Granth 11 Likhat 117: 5 Chet 2019 Bikarmi Dalip Singh de Greh Tangra Jila Amritsar

੫ ਚੇਤ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਟਾਂਗਰਾ ਜ਼ਿਲਾ ਅੰਮ੍ਰਿਤਸਰ

ਹੁਕਮੇ ਅੰਦਰ ਸੂਰਾ ਸਰਬੰਗ, ਸਤਿ ਪੁਰਖ ਨਿਰੰਜਣ ਖੇਲ ਕਰਾਇੰਦਾ। ਹੁਕਮੇ ਅੰਦਰ ਖੇਲ ਸਚਖੰਡ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਕਰਾਇੰਦਾ। ਹੁਕਮੇ ਅੰਦਰ ਦੇਸ ਬ੍ਰਹਿਮੰਡ, ਪੁਰੀ ਲੋਅ ਬ੍ਰਹਿਮੰਡ ਖੰਡ ਆਪਣੀ ਬਣਤ ਬਣਾਇੰਦਾ। ਹੁਕਮੇ ਅੰਦਰ ਸੂਰਜ ਚੰਦ, ਮੰਡਲ ਮੰਡਪ ਆਪ ਸੁਹਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਦਏ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਹੁਕਮੇ ਅੰਦਰ ਭਗਤ ਭਗਵੰਤ ਮੰਗੇ ਮੰਗ, ਦਾਤਾ ਭਿਖਾਰੀ ਨਾਉਂ ਧਰਾਇੰਦਾ। ਹੁਕਮੇ ਅੰਦਰ ਇਕ ਪਲੰਘ, ਸਾਚੀ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਖੇਲ ਕਰਾਇੰਦਾ। ਅਨਭਵ ਖੇਲ ਕਰੇ ਨਿਰੰਕਾਰਾ, ਨਿਰਾਕਾਰ ਵਡੀ ਵਡਿਆਈਆ। ਸਤਿ ਸਤਿਵਾਦੀ ਹੋ ਉਜਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਹੱਲ ਅਟੱਲ ਉਚ ਮੁਨਾਰਾ, ਸਚਖੰਡ ਵਸੇ ਸੱਚਾ ਮਾਹੀਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਆਪਣੀ ਬਣਤ ਆਪ ਬਣਾਈਆ। ਸਤਿ ਸਰੂਪੀ ਸੁਤ ਦੁਲਾਰਾ, ਸ਼ਬਦੀ ਸ਼ਬਦ ਵਸਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਭੂਪਤ ਭੂਪ ਰਾਜ ਰਾਜਾਨ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਪੰਚਮ ਪੰਚ ਪੰਚ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਹੁਕਮੇ ਅੰਦਰ ਸਾਚੀ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਹੁਕਮੇ ਅੰਦਰ ਜਲ ਥਲ ਮਹੀਅਲ ਪਾਏ ਸਾਰ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਕਰ ਤਿਆਰ, ਜੇਰਜ ਅੰਡਜ ਉਤਭੁਜ ਸੇਤਜ ਵੇਸ ਵਟਾਇੰਦਾ। ਹੁਕਮੇ ਅੰਦਰ ਤੱਤਵ ਤੱਤ ਦੇ ਅਧਾਰ, ਤੱਤ ਨਿਵਾਸੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਅਕਲ ਕਲ ਧਾਰੀ ਆਪ ਕਰਾਇੰਦਾ। ਨਿਰਗੁਣ ਸਰਗੁਣ ਕਰ ਪਰਧਾਨ, ਘਾੜਨ ਘੜਤ ਆਪ ਘੜਾਇੰਦਾ। ਘਰ ਵਿਚ ਘਰ ਇਕ ਮਕਾਨ, ਬੇਮਕਾਮ ਆਪ ਬਣਾਇੰਦਾ। ਨਵ ਨੌਂ ਖੋਲ੍ਹ ਦੁਕਾਨ, ਦਰ ਦਰ ਆਪਣਾ ਰੰਗ ਵਖਾਇੰਦਾ। ਭਗਤਨ ਭਗਵਨ ਦੇ ਦੇ ਦਾਨ, ਸਾਚੀ ਭਗਤੀ ਝੋਲੀ ਪਾਇੰਦਾ। ਏਕੰਕਾਰਾ ਨਾਉਂ ਨਿਧਾਨ, ਨਾਮ ਵਸਤ ਅਮੋਲਕ ਝੋਲੀ ਪਾਇੰਦਾ। ਘਰ ਵਿਚ ਘਰ ਖੇਲ ਕਰੇ ਮਹਾਨ, ਗ੍ਰਹਿ ਮੰਦਰ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਭਗਤਨ ਮੀਤਾ ਏਕੰਕਾਰਾ, ਏਕਾ ਏਕ ਵਡੀ ਵਡਿਆਈਆ। ਨਿਰਗੁਣ ਸਰਗੁਣ ਪਾਵੇ ਸਾਰਾ, ਜੁਗ ਜੁਗ ਵੇਸ ਵਟਾਈਆ। ਸ਼ਬਦ ਅਗੰਮੀ ਇਕ ਜੈਕਾਰਾ, ਜੈ ਜੈਕਾਰ ਆਪ ਸੁਣਾਈਆ। ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਨੂਰ ਰੁਸ਼ਨਾਈਆ। ਸਾਚੀ ਹਾਟੀ ਬਣ ਵਣਜਾਰਾ, ਕਾਇਆ ਹੱਟ ਇਕ ਵਖਾਈਆ। ਸਾਚੇ ਮੰਦਰ ਵਸਤ ਹਰਿ ਥਾਰਾ, ਥਿਰ ਦਰਬਾਰੀ ਆਪ ਜਣਾਈਆ। ਸ਼ਬਦੀ ਸ਼ਬਦ ਅਗੰਮ ਅਪਾਰਾ, ਰਾਗੀ ਅਨਹਦ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਹਰਿਜਨ ਮੇਲਾ ਏਕਾ ਘਰ, ਘਰ ਮੰਦਰ ਆਪ ਸੁਹਾਇੰਦਾ। ਪੰਚ ਵਿਕਾਰਾ ਚੁੱਕੇ ਡਰ, ਪੰਚਮ ਜੋੜ ਜੋੜਾਇੰਦਾ। ਡੂੰਘੀ ਭਵਰੀ ਪਾਵੇ ਸਾਰ, ਕਾਇਆ ਕਵਰੀ ਖੋਜ ਖੋਜਾਇੰਦਾ। ਟੇਢੀ ਬੰਕ ਆਪੇ ਵੜ, ਈੜਾ ਪਿੰਗਲ ਮੋਹ ਮਿਟਾਇੰਦਾ। ਦਰਸ ਦਿਖਾਏ ਅੱਗੇ ਖੜ੍ਹ, ਸਾਚੇ ਸੰਤਾਂ ਆਪ ਉਠਾਇੰਦਾ। ਜੋਤ ਨਿਰੰਜਣ ਆਪੇ ਧਰ, ਬਿਨ ਤੇਲ ਬਾਤੀ ਆਪੇ ਡਗਮਗਾਇੰਦਾ। ਸ਼ਬਦ ਅਨਾਦੀ ਅਨਹਦ ਧੁਨ ਰਾਗ ਸੁਣਾਏ ਸਾਚਾ ਹਰਿ, ਤੰਦੀ ਤੰਦ ਨਾ ਕੋਇ ਰਖਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਰ, ਨਿਝਰ ਝਿਰਨਾ ਆਪ ਝਿਰਾਇੰਦਾ। ਬਜਰ ਕਪਾਟੀ ਤੋੜ ਗੜ੍ਹ, ਦੂਈ ਦਵੈਤੀ ਪੜਦਾ ਆਪੇ ਲਾਹਿੰਦਾ। ਆਤਮ ਸੇਜਾ ਸਾਚੀ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਸੁਰਤ ਨਿਮਾਣੀ ਲਏ ਫੜ, ਸ਼ਬਦੀ ਆਪਣਾ ਬੰਧਨ ਆਪੇ ਪਾਇੰਦਾ। ਆਪ ਵਖਾਏ ਸਾਚਾ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਆਤਮ ਪਰਮਾਤਮ ਮਿਲੇ ਵਰ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਮਿਲਾਇੰਦਾ। ਸਾਚੇ ਭਗਤਾਂ ਹਰਿ ਹਰਿ ਮੇਲਾ, ਨਿਰਗੁਣ ਸਰਗੁਣ ਆਪ ਕਰਾਈਆ। ਏਕਾ ਘਰ ਵਖਾਏ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਧਰਾਈਆ। ਆਦਿ ਜੁਗਾਦੀ ਸੱਜਣ ਸੁਹੇਲਾ, ਸਤਿਗੁਰ ਪੂਰਾ ਨਾਉਂ ਰਖਾਈਆ। ਸਰਬ ਘਟ ਵਸੇ ਇਕ ਇਕੇਲਾ, ਘਟ ਘਟ ਆਪੇ ਰਿਹਾ ਸਮਾਈਆ। ਕੱਟਣਹਾਰਾ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਿਸ ਸਿਰ ਹੱਥ ਰੱਖੇ ਕਰਤਾਰ, ਆਪ ਆਪਣੀ ਬੂਝ ਬੁਝਾਇੰਦਾ। ਦੂਈ ਦਵੈਤੀ ਕਰ ਖੁਆਰ, ਮਾਇਆ ਮਮਤਾ ਮੋਹ ਚੁਕਾਇੰਦਾ। ਜਾਤ ਪਾਤ ਊਚ ਨੀਚ ਰਾਓ ਰੰਕ ਨਾ ਕੋਇ ਵਿਚਾਰ, ਆਤਮ ਪਰਮਾਤਮ ਬੂਝ ਬੁਝਾਇੰਦਾ। ਮੰਦਰ ਮਸਜਦ ਮੱਠ ਸ਼ਿਵਦਵਾਲਾ ਨਾ ਕੋਇ ਦੁਆਰ, ਕਾਇਆ ਗੁਰੂਦੁਆਰਾ ਇਕ ਵਖਾਇੰਦਾ। ਦਿਵਸ ਰੈਣ ਅੱਠੇ ਪਹਿਰ ਪਾਰਬ੍ਰਹਮ ਪਤਿਪਰਮੇਸ਼ਵਰ ਬੈਠਾ ਰਹੇ ਖ਼ਬਰਦਾਰ, ਆਲਸ ਨਿੰਦਰਾ ਵਿਚ ਕਦੇ ਨਾ ਆਇੰਦਾ। ਸੰਤ ਸੁਹੇਲੇ ਲੱਭੇ ਸਾਚੇ ਯਾਰ, ਬਣ ਪਾਂਧੀ ਫੇਰਾ ਪਾਇੰਦਾ। ਕਾਗਦ ਕਲਮ ਸ਼ਾਹੀ ਨਾ ਕੋਇ ਵਿਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਕੂਕ ਕੂਕ ਗਏ ਪੁਕਾਰ, ਬੇਅੰਤ ਬੇਅੰਤ ਬੇਅੰਤ ਸਰਬ ਸਲਾਹਿੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਅੰਤ ਨਾ ਪਾਰਾਵਾਰ, ਖਾਣੀ ਬਾਣੀ ਦੋ ਜਹਾਨੀ ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ। ਰਾਗ ਨਾਦ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦਰਸ ਦਿਖਾਇੰਦਾ। ਸਾਚੇ ਭਗਤ ਦੇਵੇ ਦਰਸ, ਹਰਿ ਦਰਸੀ ਦਇਆ ਕਮਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਹੋਰ ਨਾ ਕੋਇ ਵਧਾਈਆ। ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕਾਅਬਾ ਫੋਲ ਫੋਲਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਚਾਈਂ ਚਾਈਂਆ। ਭਗਤਨ ਮੇਲਾ ਚਾਓ ਘਨੇਰਾ, ਗਹਿਰ ਗੰਭੀਰ ਆਪ ਰਖਾਇੰਦਾ। ਵਸਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਮਨ ਮਨੂਆਂ ਦੇਵੇ ਗੇੜਾ, ਮਨ ਕਾ ਮਣਕਾ ਆਪ ਭੁਵਾਇੰਦਾ। ਪੰਚ ਵਿਕਾਰਾ ਚੁੱਕੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਕਾਇਆ ਮੰਦਰ ਵਸੇ ਖੇੜਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਖੁੱਲਾ ਕਰੇ ਹਰਿ ਜੂ ਵੇਹੜਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸੰਤ ਸੁਹੇਲਾ ਇਕ ਅਕੇਲਾ ਨਿਰਗੁਣ ਸਰਗੁਣ ਬੰਨ੍ਹੇ ਬੇੜਾ, ਖੇਵਟ ਖੇਟਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪਣੇ ਰੰਗ ਰੰਗਾਇੰਦਾ। ਭਗਤ ਭਗਵੰਤ ਇਕੋ ਰੰਗ, ਏਕਾ ਘਰ ਵੱਜੇ ਵਧਾਈਆ। ਏਕਾ ਸੇਜ ਇਕ ਪਲੰਘ, ਏਕਾ ਮੰਦਰ ਆਸਣ ਲਾਈਆ। ਏਕਾ ਰਾਗ ਇਕ ਮਰਦੰਗ, ਏਕਾ ਨਾਦੀ ਨਾਦ ਸੁਣਾਈਆ। ਏਕਾ ਰਸ ਇਕ ਅਨੰਦ, ਪਰਮਾਨੰਦ ਇਕ ਵਡਿਆਈਆ। ਏਕਾ ਪਰਕਾਸ਼ ਏਕ ਚੰਦ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਖੇਲ ਜਾਣੇ ਬ੍ਰਹਿਮੰਡ, ਜੀਉਂ ਪਿੰਡ ਸੋਭਾ ਪਾਈਆ। ਏਕਾ ਸਾਹਿਬ ਦਿਆਲ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਏਕਾ ਕਾਲ ਗਰਾਸ ਤੋੜੇ ਤੰਦ, ਨਾਮ ਖੰਡਾ ਹੱਥ ਚਮਕਾਈਆ। ਏਕਾ ਦਿਆਲ ਖ਼ੁਸ਼ੀ ਕਰਾਏ ਬੰਦ ਬੰਦ, ਸਤਿਗੁਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਹਰਿ ਨਿਰੰਕਾਰ, ਨਰ ਨਿਰੰਕਾਰਾ ਆਪ ਮਿਲਾਇੰਦਾ। ਮਹਾਂਕਾਲ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਦੀਨ ਦਿਆਲ ਸਤਿਗੁਰ ਧਾਰ, ਗੁਰ ਸ਼ਬਦੀ ਰੂਪ ਵਟਾਇੰਦਾ। ਅੰਤ ਕਾਲ ਨਾ ਮਾਰੇ ਮਾਰ, ਕਲ ਕਾਤੀ ਮੋਹ ਮਿਟਾਇੰਦਾ। ਸਾਚੀ ਘਾਟੀ ਏਕਾ ਵਾਰ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਕਾਇਆ ਤਾਕੀ ਖੋਲ੍ਹ ਕਿਵਾੜ, ਹਰਿ ਦਰਸੀ ਦਰਸ ਦਿਖਾਇੰਦਾ। ਲਹਿਣਾ ਦੇਣਾ ਬਾਕੀ ਦਏ ਨਿਵਾਰ, ਪੂਰਬ ਲੇਖਾ ਵੇਖ ਵਖਾਇੰਦਾ। ਏਥੇ ਓਥੇ ਦੋ ਜਹਾਨਾਂ ਪਾਵੇ ਸਾਰ, ਅੱਗੇ ਪਿਛੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕੋ ਹਰਿ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਵੇਸ ਸ਼ਬਦੀ ਧਾਰ, ਗੁਰ ਗੁਰ ਰੂਪ ਵਟਾਈਆ। ਗੁਰ ਗੁਰ ਸ਼ਬਦ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਪੰਜ ਤੱਤ ਤੱਤ ਅਧਾਰ, ਜਗਤ ਅਧਾਰੀ ਵੇਖ ਵਖਾਈਆ। ਬੋਧ ਅਗਾਧੀ ਇਕ ਸੁਨਾਰ, ਗੀਤ ਸੰਗੀਤ ਆਪੇ ਗਾਈਆ। ਰਾਗ ਨਾਦ ਨਾ ਪਾਏ ਸਾਰ, ਛੱਤੀਸ ਬੈਠੇ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਹਰਿਜਨ ਭਗਤ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਹਰਿ ਪੁਰਖ ਨਿਰੰਜਣ ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣੀ ਬੂਝ ਬੁਝਾਇੰਦਾ। ਇਕ ਓਅੰਕਾਰ ਲਡਾਏ ਲਡ, ਤਖ਼ਤ ਨਿਵਾਸੀ ਆਪਣੀ ਗੋਦ ਬਹਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਅਬਿਨਾਸ਼ੀ ਕਰਤਾ ਹੋ ਹੋ ਦਾਸ, ਭਗਤ ਭਗਵੰਤ ਸੇਵ ਕਮਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਖੇਲ ਤਮਾਸ਼, ਘਟ ਘਟ ਆਪਣੀ ਰਾਸ ਰਚਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਪਾਸ, ਈਸ਼ ਜੀਵ ਏਕਾ ਦਰ ਬਹਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਪੂਰੀ ਕਰੇ ਸਤਿਗੁਰ ਆਸ, ਦਿਆਲ ਠਾਕਰ ਦਇਆ ਕਮਾਇੰਦਾ। ਜੋ ਜਨ ਹਰਿ ਹਰਿ ਜਪੇ ਰਸਨਾ ਸਵਾਸ, ਬੱਤੀ ਦੰਦ ਮੁਖ ਸਾਲਾਹਿੰਦਾ। ਤਿਸ ਜਮ ਕਾ ਕੱਟੇ ਫਾਸ, ਰਾਏ ਧਰਮ ਨੇੜ ਨਾ ਆਇੰਦਾ। ਵੇਲੇ ਅੰਤ ਨਾ ਹੋਏ ਉਦਾਸ, ਸਤਿਗੁਰ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਦਰ ਬਹਾਇੰਦਾ। ਭਗਤ ਵਸੇਰਾ ਸਾਚੇ ਘਰ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਨਿਰਭੌਂ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਰਖਾਇੰਦਾ। ਅਜੂਨੀ ਰਹਿਤ ਲੱਖ ਚੁਰਾਸੀ ਜੂਨ ਪਾਰ ਕਰ, ਆਵਣ ਜਾਵਣ ਪੰਧ ਮੁਕਾਇੰਦਾ। ਪੁਰਖ ਅਕਾਲ ਪੁਰਖ ਪੁਰਖੋਤਮ ਦੀਨਨ ਆਪਣੀ ਦਇਆ ਕਰ, ਦਰ ਘਰ ਸਾਚੇ ਆਪ ਬਹਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਸਵੱਛ ਸਰੂਪੀ ਦਰਸ ਦਿਖਾਏ ਅੱਗੇ ਖੜ, ਤੱਤਵ ਤੱਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਮੇਲਾ ਏਕਾ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ ਦੀਆ ਬਾਤੀ ਹੋਰ ਨਾ ਕੋਇ ਰਖਾਇੰਦਾ। ਦੀਆ ਬਾਤੀ ਨਾ ਕੋਈ ਤੇਲ, ਅਗਨੀ ਅੱਗ ਨਾ ਕੋਇ ਲਗਾਈਆ। ਜੋਤੀ ਜਾਤਾ ਜੋਤੀ ਮੇਲ, ਜੋਤੀ ਜੋਤ ਜੋਤ ਰੁਸ਼ਨਾਈਆ। ਆਪ ਵਸਾਏ ਧਾਮ ਨਿਵੇਲ, ਸਚਖੰਡ ਸਾਚੇ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵੇਖੇ ਚਾਈਂ ਚਾਈਂਆ। ਸਾਚੇ ਘਰ ਸਾਚਾ ਚਾਓ, ਹਰਿ ਸਤਿਗੁਰ ਆਪ ਰਖਾਇੰਦਾ। ਸੰਤ ਸੁਹੇਲੇ ਫੜ ਫੜ ਬਾਂਹੋਂ, ਆਪ ਆਪਣੇ ਘਰ ਬਹਾਇੰਦਾ। ਇਕ ਜਪਾਏ ਆਪਣਾ ਨਾਉਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਪੇ ਪਿਤਾ ਆਪੇ ਮਾਉਂ, ਗੁਰਮੁਖ ਬਾਲ ਅਞਾਣੇ ਗੋਦ ਬਹਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਆਦਿ ਜੁਗਾਦਿ ਕਰੇ ਸਚ ਨਿਆਉਂ, ਸਾਚੇ ਤਖ਼ਤ ਸੋਭਾ ਪਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਮਾਣ ਦਿਵਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਅਗਨੀ ਤੱਤ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪਣੇ ਰੰਗ ਸਮਾਇੰਦਾ। ਆਪਣੇ ਰੰਗ ਆਪੇ ਰਾਤਾ, ਰੱਤੀ ਰੱਤ ਨਾ ਕੋਇ ਰੰਗਾਈਆ। ਕਰੇ ਖੇਲ ਪੁਰਖ ਬਿਧਾਤਾ, ਬਿਧ ਆਪਣੀ ਆਪ ਜਣਾਈਆ। ਨਿਰਗੁਣ ਸਰਗੁਣ ਜੋੜ ਨਾਤਾ, ਜੋੜੀ ਆਪਣੀ ਆਪ ਬਣਾਈਆ। ਆਪ ਸੁਣਾਏ ਸਾਚਾ ਸਾਕਾ, ਨਿਸ਼ਅੱਖਰ ਕਰ ਪੜ੍ਹਾਈਆ। ਬੋਧ ਅਗਾਧੀ ਇਕੋ ਗਾਥਾ, ਲਿਖਣ ਪੜ੍ਹਣ ਵਿਚ ਨਾ ਆਈਆ। ਸਾਹਿਬ ਸੁਲਤਾਨ ਹਰਿ ਸਮਰਾਥਾ, ਆਪਣਾ ਖੇਲ ਆਪ ਵਰਤਾਈਆ। ਗੁਰਮੁਖ ਹਰਿਜਨ ਹਰਿ ਭਗਤ ਸਗਲ ਵਿਸੂਰਾ ਲਾਥਾ, ਹਰਿ ਸਤਿਗੁਰ ਦਰਸਨ ਪਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਆਵਣ ਜਾਵਣ ਮਾਤ ਗਰਭ ਮੁੱਕੇ ਵਾਟਾ, ਜੂਨੀ ਜੂਨ ਨਾ ਕੋਇ ਫਿਰਾਈਆ। ਨਿਰਮਲ ਜੋਤ ਨੂਰ ਪਰਕਾਸ਼ ਕਰੇ ਲਿਲਾਟਾ, ਲਿਵ ਅੰਤਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਮੇਲੇ ਆਪਣੇ ਘਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਕਲਜੁਗ ਅੰਤਮ ਖੋਲ੍ਹ, ਹਰਿ ਜੂ ਆਪਣੀ ਦਇਆ ਕਮਾਇੰਦਾ। ਸ਼ਬਦ ਵਸਤ ਅਨਮੁਲੜੀ ਦੇਵੇ ਨਾ ਕੋਈ ਤੋਲੇ ਤੋਲ, ਤੋਲਣਹਾਰਾ ਨਜ਼ਰ ਕੋਇ ਨਾ ਆਇੰਦਾ। ਸਤਿ ਸਤਿਵਾਦੀ ਬੋਧ ਅਗਾਧੀ ਸਚਖੰਡ ਨਿਵਾਸੀ ਬੈਠਾ ਰਹੇ ਅਡੋਲ, ਧੁਰ ਫ਼ਰਮਾਣਾ ਸਾਚਾ ਰਾਣਾ ਏਕਾ ਏਕ ਸੁਣਾਇੰਦਾ। ਜਨ ਭਗਤਾਂ ਅੰਦਰ ਕਾਇਆ ਮੰਦਰ ਅਨਹਦ ਨਾਦ ਵਜਾਏ ਢੋਲ, ਮਰਦੰਗਾ ਆਪਣੇ ਹੱਥ ਰਖਾਇੰਦਾ। ਅੰਮ੍ਰਿਤ ਆਤਮ ਪਰਮਾਤਮ ਪਿਆਏ ਪੌਲ, ਨਿਝਰ ਝਿਰਨਾ ਆਪ ਝਿਰਾਇੰਦਾ। ਇਕ ਅਤੀਤਾ ਠਾਂਡਾ ਸੀਤਾ ਬਿਨ ਮੰਦਰ ਮਸੀਤਾ ਵਸੇ ਕੋਲ, ਸਚ ਦੁਆਰੇ ਆਸਣ ਲਾਇੰਦਾ। ਦਿਵਸ ਰੈਣ ਰੈਣ ਦਿਵਸ ਸੁਰਤੀ ਸ਼ਬਦ ਕਰੇ ਚੋਲ੍ਹ, ਸੇਜ ਸੁਹੰਜਣੀ ਜੋਤ ਨਿਰੰਜਣੀ ਪੁਰਖ ਅਬਿਨਾਸ਼ਾ ਖੇਲ ਤਮਾਸ਼ਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਆਪੇ ਭੋਗੀ ਭੋਗ ਬਿਲਾਸਾ, ਆਪੇ ਜਾਣੇ ਆਪਣੀ ਰਾਸਾ, ਆਪੇ ਅੰਤਰ ਕਰ ਕਰ ਵਾਸਾ, ਆਪੇ ਬਣ ਬਣ ਦਾਈ ਦਾਇਆ ਸੇਵ ਕਮਾਇੰਦਾ। ਭਗਤ ਭਗਵੰਤ ਇਕ ਧਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਜੁਗਤ ਜਗ ਜੀਵਣ ਜੀਵਤ ਆਪਣੇ ਹੱਥ ਰਖਾਇੰਦਾ।