Granth 09 Likhat 180: 23 Bhadro 2017 Bikarmi Karnail Singh de Greh Pind Shahwala Tehsil Zira Jila Ferozepur

੨੩ ਭਾਦਰੋਂ ੨੦੧੭ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਤਹਿਸੀਲ ਜ਼ੀਰਾ ਜ਼ਿਲਾ ਫਿਰੋਜ਼ਪੁਰ

ਸਤਿਗੁਰ ਪੂਰਾ ਜਾਣੀਏ, ਇਕ ਇਕੱਲਾ ਏਕੰਕਾਰ। ਸਤਿਗੁਰ ਪੂਰਾ ਜਾਣੀਏ, ਅਲੱਖ ਅਗੋਚਰ ਅਗੰਮ ਅਪਾਰ। ਸਤਿਗੁਰ ਪੂਰਾ ਜਾਣੀਏ, ਨਿਰਗੁਣ ਨੂਰ ਜੋਤ ਉਜਿਆਰ। ਸਤਿਗੁਰ ਪੂਰਾ ਜਾਣੀਏ, ਸਚਖੰਡ ਵਸੇ ਧਾਮ ਨਿਆਰ। ਸਤਿਗੁਰ ਪੂਰਾ ਜਾਣੀਏ, ਸ਼ਬਦ ਅਗੰਮੀ ਬੋਲੇ ਜੈਕਾਰ। ਸਤਿਗੁਰ ਪੂਰਾ ਜਾਣੀਏ, ਜੁਗਾ ਜੁਗੰਤਰ ਕਰੇ ਖੇਲ ਅਪਾਰ। ਸਤਿਗੁਰ ਪੂਰਾ ਜਾਣੀਏ, ਨਿਰਗੁਣ ਸਰਗੁਣ ਦਏ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਸਤਿਗੁਰ ਪੂਰਾ ਜਾਣੀਏ, ਹਰਿ ਸੱਜਣ ਸਾਚਾ ਮੀਤ। ਸਤਿਗੁਰ ਪੂਰਾ ਜਾਣੀਏ, ਆਦਿ ਜੁਗਾਦੀ ਇਕ ਅਤੀਤ। ਸਤਿਗੁਰ ਪੂਰਾ ਜਾਣੀਏ, ਜੁਗਾ ਜੁਗੰਤਰ ਠਾਂਡਾ ਸੀਤ। ਸਤਿਗੁਰ ਪੂਰਾ ਜਾਣੀਏ, ਸ਼ਬਦ ਅਨਾਦਿ ਸੁਣਾਏ ਸੁਹਾਗੀ ਗੀਤ। ਸਤਿਗੁਰ ਪੂਰਾ ਜਾਣੀਏ, ਪਤਿਤ ਪਾਪੀ ਕਰੇ ਪਤਿਤ ਪੁਨੀਤ। ਸਤਿਗੁਰ ਪੂਰਾ ਜਾਣੀਏ, ਏਕਾ ਰੰਗ ਰੰਗਾਏ ਹਸਤ ਕੀਟ। ਸਤਿਗੁਰ ਪੂਰਾ ਜਾਣੀਏ, ਏਕਾ ਵਸੇ ਧਾਮ ਅਨਡੀਠ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤ। ਸਤਿਗੁਰ ਪੂਰਾ ਜਾਣੀਏ, ਸਾਹਿਬ ਸੱਚਾ ਸੁਲਤਾਨ। ਸਤਿਗੁਰ ਪੂਰਾ ਜਾਣੀਏ, ਇਕ ਉਡਾਏ ਸ਼ਬਦ ਨਿਸ਼ਾਨ। ਸਤਿਗੁਰ ਪੂਰਾ ਜਾਣੀਏ, ਲੇਖਾ ਜਾਣੇ ਦੋ ਜਹਾਨ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਲੱਖ ਚੁਰਾਸੀ ਵੇਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਸਤਿਗੁਰ ਪੂਰਾ ਜਾਣੀਏ, ਹਰਿ ਸੱਜਣ ਸੱਚਾ ਪਾਤਸ਼ਾਹ। ਸਤਿਗੁਰ ਪੂਰਾ ਜਾਣੀਏ, ਇਕ ਇਕੱਲਾ ਬੇਪਰਵਾਹ। ਸਤਿਗੁਰ ਪੂਰਾ ਜਾਣੀਏ, ਸਚਖੰਡ ਵਸੇ ਸਚ ਮਹੱਲਾ ਸਿਫ਼ਤੀ ਸਿਫ਼ਤ ਸਾਲਾਹ। ਸਤਿਗੁਰ ਪੂਰਾ ਜਾਣੀਏ, ਪਾਏ ਸਾਰ ਜਲਾਂ ਥਲਾਂ ਜਲ ਥਲ ਮਹੀਅਲ ਰਿਹਾ ਸਮਾ। ਸਤਿਗੁਰ ਪੂਰਾ ਜਾਣੀਏ, ਸ਼ਬਦ ਸੰਦੇਸ਼ ਏਕਾ ਘੱਲਾ ਹੁਕਮੀ ਹੁਕਮ ਆਪ ਵਰਤਾ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਦਏ ਵਖਾ। ਸਤਿਗੁਰ ਪੂਰਾ ਜਾਣੀਏ, ਦਾਤਾ ਗੁਣ ਨਿਧਾਨ। ਸਤਿਗੁਰ ਪੂਰਾ ਜਾਣੀਏ, ਲੋਕਮਾਤ ਵੇਖੇ ਮਾਰ ਧਿਆਨ। ਸਤਿਗੁਰ ਪੂਰਾ ਜਾਣੀਏ, ਸ਼ਬਦ ਜਣਾਏ ਧੁਰ ਫ਼ਰਮਾਣ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਆਣ। ਸਤਿਗੁਰ ਸੱਚਾ ਆਖੀਏ, ਏਕਾ ਪੁਰਖ ਅਕਾਲ। ਸਤਿਗੁਰ ਸੱਚਾ ਸਾਖੀਏ, ਦੀਨਾਂ ਬੰਧਪ ਦੀਨ ਦਿਆਲ। ਸਤਿਗੁਰ ਸੱਚਾ ਭਾਖੀਏ, ਜੋਤੀ ਜਲਵਾ ਨੂਰ ਜਲਾਲ। ਸਤਿਗੁਰ ਪੂਰਾ ਅਲੱਖਣਾ ਅਲਾਖੀਏ, ਅਲੱਖ ਅਲੱਖਣਾ ਬੇਮਿਸਾਲ। ਸਤਿਗੁਰ ਪੂਰਾ ਦਾਸੀ ਦਾਸੀਏ, ਸੇਵਕ ਸੇਵਾ ਕਰੇ ਸਦਾ ਸਖਾਈ ਰਹੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇੇ ਚਲੇ ਆਪਣੀ ਚਾਲ। ਸਤਿਗੁਰ ਪੂਰਾ ਵਡਿਆਈ ਵਡ, ਹਰਿ ਵੱਡਾ ਆਪ ਅਖਵਾਇੰਦਾ। ਆਪ ਆਪਣਾ ਆਪਣੇ ਵਿਚੋਂ ਕੱਢ, ਆਪੇ ਵੇਖ ਵਖਾਇੰਦਾ। ਆਪ ਲਡਾਏ ਆਪਣਾ ਲਡ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਆਪ ਵਜਾਏ ਆਪਣਾ ਨਾਦ, ਧੁਨ ਨਾਦ ਆਪ ਸੁਣਾਇੰਦਾ। ਆਪੇ ਜਾਣੇ ਭੇਵ ਬੋਧ ਅਗਾਧ, ਜੁਗ ਜੁਗ ਲੇਖਾ ਆਪ ਮੁਕਾਇੰਦਾ। ਲੇਖਾ ਜਾਣੇ ਸੰਤ ਸਾਧ, ਭਰਮ ਭੁਲੇਖਾ ਨਾ ਕੋਇ ਜਣਾਇੰਦਾ। ਗੁਰਮੁਖ ਸਾਚੇ ਲਏ ਕਾਢ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਸਿਖਾਂ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਪੁਰਖ ਸਮਰਥ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਲਾਇੰਦਾ। ਸਤਿਗੁਰ ਪੂਰਾ ਖੇਲ ਖਲੰਦੜਾ, ਖ਼ਾਲਕ ਖ਼ਲਕ ਰੂਪ ਸਮਾਏ। ਜੁਗ ਜੁਗ ਆਪਣਾ ਵੇਸ ਵਟੰਦੜਾ, ਸਤਿਜੁਗ ਤ੍ਰੇਤਾ ਦਵਾਪਰ ਫੇਰੀ ਪਾਏ। ਭਗਤ ਭਗਵੰਤ ਵੇਖ ਵਖੰਦੜਾ, ਸੰਤ ਸਾਜਣ ਮੇਲ ਮਿਲਾਏ। ਗੁਰਮੁਖਾਂ ਹਉਮੇ ਰੋਗ ਮਿਟੰਦੜਾ, ਆਸਾ ਤ੍ਰਿਸ਼ਨਾ ਰਹਿਣ ਨਾ ਪਾਏ। ਗੁਰਸਿਖਾਂ ਏਕਾ ਚੋਗ ਚੁਗੰਦੜਾ, ਨਾਮ ਰਸ ਰਸੀਆ ਮੁਖ ਚਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਏ। ਜੁਗ ਜੁਗ ਵੇਸ ਅਵੱਲੜਾ, ਸਤਿਗੁਰ ਪੂਰਾ ਆਪ ਕਰਾਇੰਦਾ। ਜਨ ਭਗਤ ਫੜਾਏ ਆਪਣਾ ਪਲੜਾ, ਦੋ ਜਹਾਨਾਂ ਖੇਲ ਖਿਲਾਇੰਦਾ। ਆਪਣੀ ਜੋਤੀ ਆਪੇ ਰਲੜਾ, ਆਪੇ ਸ਼ਬਦ ਡੰਕ ਆਪ ਵਜਾਇੰਦਾ। ਆਪੇ ਦੱਸੇ ਰਾਹ ਸੁਖਲੜਾ, ਆਪੇ ਪਾਂਧੀ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਲੈ ਅਵਤਾਰ। ਦਵਾਪਰ ਆਪਣੀ ਜੋਤ ਜਗਾਇਆ, ਨਿਰਗੁਣ ਸਰਗੁਣ ਮੇਲਾ ਵਿਚ ਸੰਸਾਰ। ਕਲਜੁਗ ਕੱਪੜ ਆਪ ਹੰਢਾਇਆ, ਕਾਲਾ ਸੂਸਾ ਤਨ ਸ਼ੰਗਾਰ। ਮਹਿੰਦੀ ਰੰਗਣ ਰੰਗ ਰੰਗਾਇਆ, ਦਿਸ਼ਾ ਲਹਿੰਦੀ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਸਤਿਗੁਰ ਪੂਰਾ ਧੁਰ ਦਰਬਾਰੀ, ਦਰਗਹਿ ਸਾਚੀ ਧਾਮ ਸੁਹਾਇੰਦਾ। ਪਰਗਟ ਕਰੇ ਜੋਤ ਨਿਰੰਕਾਰੀ, ਨਿਰਗੁਣ ਆਪਣਾ ਵੇਸ ਵਟਾਇੰਦਾ। ਰੂਪ ਅਨੂਪਾ ਸ਼ਾਹੋ ਭੂਪ ਸੱਚਾ ਸਿਕਦਾਰੀ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਆਪ ਮੁਕਾਇੰਦਾ। ਸਤਿਜੁਗ ਲਹਿਣਾ ਦਵਾਰ ਪਾਲ, ਪ੍ਰਭ ਆਪਣੀ ਸੇਵ ਕਮਾਈਆ। ਤ੍ਰੇਤਾ ਤੇਰਾ ਬਣੇ ਰਖਵਾਲ, ਪਾਰਬ੍ਰਹਮ ਵਡੀ ਵਡਿਆਈਆ। ਖਰਦੂਖਣ ਆਪੇ ਸੁਰਤ ਸੰਭਾਲ, ਲਛਮਣ ਤੀਰ ਕਮਾਨ ਚਲਾਈਆ। ਦਵਾਪਰ ਜੋਧਾ ਬਲ ਬਲਵਾਨ, ਦੋਸ਼ਾਸ਼ਨ ਦੇਵੇ ਵਡ ਵਡਿਆਈਆ। ਕਲਜੁਗ ਕਰੇ ਖੇਲ ਮਹਾਨ, ਏਕਾ ਜੋਤੀ ਜੋਤ ਡਗਮਗਾਈਆ। ਨਾਨਕ ਮਿਲਿਆ ਨਿਰਗੁਣ ਨਿਗਹਬਾਨ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਨਾਨਕ ਸਤਿਗੁਰ ਪੂਰਾ ਪਾਇਆ, ਪਾਰਬ੍ਰਹਮ ਕਰਤਾਰ। ਆਪ ਆਪਾ ਵਿਚ ਸਮਾਇਆ, ਦੂਈ ਦਵੈਤੀ ਨਾ ਕੋਇ ਵਿਚਾਰ। ਏਕਾ ਅੱਖਰ ਆਪਣੀ ਵਸਤ ਰਖਾਇਆ, ਦੂਜੀ ਵਸਤ ਨਾ ਕੋਇ ਆਧਾਰ। ਏਕਾ ਸੱਥਰ ਆਪਣੇ ਹੇਠ ਵਿਛਾਇਆ, ਜਗਤ ਸੱਥਰ ਕਰ ਖ਼ਵਾਰ, ਘਰ ਵੱਖਰ ਇਕ ਸੁਹਾਇਆ, ਮਿਲਿਆ ਮੇਲ ਏਕੰਕਾਰ। ਜੋਤੀ ਜੋਤ ਡਗਮਗਾਇਆ, ਜੋਤੀ ਜੋਤ ਹੋਏ ਉਜਿਆਰ। ਕਿਲਾ ਕੋਟੀ ਕੋਟ ਕੋਟ ਗੜ੍ਹ ਵਸਾਇਆ, ਲੱਖ ਚੁਰਾਸੀ ਦਏ ਅਧਾਰ। ਆਪਣੀ ਚੋਟੀ ਆਪੇ ਆਸਣ ਲਾਇਆ, ਪਲੰਘ ਰੰਗੀਲਾ ਸੇਜਾ ਕਰ ਤਿਆਰ। ਛੈਲ ਛਬੀਲਾ ਕੰਤ ਹੰਢਾਇਆ, ਆਪ ਆਪਣੀ ਭੁਜਾਂ ਪਸਾਰ। ਜਗਤ ਕਬੀਲਾ ਆਪ ਵਸਾਇਆ, ਜੋਤੀ ਜਾਤਾ ਕਰੇ ਪਿਆਰ। ਦੀਪਕ ਦੀਆ ਆਪ ਟਿਕਾਇਆ, ਅੰਧ ਅੰਧੇਰਾ ਦਏ ਨਿਵਾਰ। ਅੰਗੀਕਾਰ ਆਪ ਕਰਾਇਆ, ਆਪਣੇ ਅੰਗਣ ਰੱਖ ਨਿਰੰਕਾਰ। ਸਾਚਾ ਸੰਗੀ ਜਗਤ ਬਣਾਇਆ, ਪੁਰਖ ਅਬਿਨਾਸ਼ੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨੂਰ ਹੋਏ ਉਜਿਆਰ। ਏਕਾ ਨੂਰ ਹਰਿ ਉਜਿਆਰਾ, ਮਹਿਮਾ ਅਕਥ ਕਥੀ ਨਾ ਜਾਈਆ। ਏਕਾ ਜੋਤ ਦਸ ਅਵਤਾਰਾ, ਕਾਇਆ ਕੰਚਨ ਗੜ੍ਹ ਸੁਹਾਈਆ। ਏਕਾ ਮਾਤ ਪਿਤ ਏਕਾ ਸੁਤ ਦਏ ਹੁਲਾਰਾ, ਏਕਾ ਗੋਦੀ ਗੋਦ ਸੁਹਾਈਆ। ਏਕਾ ਖੜਗ ਇਕ ਕਟਾਰਾ, ਏਕਾ ਚੰਡ ਪਰਚੰਡ ਚਮਕਾਈਆ। ਏਕਾ ਮੰਦਰ ਇਕ ਦਵਾਰਾ, ਘਰ ਬਾਰਾ ਇਕ ਵਸਾਈਆ। ਏਕਾ ਵਸੇ ਜੰਗਲ ਜੂਹ ਉਜਾੜ ਪਹਾੜਾ, ਏਕਾ ਸੱਥਰ ਰਿਹਾ ਹੰਢਾਈਆ। ਏਕਾ ਸਤਿਜੁਗ ਤ੍ਰੇਤਾ ਦਵਾਪਰ ਪਾਵੇ ਸਾਰਾ, ਪੂਰਬ ਵਿਛੜੇ ਲਏ ਮਿਲਾਈਆ। ਏਕਾ ਹੱਥ ਤੀਰ ਕਮਾਨ ਸੁੱਟੇ ਕਟਾਰਾ, ਏਕਾ ਗਲ ਅਲਫ਼ੀ ਆਪ ਹੰਢਾਈਆ। ਨੀਲੇ ਬਸਤਰ ਕਰ ਤਿਆਰਾ, ਕਰੇ ਖੇਲ ਨੀਲੇ ਵਾਲਾ ਮਾਹੀਆ। ਢਾਈ ਗਜ਼ ਬੰਨ੍ਹ ਦਸਤਾਰਾ, ਸਾਢੇ ਤਿੰਨ ਹੱਥ ਅਲਫ਼ੀ ਤਨ ਛੁਹਾਈਆ। ਚਵੀ ਚੁਰਾਸੀ ਕਲੀਆਂ ਕਰ ਸ਼ੰਗਾਰਾ, ਚਾਰ ਵਰਨਾਂ ਲੜ ਬੰਧਾਈਆ। ਹਿੰਦੂ ਮੁਸਲਮ ਕਰੇ ਪਿਆਰਾ, ਦਵੈਤੀ ਦਰ ਰਹਿਣ ਨਾ ਪਾਈਆ। ਸਚ ਸਿੰਘਾਸਣ ਕਰ ਤਿਆਰਾ, ਜਗਤ ਖਾਟ ਇਕ ਸੁਹਾਈਆ। ਉਪਰ ਬੈਠ ਪਰਵਰਦਿਗਾਰਾ, ਕਲਮਾ ਅਮਾਮ ਆਪਣਾ ਆਪੇ ਗਾਈਆ। ਖੁਲ੍ਹੇ ਕੇਸ ਦਰਵੇਸ਼ ਬਣੇ ਭਿਖਾਰਾ, ਵੇਸ ਅਵੱਲੜਾ ਰੂਪ ਵਟਾਈਆ। ਪੀਰ ਮੁਰਸ਼ਦ ਮੁਰੀਦ ਕਰੇ ਏਕਾ ਕਾਰਾ, ਈਦ ਦੀਦ ਆਪ ਹੋ ਜਾਈਆ। ਚੌਧਵੀਂ ਚੰਦ ਚਮਕੇ ਸਤਾਰਾ, ਨੌਂ ਚੰਦ ਕਰੇ ਰੁਸ਼ਨਾਈਆ। ਬਕਰ ਈਦ ਸਈਦ ਸ਼ਾਹ ਸ਼ਿਕਾਰਾ, ਸ਼ੀਆ ਸੁੱਨੀ ਲਏ ਪੜ੍ਹਾਈਆ। ਚਰਨ ਕਵਲ ਉਪਰ ਪਰਦਾ ਪਾਏ ਆਪ ਗੁਰ ਕਰਤਾਰਾ, ਚਰਨ ਕਵਲ ਨਾ ਕਿਸੇ ਦਸਾਈਆ। ਨੇਤਰ ਨੈਣ ਕਰ ਸ਼ੰਗਾਰਾ, ਗੁਰਸਿਖਾਂ ਪ੍ਰੇਮ ਰਤ ਨੈਣਾਂ ਵਿਚ ਛੁਹਾਈਆ। ਕਰੇ ਖੇਲ ਕਮਲਾਪਤ ਉਤੇ ਧੌਲ ਧਰਤ, ਧਰਨੀ ਸੀਸ ਰਹੀ ਝੁਕਾਈਆ। ਕਵਣ ਜਾਣੇ ਪ੍ਰਭ ਤੇਰੀ ਗਤ ਮਿਤ, ਤੇਰੀ ਮਹਿਮਾ ਕਥਨ ਨਾ ਜਾਈਆ। ਜੁਗ ਜੁਗ ਕਰੇ ਸਾਚਾ ਹਿਤ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਪੂਰੇ ਹੱਥ ਵਡਿਆਈਆ। ਸਤਿਗੁਰ ਪੂਰਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਵਿਚ ਸਮਾ। ਅਲਫ਼ ਅਲਫ਼ੀ ਏਕਾ ਪਾਇੰਦਾ, ਗਲ ਤਸਬੀ ਲਈ ਲਟਕਾ। ਗੁਰਸਿਖ ਸੀਸ ਮਾਲਾ ਆਪ ਲਟਕਾਇੰਦਾ, ਆਪਣੇ ਹੱਥਾਂ ਨਾਲ ਰਿਹਾ ਫਿਰਾ। ਮਨ ਕਾ ਮਣਕਾ ਸਰਬ ਭਵਾਇੰਦਾ, ਲੱਖ ਚੁਰਾਸੀ ਗੇੜ ਕਟਾ। ਆਪਣਾ ਵੇਸ ਆਪ ਵਟਾਇੰਦਾ, ਆਪੇ ਵੇਖੇ ਆਪਣਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬਣੇ ਸਚ ਮਲਾਹ। ਜੁਗ ਜੁਗ ਮਲਾਹ ਹਰਿ ਦਸਤਗੀਰ, ਦਰਦੀਆਂ ਦਰਦ ਵੰਡਾਇੰਦਾ। ਚੋਟੀ ਚੜ੍ਹੇ ਇਕ ਅਖ਼ੀਰ, ਸ਼ਾਹ ਹਕੀਰ ਵੇਖ ਵਖਾਇੰਦਾ। ਤਬਕ ਤੌਕ ਜ਼ੰਜ਼ੀਰ, ਰਹਿਮਤ ਆਪਣੇ ਹੱਥ ਰਖਾਇੰਦਾ। ਆਬ ਹਯਾਤ ਅਮਿਉਂ ਰਸ ਨੀਰ, ਭਰ ਪਿਆਲਾ ਜਾਮ ਹਕੀਕੀ ਆਪ ਪਿਲਾਇੰਦਾ। ਬਣ ਦਰਵੇਸ਼ ਕਰੇ ਖੇਲ ਵਡ ਪੀਰਨ ਪੀਰ, ਪੀਰ ਪੈਗ਼ੰਬਰ ਜਗਤ ਅਡੰਬਰ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵੰਬਰ ਵੇਖ ਵਖਾਇੰਦਾ। ਨੀਲੇ ਬਸਤਰ ਬਨ ਬਨਵਾਰੀ, ਭੂਸ਼ਨ ਸੋਭਾ ਪਾਈਆ। ਅਸਾ ਮੁਸੱਲਾ ਕਾਸਾ ਖੇਲ ਨਿਆਰੀ, ਤਸਬੀ ਤਸਬੀ ਨਾਲ ਬੰਧਾਈਆ। ਅੱਲਾ ਹੂ ਅੱਨਾ ਹੂ ਬੋਲ ਜੈਕਾਰੀ, ਵਾਹ ਵਾ ਤੇਰੀ ਵਡ ਵਡਿਆਈਆ। ਤੂੰ ਪੀਰ ਬੇਐਬ ਪਰਵਰਦਿਗਾਰੀ, ਤੇਰਾ ਨੂਰ ਜਲਵਾ ਇਲਾਹੀਆ। ਤੇਰੀ ਸੇਵ ਕਰੇ ਸੇਵਕ ਬਣ ਬਰਖੁਰਦਾਰੀ, ਸੇਵਕ ਸੇਵਾ ਸਚ ਵਖਾਈਆ। ਉਚ ਪੀਰ ਬਣ ਜੋਤ ਨਿਰੰਕਾਰੀ, ਜਗਤ ਸੂਸਾ ਤਨ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਖੇਲ ਆਪ ਖਲਾਈਆ। ਚਾਰੇ ਜੁਗ ਉਠੇ ਹੋ ਤਿਆਰ, ਮਾਣਸ ਰੂਪ ਵਟਾਈਆ। ਮਾਣਸ ਜਨਮ ਮਿਲਿਆ ਵਿਚ ਸੰਸਾਰ, ਸਤਿਗੁਰ ਪੂਰੇ ਬੂਝ ਬੁਝਾਈਆ। ਦਰ ਆਇਆ ਪਰਵਰਦਿਗਾਰ, ਚਰਨ ਧੂੜੀ ਖ਼ਾਕ ਰਮਾਈਆ। ਚਾਰ ਫ਼ਰਿਸ਼ਤੇ ਗਏ ਹਾਰ, êਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਖੇਲ ਅਪਾਰਾ, ਸਰਗੁਣ ਵੇਸ ਵਟਾਇੰਦਾ। ਸਰਗੁਣ ਰੂਪ ਗੁਰ ਅਵਤਾਰਾ, ਜੁਗ ਜੁਗ ਨਾਉਂ ਧਰਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਗੋਬਿੰਦ ਸਿੰਘ ਰੂਪ ਵਟਾਇੰਦਾ। ਸਥਰ ਯਾਰ ਕਰ ਪਿਆਰਾ, ਸੂਲਾਂ ਸੇਜ ਹੰਢਾਇੰਦਾ। ਘਰ ਬਾਰ ਛੱਡ ਸਿਕਦਾਰਾ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਮਿਲਿਆ ਮੇਲ ਵਿਛੜਿਆ ਯਾਰਾ, ਯਾਰ ਯਾਰੀ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਜੁਗ ਜੁਗ ਆਪਣਾ ਬੰਕ ਸੁਹਾਇੰਦਾ। ਮੇਲ ਮਿਲਾਇਆ ਆਪ ਹਰਿ, ਆਪਣੀ ਦਇਆ ਆਪ ਕਮਾਈਆ। ਚਾਰ ਵਣਜਾਰੇ ਲਏ ਫੜ, ਏਕਾ ਵਣਜ ਹਟ ਵਖਾਈਆ। ਚਾਰੇ ਕੂਟਾਂ ਲਗਾਏ ਆਪਣੇ ਲੜ, ਚਾਰੇ ਕੰਨੀਆਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਵੰਡ ਆਪ ਵੰਡਾਈਆ। ਵੰਡ ਵੰਡਾਏ ਬਣਾਏ ਬਣਤਰ, ਚੌਖਟ ਸੇਜਾ ਆਪ ਸੁਹਾਈਆ । ਆਪਣੀ ਬਿਧ ਜਾਣੇ ਅੰਤਰ, ਦੂਜਾ ਭੇਵ ਕੋਇ ਨਾ ਪਾਈਆ। ਉਤਰ ਦੱਖਣ ਜੋੜੀ ਜੋੜ ਜੁੜਾਏ, ਲੇਖਾ ਲੇਖ ਆਪ ਸਮਝਾਈਆ। ਕੰਧ ਭਾਰ ਆਪ ਚੁਕਾਏ, ਕਰਨੈਲ ਨਛੱਤਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਕਾਰ ਕਰੇ ਖੇਲ ਅਪਰ ਅਪਾਰ, ਪੂਰਬ ਪੱਛਮ ਲੇਖਾ ਦਏ ਜਣਾਈਆ।