Granth 11 Likhat 131: 10 Chet 2019 Bikarmi Makhan Singh de Greh Naurangabad Jila Amritsar

੧੦ ਚੇਤ ੨੦੧੯ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਹੁਕਮੇ ਅੰਦਰ ਤਖ਼ਤ ਰਾਜ, ਰਾਜ ਯੋਗ ਹੁਕਮੀ ਖੇਲ ਕਰਾਇੰਦਾ। ਹੁਕਮੇ ਅੰਦਰ ਬ੍ਰਹਿਮੰਡ ਕਾਜ, ਬ੍ਰਹਮ ਬ੍ਰਹਿਮਾਦ ਹੁਕਮੇ ਅੰਦਰ ਫਿਰਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਸਾਜਨ ਸਾਜ, ਘਟ ਘਟ ਅੰਦਰ ਆਪਣਾ ਹੁਕਮ ਵਰਤਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਰੱਖੇ ਲਾਜ, ਗੁਰ ਅਵਤਾਰ ਹੁਕਮੇ ਅੰਦਰ ਆਪ ਫਿਰਾਇੰਦਾ। ਹੁਕਮੇ ਅੰਦਰ ਸ਼ਬਦ ਅਗੰਮੀ ਸੁਣਾਏ ਅਵਾਜ਼, ਨਾਦ ਧੁਨ ਰਾਗ ਹੁਕਮੇ ਵਿਚ ਅਲਾਇੰਦਾ। ਹੁਕਮੇ ਅੰਦਰ ਖੇਲ ਤਮਾਸ਼, ਦੋ ਜਹਾਨ ਸ੍ਰੀ ਭਗਵਾਨ ਮੰਡਲ ਮੰਡਪ ਰਾਸ ਹੁਕਮੇ ਵਿਚ ਪੁਆਇੰਦਾ। ਹੁਕਮੇ ਅੰਦਰ ਸੂਰਜ ਚੰਦ ਪਰਕਾਸ਼, ਮੰਡਲ ਮੰਡਪ ਦੀਪ ਲੋਆਂ ਹੁਕਮੇ ਵਿਚ ਡਗਮਗਾਇੰਦਾ। ਹੁਕਮੇ ਅੰਦਰ ਪ੍ਰਿਥਮੀ ਅਕਾਸ਼, ਧਰਤ ਧਵਲ ਜਲ ਜਲ ਬਿੰਬ ਹੁਕਮੇ ਵਿਚ ਉਪਜਾਇੰਦਾ। ਹੁਕਮੇ ਅੰਦਰ ਆਦਿ ਜੁਗਾਦਿ ਕਰੇ ਬੰਦ ਖੁਲਾਸ, ਲੱਖ ਚੁਰਾਸੀ ਜੂਨ ਅਜੂਨ ਹੁਕਮੇ ਵਿਚ ਫਿਰਾਇੰਦਾ। ਹੁਕਮੇ ਅੰਦਰ ਘੜੇ ਭੰਨੇ ਕਰੇ ਨਾਸ, ਹੁਕਮੇ ਅੰਦਰ ਫੁਲ ਫੁਲਵਾੜੀ ਬਾਗ ਬਗੀਚਾ ਮਾਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਤਖ਼ਤ ਤਾਜ, ਤਖ਼ਤ ਨਿਵਾਸੀ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਭੂਪਤ ਰਾਜ, ਰਾਜਨ ਰਾਜ ਵੇਸ ਵਟਾਇੰਦਾ। ਹੁਕਮੇ ਅੰਦਰ ਚਲਾਏ ਜਹਾਜ, ਬਣ ਸੇਵਕ ਸੇਵ ਕਮਾਇੰਦਾ। ਹੁਕਮੇ ਅੰਦਰ ਰੱਖੇ ਲਾਜ, ਭਗਤ ਭਗਵੰਤ ਦਇਆ ਕਮਾਇੰਦਾ। ਹੁਕਮੇ ਅੰਦਰ ਰਿਹਾ ਭਾਜ, ਜੁਗ ਜੁਗ ਆਪਣਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਰਾਗ ਨਾਦ, ਹੁਕਮੇ ਅੰਦਰ ਧੁਨ ਸ਼ਨਵਾਈਆ। ਹੁਕਮੇ ਅੰਦਰ ਕੰਤ ਸੁਹਾਗ, ਹੁਕਮੇ ਅੰਦਰ ਰੰਡੇਪਾ ਆਪ ਹੰਢਾਈਆ। ਹੁਕਮੇ ਅੰਦਰ ਬਣ ਵੈਰਾਗ, ਵੈਰਾਗੀ ਆਪਣਾ ਖੇਲ ਕਰਾਈਆ। ਹੁਕਮੇ ਅੰਦਰ ਕਰ ਤਿਆਗ, ਤ੍ਰੈਗੁਣ ਅਤੀਤਾ ਬੈਠਾ ਮੁਖ ਛੁਪਾਈਆ। ਹੁਕਮੇ ਅੰਦਰ ਜਾਏ ਜਾਗ, ਆਲਸ ਨਿੰਦਰਾ ਹੁਕਮੇ ਵਿਚ ਰਖਾਈਆ। ਹੁਕਮੇ ਅੰਦਰ ਪੰਜ ਤੱਤ ਕਾਇਆ ਲਾਏ ਭਾਗ, ਗੁਰ ਪੀਰ ਅਵਤਾਰ ਪਰਗਟਾਈਆ। ਹੁਕਮੇ ਅੰਦਰ ਜੋਤੀ ਨੂਰ ਜਗੇ ਚਿਰਾਗ, ਘਟ ਘਟ ਦੀਪ ਕਰੇ ਰੁਸ਼ਨਾਈਆ। ਹੁਕਮੇ ਅੰਦਰ ਦੁਰਮਤ ਮੈਲ ਧੋਵੇ ਦਾਗ਼, ਹੁਕਮੇ ਅੰਦਰ ਮਮਤਾ ਮੋਹ ਮੋਹ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਵਰਤਾਈਆ । ਹੁਕਮੇ ਅੰਦਰ ਦੇਵਤ ਸੁਰ, ਸੁਰਪਤ ਹੁਕਮੀ ਸੇਵ ਕਮਾਇੰਦਾ। ਹੁਕਮੇ ਅੰਦਰ ਬਲ ਜ਼ੋਰ, ਬਲ ਬਾਵਨ ਵੇਖ ਵਖਾਇੰਦਾ। ਹੁਕਮੇ ਅੰਦਰ ਅਗੰਮੀ ਡੋਰ, ਸ਼ਬਦੀ ਸ਼ਬਦੀ ਤੰਦ ਬੰਧਾਇੰਦਾ। ਹੁਕਮੇ ਅੰਦਰ ਚੜ੍ਹੇ ਘੋੜ, ਸਚ ਸਿੰਘਾਸਣ ਆਸਣ ਲਾਇੰਦਾ। ਹੁਕਮੇ ਅੰਦਰ ਜਾਏ ਬਹੁੜ, ਲੋਕਮਾਤ ਫੇਰਾ ਪਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਕਾਇਆ ਕਵਰੀ ਫੋਲ ਫੁਲਾਇੰਦਾ। ਹੁਕਮੇ ਅੰਦਰ ਜਨਮ ਜਨਮ ਦੀ ਲੱਗੀ ਬੁਝਾਏ ਔੜ, ਜਨ ਭਗਤਾਂ ਅੰਮ੍ਰਿਤ ਮੇਘ ਬਰਸਾਇੰਦਾ । ਹੁਕਮੇ ਅੰਦਰ ਦੋ ਜਹਾਨਾਂ ਰਿਹਾ ਦੌੜ, ਬਣ ਪਾਂਧੀ ਪੰਧ ਮੁਕਾਇੰਦਾ। ਹੁਕਮੇ ਅੰਦਰ ਸਚਖੰਡ ਦੁਆਰੇ ਲਾਏ ਏਕਾ ਪੌੜ, ਸਾਚੇ ਮੰਦਰ ਆਪ ਬਹਾਇੰਦਾ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਹੁਕਮੇ ਅੰਦਰ ਰਾਗ ਗੀਤ, ਗੀਤ ਗੋਬਿੰਦ ਅਲਾਈਆ। ਹੁਕਮੇ ਅੰਦਰ ਖੇਲ ਅਨਡੀਠ, ਅਨਡਿਠੜੀ ਆਪ ਵਖਾਈਆ। ਹੁਕਮੇ ਅੰਦਰ ਆਪਣੀ ਰੀਤ, ਪੁਰਖ ਅਬਿਨਾਸ਼ੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨਾਈਆ। ਸਾਚਾ ਹੁਕਮ ਆਪੇ ਮੰਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਸਰਗੁਣ ਕਹੇ ਧੰਨ ਧੰਨ, ਰਸਨਾ ਜਿਹਵਾ ਨਾਲ ਮਿਲਾਇੰਦਾ। ਆਪਣਾ ਬੇੜਾ ਲਿਆ ਬੰਨ੍ਹ, ਬਣ ਖੇਵਟ ਪਾਰ ਲਗਾਇੰਦਾ। ਵਸਣਹਾਰਾ ਪੰਜ ਤੱਤ ਤਨ, ਗ੍ਰਹਿ ਮੰਦਰ ਆਪ ਸੁਹਾਇੰਦਾ। ਸਰਗੁਣ ਹੋ ਕੇ ਸਰਗੁਣ ਦੇਵੇ ਡੰਨ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਸਰਗੁਣ ਨਾਦ ਸਰਗੁਣ ਕੰਨ, ਨਿਰਗੁਣ ਆਪਣਾ ਨਾਮ ਜਣਾਇੰਦਾ। ਆਪੇ ਘੜੇ ਲਏ ਭੰਨ, ਘੜਨ ਭੰਨਣ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ। ਹੁਕਮ ਮਨਾਏ ਸ੍ਰੀ ਭਗਵਾਨ, ਆਦਿ ਜੁਗਾਦਿ ਵਡੀ ਵਡਿਆਈਆ। ਗੁਰ ਅਵਤਾਰ ਸੀਸ ਝੁਕਾਨ, ਨਿਉਂ ਨਿਉਂ ਸਰਨ ਸਰਨਾਈਆ। ਦਾਤਾ ਦਾਨੀ ਦੇਵੇ ਦਾਨ, ਨਾਮ ਵਸਤ ਅਮੋਲਕ ਝੋਲੀ ਪਾਈਆ। ਲੋਕਮਾਤ ਸਾਰੇ ਗਾਣ, ਵਾਹਵਾ ਵਡੀ ਤੇਰੀ ਵਡ ਵਡਿਆਈਆ। ਸਚ ਸੰਦੇਸਾ ਧੁਰ ਫ਼ਰਮਾਣ, ਏਕਾ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਆਪਣਾ ਖੇਲ ਵਰਤਾਈਆ। ਹੁਕਮੇ ਅੰਦਰ ਧੁਰ ਫ਼ਰਮਾਣਾ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਹੁਕਮੇ ਅੰਦਰ ਚਾਰੇ ਖਾਣੀ ਗਾਏ ਗਾਣਾ, ਗਾ ਗਾ ਅੰਤ ਨਾ ਕੋਇ ਕਰਾਇੰਦਾ। ਹੁਕਮੇ ਅੰਦਰ ਰਾਜਾ ਰਾਣਾ, ਸ਼ਾਹ ਸੁਲਤਾਨ ਸੀਸ ਨਿਵਾਇੰਦਾ। ਹੁਕਮੇ ਅੰਦਰ ਮੰਨਣਾ ਭਾਣਾ, ਹਰਿ ਭਾਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣਾ ਸੀਸ ਝੁਕਾਇੰਦਾ। ਹੁਕਮੇ ਅੰਦਰ ਤਖ਼ਤ ਚੜ੍ਹ ਆਪਣਾ ਬਲ ਧਰਾਈਆ। ਹੁਕਮੇ ਅੰਦਰ ਸਰਨੀ ਪੜ੍ਹ, ਸੀਸ ਸੀਸ ਨਿਵਾਈਆ। ਹੁਕਮੇ ਅੰਦਰ ਅੱਗੇ ਖੜ, ਸਵੱਛ ਸਰੂਪੀ ਦਰਸ ਦਿਖਾਈਆ। ਹੁਕਮੇ ਅੰਦਰ ਮੰਗੇ ਵਰ, ਦੋਏ ਜੋੜ ਝੋਲੀ ਡਾਹੀਆ। ਹੁਕਮੇ ਅੰਦਰ ਆਪੇ ਪੜ੍ਹ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਹੁਕਮੇ ਅੰਦਰ ਮੰਨੇ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਉਪਰ ਲਗਾਈਆ। ਆਪਣਾ ਹੁਕਮ ਦੇਵੇ ਆਪ, ਆਪਣੀ ਦਇਆ ਕਮਾਇੰਦਾ। ਆਪਣੇ ਹੁਕਮ ਅੰਦਰ ਜਪੇ ਜਾਪ, ਆਪਣਾ ਨਾਉਂ ਆਪ ਪਰਗਟਾਇੰਦਾ। ਆਪਣੇ ਹੁਕਮੇ ਅੰਦਰ ਕਰੇ ਵਡ ਪਰਤਾਪ, ਜੋਤੀ ਸ਼ਬਦੀ ਖੇਲ ਕਰਾਇੰਦਾ। ਆਪਣੇ ਹੁਕਮੇ ਅੰਦਰ ਬਣੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਆਪਣੇ ਹੁਕਮੇ ਅੰਦਰ ਕਰੇ ਪੂਜਾ ਪਾਠ, ਬਿਨ ਰਸਨਾ ਜਿਹਵਾ ਗੁਣ ਗੁਣ ਗਾਇੰਦਾ। ਆਪਣੇ ਹੁਕਮੇ ਅੰਦਰ ਕਰੇ ਪਰਕਾਸ਼, ਅਜੂਨੀ ਰਹਿਤ ਨੂਰੋ ਨੂਰ ਡਗਮਗਾਇੰਦਾ। ਆਪਣੇ ਹੁਕਮੇ ਅੰਦਰ ਖੇਲੇ ਖੇਲ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਇੰਦਾ। ਆਪਣੇ ਹੁਕਮੇ ਅੰਦਰ ਪੂਰੀ ਕਰੇ ਆਸ, ਗੁਰ ਅਵਤਾਰ ਆਪਣੀ ਝੋਲੀ ਪਾਇੰਦਾ। ਆਪਣੇ ਹੁਕਮੇ ਅੰਦਰ ਘਟ ਘਟ ਅੰਦਰ ਰੱਖੇ ਵਾਸ, ਲੱਖ ਚੁਰਾਸੀ ਆਪਣਾ ਬੰਧਨ ਪਾਇੰਦਾ। ਆਪਣੇ ਹੁਕਮੇ ਅੰਦਰ ਪਵਣੀ ਪਵਣ ਚਲੇ ਸਵਾਸ, ਰਸਨਾ ਜਿਹਵਾ ਨਾਲ ਮਿਲਾਇੰਦਾ। ਆਪਣੇ ਹੁਕਮੇ ਅੰਦਰ ਨਿਰਗੁਣ ਸਰਗੁਣ ਬਣਾਏ ਸਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਸਿਰ ਰਖਾਇੰਦਾ। ਆਪਣਾ ਹੁਕਮ ਆਪੇ ਦੇ, ਆਪੇ ਸੀਸ ਝੁਕਾਈਆ। ਹੁਕਮੇ ਅੰਦਰ ਲਾਏ ਨੇਂਹ, ਸਾਚਾ ਸੰਗ ਆਪ ਨਿਭਾਈਆ। ਹੁਕਮੇ ਅੰਦਰ ਅੰਮ੍ਰਿਤ ਬਰਸੇ ਮੇਹ, ਮੇਘਲਾ ਆਪਣੀ ਇਛਿਆ ਲਏ ਪਰਗਟਾਈਆ। ਹੁਕਮੇ ਅੰਦਰ ਲੱਖ ਚੁਰਾਸੀ ਕਰੇ ਥੇਹ, ਜਗਤ ਠੀਕਰ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸਿਰ ਆਪਣੇ ਆਪ ਚਲਾਈਆ। ਆਪਣੇ ਸਿਰ ਆਪਣਾ ਹੁਕਮ ਹਰਿ ਜਗਦੀਸ, ਆਦਿ ਜੁਗਾਦਿ ਲਗਾਇੰਦਾ। ਜੁਗ ਜੁਗ ਆਪਣਾ ਪੀਸਨ ਪੀਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਚੱਕੀ ਆਪ ਚਲਾਇੰਦਾ। ਖਾਣੀ ਬਾਣੀ ਜਗਤ ਹਦੀਸ, ਰਸਨਾ ਜਿਹਵਾ ਆਪ ਸੁਣਾਇੰਦਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਹੁਕਮੇ ਅੰਦਰ ਤਾਜ ਪਹਿਨਾਏ ਸੀਸ, ਹੁਕਮੇ ਅੰਦਰ ਅੰਤਮ ਖ਼ਾਕੀ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪੇ ਮੰਨ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਹੁਕਮ ਮੰਨੇ ਨਿਰੰਕਾਰ, ਸਦ ਭਾਣੇ ਵਿਚ ਸਮਾਈਆ। ਸਾਚਾ ਹੁਕਮ ਦੇਵੇ ਸੱਚੀ ਸਰਕਾਰ, ਸ਼ਬਦੀ ਸ਼ਬਦ ਸ਼ਬਦ ਉਠਾਈਆ। ਧੁਰ ਫ਼ਰਮਾਣਾ ਇਕ ਜੈਕਾਰ, ਵਿਸ਼ਨ ਬ੍ਰਹਮਾ ਸ਼ਿਵ ਦਏ ਹਿਲਾਈਆ। ਬੋਧ ਅਗਾਧੀ ਹੋ ਉਜਿਆਰ, ਤ੍ਰੈ ਤ੍ਰੈ ਲੇਖਾ ਦਏ ਮੁਕਾਈਆ। ਸਾਚੀ ਸਾਖੀ ਵਿਚ ਸੰਸਾਰ, ਗੁਰ ਅਵਤਾਰ ਕਰੇ ਪੜ੍ਹਾਈਆ। ਲਹਿਣਾ ਦੇਣਾ ਬਾਕੀ ਅੰਤਮ ਵਾਰ, ਲੱਖ ਚੁਰਾਸੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹੁਕਮੇ ਅੰਦਰ ਗੁਰ ਅਵਤਾਰ ਸੇਵ ਕਮਾਈਆ। ਆਪਣਾ ਹੁਕਮ ਦੇਵੇ ਬਲਵਾਨਾ, ਬਲ ਆਪਣਾ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨਾ, ਹਰ ਘਟ ਬੈਠਾ ਆਸਣ ਲਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਵਡ ਮਰਦਾਨਗੀ ਆਪ ਵਖਾਈਆ। ਆਦਿ ਜੁਗਾਦੀ ਸਾਚਾ ਕਾਹਨਾ, ਸਤਿ ਸਰੂਪੀ ਵਡ ਵਡਿਆਈਆ। ਨਿਹਕਰਮੀ ਕਲਜੁਗ ਕਰਮ ਰਖਾਏ ਆਪਣੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਗਟ ਹੋ ਸ੍ਰੀ ਭਗਵਾਨਾ, ਸਭ ਦਾ ਲੇਖਾ ਦਏ ਚੁਕਾਈਆ। ਆਪਣੇ ਹੱਥ ਰੱਖੇ ਆਵਣ ਜਾਣਾ, ਜੀਵਣ ਮਰਨ ਖੇਲ ਕਰਾਈਆ। ਹਰਿਜਨ ਵੇਖੇ ਚਤੁਰ ਸੁਜਾਨਾ, ਨਾਮ ਗਿਆਨਾ ਇਕ ਸਮਝਾਈਆ। ਭਗਤ ਭਗਵੰਤ ਕਰ ਪਰਧਾਨਾ, ਧੁਰ ਪਰਵਾਨਾ ਹੱਥ ਫੜਾਈਆ। ਹੁਕਮੇ ਅੰਦਰ ਸਚ ਨਿਸ਼ਾਨਾ, ਲੋਕਮਾਤ ਮਾਤ ਝੁਲਾਈਆ। ਹੁਕਮੇ ਅੰਦਰ ਭਗਤ ਮਕਾਨਾ, ਸਾਢੇ ਤਿੰਨ ਤਿੰਨ ਵੰਡ ਵੰਡਾਈਆ। ਛੱਤੀ ਜੁਗ ਲੇਖੇ ਲਾਣਾ, ਰਾਗ ਛਤੀਸਾ ਨਾਲ ਮਿਲਾਈਆ। ਹੁਕਮੇ ਅੰਦਰ ਪਰਗਟ ਹੋ ਸ੍ਰੀ ਭਗਵਾਨਾ, ਆਪਣਾ ਹੁਕਮ ਆਪ ਚਲਾਈਆ। ਹੁਕਮੇ ਅੰਦਰ ਚਾਰ ਜੁਗ ਚੌਕੜੀ ਦੇਦਾਂ ਰਿਹਾ ਗਿਆਨਾ, ਆਪਣਾ ਨਾਉਂ ਆਪ ਸਮਝਾਈਆ। ਹੁਕਮੇ ਅੰਦਰ ਕਲਜੁਗ ਅੰਤਮ ਖੇਲ ਕਰੇ ਮਹਾਨਾ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਆਪਣਾ ਹੁਕਮ ਸੁਣਾਏ ਆ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਨਿਹਕਲੰਕ ਜਾਮਾ ਪਾ, ਜਨ ਭਗਤਾਂ ਕਲੰਕ ਆਪ ਮਿਟਾਇੰਦਾ। ਰਾਮਾ ਕ੍ਰਿਸ਼ਨਾ ਚਰਨਾ ਹੇਠ ਰਖਾ, ਚਰਨ ਕਵਲ ਕਵਲ ਸਮਝਾਇੰਦਾ। ਹੁਕਮੇ ਅੰਦਰ ਈਸਾ ਮੂਸਾ ਮੰਗਣ ਪਨਾਹ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਨਾਨਕ ਨਿਰੰਕਾਰ ਤੂ ਹੀ ਤੂ ਹੀ ਰਿਹਾ ਗਾ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਹੁਕਮੇ ਅੰਦਰ ਗੋਬਿੰਦ ਪੁਰਖ ਅਕਾਲ ਰਿਹਾ ਧਿਆ, ਇਕੋ ਇਕੋ ਓਟ ਵਖਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨੀ ਅੰਜ਼ੀਲ ਕੁਰਾਨੀ ਲੇਖਾ ਗਿਆ ਲਿਖਾ, ਲਿਖ ਲਿਖ ਲੇਖ ਆਪ ਜਣਾਇੰਦਾ। ਹੁਕਮੇ ਅੰਦਰ ਪੀਰ ਪੈਗ਼ੰਬਰ ਸੇਵਾਦਾਰ ਬਣਾਏ ਆਪ ਖ਼ੁਦਾ, ਖ਼ਾਲਕ ਖ਼ਲਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਮਨਾਇੰਦਾ। ਧੁਰ ਫ਼ਰਮਾਣਾ ਮੰਨਣਾ ਪੈਣਾ, ਹਰਿ ਜੂ ਹਰਿ ਹਰਿ ਆਪ ਸੁਣਾਈਆ। ਪੁਰਖ ਅਬਿਨਾਸ਼ੀ ਸਾਚਾ ਕਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਜੁਗ ਦਾ ਦੇਣਾ ਦੇਣਾ, ਲਹਿਣਾ ਅਗਲਾ ਆਪਣੇ ਹੱਥ ਰਖਾਈਆ। ਆਪਣੇ ਨੇਤਰ ਵੇਖੋ ਨੈਣਾ, ਭਰਮੇ ਭੁੱਲੀ ਸਰਬ ਲੋਕਾਈਆ। ਸੂਰਬੀਰ ਬਲਵਾਨਾ ਲੋਕਮਾਤ ਅੰਤਮ ਢਹਿਣਾ, ਨਾ ਕੋਈ ਸਕੇ ਬਲ ਵਖਾਈਆ। ਲਾੜੀ ਮੌਤ ਖਾਏ ਡੈਣਾਂ, ਘਰ ਘਰ ਆਪਣਾ ਡੌਰੂ ਵਾਹੀਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਭਗਤ ਭਗਵੰਤ ਇਕੋ ਰਹਿਣਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਭਾਣਾ ਸਭ ਨੂੰ ਸਹਿਣਾ ਪੈਣਾ, ਪੁਰਖ ਅਬਿਨਾਸ਼ੀ ਹੁਕਮ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਨੇ ਕਹਿਣਾ, ਜੈ ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਹੁਕਮ ਸਰਗੁਣ ਰਿਹਾ ਮਨਾਈਆ।