Granth 04 Likhat 112: 3 Magh 2011 Bikarmi Head Raagi Prithipal Singh de Greh Tarn Taran Jila Amritsar

੩ ਮਾਘ ੨੦੧੧ ਬਿਕ੍ਰਮੀ ਹੈਡ ਰਾਗੀ ਪ੍ਰਿਥੀਪਾਲ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ

ਆਤਮ ਗ੍ਰਹਿ ਤਨ ਮਨ ਸ਼ਿੰਗਾਰ। ਪੁਰਖ ਅਬਿਨਾਸ਼ੀ ਸਾਚਾ ਰਹੇ, ਆਪ ਆਪਣਾ ਮਹੱਲ ਉਸਾਰ। ਸਚ ਸਿੰਘਾਸਣ ਬੈਠਾ ਰਹੇ, ਜੋਤੀ ਨੂਰਾ ਸ਼ਬਦੀ ਧਾਰ। ਅੰਮ੍ਰਿਤ ਧਾਰ ਸਾਚੀ ਵਹੇ, ਕਵਲ ਨਾਭੀ ਖਿੜੀ ਗੁਲਜ਼ਾਰ। ਹਰਿਜਨ ਭਾਣਾ ਏਕਾ ਸਹੇ, ਆਤਮ ਹਰਿ ਦਰਸ ਅਪਾਰ। ਰਸਨ ਰਸਾਇਣ ਗੋਬਿੰਦ ਗੋਬਿੰਦ ਕਹੇ, ਸਾਚੇ ਦਰ ਮਿਲੇ ਪੁਰਖ ਹਰਿ ਕੰਤ ਭਤਾਰ। ਲਹਿਣਾ ਦੇਣਾ ਧੁਰਦਰਗਾਹੀ ਸਚ ਸਿੰਘਾਸਣ ਆਤਮ ਬੈਠਾ ਆਪੇ ਦਏ, ਪੂਰਬ ਕਰਮ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਗ੍ਰਹਿ ਮੰਦਰ ਸਚ ਸਿੰਘਾਸਣ ਦਿਵਸ ਰੈਣ ਸੁੱਤਾ ਪੈਰ ਪਸਾਰ। ਗ੍ਰਹਿ ਮੰਦਰ ਕਾਇਆ ਤਨ। ਪ੍ਰਭ ਅੰਦਰੇ ਅੰਦਰ, ਸਾਚਾ ਬਖ਼ਸ਼ੇ ਨਾਮ ਧਨ। ਕੁਫ਼ਰ ਹੰਕਾਰੀ ਤੋੜੇ ਜੰਦਰ, ਪੰਜਾਂ ਚੋਰਾਂ ਜਾਏ ਡੰਨ। ਕੋਟਨ ਭਾਨਾ ਤੇਜ ਪ੍ਰਕਾਸ਼ ਅੰਧੇਰੀ ਕਾਇਆ ਕੰਦਰ, ਸਾਚੀ ਜੋਤ ਜਗੇ ਤਨ। ਜੋਤੀ ਜੋਤ ਸਰੂਪ ਹਰਿ, ਗ੍ਰਹਿ ਮੰਦਰ ਅੰਦਰ ਆਪਣਾ ਚਾੜ੍ਹੇ ਚੰਨ। ਗ੍ਰਹਿ ਮੰਦਰ ਕਾਇਆ ਤਨ ਸੁਹਾਗਾ। ਜੋਤੀ ਜਾਮਾ ਹਰਿ ਭਗਵਾਨਾ, ਸ਼ਬਦ ਉਪਜਾਏ ਦਇਆ ਕਮਾਏ, ਏਕਾ ਨਾਦ ਵਡ ਵਡ ਸੁਭਾਗਾ, ਧੁਰਦਰਗਾਹੀ ਸਾਚੀ ਦਾਦ, ਦਰ ਘਰ ਦੇਵੇ ਮਾਧਵ ਮਾਧ, ਹਰਿ ਸੁਹੇਲਾ ਇਕ ਇਕੇਲਾ, ਦੂਈ ਦਵੈਤੀ ਧੋਵੇ ਦਾਗਾ। ਪਾਰਬ੍ਰਹਮ ਪੀਤੰਬਰ ਸਵਾਮੀ, ਸਦਾ ਸਦਾ ਜਗਤੇਸ਼ਵਰ ਅਲੱਖ ਨਿਰੰਜਣ, ਗੁਰਮੁਖ ਸਾਚੇ ਕੰਤ ਮਿਲਾਏ ਨਾਰ ਸੁਭਾਗਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਆਪ ਬੁਝਾਏ ਆਤਮ ਤ੍ਰਿਸ਼ਨਾ ਜਗਤੀ ਜੁਗਤੀ ਆਗਾ। ਗ੍ਰਹਿ ਕਾਇਆ ਸ਼ਬਦ ਅਧਾਰੀ। ਪੁਰਖ ਅਬਿਨਾਸ਼ੀ ਕਿਰਪਾ ਧਾਰੀ। ਘਟ ਘਟ ਵਾਸੀ ਜੋਤ ਨਿਰੰਕਾਰੀ। ਪਵਣ ਸ਼ਬਦ ਸ਼ਬਦ ਪਵਣ, ਪਵਣ ਸਵਾਸੀ ਨਾਦ ਧੁਨੀ, ਇਕ ਪੁਕਾਰ ਹਰਿ ਜੀ ਸੁਣੀ, ਲੋਕਮਾਤ ਕਰ ਵਿਚਾਰੀ। ਪੰਚਮ ਰੋਲੇ ਕਾਇਆ ਮੰਦਰ ਛਾਣੇ ਪੁਣੇ, ਵਡ ਦਾਤਾ ਹਰਿ ਵਡ ਵਡ ਗੁਣੀ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਸੰਤ ਦੁਲਾਰੇ, ਕਰ ਪਿਆਰ ਇਕ ਪੁਕਾਰ ਦਰ ਘਰ ਸਾਚੇ ਸੁਣੀ। ਗ੍ਰਹਿ ਮੰਦਰ ਢੋਲ ਮਰਦੰਗਿਆ। ਸ਼ਬਦ ਸੁਹਾਗੀ ਗੀਤ ਏਕਾ ਏਕ ਰੰਗਿਆ। ਨਾਦੀ ਜੋਤੀ ਸ਼ਬਦ ਤਰਾਨੀ, ਬ੍ਰਹਮ ਗਿਆਨੀ ਹਰਿ ਹਰਿ ਸੰਗਿਆ। ਏਕਾ ਸ਼ਬਦ ਧੁਰਦਰਗਾਹੀ ਸੱਚੀ ਬਾਣੀ, ਦੂਜੇ ਘਰ ਨਾ ਮਿਲੇ ਮੰਗਿਆ। ਆਦਿ ਅੰਤਾ ਇਕ ਨਿਸ਼ਾਨੀ, ਸਾਚਾ ਸ਼ਬਦ ਜਗਤ ਬਿਬਾਣਾ, ਗੁਰਮੁਖ ਉਡੇ ਵਾਂਗ ਪਤੰਗਿਆ। ਜਗਤ ਜਗਦੀਸ਼ਰ ਆਪ ਬਣਾਏ ਸਾਚੀ ਰਾਣੀ, ਸਾਚਾ ਰੰਗ ਨਾਮ ਚੜ੍ਹਾਏ, ਗੁਰਮੁਖਾਂ ਕਾਇਆ ਨਵ ਨਵ ਰੰਗਿਆ। ਸਰਬ ਘਟਾਂ ਘਟ ਜਾਣੀ ਜਾਣ, ਆਤਮ ਮੰਦਰ ਸਾਚੇ ਅੰਦਰ ਸਚ ਵਸੇਰਾ ਅੰਧ ਅੰਧੇਰਾ, ਇਕ ਵਜਾਏ ਸ਼ਬਦ ਤਾਲ ਵਡ ਮਰਦੰਗਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਬਲੀ ਬਲਵਾਨਾ, ਦਰ ਦਵਾਰਾ ਨਰ ਨਿਰੰਕਾਰਾ ਪੁਰਖ ਸੁਜਾਨਾ ਵਾਲੀ ਦੋ ਜਹਾਨਾ, ਏਕਾ ਏਕ ਮਾਤ ਮੰਗਿਆ। ਗ੍ਰਹਿ ਅੰਦਰ ਮੰਗ ਅਪਾਰਿਆ। ਪ੍ਰਭ ਅਬਿਨਾਸ਼ੀ ਤੋੜੇ ਜੰਦਰ, ਵੱਜਾ ਦਰ ਦਵਾਰਿਆ। ਜੋਤੀ ਨੂਰ ਕਰੇ ਉਜਿਆਰਾ ਸਾਚੇ ਅੰਦਰ, ਸ਼ਬਦੀ ਮਿਲੇ ਸਾਚੀ ਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਗ੍ਰਹਿ ਘਰ ਸਾਚੇ ਬਹੇ, ਕਰੇ ਖੇਲ ਅਪਰ ਅਪਾਰਿਆ। ਗ੍ਰਹਿ ਮੰਦਰ ਤਾਲ ਵਜੰਤਿਆ। ਸ਼ਬਦ ਅਧਾਰ ਇਕ ਕਰਤਾਰ, ਆਪੇ ਆਪ ਖੁਜੰਤਿਆ। ਆਪੇ ਸੁਣੇ ਹਰਿ ਪੁਕਾਰ, ਆਪੇ ਆਪ ਬੁਲੰਤਿਆ। ਆਪੇ ਖੁਲ੍ਹ ਮੁਨ ਮੁਨਾਰ, ਆਪੇ ਚੋਗ ਚੁਗੰਤਿਆ। ਆਪੇ ਕਰੇ ਘਰ ਉਜਿਆਰ, ਆਪੇ ਸੁੰਨ ਰਖੰਤਿਆ। ਆਪੇ ਬਖ਼ਸ਼ੇ ਅੰਮ੍ਰਿਤ ਧਾਰ, ਆਪੇ ਕਵਲ ਬੰਦ ਕਰੰਤਿਆ। ਆਪੇ ਦਏ ਸ਼ਬਦ ਧੁਨਕਾਰ, ਆਪੇ ਡੂੰਘੇ ਭਵਰ ਸੁਟੰਤਿਆ। ਆਪੇ ਆਤਮ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟੰਤਿਆ। ਨਾਮ ਸ਼ਬਦ ਕਰਾਏ ਤਨ ਸ਼ਿੰਗਾਰ, ਗੁਰਮੁਖ ਸਾਚਾ ਸੋਭਾਵੰਤੀ ਨਾਰ, ਘਰ ਸਾਚੇ ਧਾਮ ਵਸੰਤਿਆ। ਮਿਲੇ ਮੇਲ ਕੰਤ ਭਤਾਰ, ਆਤਮ ਸੇਜਾ ਸਚ ਸੁਹਾਗਣ, ਸਾਚੇ ਧਾਮ ਰਹੰਤਿਆ। ਚਰਨ ਸਰਨ ਜਨ ਸਾਚੇ ਲਾਗਣ, ਆਪੇ ਧੋਏ ਮਾਇਆ ਦਾਗਣ, ਮਿਲੇ ਮੇਲ ਪੂਰਨ ਭਗਵੰਤਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਆਤਮ ਅੰਦਰ ਸਾਚੇ ਗ੍ਰਹਿ ਗੁਰਮੁਖ ਵਿਰਲਾ ਖੋਜ ਖੁਜੰਤਿਆ। ਆਤਮ ਗ੍ਰਹਿ ਸ਼ਬਦ ਟਿਕਾਣਾ। ਜੋਤੀ ਨੂਰ ਬਿਬਾਣਾ। ਨਾਦੀ ਪਵਣ ਸਾਚੀ ਤੂਰ, ਅਵਣੀ ਗਵਣੀ ਬੂਝ ਬੁਝਾਨਾ। ਨੂਰ ਉਜਾਲਾ ਏਕਾ ਨੂਰ, ਦਿਸ ਨਾ ਆਏ ਪਵਣ ਮਸਾਣਾ। ਸਤਿ ਸਰੂਪੀ ਹਾਜ਼ਰ ਹਜ਼ੂਰ, ਆਤਮ ਦਰ ਸਚ ਟਿਕਾਣਾ। ਸਰਬ ਕਲਾ ਆਪੇ ਭਰਪੂਰ, ਹਰਿ ਹਰਿ ਵਾਲੀ ਦੋ ਜਹਾਨਾਂ। ਪੰਚਮ ਕਰੇ ਚੂਰੋ ਚੂਰ, ਸ਼ਬਦ ਮਾਰੇ ਤੀਰ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਇਣ ਨਰ, ਆਤਮ ਅੰਦਰ ਸਾਚੇ ਗ੍ਰਹਿ ਆਪੇ ਵਸੇ ਗੁਣ ਨਿਧਾਨਾ। ਆਤਮ ਗ੍ਰਹਿ ਗੁਣ ਨਿਧਾਨ। ਚਰਨ ਧੂੜ ਏਕਾ ਬਖ਼ਸ਼ੇ ਸਚ ਇਸ਼ਨਾਨ। ਬੇਮੁਖ ਮੁਗਧ ਮੂੜ, ਆਪ ਬਣਾਏ ਚਤੁਰ ਸੁਜਾਨ। ਪੰਚਾਂ ਨਾਤਾ ਕੂੜੋ ਕੂੜ, ਏਕਾ ਸ਼ਬਦ ਬ੍ਰਹਮ ਗਿਆਨ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੇ ਮੰਦਰ ਆਤਮ ਗ੍ਰਹਿ ਗੁਰਮੁਖਾਂ ਕਰੇ ਆਪ ਪਛਾਣ। ਆਤਮ ਗ੍ਰਹਿ ਸ਼ਬਦ ਬਿਬਾਣਾ। ਗੁਰਮੁਖ ਸਾਚਾ ਵਿਰਲਾ ਬਹੇ, ਜਿਸ ਜਨ ਦੇਵੇ ਸ੍ਰੀ ਭਗਵਾਨਾ। ਪਾਰ ਕਿਨਾਰੇ ਏਕਾ ਰਹੇ, ਨੌਂਵੇਂ ਦਰ ਬੰਦ ਕਰਾਨਾ। ਦਸਵੇਂ ਘਰ ਅੰਮ੍ਰਿਤ ਮੇਂਹ, ਠੰਡੀ ਧਾਰ ਆਪ ਬਰਸਾਨਾ। ਪੁਰਖ ਅਬਿਨਾਸ਼ੀ ਲੱਗਾ ਨੇਂਹ, ਨਾ ਕੋਈ ਤੋੜੇ ਤੋੜ ਤੁੜਾਨਾ। ਲੱਖ ਚੁਰਾਸੀ ਦਿਸੇ ਖੇਹ, ਇਕ ਅਟੱਲ ਮਹੱਲ ਜਗਤ ਜਗਦੀਸ਼ਾ ਹਰਿ ਹਰਿ ਸ੍ਰੀ ਭਗਵਾਨਾ। ਵਸੇ ਨਿਹਚਲ ਧਾਮ ਅਖੱਲ, ਸ਼ਬਦ ਸੁਨੇਹੜਾ ਰਿਹਾ ਘੱਲ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਜਾਣੀ ਜਾਣਾ।

Leave a Reply

This site uses Akismet to reduce spam. Learn how your comment data is processed.