Granth 09 Likhat 045: 7 Faggan 2016 Bikarmi Sohan Singh de Ghar Tarn Taran

੭ ਫੱਗਣ ੨੦੧੬ ਬਿਕ੍ਰਮੀ ਸੋਹਣ ਸਿੰਘ ਦੇ ਘਰ ਤਰਨ ਤਾਰਨ

ਹਰਿ ਬਾਢੀ ਛੰਨ ਛੁਹੰਦੜਾ, ਚਾਰ ਦੀਵਾਰ ਨਾ ਕੋਇ ਰਖਾਈਆ। ਆਪਣੀ ਸੇਵਾ ਆਪ ਕਮੰਦੜਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚਾ ਰੰਗ ਇਕ ਰਗੰਦੜਾ, ਰੰਗ ਰੰਗੀਲਾ ਮੋਹਣ ਮਾਧਵ ਸਾਚਾ ਮਾਹੀਆ। ਸਤਿ ਦਰਵਾਜਾ ਇਕ ਖੁਲੰਦੜਾ, ਆਪ ਆਪਣਾ ਦਰ ਸਮਝਾਈਆ। ਦੀਪਕ ਜੋਤ ਇਕ ਜਗੰਦੜਾ, ਜੋਤੀ ਨੂਰ ਨੂਰ ਰੁਸ਼ਨਾਈਆ। ਸਾਚਾ ਧਾਮ ਆਪ ਸੁਹੰਦੜਾ, ਸੋਭਾਵੰਤ ਬੇਪਰਵਾਹੀਆ। ਸਾਚਾ ਖੇਲ ਆਪ ਖਲੰਦੜਾ, ਏਕੰਕਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਏਕਾ ਏਕ ਬੁਝਾਈਆ। ਸਾਚਾ ਬਾਢੀ ਹਰਿ ਪੁਰਖ ਸੁਲਤਾਨ, ਆਪਣੀ ਬਣਤ ਬਣਾਇੰਦਾ। ਸਚਖੰਡ ਬਣਾਏ ਸਚ ਮਕਾਨ, ਸਚ ਸਿੰਘਾਸਣ ਆਪ ਵਛਾਇੰਦਾ। ਸਾਚੀ ਸੇਜਾ ਕਰ ਪਰਵਾਨ, ਦਰ ਘਰ ਸਾਚੇ ਆਪ ਸੁਹਾਇੰਦਾ। ਉਪਰ ਬੈਠ ਨੌਜਵਾਨ, ਨਿਰਗੁਣ ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਾਸ ਧਰਾਇੰਦਾ। ਸਾਚਾ ਬਾਢੀ ਸੱਚਾ ਸ਼ਾਹ, ਘਰ ਸਾਚੇ ਸਚ ਸੁਹਾਇੰਦਾ। ਤਖ਼ਤ ਤਾਜ ਇਕ ਬਣਾ, ਆਪ ਆਪਣੇ ਮੰਦਰ ਡਾਹਿੰਦਾ। ਚਾਰੇ ਕੂਟਾਂ ਵੇਖ ਵਖਾ, ਦਹਿ ਦਿਸ਼ਾ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵ ਕਮਾਇੰਦਾ। ਸਾਚਾ ਬਾਢੀ ਸਚ ਸਿੰਘਾਸਣ, ਹਰਿ ਸਾਚਾ ਸਚ ਉਪਜਾਈਆ। ਆਪ ਬਣਾਏ ਪੁਰਖ ਅਬਿਨਾਸ਼ਨ, ਪਰਮ ਪੁਰਖ ਬੇਪਰਵਾਹੀਆ। ਸਚ ਦਵਾਰੇ ਆਪ ਟਿਕਾਏ ਨਾ ਕੋਈ ਪ੍ਰਿਥਮੀ ਨਾ ਆਕਾਸਣ, ਪਾਵਾ ਚੂਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੂਤਰ ਆਪੇ ਲਾਈਆ। ਆਪਣਾ ਸੂਤਰ ਆਪੇ ਲਾ, ਹਰਿ ਆਪੇ ਵੇਖ ਵਖਾਇੰਦਾ । ਆਪੇ ਬਣਿਆ ਬੇਪਰਵਾਹ, ਆਪੇ ਚੀਰ ਚਰਾਇੰਦਾ। ਆਪੇ ਵੰਡੀ ਦੇਵੇ ਪਾ, ਆਪਣਾ ਹਿਸਾ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਆਪ ਸੁਹਾਇੰਦਾ। ਆਪੇ ਰੱਖ ਤਿਖਾ ਆਰਾ, ਆਪਣੀ ਧਾਰ ਚਲਾਇੰਦਾ। ਆਪੇ ਚੀਰੇ ਚੀਰਨਹਾਰਾ, ਸਿਧਾ ਚੀਰ ਇਕ ਵਖਾਇੰਦਾ। ਆਪੇ ਫੜ ਸਚ ਕੁਹਾੜਾ, ਆਪਣੀ ਹੱਥੀਂ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਢੀ ਦਿਸ ਨਾ ਆਇੰਦਾ। ਸਾਚਾ ਬਾਢੀ ਉਠ ਬਲਵਾਨ, ਆਪਣਾ ਭਾਰ ਉਠਾਇੰਦਾ। ਸਚ ਲਗਾਏ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਆਰ ਪਾਰ ਕਰੇ ਧਿਆਨ, ਅਧਵਿਚਕਾਰ ਨਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਚ ਸਿੰਘਾਸਣ ਆਪੇ ਠੋਕ, ਹਰਿ ਸਾਚਾ ਸੋਭਾ ਪਾਇੰਦਾ। ਆਪ ਰਖਾਏ ਉਪਰ ਚੌਦਾਂ ਲੋਕ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਉਪਰ ਬੈਠ ਪੜ੍ਹੇ ਸਲੋਕ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਹੰ ਬ੍ਰਹਮ ਨਾ ਸਕੇ ਕੋਇ ਰੋਕ, ਰੋਕਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਸਚ ਸਿੰਘਾਸਣ ਸਾਚੇ ਮੰਦਰ, ਹਰਿ ਸਾਚਾ ਸਚ ਸੁਹਾਇੰਦਾ। ਸਾਢੇ ਤਿੰਨ ਤਿੰਨ ਰੱਖੇ ਅੰਦਰੇ ਅੰਦਰ, ਤ੍ਰੈਲੋਕ ਭੇਵ ਨਾ ਆਇੰਦਾ। ਤਾਣਾ ਪੇਟਾ ਡੂੰਘੀ ਕੰਦਰ, ਗਹਿਰ ਗੰਭੀਰ ਆਪ ਉਣਾਇੰਦਾ। ਬੰਦ ਕਿਵਾੜੇ ਮਾਰ ਜੰਦਰ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਢੀ ਖੇਲ ਖਿਲਾਇੰਦਾ। ਸਾਚਾ ਬਾਢੀ ਪਰਵਰਦਿਗਾਰ, ਤਖ਼ਤ ਤਾਜ ਸੁਹਾਇੰਦਾ। ਨੂਰ ਨੁਰਾਨਾ ਹੋ ਉਜਿਆਰ, ਸ਼ਾਹ ਸੁਲਤਾਨਾ ਆਸਣ ਲਾਇੰਦਾ। ਆਪਣਾ ਲੇਖਾ ਆਪ ਵਿਚਾਰ, ਲੇਖਾ ਲੇਖੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਥਾਹ ਬੇਪਰਵਾਹ ਸਿਫ਼ਤ ਸਲਾਹ ਆਪ ਜਣਾਇੰਦਾ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਏਕਾ ਕੰਤ, ਘਰ ਸਾਚੇ ਮੰਗਲ ਗਾਇੰਦਾ। ਏਕੰਕਾਰਾ ਹੋਏ ਮੰਗਤ, ਆਦਿ ਨਿਰੰਜਣ ਸੰਗ ਰਖਾਇੰਦਾ। ਸ੍ਰੀ ਭਗਵਾਨ ਚਾੜ੍ਹੇ ਰੰਗਤ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਪਾਰਬ੍ਰਹਮ ਆਦਿ ਜੁਗਾਦਿ ਨਾ ਹੋਏ ਭੰਗਤ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਾਢੀ ਪੁਰਖ ਕਰਤਾਰ, ਬ੍ਰਹਮਾ ਵਿਸ਼ਨ ਸ਼ਿਵ ਲੱਖ ਚੁਰਾਸੀ ਘੜਨੇਹਾਰ, ਘੜ ਭੰਨੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਨਿਆਰਾ, ਜੁਗਾ ਜੁਗੰਤਰ ਮਾਤ ਅਵਤਾਰਾ, ਭਗਤਨ ਕਰੇ ਸਚ ਪਿਆਰਾ, ਦੂਤ ਦੁਸ਼ਟ ਦਰ ਦੁਰਕਾਈਆ।