੬ ਚੇਤ ੨੦੧੯ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਮਹਿਮਾ ਅਕਥ ਅਕਥ ਵਡਿਆਈਆ। ਸ਼ਬਦੀ ਧਾਰ ਗੁਰ ਗੁਰ ਵਸ, ਗੁਰ ਸਤਿਗੁਰ ਵੇਸ ਵਟਾਈਆ। ਭਗਤ ਭਗਵੰਤ ਮਾਰਗ ਦੱਸ, ਦੋ ਜਹਾਨਾਂ ਖੇਲ ਕਰਾਈਆ। ਸੰਤਨ ਦੇਵੇ ਸਾਚਾ ਰਸ, ਆਤਮ ਅੰਤਰ ਬੂਝ ਬੁਝਾਈਆ। ਗੁਰਮੁਖਾਂ ਮੇਲ ਮਿਲਾਵਾ ਹੱਸ ਹੱਸ, ਨਿਰਗੁਣ ਸਰਗੁਣ ਬੰਧਨ ਪਾਈਆ। ਗੁਰਸਿਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਜੁਗ ਚੌਕੜੀ ਚਰਨਾਂ ਹੇਠਾਂ ਝੱਸ, ਕੋਟਨ ਕੋਟ ਕਾਲ ਖਪਾਈਆ। ਕਿਸੇ ਨਾ ਚਲੇ ਕੋਈ ਵਸ, ਵਿਸ਼ਨ ਬ੍ਰਹਮਾ ਸ਼ਿਵ ਦੇਣ ਦੁਹਾਈਆ। ਗੁਰ ਅਵਤਾਰ ਆਪਣਾ ਪੰਧ ਮੁਕਾ ਗਏ ਨੱਸ ਨੱਸ, ਰਸਨਾ ਜਿਹਵਾ ਹਰਿ ਗੁਣ ਗਾਈਆ। ਏਕਾ ਓਟ ਰੱਖਦੇ ਗਏ ਆਸ, ਪੁਰਖ ਅਕਾਲ ਚਰਨ ਧਿਆਨ ਲਗਾਈਆ। ਜੁਗਾ ਜੁਗੰਤਰ ਖੇਲੇ ਖੇਲ ਤਮਾਸ਼, ਖੇਲਣਹਾਰਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੂਰੀ ਕਰੀ ਆਸ, ਕਲਜੁਗ ਆਸਾ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਘਟ ਘਟ ਅੰਦਰ ਰੱਖਣਹਾਰਾ ਵਾਸ, ਨੂਰ ਨੁਰਾਨਾ ਨਿਰਗੁਣ ਜੋਤ ਜੋਤ ਰੁਸ਼ਨਾਈਆ। ਭੂਪਤ ਭੂਪ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸਚਖੰਡ ਬੈਠਾ ਆਸਣ ਲਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਆਪਣੀ ਖੇਲ ਕਰਾਈਆ। ਹਰਿ ਸਤਿਗੁਰ ਪੂਰਾ ਏਕਾ ਹਰਿ, ਏਕੰਕਾਰਾ ਆਪ ਅਖਵਾਇੰਦਾ। ਸ਼ਬਦੀ ਸ਼ਬਦ ਸਾਚਾ ਵਰ, ਗੁਰ ਗੁਰ ਝੋਲੀ ਆਪ ਭਰਾਇੰਦਾ। ਭਗਤ ਭਗਵੰਤ ਚੁਕਾਏ ਡਰ, ਭੈ ਭੌ ਨਾ ਕੋਇ ਵਖਾਇੰਦਾ। ਸੰਤਨ ਦੇਵੇ ਏਕਾ ਵਰ, ਨਾਮ ਵਸਤ ਆਪ ਵਰਤਾਇੰਦਾ। ਗੁਰਮੁਖ ਸੱਜਣ ਸਾਚੇ ਫੜ, ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਸਿਖ ਲਗਾਏ ਆਪਣੇ ਲੜ, ਫੜ ਪੱਲੂ ਗੰਢ ਪੁਵਾਇੰਦਾ। ਜੁਗ ਚੌਕੜੀ ਜਾਏ ਹਰ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰਨ ਪੀਰ ਘਾੜਨ ਘੜ, ਤੱਤਵ ਤੱਤ ਹੁਕਮ ਵਰਤਾਇੰਦਾ। ਜੁਗਾ ਜੁਗੰਤਰ ਵੇਸ ਕਰ, ਕਾਇਆ ਚੋਲਾ ਆਪ ਜਣਾਇੰਦਾ। ਨਵ ਨੌਂ ਬੇੜਾ ਪਾਰ ਕਰ, ਚਾਰ ਚਾਰ ਪੰਧ ਮੁਕਾਇੰਦਾ। ਸਾਚੇ ਤਖ਼ਤ ਆਪੇ ਖੜ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਚਾਰ ਜੁਗ ਦੇ ਕਰਤੇ ਏਕਾ ਵਾਰ ਫੜ, ਪਿਛਲੀ ਕਰਨੀ ਸਭ ਦੀ ਵੇਖ ਵਖਾਇੰਦਾ। ਦੋ ਜਹਾਨ ਵਖਾਏ ਘਰ ਘਰ, ਦੋਏ ਦੋਏ ਨੇਤਰ ਨਾਲ ਮਿਲਾਇੰਦਾ। ਆਪਣੀ ਕਰਨੀ ਸਭ ਨੇ ਲੈਣੀ ਭਰ, ਅੱਗੇ ਹੋ ਨਾ ਕੋਇ ਬਚਾਇੰਦਾ। ਪੁਰਖ ਅਬਿਨਾਸ਼ੀ ਅੱਗੇ ਸਾਰੇ ਕੰਬਣ ਥਰ ਥਰ, ਆਪਣਾ ਬਲ ਨਾ ਕੋਇ ਜਣਾਇੰਦਾ। ਤੂ ਹੀ ਪੁਰਖ ਤੂ ਹੀ ਨਾਰੀ ਨਰ, ਨਰਾਇਣ ਤੇਰਾ ਅੰਤ ਕੋਇ ਨਾ ਪਾਇੰਦਾ। ਆਦਿ ਜੁਗਾਦੀ ਘਾੜਨ ਘੜ, ਘੜ ਘੜ ਭਾਂਡੇ ਵੇਖ ਵਖਾਇੰਦਾ। ਪੰਜ ਤੱਤ ਕਾਇਆ ਚੋਲਾ ਜਗਤ ਅਗਨੀ ਜਾਏ ਸੜ, ਤੱਤਵ ਤੱਤ ਸੰਗ ਨਾ ਕੋਇ ਲਿਆਇੰਦਾ। ਨਿਰਗੁਣ ਸਰਗੁਣ ਆਪੇ ਲਿਆ ਫੜ, ਆਪਣਾ ਬੰਧਨ ਏਕਾ ਪਾਇੰਦਾ। ਚਰਨ ਕਵਲ ਲਿਆ ਧਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਕੋਇ ਨਾ ਪਾਇੰਦਾ। ਤੇਰਾ ਅੰਤ ਨਾ ਪਾਰਾਵਾਰ, ਗੁਰ ਗੁਰ ਦੇਣ ਦੁਹਾਈਆ। ਤੂੰ ਸਤਿਗੁਰ ਸੱਚਾ ਸਾਹਿਬ ਦਾਤਾਰ, ਬੇਅੰਤ ਤੇਰੀ ਵਡਿਆਈਆ। ਹਉਂ ਸੇਵਕ ਸੇਵਾਦਾਰ, ਬਣ ਚਾਕਰ ਸੇਵ ਕਮਾਈਆ। ਤੇਰਾ ਹੁਕਮ ਤੇਰਾ ਵਰਤਾਰ, ਹੁਕਮੇ ਅੰਦਰ ਸਰਬ ਭੁਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕੱਟ ਕੇ ਆਏ ਵੰਗਾਰ, ਲੋਕਮਾਤ ਫੇਰਾ ਪਾਈਆ। ਕਲਜੁਗ ਅੰਤਮ ਗਏ ਹਾਰ, ਭੁੱਲੀ ਸਰਬ ਲੋਕਾਈਆ। ਘਰ ਘਰ ਦਰ ਦਰ ਚਾਰ ਕੁੰਟ, ਦਹਿ ਦਿਸ਼ਾ ਦਿਸੇ ਵਿਭਚਾਰ, ਸਚ ਸ਼ਿੰਗਾਰ ਨਾ ਕੋਇ ਕਰਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗਏ ਹਾਰ, ਹਰਿ ਕਾ ਨਾਮ ਨਾ ਕੋਇ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪੜ੍ਹ ਪੁਸਤਕ ਵਾਦ ਵਧਾਈਆ। ਕਾਇਆ ਮੰਦਰ ਅੰਦਰ ਖੋਲ੍ਹੇ ਨਾ ਕੋਈ ਕਿਵਾੜ, ਆਤਮ ਤਾਕੀ ਕੋਇ ਨਾ ਲਾਹੀਆ। ਸਾਧ ਸੰਤ ਫਿਰਨ ਜੰਗਲ ਜੂਹ ਉਜਾੜ ਪਹਾੜ, ਬਣ ਖੰਡ ਬੈਠੇ ਧੂਆਂ ਲਾਈਆ। ਅੰਤਰ ਲੱਗੀ ਅਗਨੀ ਹਾੜ, ਤ੍ਰੈਗੁਣ ਬਸੰਤਰ ਨਾ ਕੋਇ ਬੁਝਾਈਆ। ਮਨ ਇਛਿਆ ਵੇਸਵਾ ਨਾਰ ਚਲੇ ਨਾਲ ਨਾਲ, ਨਾ ਕੋਇ ਸਕੇ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਮਾਣ ਵਡਿਆਈਆ। ਮਾਣ ਵਡਿਆਈ ਤੇਰੇ ਹੱਥ, ਪੁਰਖ ਅਕਾਲ ਸੱਚੇ ਦਾਤਾਰਾ। ਜਿਉਂ ਭਾਵੇਂ ਤਿਉਂ ਲੈਣਾ ਰਖ, ਕਲਜੁਗ ਆਈ ਅੰਤਮ ਵਾਰਾ। ਸਭ ਦੇ ਭਾਂਡੇ ਦਿਸਣ ਸਖ, ਨਾ ਕੋਈ ਮੰਦਰ ਗੁਰੂਦੁਆਰਾ। ਚਾਰੋਂ ਕੁੰਟ ਹੋਇਆ ਭੱਠ, ਭੱਠ ਖੇੜਾ ਦਿਸੇ ਸੰਸਾਰਾ। ਕਿਸੇ ਅੰਤਰ ਨਾ ਧੀਰਜ ਜਤ, ਸਤਿ ਸੰਤੋਖ ਨਾ ਕੋਇ ਅਧਾਰਾ। ਚਾਰ ਕੁੰਟ ਚਾਰ ਵਰਨ ਚਲੌਣ ਆਪਣੀ ਮਤ, ਏਕਾ ਭੁੱਲਿਆ ਹਰਿ ਨਿਰੰਕਾਰਾ। ਪੜ੍ਹ ਪੜ੍ਹ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਵਣ ਜਸ, ਹਰਿ ਜੂ ਵਸੇ ਵੇਦ ਪੁਰਾਨਾਂ ਬਾਹਰਾ। ਨਾਨਕ ਸਤਿਗੁਰ ਰਿਹਾ ਹੱਸ, ਕਲਜੁਗ ਭੁੱਲੇ ਜੀਵ ਗਵਾਰਾ। ਗੋਬਿੰਦ ਕਹੇ ਮੈਂ ਮਾਰਗ ਆਇਆ ਦੱਸ, ਏਕਾ ਪਿਤਾ ਪੁਰਖ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਖੇਲ ਮਹਾਨਾ, ਹਰਿ ਜੂ ਭੇਵ ਕੋਇ ਨਾ ਪਾਈਆ। ਤੂੰ ਆਦਿ ਜੁਗਾਦਿ ਸੱਚਾ ਸੁਲਤਾਨਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਬਲ ਆਪਣਾ ਆਪ ਧਰਾਈਆ। ਤੂੰ ਭੂਪਤ ਭੂਪ ਰਾਜ ਰਾਜਾਨਾ, ਹੁਕਮੀ ਹੁਕਮ ਆਪ ਵਰਤਾਈਆ। ਸਚਖੰਡ ਨਿਵਾਸੀ ਤੇਰਾ ਖੇਲ ਮਹਾਨਾ, ਦੋ ਜਹਾਨਾਂ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੁਣਦੇ ਰਹੇ ਤਰਾਨਾ, ਸੁਣ ਤਰਾਨਾ ਲੋਕਮਾਤ ਸੁਣਾਈਆ। ਲਿਖ ਲਿਖ ਲੇਖ ਬਣਿਆ ਜਗਤ ਮਹਾਨਾ, ਲਿਖਿਆ ਲੇਖ ਲੇਖਕ ਦਏ ਜਣਾਈਆ। ਬਿਨ ਤੇਰੇ ਨਾਉਂ ਮਿਲੇ ਨਾ ਕੋਇ ਟਿਕਾਣਾ, ਏਥੇ ਓਥੇ ਨਾ ਕੋਇ ਸਹਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਰਸਨਾ ਜਿਹਵਾ ਦੀਨ ਮਜ਼੍ਹਬ ਗਾਏ ਗਾਣਾ, ਜ਼ਾਤ ਪਾਤ ਵੰਡ ਵੰਡਾਈਆ। ਪੰਜ ਤੱਤ ਇਸ਼ਟ ਰਖਾਣਾ, ਕਾਇਆ ਮਾਟੀ ਪੂਜਸ ਪੂਜ ਪੁਜਾਈਆ। ਹਰਿ ਕਾ ਸ਼ਬਦ ਨਾ ਕਿਸੇ ਪਛਾਣਾ, ਗੁਰ ਸ਼ਬਦ ਨਜ਼ਰ ਨਾ ਆਈਆ। ਕਾਗਜ਼ ਸ਼ਾਹੀ ਉਤੇ ਰੱਖਿਆ ਮਾਣਾ, ਕਲਮ ਸ਼ਾਹੀ ਅੰਤ ਕੰਮ ਕਿਸੇ ਨਾ ਆਈਆ। ਸਾਰੇ ਰਲ ਮਿਲ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਪ੍ਰਭ ਅਬਿਨਾਸ਼ੀ ਦਾ ਕਰਨ ਧਿਆਨਾ, ਨੇਤਰ ਨੈਣ ਨੈਣ ਉਠਾਈਆ। ਪੁਰਖ ਅਬਿਨਾਸ਼ੀ ਜੋਧਾ ਸੂਰਬੀਰ ਬਲੀ ਬਲਵਾਨਾ, ਆਪਣਾ ਬਲ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਮ ਸ਼ਾਹੀ ਕਾਗ਼ਜ਼ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਤੇਰਾ ਲੇਖਾ ਲਿਖ ਲਿਖ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਇਆ। ਤੇਰਾ ਮਾਰਗ ਦਿਸੇ ਨਾ ਅਗੰਮ ਅਪਾਰ, ਮੰਜ਼ਲ ਹੱਥ ਕਿਸੇ ਨਾ ਆਇਆ। ਕੋਟਨ ਕੋਟ ਚੜ੍ਹ ਚੜ੍ਹ ਗਏ ਹਾਰ, ਅਧਵਿਚਕਾਰੇ ਡੇਰਾ ਢਾਹਿਆ। ਅੰਤਮ ਤੂ ਹੀ ਤੂ ਹੀ ਤੂ ਹੀ ਕਰ ਪੁਕਾਰ, ਬੇਅੰਤ ਬੇਅੰਤ ਬੇਅੰਤ ਤੇਰਾ ਨਾਉਂ ਵਡਿਆਇਆ। ਅਸੀਂ ਦੇ ਦੇ ਸਿਖਿਆ ਗਏ ਹਾਰ, ਸਾਡੀ ਸਿਖਿਆ ਕੰਮ ਕਿਸੇ ਨਾ ਆਇਆ। ਧੁਰ ਦਾ ਲਿਖਿਆ ਵਿਕਿਆ ਹੱਟ ਬਾਜਾਰ, ਕੌਡੀ ਕੌਡੀ ਮੁਲ ਪੁਵਾਇਆ। ਰਸਨਾ ਕਹਿਣ ਸਾਡਾ ਗੁਰੂ ਮਹਾਰਾਜ, ਰਾਤੀ ਸੁਤਿਆਂ ਅੰਦਰ ਬੰਦ ਕਰਾਇਆ। ਬਿਨ ਬੁਲਾਇਆਂ ਦੇਵੇ ਨਾ ਅੱਗੋਂ ਅਵਾਜ਼ ਆਪਣਾ ਬਲ ਨਾ ਕੋਇ ਰਖਾਇਆ। ਜੀਵ ਜੰਤ ਬੱਝਾ ਵਿਚ ਸਮਾਜ, ਸਾਚਾ ਭੇਵ ਨਾ ਕੋਇ ਖੁਲ੍ਹਾਇਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸ਼ਾਇਕ ਤੇਰੇ ਬਰਦੇ ਬਣ ਬਣ ਤੇਰੇ ਦਰ ਦਰ ਪੜ੍ਹਦੇ ਗਏ ਨਿਮਾਜ਼, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਭਗਤ ਕਹਿਣ ਭਗਵਾਨ ਸਾਡਾ ਸਾਜਣ ਲਿਆ ਸਾਜ, ਸਿਰ ਸਾਡੇ ਹੱਥ ਰਖਾਇਆ। ਨਾਨਕ ਗੋਬਿੰਦ ਕਹੇ ਏਕਾ ਏਕ ਚਲਾਏ ਜਹਾਜ, ਸਚਖੰਡ ਸਾਚੇ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮ ਸ਼ਾਹੀ ਦਏ ਦੁਹਾਇਆ। ਕਲਮ ਸ਼ਾਹੀ ਨੇਤਰ ਰੋਏ, ਨੈਣਾਂ ਨੈਣਾਂ ਨੀਰ ਵਹਾਈਆ। ਤੁਧ ਬਿਨ ਦੁਖੜਾ ਸੁਣੇ ਨਾ ਕੋਇ, ਚਾਰੋਂ ਕੁੰਟ ਕੂਕ ਸੁਣਾਈਆ। ਤੁਧ ਬਿਨ ਪਰਕਾਸ਼ ਕਰੇ ਨਾ ਕੋਈ ਲੋਏ, ਅੰਧ ਅੰਧੇਰਾ ਰਿਹਾ ਛਾਈਆ। ਮੈਂ ਲੋਕਮਾਤ ਚਾਰ ਖਾਣੀ ਅੱਗੇ ਲੈ ਕੇ ਆਈ ਢੋਏ, ਬਾਣੀ ਬਣ ਬਣ ਰੂਪ ਵਟਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਾਰੇ ਟੋਹੇ, ਘਰ ਘਰ ਫੇਰਾ ਪਾਈਆ। ਕਲਜੁਗ ਅੰਤਮ ਸਾਰੇ ਹੋਏ ਮਰਦ ਅਧ ਮੋਏ, ਆਪਣਾ ਬਲ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਮਮਤਾ ਮੋਹੇ, ਮਨ ਵਾਸਨਾ ਹੋਏ ਹਲਕਾਈਆ। ਤੇਰਾ ਨਾਉਂ ਨਾ ਜਾਣੇ ਕੋਇ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸਾਚਾ ਬੀਜ ਨਾ ਕੋਇ ਬੋਏ, ਲੱਖ ਚੁਰਾਸੀ ਸਿੰਮਲ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਇਕ ਅਰਜ਼ੋਈਆ। ਤੇਰੇ ਅੱਗੇ ਇਕ ਅਰਦਾਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਮੈਂ ਲਿਖ ਲਿਖ ਲੇਖ ਤੇਰਾ ਸੇਵਾ ਕੀਤੀ ਖਾਸ, ਤੇਰਾ ਗਾਇਆ ਸਚ ਤਰਾਨਾ। ਕਲਜੁਗ ਅੰਤਮ ਮੇਰੇ ਵਿਚ ਦਿਸੇ ਨਾ ਕੋਈ ਸਾਸ, ਮੇਰਾ ਤੁਟਾ ਮਾਣ ਅਭਿਮਾਨਾ। ਮੇਰੀ ਪੂਰੀ ਹੋਈ ਨਾ ਆਸ, ਕਲਜੁਗ ਜੀਵ ਮਿਲੇ ਸ਼ੈਤਾਨਾ। ਕਰ ਕਿਰਪਾ ਸੱਦ ਲੈ ਪਾਸ, ਮਿਹਰਵਾਨ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਦੇ ਦੇ ਸੱਚਾ ਦਾਨਾ। ਦੇ ਵਰ ਮੇਰੇ ਭਗਵੰਤ, ਤੇਰੇ ਅੱਗੇ ਝੋਲੀ ਡਾਹੀਆ। ਤੂੰ ਬਣਾਈ ਮੇਰੀ ਬਣਤ, ਗੁਰ ਅਵਤਾਰਾਂ ਕਰ ਪੜ੍ਹਾਈਆ। ਤੇਰੇ ਹੱਥ ਲੇਖਾ ਅੰਤ, ਅੰਤ ਤੇਰੇ ਚਰਨਾਂ ਓਟ ਰਖਾਈਆ। ਪਹਿਲਾਂ ਗੌਂਦੇ ਰਹੇ ਮੈਨੂੰ ਸੰਤ, ਸਤਿਗੁਰ ਤੇਰੀ ਓਟ ਰਖਾਈਆ। ਹੁਣ ਸਾਰੇ ਹੋਏ ਨੰਗਤ, ਤੇਰਾ ਨਾਮ ਓਢਣ ਕੋਇ ਨਾ ਆਈਆ। ਦਰ ਭਿਖਾਰੀ ਬਣੇ ਮੰਗਤ, ਦਰ ਦਰ ਫੇਰਾ ਪਾਈਆ। ਅੰਤਮ ਗੜ੍ਹ ਬਣਿਆ ਹਉਮੇ ਹੰਗਤ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਮੰਗ ਮੰਗਾਈਆ। ਮੰਗਾਂ ਮੰਗ ਮੇਰੇ ਦਾਤਾਰ, ਚਰਨੀ ਚਰਨ ਸੀਸ ਝੁਕਾਇਆ। ਤੇਰੀ ਮਹਿਮਾ ਲਿਖ ਲਿਖ ਗਈ ਹਾਰ, ਚਾਰ ਜੁਗ ਸੇਵ ਕਮਾਇਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਤੇਰਾ ਢੋਲਾ ਸੋਹਲਾ ਮਾਤ ਸੁਣਾਇਆ। ਜੀਵ ਜੰਤ ਕਰੇ ਨਾ ਕੋਈ ਵਿਚਾਰ, ਤੂੰ ਵਿਚਾਰ ਵਿਚ ਕਦੇ ਨਾ ਆਇਆ। ਮੈਨੂੰ ਪੜ੍ਹ ਪੜ੍ਹ ਕਰਨ ਖੁਆਰ, ਦਰ ਦਰ ਦੇਵਣ ਧੱਕਾ ਲਾਇਆ। ਮੈਂ ਨਿਤ ਨਿਤ ਰੋਵਾਂ ਜ਼ਾਰੋ ਜ਼ਾਰਾ, ਨੇਤਰ ਨੈਣ ਨੈਣ ਉਠਾਇਆ। ਕਲਜੁਗ ਜੀਵ ਹੋਏ ਵਿਭਚਾਰ, ਵਿਭਚਾਰੀ ਆਪਣਾ ਕਰਮ ਰਹੇ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਇਆ। ਮੇਰਾ ਲੇਖਾ ਦੇ ਮੁਕਾ, ਤੇਰੇ ਦਰ ਦਰ ਸੀਸ ਝੁਕਾਇਆ। ਬਣ ਨਿਮਾਣੀ ਰਹੀ ਕੁਰਲਾ, ਚਾਰੇ ਬਾਣੀ ਵਾਸਤਾ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾ, ਵਾਂਗ ਸੁਆਨ ਘਰ ਘਰ ਰਿਹਾ ਦੌੜਾਇਆ। ਮੈਨੂੰ ਪੜ੍ਹਨ ਵਾਲੇ ਤੇਰਾ ਨਾਮ ਗਏ ਭੁਲਾ, ਤੇਰਾ ਭੈ ਨਾ ਕੋਇ ਰਖਾਇਆ। ਧੀਆਂ ਭੈਣਾਂ ਰਹੇ ਤਕਾ, ਪਹਿਲੋਂ ਆਪਣਾ ਨੇਤਰ ਨੈਣ ਉਠਾਇਆ। ਫੇਰ ਮੇਰੇ ਉਤੋਂ ਪੜਦਾ ਲੈਣ ਲਾਹ, ਵਰਕਾ ਵਰਕਾ ਲੈਣ ਉਲਟਾਇਆ। ਰਸਨਾ ਗਾਉਂਦੇ ਚੜ੍ਹਿਆ ਚਾਅ, ਮਾਇਆ ਰਾਣੀ ਨਾਲ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਸਾਚੀ ਮੰਗ ਮੰਗਾਇਆ। ਮੰਗਾ ਮੰਗ ਬਣ ਨਿਮਾਣੀ, ਦਰ ਤੇਰੇ ਸੀਸ ਝੁਕਾਈਆ। ਤੂੰ ਬਣਾਈ ਸਾਚੀ ਰਾਣੀ, ਲੋਕਮਾਤ ਦਿਤੀ ਵਡਿਆਈਆ। ਤੂੰ ਸੁਣਾਈ ਅਕਥ ਕਹਾਣੀ, ਗੁਰ ਅਵਤਾਰਾਂ ਦੇ ਵਡਿਆਈਆ। ਮੇਰਾ ਨਾਉਂ ਧਰਾਇਆ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਬੌਹੜੀ ਬੌਹੜੀ ਕਲਜੁਗ ਮਿਲੇ ਨਾ ਕੋਈ ਸੱਚਾ ਹਾਣੀ, ਮੇਰਾ ਸੰਗ ਨਾ ਕੋਇ ਰਖਾਈਆ। ਅੰਮ੍ਰਿਤ ਮਿਲੇ ਨਾ ਠੰਡਾ ਪਾਣੀ, ਸਾਂਤਕ ਸਤਿ ਨਾ ਕੋਇ ਜਣਾਈਆ। ਮੈਨੂੰ ਪੜ੍ਹਣ ਵਾਲੇ ਹੋਏ ਸ਼ੈਤਾਨੀ, ਸ਼ਰਅ ਆਪਣੇ ਗਲ ਪੁਵਾਈਆ। ਮੇਰੇ ਨੇਤਰ ਨੈਣ ਸ਼ਰਮਾਨੀ, ਉਪਰ ਅੱਖ ਨਾ ਸਕਾਂ ਉਠਾਈਆ। ਮੈਨੂੰ ਮੱਥਾ ਟੇਕਣ ਵਾਲੇ ਕਰਨ ਬੇਈਮਾਨੀ, ਤੇਰਾ ਨਾਉਂ ਗਏ ਭੁਲਾਈਆ। ਤੂੰ ਸਰਬ ਘਟਾ ਦਾ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਮੈਂ ਲੈ ਕੇ ਆਈ ਤੇਰੀ ਨਿਸ਼ਾਨੀ, ਕਲਜੁਗ ਜੀਵ ਤੇਰਾ ਨਿਸ਼ਾਨਾ ਰਹੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਅੰਤਮ ਲੇਖਾ ਚੁਕਾ ਆਣ, ਸਭ ਦਾ ਪੰਧ ਮੁਕਾਇੰਦਾ। ਤੇਰੀ ਬੇਨੰਤੀ ਕਰ ਪਰਵਾਨ, ਆਪਣੇ ਵਿਚ ਰਖਾਇੰਦਾ। ਚਾਰ ਜੁਗ ਦਾ ਮੇਟ ਨਿਸ਼ਾਨ, ਚਾਰੇ ਕੁੰਟ ਫੇਰਾ ਪਾਇੰਦਾ। ਸਤਿ ਸਤਿਵਾਦੀ ਨਿਗਹਬਾਨ, ਨਿਗਹ ਆਪਣੀ ਆਪ ਉਠਾਇੰਦਾ। ਏਕਾ ਨਾਉਂ ਕਰ ਬਲਵਾਨ, ਲੋਕਮਾਤ ਹੁਕਮ ਚਲਾਇੰਦਾ। ਲੱਖ ਚੁਰਾਸੀ ਦੇਵੇ ਗਿਆਨ, ਗਿਆਨ ਆਪਣਾ ਆਪ ਪਰਗਟਾਇੰਦਾ। ਨੌਂ ਖੰਡ ਪ੍ਰਿਥਮੀ ਮਾਰੇ ਬਾਣ, ਬਾਣ ਨਿਰਾਲਾ ਆਪ ਚਲਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਭਗਤ ਭਗਵੰਤ ਵੇਖ ਵਖਾਇੰਦਾ। ਦਰ ਦੁਆਰੇ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਤੂੰ ਵੀਂ ਚਰਨੀ ਡਿਗੀਂ ਆਣ, ਆਪਣਾ ਭੇਵ ਖੁਲ੍ਹਾਇੰਦਾ। ਸਾਚੇ ਭਗਤ ਕਰਨ ਤੈਨੂੰ ਪਰਵਾਨ, ਤੇਰਾ ਲੜ ਨਾਲ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਦਏ ਸੰਦੇਸਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਕਰੇ ਖੇਲ ਨਰ ਨਰੇਸ਼ਾ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਧਾਰੇ ਆਪਣਾ ਵੇਸਾ, ਨਿਰਵੈਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਵੱਜੇ ਵਧਾਈਆ। ਸਾਚਾ ਵਰ ਸੁਣ ਲੈ ਬਾਤ, ਹਰਿ ਬਾਤਨ ਆਪ ਜਣਾਇੰਦਾ। ਚਾਰ ਜੁਗ ਤੂੰ ਗਾਉਂਦੀ ਰਹੀ ਗਾਥ, ਮੇਰਾ ਨਾਉਂ ਤੇਰਾ ਰੰਗ ਵਖਾਇੰਦਾ। ਅੰਤਮ ਦਿਸੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਚਾਰ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਪੜ੍ਹ ਪੜ੍ਹ ਮੁੱਕੇ ਨਾ ਤੇਰੀ ਵਾਟ, ਤੂੰ ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਤੇਰਾ ਨੇੜੇ ਦਿਸੇ ਹਾਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਰ ਕਿਰਪਾ ਮੇਰੀ ਮੁਕਾ ਵਾਟ, ਅੰਤ ਭਗਵੰਤ ਤੇਰਾ ਦਰ ਮੋਹੇ ਭਾਇੰਦਾ। ਜਗਤ ਖੇਲ ਬਾਜ਼ੀਗਰ ਨਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਸਿਰ ਰੱਖ ਹੱਥ ਨਿਰੰਕਾਰਾ, ਨਿਰਗੁਣ ਨਰ ਹਰਿ ਆਪ ਜਣਾਇੰਦਾ। ਤੂੰ ਔਣਾ ਚਲ ਦੁਆਰਾ, ਭਗਤ ਦੁਆਰਾ ਇਕ ਵਖਾਇੰਦਾ। ਓਥੇ ਕਰਾਂ ਸਚ ਵਿਹਾਰਾ, ਗੁਰ ਅਵਤਾਰਾਂ ਨਾਲ ਮਿਲਾਇੰਦਾ। ਜਿਨ੍ਹਾਂ ਗਾਈ ਤੇਰੀ ਵਾਰਾ, ਤਿਨ੍ਹਾਂ ਤੇਰੇ ਕੋਲ ਬਹਾਇੰਦਾ। ਪਹਿਲੋਂ ਕਰਨ ਉਹ ਨਿਮਸਕਾਰਾ, ਫੇਰ ਤੇਰਾ ਸੀਸ ਝੁਕਾਇੰਦਾ। ਤੇਰਾ ਝੁਕਿਆ ਸੀਸ ਤੇਰਾ ਪਾਰ ਕਰਾਏ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਾਚਾ ਭੇਵ ਦੱਸ ਭਗਵਾਨ, ਮੇਰੇ ਸੱਚੇ ਸਾਹਿਬ ਗੁਸਾਈਂਆ। ਕਵਣ ਵੇਲਾ ਦਰ ਡਿਗਾ ਆਣ, ਲੈ ਨਿਮਾਣੀ ਗਲੇ ਲਗਾਇਆ। ਮੇਰਾ ਛੁੱਟਾ ਪੀਣ ਖਾਣ, ਦਿਵਸ ਰੈਣ ਰਹੀ ਕੁਰਲਾਇਆ। ਮੈਨੂੰ ਸਕੇ ਨਾ ਕੋਈ ਪਛਾਣ, ਮੇਰਾ ਭੇਵ ਕਿਸੇ ਨਾ ਪਾਇਆ। ਨਾਨਕ ਨਿਰਗੁਣ ਚਾਰ ਵਰਨਾਂ ਦੇ ਕੇ ਗਿਆਨ, ਚਾਰੇ ਵਰਨ ਗਏ ਭੁਲਾਇਆ। ਅੰਤਮ ਸਭ ਦੀ ਕਰਨੀ ਹਾਣ, ਹਰਿ ਜੂ ਤੇਰੇ ਹੱਥ ਵਡਿਆਇਆ। ਗੋਬਿੰਦ ਵਖਾ ਕੇ ਗਿਆ ਇਕ ਕਿਰਪਾਨ, ਕਿਰਪਾਨਿਧ ਦਇਆ ਕਮਾਇਆ। ਪੰਜਾਂ ਮੇਲਾ ਵਿਚ ਜਹਾਨ, ਪੰਚਮ ਸਾਚਾ ਜੋੜ ਜੁੜਾਇਆ। ਸਚ ਸੁੱਚ ਦਾ ਇਕ ਵਿਧਾਨ, ਬਣ ਬਿਧਾਤਾ ਆਪ ਰਖਾਇਆ। ਅੰਤਮ ਦਿਸੇ ਨਾ ਕੋਇ ਜਵਾਨ, ਸੂਰਬੀਰ ਨਜ਼ਰ ਕੋਇ ਨਾ ਆਇਆ। ਧੀਰਜ ਜਤ ਨਾ ਕਿਸੇ ਮਕਾਨ, ਸਾਚਾ ਹਠ ਨਾ ਕੋਇ ਰਖਾਇਆ। ਅੰਦਰ ਵੜਿਆ ਤੱਤ ਸ਼ੈਤਾਨ, ਆਪਣੀ ਸ਼ਰਅ ਰਿਹਾ ਚਲਾਇਆ। ਏਕਾ ਭੁੱਲਿਆ ਗੁਰ ਫ਼ਰਮਾਣ, ਫ਼ਰਮਾਬਰਦਾਰ ਨਜ਼ਰ ਕੋਇ ਨਾ ਆਇਆ। ਗੋਬਿੰਦ ਸੂਰਾ ਵਡ ਬਲਵਾਨ, ਦੋ ਜਹਾਨਾਂ ਵੇਖ ਵਖਾਇਆ। ਕਲਜੁਗ ਅੰਤਮ ਹੋਏ ਹੈਰਾਨ, ਸਾਰੇ ਹਰਿ ਜੂ ਰਹੇ ਭੁਲਾਇਆ। ਕੋਈ ਮੰਨੇ ਨਾ ਪੁਰਖ ਅਕਾਲ, ਇੱਟਾ ਪੱਥਰਾਂ ਰਹੇ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਸਰਬ ਵਡਿਆਇਆ। ਤੇਰੇ ਹੱਥ ਵਡਿਆਈ ਸੱਚੇ ਭਗਵਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਜੁਗ ਜੁਗ ਮੇਟੇ ਤੂ ਹੀ ਨਿਸ਼ਾਨ, ਜਗਤ ਨਿਸ਼ਾਨਾ ਤੂ ਹੀ ਝੁਲਾਈਆ। ਤੇਰਾ ਨਾਉਂ ਹੋਏ ਪਰਧਾਨ, ਸਤਿ ਪਰਧਾਨਗੀ ਮਾਤ ਕਮਾਈਆ। ਤੂੰ ਆਦਿ ਜੁਗਾਦੀ ਸ਼ਾਹ ਸੁਲਤਾਨ, ਦੂਸਰ ਰਾਜ ਨਾ ਕੋਇ ਕਮਾਈਆ। ਤੇਰਾ ਹੁਕਮ ਇਕ ਫ਼ਰਮਾਨ, ਦੋ ਜਹਾਨਾਂ ਰਿਹਾ ਝੁਲਾਈਆ। ਕਲਜੁਗ ਅੰਤਮ ਵੇਖਿਆ ਆਣ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸਿਦਕ ਨਾ ਈਮਾਨ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਨਾ ਕੋਈ ਮਜ਼੍ਹਬ ਨਾ ਇਸਲਾਮ, ਇਸਮ ਆਜਮ ਨਾ ਕੋਇ ਵਖਾਈਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਸਾਚਾ ਮਸਲਾ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਲੈਣਾ ਕਰ, ਸਾਡੀ ਚਲੇ ਨਾ ਕੋਇ ਚਤੁਰਾਈਆ।
