਰਾ ਢਾਹ, ਤੇਰੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਆਪਣੇ ਹੱਥ ਰਖਾਇੰਦਾ। ਤੇਰਾ ਅੰਤ ਰੱਖੇ ਹੱਥ ਕਰਤਾਰ, ਆਪਣੀ ਖੇਲ ਸਮਝਾਈਆ। ਲੋਕਮਾਤ ਤੇਰਾ ਵਿਹਾਰ, ਬਹੁ ਭਾਂਤ ਭਾਂਤ ਕਰਾਈਆ। ਨਿਰਗੁਣ ਸਰਗੁਣ ਕਰੇ ਖੁਆਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਬੋਧ ਬੋਧ ਗਿਆਨ ਦਏ ਅਧਿਆਨ, ਅਧਿਆਨ ਅਗਿਆਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਈਆ। ਸਚ ਸਚ ਤੂੰ ਕਿਹਾ ਭਗਵਾਨਾ, ਕਲਜੁਗ ਸੀਸ ਝੁਕਾਇੰਦਾ। ਪੰਜ ਤੱਤ ਕੀ ਕਰੇ ਨਿਮਾਣਾ, ਪੰਚ ਵਿਕਾਰ ਕੰਮ ਕਿਸੇ ਨਾ ਆਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਗੁਰ ਗੁਰ ਖੇਲ ਕਰੇ ਮਹਾਨਾ, ਆਪਣਾ ਮਾਰਗ ਲਾਇੰਦਾ। ਜੋਧਾ ਸੂਰ ਬਣੇ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਸੰਗ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਈਆ। ਕਲਜੁਗ ਤੇਰੇ ਨਾਲ ਰਲਾਏ ਕਾਲ, ਮਹਾਂਕਾਲ ਵੇਖ ਵਖਾਈਆ। ਨਿਰਗੁਣ ਸਰਗੁਣ ਖੇਲੇ ਖੇਲ ਕਮਾਲ, ਰੂਪ ਅਨੂਪ ਵਟਾਈਆ। ਈਸਾ ਮੂਸਾ ਬਣ ਬਣ ਲਾਲ, ਸੰਗ ਮੁਹੰਮਦ ਮੇਲ ਮਿਲਾਈਆ। ਕਲਮਾ ਕਲਾਮ ਬੇਮਿਸਾਲ, ਮਿਸਲ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸੰਗੀ ਇਕ ਬਣਾਈਆ। ਤੇਰਾ ਸੰਗੀ ਦਏ ਬਣਾ, ਹਰਿ ਸਾਚਾ ਸੰਗ ਸਮਝਾਇੰਦਾ। ਇਕ ਮੁਹੰਮਦ ਨਾਲ ਰਲਾ, ਤੇਰਾ ਰੰਗ ਚੜ੍ਹਾਇੰਦਾ। ਏਕਾ ਕਲਮਾ ਦਏ ਪੜ੍ਹਾ, ਸ਼ਰੀਅਤ ਆਪ ਵਖਾਇੰਦਾ। ਏਕਾ ਨਗਮਾ ਦਏ ਸੁਣਾ, ਏਕਾ ਰਾਗ ਅਲਾਇੰਦਾ। ਏਕਾ ਹੁਜ਼ਰਾ ਦਏ ਵਖਾ, ਏਕਾ ਮਹਿਰਾਬ ਵਖਾਇੰਦਾ। ਏਕਾ ਸੱਯਦਾ ਦਏ ਕਰਾ, ਏਕਾ ਸੀਸ ਝੁਕਾਇੰਦਾ। ਇਕ ਮੁਸੱਲਾ ਦਏ ਵਿਛਾ, ਏਕਾ ਆਸਣ ਲਾਇੰਦਾ। ਏਕਾ ਵੁਜ਼ੂ ਦਏ ਵਖਾ, ਇਕ ਸਦਾ ਸੁਣਾਇੰਦਾ। ਏਕਾ ਕਾਅਬਾ ਦਏ ਦ੍ਰਿੜਾ, ਏਕਾ ਹੱਜ ਜਣਾਇੰਦਾ। ਦੋ ਦੋ ਆਬਾ ਮੇਲ ਮਿਲਾ, ਨਿਰਗੁਣ ਸਰਗੁਣ ਧਾਰ ਬਣਾਇੰਦਾ। ਹੱਕ ਹੱਕ ਇਕ ਖ਼ੁਦਾ, ਲਾ ਹੱਕ ਖੇਲ ਕਰਾਇੰਦਾ। ਰਾਮ ਨਾਮ ਦਏ ਭੁਲਾ, ਇਸ਼ਟ ਦ੍ਰਿਸ਼ਟ ਆਪ ਬਦਲਾਇੰਦਾ। ਨੂਰੀ ਇਸਮ ਨੂਰ ਦਰਸਾ, ਬਿਸਮਲ ਆਪਣਾ ਰੂਪ ਵਟਾਇੰਦਾ। ਕਰਦ ਕਿਰਪਾਨ ਬਿਨ ਹੋ ਕੁਰਬਾਂ, ਜਗਤ ਕਰਬਲਾ ਇਕ ਵਖਾਇੰਦਾ । ਪੀਰ ਪੈਗ਼ੰਬਰ ਹੋਏ ਸਰਨਾ, ਹਜ਼ਰਤ ਆਇਤ ਇਕ ਪੜ੍ਹਾਇੰਦਾ। ਹਸਰਤ ਸਭ ਦੀ ਦਏ ਮਿਟਾ, ਹਿਰਸ ਹੋਰ ਨਾ ਕੋਇ ਵਖਾਇੰਦਾ। ਫਿਤਰਤ ਵੇਖੇ ਆਪ ਖ਼ੁਦਾ, ਇਬਰਤਨਾਕ ਖੇਲ ਖਿਲਾਇੰਦਾ। ਕਾਇਨਾਤ ਫੇਰਾ ਪਾ, ਬੀਆਬਾਨ ਆਪ ਸੁਹਾਇੰਦਾ। ਤਾਰ ਸਿਤਾਰ ਇਕ ਵਜਾ, ਅਹਿਬਾਬ ਰਬਾਬ ਵਜਾਇੰਦਾ। ਕਲਮ ਕਾਤਬ ਬਣ ਬਣ ਦਏ ਲਿਖਾ, ਲੇਖਾ ਏਕਾ ਏਕ ਰਖਾਇੰਦਾ। ਤੀਸ ਬਤੀਸ ਹਦੀਸ ਇਕ ਇਕ ਜਣਾ, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਅੱਲਾ ਰਾਣੀ ਨਾਲ ਪਰਨਾ, ਨਾਰੀ ਖੌਤ ਮੇਲ ਮਿਲਾਇੰਦਾ। ਖਾਵੰਦ ਖੇਲ ਕਰੇ ਬੇਪਰਵਾਹ, ਮੁਖ ਨਕ਼ਾਬ ਪੜਦਾ ਪਾਇੰਦਾ। ਚੌਦਾਂ ਤਬਕ ਤਬਕ ਭੇਵ ਖੁਲਾ, ਸਬਕ ਸਾਬਰ ਇਕ ਸੁਣਾਇੰਦਾ। ਲੇਖਾ ਜਾਣ ਜ਼ਿਮੀਂ ਅਸਮਾਨ, ਅਮਾਮ ਅਮਾਮਾ ਵੇਸ ਵਟਾਇੰਦਾ। ਨਿਹਕਰਮੀ ਨਿਹਕਰਮ ਲਏ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਪੰਧ ਮੁਕਾਇੰਦਾ। ਕਲਜੁਗ ਤੇਰਾ ਪੰਧ ਮੁਕੌਣਾ, ਹਰਿ ਜੂ ਹਰਿ ਹਰਿ ਦਇਆ ਕਮਾ। ਤੇਰਾ ਸੰਗੀ ਇਕ ਰਖੌਣਾ, ਸੰਗ ਸੁਹੇਲਾ ਇਕ ਸਮਝਾ। ਤੇਰਾ ਪੈਂਡਾ ਪੰਧ ਮੁਕੌਣਾ, ਕਰੇ ਖੇਲ ਆਪ ਖ਼ੁਦਾ। ਖ਼ੁਦੀ ਘਰ ਘਰ ਡੇਰਾ ਲਾਉਣਾ, ਤਕੱਬਰ ਦੇਵੇ ਰੰਗ ਚੜ੍ਹਾ। ਮੁਸੱਵਰ ਨਜ਼ਰ ਕਿਸੇ ਨਾ ਆਉਣਾ, ਬੇਸਬਰ ਪਿਆਲਾ ਦਏ ਭਰਾ। ਜਾਬਰ ਜ਼ਬਰ ਆਪਣਾ ਜ਼ੋਰ ਵਖੌਣਾ, ਜ਼ੇਰ ਜਬਰ ਕੋਈ ਜਾਣੇ ਨਾ। ਬੇਖ਼ਬਰ ਖ਼ਬਰ ਆਪ ਸੁਨਾਉਣਾ, ਭੇਵ ਅਭੇਦਾ ਦਏ ਖੁਲ੍ਹਾ। ਧਰਨੀ ਧਰਤੀ ਧਵਲ ਕਾਅਬਾ ਕਬਰ ਆਪ ਬਣਾਉਣਾ, ਕਿਬਲ ਵੇਖੇ ਹਰਿ ਮਿਹਰਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪੰਧ ਮੁਕੌਣਾ। ਤੇਰਾ ਪੰਧ ਮੁੱਕੇ ਵਿਚ ਸੰਸਾਰ, ਹਰਿ ਸਾਚਾ ਸਚ ਜਣਾਈਆ। ਮੂਸਾ ਕਰੇ ਇਕ ਗੁਫ਼ਤਾਰ, ਏਕਾ ਰਾਗ ਅਲਾਈਆ। ਈਸਾ ਕਹੇ ਪੁਕਾਰ ਪੁਕਾਰ, ਮੇਰਾ ਖ਼ੁਦਾਵੰਦ ਮੇਰਾ ਸੱਚਾ ਮਾਹੀਆ। ਮੈਂ ਪੂਤ ਉਹ ਪਿਤਾ ਮੇਰਾ ਯਾਰ, ਸਿਰ ਮੇਰੇ ਹੱਥ ਟਿਕਾਈਆ। ਮੇਰੇ ਪਿਛੇ ਆਏ ਆਪਣੀ ਵਾਰ, ਆਪਣਾ ਰੂਪ ਵਟਾਈਆ। ਖੇਲੇ ਖੇਲ ਅਪਰ ਅਪਾਰ, ਅਪਰੰਪਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਈਆ। ਈਸਾ ਮੰਗੀ ਏਕਾ ਮੰਗ, ਇਕ ਧਿਆਨ ਲਗਾਇਆ। ਮੇਰਾ ਖ਼ੁਦਾ ਚਾੜ੍ਹੀਂ ਮੇਰਾ ਰੰਗ, ਰੰਗ ਰੰਗੀਲਾ ਇਕ ਵਖਾਇਆ। ਬਿਨ ਤੰਦੀ ਸਿਤਾਰ ਵਜਾਏ ਮਰਦੰਗ, ਏਕਾ ਨਾਅਰਾ ਲਾਇਆ। ਬੀਸ ਬੀਸ ਦਏ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਮੁਹੰਮਦ ਮਿਲਿਆ ਕਲਜੁਗ ਸੰਗ, ਹਰਿ ਹਰਿ ਆਪ ਬਣਾਇੰਦਾ। ਮੁਹੰਮਦ ਕਹੇ ਬਣਾ ਮਲੰਗ, ਘਰ ਘਰ ਨਾਚ ਨਚਾਇੰਦਾ। ਚਾਰ ਯਾਰੀ ਮੇਰਾ ਅਨੰਦ, ਏਕਾ ਘਰ ਸੋਭਾ ਪਾਇੰਦਾ। ਪਿਛਲਾ ਕੀਤਾ ਕਰਨਾ ਖੰਡ ਖੰਡ, ਅਗਲਾ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸੁਣ ਮੁਹੰਮਦ ਹਰਿ ਜਣਾਇਆ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਪੰਜ ਤੱਤ ਤੇਰਾ ਰੂਪ ਧਰਾਇਆ। ਨੂਰ ਨੂਰ ਮਿਲਾਈਆ, ਕਲਮਾ ਕਲਾਮ ਇਕ ਪੜ੍ਹਾਇਆ, ਏਕਾ ਅਲਫ਼ ਅਲਫ਼ ਵਖਾਈਆ। ਹਰਫ਼ ਬੇਹਰਫ਼ ਆਪ ਸਿਖਾਇਆ, ਪੇ ਯੇ ਕਰੇ ਸਫ਼ਾਈਆ। ਤਸਬੀ ਮਾਲਾ ਗਲ ਲਟਕਾਇਆ, ਮਨ ਕਾ ਮਣਕਾ ਮਨ ਭੁਵਾਈਆ। ਨੀਲੇ ਬਸਤਰ ਰੰਗ ਚੜ੍ਹਾਇਆ, ਨੀਲਮ ਆਪਣਾ ਖੇਲ ਕਰਾਈਆ। ਚੌਦਾਂ ਤਬਕਾਂ ਕੁੰਡਾ ਲਾਹਿਆ, ਚੌਦਸ ਇਕ ਚੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਚੌਦਾਂ ਲੋਕ ਵੇਖ ਨਜ਼ਾਰਾ, ਮੁਹੰਮਦ ਖ਼ੁਸ਼ੀ ਮਨਾਇੰਦਾ। ਮੇਰੇ ਖ਼ੁਦਾ ਤੇਰਾ ਮੁਜਾਹਰਾ, ਮੋਹੇ ਸਦਾ ਭਾਇੰਦਾ। ਇਕੋ ਹੱਕ ਤੇਰਾ ਨਾਅਰਾ, ਤੇਰੇ ਦਰ ਸੁਣਾਇੰਦਾ। ਤੂੰ ਸਾਹਿਬ ਪਰਵਰਦਿਗਾਰਾ, ਹਉਂ ਖਾਕੀ ਖ਼ਾਕ ਸੀਸ ਝੁਕਾਇੰਦਾ। ਹਉਂ ਭਿਖਕ ਤੇਰੇ ਆਏ ਦੁਆਰਾ, ਬਣ ਦਰਵੇਸ਼ ਸੀਸ ਝੁਕਾਇੰਦਾ। ਇਕੋ ਅਲਫ਼ੀ ਤਨ ਸ਼ਿੰਗਾਰਾ, ਬਣ ਮਲੰਗ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਬਣ ਮਲੰਗ ਫੜੇ ਮਤਹਿਰਾ, ਤਸਬੀ ਮਾਲਾ ਗਲ ਲਟਕਾਈਆ। ਵਾਹਵਾ ਕਾਦਰ ਤੇਰੀ ਕੁਦਰਤ ਵਿਚ ਤੇਰੀ ਲਹਿਰਾ, ਲਹਿਰ ਲਹਿਰ ਵਿਚ ਮਿਲਾਈਆ। ਮੈਂ ਚੌਦਾਂ ਤਬਕ ਕਰਕੇ ਆਇਆ ਸੈਰਾਂ, ਸੈਰਗਾਹ ਇਕ ਵਖਾਈਆ। ਬਿਨ ਤੇਰੀ ਨਜ਼ਮ ਬਿਨ ਤੇਰੇ ਨਗਮੇ ਹੋਇਆ ਬਹਿਰਾ, ਕੰਨ ਅਵਾਜ਼ ਨਾ ਕੋਇ ਸੁਣਾਈਆ। ਮੈਂ ਦਰ ਤੇਰਾ ਮੰਗਾਂ ਨਾ ਛੱਡਣਾ ਖਹਿੜਾ, ਸਿਰ ਕਦਮਾਂ ਉਪਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਆਪਣਾ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਬਾਨ ਦਇਆ ਕਮਾਇੰਦਾ। ਤੇਰਾ ਇਸਮ ਇਕ ਇਮਾਨ, ਹਰਿ ਆਜ਼ਮ ਆਪ ਜਣਾਇੰਦਾ। ਸਾਚੇ ਹਜ਼ਰਤ ਕਰ ਪਹਿਚਾਨ, ਨਜ਼ਰੀਆ ਇਕ ਰਖਾਇੰਦਾ। ਦੇਵਣਹਾਰਾ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਾਚੇ ਅਸਵ ਚੜ੍ਹਿਆ ਬਿਨ ਲਗਾਮ, ਆਪਣਾ ਦੁਲਦੁਲ ਆਪ ਦੌੜਾਇੰਦਾ। ਦੇਵਣਹਾਰਾ ਸਚ ਬਿਆਨ, ਬਿਆਨਾ ਆਪਣਾ ਨਾਉਂ ਰਖਾਇੰਦਾ। ਏਕਾ ਏਕ ਇਲਾਹੀ ਕਲਾਮ, ਕਲਮਾ ਕਲਾਮ ਆਪ ਜਣਾਇੰਦਾ। ਏਕਾ ਸਿਫ਼ਤ ਸਿਫ਼ਤ ਸਲਾਮ, ਇਸਲਾਮ ਆਪਣਾ ਰੰਗ ਵਖਾਇੰਦਾ। ਇਕ ਅਲੈਕਮ ਬਣ ਗ਼ੁਲਾਮ, ਗੁਰਬਤ ਏਕਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ੁਸ਼ੀ ਆਪ ਵਖਾਇੰਦਾ। ਸਾਚੀ ਖ਼ੁਸ਼ੀ ਪਰਵਰਦਿਗਾਰ, ਬੇਪਰਵਾਹ ਆਪ ਵਖਾਈਆ। ਆਪੇ ਬਣ ਸਾਚਾ ਯਾਰ, ਸਾਚੀ ਸ਼ਰਅ ਦਏ ਸਮਝਾਈਆ। ਕਲਜੁਗ ਕਰਨਾ ਇਕ ਪਿਆਰ, ਕੂੜੀ ਕਿਰਿਆ ਸੰਗ ਰਖਾਈਆ। ਚਾਰੋਂ ਕੁੰਟ ਕਰ ਖੁਆਰ, ਜੀਵ ਜੰਤ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਇਕ ਮੁਹੰਮਦ ਚੜ੍ਹਿਆ ਚਾਅ, ਚਾਓ ਘਨੇਰਾ ਇਕ ਰਖਾਈਆ। ਏਕਾ ਘਰ ਮਿਲੀ ਸਲਾਹ, ਸਲਾਹਗੀਰ ਇਕ ਵਡਿਆਈਆ। ਏਕਾ ਬੇੜਾ ਦਏ ਚਲਾ, ਬਿਨ ਚੱਪੂ ਪਾਰ ਲੰਘਾਈਆ। ਏਕਾ ਸਬਕ ਦਏ ਪੜ੍ਹਾ, ਸਾਬਤ ਆਪਣਾ ਨਾਉਂ ਸਮਝਾਈਆ। ਇਕ ਆਲਮ ਉਲਮਾ ਬਣੇ ਖ਼ੁਦਾ, ਆਲਮੀਨ ਇਕ ਅਖਵਾਈਆ। ਏਕਾ ਰਹੀਮ ਰਹਿਮਾਨ ਰਹਿਮਤ ਰਿਹਾ ਕਮਾ, ਰਹਿਬਰ ਏਕਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਮੁਹੰਮਦ ਖੇਲ ਦੱਸ ਆਪਣਾ ਵਜੂਦ, ਭੇਵ ਅਭੇਦ ਛੁਪਾਇੰਦਾ। ਤੇਰਾ ਮੇਲਾ ਪੰਜ ਤੱਤ ਕਾਇਆ ਕਲਬੂਤ, ਕਾਇਆ ਕੁਰਾ ਇਕ ਵਖਾਇੰਦਾ। ਚੌਦਾਂ ਲੋਕ ਤੇਰਾ ਸਬੂਤ, ਅੱਗੇ ਰਾਹ ਨਾ ਕੋਇ ਜਣਾਇੰਦਾ। ਅਧਵਿਚਕਾਰ ਤੇਰੀ ਕੂਟ, ਹਰਿ ਜੂ ਸਾਚੀ ਵੰਡ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਦੀਨ ਦਿਆਲ ਮੇਰੇ ਖ਼ੁਦਾ, ਤੁਧ ਅੱਗੇ ਸੀਸ ਝੁਕਾਇਆ। ਤੇਰਾ ਨੂਰ ਤੇਰੇ ਨਾਲੋਂ ਹੋਇਆ ਜ਼ੁਦਾ, ਜਗਤ ਜੁਦਾਈ ਵੇਖ ਵਖਾਇਆ। ਕਵਣ ਬਿਧ ਹੋਵਾਂ ਫਿਦਾ, ਆਪਣੀ ਫਿਤਰਤ ਮਾਤ ਮਿਟਾਇਆ। ਮੈਨੂੰ ਮਾਰਗ ਦੱਸਣਾ ਸਿੱਧਾ, ਰਾਹ ਵਿਚ ਨਾ ਕੋਇ ਅਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਇਆ। ਮੁਹੰਮਦ ਸੁਣ ਰੱਖਣਾ ਯਾਦ, ਚੌਥੇ ਜੁਗ ਹਰਿ ਜਣਾਈਆ। ਅੰਤ ਸੁਣੇ ਤੇਰੀ ਫ਼ਰਯਾਦ, ਪਰਵਰਦਿਗਾਰ ਸੱਚਾ ਮਾਹੀਆ। ਮੈਂ ਤੈਨੂੰ ਦਿਤੀ ਦਾਦ, ਚੌਦਾਂ ਲੋਕ ਕਲਮਾ ਕਰੇ ਪੜ੍ਹਾਈਆ। ਸੋ ਤੇਰੀ ਜਾਣੇ ਹਦ, ਬੇਹਦ ਆਪ ਅਖਵਾਈਆ। ਤੇਰਾ ਪੈਂਡਾ ਮੁਕਣਾ ਅਧ, ਅੱਗੇ ਮਿਲੇ ਨਾ ਕੋਇ ਵਡਿਆਈਆ। ਉਮਤ ਉਮਤੀ ਜਾਣੀ ਛੱਡ, ਕਲਜੁਗ ਸੰਗ ਨਾ ਕੋਇ ਰਖਾਈਆ। ਅੰਤਮ ਖ਼ਾਲੀ ਹੋਣੇ ਹੱਡ, ਨਾੜੀ ਨਾੜ ਨਾੜ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਮੁਹੰਮਦ ਉਠ ਕਰੇ ਸੱਯਦਾ, ਸੀਸ ਸੀਸ ਝੁਕਾਇਆ। ਮੈਂ ਚਾਕਰ ਖ਼ਾਕ ਤੇਰਾ ਬਰਦਾ, ਦਰ ਤੇਰੇ ਫੇਰਾ ਪਾਇਆ। ਤੂੰ ਸਾਹਿਬ ਸਭ ਦਾ ਘਾੜਨ ਘੜਦਾ, ਘੜਨਹਾਰ ਇਕ ਅਖਵਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਕੋਲੋਂ ਡਰਦਾ, ਨੇਤਰ ਨੈਣ ਨੈਣ ਸ਼ਰਮਾਇਆ। ਮੈਂ ਤੇਰੇ ਹੁਕਮ ਅੰਦਰ ਚੌਦਾਂ ਤਬਕ ਅੰਦਰ ਵੜਦਾ, ਘਰ ਘਰ ਫੇਰੀ ਪਾਇਆ। ਚਾਰੋਂ ਕੁੰਟ ਰਹੇ ਸੜਦਾ, ਆਬੇਹਯਾਤ ਨਾ ਕੋਇ ਪਿਆਇਆ। ਕਲਜੁਗ ਨਾਲ ਨਾਲ ਰਹੇ ਤੁਰਦਾ, ਆਪਣਾ ਜ਼ੋਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਲਏ ਮਿਲਾਇਆ। ਕਵਣ ਵੇਲਾ ਮੇਲੇ ਅੰਤ, ਏਕਾ ਮੰਗ ਮੰਗਾਈਆ। ਤੂੰ ਬਣਾਈ ਮੇਰੀ ਬਣਤ, ਤੇਰੇ ਹੱਥ ਮੇਰੀ ਵਡਿਆਈਆ। ਤੂੰ ਸਾਹਿਬ ਸਾਚਾ ਕੰਤ, ਮੈਂ ਬੀਵੀ ਬੇਵਾ ਤੇਰੇ ਬਿਨ ਕੰਮ ਕਿਸੇ ਨਾ ਆਈਆ। ਤੇਰਾ ਚਰਨ ਦਿਸੇ ਬੰਕ, ਤੇਰਾ ਨੂਰ ਮੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਸੁਣ ਮੁਹੰਮਦ ਕਰ ਧਿਆਨ, ਹਰਿ ਹਜ਼ਰਤ ਆਪ ਜਣਾਇੰਦਾ। ਇਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫ਼ੀਲ ਜੋ ਦੇਦੇ ਰਹੇ ਪੈਗ਼ਾਮ, ਚਾਰ ਜੁਗ ਵੇਸ ਵਟਾਇੰਦਾ। ਚੌਦਾਂ ਸਦੀਆਂ ਰੱਖਾਂ ਤੇਰਾ ਮਾਣ, ਚੌਦਾਂ ਤਬਕ ਨਾ ਤੇਰੇ ਹਿਲਾਇੰਦਾ। ਅੰਤਮ ਖੇਲ ਕਰਾਂ ਮਹਾਨ, ਸਿਰ ਅਮਾਮ ਅਮਾਮਾ ਰੂਪ ਵਟਾਇੰਦਾ। ਨਾਤਾ ਤੋੜੇ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਇਕ ਸੁਣਾਵਾਂ ਧੁਰ ਫ਼ਰਮਾਣ, ਸਚ ਸੰਦੇਸਾ ਇਕ ਅਲਾਇੰਦਾ। ਏਕਾ ਦੇਵਾਂ ਹੱਕ ਪੈਗ਼ਾਮ, ਪੀਰ ਪੈਗ਼ੰਬਰ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਚੌਦਾਂ ਸਦੀਆਂ ਦਿਤਾ ਵਰ, ਸਿਦਕ ਸਬੂਰੀ ਇਕ ਸਮਝਾਇੰਦਾ। ਅੰਤਮ ਵੇਲੇ ਜਾਣਾ ਹਰ, ਹਰਿ ਜੂ ਆਪਣੀ ਖੇਲ ਕਰਾਇੰਦਾ। ਪਰਗਟ ਹੋਏ ਨਰਾਇਣ ਨਰ, ਨਿਰਗੁਣ ਵੇਸ ਵਟਾਇੰਦਾ। ਲੋਕ ਪਰਲੋਕ ਵੇਖੇ ਖੜ, ਅਵਣ ਗਵਣ ਫੇਰਾ ਪਾਇੰਦਾ। ਭੇਵ ਚੁਕਾਏ ਗੋਰ ਮੜ੍ਹ, ਸਿਲ ਪੂਜਸ ਡੇਰਾ ਢਾਹਿੰਦਾ। ਪੀਰ ਪੈਗ਼ੰਬਰ ਵੇਖੇ ਖੜ, ਮੁੱਲਾਂ ਸ਼ੇਖ਼ ਮੁਸਾਇਕ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਏਕਾ ਹੱਥ ਰਖਾਇੰਦਾ। ਤੇਰਾ ਅੰਤ ਕਰੇ ਕਰਤਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਾਨਕ ਨਾਮ ਕਰ ਉਜਿਆਰ, ਪੰਜ ਤੱਤ ਤੱਤ ਕੁੜਮਾਈਆ। ਸ਼ਬਦ ਸ਼ਬਦ ਬੋਲ ਜੈਕਾਰ, ਲੱਖ ਚੁਰਾਸੀ ਕਰੇ ਪੜ੍ਹਾਈਆ। ਦੇਵਤ ਸੁਰ ਦਏ ਅਧਾਰ, ਅਸੁਰ ਮਾਣ ਰਖਾਈਆ। ਕਿਨਰ ਯੱਛਪ ਦਏ ਉਠਾਲ, ਨਾਦ ਅਨਾਦੀ ਇਕ ਸੁਣਾਈਆ। ਬ੍ਰਹਮ ਬ੍ਰਹਮਾਦੀ ਵੇਖੇ ਚਾਲ, ਚਾਲ ਨਿਰਾਲੀ ਇਕ ਰਖਾਈਆ। ਚਾਰ ਵਰਨਾਂ ਕਰ ਬਹਾਲ, ਬਰਨ ਅਠਾਰਾਂ ਫੰਦ ਕਟਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਦਏ ਵਡਿਆਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਹਰਿ ਜੂ ਬੈਠਾ ਆਸਣ ਲਾਈਆ। ਨਾਮ ਸਤਿ ਇਕ ਸਿਖਾਲ, ਸਤਿ ਸਤਿ ਕਰੇ ਪੜ੍ਹਾਈਆ। ਏਕੰਕਾਰਾ ਪੁਰਖ ਅਕਾਲ, ਅਕਲ ਕਲਾ ਜਣਾਈਆ। ਆਦਿ ਅੰਤ ਕਰੇ ਪ੍ਰਿਤਪਾਲ, ਜੁਗ ਜੁਗ ਸੇਵ ਕਮਾਈਆ। ਏਕਾ ਦੀਪਕ ਜੋਤੀ ਬਾਲ, ਨੂਰ ਨੂਰ ਦੀਪਕ ਦੀਪ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨਾ, ਕਰਨਹਾਰ ਕਰਤਾਰਾ। ਏਕਾ ਜੋਤੀ ਦਸ ਦਸ ਰੂਪ ਵਰਨਾ, ਪੰਜ ਤੱਤ ਵੇਖੇ ਕਾਇਆ ਜਗਤ ਅਖਾੜਾ। ਨਾ ਜੰਮਣਾ ਨਾ ਕਦੇ ਮਰਨਾ, ਸ਼ਬਦੀ ਸ਼ਬਦ ਹੋ ਉਜਿਆਰਾ। ਪੁਰਖ ਅਕਾਲ ਏਕੋ ਸਰਨਾ, ਏਕਾ ਗੁਰੂ ਗੁਰੂਦੁਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰਾ ਖੇਲ ਕਰਤਾਰ, ਹਰਿ ਕਰਤਾ ਆਪ ਕਰਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਗੁਰ ਰੂਪ ਵਟਾਈਆ। ਸਤਿਗੁਰ ਖੇਲ ਕਰੇ ਅਪਾਰ, ਬੇਅੰਤ ਬੇਅੰਤ ਸੱਚਾ ਸ਼ਹਿਨਸ਼ਾਹੀਆ। ਪੁਰਖ ਅਕਾਲ ਕਰ ਵਿਚਾਰ, ਵਿਚਾਰ ਵਿਚਾਰ ਨਾਲ ਮਿਲਾਈਆ। ਪੂਰਬ ਲਹਿਣਾ ਦਏ ਉਤਾਰ, ਲੇਖਾ ਲੇਖੇ ਵਿਚ ਪਾਈਆ। ਦੁਸ਼ਟ ਦਮਨ ਦਮਨ ਉਠਾਲ, ਹੇਮਕੁੰਟ ਕੁੰਟ ਸਮਾਈਆ। ਬੈਕੁੰਠ ਨਿਵਾਸੀ ਹੋ ਦਿਆਲ, ਲਾਲ ਆਪਣਾ ਆਪ ਪਰਗਟਾਈਆ। ਚੌਥੇ ਜੁਗ ਹਲ ਕਰੇ ਸਵਾਲ, ਬਣ ਸਵਾਲੀ ਸਵਾਲ ਫੇਰ ਨਾ ਕੋਇ ਰਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਦਏ ਵਜਾਈਆ। ਚੌਥੇ ਜੁਗ ਬੇਮਿਸਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰੇ ਖੇਲ, ਹਰਿ ਗੋਬਿੰਦ ਗੋਬਿੰਦ ਆਪਣੀ ਧਾਰ ਚਲਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਸਾਗਰ ਸਿੰਧ, ਅੰਮ੍ਰਿਤ ਸੋਮਾ ਆਪ ਪਰਗਟਾਇੰਦਾ । ਆਪ ਬਣਾਈ ਆਪਣੀ ਬਿੰਦ, ਨਾਦੀ ਸੁਤ ਨਾਉ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਕਰੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਗੋਬਿੰਦ ਵਖਾਏ ਇਕ ਨਿਸ਼ਾਨਾ, ਸਚਖੰਡ ਖੰਡ ਰੁਸ਼ਨਾਈਆ। ਪੁਰਖ ਅਕਾਲ ਸ਼ਾਹ ਸੁਲਤਾਨਾ, ਸੀਸ ਆਪਣੇ ਤਾਜ ਟਿਕਾਈਆ। ਜੋਧਾ ਸੂਰ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਈਆ। ਗੁਰ ਪੀਰਾਂ ਦੇਵੇ ਦਾਨਾ, ਪੀਰ ਪੈਗ਼ੰਬਰਾਂ ਝੋਲੀ ਆਪ ਭਰਾਈਆ। ਆਪਣਾ ਨਾਉਂ ਧੁਰ ਫ਼ਰਮਾਣਾ, ਜੁਗ ਜੁਗ ਰਿਹਾ ਸੁਣਾਈਆ। ਅੰਤਰ ਮੇਟ ਸਰਬ ਨਿਸ਼ਾਨਾ, ਜੋਤੀ ਜੋਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਦਏ ਸੁਣਾਈਆ। ਸਚ ਸੰਦੇਸ ਪੁਰਖ ਅਕਾਲ, ਏਕਾ ਆਪ ਜਣਾਇਆ। ਕੋਟਨ ਕੋਟ ਚੌਕੜੀ ਜੁਗ ਬੀਤੇ ਕਾਲ, ਕਾਲ ਕਾਲ ਰੂਪ ਵਟਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਦੇ ਰਹੇ ਦਲਾਲ, ਬਣ ਦਲਾਲੀ ਵਣਜ ਕਰਾਇਆ। ਅੰਤ ਹੱਲ ਨਾ ਹੋਇਆ ਕਿਸੇ ਕੋਲੋਂ ਸਵਾਲ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਪਣੀ ਘਾਲਣ ਗਏ ਘਾਲ, ਘਾਲੀ ਘਾਲ ਮੁੜ ਕੇ ਵੇਖਣ ਕੋਇ ਨਾ ਆਇਆ। ਜੁਗ ਚੌਕੜੀ ਬਣਦੇ ਰਹੇ ਬੇਹਾਲ, ਬਹਿਬਲ ਹੋ ਹੋ ਹਰਿ ਅੱਗੇ ਆਪਣਾ ਹਾਲ ਸੁਣਾਇਆ। ਤੇਰਾ ਤ੍ਰੈਗੁਣ ਮਾਇਆ ਵੱਡਾ ਜੰਜ਼ਾਲ, ਲੱਖ ਚੁਰਾਸੀ ਰਿਹਾ ਫਸਾਇਆ। ਤੇਰਾ ਖੇਲ ਸ੍ਰੀ ਭਗਵਾਨ, ਸਮਝ ਵਿਚ ਕਿਸੇ ਨਾ ਆਇਆ। ਤੇਰਾ ਨਾਉਂ ਸਾਰੇ ਗਾਣ, ਕੋਟਨ ਕੋਟ ਨਾਉਂ ਰਖਾਇਆ। ਤੇਰੀ ਕੋਈ ਨਾ ਕਰੇ ਪਹਿਚਾਨ, ਪਹਿਚਾਨ ਵਿਚ ਕਦੇ ਨਾ ਆਇਆ। ਤੂੰ ਜੁਗ ਜੁਗ ਲੋਕਮਾਤ ਬਣੇ ਮਹਿਮਾਨ, ਆਪਣਾ ਫੇਰਾ ਪਾਇਆ। ਜੇ ਕੋਈ ਵੇਖੇ ਤੇਰਾ ਸਚ ਨਿਸ਼ਾਨ, ਤੇਰਾ ਰੂਪ ਰੰਗ ਨਜ਼ਰ ਕਿਸੇ ਨਾ ਆਇਆ। ਜਿਸ ਕਿਰਪਾ ਕਰੇਂ ਆਪ ਭਗਵਾਨ, ਸੋ ਤੇਰਾ ਦਰਸਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਇਕ ਉਠਾਇਆ। ਗੁਰ ਗੋਬਿੰਦ ਸ਼ਬਦੀ ਪੂਤ, ਪਿਤਾ ਪੂਤ ਵਡਿਆਈਆ। ਲੇਖਾ ਜਾਣੇ ਸਾਚੇ ਸੂਤ, ਤੰਦੀ ਤੰਦ ਤੰਦ ਬੰਧਾਈਆ। ਜੁਗ ਚੌਕੜੀ ਆਵਾ ਜਾਏ ਊਤ, ਅੰਤ ਅੰਤ ਨਾ ਕੋਇ ਵਖਾਈਆ। ਸਾਰੇ ਵਸਦੇ ਗਏ ਪੰਜ ਤੱਤ ਕਾਇਆ ਭੂਤਕ ਭੂਤ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤ ਇਕ ਵਖਾਈਆ। ਕਲਜੁਗ ਤੇਰਾ ਅੰਤ ਦੱਸੇ ਭਗਵਾਨ, ਆਪਣਾ ਸ਼ਬਦ ਜਣਾਇੰਦਾ। ਮੁਹੰਮਦ ਉਮਤ ਹੋਏ ਸ਼ੈਤਾਨ, ਸ਼ਰਅ ਸ਼ਰੀਅਤ ਵੇਖ ਵਖਾਇੰਦਾ। ਗੋਬਿੰਦ ਪਰਗਟੇ ਵਿਚ ਜਹਾਨ, ਲੋਕਮਾਤ ਫੇਰਾ ਪਾਇੰਦਾ। ਪੁਰਖ ਅਬਿਨਾਸ਼ੀ ਦੇਵੇ ਦਾਨ, ਸਾਚੀ ਵਸਤ ਇਕ ਵਰਤਾਇੰਦਾ। ਚਾਰ ਜੁਗ ਦੇ ਚਾਰ ਨਿਸ਼ਾਨ, ਚਾਰੇ ਬਾਲੇ ਗੋਦ ਸੁਹਾਇੰਦਾ। ਖੇਲੇ ਖੇਲ ਖੇਲ ਮਹਾਨ, ਹਰਿ ਖ਼ਾਲਕ ਭੇਵ ਰਖਾਇੰਦਾ। ਦੋਹਾਂ ਥੱਲੇ ਰੱਖੇ ਆਣ, ਤੇਰੀ ਲੱਗੀ ਜੜ੍ਹ ਉਖੜਾਇੰਦਾ। ਛੋਟਾ ਬਾਲਾ ਮੁਹੰਮਦ ਚੁਕਾਏ ਤੇਰਾ ਮਾਣ, ਵੱਡਾ ਕਲਜੁਗ ਤੇਰਾ ਪੰਧ ਮੁਕਾਇੰਦਾ। ਤੀਜਾ ਚੌਥਾ ਝੂਜੇ ਵਿਚ ਮੈਦਾਨ, ਮਰਦ ਮਰਦਾਨਗੀ ਇਕ ਵਖਾਇੰਦਾ। ਲੱਖ ਚੁਰਾਸੀ ਕਰ ਕੁਰਬਾਨ, ਕਲਜੁਗ ਕਰਬਲਾ ਵੰਡ ਵੰਡਾਇੰਦਾ। ਪੀਰ ਪੈਗ਼ੰਬਰ ਹੋਣ ਹੈਰਾਨ, ਗੁਰ ਅਵਤਾਰ ਵੇਖ ਵਖਾਇੰਦਾ। ਕਰੇ ਖੇਲ ਹਰਿ ਭਗਵਾਨ, ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਨਾਤਾ ਤੋੜ ਜਹਾਨ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਪੰਜ ਪਿਆਰੇ ਕਰ ਪਰਵਾਨ, ਚਾਰ ਯਾਰੀ ਪੰਧ ਮੁਕਾਇੰਦਾ। ਸਾਚਾ ਅੰਮ੍ਰਿਤ ਪੀਣ ਖਾਣ, ਨਾਮ ਖੰਡਾ ਵਿਚ ਫਿਰਾਇੰਦਾ। ਆਤਮ ਪਰਮਾਤਮ ਇਕੋ ਆਣ, ਪਰਮ ਪੁਰਖ ਮੇਲ ਮਿਲਾਇੰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਗਾਣ, ਵਾਹ ਵਾਹ ਗੁਰੂ ਪੁਰਖ ਅਕਾਲ ਇਕ ਜਣਾਇੰਦਾ। ਪੰਜ ਤੱਤ ਕਾਇਆ ਸਭ ਦਾ ਮਿਟਣਾ ਨਿਸ਼ਾਨ, ਵੇਲੇ ਅੰਤ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਸ ਕੇ ਗਏ ਜਗਤ ਮਕਾਨ, ਮਕਾਨ ਫਨਾਹ ਸਭ ਨੂੰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸੇ ਕਰਤਾਰਾ, ਕਰਨਹਾਰ ਆਪ ਅਖਵਾਇੰਦਾ। ਕਲਜੁਗ ਆਏ ਅੰਤਮ ਵਾਰਾ, ਅੰਤ ਅੰਤ ਵੇਖ ਵਖਾਇੰਦਾ। ਚਾਰੋਂ ਕੁੰਟ ਪਾਵੇ ਸਾਰਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਸੁਰਪਤ ਇੰਦ ਨਾਲ ਮਿਲਾਇੰਦਾ। ਰਵ ਸਸ ਦਏ ਸਹਾਰਾ, ਏਕਾ ਗੁਣ ਵਖਾਇੰਦਾ। ਬ੍ਰਹਿਮੰਡਾਂ ਖੰਡਾਂ ਵੇਖ ਅਖਾੜਾ, ਨਿਰਗੁਣ ਨਿਰਗੁਣ ਨਾਚ ਨਚਾਇੰਦਾ। ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਆਪ ਜਗਾਇੰਦਾ। ਏਕਾ ਸ਼ਬਦ ਬੋਲ ਜੈਕਾਰਾ, ਜੈ ਜੈਕਾਰ ਇਕ ਕਰਾਇੰਦਾ। ਚਾਰ ਜੁਗ ਦਾ ਪਾਰ ਕਿਨਾਰਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਸਚ ਸੰਦੇਸਾ ਦੇਵੇ ਇਕੋ ਵਾਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸ਼ਬਦੀ ਸ਼ਬਦ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਕਰਤਾ ਪੁਰਖ ਆਪ ਕਮਾਇੰਦਾ। ਲੇਖਾ ਮੰਗੇ ਵਾਰੋ ਵਾਰਾ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਲੋਕਮਾਤ ਲਾਏ ਸਚ ਦਰਬਾਰਾ, ਸਚਖੰਡ ਰੂਪ ਵਟਾਇੰਦਾ। ਸਾਚੇ ਤਖ਼ਤ ਬਹਿ ਸੱਚੀ ਸਰਕਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਪੂਰਬ ਲੇਖਾ ਜਾਣੇ ਜਾਨਣਹਾਰਾ, ਚਾਰੇ ਵੇਦ ਫੋਲ ਫੋਲਾਇੰਦਾ। ਸ਼ਾਸਤਰ ਸਿਮਰਤ ਨੈਣ ਉਘਾੜਾ, ਪੁਰਾਨ ਪੁਰਾਨੀ ਵੇਖ ਵਿਚਾਰਾ, ਗੀਤਾ ਗਿਆਨ ਪਾਵੇ ਸਾਰਾ, ਅੰਜੀਲ ਕੁਰਾਨ ਪੜਦਾ ਲਾਹਿੰਦਾ। ਖਾਣੀ ਬਾਣੀ ਵੇਖੇ ਵੇਖਣਹਾਰਾ, ਭੇਵ ਅਭੇਦ ਆਪ ਜਣਾਇੰਦਾ। ਗੁਰ ਅਵਤਾਰ ਪੁੱਛਦਾ ਰਿਹਾ ਵਾਰੋ ਵਾਰਾ, ਜੁਗ ਜੁਗ ਸਾਚੀ ਸੇਵ ਸਮਝਾਇੰਦਾ। ਸਾਰੇ ਕੱਟ ਕੇ ਗਏ ਵਗਾਰਾ, ਬਣ ਹੁਕਮਰਾਨ ਆਪਣਾ ਹੁਕਮ ਨਾ ਕੋਇ ਚਲਾਇੰਦਾ। ਅੰਤਮ ਡਿਗੇ ਇਕ ਦੁਆਰਾ, ਦੋਏ ਦੋਏ ਸੀਸ ਸਰਬ ਝੁਕਾਇੰਦਾ। ਮੁਹੰਮਦ ਬੈਠਾ ਅਧਵਿਚਕਾਰਾ, ਪਰਵਰਦਿਗਾਰਾ ਰਾਹ ਤਕਾਇੰਦਾ। ਗੋਬਿੰਦ ਮੰਗੇ ਇਕ ਸਹਾਰਾ, ਪੁਰਖ ਅਕਾਲ ਓਟ ਰਖਾਇੰਦਾ। ਪੁਰਖ ਅਕਾਲ ਜਾਣੇ ਜਾਨਣਹਾਰਾ, ਆਪ ਆਪਣੀ ਦਇਆ ਕਮਾਇੰਦਾ। ਸਚ ਸੰਦੇਸਾ ਨਰ ਨਰੇਸਾ ਦਿਤਾ ਇਕੋ ਵਾਰਾ, ਵੀਹ ਸੌ ਸਤਾਰਾਂ ਸਤਾਰਾਂ ਹਾੜੀ ਹੁਕਮ ਸੁਣਾਇੰਦਾ। ਚਾਰ ਜੁਗ ਦੇ ਉਠੋ ਯਾਰਾ, ਯਾਰ ਯਾਰੀ ਵੇਖ ਵਖਾਇੰਦਾ। ਮੈਂ ਲਿਖ ਲਿਖ ਸਭ ਦਾ ਲੇਖਾ ਰੱਖਿਆ ਵਾਰੋ ਵਾਰਾ, ਹੱਥ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇੰਦਾ। ਧੁਰ ਸੰਦੇਸਾ ਹਾੜ ਸਤਾਰਾਂ, ਹਰਿ ਹਰਿ ਆਪ ਸੁਣਾਇਆ। ਉਠੋ ਸਾਰੇ ਕਰੋ ਵਿਚਾਰਾ, ਕੀ ਹਰਿ ਹਰਿ ਖੇਲ ਰਚਾਇਆ। ਜਿਸ ਦੀ ਗਾਉਂਦੇ ਆਵੋ ਵਾਰਾ, ਲਿਖ ਲਿਖ ਜੀਵਾਂ ਜਗਤ ਪੜ੍ਹਾਇਆ। ਜਿਸ ਦਾ ਤਕਦੇ ਆਏ ਸਹਾਰਾ, ਦੋਏ ਦੋਏ ਸੀਸ ਝੁਕਾਇਆ। ਜਿਹਨੂੰ ਕਹਿੰਦੇ ਰਹੇ ਪਰਵਰਦਿਗਾਰਾ, ਬੇਐਬ ਨਾਮ ਖ਼ੁਦਾਇਆ। ਜਿਹਨੂੰ ਕਹਿੰਦੇ ਰਾਮ ਰਾਮ ਪਿਆਰਾ, ਸੋ ਰਾਮ ਵੇਸ ਵਟਾਇਆ। ਜਿਸ ਨੂੰ ਕਹਿੰਦੇ ਏਕੰਕਾਰਾ, ਆਪਣੀ ਅਕਲ ਕਲਾ ਜਣਾਇਆ। ਜਿਸ ਦੇ ਕੋਲੋਂ ਮੰਗਦੇ ਰਹੇ ਭੰਡਾਰਾ, ਆਪਣੀ ਖਾਲੀ ਝੋਲੀ ਭਰਾਇਆ। ਜਿਸ ਨੂੰ ਬੇਅੰਤ ਬੇਅੰਤ ਬੇਅੰਤ ਕਹਿ ਕਹਿ ਆਏ ਵਿਚ ਸੰਸਾਰਾ, ਸੋ ਆਪਣਾ ਅੰਤ ਰਿਹਾ ਸਮਝਾਇਆ । ਜਿਸ ਦਾ ਹੱਥ ਨਾ ਆਇਆ ਕੋਈ ਕਿਨਾਰਾ, ਸਾਚਾ ਪੱਤਣ ਨਾ ਕੋਇ ਵਖਾਇਆ। ਸੋ ਪਰਗਟ ਹੋਇਆ ਮਹਾਂਬਲੀ ਅਵਤਾਰਾ, ਆਪ ਆਪਣਾ ਬਲ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਰਿਹਾ ਘੱਲ, ਹਰਿ ਜੂ ਹਰਿ ਹਰਿ ਆਖ ਸੁਣਾਇਆ। ਨੌਂ ਸੌ ਚੁਰਾਨਵੇ ਚੌਕੜੀ ਕਰਦਾ ਰਿਹਾ ਵਲ ਛਲ, ਅਛਲ ਅਛਲ ਵੇਸ ਵਟਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਆਏ ਚਲ, ਹੁਕਮੇ ਅੰਦਰ ਸਰਬ ਫਿਰਾਇਆ। ਅੰਤਮ ਜੋਤੀ ਗਏ ਰਲ, ਆਪਣਾ ਮੂਲ ਮੁਕਾਇਆ। ਬਿਨ ਅਗਨੀ ਗਏ ਢਲ, ਸਚ ਕੁਠਾਲੀ ਆਪੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਰੇ ਇਕੋ ਵਾਰ ਲਏ ਉਠਾਇਆ। ਸਾਰੇ ਉਠੋ ਕਰੋ ਧਿਆਨ, ਹਰਿ ਹਰਿ ਆਖ ਸੁਣਾਇੰਦਾ। ਚਾਰ ਜੁਗ ਜੁਗਤ ਗਿਆਨ, ਗੁਰ ਸਤਿਗੁਰ ਵੇਖ ਵਖਾਇੰਦਾ। ਆਪਣਾ ਆਪਣਾ ਦਿਉ ਬਿਆਨ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਤਖ਼ਤ ਬੈਠਾ ਹੁਕਮਰਾਨ, ਆਪਣਾ ਹੁਕਮ ਸੁਣਾਇੰਦਾ। ਸ਼ਾਹ ਪਾਤਸ਼ਾਹ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੁਗ ਜੁਗ ਲੇਖਾ ਮੰਗੇ ਆਣ, ਆਪਣੇ ਭਾਣੇ ਸਰਬ ਵਖਾਇੰਦਾ। ਨੇਤਰ ਖੋਲ੍ਹੋ ਕਰੋ ਪਛਾਣ, ਕਵਣ ਹਰਿ ਜੂ ਰੂਪ ਵਟਾਇੰਦਾ। ਜਿਸ ਨੂੰ ਮੰਨਦੇ ਰਹੇ ਨਿਰਗੁਣ ਸ੍ਰੀ ਭਗਵਾਨ, ਸੋ ਕਲਜੁਗ ਵੇਖ ਵਖਾਇੰਦਾ। ਆਪਣਾ ਲੇਖਾ ਦਿਓ ਆਣ, ਅੱਗੇ ਹੋ ਨਾ ਕੋਇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਪੁਚਾਇੰਦਾ। ਸਚ ਸੰਦੇਸਾ ਗਿਆ ਪੁਜ, ਹਰਿ ਸ਼ਬਦੀ ਆਪ ਪੁਚਾਇੰਦਾ। ਸਭ ਦਾ ਭੇਵ ਖੁਲਣਾ ਗੁਝ, ਹਰਿ ਪੜਦਾ ਆਪ ਉਠਾਇੰਦਾ। ਲੋਕਮਾਤ ਜਾ ਕੇ ਜਗਤ ਪਿਆਰ ਵਿਚ ਗਏ ਰੁਝ, ਆਪਣਾ ਆਪਣਾ ਰਾਹ ਸਰਬ ਚਲਾਇੰਦਾ। ਸਭ ਦਾ ਦੀਵਾ ਗਿਆ ਬੁਝ, ਨਜ਼ਰ ਕੋਈ ਨਾ ਆਇੰਦਾ। ਨਾਲ ਲੈ ਕੇ ਨਾ ਆਇਆ ਕੋਈ ਕੁਝ, ਖਾਲੀ ਹੱਥ ਸਰਬ ਵਖਾਇੰਦਾ। ਮੇਰੇ ਚਰਨਾਂ ਤਾਈਂ ਕੋਈ ਗਿਆ ਪੁਜ, ਜਿਸ ਆਪਣੀ ਦਇਆ ਕਮਾਇੰਦਾ। ਕੋਟਨ ਕੋਟ ਅਧਵਿਚਕਾਰੇ ਆਪਣਾ ਭਾਰ ਬੈਠੇ ਸੁੱਟ, ਅੱਗੇ ਸੀਸ ਨਾ ਕੋਇ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪੈਂਦੀ ਰਹੀ ਲੁੱਟ, ਠੱਗ ਚੋਰ ਯਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਇੰਦਾ। ਸਚ ਸੰਦੇਸਾ ਸੁਣੀ ਬਾਤ, ਗੁਰ ਪੀਰ ਅਵਤਾਰ ਲੈਣ ਅੰਗੜਾਈਆ। ਬੌਹੜੀ ਬੌਹੜੀ ਕਲਜੁਗ ਅੰਤਮ ਆਈ ਵਾਟ, ਚੌਕੜੀ ਜੁਗ ਗਏ ਪੰਧ ਮੁਕਾਈਆ। ਅਸੀਂ ਬੜੇ ਖ਼ੁਸ਼ੀ ਬੈਠੇ ਆਪਣੇ ਘਾਟ, ਆਪਣਾ ਪੰਧ ਮੁਕਾਈਆ। ਕੋਈ ਨਾ ਪੁੱਛੇ ਸਾਚੀ ਵਾਤ, ਆਪਣਾ ਬਲ ਆਏ ਰਖਾਈਆ। ਕੋਈ ਗਾਏ ਰਿਹਾ ਗਾਥ, ਕੋਈ ਕ੍ਰਿਸ਼ਨ ਰਿਹਾ ਮਨਾਈਆ। ਕੋਈ ਅਸ਼ਟਭੁਜ ਮੰਗੇ ਸਾਥ, ਕੋਈ ਦੇਵਤ ਦੇਵ ਸੀਸ ਝੁਕਾਈਆ। ਕੋਈ ਕਹੇ ਭੋਲਾ ਨਾਥ, ਕੋਈ ਬ੍ਰਹਮੇ ਮਾਣ ਵਡਿਆਈਆ। ਕੋਈ ਕਹੇ ਵਿਸ਼ਨੂੰ ਵਸੇ ਪਾਸ, ਕੋਈ ਗਣੇਸ਼ ਸੀਸ ਝੁਕਾਈਆ। ਕੋਈ ਕਹੇ ਚਾਰ ਵੇਦ ਪੁਜਾਵਣ ਆਸ, ਕੋਈ ਕਹੇ ਪੁਰਾਨ ਅਠਾਰਾਂ ਦੇਣ ਵਡਿਆਈਆ। ਕੋਈ ਕਹੇ ਗੀਤਾ ਗਿਆਨ ਤ੍ਰਿਲੋਕੀ ਨਾਥ, ਨਾਥ ਅਨਾਥਾ ਹੋਏ ਸਹਾਈਆ। ਕੋਈ ਕਹੇ ਈਸਾ ਹੋਏ ਸੱਜਣ ਸਾਕ, ਸਗਲਾ ਸੰਗ ਰਖਾਈਆ। ਕੋਈ ਕਹੇ ਮੁਹੰਮਦ ਪਾਕੀ ਪਾਕ, ਪੱਤਤ ਪੁਨੀਤ ਦਏ ਕਰਾਈਆ। ਕੋਈ ਕਹੇ ਨਾਨਕ ਜੁੜਿਆ ਨਾਤ, ਪੰਜ ਤੱਤ ਸੇਵ ਰਹੇ ਕਮਾਈਆ। ਕੋਈ ਕਹੇ ਗੋਬਿੰਦ ਮਿਲਿਆ ਘਾਟ, ਸਾਚਾ ਬੇੜਾ ਲਏ ਚਲਾਈਆ। ਨਾਨਕ ਗੋਬਿੰਦ ਕਹੇ ਵੇਖੋ ਪੁਰਖ ਅਬਿਨਾਸ਼, ਸਾਡੀ ਚਲੇ ਨਾ ਕੋਇ ਚਤੁਰਾਈਆ। ਅਸੀਂ ਵੇਖਣ ਆਏ ਰਾਸ, ਹਰਿ ਜੂ ਕੀ ਕੀ ਖੇਲ ਰਚਾਈਆ। ਇਕੋ ਵਸਤ ਰੱਖੀ ਪਾਸ, ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਮੰਗੇ ਥਾਉਂ ਥਾਈਂਆ। ਉਠੋ ਸਾਰੇ ਖੋਲ੍ਹੋ ਅੱਖ, ਹਰਿ ਹਰਿ ਆਖ ਸੁਣਾਇਆ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਹੋਇਆ ਪਰਤੱਖ, ਸੈਭੰ ਭੰਗ ਨਾ ਕੋਇ ਕਰਾਇਆ। ਜਿਸ ਨੇ ਆਦਿ ਜੁਗਾਦਿ ਨਿਰਗੁਣ ਸਰਗੁਣ ਕੀਤਾ ਵੱਖ, ਸਰਗੁਣ ਨਿਰਗੁਣ ਆਪਣਾ ਖੇਲ ਕਰਾਇਆ। ਜੁਗ ਜੁਗ ਮਾਰਗ ਦੇਵੇ ਦੱਸ, ਸਾਚਾ ਰਾਹ ਆਪ ਚਲਾਇਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਵੇਸ ਵਟਾਇਆ। ਅੰਤਮ ਸਭ ਦਾ ਖੇੜਾ ਕਰੇ ਭੱਠ, ਬਣ ਭਠਿਆਰਾ ਅਗਨ ਤਪਾਇਆ। ਕਿਸੇ ਦਾ ਰਹਿਣ ਨਾ ਦੇਵੇ ਕੋਈ ਹਠ, ਬਿਨ ਆਪਣੇ ਨਾਉਂ ਨਾ ਕੋਇ ਵਡਿਆਇਆ। ਜੋ ਆਇਆ ਸੋ ਗਿਆ ਵਹੀਰ ਘਤ, ਬਣ ਪਾਂਧੀ ਪੰਧ ਮੁਕਾਇਆ। ਇਕੋ ਗੋਬਿੰਦ ਲੱਗੀ ਲੇਖੇ ਰੱਤ, ਰੁੱਤ ਰੁੱਤੜੀ ਵੇਖ ਵਖਾਇਆ। ਜਾਨਣਹਾਰਾ ਕਮਲਾਪਤ, ਕਮਲ ਨੈਣ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਇਆ। ਸਚ ਸੰਦੇਸਾ ਸੁਣਿਆ ਤੇਰਾ, ਤ੍ਰੈਭਵਣ ਤੇਰੀ ਵਡਿਆਈਆ। ਚਾਰ ਜੁਗ ਦਾ ਹੇਰਾ ਫੇਰਾ, ਦਿਨ ਚਾਰ ਚਾਰ ਮੰਗ ਮੰਗਾਈਆ। ਦੋ ਸੌ ਛਪੰਜਾ ਦਿਨ ਦਾ ਹੋਇਆ ਨਿਬੇੜਾ, ਅੰਤਮ ਵੇਲਾ ਗਿਆ ਆਈਆ। ਅਸੀਂ ਸਾਰੇ ਭੁੱਲੇ ਦੱਸੀਏ ਕੇਹੜਾ ਕੇਹੜਾ, ਤੇਰੇ ਅੱਗੇ ਨਾ ਕੋਇ ਚਤੁਰਾਈਆ। ਜੇ ਬੋਲੀਏ ਅੱਗੇ ਹੋਏ ਝੇੜਾ, ਝੇੜਾ ਤੇਰੇ ਦਰ ਨਾ ਭਾਈਆ। ਤੇਰਾ ਵੇਖਿਆ ਖੁਲ੍ਹਾ ਵੇਹੜਾ, ਬੇਅੰਤ ਤੇਰੀ ਵਡਿਆਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਤੇ ਪਾ ਪਾ ਗਏ ਫੇਰਾ, ਤੇਰਾ ਘਟ ਕਿਛ ਨਾ ਜਾਈਆ। ਤੇਰੀ ਮਿਹਰ ਨਜ਼ਰ ਵਿਚ ਤੇਰੀ ਮਿਹਰਾ, ਮਿਹਰਵਾਨ ਤੇਰੀ ਸਰਨਾਈਆ। ਅਸੀਂ ਆ ਗਏ ਤੇਰੇ ਵਿਚ ਘੇਰਾ, ਰਸਤਾ ਕੋਇ ਨਜ਼ਰ ਨਾ ਆਈਆ। ਨਾ ਕੁਛ ਮੇਰਾ ਸਭ ਕੁਛ ਤੇਰਾ, ਤੇਰਾ ਮੇਰਾ ਏਕਾ ਰੰਗ ਵਖਾਈਆ। ਤੇਰੇ ਹੁਕਮ ਅੰਦਰ ਲੋਕਮਾਤ ਲਾਇਆ ਡੇਰਾ, ਛੱਪਰ ਛੰਨ ਇਕ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਸਮਝਾਈਆ । ਉਠੋ ਵੇਖੋ ਆਏ ਚਲ, ਹਰਿ ਸਭ ਦੇ ਚਲਾਣ ਰਿਹਾ ਕਰਾਈਆ। ਚਾਰ ਜੁਗ ਦਾ ਨਿਕਲੇ ਜਨ, ਭਰਮ ਭੁਲੇਖਾ ਦਏ ਮਿਟਾਈਆ। ਸਾਰੇ ਸੁਣੋ ਲਾ ਕੇ ਕੰਨ, ਕੰਨਾ ਮੁਕਤਾ ਸਭ ਦਾ ਦਏ ਉਡਾਈਆ। ਜੁਗਾ ਜੁਗੰਤਰ ਬੇੜਾ ਰਿਹਾ ਬੰਨ੍ਹ, ਬੰਨ੍ਹ ਬੰਨ੍ਹ ਆਪ ਚਲਾਈਆ। ਜਿਸਦਾ ਭਾਣਾ ਰਹੇ ਮੰਨ, ਸੋ ਦੱਸੇ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਚਾਰ ਚਾਰ ਦਿਨ ਅੰਤਮ ਦਏ ਮੁਕਾਈਆ। ਚਾਰ ਜੁਗ ਦੇ ਮੁੱਕੇ ਦਿਨ, ਵੇਲਾ ਅੰਤਮ ਆਇਆ। ਵਿਸ਼ਨੂੰ ਕਹੇ ਮੈਂ ਰਿਹਾ ਗਿਣ, ਦਿਵਸ ਰੈਣ ਧਿਆਨ ਲਗਾਇਆ। ਬਹ੍ਰਮਾ ਕਹੇ ਮੈਂ ਵੇਖਾਂ ਭਿੰਨ ਭਿੰਨ, ਹਰਿ ਭਿੰਨੜਾ ਰੂਪ ਵਟਾਇਆ। ਸ਼ੰਕਰ ਕਹੇ ਮੈਂ ਵੇਖਾਂ ਚਿੰਨ, ਚਿਤਰਕਾਰ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਪੰਧ ਮੁਕਾਇਆ। ਤ੍ਰੈਗੁਣ ਕਹੇ ਮੇਰੇ ਬੀਤੇ ਦਿਵਸ, ਵੇਲਾ ਵਕਤ ਗਿਆ ਆਈਆ। ਪੰਜ ਤੱਤ ਕਹੇ ਮੇਰੀ ਮਿਟੀ ਨਾ ਹਿਰਸ, ਹਰਿ ਜੂ ਅਚਰਜ ਖੇਲ ਰਚਾਈਆ। ਕਰੋੜ ਤੇਤੀਸਾ ਕਹੇ ਅਸੀਂ ਰਹੇ ਤਰਸ, ਸਾਡੀ ਤ੍ਰਿਸਨਾ ਨਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪੰਧ ਮੁਕਾਈਆ। ਤੇਈ ਅਵਤਾਰ ਕਰਨ ਪੁਕਾਰ, ਕੂਕ ਕੂਕ ਸੁਣਾਇਆ। ਚਾਰ ਜੁਗ ਦੇ ਮੰਗੇ ਦਿਨ ਚਾਰ ਚਾਰ, ਉਹ ਭੀ ਬੈਠੇ ਪੰਧ ਮੁਕਾਇਆ। ਲੇਖਾ ਦੇਣਾ ਪਿਆ ਧੁਰ ਦਰਬਾਰ, ਧੁਰਦਰਗਾਹੀ ਮੰਗ ਮੰਗਾਇਆ। ਅੱਗੇ ਦਿਸੇ ਨਾ ਕੋਈ ਵਿਚਾਰ, ਵਿਚਾਰ ਕਰੇ ਨਾ ਕੋਈ ਸਲਾਹਿਆ। ਬਿਨ ਕਲਮ ਦਵਾਤੋਂ ਹੋਏ ਖ਼ੁਆਰ, ਕਲਮ ਸ਼ਾਹੀ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਤੇਈ ਅਵਤਾਰ ਇਕ ਦੂਜੇ ਨੂੰ ਕਹਿਣ, ਮਤਾ ਮਤੇ ਨਾਲ ਪਕਾਈਆ। ਚਲੋ ਚਲੀਏ ਚਲ ਕੇ ਵੇਖੀਏ ਨੈਣ, ਹਰਿ ਜੂ ਕੀ ਕੀ ਖੇਲ ਵਰਤਾਈਆ। ਸਾਨੂੰ ਲੁਕਿਆ ਕੋਈ ਨਾ ਦੇਵੇ ਰਹਿਣ, ਵੇਖਣਹਾਰਾ ਥਾਉਂ ਥਾਈਂਆ। ਸਾਨੂੰ ਆਪਣਿਆਂ ਜਨਾਂ ਕੋਲ ਦੇਵੇ ਬਹਿਣ, ਸਿਰ ਆਪਣਾ ਹੱਥ ਟਿਕਾਈਆ। ਖੁਲੜੇ ਕੇਸ ਗਲ ਪੱਲੂ ਪਾਇਆ ਪਾਈਏ ਵੈਣ, ਆਪਣਾ ਦੁਖੜਾ ਹਾਲ ਸੁਣਾਈਆ। ਅਸੀਂ ਤੈਨੂੰ ਬਣਾਇਆ ਸਾਕ ਸੱਜਣ ਸੈਣ, ਤੇਰੇ ਉਤੇ ਓਟ ਰਖਾਈਆ। ਤੂੰ ਆਇਆ ਅੰਤ ਲੇਖਾ ਲੈਣ, ਤੇਰੇ ਹੱਥ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਈਆ। ਸਾਚੇ ਭਗਤਾਂ ਹਰਿ ਜੂ ਸੱਦਾ, ਏਕਾ ਏਕ ਜਣਾਇਆ। ਸਾਰੇ ਛੱਡ ਕੇ ਆਓ ਹੱਦਾਂ, ਆਪਣੀ ਹੱਦ ਵਖਾਇਆ। ਮੁਕਾਮੇ ਅੰਦਰ ਹਰਿ ਕੋਈ ਬੱਧਾ, ਜੁਗ ਜੁਗ ਗੇੜ ਭੁਵਾਇਆ। ਗ੍ਰਹਿ ਗ੍ਰਹਿ ਨਾਦ ਏਕਾ ਵੱਜਾ, ਹਰਿ ਹਰਿ ਆਪ ਸੁਣਾਇਆ। ਲੋਕਮਾਤ ਤੁਹਾਡੀ ਰੱਖਦਾ ਰਿਹਾ ਲੱਜਾ, ਨਿਰਗੁਣ ਸਰਗੁਣ ਵੇਸ ਵਟਾਇਆ। ਬਿਨ ਪੜਦਿਉਂ ਪੜਦਾ ਕਜਾ, ਸਿਰ ਆਪਣਾ ਹੱਥ ਟਿਕਾਇਆ। ਦਰ ਦਰ ਘਰ ਘਰ ਫਿਰਦਾ ਰਿਹਾ ਭੱਜਾ, ਬਣ ਪਾਂਧੀ ਪੰਧ ਮੁਕਾਇਆ। ਕਿਸੇ ਦੀਆਂ ਚਾਰਦਾ ਰਿਹਾ ਮੱਝਾਂ, ਕਿਸੇ ਦੀ ਛੱਪਰੀ ਆਣ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਅਠਾਰਾਂ ਰਿਹਾ ਉਠਾਇਆ। ਭਗਤ ਅਠਾਰਾਂ ਕਰਨ ਵਿਚਾਰ, ਇਕ ਧਿਆਨ ਲਗਾਈਆ। ਚਾਰ ਜੁਗ ਦੇ ਦਿਨ ਚਾਰ, ਚਾਰ ਆਪਣਾ ਵਕ਼ਤ ਗਏ ਲੰਘਾਈਆ। ਅੰਤਮ ਵੇਲਾ ਹੋਇਆ ਸਿਕਦਾਰ, ਬਣ ਸਿਕਦਾਰੀ ਹੁਕਮ ਸੁਣਾਈਆ। ਚਲ ਕੇ ਔਣਾ ਸਚ ਦੁਆਰ, ਘਰ ਸਾਚਾ ਇਕ ਵਖਾਈਆ। ਪੁਰਖ ਅਬਿਨਾਸ਼ੀ ਲਹਿਣੇਦਾਰ, ਸਭ ਦਾ ਲਹਿਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਅਠਾਰਾਂ ਬਣ ਪਾਂਧੀ, ਏਕਾ ਰਾਹ ਤਕਾਇਆ। ਆਸਾ ਤ੍ਰਿਸਨਾ ਥੱਕੀ ਮਾਂਦੀ, ਏਕਾ ਬਲ ਵਧਾਇਆ। ਚਾਰੋਂ ਕੁੰਟ ਅੰਧੇਰਾ ਆਂਧੀ, ਸਾਚਾ ਨੂਰ ਨਾ ਕੋਇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਸਚ ਸੰਦੇਸਾ ਈਸਾ ਮੂਸਾ, ਪੈਗ਼ੰਬਰ ਪੈਗ਼ਾਮ ਆਪ ਜਣਾਈਆ। ਤਨ ਪਹਿਨਾਏ ਕਾਲਾ ਸੂਸਾ, ਸੂਰਬੀਰ ਵਡ ਵਡਿਆਈਆ। ਇਕ ਵਖਾਏ ਸਚ ਹਦੀਸਾ, ਪਿਛਲੀ ਵੇਖੇ ਸਰਬ ਪੜ੍ਹਾਈਆ । ਖਾਲੀ ਕਰੇ ਸਭ ਦਾ ਖੀਸਾ, ਖਲਕਤ ਰੋਵੇ ਮਾਰੇ ਧਾਹੀਂਆ। ਆਪਣਾ ਚਿਹਰਾ ਵੇਖੋ ਆਪਣਾ ਸ਼ੀਸ਼ਾ, ਜੋ ਕਰਮ ਗਏ ਕਮਾਈਆ। ਆਪੇ ਖਾਣਾ ਆਪਣਾ ਪੀਸਾ, ਹਰਿ ਜੂ ਚੱਕੀ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਬੁਲਾਏ ਬੇਪਰਵਾਹੀਆ। ਈਸਾ ਦੋਏ ਨੇਤਰ ਰੋ, ਨੈਣਾਂ ਨੀਰ ਵਹਾਇਆ। ਬੌਹੜੀ ਬੌਹੜੀ ਉਮਤ ਉਮਤੀ ਵਧਿਆ ਮੋਹ, ਮੋਹ ਮੁਹੱਬਤ ਇਕ ਵਖਾਇਆ। ਸ਼ਰਅ ਸ਼ਰੀਅਤ ਬੀਜ ਬੋ, ਮੁਹੰਮਦ ਸੰਗ ਸੰਗ ਨਿਭਾਇਆ। ਜੀਵ ਜੰਤ ਕੋਹ ਕੋਹ ਜਗਤ ਹਲਾਲੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਮੁਹੰਮਦ ਰੋਵੇ ਚਾਰ ਯਾਰ, ਯਾਰੀ ਯਾਰ ਨਾ ਕੋਇ ਨਿਭਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਚਾਰੇ ਕੁੰਟ ਆਈ ਹਾਰ, ਸਗਲਾ ਸੰਗ ਨਾ ਕੋਇ ਵਖਾਈਆ। ਮੁੱਲਾਂ ਮੁਸਾਇਕ ਹੋਏ ਖੁਆਰ, ਖ਼ਲਕ ਖ਼ੁਦਾਏ ਰਹੀ ਕੁਰਲਾਈਆ। ਕਲਮਾ ਕਲਾਮ ਨਾ ਕੋਈ ਪਿਆਰ, ਸਾਚਾ ਕਾਅਬਾ ਨਾ ਕੋਇ ਵਖਾਈਆ। ਬੇਆਬਾ ਮਰੇ ਸਰਬ ਸੰਸਾਰ, ਆਬੇਹਯਾਤ ਨਾ ਕੋਇ ਪਿਲਾਈਆ। ਅਧਵਿਚਕਾਰ ਬੈਠਾ ਰੋਵਾਂ ਜ਼ਾਰੋ ਜ਼ਾਰ, ਅੱਗੇ ਰਾਹ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਦੱਸ ਕੇ ਗਿਆ ਇਕ ਗੁਫ਼ਤਾਰ, ਆਪਣਾ ਸਬਕ ਪੜ੍ਹਾਈਆ। ਚੌਦਾਂ ਸਦੀਆਂ ਤੇਰੀ ਰਫ਼ਤਾਰ, ਰਫ਼ਤਾ ਰਫ਼ਤਾ ਆਪ ਚਲਾਈਆ। ਅੰਤਮ ਬਸਤਾ ਬੰਨ੍ਹ ਹੋਵਾਂ ਤਿਆਰ, ਸਿਰ ਆਪਣਾ ਭਾਰ ਉਠਾਈਆ। ਦਸਤ ਬਦਸਤਾ ਦਏ ਉਧਾਰ, ਕਰਜ਼ਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਹਰਿ ਕਰਤਾਰਾ, ਏਕਾ ਏਕ ਜਣਾਇੰਦਾ। ਨਾਨਕ ਨਿਰਗੁਣ ਕਹੇ ਸਤਿ ਸਤਿ ਜੈਕਾਰਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਏਕਾ ਏਕ ਏਕੰਕਾਰਾ, ਅਕਲ ਕਲਾ ਵੇਸ ਵਟਾਇੰਦਾ। ਮਹਾਂਬਲੀ ਇਕ ਅਵਤਾਰਾ, ਆਪਣਾ ਬਲ ਆਪ ਧਰਾਇੰਦਾ। ਚਾਰ ਵਰਨਾਂ ਦਏ ਸਹਾਰਾ, ਜਾਗਰਤ ਜੋਤ ਜੋਤ ਜਗਾਇੰਦਾ। ਗੋਬਿੰਦ ਬਣੇ ਇਕ ਲਿਖਾਰਾ, ਲਿਖ ਲਿਖ ਲੇਖ ਸਰਬ ਸਮਝਾਇੰਦਾ। ਕਲਜੁਗ ਅੰਤਮ ਅੰਤ ਕਿਨਾਰਾ, ਚਾਰ ਜੁਗ ਦਾ ਪੰਧ ਮੁਕਾਇੰਦਾ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਤਾ ਵੇਸ ਵਟਾਇੰਦਾ। ਵਸਣਹਾਰਾ ਧਾਮ ਨਿਆਰਾ, ਸੰਬਲ ਆਪਣਾ ਆਸਣ ਲਾਇੰਦਾ। ਪੂਤ ਸਪੂਤਾ ਪਾਵੇ ਸਾਰਾ, ਬਾਲ ਅਞਾਣਾ ਗੋਦ ਬਹਾਇੰਦਾ। ਅੰਤ ਖੇਲ ਕਰੇ ਨਿਆਰਾ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਸੱਦੇ ਸਚ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਸਚਖੰਡ ਬਣਾਏ ਲੋਕਮਾਤ ਆਪ ਬੈਠ ਸੱਚੇ ਦਰਬਾਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਰਗਾਹੀ ਖੇਲ ਕਰਾਇੰਦਾ। ਧੁਰਦਰਗਾਹੀ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਵਸਣਹਾਰ ਸਚ ਮਹੱਲਾ, ਸਚ ਸੰਦੇਸ ਇਕ ਸੁਣਾਇੰਦਾ। ਜੁਗ ਜੁਗ ਫੜਾਵਣਹਾਰਾ ਪੱਲਾ, ਏਕਾ ਪੱਲੂ ਗੰਢ ਪੁਵਾਇੰਦਾ। ਨਿਰਗੁਣ ਸਰਗੁਣ ਅੰਦਰ ਰਲਾ, ਰਲ ਮਿਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਜੋਤ ਰੂਪ ਮਿਲਾ, ਜੋਤ ਨਿਰੰਜਣ ਆਦਿ ਜੁਗਾਦਿ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਅੰਤ, ਹਰੀ ਹਰਿ ਹਰਿ ਆਪ ਕਰਾਈਆ। ਰੂਪ ਧਰ ਸ੍ਰੀ ਭਗਵੰਤ ਆਪਣਾ ਬਲ ਜਣਾਈਆ। ਲੇਖਾ ਜਾਣ ਜੁਗਾ ਜੁਗੰਤ, ਜੁਗ ਜੁਗ ਪੜਦਾ ਰਿਹਾ ਉਠਾਈਆ। ਗੁਰ ਅਵਤਾਰ ਵੇਖੇ ਸੰਤ, ਭਗਵੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਏਕਾ ਏਕ ਰਖਾਈਆ। ਸਚ ਸੰਦੇਸਾ ਸਤਾਰਾਂ ਹਾੜ, ਗੁਰ ਅਵਤਾਰ ਮਨ ਮਨਾਇਆ। ਪਹਿਲੀ ਚੇਤ ਲੱਗਣਾ ਇਕ ਅਖਾੜ, ਪੁਰਖ ਅਬਿਨਾਸ਼ੀ ਲਏ ਲਗਾਇਆ। ਰਲ ਮਿਲ ਸਾਰੇ ਕਰੀਏ ਵਿਚਾਰ, ਸਲਾਹ ਸਲਾਹ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦਏ ਸਮਝਾਇਆ। ਗੁਰ ਅਵਤਾਰ ਹੋਏ ਇਕੱਠੇ, ਏਕਾ ਮਤਾ ਪਕਾਇਆ। ਬਿਨ ਢਾਹਿਉਂ ਅਸੀਂ ਸਾਰੇ ਢੱਠੇ, ਆਪਣੀ ਕੰਡ ਲਵਾਇਆ। ਕਰੇ ਖੇਲ ਪੁਰਖ ਸਮਰਥੇ, ਭੇਵ ਕੋਇ ਨਾ ਆਇਆ। ਜਿਸ ਦੀ ਗਾਉਂਦੇਂ ਰਹੇ ਗਾਥੇ, ਸੋ ਗਾਥਾ ਰਿਹਾ ਸੁਣਾਇਆ। ਜਿਸ ਦਾ ਤਕਦੇ ਰਹੇ ਸਾਥੇ, ਸੋ ਆਪਣਾ ਸਾਥ ਜਣਾਇਆ। ਜਿਸ ਦੇ ਚੜ੍ਹਦੇ ਰਹੇ ਰਾਥੇ, ਰਥ ਰਥਵਾਹੀ ਵੇਸ ਵਟਾਇਆ। ਜਿਸ ਦਾ ਦੱਸ ਕੇ ਆਏ ਪੂਜਾ ਪਾਠੇ, ਸੋ ਸਾਥੋਂ ਪੁੱਛ ਪੁਛਾਇਆ। ਆਉ ਰਲ ਮਿਲ ਸੋਚੀਏ ਸਾਨੂੰ ਕੇਹੜੇ ਪਏ ਘਾਟੇ, ਘਾਟਾ ਕੋਈ ਨਜ਼ਰ ਨਾ ਆਇਆ। ਅਸੀਂ ਜਗਤ ਚਲਾ ਕੇ ਆਏ ਹਾਟੇ, ਏਕਾ ਹਰਿ ਹਰਿ ਨਾਮ ਵਿਕਾਇਆ। ਅੰਤਮ ਮੁੜ ਕੇ ਵੇਖਣ ਗਏ ਨਾ ਖਾਤੇ, ਕਵਣ ਮੰਨੇ ਕਵਣ ਰਿਹਾ ਭੁਲਾਇਆ। ਆਪਣੀ ਭੁੱਲ ਨਾ ਦੱਸੀ ਪੁਰਖ ਅਬਿਨਾਸ਼ੇ, ਬੈਠੇ ਮੁਖ ਸ਼ਰਮਾਇਆ। ਕਵਣ ਬਿਧ ਪਤ ਸਾਡੀ ਰਾਖੇ, ਸਿਰ ਆਪਣਾ ਹੱਥ ਟਿਕਾਇਆ। ਖਾਣੀ ਬਾਣੀ ਪੜ੍ਹ ਪੜ੍ਹ ਗਾ ਗਾ ਦੱਸਦੇ ਰਹੇ ਖੁਲਾਸੇ, ਹਰਿ ਕਾ ਖ਼ਾਸ ਭੇਵ ਨਾ ਆਇਆ। ਜਿਸ ਦੀ ਗੋਪੀ ਕਾਹਨ ਪਾਉਂਦੇ ਰਹੇ ਰਾਸੇ, ਮੰਡਲ ਮੰਡਪ ਨਾਚ ਨਚਾਇਆ। ਸੋ ਅੰਤਮ ਸਾਡੇ ਸਭ ਦੇ ਵੇਖੇ ਤਮਾਸ਼ੇ, ਵੇਖੋ ਕੀ ਕੀ ਹੁਕਮ ਸੁਣਾਇਆ। ਨਾ ਰੋਈਏ ਨਾ ਆਵਣ ਹਾਸੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਇਆ। ਗੁਰ ਅਵਤਾਰ ਬਣਿਆ ਸੰਗ, ਪੀਰ ਪੈਗ਼ੰਬਰ ਨਾਲ ਰਲਾਇਆ। ਆਉ ਰਲ ਮਿਲ ਮੰਗੀਏ ਮੰਗ, ਪ੍ਰਭ ਅੱਗੇ ਝੋਲੀ ਡਾਹਿਆ। ਤੇਰਾ ਨਾਉਂ ਵਜਾਉਂਦੇ ਰਹੇ ਮਰਦੰਗ, ਜੁਗ ਜੁਗ ਮਾਤ ਸੁਣਾਇਆ। ਤੇਰੀ ਕਿਰਪਾ ਤੇਰੇ ਦੁਆਰੇ ਆਏ ਲੰਘ, ਤੇਰੀ ਚਰਨ ਮਿਲੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਸਾਰੇ ਕਹਿਣ ਹੋ ਦਲੇਰ, ਤੇਈ ਅਠਾਰਾਂ ਦਸ ਮਤਾ ਪਕਾਈਆ। ਈਸਾ ਮੂਸਾ ਮੁਹੰਮਦ ਦੂਰ ਦੁਰਾਡੇ ਰਹੇ ਵੇਖ, ਨੇਤਰ ਨੈਣ ਨੈਣ ਉਠਾਈਆ। ਕੋਈ ਨਾ ਮੇਟੇ ਸਾਡੀ ਰੇਖ, ਲੇਖਾ ਸਕੇ ਨਾ ਕੋਇ ਚਲਾਈਆ। ਸਾਡੀ ਚਲੇ ਨਾ ਕੋਈ ਪੇਸ਼, ਪੇਸ਼ਵਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਸਾਰਿਆਂ ਮਤਾ ਗਿਆ ਪੱਕ, ਇਕ ਸਲਾਹ ਜਣਾਈਆ। ਨਾਨਕ ਨਿਰਗੁਣ ਵਲ ਰਹੇ ਤੱਕ, ਨੇਤਰ ਨੈਣ ਨੈਣ ਉਠਾਈਆ। ਤੂੰ ਸਭ ਦਾ ਸਾਂਝਾ ਤੇਰੇ ਉਤੇ ਨਾ ਕੋਈ ਸ਼ੱਕ, ਸਭ ਦਾ ਸ਼ੰਕਾ ਦੇਣਾ ਮੁਕਾਈਆ। ਪਰਵਰਦਿਗਾਰ ਕੋਲੇ ਪੁੱਛੋ ਹੱਕ, ਹੱਕ ਹੱਕ ਭੇਵ ਖੁਲ੍ਹਾਈਆ। ਅਸੀਂ ਤੇਰਾ ਮਾਰਗ ਆਏ ਦੱਸ, ਬਣ ਰਹਿਬਰ ਰਾਹ ਚਲਾਈਆ। ਤੇਰਾ ਗਾ ਗਾ ਆਏ ਜਸ, ਜਸ ਵੇਦ ਪੁਰਾਨ ਪੜ੍ਹਾਈਆ। ਤੇਰੇ ਹੁਕਮੇ ਅੰਦਰ ਫਸ, ਲੋਕਮਾਤ ਵੇਸ ਵਟਾਈਆ। ਸਾਡਾ ਕੋਈ ਨਾ ਚਲੇ ਵਸ, ਤੇਰੇ ਹੱਥ ਤੇਰੀ ਸ਼ਹਿਨਸ਼ਾਹੀਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਬੈਠੇ ਸੀਸ ਝੁਕਾਈਆ। ਚਾਰ ਜੁਗ ਦਾ ਹਾਲ ਦੱਸ, ਸਾਰੇ ਰਹੇ ਕੁਰਲਾਈਆ। ਸਾਡੀ ਅੰਤਮ ਹੋਈ ਬਸ, ਵਾਸਤਾ ਰਹੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਨਿਰਗੁਣ ਨਾਨਕ ਕਰਕੇ ਨਾਹ, ਏਕਾ ਏਕ ਰਿਹਾ ਜਣਾਈਆ। ਮੈਂ ਹਾਂ ਵਿਚ ਹਾਂ ਰਿਹਾ ਮਿਲਾ, ਮੈਂ ਤੂੰ ਨਾ ਕੋਇ ਰਖਾਈਆ। ਚਾਕਰ ਖ਼ਾਕ ਬਣ ਸੇਵਾ ਆਇਆ ਕਮਾ, ਚਾਰ ਵਰਨ ਸੇਵ ਲਗਾਈਆ। ਚਾਰ ਜੁਗ ਦਾ ਲੰਮਾ ਰਾਹ, ਪੈਂਡਾ ਸਕੇ ਨਾ ਕੋਇ ਮੁਕਾਈਆ। ਪ੍ਰਭ ਅੱਗੇ ਮੈਂ ਦੇਣੀ ਨਾ ਕੋਈ ਸਲਾਹ, ਹੁਕਮ ਚਲਣਾ ਸਦਾ ਰਜ਼ਾਈਆ। ਆਪਣੀ ਆਪਣੀ ਕਰਨੀ ਲੈਣੀ ਪਾ, ਕਰਤਾ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਨਾਨਕ ਕਹੇ ਜੋਤ ਨੂਰਾਨੀ, ਏਕਾ ਏਕ ਜਣਾਇਆ। ਚਾਰ ਜੁਗ ਦਾ ਖੇਲ ਦੀਵਾਨੀ, ਮੇਰੇ ਮਨ ਭਾਇਆ। ਚੌਥੇ ਜੁਗ ਹੋਈ ਹੈਰਾਨੀ, ਗੁਰ ਅਵਤਾਰ ਰਹੇ ਘਬਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਲਗਾਇਆ। ਸਚ ਦਰਬਾਰ ਲਗਾ ਕਰਤਾਰ, ਹਰਿ ਜੂ ਹਰਿ ਲਗਾਇੰਦਾ। ਗੁਰ ਅਵਤਾਰ ਕਰ ਵਿਚਾਰ, ਏਕਾ ਰਾਹ ਵਖਾਇੰਦਾ। ਮੁਹੰਮਦ ਉਠਿਆ ਬੇਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਮੈਂ ਸਭ ਨੂੰ ਕਰਿਆ ਖੁਆਰ, ਖ਼ਾਲਕ ਖ਼ਾਕ ਵਿਚ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਮੁਹੰਮਦ ਉਠੇ ਮਾਰੇ ਧਾਹ, ਕੂਕ ਕੂਕ ਸੁਣਾਈਆ। ਅੱਲਾ ਰਾਣੀ ਨਾਲ ਹੋਇਆ ਨਿਕਾਹ, ਖਾਵੰਦ ਬੀਵੀ ਨਾ ਕੋਇ ਪਰਨਾਈਆ। ਮੀਆਂ ਪਕੜੇ ਨਾ ਕੋਈ ਬਾਂਹ, ਮਿਹਰਵਾਨ ਨਜ਼ਰ ਕੋਇ ਨਾ ਆਈਆ। ਮੈਂ ਵੇਖਿਆ ਜਗਤ ਮਕਾਨ, ਚੌਦਾਂ ਤਬਕ ਫੇਰੀ ਪਾਈਆ। ਅੰਤਮ ਹੁੰਦਾ ਦਿਸੇ ਫਨਾਹ, ਨਾ ਸਕੇ ਕੋਈ ਬਚਾਈਆ। ਮੇਰੀ ਉਮਤ ਕਰਿਆ ਗੁਨਾਹ, ਮੇਰੇ ਨੇਤਰ ਨੈਣ ਸ਼ਰਮਾਈਆ। ਗੋਬਿੰਦ ਬੱਚੇ ਨੀਹਾਂ ਹੇਠਾਂ ਦਿਤੇ ਦਬਾ, ਜੜ੍ਹ ਆਪਣੀ ਆਪੇ ਉਖੜਾਈਆ। ਦੋ ਗੜ੍ਹੀ ਚਮਕੌਰ ਦਿਤੇ ਭੇਟ ਚੜ੍ਹਾ, ਗੋਬਿੰਦ ਆਪਣਾ ਵੇਸ ਵਟਾਈਆ। ਸੀਸ ਨਾਲ ਤਾਜ਼ ਵਟਾ, ਤਾਜ਼ ਸੀਸ ਨਾਲ ਵਟਾਈਆ। ਆਪਣਾ ਸੁਨੇਹੜਾ ਗਿਆ ਸੁਣਾ, ਸੱਥਰ ਸੂਲਾਂ ਸੇਜ ਹੰਢਾਈਆ। ਅੰਤਮ ਆਵੇ ਬੇਪਰਵਾਹ, ਸਭ ਦਾ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਮੁਹੰਮਦ ਰੋਵੇ ਕਰੇ ਗਿਰਿਆਜ਼ਾਰ, ਕਿਰਨ ਕਿਰਨ ਨੀਰ ਵਹਾਈਆ। ਬਹੁੜੀ ਬਹੁੜੀ ਹੋਇਆ ਖੁਆਰ, ਖ਼ੁਦੀ ਕੰਮ ਕਿਸੇ ਨਾ ਆਈਆ। ਚਾਰੋਂ ਕੁੰਟ ਧੂੰਆਂਧਾਰ, ਚੰਦ ਚਾਂਦਨਾ ਨਾ ਕੋਇ ਚਮਕਾਈਆ। ਪਰਵਰਦਿਗਾਰ ਮਾਰੇ ਮਾਰ, ਨਾ ਸਕੇ ਕੋਇ ਬਚਾਈਆ। ਅਧਵਿਚਕਾਰ ਬੈਠਾ ਨਾ ਆਰ ਨਾ ਪਾਰ, ਬੇੜਾ ਬੰਨ੍ਹੇ ਕੋਇ ਨਾ ਲਾਈਆ। ਸਤਾਰਾਂ ਹਾੜ ਗਿਆ ਦਰਬਾਰ, ਦਰਬਾਰ ਅੰਦਰ ਵੜਨਾ ਹੁਕਮ ਨਾ ਕੋਇ ਸੁਣਾਈਆ। ਦੂਰ ਦੁਰਾਡਾ ਕਰ ਨਿਮਸਕਾਰ, ਧੂੜੀ ਟਿੱਕਾ ਮਸਤਕ ਲਾਈਆ। ਮੈਂ ਬਣਿਆ ਗੁਨਾਹਗਾਰ, ਅਵਗੁਣ ਮੇਰੀ ਚਤੁਰਾਈਆ। ਕੋਈ ਨਜ਼ਰ ਨਾ ਆਏ ਯਾਰ, ਯਾਰ ਯਾਰੀ ਗਏ ਗਵਾਈਆ। ਅੱਲਾ ਰਾਣੀ ਨਾਰ ਮੁਟਿਆਰ, ਆਪਣਾ ਪੱਲੂ ਗਈ ਛੁਡਾਈਆ। ਹਾਣੀ ਹਾਣੀ ਨਾ ਕਰਿਆ ਕੋਇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਈਆ। ਆਪਣਾ ਭਾਣਾ ਵਰਤਾਏ ਜਗ, ਹਰਿ ਜਾਗਰਤ ਜੋਤ ਜਗਾਇੰਦਾ। ਦਸ ਗਜ ਦੂਰ ਦੁਰਾਡੇ ਲੱਗੇ ਅੱਗ, ਨੇੜੇ ਆਉਣਾ ਮੂਲ ਨਾ ਭਾਇੰਦਾ। ਮੇਰੇ ਨੇਤਰ ਤੱਕਣ ਹੱਜ਼, ਮੇਰਾ ਨੈਣ ਨੈਣ ਸ਼ਰਮਾਇੰਦਾ। ਕੌਣ ਲਾਵਾਂ ਅੱਗੇ ਪੱਜ, ਘਟ ਘਟ ਅੰਤਰ ਹਰਿ ਹਰਿ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਦੂਰ ਦੁਰਾਡਾ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਆਇਆ ਚਲ ਤੇਰੇ ਦਰਬਾਰ, ਹਾੜ ਸਤਾਰਾਂ ਫੇਰਾ ਪਾਈਆ। ਅੱਗੇ ਮਿਲੇ ਨਾ ਕੋਇ ਸਹਾਰ, ਰਾਹ ਖਹਿੜਾ ਨਜ਼ਰ ਨਾ ਆਈਆ। ਕਿਰਪਾ ਕਰ ਮੇਰੇ ਕਰਤਾਰ, ਅਭੁੱਲ ਤੇਰੀ ਵਡਿਆਈਆ। ਮੈਂ ਰੁਲ ਹੋਇਆ ਖੁਆਰ, ਮੇਰੀ ਕਲ ਨਾ ਕੋਇ ਰਸਾਈਆ। ਮੈਂ ਤੁੱਟਾ ਫਲ ਤੇਰੀ ਗੁਲਜ਼ਾਰ, ਜਗਤ ਮਹਿਕ ਨਾ ਕੋਇ ਮਹਿਕਾਈਆ। ਬੂਟਾ ਹੁੱਲੇ ਅੰਤਮ ਵਾਰ, ਸਾਚਾ ਫਲ ਨਾ ਕੋਇ ਲਗਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਦੇ ਮਤ ਰਿਹਾ ਸਮਝਾਈਆ। ਤੇਰਾ ਲਹਿਣਾ ਗੋਬਿੰਦ ਦਏ ਉਤਾਰ, ਦੂਜੇ ਹੱਥ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਦੱਸੇ ਅਕਾਲ, ਅਕਲ ਕਲਾ ਜਣਾਇੰਦਾ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਦਇਆਨਿਧ ਦਇਆ ਕਮਾਇੰਦਾ। ਭਗਤ ਭਗਵੰਤ ਰਿਹਾ ਉਠਾਲ, ਉਠ ਉਠ ਵੇਖ ਵਖਾਇੰਦਾ। ਜੁਗ ਚੌਕੜੀ ਹਲ ਕਰੇ ਸਵਾਲ, ਬਣ ਸਵਾਲੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰੌਣਾ, ਏਕਾ ਏਕ ਜਣਾਈਆ। ਕਬੀਰ ਜੁਲਾਹਾ ਆਪ ਉਠਾਉਣਾ, ਭੇਵ ਅਭੇਦ ਸਮਝਾਈਆ। ਧੰਨੇ ਜੱਟ ਲਹਿਣਾ ਝੋਲੀ ਪੌਣਾ, ਕਲਜੁਗ ਅੰਤਮ ਮਾਣ ਰਖਾਈਆ। ਨਾਮਾ ਛੱਪਰ ਵੇਖ ਵਖੌਣਾ, ਬਣੀ ਛੱਪਰੀ ਆਪ ਸੁਹਾਈਆ। ਅਗਲਾ ਲੇਖਾ ਝੋਲੀ ਪੌਣਾ, ਬਹੱਤਰ ਵਾਰ ਦਰਸ ਦਿਖਾਈਆ। ਬਹੱਤਰ ਰੂਪ ਹਰਿ ਪਰਗਟੌਣਾ, ਏਕਾ ਰਾਤ ਸੇਵ ਕਮਾਈਆ। ਭਿੰਨੜੀ ਰੈਣ ਰੰਗ ਚੜ੍ਹੌਣਾ, ਰੈਣ ਭਿੰਨੀ ਖ਼ੁਸ਼ੀ ਮਨਾਈਆ। ਗੀਤ ਸੁਹਾਗੀ ਏਕਾ ਗੌਣਾ, ਗੋਬਿੰਦ ਰਾਗ ਅਲਾਈਆ। ਨਾਮੇ ਲੇਖਾ ਪੂਰ ਕਰੌਣਾ, ਕੀਤਾ ਕੌਲ ਭੁੱਲ ਨਾ ਜਾਈਆ। ਛੱਪਰ ਪਿਛੇ ਦਰ ਦਰਬਾਰ ਸੁਹੌਣਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਬਹੱਤਰ ਭਗਤ ਆਪ ਪਰਗਟੌਣਾ, ਪਰਮ ਪੁਰਖ ਜੋਤ ਜਗਾਈਆ। ਸਚ ਸਚ ਹਰਿ ਖੇਲ ਖਿਲੌਣਾ, ਸਚ ਸਚ ਦਏ ਵਖਾਈਆ। ਸਚਖੰਡ ਦੁਆਰਾ ਲੋਕਮਾਤ ਬਨ੍ਹੌਣਾ, ਛੱਤੀ ਛੱਤੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਲੋਕਮਾਤ ਸਚ ਦਰਬਾਰ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਭਗਤਾਂ ਦਏ ਇਕ ਸਹਾਰਾ, ਭਗਵਨ ਆਪਣਾ ਖੇਲ ਖਿਲਾਇੰਦਾ। ਨਾਮੇ ਤੇਰਾ ਨਾਮ ਉਜਿਆਰਾ, ਧੰਨੇ ਤੇਰਾ ਧੰਨ ਵਧਾਇੰਦਾ। ਬਿਨ ਪੜ੍ਹਿਆਂ ਦੇਵੇ ਸ਼ਬਦ ਭੰਡਾਰਾ, ਬਿਨ ਲਿਖਿਆਂ ਲੇਖ ਬਣਾਇੰਦਾ। ਬਿਨ ਮੰਗਿਆਂ ਦੇਵੇ ਦਾਨ ਕਰਤਾਰਾ, ਅਨਡਿਠੜੀ ਵਸਤ ਝੋਲੀ ਪਾਇੰਦਾ। ਬਣ ਸੇਵਕ ਸੇਵਾ ਕਰੇ ਵਿਚ ਸੰਸਾਰਾ, ਰੂਪ ਅਨੂਪ ਧਰਾਇੰਦਾ। ਮਹੱਲ ਅਟੱਲ ਉਚ ਮਨਾਰਾ, ਭਗਤ ਦੁਆਰਾ ਆਪ ਸੁਹਾਇੰਦਾ। ਤਖ਼ਤ ਬਣਾਏ ਏਕੰਕਾਰਾ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਸੱਤਰਾਂ ਦੇਵੇ ਇਕ ਸਹਾਰਾ, ਗੋਬਿੰਦ ਮੇਲਾ ਮੇਲ ਕਰਾਇੰਦਾ। ਗੁਰ ਚੇਲਾ ਵਸੇ ਇਕ ਦੁਆਰਾ, ਦੂਈ ਦਵੈਤੀ ਪੰਧ ਮੁਕਾਇੰਦਾ। ਵਰਨ ਬਰਨ ਦੇਵੇ ਸਚ ਸਹਾਰਾ, ਜ਼ਾਤ ਪਾਤ ਫੰਦ ਕਟਾਇੰਦਾ। ਰਾਗ ਰਾਗਨੀ ਪਾਰ ਕਿਨਾਰਾ, ਛੱਤੀ ਰਾਗ ਨਾ ਕੋਇ ਅਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਨਿਉਂ ਨਿਉਂ ਕਰਨ ਸਰਬ ਨਿਮਸਕਾਰਾ, ਖਾਣੀ ਬਾਣੀ ਸੀਸ ਝੁਕਾਇੰਦਾ। ਸਾਚੇ ਤਖ਼ਤ ਬਹਿ ਸੱਚੀ ਸਰਕਾਰਾ, ਦੋ ਜਹਾਨਾਂ ਹੁਕਮ ਮਨਾਇੰਦਾ। ਵਿਸ਼ਨੂੰ ਆਏ ਚਲ ਦੁਆਰਾ, ਬ੍ਰਹਮਾ ਸੰਗ ਰਖਾਇੰਦਾ। ਭੋਲਾ ਨਾਥ ਮੰਗੇ ਛਾਰਾ, ਧੂੜੀ ਧੂੜ ਖ਼ਾਕ ਰਮਾਇੰਦਾ। ਬਾਸ਼ਕ ਤਸ਼ਕਾ ਕੰਠ ਮਾਲਾ, ਸਾਚਾ ਸਾਂਗ ਵਰਤਾਇੰਦਾ। ਏਕਾ ਓਟ ਤੇਈ ਅਵਤਾਰਾ, ਈਸਾ ਮੂਸਾ ਆਪ ਸਮਝਾਇੰਦਾ। ਮੁਹੰਮਦ ਤੇਰਾ ਇਕ ਸਹਾਰਾ, ਸਾਚੇ ਭਗਤ ਆਪ ਬਣਾਇੰਦਾ। ਭਗਤਾਂ ਅੱਗੇ ਕਰੀਂ ਨਿਮਸਕਾਰਾ, ਸਾਚੀ ਸਿਖਿਆ ਹਰਿ ਸਮਝਾਇੰਦਾ। ਹਰਿ ਜੂ ਵੇਖੇ ਵੇਖਣਹਾਰਾ, ਆਪਣਾ ਨੈਣ ਖੁਲ੍ਹਾਇੰਦਾ। ਆਪੇ ਕੁਦਰਤ ਆਪੇ ਕਾਦਰ ਆਪੇ ਕਰਨੇਹਾਰਾ, ਆਪੇ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਬੰਕ ਦੁਆਰੇ ਵਸੇ ਭਗਵਾਨ, ਸਚਖੰਡ ਖੇਲ ਬਣਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਈਆ। ਨਿਰਗੁਣ ਵਸੇ ਸਰਗੁਣ ਮਕਾਨ, ਦਿਸ ਕਿਸੇ ਨਾ ਆਈਆ। ਜਿਸ ਦਾ ਲਹਿਣਾ ਸੋ ਦੇਵੇ ਆਣ, ਦੇਵਣਹਾਰ ਇਕ ਹੋ ਜਾਈਆ। ਜਿਸ ਦਾ ਸ਼ਬਦ ਸੋ ਵੇਖੇ ਗਿਆਨ, ਧਿਆਨੀ ਧਿਆਨ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਈਆ। ਮੁਹੰਮਦ ਕਹੇ ਮੇਰੇ ਪਰਵਰਦਿਗਾਰ, ਤੇਰੀ ਬੇਪਰਵਾਹੀਆ। ਮੈਂ ਸੁਣਿਆ ਤੂੰ ਸਭ ਦਾ ਯਾਰ, ਸਗਲਾ ਸੰਗ ਰਖਾਈਆ। ਤੇਰੀ ਮਹਿਮਾ ਅਪਰ ਅਪਾਰ, ਭੇਵ ਕੋਇ ਨਾ ਆਈਆ। ਮੇਰੇ ਕਲਮੇ ਆਈ ਹਾਰ, ਤੇਰੀ ਕਲਾ ਤੇਰੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਰਤਾਈਆ। ਮੁਹੰਮਦ ਕਹੇ ਸੁਣ ਮੇਰੇ ਮੀਤ, ਮਿੱਤਰ ਪਿਆਰੇ ਮੇਰਾ ਹਾਲ। ਅਚਰਜ ਵੇਖੀ ਤੇਰੀ ਰੀਤ, ਤੂੰ ਖੇਲ ਕਰੇਂ ਕਮਾਲ। ਮੈਂ ਦੱਸ ਕੇ ਆਇਆ ਵਸੇ ਵਿਚ ਮਸੀਤ, ਤੂੰ ਮੁਰਸ਼ਦ ਵਸੇ ਮੁਰੀਦਾਂ ਨਾਲ ਨਾਲ। ਮੇਰਾ ਕਾਅਬਾ ਹੋਇਆ ਪਲੀਤ, ਮੇਰੀ ਉਮਤ ਆਏ ਜ਼ਵਾਲ। ਸਦੀ ਚੌਧਵੀਂ ਰਹੀ ਬੀਤ, ਫਲ ਕਿਸੇ ਨਾ ਦਿਸੇ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵੇਖ ਆਪਣਾ ਲਾਲ। ਤੇਰਾ ਲਾਲ ਨਿੱਕਾ ਬਾਲਾ, ਦੁਖੀਆਂ ਦੁਖ ਸੁਣਾਈਆ। ਤੇਰੀ ਤਸਬੀ ਤੇਰੀ ਮਾਲਾ, ਤੇਰਾ ਨਾਮ ਖ਼ੁਦਾਈਆ। ਤੂ ਹੀ ਸ਼ਾਹ ਤੂ ਹੀ ਕੰਗਾਲਾ, ਸ਼ਹਿਨਸ਼ਾਹ ਤੂ ਹੀ ਅਖਵਾਈਆ। ਤੂ ਹੀ ਮੰਦਰ ਤੂ ਹੀ ਧਰਮਸਾਲਾ, ਤੂ ਹੀ ਮਸਜਦ ਰੂਪ ਵਟਾਈਆ। ਕਲਜੁਗ ਅੰਤਮ ਬਿਨ ਤੇਰੇ ਸਭ ਦਾ ਮੁਖ ਹੋਇਆ ਕਾਲਾ, ਨਾ ਲਾਹੇ ਕੋਇ ਛਾਹੀਆ। ਮੇਰਾ ਨਿਕਲਿਆ ਅੰਤ ਦਿਵਾਲਾ, ਪੱਲੇ ਗੰਢ ਨਾ ਕੋਇ ਵਖਾਈਆ। ਬੌਹੜੀ ਬੌਹੜੀ ਹੋਏ ਬੇਹਾਲਾ, ਬਹਿਬਲ ਹੋ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਵਖਾਈਆ। ਮਿਹਰ ਨਜ਼ਰ ਪਾ ਮਿਹਰਵਾਨ, ਏਕਾ ਮੰਗ ਮੰਗਾਇੰਦਾ। ਤੇਰੇ ਦਰ ਤੇ ਡਿਗਾ ਆਣ, ਦੂਰ ਦੁਰਾਡਾ ਸੀਸ ਝੁਕਾਇੰਦਾ। ਤੇਰੇ ਭਗਤ ਕਰਨ ਧਿਆਨ, ਮੈਂ ਇਕੋ ਮੰਗ ਮੰਗਾਇੰਦਾ। ਤੇਰਾ ਲੇਖ ਲੇਖ ਮਹਾਨ, ਤੇਰਾ ਲੇਖਾ ਮੋਹੇ ਭਾਇੰਦਾ। ਤੇਰੇ ਹੱਥ ਮੇਰਾ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੇਰੀ ਓਟ ਤਕਾਇੰਦਾ। ਤੇਰੀ ਓਟ ਤੱਕੀ ਆਸ, ਆਸਾ ਇਕ ਰਖਾਈਆ। ਚੌਦਾਂ ਸਦੀਆਂ ਨਾ ਬੁਝੀ ਪਿਆਸ, ਭਰ ਪਿਆਲਾ ਸਾਕੀ ਜਾਮ ਨਾ ਕੋਇ ਪਿਆਈਆ। ਹਾੜ ਸਤਾਰਾਂ ਹੋ ਕੇ ਗਿਆ ਨਿਰਾਸ, ਪਹਿਲੀ ਚੇਤ ਓਟ ਰਖਾਈਆ। ਤੇਰੇ ਭਗਤਾਂ ਮੈਂ ਹੋਇਆ ਦਾਸ, ਦੋਏ ਜੋੜ ਸੀਸ ਝੁਕਾਈਆ। ਮੇਰੀ ਕਰਾਉਣ ਬੰਦ ਖੁਲਾਸ, ਬੰਦੀਖਾਨਾ ਦੇਣਾ ਤੁੜਾਈਆ। ਮੇਰਾ ਕੰਮ ਇਕੋ ਖ਼ਾਸ, ਫਤਵਾ ਦੇਣਾ ਨਾ ਕੋਇ ਗੁਨਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤਾਂ ਦਏ ਸਮਝਾਈਆ। ਤੇਰੇ ਭਗਤਾਂ ਸਚ ਮਹੱਲਾ, ਹਰਿ ਜੂ ਵੇਖਣ ਆਇਆ। ਦੂਰ ਦੁਰਾਡਾ ਕਰਕੇ ਹੱਲਾ, ਆਪਣਾ ਪੰਧ ਮੁਕਾਇਆ। ਸਾਥ ਨਾ ਮਿਲਿਆ ਰਾਣੀ ਅੱਲਾ, ਇਕ ਇਕੱਲਾ ਫੇਰਾ ਪਾਇਆ। ਬਿਨ ਤੇਰੇ ਹੋਇਆ ਝੱਲਾ, ਜੰਗਲ ਜੂਹ ਉਜਾੜ ਦਿਆਂ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤਾਂ ਫੜਾ ਪੱਲਾ, ਪੱਲੂ ਏਕਾ ਗੰਢ ਬੰਧਾਇਆ। ਮੇਰੇ ਭਗਤ ਮੇਰਾ ਰੂਪ, ਹਰਿ ਜੂ ਹਰਿ ਹਰਿ ਆਖ ਸੁਣਾਇੰਦਾ। ਮੇਰਾ ਭਗਤ ਮੇਰਾ ਪੂਤ, ਪਿਤਾ ਪੂਤ ਖੇਲ ਕਰਾਇੰਦਾ। ਮੇਰਾ ਭਗਤ ਪਰਗਟ ਹੋਏ ਚਾਰ ਕੂਟ, ਦਹਿ ਦਿਸ਼ਾ ਰੰਗ ਰੰਗਾਇੰਦਾ। ਮੇਰਾ ਭਗਤ ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਇਕ ਵਖਾਇੰਦਾ। ਮੇਰਾ ਭਗਤ ਪੀਏ ਅੰਮ੍ਰਿਤ ਘੁੱਟ, ਮਧੁਰ ਪਿਆਲਾ ਹੱਥ ਵਖਾਇੰਦਾ। ਮੇਰਾ ਭਗਤ ਪੰਚ ਵਿਕਾਰਾ ਕੱਢੇ ਕੁੱਟ, ਜਗਤ ਸ਼ੈਤਾਨ ਨੇੜ ਨਾ ਆਇੰਦਾ। ਮੇਰਾ ਭਗਤ ਮੇਰੇ ਅੰਦਰੋਂ ਪਏ ਫੁਟ, ਮੇਰੀ ਧਾਰ ਸਮਝਾਇੰਦਾ। ਮੇਰੇ ਭਗਤ ਮੇਰੀ ਜੋਤ, ਮੇਰੇ ਨੂਰ ਡਗਮਗਾਇੰਦਾ। ਮੇਰਾ ਭਗਤ ਮੇਰੀ ਗੋਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਮੇਰਾ ਭਗਤ ਮੇਰੀ ਓਟ, ਓਟ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤ ਆਪ ਵਡਿਆਇੰਦਾ। ਮੇਰਾ ਭਗਤ ਮੇਰਾ ਰਾਗ, ਬਿਨ ਤੰਦੀ ਤੰਦ ਸੁਣਾਈਆ। ਮੇਰਾ ਭਗਤ ਮੇਰਾ ਵੈਰਾਗ, ਬਣ ਵੈਰਾਗੀ ਖੇਲ ਕਰਾਈਆ। ਮੇਰਾ ਭਗਤ ਮੇਰਾ ਸੁਹਾਗ, ਬਣ ਨਾਰੀ ਸੇਵ ਕਮਾਈਆ। ਮੇਰਾ ਭਗਤ ਮੇਰਾ ਲਾਡ, ਦੂਜਾ ਹੋਰ ਨਾ ਕੋਇ ਰਖਾਈਆ। ਮੇਰਾ ਭਗਤ ਮੇਰੀ ਯਾਦ, ਲੋਕਮਾਤ ਕਰੇ ਸ਼ਨਵਾਈਆ। ਮੇਰਾ ਭਗਤ ਸੁਣੇ ਮੇਰੀ ਫ਼ਰਯਾਦ, ਬਿਨ ਭਗਤਾਂ ਭਗਵਾਨ ਘਰ ਕਿਸੇ ਨਾ ਜਾਈਆ। ਮੇਰਾ ਭਗਤ ਮੇਰੀ ਹੱਦ, ਅੱਗੇ ਕੋਈ ਲੰਘ ਨਾ ਆਈਆ। ਮੇਰਾ ਭਗਤ ਮੇਰੀ ਯੱਦ, ਬੰਸਾਵਲੀ ਇਕ ਬਣਾਈਆ। ਮੇਰਾ ਭਗਤ ਲੱਖ ਚੁਰਾਸੀ ਨਾਲੋਂ ਹੋਇਆ ਅੱਡ, ਜਗਤ ਜੰਜਾਲਾ ਗਿਆ ਤੁੜਾਈਆ। ਮੇਰਾ ਭਗਤ ਜੂਠ ਝੂਠ ਸਾਕ ਸੱਜਣ ਸੈਣ ਗਿਆ ਛੱਡ, ਸ਼ਰਅ ਸ਼ਰੀਅਤ ਨਾ ਕੋਇ ਪਰਨਾਈਆ। ਮੇਰਾ ਭਗਤ ਮੇਰਾ ਭਾਰ ਰਿਹਾ ਲੱਦ, ਸੀਸ ਆਪਣਾ ਆਪ ਝੁਕਾਈਆ। ਮੇਰਾ ਭਗਤ ਮੇਰੇ ਨਾਮ ਪੀਏ ਮਦਿ, ਦੂਜਾ ਨਸ਼ਾ ਨਾ ਕੋਇ ਰਖਾਈਆ। ਮੇਰਾ ਭਗਤ ਮੇਰੇ ਦੁਆਰੇ ਜਾਏ ਵਸ, ਦੂਸਰ ਕੋਇ ਰਹਿਣ ਨਾ ਪਾਈਆ। ਮੈਂ ਭਗਤਾਂ ਹੋਇਆ ਵਸ, ਮੇਰੀ ਚਲੇ ਨਾ ਕੋਇ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਪਿਛੋਂ ਨਿਰਗੁਣ ਸਰਗੁਣ ਅੰਦਰ ਗਿਆ ਫਸ, ਨਿਕਲ ਕਿਸੇ ਪਾਸੇ ਨਾ ਜਾਈਆ। ਮੇਰੇ ਭਗਤ ਸਾਚੇ ਮੰਦਰ ਬਹਿ ਬਹਿ ਰਹੇ ਹੱਸ, ਘਰ ਸਾਚੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੂਰ ਦੁਰਾਡੇ ਰਹੇ ਨੱਠ, ਕਦਮ ਕਦਮ ਕਰਨ ਧਾਈਂਆ। ਬਿਨ ਰਸਨਾ ਜਿਹਵਾ ਗਾਉਂਦੇ ਆਵਣ ਜਸ, ਪੁਰਖ ਅਕਾਲ ਤੇਰੀ ਵਡਿਆਈਆ। ਤੇਰੇ ਅੱਗੇ ਸਾਡੀ ਬਸ, ਬਸ ਬੈਠੇ ਢੇਰੀ ਢਾਹੀਆ। ਸਾਨੂੰ ਆਪਣਿਆਂ ਚਰਨਾਂ ਹੇਠ ਝਸ, ਸਾਡੀ ਦੁਰਮਤ ਮੈਲ ਧੁਵਾਈਆ। ਦੀਨ ਮਜ਼੍ਹਬਾਂ ਵਿਚ ਗਵਾਇਆ ਤੇਰਾ ਰਸ, ਜਾਤ ਪਾਤ ਮੇਰੀ ਸਫ਼ਾਤ ਗਈ ਛੁਪਾਈਆ। ਤੇਰਾ ਤੀਰ ਵੱਜਾ ਕਸ, ਦਰਗਾਹ ਕੋਈ ਧਾਮ ਨਜ਼ਰ ਨਾ ਆਈਆ। ਅਸੀਂ ਸਾਰੇ ਪੈ ਗਏ ਵਿਚ ਸ਼ੱਕ, ਨਿਰਗੁਣ ਕੀ ਕੀ ਖੇਲ ਰਚਾਈਆ। ਜੇਹੜਾ ਸਾਡਾ ਪੜਦਾ ਬੈਠਾ ਢਕ, ਅੱਜ ਪੜਦਾ ਰਿਹਾ ਚੁਕਾਈਆ। ਬਿਨ ਅਗਨੀਉਂ ਗਏ ਪੱਕ, ਬੂਟਾ ਸਭ ਦਾ ਰਿਹਾ ਵਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸ਼ਰਅ ਨਕ ਵਿਚ ਪਾਈ ਨੱਥ, ਬਣ ਕਲੰਦਰ ਰਿਹਾ ਨਚਾਈਆ। ਪਰਵਰਦਿਗਾਰ ਕਰੇ ਨਿਬੇੜਾ ਹੱਕੋ ਹਕ, ਹਕ਼ੀਕ਼ਤ ਵੇਖੇ ਖ਼ਲਕ ਖ਼ੁਦਾਈਆ। ਦੂਰ ਦੁਰਾਡਾ ਸਾਨੂੰ ਦਿਤਾ ਡੱਕ, ਅੱਗੇ ਵੜਨ ਕੋਇ ਨਾ ਪਾਈਆ। ਭਗਤਾਂ ਕੋਲੋਂ ਅਸੀਂ ਰਹੇ ਝਕ, ਸਾਡਾ ਝਕ ਨਾ ਕੋਇ ਖੁਲ੍ਹਾਈਆ। ਲੋਕਮਾਤ ਆਇਆ ਆਪ ਅਣਥੱਕ, ਆਦਿ ਜੁਗਾਦਿ ਥੱਕ ਕਦੇ ਨਾ ਜਾਈਆ। ਬਣ ਤਰਖਾਣ ਲਾਹੁਣ ਲੱਗਾ ਸੱਕ, ਸ਼ਬਦ ਕੁਹਾੜਾ ਹੱਥ ਉਠਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਫੋਲ ਫੋਲਾਈਆ। ਫੋਲਣਹਾਰਾ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹੱਟ, ਲੋਆਂ ਪੁਰੀਆਂ ਕੁੰਡਾ ਲਾਹੀਆ। ਵੇਖ ਵਖਾਏ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਤੇਰਾ ਨਾਮ ਸਚ ਸੰਦੇਸਾ ਆਏ ਦੱਸ, ਧੁਰ ਦਾ ਹੁਕਮ ਜਣਾਈਆ। ਆਤਮ ਪਰਮਾਤਮ ਦੇ ਕੇ ਆਏ ਰਸ, ਸੱਚਾ ਅੰਮ੍ਰਿਤ ਇਕ ਸਮਝਾਈਆ। ਤੇਰਾ ਪਾਣੀ ਤੀਰਥ ਤੱਟਾਂ ਆਏ ਝੱਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਤੇਰੇ ਬਣਾ ਕੇ ਆਏ ਸ਼ਿਵਦਵਾਲੇ ਗੁਰਦੁਆਰ ਮੱਠ, ਮਸਜਦ ਮਸੀਤ ਰਾਹ ਚਲਾਈਆ। ਬਿਨ ਤੇਰੇ ਸਾਰੇ ਹੋਏ ਭੱਠ, ਤੇਰਾ ਰੂਪ ਨਜ਼ਰ ਕੋਇ ਨਾ ਆਈਆ। ਹਿੰਦੂ ਮੁਸਲਮ ਸਿਖ ਇਸਾਈ ਜ਼ਾਤ ਪਾਤ ਅੰਦਰ ਗਏ ਫਸ, ਬੈਠੇ ਇਸ਼ਟ ਭੁਲਾਈਆ। ਆਪੋ ਆਪਣੀ ਮਾਲਾ ਰਹੇ ਰਟ, ਤੇਰਾ ਨਾਮ ਲਏ ਨਾ ਕੋਇ ਲੋਕਾਈਆ। ਤੇਰੇ ਅੱਗੇ ਵਾਸਤਾ ਰਹੇ ਘਤ, ਦੋਏ ਜੋੜ ਪਏ ਸਰਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਦੇ ਦੇ ਸਾਂਝੀ ਮਤ, ਪਿਛਲੀ ਚਲੇ ਨਾ ਕੋਇ ਚਤੁਰਾਈਆ। ਤੇਰੇ ਦੁਆਰੇ ਸੱਥਰ ਬੈਠੇ ਘਤ, ਸੱਥਰ ਹੋਏ ਸਰਬ ਲੋਕਾਈਆ। ਅਸੀਂ ਨੇਤਰ ਵਹਾਈਏ ਨਾ ਅੱਥ, ਗੁਰ ਅਵਤਾਰ ਪੀਰ ਪੈਗ਼ੰਬਰ ਭਰੇ ਨਾ ਕਿਸੇ ਦੀ ਕੋਈ ਗਵਾਈਆ। ਸਾਡੇ ਦੂਰੋਂ ਜੋੜੇ ਹੱਥ, ਹੱਥੋ ਹੱਥ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਗੁਰ ਅਵਤਾਰ ਆਏ ਨੱਠੇ, ਨੱਠ ਨੱਠ ਪੰਧ ਮੁਕਾਇਆ। ਬਹੱਤਰ ਗਜ਼ ਤੇ ਹੋਏ ਇਕੱਠੇ, ਰਹੇ ਧਿਆਨ ਲਗਾਇਆ। ਚਾਰ ਜੁਗ ਦੇ ਵਿਛੜੇ ਮਿਲੇ ਸਕੇ, ਹਰਿ ਜੂ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸੁਣਾਇਆ। ਗੁਰ ਅਵਤਾਰ ਸੁਣੋ ਲਾ ਕਰ ਕੰਨ, ਹਰੀ ਹਰਿ ਹਰਿ ਆਪ ਜਣਾਇੰਦਾ। ਸਾਰੇ ਮੇਟੋ ਆਪਣਾ ਜਨ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਰਸਨਾ ਕਹਿਣਾ ਧੰਨ ਧੰਨ, ਪੁਰਖ ਅਕਾਲ ਹੁਕਮ ਵਰਤਾਇੰਦਾ। ਚਾਰ ਜੁਗ ਦਾ ਦੇਵਣਹਾਰਾ ਡੰਨ, ਏਕਾ ਡੰਕਾ ਨਾਮ ਵਜਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਆਪ ਅਖਵਾਇੰਦਾ। ਜਿਸ ਨੇ ਸਭ ਨੂੰ ਲਿਆਂਦਾ ਬੰਨ੍ਹ, ਹੁਕਮੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਸਰਬ ਸਮਝਾਇੰਦਾ। ਪਿਛਲਾ ਲੇਖਾ ਕਰਾਏ ਯਾਦ, ਹਰਿ ਜੂ ਹਰਿ ਹਰਿ ਆਪ ਸਮਝਾਇੰਦਾ। ਮੁਹੰਮਦ ਕਰੀ ਇਕ ਫ਼ਰਯਾਦ, ਗੋਬਿੰਦ ਅੱਗੇ ਮੰਗ ਮੰਗਾਇੰਦਾ। ਪਰਵਰਦਿਗਾਰ ਤੇਰੇ ਨਾਲ ਲਡਾਏ ਲਾਡ, ਛੋਟੇ ਸੁਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਹੁਕਮ ਆਪ ਵਰਤਾਇੰਦਾ। ਗੁਰ ਗੋਬਿੰਦ ਏਕਾ ਧਾਰ, ਆਪਣੀ ਆਪ ਜਣਾਈਆ। ਮੈਂ ਕਰਾਂ ਖੇਲ ਹਰਿ ਨਿਰੰਕਾਰ, ਨਿਰੰਕਾਰ ਮੇਰਾ ਖੇਲ ਕਰਾਈਆ। ਮੈਂ ਚੌਥੇ ਜੁਗ ਆਇਆ ਅੰਤਮ ਵਾਰ, ਛੋਟੀ ਬੁੱਧ ਰਖਾਈਆ। ਪੁਰਖ ਅਕਾਲ ਕਰ ਪਿਆਰ, ਨਿੱਕਾ ਬਾਲਾ ਗੋਦ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ੁਸ਼ੀ ਆਪ ਜਣਾਈਆ। ਗੁਰ ਗੋਬਿੰਦ ਦਏ ਸਲਾਹ, ਸਭ ਨੂੰ ਆਖ ਸੁਣਾਇੰਦਾ। ਪੁਰਖ ਅਕਾਲ ਬੇਪਰਵਾਹ, ਸਾਚੇ ਤਖ਼ਤ ਡੇਰਾ ਲਾਇੰਦਾ। ਸਭ ਦਾ ਲੇਖਾ ਵੇਖੇ ਥਾਉਂ ਥਾਂ, ਭੁੱਲ ਕਦੇ ਨਾ ਜਾਇੰਦਾ। ਸਚ ਅਦਾਲਤ ਮੰਗੇ ਨਾ ਕੋਈ ਗਵਾਹ, ਜ਼ਿਮਨੀ ਫੇਰ ਨਾ ਕੋਇ ਭਰਾਇੰਦਾ। ਵਕੀਲ ਦਲੀਲ ਨਾ ਸਕੇ ਦੁੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਨਾ ਕੋਈ ਅਪੀਲ ਨਾ ਦਲੀਲ, ਅਰਦਾਸ ਨਾ ਕਰੇ ਅਰਜ਼ੋਈਆ। ਨਾ ਕੋਈ ਮੁਸੱਦੀ ਨਾ ਵਕੀਲ, ਵਕਾਲਤ ਨਜ਼ਰ ਕੋਇ ਨਾ ਆਈਆ। ਕਰੇ ਖੇਲ ਖ਼ਲਲ ਖ਼ਲੀਲ, ਖ਼ਾਲਕ ਖ਼ਲਕ ਬੇਪਰਵਾਹੀਅ । ਅੱਗੇ ਸੁਣੇ ਨਾ ਕੋਇ ਅਪੀਲ, ਸਾਚਾ ਫ਼ੈਸਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਸਾਚਾ ਭੇਵ ਹਰਿ ਕਰਤਾਰ, ਆਪਣੇ ਹੱਥ ਰਖਾਇੰਦਾ। ਪਹਿਲੀ ਚੇਤ ਦਿਵਸ ਵਿਚਾਰ, ਸੰਮਤ ਸੰਮਤੀ ਮੇਲ ਮਿਲਾਇੰਦਾ। ਦਰ ਸਦ ਗੁਰ ਅਵਤਾਰ, ਈਸਾ ਮੂਸਾ ਨਾਲ ਮਿਲਾਇੰਦਾ। ਮੁਹੰਮਦ ਮੰਗੇ ਮੰਗ ਅਪਾਰ, ਜਨ ਭਗਤਾਂ ਅੱਗੇ ਝੋਲੀ ਡਾਹਿੰਦਾ। ਸਾਚੇ ਭਗਤ ਦੇਣ ਸਹਾਰ, ਦਰ ਆਇਆ ਗਲੇ ਲਗਾਇੰਦਾ। ਚਲ ਕੇ ਔਣਾ ਵਾਰੋ ਵਾਰ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਵਿਸ਼ਨੂੰ ਲੈ ਕੇ ਫੂਲਣਹਾਰ, ਸਾਂਗੋ ਪਾਂਗ ਸੇਜ ਸੁਹਾਇੰਦਾ। ਬ੍ਰਹਮਾ ਗਾਏ ਆਪਣੀ ਵਾਰ, ਸੋਹਲਾ ਢੋਲਾ ਇਕ ਸੁਣਾਇੰਦਾ। ਸ਼ੰਕਰ ਕਰ ਸਚ ਸ਼ਿੰਗਾਰ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਤਨ ਭਬੂਤੀ ਏਕਾ ਛਾਰ, ਹੱਥ ਤ੍ਰਿਸੂਲ ਉਠਾਇੰਦਾ। ਸੁਰਪਤ ਇੰਦ ਹੋ ਤਿਆਰ, ਕਰੋੜ ਤੇਤੀਸਾ ਨਾਲ ਮਿਲਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਪਿਛੇ ਪਿਛੇ ਆਵਣ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਸੱਤ ਸਮੁੰਦਰ ਆਏ ਕਰ ਪਾਰ, ਰੂਪ ਅਨੂਪ ਆਪ ਵਖਾਇੰਦਾ। ਸਮੇਰੂ ਪਰਬਤ ਕਰ ਨਿਮਸਕਾਰ, ਦਰ ਨਿਉਂ ਨਿਉਂ ਸੀਸ ਝੁਕਾਇੰਦਾ। ਕਬੀਰ ਜੁਲਾਹਾ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਨਾਨਕ ਕਹੇ ਤੇਰੀ ਧਾਰ, ਨਿਰੰਕਾਰ ਤੇਰਾ ਰੂਪ ਨਜ਼ਰ ਨਾ ਆਇੰਦਾ। ਗੋਬਿੰਦ ਕਹੇ ਪੁਰਖ ਅਕਾਲ, ਅਕਾਲ ਅਕਾਲ ਖੇਲ ਕਰਾਇੰਦਾ। ਪੁਰਖ ਅਬਿਨਾਸ਼ੀ ਕਹੇ ਸਚ ਦੁਆਰ, ਭਗਤ ਦੁਆਰ ਹਰਿ ਭਗਤਾਂ ਮਾਣ ਰਖਾਇੰਦਾ। ਦੋ ਜਹਾਨਾਂ ਬੇੜਾ ਕਰ ਕਰ ਪਾਰ, ਸਾਚੇ ਦਰ ਆਪ ਬਹਾਇੰਦਾ। ਕਰੇ ਖੇਲ ਅਪਰ ਅਪਾਰ, ਰੂਪ ਅਨੂਪ ਆਪ ਵਟਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਸਾਚੇ ਤਖ਼ਤ ਚਰਨ ਟਿਕਾਇੰਦਾ। ਗੋਬਿੰਦ ਸੂਰਾ ਕਰ ਤਿਆਰ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦੀ ਸ਼ਬਦ ਵਡ ਬਲਕਾਰ, ਬਲਧਾਰੀ ਆਪ ਅਖਵਾਇੰਦਾ। ਸਾਚਾ ਖੰਡਾ ਕਰ ਤਿਆਰ, ਨਾਮ ਖੰਡਾ ਇਕ ਚਮਕਾਇੰਦਾ। ਸਾਚੇ ਬਸਤਰ ਕਰ ਸ਼ਿੰਗਾਰ, ਆਪ ਆਪਣਾ ਰੰਗ ਰੰਗਾਇੰਦਾ। ਨੇਤਰ ਨੈਣ ਖੋਲ੍ਹ ਉਘਾੜ, ਨਿਰਾਕਾਰ ਦਰਸਨ ਪਾਇੰਦਾ। ਦੋਏ ਜੋੜ ਕਰੇ ਨਿਮਸਕਾਰੀ, ਪ੍ਰਭ ਅੱਗੇ ਸੀਸ ਝੁਕਾਇੰਦਾ। ਚਾਰ ਜੁਗ ਗੁਰ ਅਵਤਾਰ ਜੋ ਬਣ ਬਣ ਗਏ ਲਿਖਾਰੀ, ਲੇਖਾ ਸਭ ਦਾ ਆਪ ਮੁਕਾਇੰਦਾ। ਸੰਮਤ ਅਠਾਰਾਂ ਉਤਰਿਆ ਪਾਰੀ, ਇਕ ਨੌਂ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰੀ, ਦੂਆ ਆਪਣਾ ਪੰਧ ਵਖਾਇੰਦਾ। ਸਿਫ਼ਰ ਸਿਫ਼ਰ ਨਾ ਕੋਇ ਆਧਾਰੀ, ਸਿਫ਼ਰਾ ਸਿਫ਼ਰੇ ਨਾਲ ਉਡਾਇੰਦਾ। ਇਕ ਇਕੱਲਾ ਏਕੰਕਾਰੀ, ਨਵ ਖੰਡ ਪ੍ਰਿਥਮੀ ਡੰਕ ਵਜਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰੀ, ਆਲਸ ਨਿੰਦਰਾ ਸਰਬ ਗਵਾਇੰਦਾ। ਦਰ ਬਹਾ ਗੁਰ ਅਵਤਾਰੀ, ਪੀਰ ਪੈਗ਼ੰਬਰ ਲਹਿਣਾ ਦੇਣ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਨ ਆਇਆ, ਕਰਨਹਾਰ ਕਰਤਾਰਾ। ਨਿਰਗੁਣ ਆਪਣਾ ਨਾਉਂ ਧਰਾਇਆ, ਮਾਤ ਪਿਤ ਨਾ ਕੋਇ ਬਣਾਇਆ। ਆਦਿ ਅੰਤ ਵੇਸ ਵਟਾਇਆ, ਜੋਤੀ ਜਾਤਾ ਹੋ ਰੁਸ਼ਨਾਇਆ। ਕਲਜੁਗ ਅੰਤਮ ਖੇਲ ਖਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਮਾਇਆ। ਆਪਣੀ ਮਾਇਆ ਆਪੇ ਰੰਗ ਰਾਤਾ, ਰੰਗ ਰਤੜਾ ਸੱਚਾ ਮਾਹੀਆ। ਆਪੇ ਦੇਵਣਹਾਰਾ ਸਾਚੀ ਦਾਤਾ, ਆਪੇ ਲੇਖਾ ਰਿਹਾ ਮੁਕਾਈਆ। ਆਪੇ ਸੁਣਾਉਂਦਾ ਰਿਹਾ ਜੁਗ ਜੁਗ ਗਾਥਾ, ਆਪੇ ਕਰੇ ਅੰਤ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਕਲਜੁਗ ਅੰਤਮ ਹੁਕਮੇ ਰਾਣਾ, ਦੋ ਜਹਾਨਾਂ ਰਈਅਤ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣ ਨਿਮਾਣਾ, ਦਰ ਹਰਿ ਹਰਿ ਸੀਸ ਝੁਕਾਇੰਦਾ। ਸਤਿ ਸਤਿਵਾਦੀ ਸ਼ਾਹ ਸੁਲਤਾਨਾ, ਏਕਾ ਹੁਕਮ ਵਰਤਾਇੰਦਾ। ਬ੍ਰਹਮਾ ਛੱਡਣਾ ਪਏ ਟਿਕਾਣਾ, ਬ੍ਰਹਮ ਆਪਣੇ ਵਿਚ ਮਿਲਾਇੰਦਾ। ਭੋਲਾ ਨਾਥ ਆਪ ਸਮਝੌਣਾ, ਸਾਚੀ ਸਿਖਿਆ ਇਕ ਰਖਾਇੰਦਾ। ਅੰਤ ਕੋਈ ਰਹਿਣ ਨਾ ਪੌਣਾ, ਜੋ ਘੜਿਆ ਭੰਨ ਵਖਾਇੰਦਾ। ਸੁਰਪਤ ਇੰਦ ਤੁਟਾ ਮਾਣਾ, ਅਭਿਮਾਨ ਨਾ ਕੋਇ ਜਣਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਨਿਰੰਕਾਰ, ਆਪਣਾ ਆਪ ਵਰਤਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਆਪਣੇ ਵਿਚ ਛੁਪਾਈਆ। ਗੁਰਮੁਖ ਸਾਚਾ ਕਰ ਉਜਿਆਰ, ਸਿੰਘ ਪਾਲ ਦਏ ਵਡਿਆਈਆ। ਸ਼ੰਕਰ ਤੇਰਾ ਸਚ ਅਖਾੜ, ਜਗਤ ਜਗਦੀਸਾ ਆਪ ਲਗਾਈਆ। ਇੰਦਰ ਤੇਰਾ ਕਰ ਮਨਜੀਤਾ ਜਿਤ ਆਪਣੀ ਆਪ ਵਖਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਦੋ ਜਹਾਨਾਂ ਵੇਖ ਵਖਾਈਆ। ਸਚਖੰਡ ਬਣਾ ਸੱਚਾ ਦਰਬਾਰ, ਸਾਚੇ ਭਗਤਾਂ ਦਏ ਵਡਿਆਈਆ। ਸਾਚੇ ਸੰਤਾਂ ਕਰ ਪਿਆਰ, ਸਾਚੇ ਘਰ ਮੇਲ ਮਿਲਾਈਆ। ਗਰਮੁਖਾਂ ਖੋਲ੍ਹ ਇਕ ਕਿਵਾੜ, ਏਕਾ ਮੰਦਰ ਦਏ ਵਖਾਈਆ। ਲੇਖਾ ਲਿਖ ਸਤਾਰਾਂ ਹਾੜ, ਪਹਿਲੀ ਚੇਤਰ ਪੂਰ ਕਰਾਈਆ। ਗੁਰ ਗੋਬਿੰਦ ਹੋਇਆ ਤਿਆਰ, ਪਾਰਬ੍ਰਹਮ ਅੱਗੇ ਕਰੇ ਅਰਜ਼ੋਈਆ। ਸਾਚਾ ਹੁਕਮ ਦੇਵੇ ਸੱਚੀ ਸਰਕਾਰ, ਸੋ ਸਭ ਨੂੰ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਗੁਰ ਗੋਬਿੰਦ ਉਠ ਬਲਕਾਰ, ਹਰਿ ਹਰਿ ਆਪ ਜਣਾਇੰਦਾ। ਦਰ ਬੈਠੇ ਤੇਈ ਅਵਤਾਰ, ਭਗਤ ਭਗਵੰਤ ਸੀਸ ਝੁਕਾਇੰਦਾ। ਈਸਾ ਮੂਸਾ ਨੇਤਰ ਰੋਵਣ ਜ਼ਾਰੋ ਜ਼ਾਰ, ਨੈਣਾਂ ਨੀਰ ਸਰਬ ਵਹਾਇੰਦਾ। ਮੁਹੰਮਦ ਕਰੇ ਇਕ ਪੁਕਾਰ, ਆਪਣਾ ਵਾਸਤਾ ਇਕੋ ਪਾਇੰਦਾ। ਮੇਰੀ ਮੰਨ ਅਰਜ਼ ਸਰਕਾਰ, ਅਰਜ਼ੀ ਆਪਣੇ ਹੱਥ ਵਖਾਇੰਦਾ। ਤੂੰ ਲਿਖ ਕੇ ਲੇਖ ਦਿਤਾ ਚੌਦਾਂ ਸਦੀਆਂ ਤੇਰਾ ਰਹੇ ਉਧਾਰ, ਅੰਤਮ ਤੇਰਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਦਇਆ ਕਰ, ਤੇਰੇ ਅੱਗੇ ਝੋਲੀ ਡਾਹਿੰਦਾ। ਗੁਰ ਗੋਬਿੰਦ ਸੁਣ ਅਰਜ਼ੋਈ, ਏਕਾ ਅਰਜ਼ ਜਣਾਈਆ। ਬਿਨ ਹਰਿ ਦੁਆਰ ਮਿਲੇ ਨਾ ਢੋਈ, ਚਾਰੋਂ ਕੁੰਟ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਹਰਿ ਭਗਤ ਮਿਲਿਆ ਕੋਈ ਕੋਈ, ਸੋ ਹਰਿ ਜੂ ਆਪਣੇ ਨਾਲ ਮਿਲਾਈਆ। ਨੌਂ ਖੰਡ ਪ੍ਰਿਥਮੀ ਰਹੀ ਸੋਈ, ਨੇਤਰ ਜਾਗ ਨਾ ਕੋਇ ਖੁਲ੍ਹਾਈਆ। ਬਿਨ ਮਰਿਉਂ ਆਪੇ ਮੋਈ, ਰਾਏ ਧਰਮ ਦਏ ਸਜ਼ਾਈਆ। ਧਰਤ ਮਾਤ ਦਰ ਆ ਕੇ ਆਪਣੇ ਖੁਲ੍ਹੜੇ ਕੇਸ ਰਹੀ ਖੋਹੀ, ਕੂਕ ਕੂਕ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਇਕ ਅਰਜ਼ੋਈਆ। ਤੇਰੇ ਅੱਗੇ ਇਕ ਅਰਦਾਸ, ਏਕਾ ਏਕ ਸੁਣਾਇੰਦਾ। ਤੂੰ ਵਸੇਂ ਭਗਤਾਂ ਪਾਸ, ਮੈਂ ਤੇਰੇ ਭਗਤਾਂ ਓਟ ਤਕਾਇੰਦਾ। ਦਰ ਆਇਆਂ ਨਾ ਕਰੀਂ ਨਿਰਾਸ, ਇਕੋ ਤੇਰੀ ਆਸ ਜਣਾਇੰਦਾ। ਚੌਦਾਂ ਸਦੀਆਂ ਰੱਖੀਂ ਖਾਹਸ਼, ਅੱਗੇ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭੁਲਿਆਂ ਮਾਰਗ ਆਪੇ ਲਾਇੰਦਾ। ਤੇਰੀ ਵਸਤ ਤੇਰੀ ਵੰਡ, ਵੰਡਣਹਾਰ ਤੂੰ ਅਖਵਾਇੰਦਾ। ਚੌਦਾਂ ਸਦੀਆਂ ਬੱਧੀ ਗੰਢ, ਏਕਾ ਗੰਢ ਪੁਆਇੰਦਾ। ਤੇਰਾ ਨੂਰ ਮੇਰਾ ਚੰਦ, ਚੌਦਸ ਚੰਦ ਇਕ ਚੜ੍ਹਾਇੰਦਾ। ਤੂੰ ਸਾਹਿਬ ਸਦਾ ਬਖ਼ਸ਼ੰਦ, ਸਿਰ ਸਭ ਦੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੁਹੰਮਦ ਮੰਗ ਮੰਗਾਇੰਦਾ। ਮੁਹੰਮਦ ਮੰਗੇ ਮੰਗ ਬਾਰਾਂ ਮਾਸ, ਰਜਵ ਮੇਲਾਣ ਮਾਸ ਸੁਣਾਈਆ। ਸ਼ਾਬਾਨ ਤੇਰੀ ਆਸ, ਰਮਜ਼ਾਨ ਤੇਰੀ ਕੁੜਮਾਈਆ। ਸ਼ਵਾਲ ਤੇਰਾ ਪਰਕਾਸ਼, ਜ਼ਾਕੀਦ ਤੇਰੀ ਸ਼ਨਵਾਈਆ। ਬਜ਼ੋਰ ਤੇਰੀ ਰਾਸ, ਸਫ਼ਰ ਤੇਰੀ ਵਡਿਆਈਆ। ਮੁਹਰੱਮ ਵਸਣਾ ਪਾਸ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਮਾਣ ਵਡਿਆਈਆ। ਰਬੀ ਉਲ ਅਵਲ, ਤੇਰਾ ਰੰਗ ਰੰਗਾਇੰਦਾ। ਰਬੀ ਓਲਸਾਨੀ ਤੇਰਾ ਸੰਗ, ਏਕਾ ਓਟ ਤਕਾਇੰਦਾ। ਜਮਾਦੀਉਲਅਵਲ ਸੂਰਾ ਸਰਬੰਗ, ਤੂ ਹੀ ਖੇਲ ਖਿਲਾਇੰਦਾ। ਜਮਾਦੀਉਲਸਾਨੀ ਤੇਰਾ ਤਰੰਗ, ਨਜ਼ਰ ਕਿਸੇ ਨਾ ਆਇੰਦਾ। ਇਕ ਤਿੰਨ ਅੱਠ ਇਕ ਤੇਰਾਂ ਸੌ ਇਕਾਸੀ ਚੜ੍ਹਿਆ ਚੰਨ, ਚੰਦ ਚਾਂਦਨਾ ਸਰਬ ਚਮਕਾਇੰਦਾ। ਤੂੰ ਸਾਹਿਬ ਸਦਾ ਬਖ਼ਸ਼ੰਦ, ਏਕਾ ਨਾਇਆ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਝੋਲੀ ਡਾਹਿੰਦਾ। ਪੁਰਖ ਅਕਾਲਾ ਹੋ ਦਿਆਲਾ, ਆਪਣੀ ਦਇਆ ਕਮਾਈਆ। ਇਕ ਨੌਂ ਰਹੇ ਰਖਵਾਲਾ, ਚੌਦਾਂ ਸਦ ਪੂਰ ਕਰਾਈਆ। ਬੀਸ ਬੀਸਾ ਸਭ ਦਾ ਕੱਢੇ ਦੀਵਾਲਾ, ਪਿਛਲਾ ਲੇਖਾ ਨਾ ਕੋਇ ਜਣਾਈਆ। ਚਾਰ ਵਰਨ ਹੋਏ ਬੇਹਾਲਾ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨੌਂ ਤੇਰੀ ਝੋਲੀ ਪਾਈਆ। ਇਕ ਨੌਂ ਹਰਿ ਹਰਿ ਧਾਰ, ਤੇਰੀ ਝੋਲੀ ਪਾਇੰਦਾ। ਤੀਆ ਸਾਤਾ ਅਧਵਿਚਕਾਰ ਵੰਡਣ ਵੰਡ ਵੰਡਾਇੰਦਾ। ਵੀਹ ਸੌ ਬਿਕ੍ਰਮੀ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਬੀਸ ਬੀਸਾ ਹੋਏ ਖ਼ਬਰਦਾਰ, ਪਿਛਲਾ ਲੇਖਾ ਸਰਬ ਜਣਾਇੰਦਾ। ਅੱਗੇ ਖੇਲ ਕਰੇ ਨਿਰੰਕਾਰ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਣ ਗਵਾਇੰਦਾ। ਤੇਰਾ ਲਹਿਣਾ ਮੈਨੂੰ ਮਨਜ਼ੂਰ, ਮੁਹੰਮਦ ਆਖ ਸੁਣਾਇੰਦਾ। ਮੇਰਾ ਬਖ਼ਸ਼ੀਂ ਇਕ ਕਸੂਰ, ਵਾਸਤਾ ਤੇਰੇ ਅੱਗੇ ਪਾਇੰਦਾ। ਚਰਨੀਂ ਰਹਿਣ ਨਾ ਦੇਣਾ ਦੂਰ, ਇਕੋ ਚਰਨਾਂ ਓਟ ਤਕਾਇੰਦਾ। ਮੇਰਾ ਨਾਤਾ ਤੁਟਾ ਗਰੂਰ, ਹੋਰ ਨਾ ਕੋਇ ਵਖਾਇੰਦਾ। ਚੌਦਾਂ ਸਦੀਆਂ ਪਾਇਆ ਫਤੂਰ, ਫਤਵਾ ਇਕੋ ਇਕ ਵਖਾਇੰਦਾ। ਕਲਜੁਗ ਮੈਨੂੰ ਕੀਤਾ ਮਜਬੂਰ, ਬਣ ਸੰਗੀ ਸੰਗ ਨਿਭਾਇੰਦਾ। ਤੇਰਾ ਜਲਵਾ ਤੱਕੇ ਕੋਹਤੂਰ, ਮੂਸਾ ਆਪਣੀ ਹੋਸ਼ ਭੁਲਾਇੰਦਾ। ਧੰਨ ਖੇੜਾ ਧੰਨ ਮੰਦਰ ਧੰਨ ਦੁਆਰ ਧੰਨ ਕਾਅਬਾ ਜਿਸ ਘਰ ਵਸੇ ਹਾਜ਼ਰ ਹਜ਼ੂਰ, ਹਜ਼ਰਤ ਆਪਣੀ ਜੋਤ ਜਗਾਇੰਦਾ। ਮੈਂ ਅੰਤਮ ਮਿਲਣਾ ਤੈਨੂੰ ਜਰੂਰ, ਅਮਾਮ ਤੇਰੀ ਆਸ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਜਣਾਇੰਦਾ। ਆਪਣੇ ਰੰਗ ਆਪੇ ਰਾਤਾ, ਗੁਰ ਗੋਬਿੰਦ ਕਰੇ ਜਣਾਈਆ। ਉਠ ਦੁਲਾਰੇ ਖੋਲ੍ਹ ਤਾਕਾ, ਬੰਦ ਕਿਵਾੜਾ ਆਪ ਖੁਲ੍ਹਾਈਆ। ਚਾਰ ਜੁਗ ਪਿਛਲਾ ਸਾਕਾ, ਗੁਰ ਅਵਤਾਰਾਂ ਦਏ ਸੁਣਾਈਆ। ਕਿਹੜੀ ਗੱਲੇ ਪਿਆ ਘਾਟਾ, ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਗੁਰ ਗੋਬਿੰਦ ਗੁਰ ਆਇਆ, ਆਇਆ ਆਪਣੀ ਵਾਰ। ਪ੍ਰਭ ਅੱਗੇ ਸੀਸ ਝੁਕਾਇਆ, ਝੁਕ ਝੁੁਕ ਕਰੇ ਨਿਮਸਕਾਰ। ਤੇਰਾ ਦਰ ਮੋਹੇ ਭਾਇਆ, ਸ਼ਹਿਨਸ਼ਾਹ ਸੱਚੀ ਸਰਕਾਰ। ਪੁਰਖ ਅਕਾਲ ਤੂ ਹੀ ਨਜ਼ਰੀ ਆਇਆ, ਤੇਰਾ ਰੂਪ ਅਗੰਮ ਅਪਾਰ। ਸ੍ਰਿਸ਼ਟ ਸਬਾਈ ਗਿਆ ਸਮਝਾਇਆ, ਉਚੀ ਕੂਕ ਕੂਕ ਪੁਕਾਰ। ਬਿਨ ਹਰਿ ਸੰਗ ਕੋਇ ਨਾ ਜਾਇਆ, ਅੰਤਮ ਸਰਬ ਹੋਣ ਖੁਆਰ। ਜੋ ਜੋ ਆਇਆ ਸੋ ਆਪਣਾ ਰਾਹ ਗਿਆ ਚਲਾਇਆ, ਏਕਾ ਭੁਲਿਆ ਹਰਿ ਨਿਰੰਕਾਰ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਸਚਖੰਡ ਨਿਵਾਸੀ ਵੇਖਣਹਾਰ। ਅੰਤਮ ਸਭ ਨੂੰ ਦਏ ਸਜ਼ਾਇਆ, ਹੁਕਮੀ ਹੁਕਮ ਵਰਤੇ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਵਰ ਸੱਚੀ ਸਰਕਾਰ। ਦੇਣਾ ਵਰ ਤੇਰਾ ਭਰੋਸਾ, ਤੇਰੀ ਓਟ ਰਖਾਈਆ। ਬੱਚਿਆਂ ਨਾਲ ਪਿਤਾ ਦਾ ਕਾਹਦਾ ਰੋਸਾ, ਰੁੱਸੇ ਲਏ ਮਨਾਈਆ। ਗਲਵਕੜੀ ਲੈ ਕੇ ਲਏ ਬੋਸਾ, ਮੁਖੜਾ ਮੁਖ ਮੁਖ ਸਲਾਹੀਆ। ਤੇਰਾ ਝੱਲਿਆ ਨਾ ਜਾਏ ਜੋਸ਼ਾ, ਤੇਰਾ ਬਲ ਤੇਰੀ ਚਤੁਰਾਈਆ। ਤੇਰਾ ਭਾਣਾ ਨਾ ਹੋਵੇ ਹੋਛਾ, ਦੇਵੇ ਸਰਬ ਸਜ਼ਾਈਆ। ਕਲਜੁਗ ਲੱਖ ਚੁਰਾਸੀ ਤੱਤ ਹੋਇਆ ਕੋਸਾ, ਘਰ ਘਰ ਅਗਨੀ ਲਾਈਆ। ਬਿਨ ਤੇਰੇ ਨਾਮੋਂ ਜੀਵ ਜੰਤ ਹੋਇਆ ਥੋਥਾ, ਠੋਕਰ ਰਿਹਾ ਖਾਈਆ। ਮੈਂ ਦਸ ਕੇ ਆਇਆ ਪੁਰਖ ਅਕਾਲ ਮਿਲੇ ਕਿਸੇ ਵਿਚੋਂ ਨਾ ਪੋਥਾ, ਪੁਸਤਕ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਰਾਹ ਰਹੀ ਜਣਾਈਆ। ਕਲਜੁਗ ਜੀਵ ਲਾ ਲਾ ਬੈਠੇ ਘੋਟਾ, ਰਸਨਾ ਜਿਹਵਾ ਰਹੇ ਸੁਣਾਈਆ। ਅੰਦਰੋਂ ਮਨ ਹੋਇਆ ਖੋਟਾ, ਕੂੜੀ ਕਿਰਿਆ ਲਈ ਪਰਨਾਈਆ। ਗੁਰ ਦਰ ਮੰਦਰ ਮਸਜਦ ਅੰਦਰ ਭਰੀ ਨਾ ਕਿਸੇ ਦੀ ਪੋਟਾ, ਮਾਇਆ ਮਮਤਾ ਹੋਈ ਹਲਕਾਈਆ। ਸਾਧ ਸੰਤ ਜਤ ਰੱਖੇ ਨਾ ਕੋਈ ਲੰਗੋਟਾ, ਧੀਰਜ ਧੀਰ ਗਏ ਗਵਾਈਆ। ਹਿੰਦੂ ਮੁਸਲਮ ਫੜਿਆ ਹੱਥ ਵਿਚ ਲੋਟਾ, ਤੇਰਾ ਨਾਮ ਰਸਨਾ ਰਸ ਨਾ ਕੋਈ ਗਾਈਆ। ਤੇਰਾ ਗੁਰਸਿਖ ਹੋਇਆ ਖੋਤਾ, ਮਦਿ ਪੀ ਪੀ ਖ਼ਾਕ ਉਡਾਈਆ। ਕਲਜੁਗ ਅੰਦਰ ਸਭ ਨੇ ਮਾਰਿਆ ਗੋਤਾ, ਕੋਈ ਸਕੇ ਨਾ ਬਾਹਰ ਕਢਾਈਆ। ਤੇਰਾ ਨਾਮ ਨਾ ਮਿਲੇ ਕਿਸੇ ਤੋਤਾ, ਵਾਂਗ ਗਨਕਾ ਦਏ ਪੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਰੇ ਰੋਤਾ, ਨੇਤਰ ਨੈਣਾਂ ਨੀਰ ਵਹਾਈਆ। ਤੇਰਾ ਪ੍ਰੇਮ ਕਿਸੇ ਨਾ ਪਾਇਆ ਤੂੰ ਜੱਟਾਂ ਘਰ ਵੜ ਕੇ ਲਾਏਂ ਜੋਤਾ, ਤੂੰ ਸਭ ਦੀ ਜੜ੍ਹ ਦਏ ਉਖੜਾਈਆ। ਤੈਨੂੰ ਸਾਡੇ ਤਿੰਨ ਹੱਥ ਲੱਭਾ ਇਕੋ ਕੋਠਾ, ਗੋਬਿੰਦ ਅੰਦਰ ਡੇਰਾ ਲਾਈਆ। ਜਨ ਭਗਤਾਂ ਦੇਵੇਂ ਬਹੁਤਾ ਬਹੁਤਾ, ਬਿਨ ਮੰਗਿਆਂ ਆਪ ਵਰਤਾਈਆ। ਲੱਖ ਚੁਰਾਸੀ ਜਾਏ ਔਤਾਂ, ਪਿਤਾ ਪੂਤ ਨਾ ਕੋਇ ਮਿਲਾਈਆ। ਨਾਰੀ ਛੱਡੇ ਆਪਣਾ ਖੌਤਾ, ਖੌਤ ਨਾਰ ਨਾ ਕੋਇ ਹੰਢਾਈਆ। ਪੰਡਤ ਪਾਂਧੇ ਸਾਫ਼ ਕਰ ਕਰ ਬੈਠੇ ਚੌਂਕਾ, ਆਤਮ ਅੰਤਰ ਨਾ ਕੋਇ ਸਫ਼ਾਈਆ। ਮੁੱਲਾਂ ਸ਼ੇਖ਼ ਮਸਜਦ ਅੰਦਰ ਮੰਦਰ ਬਣ ਸਵਾਨ ਭੌਂਕਾ, ਮਸਲਾ ਪੜ੍ਹ ਪੜ੍ਹ ਰਿਹਾ ਸੁਣਾਈਆ। ਆਤਮ ਅੰਤਰ ਸਾਚਾ ਅੰਮ੍ਰਿਤ ਨਾ ਕਿਸੇ ਤਰੌਂਕਾ, ਅਠਸਠ ਰਹੇ ਨਹਾਈਆ। ਹਰਿ ਕਾ ਨਾਮ ਸਚ ਸ਼ਿੰਗਾਰ ਨਾ ਕਰਿਆ ਕਿਸੇ ਸੌਂਕਾ, ਵੇਸਵਾ ਰੂਪ ਸਰਬ ਲੋਕਾਈਆ। ਨਾਮ ਗਾਨਾ ਸਾਚੇ ਗੁਟ ਨਾ ਬੰਨ੍ਹਿਆ ਪੌਂਚਾ, ਬੰਧੀ ਬੰਧ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੰਗੇ ਇਕੋ ਵਰ, ਭੁਲੀ ਤੇਰੀ ਸਰਬ ਲੋਕਾਈਆ। ਤੇਰੀ ਕਰਨੀ ਗਏ ਭੁੱਲ, ਨਾ ਚਲੇ ਕੋਈ ਚਤੁਰਾਈਆ। ਬਿਨ ਤੇਰੇ ਹਰਿ ਜੂ ਗਏ ਰੁਲ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਤੇਰੀ ਫੁਲਵਾੜੀ ਵਿਚੋਂ ਟੁੱਟਾ ਫੁਲ, ਪਤ ਡਾਲ੍ਹੀ ਨਾ ਕੋਇ ਮਹਿਕਾਈਆ। ਝੂਠੀ ਮਾਇਆ ਗਏ ਰੁਲ, ਆਪਣਾ ਆਪ ਗਵਾਈਆ। ਭਾਗ ਨਾ ਲੱਗਾ ਗੋਬਿੰਦ ਕੁਲ, ਚਾਰ ਵਰਨ ਨਾ ਸੰਗ ਨਿਭਾਈਆ। ਕੋਈ ਨਾ ਤੁਲਿਆ ਸਾਚੇ ਤੋਲ, ਝੂਠੇ ਕੰਡੇ ਤੁਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਏ ਵਡਿਆਈਆ। ਗੁਰ ਗੋਬਿੰਦ ਗੋਬਿੰਦ ਤੇਰਾ ਮਾਣ, ਤੇਰਾ ਤੇਰੇ ਵਿਚ ਰਖਾਇੰਦਾ। ਮੇਰਾ ਰੂਪ ਸ਼ਬਦ ਨਿਸ਼ਾਨ, ਸ਼ਬਦ ਤੇਰਾ ਨਾਉਂ ਪਰਗਟਾਇੰਦਾ। ਤੇਰਾ ਖੇਲ ਦੋ ਜਹਾਨ, ਦੋ ਜਹਾਨੀਂ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਾਲਸ ਇਕ ਬਣਾਇੰਦਾ। ਸਚ ਸਾਲਸ ਬਣ ਜਮਾਤ, ਜੁਮਲਾ ਆਪਣਾ ਵੇਖ ਵਖਾਈਆ। ਚਾਰ ਵਰਨ ਦੀ ਵੇਖ ਵਾਤ, ਵਾਤਾ ਵਰਨ ਦਏ ਸਮਝਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜੋ ਦੱਸ ਦੱਸ ਗਏ ਗਾਥ, ਪੜ੍ਹ ਪੜ੍ਹ ਚਲੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਭ ਦਾ ਲੇਖਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਸੁਣੋ ਸੰਦੇਸਾ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਵੀਹ ਸੌ ਵੀਹ ਬਿਕ੍ਰਮੀ ਸਭ ਦਾ ਮੁੱਕਣਾ ਲੇਖਾ, ਅੰਤ ਕੋਇ ਰਹਿਣ ਨਾ ਪਾਇੰਦਾ। ਨਾ ਕੋਈ ਪੂਜੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਹਨਵੰਤ ਬੀਰ ਨਾ ਕੋਇ ਮਨਾਇੰਦਾ। ਖਾਣੀ ਬਾਣੀ ਕਰੇ ਨਾ ਕੋਇ ਆਦੇਸਾ, ਗੁਰ ਅਵਤਾਰ ਨਾ ਸੀਸ ਝੁਕਾਇੰਦਾ। ਸਭ ਦਾ ਪਿਛਲਾ ਚੁੱਕਣਾ ਠੇਕਾ, ਠੇਕੇਦਾਰ ਅੱਗੇ ਕੋਈ ਨਜ਼ਰ ਨਾ ਆਇੰਦਾ। ਮੰਦਰ ਮਸਜਦ ਗੁਰ ਦਰ ਕੱਢਦੇ ਰਹੇ ਹੇਕਾ, ਸਾਚਾ ਰਾਗ ਨਾ ਕੋਇ ਅਲਾਇੰਦਾ। ਨਰ ਨਰਾਇਣ ਨਜ਼ਰ ਕਿਸੇ ਨਾ ਪੇਖਾ, ਲੱਖ ਚੁਰਾਸੀ ਜੀਵ ਜੰਤ ਕੁਰਲਾਇੰਦਾ। ਕਿਸੇ ਹੱਥ ਨਾ ਆਏ ਧਾਰੀ ਕੇਸਾ, ਮੂੰਡ ਮੁੰਡਾਏ ਮੁਖ ਸ਼ਰਮਾਇੰਦਾ। ਰੋ ਰੋ ਥੱਕੇ ਮੁੱਲਾ ਸ਼ੇਖ਼ਾ, ਮਸਲਾ ਹੱਲ ਨਾ ਕੋਇ ਕਰਾਇੰਦਾ। ਸਾਧ ਸੰਤ ਧਰ ਧਰ ਭੇਖਾ, ਜੰਗਲ ਜੂਹ ਉਜਾੜ ਡੇਰਾ ਲਾਇੰਦਾ। ਕਲਜੁਗ ਘਰ ਘਰ ਕਰਦਾ ਫਿਰੇ ਝੇਡਾਂ, ਆਪਣੀ ਖੁਸ਼ੀ ਮਨਾਇੰਦਾ। ਲਖ ਚੁਰਾਸੀ ਜੀਵ ਜੰਤ ਰਾਏ ਧਰਮ ਦਾ ਵਾੜਾ ਭੇਡਾਂ, ਏਕਾ ਵਾਰ ਬੰਦ ਕਰਾਇੰਦਾ। ਅੰਤਮ ਗੋਬਿੰਦ ਮਾਰੇ ਠੇਡਾ, ਸਭ ਨੂੰ ਮੂੰਹ ਦੇ ਭਾਰ ਸੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮ ਵਰਤੇ ਸ੍ਰੀ ਭਗਵਾਨ, ਦੂਜਾ ਕੋਇ ਰਹਿਣ ਨਾ ਪਾਈਆ। ਰਾਉ ਰੰਕ ਇਕ ਗਿਆਨ, ਏਕਾ ਏਕ ਕਰੇ ਪੜ੍ਹਾਈਆ। ਦੋ ਜਹਾਨ ਇਕ ਨਿਸ਼ਾਨ, ਸਚ ਨਿਸ਼ਾਨਾ ਦਏ ਝੁਲਾਈਆ। ਗੋਬਿੰਦ ਦੇਵੇ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਈਆ। ਪਰਗਟ ਹੋਇਆ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਰਖਾਈਆ। ਸਭ ਨੂੰ ਮੰਨਣੀਂ ਪਏ ਆਣ, ਬਚਿਆ ਕੋਇ ਰਹਿਣ ਨਾ ਪਾਈਆ। ਪਿਛਲਾ ਲੇਖਾ ਚੁਕਿਆ ਵਿਚ ਜਹਾਨ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਗੁਰ ਗੋਬਿੰਦ, ਹਰਿ ਜਣਾਇੰਦਾ। ਸਰਬ ਮੇਟਣੀ ਪਿਛਲੀ ਚਿੰਦ, ਚਿੰਤਾ ਚਿਖਾ ਸਰਬ ਜਲਾਇੰਦਾ। ਇਕ ਦੂਜੇ ਦੀ ਕਰਨ ਨਿੰਦ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਕਰਤਾਰਾ, ਗੁਰ ਗੋਬਿੰਦ ਜਣਾਈਆ। ਸਭ ਨੂੰ ਦਸ ਸਚ ਵਿਹਾਰਾ, ਸਚ ਸਚ ਸ਼ਨਵਾਈਆ। ਪੂਜਾ ਚੁਕੇ ਤੇਈ ਅਵਤਾਰਾ, ਲੋਕਮਾਤ ਰਹਿਣ ਨਾ ਪਾਈਆ। ਈਸਾ ਮੂਸਾ ਸੰਗ ਮੁਹੰਮਦ ਪਾਰ ਕਿਨਾਰਾ, ਹਰਿ ਜੂ ਦੇਵੇ ਜੜ੍ਹ ਉਖੜਾਈਆ। ਏਕਾ ਏਕ ਨਾਮ ਜੈਕਾਰਾ, ਜੈ ਜੈਕਾਰ ਖ਼ਲਕ ਖ਼ੁਦਾਈਆ। ਏਕਾ ਇਸ਼ਟ ਇਕ ਦੁਆਰਾ ਏਕਾ ਹਰਿ ਜੂ ਲਏ ਮਨਾਈਆ। ਏਕਾ ਨਾਮ ਇਕ ਭੰਡਾਰਾ, ਏਕਾ ਏਕਾ ਵਾਰ ਵਰਤਾਈਆ। ਮਿਲਿਆ ਹੁਕਮ ਸੱਚੀ ਸਰਕਾਰਾ, ਸਚ ਸੰਦੇਸਾ ਬੇਪਰਵਾਹੀਆ। ਗੋਬਿੰਦ ਤੇਰਾ ਜਗਤ ਅਖਾੜਾ, ਤੇਰੀ ਖੇਡ ਰਚਾਈਆ। ਬਣਨਾ ਇਕੋ ਸੱਚਾ ਲਾੜਾ, ਏਕਾ ਘੋੜੀ ਦਏ ਚੜ੍ਹਾਈਆ। ਭਗਤ ਮੰਗਣ ਤੇਰਾ ਵਾੜਾ, ਦਰ ਆਪਣੀ ਅਲਖ ਜਗਾਈਆ। ਬਾਕੀ ਵੇਖਣ ਸਰਬ ਅਖਾੜਾ, ਲੱਖ ਚੁਰਾਸੀ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਈਆ। ਸਾਰੇ ਉਠੋ ਦਿਉ ਇਕਵਾਲ, ਹਰਿ ਜੂ ਹਰਿ ਸੁਣਾਇੰਦਾ। ਕਿਉਂ ਚਲਾਈ ਆਪਣੀ ਚਾਲ, ਲੱਖ ਚੁਰਾਸੀ ਇਕੋ ਬ੍ਰਹਮ ਜਣਾਇੰਦਾ। ਸੂਰ ਗਾਂ ਖਾਦੀ ਕਿਉਂ ਗਾਲ, ਜਲਵਾ ਰੂਪ ਸਰਬ ਵਖਾਇੰਦਾ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਅੱਗੇ ਹੋ ਨਾ ਕੋਇ ਛੁਡਾਇੰਦਾ। ਵੇਖੋ ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਅਬਿਨਾਸ਼ੀ ਅੱਗੇ ਕਰਨ ਸਵਾਲ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਬੰਧਾਇੰਦਾ। ਸਾਚੀ ਧਾਰਾ ਬੰਧੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸ਼ਬਦੀ ਗੁਰ ਇਕ ਪਰਤਾਪ, ਗੁਰ ਗੋਬਿੰਦ ਨਾਮ ਸਲਾਹੀਆ। ਰਾਮਾ ਕ੍ਰਿਸ਼ਨਾ ਆਪੇ ਥਾਪ, ਥਾਪਨ ਥਾਪ ਵੇਖ ਵਖਾਈਆ। ਨਿਰਗੁਣ ਸਰਗੁਣ ਮਾਈ ਬਾਪ, ਪਿਤਾ ਪੂਤ ਖੇਲ ਖਿਲਾਈਆ। ਕਲਜੁਗ ਅੰਤਮ ਇਕ ਜਣਾਏ ਸਾਚਾ ਜਾਪ, ਏਕਾ ਗੁਰੂ ਕਰੇ ਪੜ੍ਹਾਈਆ। ਜਾਤ ਪਾਤ ਮੁੱਕੀ ਵਾਟ, ਦੀਨ ਇਸਲਾਮ ਨਾ ਕੋਇ ਰਖਾਈਆ। ਏਕਾ ਪੱਤਣ ਏਕਾ ਘਾਟ, ਏਕਾ ਮੇਲਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਆਪ ਅਲਾਈਆ। ਸਾਚਾ ਰਾਗ ਗੋਬਿੰਦ ਧਾਰ, ਹਰਿ ਨਿਰੰਕਾਰੀ ਆਪ ਅਲਾਇੰਦਾ। ਮੁਹੰਮਦ ਹੋਣਾ ਪਏ ਖੁਆਰ, ਉਮਤ ਉਮਤੀ ਡੇਰਾ ਢਾਹਿੰਦਾ। ਇਕ ਨੌਂ ਦਏ ਅਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਪਿਛਲਾ ਲੇਖਾ ਭੋਗ ਸਭ ਦਾ ਦਏ ਨਿਵਾਰ, ਅਗਲਾ ਲੇਖਾ ਨਾ ਕੋਇ ਸਮਝਾਇੰਦਾ। ਸਰਗੁਣ ਤੇਰਾ ਬੰਦ ਹੋਏ ਵਿਹਾਰ, ਬੀਸ ਬੀਸਾ ਖੇਲ ਕਰਾਇੰਦਾ। ਅੱਗੇ ਨਿਰਗੁਣ ਕਰੇ ਕਾਰ, ਨਿਰਾਕਾਰ ਹੁਕਮ ਵਰਤਾਇੰਦਾ। ਇਕ ਸਤ ਹੋ ਉਜਿਆਰ, ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਆਪ ਮੁਕਾਇੰਦਾ। ਪਿਛਲਾ ਲੇਖਾ ਜਾਣਾ ਮੁੱਕ, ਹਰਿ ਜੂ ਹਰਿ ਹਰਿ ਆਪ ਮੁਕਾਇੰਦਾ। ਦੂਈ ਦਵੈਤੀ ਕੱਢੇ ਕੁਟ, ਗੋਬਿੰਦ ਖੰਡਾ ਹੱਥ ਚਮਕਾਇੰਦਾ। ਦਿਨ ਦਿਹਾੜੇ ਪਾਵੇ ਲੁੱਟ, ਚਾਰੋਂ ਕੁੰਟ ਵੇਖ ਵਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਭੇਵ ਕੋਇ ਨਾ ਆਇੰਦਾ। ਸਿੰਘ ਸ਼ੇਰ ਹੋ ਸ਼ੇਰ ਗਿਆ ਬੁੱਕ, ਦੋ ਜਹਾਨ ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਕੋਈ ਨਾ ਸਕੇ ਅੱਗੇ ਲੁਕ, ਲੁਕਵੀ ਆਪਣੀ ਖੇਲ ਰਚਾਇੰਦਾ। ਸਭ ਦੀ ਜੜ੍ਹ ਦੇਵੇ ਪੁੱਟ, ਬਿਨ ਭਗਤਾਂ ਬੂਟਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰਾਂ ਲੇਖਾ ਜਾਏ ਮੁੱਕ, ਅੱਗੇ ਵਸਤ ਨਾ ਕੋਇ ਵਰਤਾਇੰਦਾ। ਲਹਿਣਾ ਜਾਣੇ ਤੀਨਾਂ ਲੋਕ, ਲੋਕ ਪਰਲੋਕ ਸੋਭਾ ਪਾਇੰਦਾ। ਏਕਾ ਨਾਮ ਸਤਿ ਸਲੋਕ, ਸੋਹੰ ਢੋਲਾ ਆਪੇ ਗਾਇੰਦਾ। ਚਾਰ ਵਰਨਾਂ ਦੇਵੇ ਮੋਖ, ਮੁਕਤੀ ਚਰਨਾਂ ਹੇਠ ਦਬਾਇੰਦਾ। ਜਗਤ ਵਿਕਾਰਾ ਦੇਵੇ ਝੋਕ, ਅਗਨੀ ਅੱਗ ਵਿਚ ਜਲਾਇੰਦਾ। ਸਤਿ ਸਤਿਵਾਦੀ ਭੋਗੇ ਭੋਗ, ਭਸਮੜ ਆਪਣਾ ਰੂਪ ਵਟਾਇੰਦਾ। ਭਗਤ ਭਗਵੰਤ ਧੁਰ ਸੰਜੋਗ, ਬਣ ਸੰਜੋਗੀ ਮੇਲ ਮਿਲਾਇੰਦਾ। ਜਨਮ ਜਨਮ ਦਾ ਕੱਟੇ ਰੋਗ, ਕਰਮ ਕਰਮ ਪਾਰ ਕਰਾਇੰਦਾ। ਏਕਾ ਦੇਵੇ ਸਾਚਾ ਜੋਗ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਅਖਵਾਇੰਦਾ। ਗੋਬਿੰਦ ਕਹੇ ਇਕੋ ਸਤਿਗੁਰ, ਦੂਜਾ ਕੋਇ ਨਜ਼ਰ ਨਾ ਆਈਆ। ਆਦਿ ਜੁਗਾਦੀ ਚੜ੍ਹਿਆ ਘੋੜ, ਸ਼ਾਹ ਸਵਾਰ ਫੇਰਾ ਪਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਰਿਹਾ ਦੌੜ, ਬਣ ਪਾਂਧੀ ਪੰਧ ਮੁਕਾਈਆ। ਜਨ ਭਗਤਾਂ ਬੁਝਾਏ ਜਨਮ ਜਨਮ ਦੀ ਲੱਗੀ ਔੜ, ਅੰਮ੍ਰਿਤ ਮੇਘ ਬਰਸਾਈਆ। ਬਿਨ ਨਜ਼ਰੋਂ ਵੇਖੇ ਕਰਕੇ ਗੌਰ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਪਕੜਨਹਾਰਾ ਠੱਗ ਚੋਰ, ਸਾਰ ਪਾਸ਼ ਖੇਲ ਵਖਾਈਆ। ਗੋਬਿੰਦ ਹੱਥ ਫੜਾਏ ਡੋਰ, ਚਾਰ ਵਰਨ ਬੰਧਨ ਪਾਈਆ। ਲੇਖਾ ਰਹੇ ਨਾ ਕੋਈ ਹੋਰ, ਹੋੜਾ ਸੱਸੇ ਉਪਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਬ੍ਰਹਮ ਵੇਖ ਵਖਾਈਆ। ਹੰ ਬ੍ਰਹਮ ਖੇਲ ਅਪਾਰਾ, ਹਰਿ ਹਰਿ ਆਪ ਜਣਾਇੰਦਾ। ਗੁਰ ਗੋਬਿੰਦ ਬੋਲ ਜੈਕਾਰਾ, ਫਤਹਿ ਡੰਕਾ ਇਕ ਗਜਾਇੰਦਾ। ਏਕਾ ਹੁਕਮ ਹਰਿ ਨਿਰੰਕਾਰਾ, ਘਰ ਸਾਚੇ ਆਪ ਸੁਣਾਇੰਦਾ। ਨਾਤਾ ਤੁੱਟੇ ਸਰਬ ਸੰਸਾਰਾ, ਸਾਚਾ ਬੰਧਨ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇੰਦਾ। ਆਪਣਾ ਖੇਲ ਹਰਿ ਵਰਤੌਣਾ, ਆਪਣੇ ਹੱਥ ਰੱਖੇ ਵਡਿਆਈਆ। ਸਭ ਦਾ ਲੇਖਾ ਆਪ ਚੁਕਾਉਣਾ, ਲੇਖਾ ਕੋਇ ਰਹਿਣ ਨਾ ਪਾਈਆ। ਏਕਾ ਨਾਇਆ ਵੰਡ ਵਡੌਣਾ, ਚਾਰ ਕੁੰਟ ਕੁੰਟ ਦੁਹਾਈਆ। ਖੰਡਾ ਖੜਗ ਇਕ ਚਮਕੌਣਾ, ਤੇਜ਼ ਧਾਰ ਆਪ ਰਖਾਈਆ। ਚਿੱਲਾ ਤੀਰ ਇਕ ਚੜ੍ਹੌਣਾ, ਸਚ ਕਮੰਦ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਅੰਤਮ ਵਾਰ, ਹਰਿ ਗੋਬਿੰਦ ਆਪ ਸੁਣਾਇੰਦਾ। ਪਿਛਲਾ ਲੇਖਾ ਸਭ ਦਾ ਮੁੱਕਾ ਵਿਚ ਸੰਸਾਰ, ਹਰਿ ਜੂ ਹਰਿ ਹਰਿ ਆਪ ਮੁਕਾਇੰਦਾ। ਸਭ ਨੇ ਗਾਉਣਾ ਏਕਾ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਜਣਾਇੰਦਾ। ਬੀਸ ਬੀਸਾ ਖੇਲ ਨਿਰਾਲ, ਜਗਤ ਜਗਦੀਸਾ ਆਪ ਕਰਾਇੰਦਾ। ਸਾਚਾ ਤਖ਼ਤ ਵੇਖ ਧਰਮਸਾਲ, ਦਿਲਬਰ ਆਪਣਾ ਆਸਣ ਲਾਇੰਦਾ। ਨੰਗੀ ਕਰ ਕਰ ਨਾਮ ਢਾਲ, ਜਗਤ ਵਿਕਾਰਾ ਬੰਧਨ ਪਾਇੰਦਾ। ਜਨ ਭਗਤਾਂ ਚਲੇ ਨਾਲ ਨਾਲ, ਰਾਤੀ ਸੁਤਿਆਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਪੰਧ ਮੁਕਾਇੰਦਾ। ਪਿਛਲਾ ਪੰਧ ਰਿਹਾ ਦੂਰ, ਅੱਗੇ ਵਾਟ ਨਾ ਕੋਇ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਬਣਿਆ ਰਿਹਾ ਮਫ਼ਰੂਰ, ਕਲਜੁਗ ਅੰਤਮ ਆਪਣਾ ਫੇਰਾ ਪਾਈਆ। ਜੁਗ ਜੁਗ ਆਪਣਾ ਕਰਦਾ ਕਰੌਦਾ ਰਿਹਾ ਕਸੂਰ, ਆਪੇ ਦੇਵਣ ਆਇਆ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਸਤਿਜੁਗ ਇਕੋ ਲਾਈਆ। ਸਤਿਜੁਗ ਲੱਗੇ ਵਿਚ ਸੰਸਾਰਾ, ਹਰਿ ਸਾਚਾ ਸਚ ਲਗਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਇਸ਼ਟ ਸਰਬ ਸਮਝਾਈਆ। ਏਕਾ ਮੰਦਰ ਇਕ ਦੁਆਰਾ, ਏਕਾ ਠਾਕਰ ਨਜ਼ਰੀ ਆਈਆ। ਏਕਾ ਨਾਮ ਇਕ ਜੈਕਾਰਾ, ਜੈ ਜੈਕਾਰ ਇਕ ਸੁਣਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਕੁੜਮਾਈਆ। ਰਾਗ ਨਾਦ ਨਾ ਕੋਈ ਧੁੰਨਕਾਰਾ, ਸਾਜ ਤਾਲ ਨਾ ਕੋਇ ਵਜਾਈਆ। ਕੋਈ ਸੰਤ ਆਪਣੀ ਕਰਨੀ ਕਰ ਚੜ੍ਹੇ ਨਾ ਦਸਮ ਦੁਆਰਾ, ਸਭ ਦਾ ਬੂਹਾ ਬੰਦ ਕਰਾਈਆ। ਜੋ ਜਨ ਆਏ ਹਰਿ ਦੁਆਰਾ, ਤਿਸ ਆਪਣੀ ਬੂਝ ਬੁਝਾਈਆ। ਨੇਤਰ ਲੋਚਣ ਦਏ ਦੀਦਾਰਾ, ਦਿਵਸ ਰੈਣ ਦਰਸ ਕਰਾਈਆ। ਅਰਸ਼ ਕੁਰਸ਼ ਦਏ ਸਹਾਰਾ, ਦੋ ਜਹਾਨ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਤੀਰ ਤਫ਼ੰਗ, ਸੋਹੰ ਮੁਖੀ ਆਪ ਚਲਾਇੰਦਾ। ਕਰੇ ਖੇਲ ਬਾਲ ਰੂਪ ਭੁਝੰਗ, ਭੁਝੰਗੀ ਆਪਣੀ ਭੇਟ ਚੜ੍ਹਾਇੰਦਾ। ਅਸਵ ਅਸਵਾਰ ਕਸ ਕਸ ਤੰਗ, ਸੋਲਾਂ ਕਲੀਆਂ ਆਸਣ ਪਾਇੰਦਾ। ਏਕਾ ਨਾਮ ਚਾਰ ਕੁੰਟ, ਗੋਬਿੰਦ ਡੰਕਾ ਸਰਬ ਸੁਣਾਇੰਦਾ। ਸ੍ਰਿਸ਼ਟ ਸਬਾਈ ਖੰਡ ਖੰਡ, ਖੰਡਾ ਖੜਗ ਇਕ ਚਮਕਾਇੰਦਾ। ਨਾਤਾ ਤੁਟਨਾ ਭੇਖ ਪਖੰਡ, ਕੂੜੀ ਕਿਰਿਆ ਆਪ ਗਵਾਇੰਦਾ। ਸਭ ਨੇ ਗੌਣਾ ਸੁਹਾਗੀ ਛੰਦ, ਸੋਹੰ ਢੋਲਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਿਛਲਾ ਲਹਿਣਾ ਸਰਬ ਚੁਕਾਇੰਦਾ। ਪਿਛਲਾ ਲਹਿਣਾ ਆਪ ਮੁਕਾਇਆ, ਮੁੱਕੀ ਕਲਜੁਗ ਧਾਰ। ਸਾਚਾ ਹੁਕਮ ਇਕ ਚਲਾਇਆ, ਚਲੇ ਵਿਚ ਸੰਸਾਰ। ਸਤਿਗੁਰ ਪੂਰਾ ਇਕ ਅਖਵਾਇਆ, ਇਕ ਇਕੱਲਾ ਏਕੰਕਾਰ। ਸਾਚਾ ਨਾਮ ਇਕ ਦ੍ਰਿੜਾਇਆ, ਸੋਹੰ ਸ਼ਬਦ ਜੈ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਰਸਨ ਪਾਇਆ, ਲੱਖ ਚੁਰਾਸੀ ਉਤਰੇ ਪਾਰ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਇਆ, ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅੰਤਮ ਵਾਰ। ਅੰਤਮ ਵਾਰ ਖੇਲ ਕਰਿਆ, ਕਰਨਹਾਰ ਭਗਵਾਨਾ। ਨਿਰਭੌ ਹੋ ਕਦੇ ਨਾ ਡਰਿਆ, ਜੋਧਾ ਸੂਰਬੀਰ ਮਰਦ ਮਰਦਾਨਾ। ਭਗਤਾਂ ਅੰਦਰ ਆਪੇ ਵੜਿਆ, ਨਿਰਗੁਣ ਰੂਪ ਗੁਣ ਨਿਧਾਨਾ। ਸਾਚੇ ਮੰਦਰ ਆਪੇ ਚੜ੍ਹਿਆ, ਸ਼ਾਹੋ ਭੂਪ ਬਣ ਰਾਜਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੋਂ ਕੁੰਟ ਕਰੇ ਵੈਰਾਨਾ। ਚਾਰੋਂ ਕੁੰਟ ਹੋਏ ਵੈਰਾਨ, ਪ੍ਰਭ ਆਪਣੀ ਖੇਲ ਕਰਾਇੰਦਾ। ਆਪੇ ਦੇਵਣਹਾਰਾ ਜੀਆ ਦਾਨ, ਜੀਵ ਜੰਤ ਆਪਣੇ ਵਿਚ ਸਮਾਇੰਦਾ। ਆਪੇ ਲੱਖ ਚੁਰਾਸੀ ਵੇਖੇ ਮਾਰ ਧਿਆਨ, ਆਪੇ ਜੂਨੀ ਜੂਨ ਭਵਾਇੰਦਾ। ਭਗਤ ਭਗਵੰਤ ਮਿਲੇ ਆਣ, ਲੋਕਮਾਤ ਦਇਆ ਕਮਾਇੰਦਾ। ਹਰਿ ਸੰਤਾਂ ਕਰੇ ਸਤਿ ਪਹਿਚਾਨ, ਸਤਿ ਸਤਿਵਾਦੀ ਭੇਵ ਖੁਲ੍ਹਾਇੰਦਾ। ਗੁਰਮੁਖ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਗੁਰਸਿਖਾਂ ਵਖਾਏ ਇਕ ਮਕਾਨ, ਸਾਚੇ ਮੰਦਰ ਡੇਰਾ ਲਾਇੰਦਾ। ਪਹਿਲੀ ਚੇਤ ਦਿਵਸ ਮਹਾਨ, ਬੀਸ ਉਨੀਸ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੀਹ ਸੌ ਬੀਸ ਬਿਕ੍ਰਮੀ ਆਪਣਾ ਮਾਰਗ ਆਪਣੇ ਹੱਥ ਰਖਾਇੰਦਾ। ਨਿਰਗੁਣ ਰੂਪ ਨਿਰਾਧਾਰ, ਨਿਰਾਕਾਰ ਨਿਰਵੈਰ ਪੁਰਖ ਅਬਿਨਾਸ਼ਿਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਸ਼ਹਿਨਸ਼ਾਹ ਸ਼ਾਹੋ ਭੂਪ ਸ਼ਾਬਾਸਿਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਖੇਲ ਅਪਾਰ, ਏਕੰਕਾਰਾ ਖੇਲੇ ਖੇਲ ਤਮਾਸਿਆ। ਆਦਿ ਨਿਰੰਜਣ ਜੋਤ ਉਜਿਆਰ, ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ, ਸ੍ਰੀ ਭਗਵਾਨ ਸਤਿ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾ ਰਿਹਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਇਕ ਅਕੱਲਾ ਖੇਲ ਅਪਾਰ, ਆਪੇ ਇਛਿਆ ਆਪੇ ਪੂਰੀ ਕਰੇ ਆਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਨੂਰ ਆਪ ਪ੍ਰਕਾਸਿਆ। ਆਪਣੀ ਇਛਿਆ ਹਰਿ ਕਰਤਾਰ, ਆਪਣਾ ਮੰਦਰ ਆਪ ਪਰਗਟਾਈਆ। ਸਚਖੰਡ ਦੁਆਰ ਕਰ ਤਿਆਰ, ਚਾਰ ਦੀਵਾਰ ਨਾ ਕੋਈ ਬਣਾਈਆ। ਦੀਵਾ ਬਾਤੀ ਕਮਲਾਪਾਤੀ ਕਰ ਅਕਾਰ, ਨਿਰਾਕਾਰ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਕਰ ਪਸਾਰ, ਸਚ ਸਿੰਘਾਸਣ ਸੋਭਾ ਪਾਈਆ। ਸ਼ਾਹੋ ਭੂਪ ਬਣ ਸਿਕਦਾਰ, ਅਗੰਮ ਅਗੰਮੜਾ ਧੁਰ ਫ਼ਰਮਾਣਾ ਆਪ ਜਣਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਕਰੇ ਖੇਲ ਹਰਿ ਕਰਨੇਹਾਰ, ਕਰਤਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਹਰਿ ਹਰਿ ਲਾ, ਨਿਰਗੁਣ ਨਿਰਾਕਾਰ ਨਿਰਵੈਰ ਖੇਲ ਕਰਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਹੁਕਮ ਚਲਾਇੰਦਾ। ਆਪਣਾ ਹੁਕਮ ਆਪ ਵਰਤਾ, ਆਪੇ ਮੰਨ ਮੰਨ ਖ਼ੁਸ਼ੀ ਮਨਾਇੰਦਾ। ਆਪਣਾ ਬੰਧਨ ਆਪੇ ਪਾ, ਨਿਰਗੁਣ ਨਿਰਗੁਣ ਜੋੜ ਜੁੜਾਇੰਦਾ। ਨਾਰੀ ਕੰਤ ਆਪ ਅਖਵਾ, ਸੇਜ ਸੁਹੰਜਣੀ ਆਪ ਸੁਹਾਇੰਦਾ। ਅੰਤਰ ਅੰਤਰ ਆਪ ਸਮਾ, ਆਪ ਆਪਣਾ ਰੰਗ ਰੰਗਾਇੰਦਾ। ਦਾਈ ਦਾਇਆ ਬਣ ਸੇਵ ਕਮਾ, ਸੇਵਕ ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਜਨਣੀ ਜਨ ਬਣ ਬੇਪਰਵਾਹ, ਸੁਤ ਦੁਲਾਰਾ ਏਕਾ ਜਾਇੰਦਾ। ਸ਼ਬਦੀ ਸ਼ਬਦ ਨਾਉਂ ਰਖਾ, ਪੂਤ ਸਪੂਤਾ ਗੋਦ ਬਹਾਇੰਦਾ। ਹੱਥ ਸਮਰਥ ਸਿਰ ਟਿਕਾ, ਸੀਸ ਜਗਦੀਸ ਇਕ ਸੁਹਾਇੰਦਾ। ਸਾਚੀ ਇਛਿਆ ਆਪ ਪਰਗਟਾ, ਆਪਣੀ ਭਿਛਿਆ ਝੋਲੀ ਪਾਇੰਦਾ। ਥਿਰ ਘਰ ਦੁਆਰਾ ਦਏ ਬਣਾ, ਸ਼ਬਦ ਸੁਤ ਵਿਚ ਬਹਾਇੰਦਾ। ਸਚ ਸੰਦੇਸਾ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨੂੰ ਬ੍ਰਹਮਾ ਸ਼ਿਵ ਰਚਨ ਰਚਾ, ਤ੍ਰੈਗੁਣ ਮਾਇਆ ਵੇਸ ਵਟਾਇੰਦਾ। ਪੰਜ ਤੱਤ ਘਾੜਨ ਲਏ ਘੜਾ, ਘੜਨਹਾਰ ਖੇਲ ਕਰਾਇੰਦਾ। ਲੱਖ ਚੁਰਾਸੀ ਤੱਤਵ ਤੱਤ ਲਏ ਮਿਲਾ, ਆਪ ਆਪਣਾ ਬੰਧਨ ਪਾਇੰਦਾ। ਰਵ ਸਸ ਬ੍ਰਹਿਮੰਡ ਖੰਡ ਪੁਰੀ ਲੋਆਂ ਲਏ ਬਣਾ, ਧਰਤ ਧਵਲ ਜਲ ਬਿੰਬ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰ ਕਰਤਾਰ, ਲੱਖ ਚੁਰਾਸੀ ਦਇਆ ਕਮਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਦਏ ਅਧਾਰ, ਸ਼ਬਦੀ ਸ਼ਬਦ ਹੁਕਮ ਵਰਤਾਈਆ। ਮਹੱਲ ਅਟੱਲ ਕਰ ਮੁਨਾਰ, ਤ੍ਰੈ ਪੰਜ ਪੰਜ ਤ੍ਰੈ ਜੋੜ ਜੁੜਾਈਆ। ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਬੇਪਰਵਾਹੀਆ। ਘਰ ਵਿਚ ਘਰ ਕਰ ਤਿਆਰ, ਗ੍ਰਹਿ ਮੰਦਰ ਦਏ ਵਡਿਆਈਆ। ਡੂੰਘੀ ਭਵਰੀ ਖੇਲ ਨਿਆਰ, ਦੀਆ ਬਾਤੀ ਏਕਾ ਏਕ ਜਗਾਈਆ। ਜੋਤ ਨਿਰੰਜਣ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸਾਚਾ ਸਾਕੀ ਬਣ ਕਰਤਾਰ, ਅੰਮ੍ਰਿਤ ਆਤਮ ਜਾਮ ਪਿਆਈਆ। ਰਾਗ ਅਨਾਦੀ ਏਕਾ ਧੁੰਨਕਾਰ, ਅਨਹਦ ਨਾਦ ਵਜਾਈਆ। ਕਰੇ ਖੇਲ ਅਗੰਮ ਅਪਾਰ, ਅਗੋਚਰ ਭੇਵ ਕੋਇ ਨਾ ਪਾਈਆ। ਆਤਮ ਸੇਜਾ ਖੇਲ ਨਿਆਰ, ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। ਈਸ਼ ਜੀਵ ਦਏ ਅਧਾਰ, ਵੰਡਣਹਾਰਾ ਏਕਾ ਵੰਡ ਵੰਡਾਈਆ। ਘਟ ਘਟ ਅੰਤਰ ਕਰ ਪਸਾਰ, ਜਗਤ ਬਸੰਤਰ ਨਾਲ ਰਲਾਈਆ। ਆਸਾ ਤ੍ਰਿਸਨਾ ਹਉਮੇ ਹੰਗਤਾ ਦਏ ਅਧਾਰ, ਕਾਮ ਕਰੋਧ ਲੋਭ ਮੋਹ ਹੰਕਾਰ ਬੰਧਨ ਪਾਈਆ। ਨੌ ਦੁਆਰੇ ਖੋਲ੍ਹ ਕਿਵਾੜ, ਜਗਤ ਵਾਸਨਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਹਰਿ ਜੂ ਰਚ, ਆਪਣਾ ਖੇਲ ਕਰਾਇਆ। ਘਰ ਘਰ ਅੰਦਰ ਰਿਹਾ ਨੱਚ, ਮਨ ਮਤ ਬੁਧ ਵੰਡ ਵੰਡਾਇਆ। ਕਰੇ ਖੇਲ ਭਾਂਡੇ ਕੱਚ, ਕੰਚਨ ਰੂਪ ਨਜ਼ਰ ਨਾ ਆਇਆ। ਸਰਗੁਣ ਅੰਦਰ ਨਿਰਗੁਣ ਸੱਚ, ਨਾ ਮਰੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਜੀਵ ਜੰਤ ਉਪਾਇਆ। ਲੱਖ ਚੁਰਾਸੀ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਤਿੰਨਾਂ ਮਿਲੇ ਨਾ ਕੋਈ ਸਚ ਨਿਸ਼ਾਨੀ, ਲੋਕਮਾਤ ਨਾ ਕੋਈ ਵਡਿਆਈਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨੀ, ਦੀਨਨ ਆਪਣੀ ਦਇਆ ਕਮਾਈਆ। ਆਪਣਾ ਨਾਉ ਕਰ ਪਰਧਾਨੀ, ਗੁਰੂ ਗੁਰ ਰੂਪ ਵਟਾਈਆ। ਪੰਜ ਤੱਤ ਕਰੇ ਪਰਵਾਨੀ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਬ੍ਰਹਮ ਪਾਰਬ੍ਰਹਮ ਸੁਣਾਏ ਅਕੱਥ ਕਹਾਣੀ, ਧੁਰ ਫ਼ਰਮਾਣਾ ਇਕ ਜਣਾਈਆ। ਪੁਰਖ ਅਕਾਲ ਨੂਰ ਨੁਰਾਨੀ, ਆਦਿ ਜੁਗਾਦਿ ਵਡੀ ਵਡਿਆਈਆ। ਭੇਵ ਅਭੇਦ ਲਾਸਾਨੀ, ਬੇਅੰਤ ਬੇਅੰਤ ਅੰਤ ਕੋਇ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਬਣਾਏ ਆਪਣੀ ਰਾਣੀ, ਸਾਚਾ ਕੰਤ ਇਕ ਅਖਵਾਈਆ। ਆਪਣੀ ਖੇਲ ਕਰੇ ਮਹਾਨੀ, ਇਕ ਇਕੱਲਾ ਵਡ ਵਡਿਆਈਆ। ਗਹਿਰ ਗੰਭੀਰ ਵਡ ਦਾਤਾ ਦਾਨੀ, ਆਪਣੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਹੋ ਮਿਹਰਵਾਨ, ਤਖ਼ਤ ਨਿਵਾਸੀ ਵੇਖ ਵਖਾਇੰਦਾ । ਸ਼ਬਦੀ ਸੁਤ ਇਕ ਬਲਵਾਨ, ਗੁਰ ਗੁਰ ਨਾਉਂ ਧਰਾਇੰਦਾ। ਜੋਧਾ ਸੂਰਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਥਿਰ ਘਰ ਵਖਾਏ ਸਚ ਨਿਸ਼ਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਤਾਲਾਂ ਆਪ ਝੁਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਨੇ ਆਣ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪੰਜ ਤੱਤ ਹੋ ਪਰਧਾਨ, ਹਰਿ ਹਰਿ ਧਾਰ ਗੁਰ ਗੁਰ ਸ਼ਬਦ ਪੰਜ ਤੱਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਪੰਜ ਤੱਤ ਅੰਦਰ ਹਰਿ ਜੂ ਧਾਰ, ਜੋਤੀ ਜੋਤ ਡਗਮਗਾਇੰਦਾ। ਪੰਜ ਤੱਤ ਅੰਦਰ ਸ਼ਬਦ ਜੈਕਾਰ, ਗੁਰ ਗੁਰ ਰੂਪ ਵਖਾਇੰਦਾ। ਪੰਜ ਤੱਤ ਅੰਦਰ ਕਰੇ ਗ਼ਫ਼ਤਾਰ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਪੰਜ ਤੱਤ ਦੇ ਅਧਾਰ, ਆਤਮ ਪਰਮਾਤਮ ਏਕਾ ਘਰ ਵਸਾਇੰਦਾ। ਪੰਜ ਤੱਤ ਪੁਰਖ ਨਾਰ, ਨਾਰ ਕੰਤ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਸ਼ਬਦ ਸ਼ਬਦ ਗੁਰ ਗੁਰ ਪੰਜ ਤੱਤ ਡੇਰਾ ਲਾਇੰਦਾ। ਪੰਜ ਤੱਤ ਅੰਦਰ ਸ਼ਬਦ ਗੁਰ, ਪੁਰਖ ਅਬਿਨਾਸ਼ੀ ਆਪ ਰਖਾਇੰਦਾ । ਨਿਰਗੁਣ ਸਰਗੁਣ ਨਾਲ ਜੁੜ, ਆਪਣਾ ਬੰਧਨ ਪਾਇੰਦਾ। ਆਪੇ ਜਾਣੇ ਆਪਣੀ ਲੋੜ, ਪੁਰਖ ਅਕਾਲ ਵੇਖ ਵਖਾਇੰਦਾ। ਸਚਖੰਡ ਨਿਵਾਸੀ ਚੜ੍ਹ ਚੜ੍ਹ ਵੇਖੇ ਸਾਚੇ ਘੋੜੇ, ਦੋ ਜਹਾਨਾਂ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣਾ ਨਾਉਂ, ਗੁਰ ਗੁਰ ਝੋਲੀ ਪਾਇੰਦਾ। ਸ਼ਬਦ ਗੁਰ ਹਰਿ ਦੇਵੇ ਦਾਤ, ਦਾਨੀ ਆਪਣੀ ਦਇਆ ਕਮਾਈਆ। ਲੋਕਮਾਤ ਵੇਖੇ ਮਾਰ ਝਾਤ, ਨੇਤਰ ਨੈਣ ਨਾ ਕੋਇ ਰਖਾਈਆ। ਵਸਣਹਾਰਾ ਇਕ ਇਕਾਂਤ, ਤੱਤਵ ਤੱਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਧੁਰ ਫ਼ਰਮਾਣਾ, ਸ਼ਾਹ ਪਾਤਸ਼ਾਹ ਸਾਚਾ ਰਾਣਾ, ਸਤਿ ਸਤਿਵਾਦੀ ਆਪ ਵਰਤਾਈਆ। ਸਤਿ ਸਤਿਵਾਦੀ ਰਾਜਨ ਰਾਜ, ਭੂਪਤ ਭੂਪ ਦਇਆ ਕਮਾਇੰਦਾ। ਨਿਰਗੁਣ ਸਰਗੁਣ ਰਚ ਰਚ ਕਾਜ, ਕਰਤਾ ਪੁਰਖ ਵੇਖ ਵਖਾਇੰਦਾ। ਸ਼ਬਦ ਸ਼ਬਦ ਗੁਰ ਗੁਰ ਧੁਰ ਧੁਰ ਦਿਤੀ ਦਾਤ, ਲੋਕਮਾਤ ਹਰਿ ਵਰਤਾਇੰਦਾ। ਆਪਣੀ ਸਾਚੀ ਸਿਖਿਆ ਹਰਿ ਨਿਰੰਕਾਰ ਸੁਣਾਏ ਬਾਤ, ਬਾਤਨ ਆਪਣਾ ਭੇਵ ਚੁਕਾਇੰਦਾ। ਅਗੰਮੀ ਨਾਦ ਸ਼ਬਦੀ ਰਾਗ ਸੁਣਾਏ ਗਾਥ, ਰਸਨਾ ਕਥ ਕਥ ਫੇਰ ਅਲਾਇੰਦਾ। ਅਨਭਵ ਅਨਡਿਠ ਵੇਖੇ ਖੇਲ ਤਮਾਸ਼, ਖੇਲਣਹਾਰਾ ਖੇਲ ਕਰਾਇੰਦਾ। ਆਪਣੀ ਇਛਿਆ ਸ਼ਬਦੀ ਆਸ, ਗੁਰ ਗੁਰ ਦਾਸ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਆਪ ਵਡਿਆਇੰਦਾ। ਪੰਜ ਤੱਤ ਕਾਇਆ ਦੇਵੇ ਮਾਣ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਜਿਸ ਅੰਤਰ ਦੇਵੇ ਸ਼ਬਦ ਗੁਣ ਨਿਧਾਨ, ਗੁਰ ਸ਼ਬਦ ਸ਼ਬਦ ਵਡਿਆਈਆ। ਹਰਿ ਕਾ ਸ਼ਬਦ ਗੁਣ ਗਾਏ ਸ੍ਰੀ ਭਗਵਾਨ, ਪੰਜ ਤੱਤ ਤੱਤ ਨਾਲ ਰਲਾਈਆ। ਪਰਾ ਪਸੰਤੀ ਮਧਮ ਸਕੇ ਨਾ ਕੋਇ ਪਹਿਚਾਨ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਬੈਖਰੀ ਗਾਏ ਆਪਣਾ ਗਾਣ, ਰਸਨਾ ਜਿਹਵਾ ਓਟ ਤਕਾਈਆ। ਲੋਕਮਾਤ ਹੋਏ ਪਰਧਾਨ, ਕਲਮ ਸ਼ਾਹੀ ਨਾਲ ਰਲਾਈਆ। ਕਾਗਦ ਉਤੇ ਇਕ ਨਿਸ਼ਾਨ, ਧੁਰ ਨਿਸ਼ਾਨਾ ਇਕ ਵਖਾਈਆ । ਵਾਹਵਾ ਗੁਰ ਸਤਿਗੁਰ ਵਡ ਬਲਵਾਨ, ਜਿਸ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪਣੇ ਹੱਥ ਰਖਾਈਆ। ਹਰਿ ਸ਼ਬਦ ਗੁਰ ਗੁਰ ਧਾਰ, ਗੁਰ ਗੁਰ ਹਰਿ ਨਾਉਂ ਦ੍ਰਿੜਾਇੰਦਾ। ਹਰਿ ਨਾਉਂ ਸਚ ਜੈਕਾਰ, ਗੁਰ ਗੁਰ ਆਪ ਅਲਾਇੰਦਾ। ਕਲਮ ਸ਼ਾਹੀ ਲਿਖ ਲਿਖ ਕਰ ਤਿਆਰ, ਜੀਵ ਜੰਤ ਆਤਮ ਪਰਮਾਤਮ ਈਸ਼ ਜੀਵ ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਪੜਦਾ ਆਪ ਉਠਾਇੰਦਾ। ਸਤਿਗੁਰ ਗੁਰ ਸ਼ਬਦ ਪੰਜ ਤੱਤ ਅੰਦਰ ਵੜ, ਆਪਣਾ ਭੇਵ ਛੁਪਾਈਆ। ਨਿਸ਼ਅੱਖਰ ਨਿਰਾਕਾਰ ਆਪਣਾ ਆਪੇ ਪੜ੍ਹ, ਪੰਜ ਤੱਤ ਰਸਨਾ ਜਿਹਵਾ ਲਏ ਹਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਅੰਦਰ ਆਪੇ ਖੜ, ਦਰ ਦਰਵਾਜਾ ਗ਼ਰੀਬ ਨਿਵਾਜਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਧੁਰ ਫ਼ਰਮਾਣ ਏਕਾ ਏਕ ਜਣਾਈਆ। ਧੁਰ ਫ਼ਰਮਾਣ ਜੋਤ ਨੂਰਾਨੀ, ਹਰਿ ਨਿਰੰਕਾਰ ਆਪ ਜਣਾਇੰਦਾ। ਗੁਰ ਸ਼ਬਦ ਗਾਏ ਸਚ ਕਹਾਣੀ, ਕਥਨੀ ਕਥ ਕਥ ਸੁਣਾਇੰਦਾ। ਕਲਮ ਸ਼ਾਹੀ ਨਾਲ ਲਿਖ ਕੇ ਬਣੇ ਬਾਣੀ, ਅੱਖਰ ਅੱਖਰ ਜੋੜ ਜੁੜਾਇੰਦਾ। ਆਦਿ ਜੁਗਾਦਿ ਸਤਿਗੁਰ ਸੱਚਾ ਇਕ ਭਗਵਾਨੀ, ਭਗਵਨ ਆਪਣਾ ਨਾਉਂ ਰਖਾਇੰਦਾ। ਆਪਣਾ ਹੁਕਮ ਜੁਗ ਜੁਗ ਦੇਵੇ ਲੋਕਮਾਤ ਨਿਸ਼ਾਨੀ, ਗੁਰ ਗੁਰ ਸੇਵਾ ਲਾਇੰਦਾ। ਰਸਨਾ ਜਿਹਵਾ ਪੜ੍ਹ ਪੜ੍ਹ ਫੇਰ ਕਹੇ ਕੋਈ ਸਤਿਗੁਰ ਬਾਣੀ, ਬਾਣੀ ਸਤਿਗੁਰ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਬਾਣੀ ਸਤਿਗੁਰ ਸਤਿਗੁਰ ਬਾਣੀ ਦੋਹਾਂ ਵਿਚੋਲਾ ਇਕ ਨਿਰੰਕਾਰ ਅਖਵਾਇੰਦਾ।
