Granth 11 Likhat 135: 11 Chet 2019 Bikarmi Pind Chambal Sangat Jila Amritsar

੧੧ ਚੇਤ ੨੦੧੯ ਬਿਕ੍ਰਮੀ ਪਿੰਡ ਚੰਬਲ ਸੰਗਤ ਜ਼ਿਲਾ ਅੰਮ੍ਰਿਤਸਰ

ਕਿਰਪਾ ਕਰੇ ਗੁਣ ਨਿਧਾਨ, ਹਰਿ ਜੂ ਆਪਣੀ ਦਇਆ ਕਮਾਇੰਦਾ। ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਸੁਣਾਇੰਦਾ। ਬੋਧ ਅਗਾਧਾ ਇਕ ਗਿਆਨ, ਅੱਖਰ ਵੱਖਰ ਆਪ ਪਰਗਟਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਘਟ ਘਟ ਆਪਣਾ ਫੇਰਾ ਪਾਇੰਦਾ। ਸੰਤ ਸੁਹੇਲੇ ਦੇਵੇ ਮਾਣ, ਭਗਤ ਭਗਵੰਤ ਮੇਲ ਮਿਲਾਇੰਦਾ। ਗੁਰਮੁਖਾਂ ਦੇਵੇ ਇਕ ਧਿਆਨ ਆਤਮ ਨੇਤਰ ਇਕ ਖੁਲ੍ਹਾਇੰਦਾ। ਗੁਰਸਿਖਾਂ ਹੋਏ ਜਾਣੀ ਜਾਣ, ਆਪਣੀ ਬੂਝ ਆਪ ਬੁਝਾਇੰਦਾ। ਕਿਰਪਾ ਕਰੇ ਵਡ ਮਿਹਰਵਾਨ, ਦੀਨ ਦਿਆਲ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਨਿਰੰਕਾਰਾ, ਜੁਗ ਕਰਤਾ ਆਪ ਜਣਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਜੁਗ ਚੌਕੜੀ ਕਰੇ ਕਰਾਏ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਲਹਿਣਾ ਦੇਣਾ ਜਾਣੇ ਗੁਰ ਅਵਤਾਰਾ, ਪੀਰ ਪੈਗ਼ੰਬਰ ਭੇਵ ਚੁਕਾਈਆ। ਅਕਾਸ਼ ਪਰਕਾਸ਼ ਜਾਣੇ ਰਵ ਸਸ ਸਿਤਾਰਾ, ਮੰਡਲ ਮੰਡਪ ਵੇਖ ਵਖਾਈਆ। ਜ਼ਿਮੀ ਅਸਮਾਨ ਵੇਖੇ ਅਖਾੜਾ, ਬ੍ਰਹਿਮੰਡ ਖੰਡ ਦੋ ਜਹਾਨ ਆਪਣਾ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣੇ ਧਾਰਾ, ਆਦਿ ਜੁਗਾਦਿ ਵਡ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪਾਵੇ ਸਾਰਾ, ਅੰਜੀਲ ਕੁਰਾਨ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਆਦਿ ਜੁਗਾਦਿ ਕਰਾਇੰਦਾ। ਜੁਗਾ ਜੁਗੰਤਰ ਦੇ ਸਹਾਰਾ, ਲੱਖ ਚੁਰਾਸੀ ਅੰਗ ਲਗਾਇੰਦਾ। ਨਾਦ ਸ਼ਬਦ ਬੋਲ ਜੈਕਾਰਾ, ਧੁਨ ਅਨਾਦੀ ਨਾਦ ਸੁਣਾਇੰਦਾ। ਲਿਖ ਲਿਖ ਲੇਖ ਅਪਰ ਅਪਾਰਾ, ਲੋਕਮਾਤ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਾਰ ਕਰੇ ਕਰਤਾਰ, ਕਰਤਾ ਪੁਰਖ ਸੇਵ ਕਮਾਈਆ। ਸੇਵਕ ਲਾਏ ਗੁਰ ਅਵਤਾਰ, ਸਤਿਗੁਰ ਆਪਣੀ ਬੂਝ ਬੁਝਾਈਆ। ਸ਼ਬਦ ਅਗੰਮੀ ਵਸਤ ਨਿਆਰ, ਲੋਕਮਾਤ ਮਾਤ ਵਰਤਾਈਆ। ਹੁਕਮੀ ਹੁਕਮ ਖੇਲ ਨਿਆਰ, ਖੇਲਣਹਾਰ ਇਕ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਬੰਨ੍ਹੇ ਧਾਰ, ਕਲਜੁਗ ਆਪਣਾ ਰੰਗ ਰੰਗਾਈਆ। ਜੁਗ ਚੌਕੜੀ ਕੋਟਨ ਕੋਟ ਵਾਰ, ਕੋਟਨ ਕੋਟੀ ਰੂਪ ਵਟਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦਰ ਬੈਠੇ ਸੀਸ ਝੁਕਾਈਆ। ਕੋਟਨ ਕੋਟ ਮੰਗਣ ਨੇਤਰ ਨੈਣ ਦਰਸ ਦੀਦਾਰ, ਚਰਨ ਕਵਲ ਧਿਆਨ ਲਗਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੇ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਬੇਅੰਤ ਗਏ ਸਮਝਾਈਆ। ਸਚਖੰਡ ਵਸੇ ਆਪ ਨਿਰੰਕਾਰ, ਤਖ਼ਤ ਨਿਵਾਸੀ ਸੋਭਾ ਪਾਈਆ। ਥਿਰ ਘਰ ਸ਼ਬਦ ਦੁਲਾਰਾ ਦੇਵੇ ਵਾੜ, ਸਿਰ ਆਪਣਾ ਹੱਥ ਟਿਕਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਲੋਕ ਪਰਲੋਕ ਆਪੇ ਵੇਖੇ ਸਚ ਅਖਾੜ, ਜਗਤ ਅਖਾੜਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਸ੍ਰੀ ਭਗਵਾਨਾ, ਆਦਿ ਜੁਗਾਦਿ ਕਰਾਇੰਦਾ। ਜੁਗਾ ਜੁਗੰਤਰ ਸਤਿ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਗੁਰ ਅਵਤਾਰਾਂ ਧੁਰ ਫ਼ਰਮਾਣਾ, ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਬੋਧ ਅਗਾਧੀ ਇਕ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਇੰਦਾ। ਨਿਰਗੁਣ ਸਰਗੁਣ ਵਖਾਏ ਇਕ ਮਕਾਨਾ, ਕਾਇਆ ਮੰਦਰ ਆਪ ਸੁਹਾਇੰਦਾ। ਦੀਆ ਬਾਤੀ ਕਮਲਾਪਾਤੀ ਆਪ ਜਗਾਏ ਮਹਾਨਾ, ਤੇਲ ਬੱਤੀ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਵਰਨ ਬਰਨ ਫੜਾਏ ਪਲੜਾ, ਜਾਤ ਪਾਤ ਦਏ ਅਧਾਰ। ਰਾਜ ਰਾਜਾਨਾ ਸ਼ਾਹ ਸੁਲਤਾਨਾ ਸਚ ਸੰਦੇਸ ਘੱਲੜਾ, ਧੁਰ ਦੀ ਬਾਣੀ ਧੁਰ ਦੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਜੁਗ ਚਾਰ। ਜੁਗ ਚਾਰ ਲੇਖਾ ਅਪਾਰਾ, ਵੇਦ ਸ਼ਾਸਤਰ ਸਿਮਰਤ ਦੇਣ ਗਵਾਹੀਆ। ਨਿਰਗੁਣ ਸਰਗੁਣ ਲਏ ਅਵਤਾਰਾ, ਰੂਪ ਅਨੂਪ ਧਰਾਈਆ। ਸ਼ਬਦ ਅਨਾਦੀ ਬੋਲ ਜੈਕਾਰਾ, ਲਿਖ ਲਿਖ ਲੇਖ ਮਾਤ ਵਖਾਈਆ। ਭਗਤਾਂ ਖੋਲ੍ਹੇ ਬੰਦ ਕਿਵਾੜਾ, ਬੰਦੀਖਾਨਾ ਦਏ ਤੁੜਾਈਆ। ਸੰਤਾਂ ਦੇਵੇ ਨਾਮ ਖ਼ੁਮਾਰਾ, ਸ਼ਬਦ ਖ਼ੁਮਾਰੀ ਇਕ ਰਖਾਈਆ। ਗੁਰਮੁਖਾਂ ਬਖ਼ਸ਼ੇ ਚਰਨ ਦੁਆਰਾ, ਚਰਨ ਸਰਨ ਸੱਚੀ ਸਰਨਾਈਆ। ਗੁਰਸਿਖਾਂ ਦੇਵੇ ਇਕ ਅਧਾਰਾ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਕੋਟਨ ਕੋਟ ਕਾਲ ਬਿਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪ ਵੰਡਾਈਆ। ਸਾਚੀ ਵੰਡਣ ਵੰਡੇ ਵੰਡ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਆਪਣਾ ਖੇਲ ਕਰਾਇੰਦਾ, ਚਾਰ ਜੁਗ ਚਾਰ ਵੇਦ ਚਾਰ ਖਾਣੀ ਚਾਰ ਬਾਣੀ ਸੁਣਾਏ ਛੰਦ, ਢੋਲਾ ਸੋਹਲਾ ਏਕਾ ਗਾਇੰਦਾ। ਚਾਰ ਵਰਨ ਚਾਰ ਕੁੰਟ ਚਾਰ ਯਾਰੀ ਖੇਲ ਕਰੇ ਬਖ਼ਸ਼ੰਦ, ਭੇਵ ਅਭੇਦ ਨਾ ਕੋਇ ਜਣਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਖੇਲ ਮਹਾਨਾ ਜੁਗ ਚੌਕੜੀ ਆਪੇ ਵੰਡ, ਕੋਟਨ ਕੋਟ ਨਾਉਂ ਪਰਗਟਾਇੰਦਾ। ਆਤਮ ਪਰਮਾਤਮ ਜਨ ਭਗਤਾਂ ਦੇਵੇ ਇਕ ਅਨੰਦ, ਦੂਸਰ ਹੱਥ ਕਿਸੇ ਨਾ ਆਇੰਦਾ। ਲੱਖ ਚੁਰਾਸੀ ਦੂਈ ਦਵੈਤੀ ਹਉਮੇ ਹੰਗਤਾ ਭਰਮਾਂ ਕੰਧ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਤ੍ਰੈਗੁਣ ਮਾਇਆ ਬੰਦੀ ਬੰਦ, ਪੰਜ ਤੱਤ ਵਿਕਾਰਾ ਕਰੇ ਅੰਧ, ਨੇਤਰ ਗਿਆਨ ਨਾ ਕੋਇ ਖੁਲ੍ਹਾਇੰਦਾ। ਗੁਰ ਕਾ ਸ਼ਬਦ ਨਾ ਬੱਤੀ ਦੰਦ, ਰਸਨਾ ਜਿਹਵਾ ਝੂਠਾ ਗੰਦ, ਆਤਮ ਰਸ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖਣਹਾਰਾ, ਸਚਖੰਡ ਵਸੇ ਸੱਚਾ ਮਾਹੀਆ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜਾਤਾ ਵੇਸ ਵਟਾਈਆ। ਲੱਖ ਚੁਰਾਸੀ ਪਾਵੇ ਸਾਰਾ, ਦਰ ਦਰ ਘਰ ਘਰ ਫੇਰਾ ਪਾਈਆ। ਰਾਗੀ ਨਾਦੀ ਵਸੇ ਬਾਹਰਾ, ਵੇਦ ਕਤੇਬ ਰਹੇ ਜਸ ਗਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਜੁਗ ਚੌਕੜੀ ਮੰਗਦੇ ਆਏ ਵਾਰੋ ਵਾਰਾ, ਬਣ ਭਿਖਕ ਝੋਲੀ ਡਾਹੀਆ। ਦੇਵਣਹਾਰ ਵਸਤ ਹਰਿ ਥਾਰਾ, ਨਾਮ ਅਮੋਲਕ ਝੋਲੀ ਪਾਈਆ। ਰਸਨਾ ਜਿਹਵਾ ਬੋਲ ਜੈਕਾਰਾ, ਜੀਵ ਜੰਤ ਜੰਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਾ ਕੋਇ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਰਾਜ ਭੂਪ ਨਾ ਕੋਇ ਸਿਕਦਾਰਾ, ਸ਼ਾਹ ਪਾਤਸ਼ਾਹ ਨਜ਼ਰ ਕੋਇ ਨਾ ਆਇੰਦਾ। ਘਰ ਘਰ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰਾ, ਗੁਰ ਕਾ ਸ਼ਬਦ ਨਾ ਕੋਇ ਕਮਾਇੰਦਾ। ਪੰਜ ਤੱਤ ਤਪੇ ਅੰਗਿਆਰਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਲੱਗਾ ਅਖਾੜਾ, ਵਰਨ ਬਰਨ ਨਾਚ ਨਚਾਇੰਦਾ। ਊਚ ਨੀਚ ਰੋਵਣ ਜ਼ਾਰੋ ਜ਼ਾਰਾ, ਜਾਤ ਅਜਾਤੀ ਨਾ ਕੋਇ ਮਿਟਾਇੰਦਾ। ਧਰਮ ਨਾ ਦਿਸੇ ਕੋਇ ਦੁਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਕਾਲੀ ਰੈਣ, ਨੂਰ ਨਜ਼ਰ ਕੋਇ ਨਾ ਆਈਆ। ਨਾਤਾ ਤੁਟਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੰਗ ਨਾ ਕੋਇ ਰਖਾਈਆ। ਜੀਵਾਂ ਜੰਤਾਂ ਸਾਧਾ ਸੰਤਾਂ ਲਾੜੀ ਮੌਤ ਖਾਏ ਡੈਣ, ਮਾਇਆ ਮਮਤਾ ਰੂਪ ਵਟਾਈਆ। ਹਰਿ ਕਾ ਦਰਸ ਨਾ ਪੇਖੇ ਕੋਈ ਨੈਣ, ਦੋਏ ਦੋਏ ਲੋਚਣ ਰਹੇ ਸ਼ਰਮਾਈਆ। ਹਉਮੇ ਹੰਗਤਾ ਝੂਠੀ ਮਮਤਾ ਉਚੀ ਕੂਕ ਕੂਕ ਸਾਰੇ ਕਹਿਣ, ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਚੁਕਾਈਆ। ਕਲਜੁਗ ਅੰਤ ਅੰਧੇਰਾ ਅੰਧ, ਸਾਚਾ ਰੰਗ ਨਾ ਕੋਇ ਵਖਾਈਆ। ਰਸਨਾ ਜਿਹਵਾ ਖਾਏ ਗੰਦ, ਜੂਠ ਝੂਠ ਨਾਲ ਮਿਲਾਈਆ। ਸੁਰਤੀ ਸ਼ਬਦ ਨਾ ਮੁੱਕਿਆ ਪੰਧ, ਪਾਂਧੀ ਬਣ ਕੇ ਫੇਰਾ ਕੋਇ ਨਾ ਪਾਈਆ। ਗ੍ਰਹਿ ਗ੍ਰਹਿ ਵੜਿਆ ਇਕ ਘੁਮੰਡ, ਝੂਠਾ ਬੁਰਜ ਨਾ ਕੋਇ ਢਾਹੀਆ। ਚਾਰ ਵਰਨ ਪਾਇਨ ਡੰਡ, ਅਠਾਰਾਂ ਬਰਨ ਕਰਨ ਲੜਾਈਆ। ਪਾਰਬ੍ਰਹਮ ਤੇਰੀ ਘਰ ਘਰ ਵੰਡ, ਮੰਦਰ ਮਸਜਦ ਮੱਠ ਸ਼ਿਵਦਵਾਲੇ ਗੁਰੂਦੁਆਰ ਆਪਣਾ ਹੱਕ ਰਖਾਈਆ। ਆਤਮ ਸਭ ਦੀ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਆਏ ਨਿਰੰਕਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦੀ ਕਰੇ ਸਤਿ ਵਿਹਾਰਾ, ਸਾਚਾ ਮਾਰਗ ਇਕ ਲਗਾਇੰਦਾ। ਜਾਤ ਪਾਤ ਊਚ ਨੀਚ ਕੂੜੀ ਕਿਰਿਆ ਮੇਟ ਪਸਾਰਾ, ਸਾਚੀ ਧਾਰਾ ਇਕ ਬੰਧਾਇੰਦਾ। ਰਾਓ ਰੰਕਾਂ ਰਾਜ ਰਾਜਾਨਾ ਸ਼ਾਹ ਸੁਲਤਾਨਾ ਵਖਾਏ ਇਕ ਦੁਆਰਾ, ਧਰਮ ਦਵਾਰਾ ਆਪ ਇਕ ਬਣਾਇੰਦਾ। ਸ੍ਰਿਸ਼ਟ ਸਬਾਈ ਏਕਾ ਨਾਮ ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਆਪ ਸੁਣਾਇੰਦਾ। ਏਕਾ ਮੰਦਰ ਏਕਾ ਮੱਠ ਸ਼ਿਵਦਵਾਲਾ ਏਕਾ ਗੁਰੂਦੁਆਰਾ, ਗੁਰ ਗੁਰ ਆਪਣਾ ਰੂਪ ਧਰਾਇੰਦਾ। ਚਾਰ ਕੁੰਟ ਦਹਿ ਦਿਸ਼ਾ ਏਕਾ ਨੂਰ ਕਰੇ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਦ੍ਰਿੜਾਇੰਦਾ। ਆਪਣਾ ਨਾਮ ਏਕਾ ਏਕ, ਹਰਿ ਜੂ ਹਰਿ ਹਰਿ ਆਪ ਪਰਗਟਾਈਆ। ਸ੍ਰਿਸ਼ਟ ਸਬਾਈ ਦੇਵੇ ਟੇਕ, ਦੂਸਰ ਓਟ ਨਾ ਕੋਇ ਜਣਾਈਆ। ਸਰਬ ਜੀਆਂ ਕਰੇ ਬੁਧ ਬਿਬੇਕ, ਵਿਵੇਕੀ ਆਪਣਾ ਖੇਲ ਕਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਜਲਾਈਆ। ਪਿਛਲੀ ਮੇਟਣਹਾਰਾ ਰੇਖ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣੇ ਨੇਤਰ ਆਪੇ ਪੇਖ, ਪੇਖਤ ਪੇਖਤ ਖ਼ੁਸ਼ੀ ਮਨਾਈਆ। ਨਾਤਾ ਤੋੜੇ ਪੀਰ ਪੈਗ਼ੰਬਰ ਔਲੀਆ ਮੁੱਲਾ ਸ਼ੇਖ, ਮੁਸਾਇਕ ਕੋਇ ਨਜ਼ਰ ਨਾ ਆਈਆ। ਪੰਡਤ ਪਾਂਧਾ ਥੱਕਾ ਮਾਂਦਾ ਅੰਤਮ ਕਲਜੁਗ ਝੂਜੇ ਖੇਤ, ਆਪਣਾ ਬਲ ਨਾ ਕੋਇ ਧਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਚਾਰ ਵਰਨਾਂ ਕਰੇ ਏਕਾ ਹੇਤ, ਮਿਲ ਮਿਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਸਮਰਥ, ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਲਹਿਣਾ ਦੇਵੇ ਹੱਥ, ਸਤਿਜੁਗ ਆਪਣਾ ਰਾਹ ਚਲਾਇੰਦਾ। ਸ਼ਬਦ ਅਗੰਮੀ ਮਾਰਗ ਦੱਸ, ਸਾਚਾ ਮਾਰਗ ਆਪੇ ਪਾਇੰਦਾ। ਜਨ ਭਗਤਾਂ ਅੰਤਰ ਆਪੇ ਵਸ, ਹਰਿ ਜੂ ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਤੀਰ ਨਿਰਾਲਾ ਮਾਰੇ ਕਸ, ਮੁਖੀ ਤਿੱਖੀ ਬਜਰ ਕਪਾਟੀ ਆਪ ਤੁੜਾਇੰਦਾ। ਜੂਠ ਝੂਠ ਮਾਇਆ ਮਮਤਾ ਹਉਮੇ ਹੰਗਤਾ ਕਰੇ ਭੱਠ, ਜੋਤੀ ਅਗਨੀ ਲੰਬੂ ਲਾਇੰਦਾ। ਪੰਧ ਮੁਕਾਏ ਨੱਠ ਨੱਠ, ਕਲਜੁਗ ਅੰਤਮ ਵੇਖ ਵਖਾਇੰਦਾ। ਸਾਧ ਸੰਤ ਹਰਿ ਸੰਗਤ ਮੇਲਾ ਕਰ ਇਕੱਠ, ਏਕਾ ਅੱਖਰ ਆਪ ਪੜ੍ਹਾਇੰਦਾ। ਸਰਬ ਜੀਆਂ ਦਾ ਕਮਲਾਪਤ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਲੇਖੇ ਲਾਏ ਰੱਤੀ ਰਤ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਦੇਵੇ ਬ੍ਰਹਮ ਮਤ, ਮਨਮਤ ਡੇਰਾ ਢਾਇੰਦਾ। ਊਚ ਨੀਚ ਰਾਉ ਰੰਕ ਪੁਰਖ ਅਕਾਲ ਦਾ ਗਾਇਨ ਜਸ, ਜਸ ਵੇਦ ਪੁਰਾਨ ਨਾ ਕੋਇ ਸੁਣਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਸਚਖੰਡ ਦੁਆਰੇ ਰਿਹਾ ਵਸ, ਲੋਕਮਾਤ ਫੇਰਾ ਪਾਇੰਦਾ। ਜੁਗ ਚੌਕੜੀ ਨਵ ਨੌਂ ਚਾਰ ਕਰੇ ਪੂਰੀ ਆਸ, ਆਸਾ ਆਸਾ ਨਾਲ ਮਿਲਾਇੰਦਾ। ਜੋਤੀ ਜਾਤਾ ਪੁਰਖ ਅਬਿਨਾਸ਼ਾ ਨਿਰਗੁਣ ਨੂਰ ਕਰੇ ਪਰਕਾਸ਼, ਪੰਜ ਤੱਤ ਨਾ ਕੋਇ ਰਖਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਗੋਪੀ ਕਾਹਨ ਵਖਾਏ ਰਾਸ, ਬਣ ਬਣ ਨਟੂਆ ਸਾਂਗ ਵਰਤਾਇੰਦਾ। ਸੰਤ ਸੁਹੇਲਾ ਇਕ ਅਕੇਲਾ ਆਦਿ ਅੰਤ ਵਸੇ ਪਾਸ, ਜੁਗ ਜੁਗ ਵਿਛੜ ਕਦੇ ਨਾ ਜਾਇੰਦਾ। ਕਲਜੁਗ ਕੂੜੀ ਕਿਰਿਆ ਕਰੇ ਨਾਸ, ਸਤਿਜੁਗ ਸਾਚਾ ਰਾਹ ਚਲਾਇੰਦਾ। ਸੇਵਕ ਬਣ ਬਣ ਸੇਵਾ ਕਰੇ ਦਾਸੀ ਦਾਸ, ਪੁਰਖ ਅਬਿਨਾਸ਼ੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਲੋਕਮਾਤ, ਹਰਿ ਜੂ ਹਰਿ ਹਰਿ ਆਪ ਟਿਕਾਈਆ। ਨਾਮ ਨਿਧਾਨਾ ਦੇਵੇ ਦਾਤ, ਅਨਮੁਲੜੀ ਝੋਲੀ ਪਾਈਆ। ਆਦਿ ਜੁਗਾਦਿ ਸਦ ਵਸੇ ਸਾਥ, ਜੁਗ ਜੁਗ ਵਿਛੜ ਕਦੇ ਨਾ ਜਾਈਆ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਆਪਣੇ ਹੱਥ ਰਖਾਈਆ। ਸਤਿਜੁਗ ਸਾਚਾ ਧਰਨੀ ਧਰਨ, ਧਵਲ ਆਪ ਟਿਕਾਇੰਦਾ। ਜਨ ਭਗਤਾਂ ਖੋਲ੍ਹੇ ਹਰਨ ਫਰਨ, ਨੇਤਰ ਨੈਣ ਇਕ ਵਖਾਇੰਦਾ। ਨਾਤਾ ਛੁੱਟੇ ਵਰਨ ਬਰਨ, ਜੀਵਣ ਮੁਕਤ ਆਪ ਕਰਾਇੰਦਾ। ਭੈ ਚੁੱਕੇ ਵਰਨ ਬਰਨ, ਜਾਤ ਪਾਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਹੁਕਮੇ ਅੰਦਰ ਜੁਗ ਚਾਰਾ, ਜੁਗ ਚੌਕੜੀ ਆਪ ਭੁਵਾਇੰਦਾ। ਹੁਕਮੇ ਅੰਦਰ ਵੇਦ ਚਾਰਾ, ਬ੍ਰਹਮਾ ਵੇਤਾ ਲਿਖ ਲਿਖ ਸੀਸ ਝੁਕਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਕਰਨ ਪੁਕਾਰਾ, ਹੁਕਮੇ ਅੰਦਰ ਪੁਰਾਨ ਅਠਾਰਾਂ ਵੇਦ ਵਿਆਸਾ ਜਸ ਗਾਇੰਦਾ। ਹੁਕਮੇ ਅੰਦਰ ਗੀਤਾ ਗਿਆਨ ਦਏ ਸਹਾਰਾ, ਅਠ ਦਸ ਆਪਣਾ ਬੰਧਨ ਪਾਇੰਦਾ। ਹੁਕਮੇ ਅੰਦਰ ਅੰਜੀਲ ਕੁਰਾਨ ਲਾਏ ਨਾਅਰਾ, ਮਸਲਾ ਹੱਕ ਹੱਕ ਸਮਝਾਇੰਦਾ। ਹੁਕਮੇ ਅੰਦਰ ਨਾਨਕ ਨਿਰਗੁਣ ਬੋਲੇ ਸਤਿਨਾਮ ਜੈਕਾਰਾ, ਹੁਕਮੇ ਅੰਦਰ ਗੋਬਿੰਦ ਫਤਿਹ ਡੰਕਾ ਮਾਤ ਵਜਾਇੰਦਾ। ਹੁਕਮੇ ਅੰਦਰ ਥਿਰ ਰਹੇ ਨਾ ਕੋਇ ਵਿਚ ਸੰਸਾਰਾ, ਜੋ ਆਇਆ ਸੋ ਉਠ ਉਠ ਜਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਰਵ ਸਸ ਸੂਰਜ ਚੰਦ ਸਿਤਾਰਾ, ਜੰਗਲ ਜੂਹ ਉਜਾੜ ਸਮੁੰਦ ਸਾਗਰ ਸੇਵ ਕਮਾਇੰਦਾ। ਹੁਕਮੇ ਅੰਦਰ ਪੁਰਖ ਨਾਰਾ, ਹੁਕਮੇ ਅੰਦਰ ਨਿਰਗੁਣ ਸਰਗੁਣ ਧਾਰਾ, ਹੁਕਮੇ ਅੰਦਰ ਲੱਖ ਚੁਰਾਸੀ ਬੰਧਨ ਪਾਇੰਦਾ। ਹੁਕਮੇ ਅੰਦਰ ਘਾੜਨ ਘੜੇ ਬਣ ਠਠਿਆਰਾ, ਹੁਕਮੇ ਅੰਦਰ ਵੇਖੇ ਵਿਗਸੇ ਵੇਖਣਹਾਰਾ, ਹੁਕਮੇ ਅੰਦਰ ਭੰਨ ਵਖਾਇੰਦਾ। ਹੁਕਮੇ ਅੰਦਰ ਰਾਤੀ ਰੁਤੀ ਥਿਤੀ ਵਾਰਾ, ਹੁਕਮੇ ਅੰਦਰ ਘੜੀ ਪਲ ਦਿਵਸ ਰੈਣ ਕਰੇ ਵਿਚਾਰਾ, ਹੁਕਮੇ ਅੰਦਰ ਆਪਣੀ ਸੇਵਾ ਆਪ ਕਮਾਇੰਦਾ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਹੁਕਮੇ ਅੰਦਰ ਵੇਸ ਵਟਾਏ ਤੇਈ ਅਵਤਾਰਾ, ਹੁਕਮੇ ਅੰਦਰ ਅਠਾਰਾਂ ਭਗਤ ਵਜਾਏ ਨਗਾਰਾ, ਹੁਕਮੇ ਅੰਦਰ ਲੇਖਾ ਜਾਣੇ ਦਸ ਗੁਰੂ ਏਕਾ ਜੋਤ ਅਧਾਰਾ, ਜੋਤੀ ਜਾਤਾ ਆਪ ਅਖਵਾਇੰਦਾ। ਹੁਕਮੇ ਅੰਦਰ ਬਣ ਵਰਤਾਰਾ, ਹੁਕਮੇ ਅੰਦਰ ਖੋਲ੍ਹ ਕਿਵਾੜਾ, ਹੁਕਮੇ ਅੰਦਰ ਦੇਵਣਹਾਰਾ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਹੁਕਮੇ ਅੰਦਰ ਸ਼ਬਦ ਨਗਾਰਾ, ਹੁਕਮੇ ਅੰਦਰ ਬੋਧ ਅਗਾਧ ਲਿਖਾਰਾ, ਹੁਕਮੇ ਅੰਦਰ ਲਿਖ ਲਿਖ ਲੇਖਾ ਆਪ ਸਮਝਾਇੰਦਾ। ਹੁਕਮੇ ਅੰਦਰ ਕਲਜੁਗ ਅੰਤਮ ਪਰਗਟੇ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਹਰਿ ਕਾ ਭੇਵ ਨਾ ਕੋਇ ਸਕੇ ਪਾ, ਲੇਖਾ ਲਿਖਤ ਵਿਚ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਗਏ ਗਾ, ਅੰਤ ਆਪਣਾ ਸੀਸ ਝੁਕਾਈਆ। ਸਦਾ ਸੁਹੇਲਾ ਇਕ ਅਕੇਲਾ ਜੁਗ ਜੁਗ ਬਣੇ ਮਲਾਹ, ਬਣ ਖੇਵਟ ਖੇਟਾ ਫੇਰਾ ਪਾਈਆ। ਬਣ ਬਣ ਪਾਂਧੀ ਪੰਧ ਦਏ ਮੁਕਾ, ਥੱਕੀ ਮਾਂਦੀ ਸ੍ਰਿਸ਼ਟੀ ਲਏ ਜਗਾ ਨਾਮ ਹਲੂਣਾ ਇਕ ਲਗਾਈਆ। ਕਾਗੋਂ ਹੰਸ ਲਏ ਬਣਾ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾ, ਆਤਮ ਪਰਮਾਤਮ ਏਕਾ ਰੰਗ ਰੰਗਾਈਆ। ਲੱਖ ਚੁਰਾਸੀ ਵੇਖੇ ਫੇਰਾ ਪਾ, ਜਨ ਭਗਤਾਂ ਹੋਏ ਆਪ ਸਹਾ, ਆਵਣ ਜਾਵਣ ਬੰਧਨ ਦਏ ਤੁੜਾ, ਰਾਏ ਧਰਮ ਨਾ ਦਏ ਸਜਾਈਆ। ਸਾਚੇ ਧੰਦੇ ਦੇਵੇ ਲਾ, ਗੀਤ ਸੁਹਾਗੀ ਛੰਦੇ ਦਏ ਸੁਣਾ, ਰਾਗ ਅਨਾਦੀ ਇਕ ਅਲਾਈਆ। ਕਲਜੁਗ ਅੰਤਮ ਕੰਢੇ ਬੈਠੇ ਆ, ਚਾਰ ਵਰਨ ਦਿਸੇ ਨਾ ਕੋਇ ਮਲਾਹ, ਸ੍ਰਿਸ਼ਟ ਸਬਾਈ ਹੋਈ ਦੁਖਦਾਈ ਨੇਤਰ ਨੈਣਾਂ ਨੀਰ ਵਹਾਈਆ। ਕਿਸੇ ਨਾ ਪਕੜੇ ਕੋਈ ਬਾਂਹ, ਬੇੜੇ ਫੜ ਨਾ ਕੋਇ ਚੜ੍ਹਾਈਆ। ਨਾਤਾ ਤੁਟਾ ਪੁੱਤਰਾਂ ਮਾਂ, ਪਿਤਾ ਪੂਤ ਨਾ ਕੋਇ ਸਹਾਈਆ। ਇਕੋ ਭੁਲਿਆਂ ਹਰਿ ਕਾ ਨਾਂ, ਕਲਜੁਗ ਕਿਰਿਆ ਰਹੀ ਭੁਲਾਈਆ। ਕੋਈ ਖਾਏ ਸੂਰ ਕੋਈ ਖਾਏ ਗਾਂ, ਆਪਣਾ ਕੀਤਾ ਸਾਰੇ ਲੈਣ ਪਾਈਆ। ਪੁਰਖ ਅਬਿਨਾਸ਼ੀ ਰਾਏ ਧਰਮ ਹੱਥ ਛੁਰੀ ਰਿਹਾ ਫੜਾ, ਏਕਾ ਹੁਕਮ ਸੁਣਾਈਆ। ਝਟਕੇ ਵਾਲਿਆਂ ਦੇਣਾ ਝਟਕਾ, ਹਲਾਲੀ ਵਾਲਿਆਂ ਹਲਕਾ ਹਲਕਾ ਉਪਰ ਭਾਰ ਪਾਈਆ। ਤਰਸਾ ਤਰਸਾ ਕੱਢਣੀ ਜਾਨ, ਤਰਸ ਕਿਸੇ ਉਤੇ ਨਾ ਖਾਈਆ। ਕੋਈ ਗੁਰ ਪੀਰ ਅਵਤਾਰ ਅੱਗੇ ਹੋ ਨਾ ਸਕੇ ਛੁਡਾ, ਦੇਵੇ ਅੰਤ ਨਾ ਕੋਇ ਗਵਾਹੀਆ। ਨਾਨਕ ਹੁਕਮ ਗਏ ਭੁਲਾ, ਆਤਮ ਪਰਮਾਤਮ ਰੰਗ ਨਾ ਕੋਇ ਚੜ੍ਹਾਈਆ। ਅੰਤ ਸਭ ਨੇ ਹੋਣਾ ਫਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਲੱਗੇ ਮਾਤ, ਲਗਾਵਣਹਾਰਾ ਆਪ ਲਗਾਇੰਦਾ। ਹਰਿਜਨ ਵੇਖੇ ਮਾਰ ਝਾਤ, ਝਾਕੀ ਏਕਾ ਨੈਣ ਪੁਵਾਇੰਦਾ। ਨਾਤਾ ਤੋੜ ਜ਼ਾਤ ਪਾਤ, ਆਤਮ ਪਰਮਾਤਮ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਪੁਛੇ ਵਾਤ, ਬਾਤਨ ਜ਼ਾਹਰ ਪੜਦਾ ਲਾਹਿੰਦਾ। ਚਰਨ ਕਵਲ ਉਪਰ ਧਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਪੱਤਤ ਪੁਨੀਤ ਕਰੇ ਪਾਕੀ ਪਾਕ, ਸਿਰ ਆਪਣਾ ਹੱਥ ਟਿਕਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਲ ਮਿਲਾਏ ਸੱਜਣ ਸਾਕ, ਸਾਕਾ ਆਪਣਾ ਆਪ ਸੁਣਾਇੰਦਾ। ਸੋਹੰ ਸ਼ਬਦ ਭਵਿਖਤ ਵਾਕ, ਨਾਨਕ ਗੋਬਿੰਦ ਢੋਲਾ ਗਾਇੰਦਾ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਕਰੇ ਖੇਲ ਤਮਾਸ਼, ਆਪਣਾ ਚੋਲਾ ਆਪ ਬਦਲਾਇੰਦਾ। ਪੁਰਖ ਅੰਗਮੜਾ ਕਦੇ ਨਾ ਹੋਵੇ ਨਾਸ, ਜਨਮ ਮਰਨ ਵਿਚ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ ਪ੍ਰਿਥਮੀ ਅਕਾਸ਼, ਗਗਨ ਮੰਡਲ ਆਪਣਾ ਹੁਕਮ ਵਰਤਾਇੰਦਾ ।