Granth 09 Likhat 042: 6 Faggan 2016 Bikarmi Gurbachan Singh de Ghar Pind Usma Jila Amritsar

੬ ਫੱਗਣ ੨੦੧੬ ਬਿਕ੍ਰਮੀ ਗੁਰਬਚਨ ਸਿੰਘ ਦੇ ਘਰ ਪਿੰਡ ਉਸਮਾ ਜਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਗਹਿਰ ਗੰਭੀਰਾ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਾਰੇ ਏਕਾ ਤੀਰਾ, ਪੁਰਖ ਅਬਿਨਾਸ਼ੀ ਰੂਪ ਵਟਾਈਆ। ਏਕੰਕਾਰਾ ਚੋਟੀ ਚੜ੍ਹੇ ਅਖੀਰਾ, ਸ੍ਰੀ ਭਗਵਾਨ ਵੇਖ ਵਖਾਈਆ। ਆਦਿ ਨਿਰੰਜਣ ਖੇਲੇ ਖੇਲ ਵਡ ਪੀਰਨ ਪੀਰਾ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਨਾਉਂ ਉਪਾਈਆ। ਪੁਰਖ ਅਕਾਲਾ ਦੀਨ ਦਿਆਲਾ, ਆਦਿ ਜੁਗਾਦਿ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਸਾਚੀ ਧਰਮਸਾਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਥਿਰ ਘਰ ਸੋਹੇ ਸ਼ਾਹ ਕੰਗਾਲਾ, ਆਪ ਆਪਣਾ ਬੰਕ ਵਖਾਇੰਦਾ। ਦੀਪਕ ਜੋਤ ਏਕਾ ਬਾਲਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਨਾਦਿ ਸਚੀ ਧੁਨਕਾਨਾ, ਰਾਗ ਅਨਾਦੀ ਆਪ ਅਲਾਇੰਦਾ। ਜੂਨੀ ਰਹਿਤ ਖੇਲ ਮਹਾਨਾ, ਅਨੁਭਵ ਪ੍ਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮੂਰਤ ਆਪੇ ਵੇਖ ਵਖਾਇੰਦਾ। ਆਪਣੀ ਮੂਰਤ ਹਰਿ ਹਰਿ ਰੰਗ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਵਸੇ ਸੰਗ, ਦੂਸਰ ਰੂਪ ਨਾ ਕੋਇ ਜਣਾਈਆ। ਏਕੰਕਾਰਾ ਸਚ ਸਿੰਘਾਸਣ ਸੋਹੇ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਆਦਿ ਨਿਰੰਜਣ ਚਾੜ੍ਹੇ ਚੰਦ, ਜੋਤੀ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਵਜਾਏ ਮਰਦੰਗ, ਆਪ ਆਪਣਾ ਢੋਲਾ ਗਾਈਆ। ਅਬਿਨਾਸ਼ੀ ਕਰਤਾ ਸਚਖੰਡ ਦਵਾਰਾ ਆਪੇ ਲੰਘ, ਆਪ ਆਪਣਾ ਆਸਣ ਲਾਈਆ। ਪਾਰਬ੍ਰਹਮ ਨਿਉਂ ਨਿਉਂ ਮੰਗੇ ਮੰਗ, ਘਰ ਸਾਚੇ ਸੀਸ ਝੁਕਾਈਆ। ਪੁਰਖ ਅਕਾਲ ਸੂਰਾ ਸਰਬੰਗ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਸਚ ਮਹੱਲਾ ਉਚ ਅਟੱਲਾ ਏਕੰਕਾਰਾ ਆਪ ਸੁਹਾਈਆ। ਸਚ ਮਹੱਲਾ ਸਚ ਸਿੰਘਾਸਣ, ਹਰਿ ਸਾਚਾ ਆਪ ਲਗਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼ਨ, ਆਦਿ ਜੁਗਾਦੀ ਦਿਸ ਨਾ ਆਇੰਦਾ। ਸ਼ਾਹੋ ਭੂਪ ਹਰਿ ਸ਼ਾਹੋ ਸ਼ਾਬਾਸ਼ਨ, ਤਖਤ ਤਾਜ ਆਪ ਸੁਹਾਇੰਦਾ। ਆਪਣੇ ਮੰਡਲ ਪਾਵੇ ਰਾਸਨ, ਗੋਪੀ ਕਾਹਨਾ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਪੁਰਖ ਅਬਿਨਾਸ਼ੀ ਏਕਾ ਕੰਤ, ਨਰ ਨਰਾਇਣ ਨਾਉਂ ਧਰਾਇੰਦਾ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਆਦਿ ਜੁਗਾਦੀ ਨਾਉਂ ਧਰਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭੈ ਹੋਰ ਨਾ ਕੋਇ ਜਣਾਇੰਦਾ। ਥਿਰ ਘਰ ਵਾਸੀ ਸਾਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਨਾ ਘੜਿਆ ਨਾ ਭੱਜਣਾ, ਰੂਪ ਅਨੂਪ ਨਾ ਕੋਇ ਜਣਾਇੰਦਾ। ਤਾਲ ਨਗਾਰੇ ਆਪੇ ਵੱਜਣਾ, ਆਪ ਆਪਣੀ ਚੋਟ ਵਖਾਇੰਦਾ। ਆਪੇ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬਹਿ ਬਹਿ ਸਜਣਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਆਪ ਅਖਵਾਇੰਦਾ। ਰੰਗ ਰੰਗੀਲਾ ਹਰਿ ਕਰਤਾਰਾ, ਦੂਸਰ ਹੋਰ ਨਾ ਕੋਇ ਜਣਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਕਰਨੀ ਕਰਤਾ ਆਪ ਕਮਾਇੰਦਾ। ਲੱਖ ਚੁਰਾਸੀ ਬੰਨੇ ਧਾਰਾ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇੰਦਾ । ਅੰਦਰ ਬਾਹਰ ਗੁਪਤ ਜ਼ਾਹਰਾ, ਲੱਖ ਚੁਰਾਸੀ ਪਾਵੇ ਸਾਰਾ, ਨੌ ਦਰ ਖੋਜ ਖੁਜਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਰ ਘਰ ਵਿਚ ਦੀਪ ਟਿਕਾਇੰਦਾ। ਡੂੰਘੀ ਕੰਦਰ ਪਾਵੇ ਸਾਰਾ, ਅੰਧ ਅੰਧਿਆਰਾ, ਈੜਾ ਪਿੰਗਲ ਸੁਖਮਨ ਮਾਰਗ ਪਾਇੰਦਾ। ਤ੍ਰੈਲੋਕੀ ਖੇਲ ਖੇਲ ਨਿਆਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਤਮ ਅੰਤਰ ਸਚੀ ਧਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਕਵਲ ਕਵਲਾ ਕਰ ਤਿਆਰਾ, ਏਕਾ ਮੁਖ ਭਵਾਇੰਦਾ। ਆਪੇ ਕਰੇ ਬੰਦ ਕਿਵਾੜਾ, ਆਪੇ ਕੁੰਡਾ ਲਾਹਿੰਦਾ। ਆਤਮ ਸੇਜਾ ਖੇਲ ਨਿਆਰਾ, ਕਰਨੀ ਕਰਤਾ ਆਪ ਕਮਾਇੰਦਾ। ਅਨਹਦ ਰਾਗ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਸਾਚੀ ਸਖੀਆਂ ਮੰਗਲਚਾਰਾ, ਬਹਿ ਬਹਿ ਗੀਤ ਅਲਾਇੰਦਾ। ਕੰਤ ਕੰਤੂਲ ਮੀਤ ਮੁਰਾਰਾ, ਆਪ ਆਪਣਾ ਰੂਪ ਵਟਾਇੰਦਾ। ਬ੍ਰਹਮ ਬ੍ਰਹਮ ਪ੍ਰਭ ਖੇਲ ਨਿਆਰਾ, ਆਪ ਆਪਣਾ ਘਰ ਸੁਹਾਇੰਦਾ। ਦਸਮ ਦਵਾਰੀ ਜੋਤ ਉਜਿਆਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਖ ਚੁਰਾਸੀ ਵੇਖੇ ਘਰ, ਘਟ ਘਟ ਆਪਣਾ ਆਸਣ ਲਾਇੰਦਾ। ਘਟ ਘਟ ਵਸਿਆ ਪੁਰਖ ਅਗੰਮ, ਦਿਸ ਕਿਸੇ ਨਾ ਆਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਈ ਰਖਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਗੁਰ ਪੀਰ ਅਵਤਾਰ ਸਾਧ ਸੰਤ ਆਪ ਹੋ ਜਾਇੰਦਾ। ਗਗਨ ਪਾਤਾਲਾਂ ਦੇਵੇ ਥੰਮ, ਬਿਨ ਥੰਮਾਂ ਆਪ ਰਹਾਇੰਦਾ। ਤ੍ਰੈਗੁਣ ਮਾਇਆ ਬੇੜਾ ਦੇਵੇ ਬੰਨ, ਲੋਕਮਾਤ ਆਪ ਚਲਾਇੰਦਾ। ਆਕਾਸ਼ ਪ੍ਰਕਾਸ਼ ਸੂਰਜ ਚੰਨ, ਮੰਡਲ ਮੰਡਪ ਆਪ ਸੁਹਾਇੰਦਾ। ਨਾ ਕੋਈ ਜਨਨੀ ਜਣੇ ਜਨ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਨਾ ਕੋਈ ਰਾਗ ਸੁਣਾਏ ਕੰਨ, ਨਾ ਕੋਈ ਵਿਦਿਆ ਹੋਰ ਪੜ੍ਹਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਸਚ ਸਿੰਘਾਸਣ ਆਸਣ ਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਬੇੜਾ ਆਪੇ ਬੰਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇੰਦਾ। ਏਕਾ ਵਸਤ ਨਾਮ ਧਨ, ਸਚ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਜਗਾਇੰਦਾ। ਪੁਰਖ ਅਬਿਨਾਸ਼ੀ ਰੂਪ ਵਟਾਇਆ, ਆਪ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵੇਖ ਵਖਾਇਆ, ਆਪ ਆਪਣਾ ਸੰਗ ਨਿਭਾਇੰਦਾ। ਹਰਿਜਨ ਸਾਚਾ ਆਪ ਉਠਾਇਆ, ਇਸ਼ਟ ਦ੍ਰਿਸ਼ਟ ਆਪ ਖੁਲਾਈਆ। ਰੂਪ ਅਨੂਪਾ ਦਰਸ ਦਿਖਾਇਆ, ਆਤਮ ਹਰਸ਼ ਸਰਬ ਮਿਟਾਈਆ। ਚਿੰਤਾ ਸੋਗ ਹਰਖ ਗਵਾਇਆ, ਆਪ ਆਪਣਾ ਰੰਗ ਰੰਗਾਈਆ। ਨਾਮ ਕਸਵੱਟੀ ਪਰਖ ਵਖਾਇਆ, ਕੰਚਨ ਸੋਨਾ ਰੂਪ ਵਟਾਈਆ। ਨਿਰਗੁਣ ਸਰਗੁਣ ਤਰਸ ਕਮਾਇਆ, ਤ੍ਰੈਗੁਣ ਮੇਟੇ ਲੱਗੀ ਸ਼ਾਹੀਆ। ਪੂਰਬ ਲਹਿਣਾ ਕਰਜ਼ਾ ਲਾਹਿਆ, ਜਨਮ ਜਨਮ ਦਾ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਈਆ। ਹਰਿਜਨ ਲੇਖਾ ਆਪ ਲਿਖ, ਜੁਗ ਜੁਗ ਵੇਸ ਵਟਾਇੰਦਾ। ਹੋਰ ਕਿਸੇ ਨਾ ਰਿਹਾ ਦਿਸ, ਕੋਟਨ ਕੋਟੀ ਰਾਹ ਤਕਾਇੰਦਾ। ਜਗਤ ਵਿਕਾਰਾ ਚੜੀ ਵਿਸ, ਬਿਨ ਹਰਿਨਾਮ ਨਾ ਕੋਇ ਲਾਹਿੰਦਾ। ਮਾਇਆ ਮਮਤਾ ਰਹੇ ਪਿਸ, ਕਲਜੁਗ ਚੱਕੀ ਆਪ ਚਲਾਇੰਦਾ। ਖਾਲੀ ਦਿਸਣ ਸਭ ਦੇ ਖਿਸ, ਨਾਮ ਧੰਨ ਨਾ ਕੋਇ ਵਖਾਇੰਦਾ। ਮਾਇਆ ਡਸਨੀ ਰਹੀ ਡਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਤਰਾਇੰਦਾ। ਗੁਰਸਿਖ ਸੱਜਣ ਤਾਰਨਹਾਰਾ, ਏਕੰਕਾਰਾ ਇਕ ਅਖਵਾਈਆ। ਸਤਿਗੁਰ ਰੂਪ ਵਿਚ ਸੰਸਾਰਾ, ਸ਼ਬਦ ਸ਼ਬਦੀ ਰੂਪ ਵਟਾਈਆ। ਆਦਿ ਜੁਗਾਦਿ ਕਰੇ ਪਿਆਰਾ, ਦਿਵਸ ਰੈਣ ਮੇਲ ਮਿਲਾਈਆ। ਸਾਰੰਗ ਧਰ ਖੇਲ ਨਿਆਰਾ, ਆਪ ਆਪਣੇ ਹੱਥ ਰੱਖੇ ਵਡਿਆਈਆ। ਕਾਗਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਥੱਕੀ ਸਤਿ ਸਰੋਵਰ ਛਾਹੀਆ। ਗੁਰਸਿਖ ਤੇਰਾ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਤੱਕਣ ਤੇਰਾ ਦਵਾਰਾ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਜਿਸ ਜਨ ਮਿਲਿਆ ਹਰਿ ਨਿਰੰਕਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁੁਰਮੁਖਾਂ ਇਕ ਇਕ ਸਮਝਾਈਆ। ਗੁਰਮੁਖ ਆਤਮ ਨੇਤਰ ਖੋਲ੍ਹ, ਸਤਿਗੁਰ ਪੂਰਾ ਦਰਸ ਦਿਖਾਇੰਦਾ। ਨਾਦ ਅਨਾਦੀ ਵਜਾਏ ਢੋਲ, ਅਨਹਦ ਸਾਚੀ ਸੇਵ ਕਮਾਇੰਦਾ। ਸ਼ਬਦ ਅਗੰਮੀ ਆਪੇ ਬੋਲ, ਧੁਰ ਫ਼ਰਮਾਨਾ ਆਪ ਜਣਾਇੰਦਾ। ਨਿਤ ਨਵਿਤ ਵਸੇ ਕੋਲ, ਵਾਰ ਥਿਤ ਨਾ ਕੋਇ ਵਖਾਇੰਦਾ। ਕਾਇਆ ਪੰਜ ਤਤ ਕਰੇ ਚੋਲ੍ਹ, ਆਪਣਾ ਚੋਲਾ ਆਪ ਬਦਲਾਇੰਦਾ। ਸੁਰਤੀ ਸ਼ਬਦੀ ਰਿਹਾ ਮੌਲ, ਸਚ ਫ਼ਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਿਖਾਇੰਦਾ। ਗੁਰਸਿਖ ਹਰਿ ਹਰਿ ਵੇਖਿਆ, ਕਰ ਕਿਰਪਾ ਕਰਤਾਰ। ਆਪੇ ਕੱਢੇ ਭਰਮ ਭੁਲੇਖਿਆ, ਹਉਮੇ ਹੰਗਤਾ ਗੜ੍ਹ ਨਿਵਾਰ। ਆਪੇ ਦਰਸ ਦਿਖਾਏ ਗੁਰ ਗੁਰ ਦਸ ਦਸਮੇਸਿਆ, ਨਾਨਕ ਗੋਬਿੰਦ ਸਾਚੀ ਧਾਰ। ਆਪੇ ਲੇਖਾ ਜਾਣੇ ਧਾਰੀ ਕੇਸਿਆ, ਮੂੰਡ ਮੁਡਾਏ ਲਏ ਉਭਾਰ। ਆਪੇ ਫਿਰੇ ਦੇਸ ਪਰਦੇਸਿਆ, ਦੋ ਜਹਾਨਾ ਏਕਾ ਧਾਰ। ਆਪੇ ਸ਼ਾਹੋ ਭੂਪ ਨਰ ਨਰੇਸ਼ਿਆ, ਹਰਿ ਸਚਾ ਸੱਚੀ ਸਰਕਾਰ। ਜੁਗ ਜੁਗ ਧਾਰੇ ਆਪਣਾ ਵੇਸਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਪਾਇਣ ਸਾਰ। ਗੁਰਮੁਖ ਵਿਰਲੇ ਨੇਤਰ ਵੇਖਿਆ, ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ। ਸ੍ਰਿਸ਼ਟ ਸਬਾਈ ਭਰਮ ਭੁਲੇਖਿਆ, ਕਾਇਆ ਗੜ੍ਹ ਹੋਇਆ ਹੰਕਾਰ। ਜੋਤ ਅਵਲਾ ਧਾਰੇ ਭੇਖਿਆ, ਅਛਲ ਅਛਲ ਰੂਪ ਅਪਾਰ। ਬਲ ਬਾਵਨ ਦੇਵੇ ਸਿਖਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕੰਕਾਰ। ਏਕੰਕਾਰਾ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਇਆ। ਜੁਗਾ ਜੁਗੰਤਰ ਖੇਲ ਤਮਾਸ਼ਾ, ਲੋਕਮਾਤ ਵੇਖਣ ਆਇਆ। ਜਨ ਭਗਤਾਂ ਦੇਵੇ ਨਾਮ ਦਿਲਾਸਾ, ਭਗਤ ਭਗਵੰਤ ਮੇਲ ਮਿਲਾਇਆ। ਲੇਖਾ ਜਾਣੇ ਰਸਨ ਸਵਾਸਾ, ਜੋ ਜਨ ਰਸਨਾ ਰਹੇ ਗਾਇਆ। ਹਰਿ ਭਗਤ ਹਰਿਜਨ ਗੁਰਮੁਖ ਗੁਰਸਿਖ ਕੋਇ ਨਾ ਰਹੇ ਨਿਰਾਸਾ, ਨੌ ਖੰਡ ਪ੍ਰਿਥਮੀ ਮੇਲ ਮਿਲਾਇਆ। ਹਰਿ ਭਗਤ ਕਦੇ ਨਾ ਆਵੇ ਹਾਰ ਪਾਸਾ, ਆਪਣੇ ਵੱਟੇ ਨਾਮ ਤੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਦੀਨ ਦਿਆਲ, ਜੂਨੀ ਰਹਿਤ ਸਰਬ ਪ੍ਰਿਤਪਾਲ, ਚਰਨ ਰਖਾਏ ਕਾਲ ਮਹਾਂਕਾਲ, ਗੁਰਮੁਖਾਂ ਵਖਾਏ ਸਚ ਸੱਚੀ ਧਰਮਸਾਲ, ਥਿਰ ਘਰ ਸਾਚਾ ਇਕ ਵਸਾਇਆ।