੧੮ ਚੇਤ ੨੦੧੫ ਬਿਕ੍ਰਮੀ ਦੀਦਾਰ ਸਿੰਘ ਦੇ ਘਰ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ ਨਿਰਗੁਣ ਜੋਤ ਅਨਕ ਰੂਪ ਵਿਚ
ਹਰਿ ਕਿਰਪਾ ਹਰਿ ਜਾਣਿਆ, ਹਰਿਜਨ ਮੇਲ ਮਿਲਾਏ। ਪੂਰਨ ਬ੍ਰਹਮ ਪਛਾਨਿਆ, ਹਉਮੇ ਰੋਗ ਜਲਾਏ। ਏਕਾ ਬਖ਼ਸ਼ੇ ਚਰਨ ਧਿਆਨਿਆ, ਅੰਤਰ ਨਾਮ ਵਰ ਕਰਾਏ। ਏਕਾ ਰਾਗ ਸੁਣਾਏ ਕਾਨਿਆ, ਅਨਹਦ ਤਾਲ ਵਜਾਏ। ਸ਼ਬਦ ਜਣਾਈ ਧੁਰ ਫ਼ਰਮਾਣਿਆ, ਜਨ ਸਾਚੇ ਲਏ ਜਗਾਏ। ਜੁਗ ਜੁਗ ਵਰਤੇ ਆਪਣਾ ਭਾਣਿਆ, ਸਦ ਭਾਣੇ ਵਿਚ ਸਮਾਏ। ਕਲਜੁਗ ਅੰਤਮ ਵੇਖ ਵਖਾਨਿਆ, ਜੋਤੀ ਜਾਮਾ ਭੇਖ ਵਟਾਏ। ਪਕੜ ਉਠਾਏ ਸੁਘੜ ਸਿਆਣਿਆ, ਰਾਜ ਰਾਜਾਨਾ ਦਏ ਹਿਲਾਏ। ਇਕ ਝੁਲਾਏ ਧਰਮ ਨਿਸ਼ਾਨਿਆ, ਦੋ ਜਹਾਨਾਂ ਵੇਖ ਵਖਾਏ। ਪਰਗਟ ਹੋਏ ਸ੍ਰੀ ਭਗਵਾਨਿਆ, ਸਤਿਜੁਗ ਸਾਚਾ ਮਾਰਗ ਲਾਏ। ਚਾਰ ਵਰਨ ਦੇਵੇ ਮਾਣਿਆ, ਏਕਾ ਦੂਜਾ ਭੌ ਚੁਕਾਏ। ਏਕਾ ਨਾਮ ਗੁਣ ਨਿਧਾਨਿਆ, ਗੁਣਵੰਤਾ ਆਪ ਰਖਾਏ। ਗੁਰਮੁਖ ਸਾਜਣ ਵੇਖ ਵਖਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜਗਾਏ। ਹਰਿ ਰੰਗ ਹਰਿ ਹਰਿ ਵੇਖਿਆ, ਪੂਰਨ ਬ੍ਰਹਮ ਵਿਚਾਰ। ਹਰਿ ਸਤਿਗੁਰ ਸਾਚਾ ਪੇਖਿਆ, ਦਰਸ ਅਗੰਮ ਅਪਾਰ। ਜੁਗ ਜੁਗ ਲਿਖਣਹਾਰਾ ਲੇਖਿਆ, ਆਦਿ ਅੰਤਾ ਏਕੰਕਾਰ। ਆਪੇ ਜਾਣੇ ਆਪਣਾ ਵੇਸਿਆ, ਆਪ ਆਪਣੀ ਪਾਏ ਸਾਰ। ਆਪਣੀ ਜੋਤੀ ਆਪ ਪਰਵੇਸ਼ਿਆ, ਆਪੇ ਸ਼ਬਦ ਹੋਏ ਜੈਕਾਰ। ਆਪੇ ਹੋਏ ਦਰ ਦਰਵੇਸਿਆ, ਆਪੇ ਮੰਗਣਹਾਰ ਭਿਖਾਰ। ਆਪੇ ਲਾਵਣਹਾਰਾ ਮੇਖਿਆ, ਗੁਰਮੁਖ ਸਾਜਣ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਉਜਿਆਰ। ਹਰਿ ਸਾਜਣ ਹਰਿ ਮੀਤੜਾ, ਹਰਿ ਹਰਿ ਰੰਗ ਸਮਾਏ। ਹਰਿ ਚਲਾਏ ਜਗਤ ਅਨਡੀਠੜਾ, ਦਿਸ ਕਿਸੇ ਨਾ ਆਏ। ਆਪਣਾ ਭਾਣਾ ਜਾਣੇ ਮੀਠੜਾ, ਜੁਗ ਜੁਗ ਰਿਹਾ ਵਰਤਾਏ। ਕਲਜੁਗ ਕਾਇਆ ਕੌੜਾ ਰੀਠੜਾ, ਅੰਤਮ ਭੰਨ ਵਖਾਏ। ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਏ। ਹਰਿ ਸਾਜਣ ਹਰਿ ਰੰਗ ਰਤਿਆ, ਹਰਿ ਹਰਿ ਮੂਲ ਪਛਾਨ। ਆਪੇ ਦੇਵਣਹਾਰਾ ਮਤਿਆ, ਆਪੇ ਦੇਵੇ ਜੀਆ ਦਾਨ। ਸਤਿ ਸੰਤੋਖ ਧੀਰਜ ਸਤਿਆ, ਚਰਨ ਧੂੜ ਸੱਚਾ ਅਸ਼ਨਾਨ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠਿਆ, ਨੇਤਰ ਨੈਣ ਲੋਚਣ ਜੋ ਜਨ ਦਰਸ਼ਨ ਪਾਣ। ਜੋਤੀ ਕਰੇ ਰੁਸ਼ਨਾਈ ਲਟ ਲਟਿਆ, ਸੁਣੇ ਸੁਣਾਏ ਸ਼ਬਦ ਸੱਚੀ ਧੁਨਕਾਨ। ਭਾਗ ਲਗਾਏ ਕਾਇਆ ਮਟਿਆ, ਹਰਿ ਸ਼ਬਦ ਗੁਰ ਮਿਹਰਵਾਨ। ਹਰਿਜਨ ਆਵਣ ਜਾਵਣ ਕੱਟਿਆ, ਜਿਸ ਮਿਲਿਆ ਨਾਮ ਨਿਸ਼ਾਨ। ਕੂੜ ਮੁਨਾਰਾ ਕਲਜੁਗ ਢੱਠਿਆ, ਸਤਿਜੁਗ ਵੇਖੇ ਮਾਰ ਧਿਆਨ। ਪ੍ਰਭ ਗੇੜਨਹਾਰਾ ਉਲਟੀ ਲੱਠਿਆ, ਨਾ ਕੋਈ ਜਾਣੇ ਵੇਦ ਪੁਰਾਨ। ਪੰਜ ਤਤ ਘਰ ਘਰ ਅਗਨੀ ਲੱਗੀ ਮੱਠਿਆ, ਨਾ ਕੋਈ ਸਹਾਈ ਅੰਜੀਲ ਕੁਰਾਨ। ਖੇਲੇ ਖੇਲ ਹਰ ਘਟ ਘਟਿਆ, ਹਰ ਘਟ ਵੇਖੇ ਮਾਰ ਧਿਆਨ। ਗੁਰਮੁਖ ਵਿਰਲੇ ਲਾਹਾ ਖੱਟਿਆ, ਜਿਸ ਜਨ ਬਖ਼ਸ਼ੇ ਚਰਨ ਧਿਆਨ। ਕਲਜੁਗ ਖੇਲ ਬਾਜ਼ੀਗਰ ਨਟਿਆ, ਸਵਾਂਗੀ ਸਵਾਂਗ ਕਰੇ ਭਗਵਾਨ। ਲੋਕਮਾਤ ਆਇਆ ਨੱਠਿਆ, ਜੋਤੀ ਜੋਤ ਜਗੇ ਮਹਾਨ। ਅੰਮ੍ਰਿਤ ਆਤਮ ਹਰਿਜਨ ਝੱਟਿਆ, ਦਾਤਾ ਦਾਨੀ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਝੁਲਾਏ ਸਚ ਨਿਸ਼ਾਨ। ਸਚ ਨਿਸ਼ਾਨਾ ਸਚ ਘਰ, ਹਰਿ ਸਾਚਾ ਆਪ ਝੁਲਾਇੰਦਾ। ਆਪੇ ਦੇਵਣਹਾਰਾ ਵਰ, ਆਪਣੀ ਝੋਲੀ ਪਾਇੰਦਾ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪ ਅਖਵਾਇੰਦਾ। ਆਪ ਆਪਣਾ ਜਾਣੇ ਡਰ, ਨਿਰਭੌ ਅਪਣਾ ਰੂਪ ਵਟਾਇੰਦਾ। ਆਪ ਆਪਣਾ ਵੇਖੇ ਸਰ, ਸਰ ਸਰੋਵਰ ਇਕ ਸੁਹਾਇੰਦਾ। ਜੁਗ ਜੁਗ ਸਾਚਾ ਘਾੜਨ ਘੜ, ਸਤਿਗੁਰ ਭੇਖ ਵਟਾਇੰਦਾ। ਹਰ ਘਟ ਅੰਦਰ ਆਪੇ ਵੜ, ਹਰਿਜਨ ਵੇਖ ਵਖਾਇੰਦਾ। ਲੱਖ ਚੁਰਾਸੀ ਆਪੇ ਲੜ, ਆਪੇ ਮੇਟ ਮਿਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਫੜਾਏ ਆਪਣਾ ਲੜ, ਬੰਧਨ ਬੰਧ ਬੰਧਾਇੰਦਾ। ਤ੍ਰੈਲੋਕ ਉਪਾਏ ਕਿਲਾ ਗੜ੍ਹ, ਦਿਸ ਕਿਸੇ ਨਾ ਆਇੰਦਾ। ਚੌਦਾਂ ਲੋਕਾਂ ਅੱਗੇ ਖੜ, ਆਪ ਆਪਣਾ ਹੁਕਮ ਚਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਰਖਾਇੰਦਾ। ਸਾਚੇ ਮੰਦਰ ਆਪੇ ਚੜ੍ਹ, ਨਾਮ ਸਿੰਘਾਸਣ ਆਸਣ ਲਾਇੰਦਾ। ਜਨ ਭਗਤਾਂ ਜੋਤ ਜਗਾਏ ਬਹੱਤਰ ਨਾੜ, ਅਗਿਆਨ ਅੰਧੇਰ ਮਿਟਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਆਪ ਆਪਣੀ ਲਾਏ ਜੜ, ਆਪਣੀ ਆਪ ਆਪ ਉਖੜਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਜੁਗ ਜੁਗ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਇੰਦਾ। ਜੋਤੀ ਜਾਮਾ ਆਦਿ ਨਿਰੰਜਣ, ਪਾਰਬ੍ਰਹਮ ਅਬਿਨਾਸ਼ਾ। ਭਗਤ ਸੁਹੇਲਾ ਸਾਚਾ ਸੱਜਣ, ਆਦਿ ਅੰਤ ਨਾ ਕਦੇ ਵਿਨਾਸਾ। ਕਲਜੁਗ ਅੰਤਮ ਆਇਆ ਪੜਦੇ ਕੱਜਣ, ਵੇਖ ਵਖਾਣੇ ਪ੍ਰਿਥਮੀ ਅਕਾਸ਼ਾ। ਨੌਂ ਖੰਡ ਪ੍ਰਿਥਮੀ ਸਤਿ ਦੀਪ ਖੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਕਾਲ ਨਗਾਰੇ ਵੱਜਣ, ਹਰਿ ਖੇਲੇ ਖੇਲ ਤਮਾਸ਼ਾ। ਲੱਖ ਚੁਰਾਸੀ ਭਾਂਡੇ ਭੱਜਣ, ਲਹਿਣਾ ਦੇਣ ਚੁਕਾਏ ਦਸ ਦਸ ਮਾਸਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਚਰਨ ਦਵਾਰੇ ਬਹਿ ਬਹਿ ਸੱਜਣ, ਸਚ ਮੰਡਲ ਪਾਵੇ ਰਾਸਾ। ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਵਾਰ ਘਰ ਘਰ ਤਜਣ, ਕਿਸੇ ਹੱਥ ਨਾ ਆਏ ਮਾਟੀ ਕਾਸਾ। ਕਲਜੁਗ ਕੂੜ ਚਲਾਏ ਆਪਣਾ ਜਹਾਜਨ, ਮਨਮੁਖ ਜੀਵਾਂ ਅੰਦਰ ਕਰੇ ਵਾਸਾ। ਜੂਠਾ ਝੂਠਾ ਮਿਲਿਆ ਤਾਜਨ, ਮਾਇਆ ਮਮਤਾ ਪਾਈ ਰਾਸਾ। ਸਤਿਗੁਰ ਪੂਰਾ ਪਾਰਬ੍ਰਹਮ ਅਬਿਨਾਸ਼ੀ ਕਰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰਾਸਾ। ਆਪ ਆਪਣੀ ਜੋਤ ਜਗਾ, ਆਪਣੀ ਕਲ ਵਰਤਾਈਆ। ਨਿਰਗੁਣ ਸਰਗੁਣ ਖੇਲ ਖਿਲਾ, ਗੁਰ ਚੇਲਾ ਰੂਪ ਅਖਵਾਈਆ। ਪੰਜ ਤਤ ਗਿਆ ਸਮਾ, ਦਿਸ ਕਿਸੇ ਨਾ ਆਈਆ। ਗੁਰ ਗੋਬਿੰਦ ਮੇਲਾ ਸਹਿਜ ਸੁਭਾ, ਹਰਿ ਸਾਚਾ ਰਿਹਾ ਕਰਾਈਆ। ਕਲਗੀ ਤੋੜਾ ਨਾਮ ਲਗਾ, ਜੋਤੀ ਜੋੜਾ ਵੇਖ ਵਖਾਈਆ। ਸਾਚੇ ਘੋੜੇ ਰਿਹਾ ਚੜ੍ਹਾ, ਨੀਲੇ ਵਾਲਾ ਬੇਪਰਵਾਹੀਆ। ਦੋ ਜਹਾਨੀ ਪੌੜਾ ਏਕਾ ਲਾ, ਲੋਕਮਾਤ ਫੇਰਾ ਪਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਵੇਖ ਵਖਾ, ਵੇਦ ਵਿਆਸਾ ਲਏ ਜਗਾਈਆ। ਸੰਬਲ ਨਗਰੀ ਡੇਰਾ ਲਾ, ਸਾਢੇ ਤਿੰਨ ਹੱਥ ਦਏ ਸੁਹਾਈਆ। ਮਿੱਠਾ ਕੌੜਾ ਵੇਖ ਵਖਾ, ਲੱਖ ਚੁਰਾਸੀ ਫੋਲ ਫੋਲਾਈਆ। ਜਨ ਭਗਤਾਂ ਆਤਮ ਅੰਤਰ ਲੱਗੀ ਔੜਾ ਦਏ ਬੁਝਾ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਰਿਹਾ ਸਮਾਈਆ। ਜੋਤੀ ਨੂਰ ਕਰ ਪਰਕਾਸ਼, ਖੇਲੇ ਖੇਲ ਖੇਲਣਹਾਰਾ। ਸਰਬ ਜੀਆਂ ਹਰਿ ਕਰਿਆ ਵਾਸ, ਅੰਦਰ ਬਾਹਰ ਗੁਪਤ ਜ਼ਾਹਰਾ। ਜੁਗ ਜੁਗ ਜਨ ਭਗਤਾਂ ਪੂਰੀ ਕਰਦਾ ਆਇਆ ਆਸ, ਆਦਿ ਅੰਤ ਇਕ ਅਵਤਾਰਾ। ਲੇਖੇ ਲਾਏ ਸਵਾਸ ਸਵਾਸ, ਨਿਰਗੁਣ ਰੂਪ ਨਾਨਕ ਨਿਰੰਕਾਰਾ। ਸਾਚੇ ਮੰਡਲ ਪਾਵੇ ਰਾਸ, ਏਕਾ ਨੂਰ ਕਰੇ ਉਜਿਆਰਾ। ਪਰਗਟ ਹੋਇਆ ਸ਼ਾਹੋ ਸ਼ਬਾਸ, ਨਿਹਕਲੰਕ ਨਰਾਇਣ ਨਰ ਅਵਤਾਰਾ। ਆਪੇ ਜਾਣੇ ਰੁੱਤ ਮਾਹ ਦਿਵਸ ਮਾਸ, ਆਪੇ ਵੇਖ ਵਖਾਣੇ ਜਗਤ ਪਸਾਰਾ। ਆਪੇ ਕਰਨੇਹਾਰਾ ਨਾਸ, ਦੇਵਣਹਾਰਾ ਸਰਬ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰਾ। ਅਪਰ ਅਪਾਰਾ ਹਰਿ ਹਰਿ ਖੇਲ, ਜੁਗ ਜੁਗ ਆਪ ਖਿਲਾਇਆ। ਕਲਜੁਗ ਮੇਲਾ ਗੁਰੂ ਗੁਰ ਚੇਲ, ਗੁਰ ਚੇਲਾ ਰੂਪ ਸਮਾਇਆ। ਸਖਾ ਸਹਾਈ ਸੱਜਣ ਸੁਹੇਲ, ਏਕਾ ਏਕ ਅਖਵਾਇਆ। ਆਪੇ ਵਸਿਆ ਰੰਗ ਨਵੇਲ, ਰੰਗ ਰਾਤਾ ਹਰਿ ਰਘੁਰਾਇਆ। ਜਨ ਭਗਤਾਂ ਧਰਮ ਰਾਏ ਦੀ ਕਟੇ ਜੇਲ, ਆਵਣ ਜਾਵਣ ਫੰਦ ਕਟਾਇਆ। ਸ਼ਬਦ ਦਵਾਰੇ ਸਾਚਾ ਮੇਲ, ਸੁਰਤੀ ਸੁਰਤ ਸਮਾਇਆ। ਜੋਤ ਨਿਰੰਜਣ ਚਾੜ੍ਹੇ ਤੇਲ, ਪੰਚਮ ਸਖੀਆਂ ਮੰਗਲ ਗਾਇਆ। ਅਨਹਦ ਮੇਲਾ ਆਪੇ ਮੇਲ, ਧੁਨ ਅਨਾਦੀ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪਣਾ ਵੇਖਣਹਾਰ ਸਮਰਥਾ, ਹਰਿ ਹਰਿ ਆਪ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਥਾ, ਰਥ ਰਥਵਾਹੀ ਆਪ ਹੋ ਜਾਇੰਦਾ। ਲੱਖ ਚੁਰਾਸੀ ਪਾਏ ਨੱਥਾ, ਸ਼ਬਦ ਡੋਰੀ ਤੰਦ ਬੰਧਾਇੰਦਾ। ਆਪ ਚਲਾਏ ਆਪਣੀ ਕਥਾ, ਅਕਥ ਕਥਾ ਨਾ ਕੋਈ ਲੇਖ ਲਿਖਾਇੰਦਾ। ਹਰਿਜਨ ਰਾਖੇ ਦੇ ਕਰ ਹੱਥਾ, ਸੀਸ ਆਪਣਾ ਹੱਥ ਟਿਕਾਇੰਦਾ। ਧੁਰਦਰਗਾਹੀ ਨਾਮ ਵੱਥਾ, ਸ੍ਰਿਸ਼ਟ ਸਬਾਈ ਲੇਖ ਲਿਖਾਏ ਮਸਤਕ ਮੱਥਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਚਲੂਲ, ਏਕਾ ਏਕੰਕਾਰਿਆ। ਪਰਗਟ ਹੋਏ ਕੰਤ ਕੰਤੂਹਲ, ਜਨ ਸਾਜਨ ਮੀਤ ਮੁਰਾਰਿਆ। ਸਚ ਪੰਘੂੜਾ ਜਾਏ ਝੂਲ, ਗੁਰਮੁਖ ਦੇਵੇ ਇਕ ਹੁਲਾਰਿਆ। ਨਾਮ ਫੜਾਏ ਸਚ ਤ੍ਰਿਸੂਲ, ਪੰਚ ਵਿਕਾਰਾ ਕਰੇ ਖ਼ਵਾਰਿਆ। ਲਹਿਣਾ ਦੇਣਾ ਆਪ ਚੁਕਾਏ ਮੂਲ, ਕਲਜੁਗ ਅੰਤਮ ਲਏ ਅਵਤਾਰਿਆ। ਗੁਰ ਗੋਬਿੰਦ ਤੇਰੀ ਫੁਲਵਾੜੀ ਜਾਏ ਫੂਲ, ਹਰਿ ਵੇਖੇ ਸਿਰਜਣਹਾਰਿਆ। ਤੇਰਾ ਤੇਰੇ ਗਏ ਭੂਲ, ਤੇਰਾ ਅੰਤ ਨਾ ਪਾਰਾਵਾਰਿਆ। ਸਚ ਸਿੰਘਾਸਣ ਹਰਿ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਅਕਾਲ ਤਖ਼ਤ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਲਗਾ ਲਿਆ। ਅੰਗੀਕਾਰ ਆਪਣਾ ਕਰ, ਏਕਾ ਸੰਗ ਨਿਭਾਇੰਦਾ। ਸਾਚਾ ਸੰਗੀ ਸਾਚਾ ਹਰਿ, ਸਾਚਾ ਧਾਮ ਸੁਹਾਇੰਦਾ। ਨਾਮ ਕਟਾਰ ਕਰ ਨੰਗੀ ਵੇਖੇ ਦਰ ਦਰ, ਕਲਜੁਗ ਅੰਤਮ ਫੇਰਾ ਪਾਇੰਦਾ। ਇਕ ਵਜਾਏ ਮਰਦੰਗੀ ਉਪਰ ਚੜ੍ਹ, ਲੋਆਂ ਪੁਰੀਆਂ ਆਪ ਉਠਾਇੰਦਾ। ਬ੍ਰਹਮਾ ਨੇਤਰ ਨੀਰ ਵਰੋਲੇ ਜ਼ਾਰੋ ਜ਼ਾਰ, ਲੋਕਮਾਤ ਰਾਹ ਤਕਾਇੰਦਾ। ਸ਼ਿਵ ਸ਼ੰਕਰ ਅੱਠੇ ਪਹਿਰ ਰਿਹਾ ਖੜ੍ਹ, ਬਾਸ਼ਕ ਤਸ਼ਕਾ ਮੁਖ ਭਵਾਇੰਦਾ। ਕਰੋੜ ਤੇਤੀਸਾ ਰਿਹਾ ਲੜ, ਅੰਮ੍ਰਿਤ ਜਾਮ ਨਾ ਕੋਈ ਪਿਆਇੰਦਾ। ਸੁਰਪਤ ਰਾਜਾ ਇੰਦ ਹਰਿ ਸ਼ਬਦ ਸਰੂਪੀ ਆਪੇ ਫੜ, ਵੇਲਾ ਅੰਤ ਵਖਾਇੰਦਾ। ਤ੍ਰੈਲੋਕ ਵੇਖੇ ਆਪੇ ਖੜ, ਵੇਖਣਹਾਰ ਦਿਸ ਨਾ ਆਇੰਦਾ। ਲੋਕਮਾਤ ਨੌਂ ਖੰਡ ਸ੍ਰਿਸ਼ਟ ਸਬਾਈ ਹੋਇਆ ਹੰਕਾਰੀ ਗੜ੍ਹ, ਲੱਖ ਚੁਰਾਸੀ ਵਿਚ ਵਸਾਇੰਦਾ। ਕਲਜੁਗ ਅੰਤਮ ਲਏ ਫੜ, ਨਾ ਕੋਈ ਕਿਸੇ ਬਚਾਇੰਦਾ। ਰਾਜ ਰਾਜਾਨ ਵਹੇ ਹੜ, ਧੀਰਜ ਧੀਰ ਨਾ ਕੋਈ ਧਰਾਇੰਦਾ। ਗੁਰੂਦਵਾਰੇ ਮੰਦਰ ਮਸਜਿਦ ਅੰਦਰ ਮੁੱਲਾਂ ਸ਼ੇਖ਼ ਪੰਡਤ ਪਾਂਧੇ ਗ੍ਰੰਥੀ ਪੰਥੀ ਰਹੇ ਪੜ੍ਹ, ਹਰਿ ਸਚ ਦਿਸ ਨਾ ਆਇੰਦਾ। ਗੁਰ ਗੋਬਿੰਦ ਫੜਿਆ ਸਾਚਾ ਲੜ, ਹਰਿ ਸਾਚਾ ਮੇਲ ਮਿਲਾਇੰਦਾ। ਵਾਹਿਗੁਰੂ ਅੱਖਰ ਏਕਾ ਪੜ੍ਹ, ਏਕੰਕਾਰ ਰੂਪ ਸਮਾਇੰਦਾ। ਦੋ ਜਹਾਨੀ ਆਪੇ ਰਿਹਾ ਲੜ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਫੇਰਾ ਪਾਇੰਦਾ। ਸੱਚਾ ਸਤਿਗੁਰ ਮਿਹਰਵਾਨ, ਸ਼ਬਦ ਗੁਰ ਅਨਾਦੀਆ। ਹਰਿ ਹਰਿ ਦੇਵੇ ਜੀਆ ਦਾਨ, ਵੇਖ ਵਖਾਏ ਬ੍ਰਹਮ ਬ੍ਰਹਿਮਾਦੀਆ। ਜੁਗ ਜੁਗ ਖੇਲੇ ਖੇਲ ਮਹਾਨ, ਧੁਰ ਦੀ ਬਾਣ ਆਦਿ ਜੁਗਾਦੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੀ ਵਸਤ ਆਪੇ ਲਾਧੀਆ। ਹਰਿ ਸ਼ਬਦ ਹਰਿ ਰੂਪ, ਹਰਿ ਸਮਾਇਆ। ਸਤਿਗੁਰ ਸ਼ਾਹੋ ਭੂਪ, ਗੁਰਮੁਖ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਮਨਮੁਖ ਨਾਤਾ ਜੂਠ ਝੂਠ, ਨਿੰਦਕ ਨਿੰਦਿਆ ਮੁਖ ਰਖਾਇਆ। ਕਲਜੁਗ ਅੰਤਮ ਗਿਆ ਤੂਠ, ਹਰਿ ਗੋਬਿੰਦ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵਿਚ ਸਮਾਇਆ। ਹਰਿ ਸ਼ਬਦ ਹਰਿ ਧਾਰ, ਹਰਿ ਹਰਿ ਆਪ ਚਲਾਈਆ। ਸਤਿਗੁਰ ਪੂਰਾ ਪਾਵੇ ਸਾਰ, ਵਡ ਵੱਡੀ ਵਡਿਆਈਆ। ਗੁਰਮੁਖ ਸਾਜਨ ਲਏ ਉਭਾਰ, ਬਖ਼ਸ਼ੇ ਚਰਨ ਸੱਚੀ ਸਰਨਾਈਆ। ਮਨਮੁਖ ਡੋਬੇ ਵਿਚ ਮੰਝਧਾਰ, ਕਲਜੁਗ ਕੂਕੇ ਦਏ ਦੁਹਾਈਆ। ਪਰਗਟ ਹੋ ਵਿਚ ਸੰਸਾਰ, ਏਕਾ ਡੰਕਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਹਰਿ ਸ਼ਬਦ ਹਰਿ ਸੰਗ, ਹਰਿ ਉਪਾਇਆ। ਸਤਿਗੁਰ ਪੂਰਾ ਨਾਮ ਵਜਾਏ ਮਰਦੰਗ, ਲੋਆਂ ਪੁਰੀਆਂ ਰਿਹਾ ਸੁਣਾਇਆ। ਗੁਰਮੁਖ ਮੰਗੇ ਸਾਚੀ ਮੰਗ, ਏਕਾ ਝੋਲੀ ਨਾਮ ਭਰਾਇਆ। ਮਨਮੁਖ ਜੀਵ ਹੋਏ ਨੰਗ, ਸ਼ਬਦ ਬਸਤਰ ਨਾ ਤਨ ਹੰਢਾਇਆ। ਸਤਿਗੁਰ ਪੂਰਾ ਚਾੜ੍ਹੇ ਰੰਗ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇਆ। ਹਰਿ ਸ਼ਬਦ ਹਰਿ ਮੀਤ, ਹਰਿ ਹਰਿ ਮੇਲ ਮਿਲਾਇਆ। ਸਤਿਗੁਰ ਗਾਏ ਸੁਹਾਗੀ ਗੀਤ, ਏਕਾ ਰਾਗ ਅਲਾਇਆ। ਹਰਿਜਨ ਬੈਠਾ ਰਹੇ ਅਤੀਤ, ਇਕ ਧਿਆਨ ਲਗਾਇਆ। ਮਨਮੁਖਾਂ ਵੇਲਾ ਰਿਹਾ ਬੀਤ, ਵੇਲਾ ਗਿਆ ਹੱਥ ਨਾ ਆਇਆ। ਸਤਿਗੁਰ ਪੂਰਾ ਕਾਇਆ ਕਰੇ ਠੰਡੀ ਸੀਤ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੋਜ ਖੁਜਾਇਆ। ਹਰਿ ਹਰਿ ਸ਼ਬਦ ਮਲਾਹ, ਹਰਿ ਹਰਿ ਆਪ ਉਪਾਇਆ। ਗੁਰ ਪੂਰਾ ਦਏ ਨਾਮ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇਆ। ਗੁਰਮੁਖ ਸਾਜਨ ਪਕੜੇ ਬਾਂਹ, ਕਲ ਬੇੜਾ ਪਾਰ ਕਰਾਇਆ। ਮਨਮੁਖ ਜੀਵ ਕਰ ਬੈਠੇ ਨਾਂਹ, ਰਾਏ ਧਰਮ ਦਏ ਸਜਾਇਆ। ਸਤਿਗੁਰ ਪੂਰਾ ਦੇਵੇ ਸਾਚਾ ਥਾਂ, ਥਿਰ ਘਰ ਸਾਚਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਹੋਏ ਸਹਾਇਆ। ਹਰਿ ਹਰਿ ਸ਼ਬਦ ਅਤੁੱਟ, ਹਰਿ ਹਰਿ ਆਪ ਵਰਤਾਇੰਦਾ। ਸਤਿਗੁਰ ਪੂਰਾ ਲਾਹਾ ਲੁੱਟ, ਏਕਾ ਰੂਪ ਸਮਾਇੰਦਾ। ਗੁਰਮੁਖਾਂ ਦੇਵੇ ਨਾਮ ਘੁੱਟ, ਏਕਾ ਜਾਮ ਪਿਲਾਇੰਦਾ। ਮਨਮੁਖ ਦਰ ਦਵਾਰਿਉਂ ਕੱਢੇ ਕੁੱਟ, ਸਾਚੀ ਵਸਤ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਜਾਏ ਤੁਠ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਹਰਿ ਸ਼ਬਦ ਹਰਿ ਭੰਡਾਰ, ਹਰਿ ਹਰਿ ਆਪ ਵਰਤਾਇਆ । ਸਤਿਗੁਰ ਪੂਰਾ ਲੈ ਅਵਤਾਰ, ਜੁਗ ਜੁਗ ਵੇਸ ਵਟਾਇਆ। ਗੁਰਮੁਖ ਸਾਜਨ ਲਾਏ ਪਾਰ, ਸਾਚਾ ਬੇੜਾ ਲਏ ਚਲਾਇਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਇਆ। ਸਤਿਗੁਰ ਪੂਰਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸੰਗ ਨਿਭਾਇਆ। ਹਰਿ ਸ਼ਬਦ ਹਰਿ ਧਾਰ, ਹਰਿ ਹਰਿ ਆਪ ਚਲਾਈਆ। ਸਤਿਗੁਰ ਪੂਰਾ ਪਾਵੇ ਸਾਰ, ਸਚ ਸੁੱਚ ਵੱਡੀ ਵਡਿਆਈਆ। ਗੁਰਮੁਖ ਸਾਜਨ ਢਹਿ ਪਏ ਦਵਾਰ, ਮੇਲ ਮਿਲਾਏ ਬੇਪਰਵਾਹੀਆ। ਮਨਮੁਖ ਜੀਵ ਹੋਏ ਖ਼ਵਾਰ, ਥਾਇਨ ਨਾ ਕੋਈ ਪਾਈਆ। ਸਤਿਗੁਰ ਪੂਰਾ ਸਿਰਜਣਹਾਰ, ਸਭਨਾ ਦੇਵੇ ਰਿਜਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਧਾਮ ਸੁਹਾਈਆ। ਨਿਰਗੁਣ ਧਾਮ ਹਰਿ ਨਿਰੰਕਾਰ, ਏਕਾ ਏਕ ਸੁਹਾਇਆ। ਜੋਤੀ ਜੋਤ ਅਗੰਮ ਅਪਾਰ, ਨਾ ਕੋਈ ਲੇਖਾ ਲੇਖ ਲਿਖਾਇਆ। ਨਾ ਕੋਈ ਮੰਦਰ ਚਾਰ ਦਿਵਾਰ, ਗਗਨ ਪਤਾਲ ਨਾ ਕੋਈ ਸੁਹਾਇਆ। ਮੰਡਲ ਮੰਡਪ ਨਾ ਕੋਈ ਪਸਾਰ, ਅਕਾਸ਼ ਪਰਕਾਸ਼ ਨਾ ਕੋਈ ਦਸਾਇਆ। ਧਰਤ ਧਵਲ ਨਾ ਕੋਈ ਅਕਾਰ, ਰਵ ਸਸ ਨਾ ਕੋਈ ਰੁਸ਼ਨਾਇਆ। ਬ੍ਰਹਿਮੰਡ ਖੰਡ ਨਾ ਕੋਈ ਵਿਚਾਰ, ਜੇਰਜ ਅੰਡ ਨਾ ਕੋਈ ਬਣਾਇਆ। ਸਾਚੇ ਘਰ ਸੱਚੀ ਸਰਕਾਰ, ਆਪ ਆਪਣਾ ਆਸਣ ਲਾਇਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਇਆ। ਆਪੇ ਲੇਖਾ ਲੇਖ ਲਿਖਾਰ, ਬ੍ਰਹਮਾ ਬ੍ਰਹਮ ਜਣਾਇਆ। ਪਾਰਬ੍ਰਹਮ ਪੂਰਨ ਗੁਰ ਅਵਤਾਰ, ਆਦਿ ਜੁਗਾਦੀ ਆਪ ਅਖਵਾਇਆ। ਆਪੇ ਖੰਡਾ ਤੇਜ਼ ਕਟਾਰ, ਆਪ ਆਪਣੇ ਤਨ ਲਟਕਾਇਆ। ਆਪੇ ਮਾਰਨਹਾਰਾ ਮਾਰ, ਬ੍ਰਹਿਮੰਡਾਂ ਖੋਜ ਖੋਜਾਇਆ। ਰੂਪ ਅਨੂਪਾ ਹਰਿ ਕਰਤਾਰ, ਨਿਰਗੁਣ ਵੇਸ ਵਟਾਇਆ। ਸਤਿਜੁਗ ਤ੍ਰੇਤਾ ਕਰਿਆ ਪਾਰ, ਦੁਆਪਰ ਮੂਲ ਚੁਕਾਇਆ। ਕਲਜੁਗ ਅੰਤਮ ਵੇਖ ਵਿਚਾਰ, ਜੋਤੀ ਜਾਮਾ ਭੇਖ ਵਟਾਇਆ। ਬਿਪਰ ਸੁਦਾਮਾ ਲਾਏ ਪਾਰ, ਆਪ ਆਪਣੇ ਅੰਗ ਲਗਾਇਆ। ਨਾਮ ਨਾਮਾ ਇਕ ਅਧਾਰ, ਨਿਰਮਲ ਜੋਤੀ ਦੀਪ ਜਗਾਇਆ। ਕ੍ਰਿਸ਼ਨਾ ਸ਼ਾਮਾ ਹਰਿ ਕਰਤਾਰ, ਰਘਵੰਸਾ ਵੇਖ ਵਖਾਇਆ। ਵੇਖ ਵਖਾਏ ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਸੰਗ ਰਲਾਇਆ। ਅੱਲਾ ਰਾਣੀ ਸੁਣ ਪੁਕਾਰ, ਪਰਵਰਦਿਗਾਰ ਵੇਸ ਵਟਾਇਆ। ਐਨਲਹੱਕ ਰਹੀ ਪੁਕਾਰ, ਏਕਾ ਨਾਅਰਾ ਲਾਇਆ। ਮੁਕਾਮੇ ਹੱਕ ਖ਼ਬਰਦਾਰ, ਆਪੇ ਆਪ ਹੋ ਆਇਆ। ਅੰਤ ਨਬੀ ਰਸੂਲਾਂ ਨਕੇਲ ਪਾਏ ਨੱਕ, ਏਕਾ ਡੋਰੀ ਰਿਹਾ ਉਠਾਇਆ। ਮੱਕਾ ਮਦੀਨਾ ਵੇਖੇ ਢਕ, ਉਨੀ ਉਨੀਸਾ ਫੇਰੀ ਪਾਇਆ। ਅਮਾਮ ਮਹਿੰਦੀ ਰਹੇ ਰਾਹ ਤੱਕ, ਅਗੈਬ ਅਗੈਬੀ ਹੋਏ ਸੁਹਾਇਆ। ਮੁਖ ਨਕ਼ਾਬ ਏਕਾ ਰੱਖ, ਦੂਈ ਦਵੈਤੀ ਪੜਦਾ ਦੇਵੇ ਲਾਹਿਆ। ਵੇਖ ਵਖਾਏ ਹਕੀਕਤ ਹੱਕ, ਲਾਸ਼ਰੀਕ ਆਪ ਖ਼ੁਦਾਇਆ। ਕਲਜੁਗ ਅੰਤਮ ਫਲ ਗਿਆ ਪੱਕ, ਸਦੀ ਚੌਧਵੀਂ ਦਏ ਖਵਾਇਆ। ਹਰਿਜਨ ਸਾਚੇ ਲਏ ਰੱਖ, ਆਪ ਆਪਣਾ ਦਰਸ ਦਿਖਾਇਆ। ਪਰਗਟ ਹੋ ਹਰਿ ਪਰਤੱਖ, ਜੋਤੀ ਜੋਤ ਕਰੇ ਰੁਸ਼ਨਾਇਆ। ਸਰਬ ਕਲਾ ਆਪੇ ਸਮਰਥ, ਨਿਹਕਲੰਕ ਅਖਵਾਇਆ । ਸੀਤਾ ਸੁਰਤੀ ਸਵਾਣੀ ਚੜ੍ਹਾਏ ਸੋਹੰ ਸਾਚੇ ਰਥ, ਰਾਮ ਰਾਮਾ ਫੇਰਾ ਪਾਇਆ। ਮੋਹਣ ਮਾਧਵ ਲਖਮੀ ਨਰਾਇਣ ਖੇਲ ਕਰੇ ਅਕਥਨਾ ਅਕੱਥ, ਰਥ ਰਥਵਾਹੀ ਇਕ ਅਖਵਾਇਆ। ਨਾਨਕ ਅੰਗਦ ਲਾਏ ਗੁਰਮੁਖ ਸਾਚੇ ਲਏ ਤਰਾਇਆ। ਅਮਰਦਾਸ ਜਗ ਕਰਿਆ ਵੱਖ, ਏਕਾ ਧਾਮ ਸੁਹਾਇਆ। ਰਾਮ ਦਾਸ ਭੰਡਾਰੇ ਭਰੇ ਸਖ, ਅੰਮ੍ਰਿਤ ਤਾਲ ਸੁਹਾਇਆ। ਗੁਰ ਅਰਜਨ ਪੱਤ ਲਈ ਰੱਖ, ਗੋਝ ਗਿਆਨ ਬੋਧ ਅਗਾਧ ਜਣਾਇਆ। ਗੁਰ ਗੋਬਿੰਦੇ ਹੋ ਪਰਤੱਖ, ਹਰਿ ਗੋਬਿੰਦ ਰੂਪ ਵਟਾਇਆ। ਹਰਿਰਾਏ ਅਲਖਨਾ ਅਲੱਖ, ਲੇਖਾ ਲੇਖ ਲਿਖਾਇਆ। ਹਰਿਕ੍ਰਿਸ਼ਨ ਬਾਲ ਅਵਸਥਾ ਗਿਆ ਨੱਠ, ਹਰਿਕ੍ਰਿਸ਼ਨਾ ਹਰਿ ਸਮਾਇਆ। ਗੁਰ ਤੇਗ ਬਹਾਦਰ ਜਗਤ ਮੁਨਾਰਾ ਗਿਆ ਢੱਠ, ਧਰਮ ਮੁਨਾਰਾ ਦਏ ਉਪਾਇਆ। ਬੀਸ ਬੀਸਾ ਹਰਿ ਜਗਦੀਸਾ ਨੌਂ ਖੰਡ ਪ੍ਰਿਥਮੀ ਗੇੜੇ ਆਪੇ ਲੱਠ, ਦਰ ਦਿੱਲੀ ਫੇਰਾ ਪਾਇਆ। ਗੁਰ ਗੋਬਿੰਦੇ ਕਰਿਆ ਅਕੱਠ, ਸਾਚਾ ਧਾਮ ਸੁਹਾਇਆ। ਤ੍ਰੈਗੁਣ ਮਾਇਆ ਅਗਨੀ ਮੱਠ, ਪੰਚਮ ਝੋਲੀ ਪਾਇਆ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਜਿਸ ਜਨ ਸਤਿਗੁਰ ਪੂਰੇ ਦਰਸ਼ਨ ਪਾਇਆ। ਕਲਜੁਗ ਕੂੜ ਕੁੜਿਆਰਾ ਪਾਏ ਭੱਠ, ਏਕਾ ਅਗਨ ਹਵਨ ਨੈਣਾਂ ਨੈਣ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਸਰਗੁਣ ਮੇਲਾ ਸਾਚੇ ਘਰ, ਹਰਿ ਸਾਚਾ ਆਪ ਕਰਾਇੰਦਾ। ਆਪੇ ਕਰੇ ਬੰਦ ਦਰ, ਆਪੇ ਖੋਲ੍ਹ ਖੁਲ੍ਹਾਇੰਦਾ। ਆਪੇ ਬੈਠਾ ਅੰਦਰ ਵੜ੍ਹ, ਆਪੇ ਮੁਖ ਛੁਪਾਇੰਦਾ। ਆਪ ਫੜਾਏ ਆਪਣਾ ਲੜ, ਆਪੇ ਸੰਗ ਤੁੜਾਇੰਦਾ। ਆਪੇ ਉਪਾਏ ਕਿਲੇ ਗੜ੍ਹ, ਆਪੇ ਮੇਟ ਮਿਟਾਇੰਦਾ। ਆਪੇ ਬੈਠਾ ਅਨੰਦ ਪੁਰੀ ਚੜ੍ਹ, ਆਪੇ ਮੁਖ ਭਵਾਇੰਦਾ। ਏਕਾ ਅੱਖਰ ਸਾਚਾ ਪੜ੍ਹ, ਜਗਤ ਵਿਦਿਆ ਮੂਲ ਚੁਕਾਇੰਦਾ। ਏਕਾ ਜੋਤੀ ਸਾਚੇ ਹਰਿ, ਏਕਾ ਹਰਿ ਗੁਣ ਗਾਇੰਦਾ। ਵਰਨ ਗੋਤੀ ਚੁੱਕਿਆ ਡਰ, ਚਾਰ ਵਰਨਾਂ ਮੇਟ ਮਿਟਾਇੰਦਾ। ਪੰਚਮ ਪੰਚਮ ਆਪਣਾ ਆਪੇ ਧਰ, ਪੰਚਮ ਜੋਤ ਜਗਾਇੰਦਾ। ਪੰਚਮ ਨੁਹਾਏ ਸਾਚੇ ਸਰ, ਪੰਚਮ ਅੰਮ੍ਰਿਤ ਜਾਮ ਪਿਆਇੰਦਾ। ਪੰਚਮ ਲੇਖੇ ਲਾਏ ਸੀਸ ਧੜ, ਖੰਡਾ ਖੜਗ ਇਕ ਚਮਕਾਇੰਦਾ। ਪੰਚਮ ਆਪੇ ਲਏ ਫੜ, ਗੁਰ ਸੰਗਤ ਮੁਖ ਰਖਾਇੰਦਾ। ਪੰਚਮ ਚਰਨੀ ਆਪੇ ਗਿਆ ਪੜ, ਆਪਣੀ ਝੋਲੀ ਅੱਗੇ ਡਾਹਿੰਦਾ। ਇਕ ਅਕੱਲਾ ਸ੍ਰਿਸ਼ਟ ਸਬਾਈ ਵੇਖੇ ਖੜ, ਸਚ ਮਹੱਲਾ ਇਕ ਵਸਾਇੰਦਾ। ਅਕਾਲ ਮੂਰਤ ਨਾ ਕੋਈ ਹਾਡੀ ਮਾਸ ਨੜ, ਸੀਸ ਧੜ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਸਚ ਦਰਵਾਜਾ ਗਰੀਬ ਨਿਵਾਜਾ ਏਕਾ ਏਕ ਸੁਹਾਇੰਦਾ। ਏਕਾ ਅਸਵ ਘੋੜਾ ਤਾਜਾ, ਏਕਾ ਗੁਰ ਚੜ੍ਹਾਇਆ। ਏਕਾ ਰੱਖਣਹਾਰਾ ਲਾਜਾ, ਜੁਗ ਜੁਗ ਆਪ ਅਖਵਾਇਆ। ਅੰਤਮ ਪਰਗਟ ਹੋਏ ਦੇਸ ਮਾਝਾ, ਜੋਤੀ ਜਾਮਾ ਭੇਖ ਵਟਾਇਆ। ਸੰਬਲ ਨਗਰ ਸਾਚੋ ਸਾਚਾ, ਭੇਵ ਕੋਈ ਨਾ ਪਾਇਆ। ਜਨ ਭਗਤਾਂ ਰੱਖਣ ਆਇਆ ਲਾਜਾ, ਜੁਗ ਜੁਗ ਆਪ ਅਖਵਾਇਆ। ਲੱਖ ਚੁਰਾਸੀ ਰਚਿਆ ਕਾਜਾ, ਸਾਚਾ ਸਗਨ ਮਨਾਇਆ। ਜੂਠ ਝੂਠ ਦੇਵੇ ਦਾਜਾ, ਮਨਮੁਖ ਜੀਵਾਂ ਦੇਵੇ ਗੰਢ ਬੰਧਾਇਆ। ਲਾੜੀ ਮੌਤ ਦਿਵਸ ਰੈਣ ਮਾਰੇ ਵਾਜਾ, ਕਾਲ ਦਵਾਰੇ ਫੇਰਾ ਰਿਹਾ ਪਾਇਆ। ਜੂਠ ਝੂਠ ਚਲਿਆ ਇਕ ਜਹਾਜ਼ਾ, ਕਲਜੁਗ ਕੂੜਾ ਲਏ ਚਲਾਇਆ। ਸਤਿਜੁਗ ਲੋਕਮਾਤ ਆਏ ਭਾਜਾ, ਬੀਸ ਬੀਸਾ ਰਾਹ ਤਕਾਇਆ। ਕਿਸੇ ਸੀਸ ਨਾ ਦਿਸੇ ਕੋਈ ਤਾਜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ। ਚਾਰ ਵਰਨ ਏਕਾ ਸਰਨ ਏਕਾ ਏਕ ਹੋਏ ਗਰੀਬ ਨਿਵਾਜਾ, ਗਰੀਬ ਨਿਮਾਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਹੋਏ ਸਹਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਰਗੁਣ ਦੇਵੇ ਸ਼ਬਦ ਧਾਰ, ਸ਼ਬਦੀ ਸ਼ਬਦ ਉਪਾਇਆ। ਆਪੇ ਆਪਣਾ ਕਰ ਪਿਆਰ, ਆਪਣੀ ਕਾਰਾ ਰਿਹਾ ਕਮਾਇਆ। ਭਰਮ ਭੁੱਲਾ ਸਰਬ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਇਆ। ਉਚੀ ਕੂਕ ਰਹੇ ਵਿਚਾਰ, ਨੇਤਰ ਨੈਣ ਉਠਾਇਆ। ਗੁਰ ਗੋਬਿੰਦ ਤੇਰਾ ਦਰਸ ਅਪਾਰ, ਜਪ ਤਪ ਸੰਜਮ ਸਚ ਇਕ ਵਖਾਇਆ। ਏਕਾ ਖੰਡਾ ਇਕ ਕਟਾਰ, ਤਨ ਗਾਤਰੇ ਆਪ ਲਟਕਾਇਆ। ਪੰਚਮ ਮੀਤਾ ਸੁਹਾਏ ਬੰਕ ਦਵਾਰ, ਆਤਮ ਦਰਸੀ ਦਰਸ ਦਿਖਾਇਆ। ਹਸਤ ਕੀਟ ਰਿਹਾ ਵਿਚਾਰ, ਊਚਾਂ ਨੀਚਾਂ ਲਏ ਮਿਲਾਇਆ। ਚਾਰ ਵਰਨ ਅਠਾਰਾਂ ਬਰਨ ਕਰੇ ਖ਼ਬਰਦਾਰ, ਪੰਡਤ ਪਾਂਧਾ ਸੋਇਆ ਕੋਈ ਰਹਿਣ ਨਾ ਪਾਇਆ। ਇਕ ਅਕੱਲਾ ਸ਼ਬਦ ਮਹੱਲਾ ਰਿਹਾ ਉਸਾਰ, ਲੱਖ ਚੁਰਾਸੀ ਦਏ ਵਸਾਇਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਹੋਏ ਸਹਾਇਆ। ਸਾਧ ਸੰਤ ਲਏ ਉਭਾਰ, ਆਪ ਆਪਣਾ ਕਰਮ ਕਮਾਇਆ। ਏਕਾ ਲਿਵ ਇਕ ਜੋਤ, ਏਕਾ ਵਰਨ ਏਕਾ ਗੋਤ, ਸ੍ਰਿਸ਼ਟ ਸਬਾਈ ਹਰਿ ਸ਼ਬਦ ਲਾਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਕੁੜਮਾਈਆ। ਚਾਰ ਵਰਨ ਇਕ ਦਵਾਰਾ, ਇਕ ਭੰਡਾਰਾ ਵਰਤਾਇਆ। ਇਕ ਸ਼ਬਦ ਇਕ ਪਿਆਰਾ, ਏਕਾ ਰਾਹ ਵਖਾਇਆ। ਏਕਾ ਮੀਤ ਇਕ ਮੁਰਾਰਾ, ਏਕਾ ਮਾਰਗ ਲਾਇਆ। ਏਕਾ ਗੀਤ ਇਕ ਸੁਨਾਰਾ, ਏਕਾ ਤਾਲ ਵਜਾਇਆ। ਏਕਾ ਰੀਤ ਵਿਚ ਸੰਸਾਰਾ, ਸਤਿਗੁਰ ਪੂਰਾ ਦਏ ਚਲਾਇਆ। ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਬੰਨੇ ਸੀਸ ਦਸਤਾਰਾ, ਨਾ ਕੋਈ ਮੂੰਡ ਮੁੰਡਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਚਵੀਆਂ ਅਵਤਾਰਾ, ਗੁਰ ਗੋਬਿੰਦ ਲਿਖਿਆ ਲੇਖ ਬੀਸ ਬੀਸਾ ਕਰੇ ਕਰਾਏ ਖ਼ਬਰਦਾਰਾ, ਆਪ ਆਪਣਾ ਡੰਕ ਵਜਾਇਆ। ਇਕ ਸੁਣਾਏ ਸਚ ਜੈਕਾਰਾ, ਦੋ ਜਹਾਨਾਂ ਆਪ ਅਲਾਇਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਆਦਿ ਅੰਤ ਨਾ ਕਿਸੇ ਪਾਇਆ। ਜੁਗ ਜੁਗ ਆਪਣਾ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇਆ। ਕਲਜੁਗ ਸਾਚਾ ਵੇਖੇ ਇਕ ਦਵਾਰਾ, ਵੇਲਾ ਅੰਤਮ ਆਇਆ। ਕਵਣ ਕੂਟੇ ਹਰਿ ਲਏ ਅਵਤਾਰਾ, ਕਵਣ ਰੂਪ ਹੋਏ ਰੁਸ਼ਨਾਇਆ। ਕਵਣ ਝੂਟਾ ਦਏ ਸੰਸਾਰਾ, ਕਵਣ ਬੇੜਾ ਪਾਰ ਕਰਾਇਆ। ਜੂਠਾ ਝੂਠਾ ਬੂਟਾ ਹੋਇਆ ਤਿਆਰਾ, ਫਲ ਫੁਲਵਾੜੀ ਵੇਖ ਵਖਾਇਆ। ਸੰਮਤ ਸੋਲਾਂ ਕਰੇ ਪਿਆਰਾ, ਪਰਵਰਦਿਗਾਰ ਆਪ ਅਖਵਾਇਆ। ਨੂਰ ਅਲਾਹੀ ਏਕਾ ਨਾਅਰਾ, ਨਰ ਨਰਾਇਣ ਨਰ ਦਏ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਨਿਰਗੁਣ ਸਰਗੁਣ ਇਕ ਕਰ, ਏਕਾ ਘਰ ਵਸਾਇਆ। ਗੁਰਮੁਖ ਵਡਿਆਈ ਧੰਨ, ਹਰਿ ਨਾਮਾ ਧਨ ਪਾਇਆ। ਗੁਰਸਿਖ ਵਡਿਆਈ ਧੰਨ, ਹਰਿਜਨ ਮੇਲ ਮਿਲਾਇਆ। ਗੁਰਸਿਖ ਵਡਿਆਈ ਧੰਨ, ਹਰਿ ਹਰਿ ਵੇਖ ਵਖਾਇਆ। ਗੁਰਸਿਖ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਝੋਲੀ ਪਾਇਆ। ਗੁਰਸਿਖ ਵਡਿਆਈ ਧੰਨ, ਪੂਰਨ ਆਸ ਕਰਾਇਆ। ਗੁਰਸਿਖ ਵਡਿਆਈ ਧੰਨ, ਪ੍ਰਿਥਮੀ ਆਕਾਸ਼ ਹਰਿ ਸੁਹਾਇਆ। ਗੁਰਸਿਖ ਵਡਿਆਈ ਧੰਨ, ਸਾਚਾ ਮੰਦਰ ਇਕ ਸੁਹਾਇਆ । ਗੁਰਸਿਖ ਵਡਿਆਈ ਧੰਨ, ਸਵਾਸ ਸਵਾਸ ਲੇਖੇ ਲਾਇਆ। ਗੁਰਸਿਖ ਵਡਿਆਈ ਧੰਨ, ਦਸ ਦਸ ਮਾਸ ਨਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਦਵਾਰ ਦਰਸ ਦੀਦਾਰ ਸਿੰਘ ਦਿਦਾਰ ਇਕ ਵਖਾਇਆ।
