Granth 12 Likhat 005: 25 Chet 2019 Bikarmi Nachhatar Singh de Greh ShahWala Jila Ferozepur

੨੫ ਚੇਤ ੨੦੧੯ ਬਿਕਰਮੀ ਨਛੱਤਰ ਸਿੰਘ ਦੇ ਗ੍ਰਹਿ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਆਪਣੀ ਕਰਨੀ ਰਿਹਾ ਕਰ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਰੂਪ ਨਿਰਗੁਣ ਧਰ, ਨਿਰਗੁਣ ਨਿਰਾਕਾਰ ਖੇਲ ਕਰਾਈਆ। ਜੋਤੀ ਨੂਰ ਜੋਤ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਦੋ ਜਹਾਨਾਂ ਪਾਵੇ ਸਾਰ, ਸਾਹਿਬ ਸੁਲਤਾਨ ਬੇਪਰਵਾਹੀਆ। ਜੁਗ ਚੌਕੜੀ ਲਹਿਣਾ ਦਏ ਉਤਾਰ, ਦੇਣਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਕਰਨ ਵਿਚਾਰ, ਹਰਿ ਵਿਚਾਰ ਵਿਚ ਕਿਸੇ ਨਾ ਆਈਆ। ਭਗਤ ਮੰਗਣ ਦਰ ਦਵਾਰ, ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਅੰਤ ਨਾ ਪਾਰਾਵਾਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਐਸੀ ਕਰਨੀ ਕਰੇ ਕਰਤਾਰ, ਭੇਵ ਕੋਇ ਨਾ ਪਾਇੰਦਾ। ਵੇਦ ਸ਼ਾਸਤਰ ਗਏ ਹਾਰ, ਹਰਿ ਕਾ ਪੰਧ ਨਾ ਕੋਇ ਮੁਕਾਇੰਦਾ। ਲਿਖ ਲਿਖ ਥੱਕ ਗਏ ਲਿਖਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਅੰਤ ਪਾ ਪਾ ਥੱਕੇ ਗੁਰ ਅਵਤਾਰ, ਬੇਅੰਤ ਭੇਵ ਨਾ ਕੋਇ ਜਣਾਇੰਦਾ। ਭਗਤ ਚੜ੍ਹ ਚੜ੍ਹ ਥੱਕੇ ਮਹੱਲ ਮਨਾਰ, ਕਿਨਾਰਾ ਪਾਰ ਨਾ ਕੋਇ ਕਰਾਇੰਦਾ। ਸੰਤ ਲਾ ਲਾ ਧੂੜੀ ਛਾਰ, ਖ਼ਾਕੀ ਖ਼ਾਕ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਕਵਣ ਕਰਨੀ ਕਰੇ ਹਰਿ, ਭੇਵ ਕਿਸੇ ਨਾ ਆਈਆ। ਜੁਗਾ ਜੁਗੰਤਰ ਖੇਲ ਕਰ, ਜੁਗ ਕਰਤਾ ਵੇਖ ਵਖਾਈਆ। ਲੱਖ ਚੁਰਾਸੀ ਅੰਦਰ ਵੜ, ਘਟ ਘਟ ਡੇਰਾ ਲਾਈਆ। ਭਗਤ ਭਗਵੰਤ ਆਪੇ ਫੜ, ਜੁਗ ਜੁਗ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਫੜਾਏ ਲੜ, ਪੱਲੂ ਏਕਾ ਨਾਮ ਵਖਾਈਆ। ਸਚ ਨੁਹਾਏ ਸਾਚੇ ਸਰ, ਸਰੋਵਰ ਏਕਾ ਇਕ ਪਰਗਟਾਈਆ। ਨਿਰਭੌ ਚੁਕਾਏ ਭੈ ਡਰ, ਭੈ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਸ੍ਰੀ ਭਗਵੰਤ, ਆਦਿ ਜੁਗਾਦਿ ਕਰਾਇੰਦਾ। ਤ੍ਰੈਗੁਣ ਮਾਇਆ ਪਾ ਬੇਅੰਤ, ਲੱਖ ਚੁਰਾਸੀ ਆਪ ਭੁਲਾਇੰਦਾ। ਭੇਵ ਅਭੇਦਾ ਜੀਵ ਜੰਤ, ਜੀਵਣ ਦਾਤਾ ਪਰਦਾ ਨਾ ਕਿਸੇ ਉਠਾਇੰਦਾ। ਲੇਖਾ ਜਾਣ ਆਦਿ ਅੰਤ, ਮਧ ਆਪਣਾ ਹੁਕਮ ਵਰਤਾਇੰਦਾ। ਸੇਵਕ ਸੇਵਾ ਕੋਟਨ ਸਾਧ ਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਅਬਿਨਾਸ਼, ਏਕਾ ਏਕ ਕਰਾਈਆ। ਜੁਗ ਚੌਕੜੀ ਪਾ ਪਾ ਰਾਸ, ਨਿਰਗੁਣ ਸਰਗੁਣ ਵੇਖ ਵਖਾਈਆ। ਦੀਆ ਬਾਤੀ ਕਰ ਪਰਕਾਸ਼, ਕਮਲਾਪਾਤੀ ਦਏ ਵਡਿਆਈਆ। ਆਪ ਆਪਣਾ ਖੋਲ੍ਹੇ ਤਾਕ, ਸਾਚਾ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਸਾਚਾ ਖੇਲ ਨਾ ਕੋਈ ਸਕੇ ਸੋਚ, ਸੋਚਿਆਂ ਸੋਚ ਵਿਚ ਕਦੇ ਨਾ ਆਈਆ। ਭਗਤ ਭਗਵਾਨ ਦਰਸ਼ਨ ਰਹੇ ਲੋਚ, ਤਰਲੋਚਣ ਦਏ ਗਵਾਹੀਆ। ਕਬੀਰਾ ਚੜ੍ਹ ਕੇ ਵੇਖੇ ਕਿਲ੍ਹਾ ਕੋਟ, ਮਹੱਲ ਅਟੱਲ ਬੈਠਾ ਸੱਚਾ ਮਾਹੀਆ। ਰਵਦਾਸ ਲਗਾਏ ਇਕ ਚੋਟ, ਤਨ ਨਗਾਰਾ ਨਾਦ ਵਜਾਈਆ। ਹਰਿ ਕਾ ਰੂਪ ਨਿਰਮਲ ਜੋਤ, ਬਿਮਲ ਆਪਣੀ ਖੇਲ ਵਖਾਈਆ। ਭਗਤ ਭਗਵੰਤ ਓਤ ਪੋਤ, ਪਿਤਾ ਪੂਤ ਵੇਖ ਵਖਾਈਆ। ਤਾਣਾ ਪੇਟਾ ਏਕਾ ਸੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਐਸੀ ਕਰਨੀ ਕਰੇ ਕਰਤਾ ਪੁਰਖ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਨਾ ਕੋਈ ਸੋਗ ਨਾ ਕੋਈ ਹਰਖ਼, ਹਰਖ਼ ਸੋਗ ਨਾ ਕੋਇ ਵਖਾਇੰਦਾ। ਜਨ ਭਗਤਾਂ ਉਪਰ ਕਰ ਕਰ ਤਰਸ, ਮਿਹਰ ਨਜ਼ਰ ਇਕ ਰਖਾਇੰਦਾ। ਅੰਮ੍ਰਿਤ ਮੇਘ ਏਕਾ ਬਰਸ, ਅਗਨੀ ਤਤ ਤਤ ਬੁਝਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ, ਮਾਣਸ ਜਨਮ ਤੇਰਾ ਕੱਢਦਾ ਰਿਹਾ ਅਰਕ, ਗੇੜਾ ਗੇੜੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਗਤ ਭੱਠੀ ਆਪ ਬਣਾਇੰਦਾ। ਜਗਤ ਭੱਠੀ ਬਣਾਏ ਬਣ ਭਠਿਆਲਾ, ਭੇਵ ਅਭੇਦ ਆਪਣੇ ਹੱਥ ਰਖਾਈਆ। ਜੁਗ ਜੁਗ ਖੇਲ ਕਰਦਾ ਰਿਹਾ ਨਿਰਾਲਾ, ਨਿਰਗੁਣ ਸਰਗੁਣ ਵੇਖ ਵਖਾਈਆ। ਭਗਤਾਂ ਤੋੜ ਜਗਤ ਜੰਜਾਲਾ, ਜੀਵਣ ਜੁਗਤ ਇਕ ਸਮਝਾਈਆ। ਏਕਾ ਮਾਰਗ ਨਾਮ ਸੁਖਾਲਾ, ਸੁਖਆਸਣ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਜੁਗ ਜੁਗ ਜਾਣੇ ਜਗਤ ਤਪੱਸਿਆ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਭਗਤੀ ਅੰਦਰ ਭਗਤ ਫਸਿਆ, ਫਸ ਫਸ ਜਗਤ ਚੋਟਾਂ ਖਾਇੰਦਾ। ਪੁਰਖ ਅਬਿਨਾਸ਼ੀ ਦੂਰ ਦੁਰਾਡਾ ਫਿਰੇ ਨੱਸਿਆ, ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਐਸੀ ਕਰਨੀ ਕਰੇ ਜਗ, ਜੁਗਤ ਆਪਣੇ ਹੱਥ ਰਖਾਈਆ। ਪਰਗਟ ਹੋ ਸੂਰਾ ਸਰਬੱਗ, ਹਰ ਘਟ ਵੇਖੇ ਥਾਈਂ ਥਾਈਂਆ। ਨਵ ਨੌਂ ਬੁਝਾਏ ਅੱਗ, ਤਤਵ ਤਤ ਦਏ ਮਿਟਾਈਆ। ਕਲਜੁਗ ਅੰਤ ਹੋ ਪਰਗਟ, ਪਰਮ ਪੁਰਖ ਵੇਸ ਵਟਾਈਆ। ਭਗਤ ਅਠਾਰਾਂ ਚਰਨਾਂ ਹੇਠਾਂ ਰੱਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਭਗਤ ਦੁਆਰੇ ਭਗਤ ਹੱਸਣ, ਘਰ ਸਾਚੇ ਵੱਜੇ ਵਧਾਈਆ। ਇਕ ਦੂਜੇ ਨੂੰ ਸਾਰੇ ਦੱਸਣ, ਰਸਨਾ ਰਸਨਾ ਨਾਲ ਮਿਲਾਈਆ। ਕਰੇ ਖੇਲ ਪੁਰਖ ਸਮਰਥਨ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਆਇਆ ਮਥਨ, ਨਵ ਨੌਂ ਰਿੜਕਣਾ ਪਾਈਆ। ਚਾਰ ਜੁਗ ਇਕ ਇਕ ਕਰ ਕੇ ਲਾਏ ਆਪਣੇ ਪੱਤਣ, ਆਪਣੇ ਬੇੜੇ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਕਰੇ ਕਰਨੀ ਕਰਨੇਹਾਰਾ, ਭੇਵ ਕੋਇ ਨਾ ਪਾਇੰਦਾ। ਜੁਗ ਚਾਰ ਜੋ ਬਣਿਆ ਰਿਹਾ ਵਰਤਾਰਾ, ਦਾਤਾ ਦਾਨੀ ਆਪਣਾ ਨਾਉਂ ਧਰਾਇੰਦਾ। ਦੇਂਦਾ ਰਿਹਾ ਸਰਬ ਸਹਾਰਾ, ਸਰਬ ਰਖ਼ਸ਼ਕ ਸੇਵਾ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਲਾਰਾ, ਆਪਣਾ ਅੰਤ ਨਾ ਕਿਸੇ ਜਣਾਇੰਦਾ । ਛਿੰਨ ਮਾਤਰ ਦੇ ਦੇ ਗਿਆ ਇਸ਼ਾਰਾ, ਰਮਜ਼ ਰਮਜ਼ ਨਾਲ ਮਿਲਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਈਸਾ ਮੂਸਾ ਮੰਗ ਦੁਆਰਾ, ਨਾਨਕ ਗੋਬਿੰਦ ਬਣ ਵਣਜਾਰਾ, ਜਗਤ ਜੀਵਣ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਐਸੀ ਕਰਨੀ ਕਰੇ ਕਵਣ, ਭੇਵ ਕਿਸੇ ਨਾ ਆਈਆ। ਹੁਕਮੇ ਅੰਦਰ ਉਣੰਜਾ ਪਵਣ, ਪਵਣ ਪਵਣਾਂ ਵਿਚ ਸਮਾਈਆ। ਲੇਖਾ ਜਾਣੇ ਅਵਣ ਗਵਣ ਤ੍ਰੈ, ਭਵਣ ਧਨੀ ਆਪਣਾ ਰੂਪ ਵਟਾਈਆ। ਭੇਖਾ ਧਾਰੀ ਕਰੇ ਭੇਖ ਬਲ ਬਵਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਿਰਤ ਇਕ ਰਖਾਈਆ। ਕਰਨੀ ਕਿਰਤ ਕਰਨੇ ਯੋਗ, ਏਕਾ ਏਕ ਹਰਿ ਅਖਵਾਇੰਦਾ। ਨਿਰਗੁਣ ਸਰਗੁਣ ਸਚ ਸੰਜੋਗ, ਸਚ ਸੰਜੋਗੀ ਮੇਲ ਮਿਲਾਇੰਦਾ। ਇਕ ਦੁਆਰ ਦਰਸ ਅਮੋਘ, ਸਵਛ ਸਰੂਪੀ ਰੂਪ ਧਰਾਇੰਦਾ। ਲੇਖਾ ਜਾਣੇ ਚੌਦਾਂ ਲੋਕ ਪਰਲੋਕ ਆਪਣਾ ਹੁਕਮ ਵਰਤਾਇੰਦਾ। ਨਾਮ ਅਗੰਮੀ ਸਤਿ ਸਲੋਕ, ਸਤਿ ਸਤਿਵਾਦੀ ਆਪ ਜਣਾਇੰਦਾ। ਵਸਣਹਾਰਾ ਸਾਚੇ ਕੋਟ, ਸਚਖੰਡ ਸਾਚੇ ਡੇਰਾ ਲਾਇੰਦਾ । ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੁਰਖ ਅਕਾਲ ਤੇਰੀ ਰੱਖ ਕੇ ਗਏ ਓਟ, ਨੇਤਰ ਨੈਣ ਸਰਬ ਉਠਾਇੰਦਾ। ਕਲਜੁਗ ਅੰਤ ਪਰਗਟ ਕਰੇ ਨਿਰਮਲ ਜੋਤ, ਜੋਤੀ ਜਾਤਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਕਲਜੁਗ ਅੰਤਮ ਕਰੇ ਕਰਨੀ, ਕਰਤਾ ਪੁਰਖ ਵਡੀ ਵਡਿਆਈਆ। ਭਾਗ ਲਗਾਏ ਉਪਰ ਧਰਨੀ, ਧਰਤ ਧਵਲ ਆਪ ਸੁਹਾਈਆ। ਨਾਤਾ ਤੋੜੇ ਵਰਨੀ ਬਰਨੀ, ਵਰਨ ਬਰਨ ਕੋਇ ਰਹਿਣ ਨਾ ਪਾਈਆ। ਗੁਰਮੁਖ ਲਾਏ ਸਾਚੇ ਸਰਨੀ, ਸਰਨਗਤ ਇਕ ਸਮਝਾਈਆ। ਨੇਤਰ ਖੁਲ੍ਹੇ ਹਰਨੀ ਫਰਨੀ, ਭਗਤ ਭਗਵੰਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਐਸੀ ਕਰਨੀ ਕਲਜੁਗ ਅੰਤ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਚਾਰ ਜੁਗ ਦਾ ਪਿਛਲਾ ਮੰਤ, ਮੰਤਰ ਮੂਲ ਲੇਖੇ ਪਾਇੰਦਾ। ਸਤਿ ਸਤਿਵਾਦੀ ਮਹਿਮਾ ਅਗਣਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਪਰਮਾਤਮ ਮੇਲਾ ਨਾਰੀ ਕੰਤ, ਕੰਤ ਕੰਤੂਹਲ ਖ਼ੁਸ਼ੀ ਕਰਾਇੰਦਾ। ਗੁਰਮੁਖ ਗੁਰ ਗੁਰ ਵੇਖੇ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਕਰੇ ਸੰਸਾਰ, ਜਗ ਸਾਗਰ ਵੇਖ ਵਖਾਈਆ। ਜਨਮ ਕਰਮ ਦੇ ਵਿਛੜੇ ਮੇਲੇ ਯਾਰ, ਜੁਗ ਚੌਕੜੀ ਪੰਧ ਮੁਕਾਈਆ। ਲੱਖ ਚੁਰਾਸੀ ਵਿਚੋਂ ਲਏ ਉਠਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਘਰ ਵਿਚ ਮੇਲਾ ਸਾਚੀ ਧਰਮਸਾਲ, ਗ੍ਰਹਿ ਮੰਦਰ ਦਏ ਸੁਹਾਈਆ। ਅੰਮ੍ਰਿਤ ਪਿਆਏ ਸੱਚਾ ਜਾਮ, ਰਸ ਨਿਝਰ ਇਕ ਵਖਾਈਆ। ਬਿਨ ਢੋਲਕ ਛੈਣੇ ਵੱਜੇ ਤਾਲ, ਤਾਲ ਤਲਵਾੜਾ ਆਪ ਰਖਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਦਏ ਵਡਿਆਈਆ। ਆਪਣੀ ਕਰਨੀ ਕਰੇ ਸੰਭਾਲ, ਦਿਵਸ ਰੈਣ ਸੇਵ ਕਮਾਈਆ। ਗੁਰਮੁਖ ਵੇਖੇ ਸੱਜਣ ਲਾਲ, ਲਾਲਣ ਆਪਣੇ ਰੰਗ ਰੰਗਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਕਰੇ ਬਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਮਿਹਰ ਨਜ਼ਰ ਪਾਏ ਆਪ, ਆਪਣੀ ਦਇਆ ਆਪ ਕਮਾਇੰਦਾ। ਆਤਮ ਪਰਮਾਤਮ ਉਪਜੇ ਜਾਪ, ਜਗਤ ਵਿਚੋਲਾ ਨਜ਼ਰ ਕੋਇ ਨਾ ਆਇੰਦਾ। ਜੁਗ ਚੌਕੜੀ ਜਿਸ ਦਾ ਕਰਦੇ ਗਏ ਪੂਜਾ ਪਾਠ, ਸੋ ਪੁਰਖ ਨਿਰੰਜਣ ਗੁਰਮੁਖ ਸਾਚੇ ਵੇਖ ਵਖਾਇੰਦਾ। ਜਿਸ ਦੀ ਵਰਨ ਬਰਨ ਗੌਂਦੇ ਰਹੇ ਗਾਥ, ਰਸਨਾ ਜਿਹਵਾ ਰੰਗ ਰੰਗਾਇੰਦਾ। ਸੋ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਜਿਸ ਦੀ ਧੂੜੀ ਮੰਗਦੇ ਤੀਰਥ ਅਠਸਾਠ, ਸੋ ਧੂੜੀ ਮਸਤਕ ਟਿੱਕਾ ਗੁਰਸਿਖਾਂ ਆਪ ਲਗਾਇੰਦਾ। ਜਿਸ ਨੂੰ ਗੌਂਦੇ ਗਏ ਤ੍ਰਲੋਕੀ ਨਾਥ, ਸੋ ਅਨਾਥ ਅਨਾਥਾਂ ਵੇਖ ਵਖਾਇੰਦਾ। ਜਿਸ ਨੂੰ ਮਨੌਂਦਾ ਗਿਆ ਰਾਮ ਬੇਟਾ ਦਸਰਾਥ, ਸੋ ਰਾਮ ਰਮੱਯਾ ਆਪਣਾ ਫੇਰਾ ਪਾਇੰਦਾ। ਜਿਸ ਦਾ ਨਾਨਕ ਗੋਬਿੰਦ ਮੰਗਦੇ ਗਏ ਸਾਥ, ਸੋ ਪੁਰਖ ਅਕਾਲ ਵੇਸ ਵਟਾਇੰਦਾ। ਜੋ ਆਦਿ ਜੁਗਾਦਿ ਸਤਿਜੁਗ ਤਰੇਤਾ ਦੁਆਪਰ ਭਗਤਾਂ ਦੇਂਦਾ ਰਿਹਾ ਦਾਤ, ਦਾਨੀ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਮੇਟੇ ਅੰਧੇਰੀ ਰਾਤ, ਸਾਚਾ ਚੰਦ ਇਕ ਚੜ੍ਹਾਇੰਦਾ। ਲੇਖਾ ਜਾਣੇ ਗੁਰ ਅਵਤਾਰ ਪੀਰ ਪੈਗ਼ੰਬਰ ਡੂੰਘਾ ਖਾਤ, ਆਪਣਾ ਖਾਤਾ ਨਾ ਕਿਸੇ ਵਖਾਇੰਦਾ। ਤੋੜੇ ਨਾਤਾ ਵਰਨ ਬਰਨ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਐਸੀ ਕਰਨੀ ਆਪ ਕਰਾਇੰਦਾ। ਐਸੀ ਕਰਨੀ ਕਵਣ ਕਰੇ ਤੁਧ ਬਿਨ, ਭਗਤ ਭਗਵਾਨ ਰਹੇ ਵਡਿਆਈਆ। ਰੂਪ ਰੇਖ ਨਾ ਦਿਸੇ ਚਿੰਨ, ਚਿਤਰਕਾਰ ਤੇਰਾ ਚਿੱਤਰ ਸਕੇ ਨਾ ਕੋਇ ਵਖਾਈਆ। ਆਦਿ ਜੁਗਾਦਿ ਕਰੇ ਖੇਲ ਭਿੰਨ ਭਿੰਨ, ਬੇਅੰਤ ਤੇਰੀ ਵਡਿਆਈਆ । ਲੇਖਾ ਦੇਵੇਂ ਗਿਣ ਗਿਣ, ਲੁਕਿਆ ਕੋਇ ਰਹਿਣ ਨਾ ਪਾਈਆ। ਕਰੇਂ ਵਸੇਰਾ ਬਿਨ ਛੱਪਰ ਛੰਨ, ਸਾਚੀ ਛੱਪਰੀ ਭਗਤਾਂ ਆਪ ਬਣਾਈਆ। ਨਾਮਾ ਕਹੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਕਵਣ ਬਿਧ ਮਾਧਵ ਜਾਏ ਮੰਨ, ਗੋਸਾਈਂ ਆਪਣੀ ਦਇਆ ਕਮਾਈਆ। ਬੇੜਾ ਮਾਤ ਦੇਵੇ ਬੰਨ੍ਹ, ਚੱਪੂ ਏਕਾ ਨਾਮ ਲਗਾਈਆ। ਰਵਦਾਸ ਕਹੇ ਤੇਰਾ ਸੱਚਾ ਧੰਨ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਤੁਧ ਬਿਨ ਐਸੀ ਕਵਣ ਕਰੇ ਕਾਰ, ਕਰਤੇ ਭੇਵ ਕਿਸੇ ਨਾ ਆਇਆ। ਨਵ ਨੌਂ ਚਾਰ ਤੇਰਾ ਮੰਗਦੇ ਰਹੇ ਦੀਦਾਰ, ਡੂੰਘੀ ਕੰਦਰ ਅੰਦਰ ਡੇਰਾ ਲਗਾਇਆ। ਅਠਸਠ ਤੀਰਥ ਹੋਏ ਖ਼ਵਾਰ, ਉਚੇ ਟਿੱਲੇ ਪਰਬਤ ਫੇਰਾ ਪਾਇਆ। ਪੰਜ ਤਤ ਕਾਇਆ ਦੁਖੜਾ ਸਹਿੰਦੇ ਰਹੇ ਸੰਸਾਰ, ਰਾਜ ਰਾਜਾਨ ਦੇਣ ਸਜ਼ਾਇਆ। ਤੇਰੇ ਹੁਕਮੇ ਅੰਦਰ ਬਣ ਬਰਦੇ ਸੇਵਾ ਕਰਦੇ ਰਹੇ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਹਰਿ, ਦਰ ਤੇਰੇ ਤੇਰਾ ਅੰਤ ਕਿਸੇ ਨਾ ਪਾਇਆ। ਅੰਤ ਨਾ ਜਾਣੇ ਕੋਇ ਮੀਤ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਆਦਿ ਜੁਗਾਦੀ ਆਪਣਾ ਗੀਤ, ਗੁਰ ਅਵਤਾਰ ਆਪ ਪੜ੍ਹਾਇੰਦਾ। ਭਗਤ ਭਗਵੰਤ ਸਾਚੀ ਰੀਤ, ਸੰਤ ਸਾਜਣ ਰਾਹ ਵਖਾਇੰਦਾ। ਗੁਰਮੁਖ ਰੱਖੇ ਸਦਾ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਗੁਰਸਿਖ ਕਾਇਆ ਮੰਦਰ ਦੇਹੁਰਾ ਵੇਖੇ ਮਸੀਤ, ਸਾਚਾ ਗੁਰੂਦੁਆਰ ਆਪ ਪਰਗਟਾਇੰਦਾ। ਕਲਜੁਗ ਅੰਤਮ ਖੇਲ ਕਰੇ ਅਨਡੀਠ, ਨਿਰਗੁਣ ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਲਹਿਣਾ ਦੇਣਾ ਜਾਣੇ ਹਸਤ ਕੀਟ, ਲੱਖ ਚੁਰਾਸੀ ਵੇਖ ਵਖਾਇੰਦਾ। ਸਤਿ ਚਲਾਏ ਸਤਿਜੁਗ ਰੀਤ, ਸਤਿ ਸਤਿਵਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪੇ ਕਰ ਵਖਾਇੰਦਾ। ਕਰਨੀ ਕਰੇ ਇਕ ਇਕੱਲਾ, ਵੱਡਾ ਵਡ ਵਡਿਆਈਆ। ਜਨ ਭਗਤ ਫੜਾਏ ਆਪਣਾ ਪੱਲਾ, ਪੱਲੂ ਨਜ਼ਰ ਕਿਸੇ ਨਾ ਆਈਆ। ਸਚ ਸੰਦੇਸ਼ ਏਕਾ ਘੱਲਾ, ਸ਼ਬਦੀ ਸ਼ਬਦ ਨਾਦ ਵਜਾਈਆ। ਜੋਤੀ ਜੋਤ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਸਚਖੰਡ ਨਿਵਾਸੀ ਸਚ ਬਣਾਏ ਇਕ ਮਹੱਲਾ, ਮਹਿਫ਼ਲ ਆਪਣੀ ਲਏ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰਦਾ ਰਿਹਾ ਵਲ ਛਲਾ, ਕਲਜੁਗ ਅੰਤਮ ਆਪਣੀ ਕਰਨੀ ਆਪੇ ਕਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਈਆ। ਆਪਣੀ ਕਰਨੀ ਸਚ ਸਿੰਘਾਸਣ, ਸੋਭਾਵੰਤ ਆਪ ਬਣਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼ਨ, ਆਕਾਸ਼ ਆਕਾਸ਼ਾਂ ਡੇਰਾ ਢਾਹਿੰਦਾ। ਨਿਰਗੁਣ ਵੇਸ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਆਪ ਵਟਾਇੰਦਾ। ਭਗਤ ਭਗਵੰਤ ਦਾਸੀ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਨਾਮੇ ਮੰਗ ਪੂਰੀ ਆਸਣ, ਸਾਤਾ ਦੂਆ ਜੋੜ ਜੁੜਾਇੰਦਾ। ਬਹੱਤਰ ਨੂਰ ਨੂਰ ਪਰਕਾਸ਼ਣ, ਨਾੜ ਬਹੱਤਰ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪੁਰਖ ਸਮਰਾਥ, ਆਪਣੀ ਆਪ ਕਰਾਈਆ। ਸੱਤਰ ਬਹੱਤਰ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਚੁਹੱਤਰ ਸਿਖਾਂ ਲਿਖਾਏ ਗਾਥ, ਗੁਰੂ ਦਸ ਮੰਗ ਮੰਗਾਈਆ। ਮਿਲੇ ਵਡਿਆਈ ਪਹਿਲੀ ਵਿਸਾਖ, ਗੁਰੂ ਗੋਬਿੰਦ ਦਏ ਗਵਾਹੀਆ। ਸਿੰਘ ਰੂਪ ਸਿੰਘ ਲਏ ਰਾਖ, ਰੱਖਕ ਬਣ ਸਹਾਈਆ। ਸਤਾਰਾਂ ਸੌ ਪੈਂਠ ਬਿਕਰਮੀ ਨਦੇੜ ਰੱਖੀ ਆਸ, ਆਸਾ ਇਕੋ ਓਟ ਤਕਾਈਆ। ਪੁਰਖ ਅਕਾਲ ਹੋਏ ਪਰਕਾਸ਼, ਪਰਕਾਸ਼ ਮੇਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਹੱਤਰ ਕਰੇ ਨਾਮ ਰੁਸ਼ਨਾਈਆ। ਅੱਠ ਤਤ ਜਗਤ ਪਸਾਰ, ਨੌਂ ਖੰਡ ਪ੍ਰਿਥਮੀ ਰਚਨ ਰਚਾਈਆ। ਪ੍ਰੇਮ ਪਿਆਰ ਸੁਬਰ ਅਪਰ ਅਪਾਰ, ਵਟਣਾ ਵਟ ਵਟ ਚੜ੍ਹਾਈਆ। ਨੀਲੀ ਧਾਰੋਂ ਆਇਆ ਬਾਹਰ, ਗੋਬਿੰਦ ਸੱਚਾ ਮਾਹੀਆ। ਹਰਿ ਸੰਗਤ ਕਰੇ ਸਤਿ ਪਿਆਰ, ਗੁਰਸਿਖ ਨੈਣ ਵਖਾਈਆ। ਕਰੇ ਖੇਲ ਅਗੰਮ ਅਪਾਰ, ਕੋਈ ਲਿਖਤ ਨਾ ਦਏ ਗਵਾਹੀਆ। ਚਾਰ ਜੁਗ ਜਿਸ ਦਾ ਮੰਗਦੇ ਰਹੇ ਦੀਦਾਰ, ਜਗਤ ਜੁਗਤ ਧੂਣੀਆਂ ਤਾਈਆ। ਸੋ ਪਾਂਧੀ ਬਣਿਆ ਆਪ ਕਰਤਾਰ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਗੁਰਸਿਖਾਂ ਕਹੇ ਮੈਨੂੰ ਸਾਂਝੀ ਰੱਖ ਲਓ ਵਿਚ ਸੰਸਾਰ, ਮੈਂ ਬਣ ਸੇਵਕ ਸੇਵਾ ਲਵਾਂ ਕਮਾਈਆ। ਨੌਂ ਖੰਡ ਪ੍ਰਿਥਮੀ ਆਂਧੀ ਹੋਇਆ ਅੰਧ ਅੰਧਿਆਰ, ਬਿਨ ਗੁਰਸਿਖ ਚੰਦ ਨਾ ਕੋਇ ਚੜ੍ਹਾਈਆ। ਨੀਲੇ ਵਾਲਾ ਇਕੋ ਅਸਵਾਰ, ਨੀਲੀ ਧਾਰ ਪਾਰ ਕਰਾਈਆ। ਬੂੜ ਸਿੰਘ ਅੰਦਰ ਬਾਹਰ ਗੁਪਤ ਜ਼ਾਹਰ ਕੁੰਡਾ ਖੋਲ੍ਹ ਕਿਵਾੜ, ਨਿਤ ਨਿਤ ਆਪਣਾ ਦਰਸ ਕਰਾਈਆ। ਜੇ ਕਹੋ ਮਿਲਿਆ ਸਾਂਝਾ ਯਾਰ, ਹਰਿ ਸੰਗਤ ਸੰਗ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਨੌਂ ਨੌਂ ਅੱਠ ਲੱਖ ਚੁਰਾਸੀ ਬੰਧਨ ਪਾਈਆ। ਅੱਠ ਤਤ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ, ਆਪਣਾ ਖੇਲ ਕਰਾਇੰਦਾ। ਨੌਂ ਦਰ ਨੌਂ ਖੰਡ ਪ੍ਰਿਥਮੀ ਜਗਤ ਵਾਸਨਾ ਰਹੀ ਕੁੱਦ, ਨਵ ਖੰਡ ਆਪਣੀ ਖੇਲ ਕਰਾਇੰਦਾ। ਗੁਰ ਕਰਨੀ ਗੁਰ ਕਰਤਾ ਗੁਰਮੁਖ ਲਏ ਬੁਝ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਤੀਂ ਸੁਤਿਆਂ ਸੁਰਤੀ ਸ਼ਬਦ ਮਿਲਾਇੰਦਾ। ú ੨੫ ਚੇਤ ੨੦੧੯ ਬਿਕਰਮੀ ਕਰਤਾਰ ਸਿੰਘ ਦੇ ਗ੍ਰਹਿ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ ú ਸਤਿ ਪੁਰਖ ਨਿਰੰਜਣ ਨੱਯਾ ਸਾਚੀ ਨੌਕਾ, ਨੱਯਾ ਆਪਣੀ ਆਪ ਚਲਾਈਆ। ਜਨ ਭਗਤਾਂ ਦੇਵੇ ਸਾਚਾ ਮੌਕਾ, ਖੇਲ ਆਪਣੇ ਹੱਥ ਰਖਾਈਆ। ਨਵ ਨੌਂ ਚਾਰ ਜੋ ਕਰਦਾ ਆਇਆ ਧੋਖਾ, ਨਿਰਗੁਣ ਆਪਣਾ ਰੂਪ ਛੁਪਾਈਆ। ਜਿਸ ਦਾ ਮਾਰਗ ਸਾਰੇ ਕਹਿੰਦੇ ਗਏ ਔਖਾ, ਕੋਇ ਜੀਵ ਚੜ੍ਹਨ ਨਾ ਪਾਈਆ। ਬਿਨ ਨਾਨਕ ਕਬੀਰ ਕੋਇ ਨਾ ਪਹੁੰਚਾ, ਦੂਰ ਦੁਰਾਡੇ ਬੈਠੇ ਡੇਰਾ ਲਾਈਆ। ਕਲਜੁਗ ਅੰਤਮ ਮਾਰਗ ਲਾਏ ਏਕਾ ਸੌਖਾ, ਰਹਿਬਰ ਬਣੇ ਬੇਪਰਵਾਹੀਆ। ਸਾਤੇ ਨਾਲ ਮਿਲਾਇਆ ਚੌਕਾ, ਸਤਿ ਸਤਿਵਾਦੀ ਚਾਰ ਜੁਗ ਵੇਖੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਸਾਤਾ ਚੌਕਾ ਸਤਿ ਸਤਿ ਧਾਰ, ਚਾਰ ਜੁਗ ਆਸ ਰਖਾਇੰਦਾ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਚਾਰ ਵੇਦ ਸਰਬ ਜਸ ਗਾਇੰਦਾ। ਸਤਿ ਸਤਿਵਾਦੀ ਏਕੰਕਾਰ, ਚਾਰ ਜੁਗ ਵੰਡ ਵੰਡਾਇੰਦਾ। ਸਤਿ ਸਤਿਵਾਦੀ ਅਗੰਮ ਅਪਾਰ, ਚਾਰ ਵਰਨ ਵੇਸ ਵਟਾਇੰਦਾ। ਸਤਿ ਪੁਰਖ ਨਿਰੰਜਣ ਨਿਰਗੁਣ ਨੂਰ ਜੋਤ ਉਜਿਆਰ, ਚਾਰੇ ਖਾਣੀ ਬੋਧ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਤਿ ਸਤਿਵਾਦੀ ਸਤਿ ਸਤਿ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਚਾਰ ਜੁਗ ਚਾਰ ਵਰਨ ਚਾਰ ਕੁੰਟ ਏਕਾ ਮਤ, ਚਾਰੇ ਦਿਸ਼ਾਂ ਦਏ ਸਮਝਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਵਖਾਈਆ। ਪਰਗਟ ਹੋ ਅਲੱਖਣਾ ਅਲੱਖ, ਅਲੱਖ ਏਕਾ ਏਕ ਜਗਾਈਆ। ਗੁਰਮੁਖ ਗੁਰਸਿਖ ਕਰ ਕਰ ਵੱਖ, ਵੱਖਰ ਆਪਣੀ ਵੰਡ ਵੰਡਾਈਆ। ਹਿਰਦੇ ਅੰਤਰ ਆਪੇ ਵਸ, ਕਾਇਆ ਖੇੜਾ ਦਏ ਸੁਹਾਈਆ। ਸਾਚਾ ਮਾਰਗ ਏਕਾ ਦੱਸ, ਸਾਚੇ ਪੌੜੇ ਦਏ ਚੜ੍ਹਾਈਆ। ਜੁਗ ਚੌਕੜੀ ਪੂਰੀ ਕਰੇ ਆਸ, ਸਾਤਾ ਚੌਕਾ ਬੰਧਨ ਪਾਈਆ। ਗੁਰ ਅਵਤਾਰ ਵੇਖਣ ਖੇਲ ਤਮਾਸ਼, ਹਰਿ ਜੂ ਆਪਣਾ ਸਵਾਂਗ ਵਰਤਾਈਆ। ਕਵਣ ਬਿਧ ਵਸੇ ਭਗਤਾਂ ਪਾਸ, ਗੁਰਮੁਖ ਸਾਚੇ ਲਏ ਮਿਲਾਈਆ। ਜਨਮ ਜਨਮ ਦੀ ਬੁਝਾਏ ਲੱਗੀ ਪਿਆਸ, ਆਸਾ ਤ੍ਰਿਸ਼ਨਾ ਦਏ ਗਵਾਈਆ। ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਬੰਦੀਖਾਨਾ ਆਪਣਾ ਨਾਉਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਤਾ ਚੌਕਾ ਨਾਨਕ ਗੋਬਿੰਦ ਧਾਰ, ਧਰਨੀ ਧਰਤ ਧਵਲ ਵਡਿਆਈਆ। ਬਵੰਜਾ ਅੱਖਰ ਕਰਨ ਪੁਕਾਰ, ਪੈਂਤੀਸ ਅੱਖਰ ਬੈਠਾ ਮੁਖ ਛੁਪਾਈਆ। ਅਲਫ਼ ਯੇ ਨਾ ਪਾਈ ਸਾਰ, ਹਮਜ਼ਾ ਰਮਜ਼ ਨਾ ਕੋਇ ਲਗਾਈਆ। ਚੌਦਾਂ ਵਿਦਿਆ ਹੋਣ ਖ਼ੁਵਾਰ, ਚੌਦਾਂ ਤਬਕ ਰਹੇ ਸ਼ਰਮਾਈਆ। ਕਲਮਾ ਪੜ੍ਹ ਪੜ੍ਹ ਨਬੀ ਗਏ ਹਾਰ, ਰਸੂਲ ਬੇਅਸੂਲ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਆਪਣੀ ਵੰਡ ਵੰਡਾਈਆ। ਸਾਤਾ ਚੌਕਾ ਚਾਰ ਜੁਗ, ਜੁਗ ਕਰਤਾ ਖੇਲ ਕਰਾਇੰਦਾ। ਅੰਤਮ ਔਧ ਗਈ ਪੁਗ, ਭੇਵ ਅਭੇਦ ਆਪ ਖੁਲ੍ਹਾਇੰਦਾ। ਨਵ ਨੌਂ ਜੋ ਰਿਹਾ ਲੁੱਕ, ਅੰਤਮ ਪਰਦਾ ਆਪ ਚੁਕਾਇੰਦਾ। ਆਪਣੇ ਮੰਦਰ ਆਪੇ ਉਠ, ਪਰਕਾਸ਼ ਪਰਕਾਸ਼ ਆਪ ਵਖਾਇੰਦਾ। ਦੀਨ ਦਿਆਲ ਸਵਾਮੀ ਤੁਠ, ਅਤੁਟ ਦਾਤ ਵਰਤਾਇੰਦਾ। ਵੇਖਣਹਾਰਾ ਚੌਦਾਂ ਲੋਕ, ਤ੍ਰੈਭਵਨ ਧਨੀ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦੀ ਗੁਰਸਿਖ ਆਪਣੀ ਗੋਦੀ ਚੁੱਕ ਚੁੱਕ, ਗੁਰ ਗੁਰ ਨੈਣ ਖੁਲ੍ਹਾਇੰਦਾ। ਉਜਲ ਕਰੇ ਆਪਣਾ ਮੁਖ, ਮੁਖ ਗੁਰਮੁਖਾਂ ਆਪ ਸਾਲਾਹਿੰਦਾ। ਜਨਮ ਕਰਮ ਦਾ ਮੇਟੇ ਦੁੱਖ, ਦੁਖੀਆਂ ਦਰਦ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਜੋੜ ਜੁੜਾਇੰਦਾ। ਸਾਤਾ ਚੌਕਾ ਜੋੜੇ ਜੋੜਾ, ਜੋੜੀ ਆਪਣੀ ਆਪ ਬਣਾਈਆ। ਪੁਰਖ ਅਗੰਮੀ ਚੜ੍ਹੇ ਸਾਚੇ ਘੋੜਾ, ਪਵਣ ਘੋੜਾ ਨਜ਼ਰ ਕਿਸੇ ਨਾ ਆਈਆ। ਬ੍ਰਹਿਮੰਡ ਖੰਡ ਫਿਰੇ ਦੌੜਾ, ਗਗਨ ਪਾਤਾਲ ਚਰਨਾਂ ਹੇਠ ਰਖਾਈਆ। ਸੱਸੇ ਉਪਰ ਏਕਾ ਹੌੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਵੇਂ ਰਾਹ ਚਲਾਈਆ। ਹੰ ਬ੍ਰਹਮ ਆਪੇ ਬੌਹੜਾ, ਈਸ਼ ਜੀਵ ਕਰੇ ਕੁੜਮਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਏਕਾ ਚੌਕਾ ਚੌਥੇ ਪਦ ਲਾਏ ਪੌੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪਣੇ ਹੱਥ ਰਖਾਈਆ। ਸਾਚਾ ਬੰਧਨ ਚਾਰ ਸੱਤ, ਸਤਿ ਸਤਿਵਾਦੀ ਆਪ ਰਖਾਇੰਦਾ। ਭਗਤ ਭਗਵੰਤ ਇਕੋ ਮੱਤ, ਦੂਸਰ ਅੱਖਰ ਨਾ ਕੋਇ ਪੜ੍ਹਾਇੰਦਾ। ਆਦਿ ਜੁਗਾਦੀ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਏਕਾ ਬੂੰਦ ਰਕਤ ਵੇਖੇ ਰੱਤ, ਰੱਤੀ ਰੱਤ ਰੰਗ ਰੰਗਾਇੰਦਾ। ਏਕਾ ਜਾਣੇ ਮਿੱਤ ਗਤ, ਗਤ ਮਿੱਤ ਆਪਣੀ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਚਾਰ ਵੰਡ ਵੰਡਾਇੰਦਾ। ਸੱਤ ਚਾਰ ਵੰਡੇ ਵੰਡ, ਵੰਡਣਹਾਰਾ ਆਪ ਅਖਵਾਇੰਦਾ। ਵੇਖਣਹਾਰਾ ਕੋਟ ਬ੍ਰਹਿਮੰਡ, ਅਛਲ ਅਛੱਲ ਵੇਸ ਵਟਾਇੰਦਾ। ਲੋਆਂ ਪੁਰੀਆਂ ਆਏ ਨੱਠ, ਲੋਕਮਾਤ ਫੇਰਾ ਪਾਇੰਦਾ। ਗੀਤ ਸੁਹਾਗੀ ਸੋਹਲਾ ਛੰਦ, ਗੋਬਿੰਦ ਆਪਣਾ ਨਾਉਂ ਪਰਗਟਾਇੰਦਾ। ਆਤਮ ਪਰਮਾਤਮ ਸਚ ਅਨੰਦ, ਅਨੰਦ ਮੰਗਲ ਆਪੇ ਗਾਇੰਦਾ। ਜਨਮ ਜੁਗ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ, ਦੀਨਨ ਆਪਣੀ ਦਇਆ ਕਮਾਇੰਦਾ। ਸਤਿ ਸਤਿਵਾਦੀ ਚੌਥੇ ਪਦ ਵਖਾਏ ਇਕ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ। ਊਚ ਨੀਚ ਰਾਉ ਰੰਕ ਰਾਜ ਰਾਜਾਨ ਦਏ ਬਹਾਲ, ਸ਼ਾਹ ਪਾ਼ਤਸ਼ਾਹ ਨਾ ਕੋਇ ਵਡਿਆਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਮਾਇਆ ਮਮਤਾ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਕਰੇ ਖੇਲ ਪੁਰਖ ਅਕਾਲ, ਅਕਲ ਕਲ ਆਪਣੀ ਧਾਰ ਵਖਾਇੰਦਾ। ਸੰਤ ਸੁਹੇਲੇ ਆਪੇ ਭਾਲ, ਗੁਰ ਚੇਲੇ ਰੰਗ ਚੜ੍ਹਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਫੇਰਾ ਪਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤ ਡਾਲੀ ਵੇਖ ਵਖਾਇੰਦਾ। ਪਤ ਡਾਲੀ ਵੇਖੇ ਫੁੱਲ, ਪੰਖੜੀ ਆਪਣੀ ਆਪ ਖਿਲਾਈਆ। ਆਦਿ ਜੁਗਾਦੀ ਆਪੇ ਜਾਣੇ ਆਪਣੀ ਕੁਲ, ਕੁਲਵੰਤਾ ਬੇਪਰਵਾਹੀਆ। ਸਰਗੁਣ ਹੋ ਹੋ ਜਾਏ ਭੁੱਲ, ਨਿਰਗੁਣ ਭੁੱਲ ਕਦੇ ਨਾ ਜਾਈਆ। ਜੁਗਾ ਜੁਗੰਤਰ ਪਾਏ ਮੁਲ, ਕਰਤਾ ਕੀਮਤ ਆਪ ਚੁਕਾਈਆ। ਗੁਰਮੁਖ ਬੂਟਾ ਨਾ ਜਾਏ ਹੁਲ, ਹਰੀ ਸਿੰਚ ਕਿਆਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਏਕਾ ਘਰ ਬਹਾਈਆ। ਏਕਾ ਘਰ ਇਕ ਦਰਵਾਜ਼ਾ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਸਾਹਿਬ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਇਕ ਵਜਾਏ ਅਨਹਦ ਵਾਜਾ, ਰਾਗੀ ਆਪਣਾ ਰਾਗ ਅਲਾਇੰਦਾ। ਏਕਾ ਜੁਗ ਜੁਗ ਰਚੇ ਕਾਜਾ, ਕਰਤਾ ਪੁਰਖ ਆਪਣੀ ਕਾਰ ਕਰਾਇੰਦਾ। ਏਕਾ ਭਗਤਾਂ ਮਾਰੇ ਵਾਜਾ, ਸ਼ਬਦ ਅਗੰਮੀ ਨਾਦ ਸੁਣਾਇੰਦਾ। ਏਕਾ ਨੌਂ ਖੰਡ ਪ੍ਰਿਥਮੀ ਫਿਰੇ ਭਾਜਾ, ਔਂਦਾ ਜਾਂਦਾ ਦਿਸ ਕਿਸੇ ਨਾ ਆਇੰਦਾ। ਏਕਾ ਦੋ ਜਹਾਨਾਂ ਬਣੇ ਰਾਜਾ, ਹੁਕਮੀ ਹੁਕਮ ਇਕ ਸੁਣਾਇੰਦਾ। ਏਕਾ ਗੁਰਮੁਖਾਂ ਰੱਖਣਹਾਰਾ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਪਰਗਟ ਹੋਏ ਅੰਤਮ ਦੇਸ ਮਾਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਆਪਣਾ ਖੇਲ ਕਰਾਇੰਦਾ। ਨਵ ਨੌਂ ਸੱਤ ਚਾਰ, ਚਾਰ ਜੁਗ ਵਡੀ ਵਡਿਆਈਆ। ਪੁਰਖ ਪੁਰਖੋਤਮ ਕਰੇ ਪਿਆਰ, ਪਰਮ ਪੁਰਖ ਬੇਪਰਵਾਹੀਆ। ਗੁਰਮੁਖ ਸਤਿ ਸਤਿਵੰਤੀ ਵੇਖੇ ਨਾਰ, ਸਤਿਗੁਰ ਬਣ ਬਣ ਸੱਜਣ ਮਾਹੀਆ। ਦੋ ਜਹਾਨਾਂ ਲੇਖੇ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਭੇਵ ਸਕੇ ਨਾ ਕੋਇ ਛੁਪਾਈਆ। ਨੇਤਰ ਖੋਲ੍ਹੇ ਗੁਰ ਅਵਤਾਰ ਅੰਦਰ ਬੋਲੇ, ਏਕੰਕਾਰ, ਸਾਚੇ ਸੋਹਲੇ ਕਰੇ ਜੈਕਾਰ, ਜੈ ਜੈਕਾਰ ਆਪਣਾ ਨਾਉਂ ਵਖਾਈਆ। ਪੀਰ ਪੈਗ਼ੰਬਰ ਗਾਇਣ ਢੋਲੇ, ਪੁਰਖ ਅਬਿਨਾਸ਼ੀ ਵਸੇ ਪਰਦੇ ਉਹਲੇ, ਮੁਖ ਨਕ਼ਾਬ ਆਪਣਾ ਪਰਦਾ ਰਿਹਾ ਉਠਾਈਆ। ਸ੍ਰਿਸ਼ਟ ਸਬਾਈ ਆਪੇ ਮੌਲੇ, ਕਰੇ ਖੇਲ ਉਪਰ ਧੌਲੇ, ਧਰਨੀ ਧਰਤ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਤ ਚਾਰ ਦਏ ਵਡਿਆਈਆ। ਸੱਤ ਚਾਰ ਵਡੀ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਸੱਤਰ ਬਹੱਤਰ ਹੋਈ ਕੁੜਮਾਈ, ਕੁੜਮ ਕੁੜਮੇਟਾ ਫੇਰਾ ਪਾਇੰਦਾ। ਆਪੇ ਧੀ ਆਪੇ ਜਵਾਈ, ਸੌਹਰਾ ਪੇਈਏ ਆਪਣਾ ਰੰਗ ਰੰਗਾਇੰਦਾ। ਆਪੇ ਡੋਲੀ ਰਿਹਾ ਉਠਾਈ, ਬਣ ਕਹਾਰ ਸੇਵ ਕਮਾਇੰਦਾ। ਆਪੇ ਸਗਨ ਰਿਹਾ ਮਨਾਈ, ਸਗਲਾ ਸੰਗ ਆਪ ਹੋ ਜਾਇੰਦਾ। ਆਪੇ ਬਣੇ ਸੱਚਾ ਮਾਹੀ, ਆਪੇ ਨਾਰ ਬਣ ਬਣ ਵੇਸ ਵਟਾਇੰਦਾ। ਆਪੇ ਸਚ ਸੁਹੰਜਣੀ ਸੇਜਾ ਰਿਹਾ ਹੰਢਾਈ, ਤਖ਼ਤ ਨਿਵਾਸੀ ਸਚਖੰਡ ਦੁਆਰੇ ਸੋਭਾ ਪਾਇੰਦਾ। ਆਪੇ ਨਿਰਗੁਣ ਸਰਗੁਣ ਪਕੜੇ ਬਾਹੀਂ, ਫੜ ਬਾਹੋਂ ਗਲੇ ਲਗਾਇੰਦਾ। ਆਪੇ ਦੇਵੇ ਠੰਡੀ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਮੇਲ ਮਿਲਾਏ ਚਾਈਂ ਚਾਈਂ, ਗੋਬਿੰਦ ਆਪਣਾ ਵੇਲਾ ਅੰਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਨਾਮ ਨੌਕਾ ਨੱਯਾ ਏਕਾ ਇਕ ਚੜ੍ਹਾਇੰਦਾ। ਏਕਾ ਨੱਯਾ ਪੁਰਖ ਨਾਰ, ਪੁਰਖ ਅਬਿਨਾਸ਼ੀ ਆਪ ਚੜ੍ਹਾਈਆ। ਬਿਰਧ ਬਾਲਾਂ ਦਏ ਮਾਣ, ਨਿਮਾਣਿਆਂ ਗਲੇ ਲਗਾਈਆ। ਗੋਬਿੰਦ ਦੇਵੇ ਇਕ ਫ਼ਰਮਾਣ, ਸਚ ਫ਼ਰਮਾਣਾ ਇਕ ਸੁਣਾਈਆ। ਹੁਕਮ ਵਰਤੇ ਦੋ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਅਚਰਜ ਖੇਲ ਆਪ ਕਰਾਈਆ। ਅਚਰਜ ਖੇਲ ਕਰੇ ਅਸਚਰਜ, ਭੇਵ ਕੋਇ ਨਾ ਪਾਇੰਦਾ। ਚਾਰ ਜੁਗ ਗੁਰ ਅਵਤਾਰਾਂ ਰਿਹਾ ਵਰਜ, ਹੁਕਮੇ ਅੰਦਰ ਸਰਬ ਭੁਵਾਇੰਦਾ। ਭਗਤਾਂ ਦੇਂਦਾ ਰਿਹਾ ਮੂਲ ਕਰਜ਼, ਮਕਰੂਜ਼ ਆਪਣਾ ਨਾਉਂ ਵਖਾਇੰਦਾ। ਕਲਜੁਗ ਅੰਤਮ ਪੂਰਾ ਕਰੇ ਫ਼ਰਜ਼, ਵੇਸ ਅਵੱਲੜਾ ਆਪ ਵਟਾਇੰਦਾ। ਨਵ ਨੌਂ ਚਾਰ ਗੁਰਮੁਖਾਂ ਪੂਰੀ ਕਰੇ ਗ਼ਰਜ਼, ਆਪਣੀ ਗ਼ਰਜ਼ ਨਾਲ ਮਿਲਾਇੰਦਾ। ਆਪਣੀ ਕਾਇਆ ਕਰ ਕੇ ਹਰਜ਼, ਗੁਰਮੁਖ਼ ਕਾਇਆ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੱਤ ਚਾਰ ਭੇਵ ਚੁਕਾਇੰਦਾ। ਚਾਰ ਸੱਤ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਚਾੜ੍ਹੇ ਰੰਗ ਇਕ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਉਂ ਮਣੀਆ ਮੰਤ, ਮਨ ਮਣਕਾ ਦਏ ਭੁਆਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਗੁਰਸਿਖ ਮੇਲਾ ਸਤਿਗੁਰ ਬੇਅੰਤ, ਬੇਅੰਤ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਜੀਵ ਜੰਤ, ਬਿਨ ਗੁਰਸਿਖ ਲੇਖ ਕਿਸੇ ਨਾ ਮਾਤ ਪਰਗਟਾਈਆ।

Leave a Reply

This site uses Akismet to reduce spam. Learn how your comment data is processed.