੨੬ ਕੱਤਕ ੨੦੧੭ ਬਿਕ੍ਰਮੀ ਦਾਰਾ ਸਿੰਘ ਦੇ ਘਰ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ, ਪੁਰਖ ਅਬਿਨਾਸ਼ੀ ਇਕ ਅਖਵਾਇੰਦਾ। ਸ਼ਾਹੋ ਸ਼ਾਬਾਸੀ ਬੇਪਰਵਾਹ, ਨਿਰਗੁਣ ਨਿਰਵੈਰ ਨਾਉਂ ਰਖਾਇੰਦਾ। ਵਸਣਹਾਰਾ ਸਾਚੇ ਥਾਂ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦੀ ਕਰੇ ਇਕ ਨਿਆਂ, ਹੁਕਮ ਹਾਕਮ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਭਗਵੰਤਾ, ਆਪਣੀ ਰਚਨਾ ਆਪ ਰਚਾਇੰਦਾ। ਸ਼ਾਹ ਪਾਤਸ਼ਾਹ ਹਰਿ ਭਗਵਾਨਾ, ਪਰਮ ਪੁਰਖ ਵੱਡੀ ਵਡਿਆਈਆ। ਖੇਲੇ ਖੇਲ ਦੋ ਜਹਾਨਾ, ਜਾਗਰਤ ਜੋਤ ਕਰ ਰੁਸ਼ਨਾਈਆ। ਸ਼ਬਦ ਸੁਣਾਏ ਧੁਰ ਫ਼ਰਮਾਣਾ, ਬੋਧ ਅਗਾਧਾ ਆਪ ਅਲਾਈਆ। ਆਪੇ ਜਾਣੇ ਆਪਣਾ ਭਾਣਾ, ਸਦ ਭਾਣੇ ਹਰਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਹਿਨਸ਼ਾਹ ਸਚ ਦਰਬਾਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਬਣ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਵਰਤਣਹਾਰਾ ਸਤਿ ਵਰਤਾਰਾ, ਸਤਿ ਸਤਿਵਾਦੀ ਧਾਰ ਜਣਾਇੰਦਾ। ਏਕੰਕਾਰਾ ਬਣੇ ਘੜਨ ਭੰਨਣਹਾਰਾ, ਸਮਰਥ ਪੁਰਖ ਰੂਪ ਵਟਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਜੋਤ ਉਜਾਲਾ ਵੇਖ ਵਖਾਇੰਦਾ। ਸ੍ਰੀ ਭਗਵਾਨ ਦਰ ਦਰਬਾਰ ਬਣੇ ਭਿਖਾਰਾ, ਮੰਗਣਹਾਰਾ ਰੂਪ ਵਟਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਅਤੋਟ ਭੰਡਾਰਾ, ਅਤੁਟ ਆਪ ਵਰਤਾਇੰਦਾ। ਪਾਰਬ੍ਰਹਮ ਆਪੇ ਜਾਣੇ ਆਪਣੀ ਕਾਰਾ, ਕਰਨੀ ਕਿਰਤ ਕਰਤਾ ਪੁਰਖ ਆਪ ਕਰਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਲੋਕਮਾਤ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰਾ, ਤ੍ਰੈ ਤ੍ਰੈ ਲੇਖਾ ਬਹਿ ਸਮਝਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਗ੍ਰਹਿ ਮੰਦਰ ਆਪ ਵਜਾਇੰਦਾ। ਲੇਖਾ ਜਾਣੇ ਸ਼ਾਹ ਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪ ਖਲਾਇੰਦਾ। ਸ਼ਹਿਨਸ਼ਾਹ ਹਰਿ ਗ਼ਰੀਬ ਨਿਵਾਜ਼ਾ, ਮਹਿਮਾ ਅਕਥ ਕਥੀ ਨਾ ਜਾਈਆ। ਭੂਪਨ ਭੂਪ ਵਡ ਵਡ ਰਾਜਾ, ਰਾਜ ਰਾਜਾਨ ਇਕ ਅਖਵਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਿਆ ਕਾਜਾ, ਰਵ ਸਸ ਕਰੇ ਰੁਸ਼ਨਾਈਆ। ਆਦਿ ਜੁਗਾਦਿ ਫਿਰੇ ਭਾਜਾ, ਨਿਰਗੁਣ ਨਿਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵਡਾ ਵਡ ਵਡਿਆਈਆ। ਸ਼ਾਹ ਪਾਤਸ਼ਾਹ ਹਰਿ ਭਗਵੰਤ, ਦਰ ਘਰ ਸਾਚੇ ਸੋਭਾ ਪਾਇੰਦਾ। ਲੇਖਾ ਜਾਣੇ ਜੁਗਾਂ ਜੁਗੰਤ, ਜੁਗ ਚੌਕੜੀ ਵੰਡ ਵੰਡਾਇੰਦਾ। ਆਪਣੀ ਮਹਿਮਾ ਜਾਣੇ ਬੇਅੰਤ, ਲੇਖਾ ਲੇਖ ਨਾ ਕੋਇ ਵਖਾਇੰਦਾ। ਧਾਰ ਬੰਧਾਏ ਨਾਰੀ ਕੰਤ, ਨਰਾਇਣ ਸੇਜ ਸੁਹਾਇੰਦਾ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਹਰਿ ਪੁਰਖ ਨਿਰੰਜਣ ਆਪ ਅਖਵਾਇੰਦਾ। ਆਦਿ ਜੁਗਾਦੀ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਹੱਥ ਉਠਾਏ ਸਤਿ ਨਿਸ਼ਾਨਾ, ਸਚ ਦਰਬਾਰੇ ਆਪ ਝੁਲਾਇੰਦਾ। ਆਪੇ ਜਾਣੇ ਆਪਣਾ ਆਵਣ ਜਾਣਾ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਆਪ ਪਰਗਟਾਏ ਆਪਣਾ ਬਾਣਾ, ਅਨਭਵ ਆਪਣੀ ਜੋਤ ਡਗਮਗਾਇੰਦਾ। ਆਪੇ ਗਾਏ ਆਪਣਾ ਗਾਣਾ, ਤੁਰੀਆ ਰਾਗ ਨਾਦ ਵਜਾਇੰਦਾ। ਵਸਣਹਾਰਾ ਸਚ ਮਕਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਥਿਰ ਘਰ ਦੇਵਣਹਾਰਾ ਮਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਦਿ ਅੰਤ ਆਪਣਾ ਰੂਪ ਆਪ ਪਰਗਟਾਇੰਦਾ। ਸ਼ਾਹ ਪਾਤਸ਼ਾਹ ਪਾਰਬ੍ਰਹਮ, ਇਕ ਇਕੱਲਾ ਏਕੰਕਾਰਿਆ। ਨਾ ਮਰੇ ਨਾ ਪਏ ਜੰਮ, ਨਿਰਗੁਣ ਜੋਤ ਨੂਰ ਉਜਿਆਰਿਆ। ਗਗਨ ਪਾਤਾਲ ਰਹਾਏ ਬਿਨ ਬਿਨ ਥੰਮ, ਕਰੇ ਖੇਲ ਅਪਰ ਅਪਾਰਿਆ। ਸਾਚੇ ਮੰਦਰ ਵਸੇ ਬਿਨ ਛੱਪਰ ਛੰਨ, ਚਾਰ ਦੀਵਾਰ ਨਾ ਬਣਤ ਬਣਾ ਰਿਹਾ। ਨਾ ਕੋਈ ਜਨਨੀ ਜਣੇ ਜਨ, ਮਾਤ ਪਿਤ ਨਾ ਕੋਇ ਵਖਾ ਰਿਹਾ। ਆਪਣਾ ਬੇੜਾ ਆਪੇ ਬੰਨ੍ਹ, ਪੁਰਖ ਅਕਾਲ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸੀਸ ਤਾਜ ਆਪ ਸੁਹਾ ਲਿਆ। ਸ਼ਾਹ ਪਾਤਸ਼ਾਹ ਸੀਸ ਸੁਹਾਏ ਤਾਜ, ਇਕ ਇਕੱਲਾ ਵਡ ਵਡਿਆਈਆ। ਦੋ ਜਹਾਨਾਂ ਕਰੇ ਸਾਚਾ ਰਾਜ, ਸ਼ਹਿਨਸ਼ਾਹ ਬੇਪਰਵਾਹੀਆ। ਜੁਗਾ ਜੁਗੰਤਰ ਰਚ ਰਚ ਕਾਜ, ਨਿਰਗੁਣ ਸਰਗੁਣ ਰੂਪ ਵਟਾਈਆ। ਗੁਰੂਆਂ ਪੀਰਾਂ ਸਾਧਾਂ ਸੰਤਾਂ ਦੇਵਣਹਾਰਾ ਏਕਾ ਦਾਜ, ਨਾਮ ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਨੇਹਾਰਾ, ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਅਭੇਦਾ ਭੇਵ ਖੁਲ੍ਹਾਈਆ। ਸ਼ਾਹ ਪਾਤਸ਼ਾਹ ਹਰਿ ਦੀਨ ਦਿਆਲਾ, ਦਇਆਨਿਧ ਆਪ ਅਖਵਾਇੰਦਾ। ਏਕਾ ਵਸੇ ਸਚਖੰਡ ਸੱਚੀ ਧਰਮਸਾਲਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸੇਵਾ ਲਾਏ ਕਾਲ ਮਹਾਂਕਾਲਾ, ਜੁਗ ਚੌਕੜੀ ਗੇੜਾ ਆਪ ਦੁਆਇੰਦਾ। ਲੱਖ ਚੁਰਾਸੀ ਫੁਲ ਫਲਵਾੜੀ ਵੇਖੇ ਪਤ ਡਾਲ੍ਹਾ, ਨਵ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਸ਼ਬਦ ਅਗੰਮੀ ਬਣ ਦਲਾਲਾ, ਪਵਣ ਸਵਾਸੀ ਦਮੀ ਮੂਲ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋੜਨਹਾਰਾ ਜਗਤ ਜੰਜਾਲਾ, ਤ੍ਰੈਗੁਣ ਮਾਇਆ ਪੰਧ ਮੁਕਾਇੰਦਾ। ਸ਼ਾਹ ਪਾਤਸ਼ਾਹ ਹਰਿ ਸਾਚਾ ਸਤਿਗੁਰ, ਏਕਾ ਏਕ ਅਖਵਾਇੰਦਾ। ਲੇਖਾ ਜਾਣੇ ਲਿਖਿਆ ਧੁਰ, ਧੁਰ ਲੇਖਾ ਆਪ ਲਿਖਾਇੰਦਾ। ਜੁਗਾ ਜੁਗੰਤਰ ਦੋ ਜਹਾਨਾਂ ਲਾਏ ਏਕਾ ਪੌੜ, ਲੋਕ ਪਰਲੋਕ ਵੇਖ ਵਖਾਇੰਦਾ। ਵਸਣਹਾਰਾ ਅੰਧਘੋਰ, ਦੀਪਕ ਜੋਤ ਗਿਆਨ ਆਪੇ ਡਗਮਗਾਇੰਦਾ। ਲੇਖਾ ਜਾਣੇ ਪੰਜ ਚੋਰ, ਪੰਚਮ ਸ਼ਬਦ ਨਾਦ ਧੁਨ ਆਪ ਵਜਾਇੰਦਾ। ਪੰਚਮ ਨਾਤਾ ਆਪੇ ਜੋੜ, ਪੰਚਮ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਚਾ ਹਰਿ, ਰਾਜ ਰਾਜਾਨ ਇਕ ਅਖਵਾਇੰਦਾ। ਰਾਜ ਰਾਜਾਨਾ ਸ਼ਾਹੋ ਭੂਪ, ਸਤਿ ਪੁਰਖ ਵੱਡੀ ਵਡਿਆਈਆ। ਆਪਣਾ ਜਾਣੇ ਸਤਿ ਸਰੂਪ, ਮਹਿਮਾ ਕਹਿਣ ਨਾ ਜਾਈਆ। ਲੇਖਾ ਜਾਣੇ ਚਾਰੇ ਕੂਟ, ਚਾਰੇ ਜੁਗ ਫੋਲ ਫੁਲਾਈਆ। ਸ਼ਬਦ ਦੌੜਾਏ ਸਾਚਾ ਦੂਤ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਰੋ ਨੂਰ ਨੂਰ ਰੁਸ਼ਨਾਈਆ। ਨੂਰ ਉਜਾਲਾ ਹਰਿ ਗੋਪਾਲਾ, ਹਰਿ ਜੂ ਹਰਿ ਹਰਿ ਖੇਲ ਖਿਲਾਇੰਦਾ। ਜੁਗਾ ਜੁਗੰਤਰ ਬਣ ਦਲਾਲਾ, ਲੋਕਮਾਤ ਵੇਸ ਵਟਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖ਼ਾਲਾ, ਸਾਚਾ ਮਾਰਗ ਏਕਾ ਲਾਇੰਦਾ। ਗੁਰਮੁਖਾਂ ਚਲੇ ਨਾਲ ਨਾਲਾ, ਗੁਰਸਿਖ ਸਾਚੀ ਗੋਦ ਬਹਾਇੰਦਾ। ਏਕਾ ਦੇਵੇ ਨਾਮ ਸੱਚਾ ਧੰਨ ਮਾਲਾ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਗ਼ਰੀਬ ਨਿਮਾਣੇ ਫੋਲ ਫੁਲਾਇੰਦਾ । ਨਿਮਾਣਿਆਂ ਦੇਵੇ ਏਕਾ ਮਾਣਾ, ਆਪ ਚਲਾਏ ਆਪਣੇ ਭਾਣਾ, ਧੁਰ ਫ਼ਰਮਾਣਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪ ਖਲਾਇੰਦਾ। ਜੁਗ ਜੁਗ ਖੇਲ ਖਿਲਾਇੰਦਾ, ਗੁਰ ਸਤਿਗੁਰ ਲੈ ਅਵਤਾਰ। ਲੋਕਮਾਤ ਵੇਖ ਵਖਾਇੰਦਾ, ਨਿਰਗੁਣ ਸਰਗੁਣ ਪਾਵੇ ਸਾਰ। ਵੇਲਾ ਵਕਤ ਆਪਣੇ ਹੱਥ ਰਖਾਇੰਦਾ, ਕੋਇ ਨਾ ਜਾਣੇ ਥਿਤ ਵਾਰ। ਗੁਰ ਪੀਰ ਅਵਤਾਰ ਆਪ ਪਰਗਟਾਇੰਦਾ, ਆਪੇ ਦੇਵਣਹਾਰਾ ਸਚ ਸਹਾਰ। ਭਗਤ ਭਗਵੰਤ ਖੇਲ ਖਿਲਾਇੰਦਾ, ਸੰਤ ਸਾਜਣ ਲਏ ਉਭਾਰ। ਗੁਰਮੁਖ ਸਾਚੇ ਰੰਗ ਰੰਗਾਇੰਦਾ, ਉਤਰ ਨਾ ਜਾਏ ਵਿਚ ਸੰਸਾਰ। ਗੁਰਸਿਖ ਏਕਾ ਦਰਸ ਦਿਖਾਇੰਦਾ, ਤ੍ਰਿਸ਼ਨਾ ਭੁੱਖ ਦਏ ਨਵਾਰ। ਅਰਸ਼ ਫ਼ਰਸ਼ ਚਾਰ ਕੁੰਟ ਦਹਿ ਦਿਸ਼ਾ ਆਪਣੀ ਵੰਡ ਆਪ ਵੰਡਾਇੰਦਾ, ਬ੍ਰਹਿਮੰਡ ਖੰਡ ਵੰਡਣਹਾਰ। ਜੁਗ ਚੌਕੜੀ ਪੰਧ ਮੁਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਸਾਚੀ ਕਾਰ। ਆਦਿ ਜੁਗਾਦਿ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਸਤਿਜੁਗ ਤ੍ਰੇਤਾ ਦਵਾਪਰ ਨਿਰਗੁਣ ਸਰਗੁਣ ਧਰ ਧਰ ਆਪੇ ਅਵਤਾਰ, ਮਾਣਸ ਮਾਨੁਖ ਪੰਛੀ ਪਸੂ ਰੂਪ ਵਟਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਇਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਲੇਖਾ ਆਪਣੇ ਹੱਥ ਰਖਾਈਆ। ਨੌਂ ਨੌਂ ਲੇਖਾ ਹੱਥ ਕਰਤਾਰ, ਚਾਰ ਚਾਰ ਵੱਜੇ ਵਧਾਈਆ। ਚਾਰੇ ਜੁਗ ਰੋਵਣ ਵਾਰੋ ਵਾਰ, ਚਾਰੇ ਵੇਦ ਰਹੇ ਕੁਰਲਾਈਆ। ਚਾਰੇ ਬਾਣੀ ਕਰੇ ਪੁਕਾਰ, ਚਾਰੇ ਖਾਣੀ ਦਏ ਦੁਹਾਈਆ। ਚਾਰੇ ਵਰਨ ਨਾ ਕੋਇ ਆਧਾਰ, ਚਾਰ ਯਾਰੀ ਉਚੀ ਕੂਕੇ ਕੂਕ ਕੂਕ ਸੁਣਾਈਆ। ਚਾਰ ਕੁੰਟ ਧੂਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨੌਂ ਨੌਂ ਹੋਏ ਮਾਤ ਖ਼ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਆਪਣੇ ਹੱਥ ਰਖਾਈਆ। ਆਦਿ ਅੰਤ ਖੇਲ ਖਿਲਾਇੰਦਾ, ਮਧ ਆਪਣੀ ਕਿਰਪਾ ਧਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਆਏ ਅੰਤਮ ਵਾਰ। ਗੁਰ ਪੀਰ ਅਵਤਾਰ ਸਭ ਹਰਿ ਹਰਿ ਰਸਨਾ ਗਾਇੰਦਾ, ਏਕਾ ਇਸ਼ਟ ਦੇਵ ਅਗੰਮ ਅਪਾਰ। ਨਿਉਂ ਨਿਉਂ ਸੀਸ ਸਰਬ ਝੁਕਾਇੰਦਾ, ਦਰ ਮੰਗਣ ਬਣ ਭਿਖਾਰ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਨਿਰਗੁਣ ਦਾਤਾ ਬਣੇ ਸਤਿ ਵਰਤਾਰ। ਸਤਿ ਵਸਤੂ ਏਕਾ ਝੋਲੀ ਪਾਇੰਦਾ, ਭਰਿਆ ਰਹੇ ਭੰਡਾਰ। ਲੋਕਮਾਤ ਖੇਲ ਖਿਲਾਇੰਦਾ, ਜੀਆਂ ਜੰਤਾਂ ਦਏ ਆਧਾਰ। ਏਕਾ ਸ਼ਕਤੀ ਬ੍ਰਹਮ ਵਖਾਇੰਦਾ, ਪਾਰਬ੍ਰਹਮ ਪ੍ਰਭ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾਂ ਜੁਗੰਤਰ ਹੋ ਤਿਆਰ। ਜੁਗ ਜੁਗ ਖੇਲ ਅਵੱਲੜਾ, ਹਰਿ ਸਾਚਾ ਸਚ ਕਰਾਇੰਦਾ। ਵਸਣਹਾਰਾ ਇਕ ਇਕੱਲੜਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਤੇਈ ਦਸ ਅਠਾਰਾਂ ਫੜਾਏ ਆਪਣਾ ਪੱਲੜਾ, ਪੰਜ ਇਕ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਦੂਜਾ ਦੂਜਾ ਏਕਾ ਆਪਣੇ ਅੰਗ ਲਗਾਇੰਦਾ। ਇਕ ਇਕੱਲਾ ਖੇਲ ਅਪਾਰਾ, ਦੂਜੀ ਕੁਦਰਤ ਰੂਪ ਵਟਾਈਆ। ਤੀਜੇ ਨੇਤਰ ਹੋ ਉਜਿਆਰਾ, ਚੌਥਾ ਪਦ ਵੇਖ ਵਖਾਈਆ। ਪੰਚਮ ਸ਼ਬਦ ਨਾਦ ਧੁਨਕਾਰਾ, ਛੇਵੇਂ ਘਰ ਆਪ ਸੁਣਾਈਆ। ਸਤਵੇਂ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਬੋਲ ਜੈਕਾਰਾ, ਆਦਿ ਜੁਗਾਦਿ ਏਕਾ ਨਾਅਰਾ ਲਾਈਆ। ਅੱਠਾਂ ਤੱਤਾਂ ਵਸੇ ਬਾਹਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਚਤਰਾਈਆ। ਨੌਂ ਦਵਾਰੇ ਦਏ ਹੁਲਾਰਾ, ਜਗਤ ਵਾਸਨਾ ਵਿਚ ਰਖਾਈਆ। ਦਸਵੇਂ ਖੋਲ੍ਹੇ ਇਕ ਕਿਵਾੜਾ, ਘਰ ਘਰ ਵਿਚ ਆਪ ਬਣਾਈਆ। ਵਾ ਨਾ ਲੱਗੇ ਤੱਤੀ ਹਾੜਾ, ਅਗਨੀ ਤਤ ਨਾ ਕੋਇ ਜਲਾਈਆ। ਸਖ਼ੀਆਂ ਵਖਾਏ ਸਾਚਾ ਇਕ ਅਖਾੜਾ, ਵਾਹ ਵਾ ਗੀਤ ਗੋਬਿੰਦ ਗਾਈਆ। ਤਾਲ ਵਜਾਏ ਅਨਹਦ ਤਲਵਾੜਾ, ਧੁਨੀ ਨਾਦ ਨਾਦ ਸ਼ਨਵਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਈਆ। ਗੁਰਮੁਖ ਗੁਰਸਿਖ ਹਰਿਜਨ ਮੇਲੇ ਆਪਣੀ ਵਾਰਾ, ਜੁਗਾ ਜੁਗੰਤਰ ਵੇਸ ਵਟਾਈਆ। ਕਲਜੁਗ ਅੰਤਮ ਕੂਕੇ ਕਰੇ ਪੁਕਾਰਾ, ਚਾਰੋਂ ਕੁੰਟ ਹੋਏ ਹਲਕਾਈਆ। ਵਰਨ ਬਰਨ ਹੋਏ ਖ਼ਵਾਰਾ, ਖ਼ਾਲਕ ਖ਼ਲਕ ਰੂਪ ਵੇਖ ਵਖਾਈਆ। ਸਾਚਾ ਹੱਕ ਨਾ ਕਿਸੇ ਵਿਚਾਰਾ, ਸ਼ਰਅ ਸ਼ਰੀਅਤ ਬੈਠੀ ਮੁਖ ਛੁਪਾਈਆ। ਲੇਖਾ ਜਾਣੇ ਬੇਐਬ ਪਰਵਰਦਿਗਾਰਾ, ਮੁਕਾਮੇ ਹਕ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾ ਜੁਗੰਤਰ ਲੱਗੀ ਬਸੰਤਰ, ਲੋਕਮਾਤ ਦਏ ਬੁਝਾਈਆ। ਕਲਜੁਗ ਅੰਤਮ ਲੱਗੀ ਅੱਗ, ਤ੍ਰੈਗੁਣ ਮਾਇਆ ਤਤ ਜਲਾਇੰਦਾ। ਜਗਤ ਅੰਧੇਰੀ ਰਹੀ ਵਗ, ਧੂਆਂਧਾਰ ਸਰਬ ਵਖਾਇੰਦਾ। ਮਾਣਸ ਮਾਨੁਖ ਹੋਏ ਕੱਗ, ਹੰਸ ਰੂਪ ਨਾ ਕੋਇ ਵਟਾਇੰਦਾ। ਕੂੜੀ ਕਿਰਿਆ ਪੀਤੀ ਮਦਿ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇੰਦਾ। ਗੁਰ ਕਾ ਸ਼ਬਦ ਕਾਇਆ ਵਿਚੋਂ ਕੱਢ, ਪੰਜਾਂ ਚੋਰਾਂ ਜੜ ਲਗਾਇੰਦਾ। ਖ਼ਾਲੀ ਦਿਸੇ ਕਾਇਆ ਮਾਟੀ ਬਹੱਤਰ ਨਾੜ ਤਿੰਨ ਸੌ ਸੱਠ ਹੱਡ, ਰਤੀ ਰਤ ਨਾ ਕੋਇ ਜਣਾਇੰਦਾ। ਗ੍ਰਹਿ ਮੰਦਰ ਸਤਿਗੁਰ ਪੂਰਾ ਨਾ ਲਡਾਏ ਕਿਸੇ ਲਡ, ਸਿਰ ਹੱਥ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਗਤ ਪਸਾਰਾ ਵੇਖ ਵਖਾਇੰਦਾ। ਜਗਤ ਪਸਾਰਾ ਵੇਖਣ ਆਇਆ, ਨਿਰਗੁਣ ਰੂਪ ਨਿਰਾਕਾਰ। ਦਾਈ ਦਾਇਆ ਬਣ ਜਿਸ ਜਗਤ ਬਣਾਇਆ, ਲੇਖਾ ਜਾਣੇ ਅੰਤਮ ਵਾਰ। ਵਿਸ਼ਨ ਬ੍ਰਹਮਾ ਸ਼ਿਵ ਜਿਸ ਆਪਣੀ ਗੋਦੀ ਜਾਇਆ, ਇਕ ਹੁਲਾਰਾ ਦੇਵੇ ਮਾਰ। ਰਜੋ ਤਮੋ ਸਤੋ ਜਿਸ ਘਾੜਨ ਆਪ ਘੜਾਇਆ, ਆਪੇ ਹੋਏ ਘੜਨ ਭੰਨਣਹਾਰ। ਪੰਜ ਤਤ ਜਿਸ ਰੰਗ ਚੜ੍ਹਾਇਆ, ਅੰਤਮ ਆਪਣੀ ਆਪ ਕਰੇ ਵਿਚਾਰ। ਲੱਖ ਚੁਰਾਸੀ ਜਿਸ ਵੇਸ ਵਟਾਇਆ, ਘਰ ਘਰ ਬੈਠਾ ਕਰ ਜੋਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਅਵਤਾਰ। ਕਲਜੁਗ ਅੰਤਮ ਕੂੜ ਪਸਾਰਾ, ਕਲ ਕਲਕੀ ਵੇਖ ਵਖਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਕਰਨ ਪੁਕਾਰਾ, ਅੰਜੀਲ ਕੁਰਾਨ ਤੀਸ ਬਤੀਸ ਦਏ ਦੁਹਾਈਆ। ਖਾਣੀ ਬਾਣੀ ਮਾਰੇ ਮਾਰਾ, ਸਾਚਾ ਚਿਲਾ ਤੀਰ ਕਮਾਨ ਨਾਮ ਉਠਾਈਆ। ਵੇਦ ਵਿਆਸਾ ਕਰ ਪੁਕਾਰਾ, ਉਚੀ ਕੂਕ ਗਿਆ ਸੁਣਾਈਆ। ਕਰੇ ਖੇਲ ਬ੍ਰਹਿਮਣ ਗੌੜਾ ਸੁਤ ਦੁਲਾਰਾ, ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਫੇਰੀ ਪਾਈਆ। ਹਰਿ ਕਾ ਭੇਵ ਨਾ ਕਿਸੇ ਵਿਚਾਰਾ ਆਦਿ ਜੁਗਾਦਿ ਜੁਗਾ ਜੁਗੰਤਰ ਸਭ ਬੈਠੇ ਧਿਆਨ ਲਗਾਈਆ। ਆਪੇ ਵਸੇ ਸਭ ਤੋਂ ਬਾਹਰਾ, ਗੁਪਤ ਜ਼ਾਹਰਾ ਰੂਪ ਰੰਗ ਰੇਖ ਨਾ ਕੋਇ ਜਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਥੱਕੇ ਸਤ ਸਮੁੰਦਰ ਮਸ ਜਗਤ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਜਾਣੇ, ਕਰੇ ਖੇਲ ਸ੍ਰੀ ਭਗਵਾਨ, ਹਰਿ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸਤਿਗੁਰ ਪੂਰਾ, ਏਕਾ ਏਕੰਕਾਰਿਆ। ਕਲਜੁਗ ਅੰਤਮ ਆਪਣਾ ਕਾਰਜ ਕਰੇ ਪੂਰਾ, ਨਾ ਕੋਈ ਜਾਣੇ ਜੀਵ ਗਵਾਰਿਆ। ਬਲ ਧਾਰੇ ਜੋਧਾ ਸੂਰਾ, ਜੋਤੀ ਜਾਮਾ ਭੇਖ ਅਪਾਰਿਆ। ਕਲਜੁਗ ਨਾਤਾ ਤੋੜੇ ਕੂੜਾ, ਕੂੜ ਕੁੜਿਆਰਾ ਕਰੇ ਖ਼ਵਾਰਿਆ। ਜਨ ਭਗਤਾਂ ਮਸਤਕ ਲਾਏ ਚਰਨ ਧੂੜਾ, ਜਨਮ ਮਰਨ ਗੇੜ ਨਿਵਾਰਿਆ। ਰੰਗ ਚੜ੍ਹਾਏ ਏਕਾ ਗੂੜ੍ਹਾ, ਲਾਲਨ ਲਾਲ ਆਪ ਰੰਗਾ ਰਿਹਾ। ਆਪਣਾ ਬਚਨ ਆਪੇ ਕਰੇ ਪੂਰਾ, ਗੋਬਿੰਦ ਕੋਲ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾ ਲਿਆ। ਸ਼ਾਹ ਪਾਤਸ਼ਾਹ ਹਰਿ ਨਾਉਂ ਰੱਖ, ਏਕਾ ਡੰਕਾ ਸ਼ਬਦ ਵਜਾਇੰਦਾ। ਲੇਖਾ ਜਾਣੇ ਚੁਰਾਸੀ ਲੱਖ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਭਗਤ ਭਗਵੰਤ ਕਰੇ ਵੱਖ, ਨਿਰਗੁਣ ਨਿਰਵੈਰ ਵੰਡ ਵੰਡਾਇੰਦਾ। ਸਤਿਜੁਗ ਮਾਰਗ ਸਾਚਾ ਦੱਸ, ਸਾਚਾ ਪੰਥ ਇਕ ਬਣਾਇੰਦਾ। ਚਾਰ ਵਰਨ ਮਿਲਾਵਾ ਹੱਸ ਹੱਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇੰਦਾ। ਦੋ ਜਹਾਨਾਂ ਪੰਧ ਮੁਕਾਏ ਨੱਸ ਨੱਸ, ਸਾਚਾ ਅਸਵ ਆਪ ਦੌੜਾਇੰਦਾ। ਦੂਈ ਦਵੈਤੀ ਮੇਟੇ ਰੈਣ ਅੰਧੇਰੀ ਮਸ, ਨਿਰਗੁਣ ਸਾਚਾ ਚੰਦ ਇਕ ਚੜ੍ਹਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਹਿਰਦੇ ਅੰਦਰ ਜਾਏ ਵਸ, ਮਾਇਆ ਮਮਤਾ ਮੋਹ ਮਿਟਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਚਰਨਾਂ ਹੇਠਾਂ ਦੇਵੇ ਝੱਸ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਖਲਾਇੰਦਾ। ਸਾਚਾ ਖੇਲ ਹਰਿ ਖਲਾਵਣਾ, ਭੇਵ ਅਭੇਦਾ ਭੇਵ ਖੋਲ੍ਹ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਅੰਤਮ ਤੋਲੇ ਸਾਚਾ ਤੋਲ। ਨਵ ਨਵ ਏਕਾ ਕੰਡੇ ਪਾਵਣਾ, ਨਾਮ ਕੰਡਾ ਹੱਥ ਉਠਾਏ ਇਕ ਅਡੋਲ। ਜਗਤ ਖੇੜਾ ਫੇਰ ਵਸਾਵਣਾ, ਲੇਖਾ ਜਾਣੇ ਧਰਨੀ ਧਰਤ ਧੌਲ। ਲੱਖ ਚੁਰਾਸੀ ਅੰਗ ਸਮਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੂਠਾ ਝੂਠਾ ਪੰਧ ਮੁਕਾਵਣਾ। ਜੂਠਾ ਝੂਠਾ ਪੰਧ ਜਾਏ ਮੁੱਕ, ਕੂੜੀ ਕਿਰਿਆ ਰਹਿਣ ਨਾ ਪਾਈਆ। ਠੱਗ ਚੋਰ ਯਾਰ ਅੰਦਰ ਵੜਿਆ ਰਹੇ ਨਾ ਕੋਇ ਲੁਕ, ਦਰ ਦਰ ਘਰ ਘਰ ਵੇਖ ਵਖਾਈਆ। ਦੁਸ਼ਟ ਦੁਰਾਚਾਰ ਜਨਨੀ ਜਣੇ ਨਾ ਕੋਇ ਕੁੱਖ, ਸਤਿਗੁਰ ਪੂਰਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਮੇਟੇ ਤ੍ਰਿਸ਼ਨਾ ਭੁੱਖ, ਅਠਾਰਾਂ ਬਰਨ ਦੁੱਖ ਨਾ ਕੋਈ ਵਖਾਈਆ। ਹਉਮੇ ਰੋਗ ਦੇਵੇ ਕੱਟ, ਦੁੱਖ ਦfਲੱਦਰ ਆਪ ਨਿਵਾਰਨਾ। ਦੂਈ ਦਵੈਤੀ ਮੇਟੇ ਫਟ, ਸਤਿਗੁਰ ਪੂਰੇ ਕਾਜ ਸਵਾਰਨਾ। ਚੌਦਾਂ ਲੋਕ ਵਖਾਏ ਏਕਾ ਹੱਟ, ਚੌਦਾਂ ਤਬਕਾਂ ਪਾਰ ਉਤਾਰਨਾ। ਨੌਂ ਖੰਡ ਪ੍ਰਿਥਮੀ ਵਖਾਏ ਇਕ ਤੀਰਥ ਤੱਟ, ਸਚ ਸਰੋਵਰ ਪੈਜ ਸਵਾਰਨਾ। ਘਰ ਘਰ ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਆਪ ਨਿਵਾਰਨਾ। ਸਤਿਜੁਗ ਸਾਚਾ ਕਰ ਪਰਗਟ, ਧਰਤ ਮਾਤ ਦੀ ਗੋਦ ਬਹਾਵਣਾ। ਏਕਾ ਲਾਹਾ ਲਏ ਸਾਚਾ ਖੱਟ, ਨਿਰਗੁਣ ਦਰਸਨ ਹਰਿ ਹਰਿ ਪਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦਰਬਾਰਾ ਇਕ ਖੁਲ੍ਹਾਵਣਾ। ਸਤਿ ਦਰਬਾਰ ਜਾਏ ਖੁਲ੍ਹ, ਸਤਿਗੁਰ ਪੂਰਾ ਆਪ ਖੁਲ੍ਹਾਇੰਦਾ। ਚਾਰ ਵਰਨ ਬਣਾਏ ਏਕਾ ਕੁੱਲ, ਹਰਿ ਹਰਿ ਰੂਪ ਸਰਬ ਦਰਸਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ ਗ਼ਰੀਬ ਨਿਮਾਣੇ ਏਕਾ ਕੰਡੇ ਜਾਇਣ ਤੁਲ, ਊਚ ਨੀਚ ਨਾ ਕੋਈ ਬਣਾਇੰਦਾ। ਲੱਖ ਚੁਰਾਸੀ ਆਪ ਉਪਜਾਏ ਆਪਣੇ ਕਵਲ ਫੁੱਲ, ਡਾਲ੍ਹੀ ਪਤ ਪਤ ਡਾਲ੍ਹੀ ਆਪ ਮਹਿਕਾਇੰਦਾ। ਆਪੇ ਪਾਵਣਹਾਰਾ ਮੁੱਲ, ਕਰਤਾ ਕੀਮਤ ਆਪ ਚੁਕਾਇੰਦਾ। ਕਲਜੁਗ ਕੂੜਾ ਦੀਪਕ ਹੋਣਾ ਗੁਲ, ਗੁਲ ਚਰਾਗ ਨਾ ਕੋਈ ਵਖਾਇੰਦਾ। ਅਗਨੀ ਮਿਲੇ ਨਾ ਕਿਸੇ ਚੁਲ, ਘਰ ਘਰ ਸਗਨ ਨਾ ਕੋਈ ਮਨਾਇੰਦਾ। ਸਤਿ ਪੁਰਖ ਨਿਰੰਜਣ ਜੋ ਜਨ ਗਏ ਭੁੱਲ, ਆਪਣਾ ਲੇਖਾ ਲੇਖੇ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਜਨ ਭਗਤਾਂ ਬੰਨ੍ਹੇ ਏਕਾ ਗਾਨਾ, ਆਪਣਾ ਬੰਧਨ ਆਪੇ ਪਾਇੰਦਾ। ਸਾਚਾ ਬੰਧਨ ਪਾਏ ਡੋਰ, ਤੰਦਨ ਤੰਦ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਦਿਸੇ ਅੰਧਘੋਰ, ਜਗਤ ਅੰਧੇਰਾ ਇਕ ਵਖਾਇੰਦਾ। ਪੰਚਮ ਮਚਾਇਣ ਆਪਣਾ ਸ਼ੋਰ, ਉਚੀ ਕੂਕ ਸਰਬ ਸੁਣਾਇੰਦਾ। ਗੁਰਮੁਖਾਂ ਸਤਿਗੁਰ ਪੂਰਾ ਆਪੇ ਜਾਏ ਬੌਹੜ, ਫੜ ਬਾਂਹੋਂ ਬਾਹਰ ਕਢਾਇੰਦਾ। ਚਰਨ ਪ੍ਰੀਤ ਨਿਭਾਏ ਤੋੜ, ਜਿਸ ਜਨ ਆਪਣੇ ਚਰਨ ਲਗਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਵਾਗਾਂ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਵੇਖਦਾ, ਵੇਖਣਹਾਰ ਹਰਿ ਕਰਤਾਰ। ਲੇਖਾ ਜਾਣੇ ਜਨਮ ਦੇ ਭੇਖ ਦਾ, ਭੇਖਾਧਾਰੀ ਅਪਰ ਅਪਾਰ। ਲਹਿਣਾ ਦੇਣਾ ਚੁਕਾਏ ਮੁੱਛ ਦਾੜ੍ਹੀ ਕੇਸ ਦਾ, ਨਾਤਾ ਵੇਖੇ ਮੂੰਡ ਮੁੰਡਾਏ ਯਾਰ। ਕਰੇ ਖੇਲ ਸ੍ਰੀ ਦਸਮੇਸ ਦਾ, ਪੁਰਖ ਅਕਾਲਾ ਹੋ ਤਿਆਰ। ਸੰਮਤ ਸਤਾਰਾਂ ਆਪੇ ਅੰਦਰ ਬਹਿ ਬਹਿ ਵੇਖਦਾ, ਜਗਤ ਭੁਲਿਆਂ ਗੁੱਝੀ ਮਾਰੇ ਮਾਰ। ਨਾਤਾ ਤੋੜੇ ਔਲੀਏ ਪੀਰ ਸ਼ੇਖ਼ ਦਾ, ਮੁਲਾ ਮੁਸਾਇਕ ਕਰ ਖ਼ਵਾਰ। ਪੁਰਖ ਅਕਾਲ ਦੀਨ ਦਿਆਲ ਨਾਉਂ ਏਕਾ ਚੇਤ ਦਾ, ਚੇਤਨ ਕਰੇ ਆਪ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਪਰਗਟ ਹੋਵੇ ਕਲ ਕਲਕੀ ਅਵਤਾਰ। ਕਲ ਕਲਕੀ ਅਵਤਾਰ, ਹਰਿ ਜੂ ਹਰਿ ਮੰਦਰ ਸੋਭਾ ਪਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਹੁਕਮੀ ਹੁਕਮ ਇਕ ਜਣਾਈਆ। ਨੌਂ ਸਤ ਸਤ ਨੌਂ ਕਰੇ ਖ਼ੁਵਾਰ, ਸ਼ਾਹ ਸੁਲਤਾਨ ਰਾਜ ਰਾਜਾਨ ਖ਼ਾਕ ਮਿਲਾਈਆ। ਹੱਥ ਨਾ ਫੜੇ ਕੋਈ ਕਟਾਰ, ਤਰਕਸ਼ ਤੀਰ ਕਮਾਨ ਨਾ ਕੋਈ ਉਠਾਈਆ। ਸੂਰਬੀਰ ਨਾ ਰੱਖੇ ਕੋਈ ਨਾਲ ਬਲਵਾਨ, ਘੋੜਾ ਜਗਤ ਨਾ ਕੋਇ ਦੁੜਾਈਆ। ਏਕਾ ਸ਼ਬਦ ਮਾਰੇ ਬਾਣ, ਏਕਾ ਦਰਦ ਘਾਇਲ ਸਰਬ ਵਖਾਈਆ। ਦੋ ਜਹਾਨਾਂ ਲਾਹੇ ਆਪੇ ਘਾਣ, ਦੁਰਗਾ ਅਸ਼ਟਭੁਜ ਨਿਉਂ ਨਿਉਂ ਚਰਨ ਸਰਨ ਸਰਨ ਚਰਨ ਪਏ ਸਰਨਾਈਆ। ਹਰਿ ਕਾ ਭਾਓ ਭੇਵ ਨਾ ਸਕੇ ਕੋਈ ਪਛਾਣ, ਗੁਰ ਅਵਤਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਲੇਖਾ ਆਪਣਾ ਆਪੇ ਵਿਚ ਟਿਕਾਈਆ।
