Granth 09 Likhat 192: 6 Assu 2017 Bikarmi Pind Manga Sarai Jila Amritsar

੬ ਅਸੂ ੨੦੧੭ ਬਿਕ੍ਰਮੀ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਹਰਿ ਭਗਵਾਨ, ਹਰੀ ਹਰਿ ਏਕਾ ਏਕੰਕਾਰਿਆ। ਆਦਿ ਜੁਗਾਦੀ ਖੇਲ ਮਹਾਨ, ਜੁਗਾ ਜੁਗੰਤਰ ਲੈ ਅਵਤਾਰਿਆ। ਧਰਮ ਵਖਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾ ਰਿਹਾ। ਕਲਜੁਗ ਅੰਤਮ ਹੋਏ ਪਰਧਾਨ, ਨਿਰਗੁਣ ਆਪਣਾ ਰੂਪ ਵਟਾ ਲਿਆ। ਪੁਰਖ ਅਬਿਨਾਸ਼ੀ ਨੌਜਵਾਨ, ਨਿਰਗੁਣ ਨੇਹਕਰਮੀ ਕਰਮ ਕਮਾ ਰਿਹਾ। ਸਾਚੇ ਤਖ਼ਤ ਬੈਠ ਸੁਲਤਾਨ, ਹੁਕਮੀ ਹੁਕਮ ਆਪ ਵਰਤਾ ਰਿਹਾ। ਕਲਜੁਗ ਕੂੜੀ ਕਿਰਿਆ ਵੇਖੇ ਆਣ, ਨੌਂ ਖੰਡ ਪ੍ਰਿਥਮੀ ਅੰਧੇਰਾ ਛਾ ਰਿਹਾ। ਬ੍ਰਹਿਮੰਡ ਖੰਡ ਹੋਏ ਸੁੰਞ ਮਸਾਣ, ਹਰਿ ਹਰਿ ਗੀਤ ਨਾ ਕੋਇ ਅਲ੍ਹਾ ਰਿਹਾ। ਘਟ ਘਟ ਅੰਦਰ ਪੰਜ ਸ਼ੈਤਾਨ, ਜਗਤ ਵਿਕਾਰਾ ਸੰਗ ਨਿਭਾ ਰਿਹਾ। ਚੌਦਾਂ ਲੋਕ ਹੋਏ ਹੈਰਾਨ, ਸਾਚਾ ਹੱਟ ਨਾ ਕੋਇ ਖੁਲਾ ਰਿਹਾ। ਚਾਰ ਵਰਨ ਨਾ ਕੋਇ ਗਿਆਨ, ਅਠਾਰਾਂ ਬਰਨ ਭਰਮ ਭੁੱਲਾ ਰਿਹਾ। ਸਖ਼ੀ ਸੁਲਤਾਨ ਨਾ ਦੇਵੇ ਕੋਈ ਦਾਨ, ਸਾਚੀ ਭਿਛਿਆ ਨਾ ਕੋਇ ਵਰਤਾ ਰਿਹਾ। ਸਚ ਪਰਕਾਸ਼ ਨਾ ਕੋਇ ਭਾਨ, ਅੰਧ ਅੰਧੇਰ ਨਾ ਕੋਇ ਗਵਾ ਰਿਹਾ। ਧੁਨੀ ਨਾਦ ਨਾ ਕੋਇ ਕਾਨ, ਅਨਹਦ ਸ਼ਬਦ ਨਾ ਕੋਇ ਸੁਣਾ ਰਿਹਾ। ਸਤਿਗੁਰ ਪੂਰਾ ਨਾ ਕੋਇ ਪਛਾਣ, ਗੁਰ ਗੁਰ ਮੰਤਰ ਨਾ ਕੋਇ ਦ੍ਰਿੜਾ ਰਿਹਾ। ਅੰਮ੍ਰਿਤ ਸਰੋਵਰ ਨਾ ਪੀਣ ਖਾਣ, ਦੁਰਮਤ ਮੈਲ ਨਾ ਕੋਇ ਧਵਾ ਰਿਹਾ। ਚਰਨ ਕਵਲ ਨਾ ਕੋਇ ਮਾਣ, ਹਰਿ ਚਰਨ ਸੇਵ ਨਾ ਕੋਇ ਕਮਾ ਰਿਹਾ। ਪੁਰਖ ਅਕਾਲ ਨਾ ਕੋਇ ਆਣ, ਏਕਾ ਇਸ਼ਟ ਨਾ ਕੋਇ ਵਖਾ ਰਿਹਾ। ਚਾਰੋਂ ਕੁੰਟ ਜੂਠ ਝੂਠ ਜਗਤ ਪਰਧਾਨ, ਮਾਇਆ ਮਮਤਾ ਮੋਹ ਵਧਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਧਰਾ ਲਿਆ। ਚਾਰੋਂ ਕੁੰਟ ਅੰਧੇਰਾ ਅੰਧ, ਸਚ ਪਰਕਾਸ਼ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਨਾ ਕੋਇ ਮੁਕਾਏ ਪੰਧ, ਪੂਰੀ ਆਸ ਨਾ ਕੋਇ ਕਰਾਈਆ। ਆਤਮ ਉਪਜਾਏ ਨਾ ਕੋਇ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਭਰਮਾਂ ਢਾਹੇ ਨਾ ਦਵੈਤੀ ਕੰਧ, ਦੂਈ ਪਰਦਾ ਨਾ ਕੋਇ ਉਠਾਈਆ। ਸ਼ਬਦ ਸੁਣਾਏ ਨਾ ਕੋਇ ਸੁਹਾਗੀ ਛੰਦ, ਸਾਚੀ ਸਖ਼ੀਆਂ ਮਿਲ ਮਿਲ ਮੰਗਲ ਗੀਤ ਨਾ ਕੋਇ ਗਾਈਆ। ਜੋਤ ਉਜਾਲਾ ਨਾ ਚੜ੍ਹੇ ਚੰਦ, ਨਿਰਵੈਰ ਜੋਤ ਨਾ ਕੋਇ ਰੁਸ਼ਨਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੁੱਤਾ ਦੇ ਕਰ ਕੰਡ, ਲੱਖ ਚੁਰਾਸੀ ਕਰਵਟ ਸਕੇ ਨਾ ਕੋਇ ਬਦਲਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਭੇਵ ਜਣਾਏ ਬ੍ਰਹਮ ਬ੍ਰਹਿਮੰਡ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਤੋੜਨਹਾਰਾ ਜੁਗ ਜੁਗ ਘਮੰਡ, ਘੁਮਣ ਘੇਰ ਵੇਖੇ ਸ੍ਰਿਸ਼ਟ ਸਬਾਈਆ। ਏਕੰਕਾਰਾ ਹਰਿ ਨਿਰੰਕਾਰਾ, ਜੋਧਾ ਸੂਰ ਬਲੀ ਬਲਕਾਰਾ ਸ਼ਬਦ ਫੜੇ ਚੰਡ ਪ੍ਰਚੰਡ, ਚੰਡੀ ਚੰਡਕਾ ਹੱਥ ਉਠਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ, ਲੱਖ ਚੁਰਾਸੀ ਵੇਖੇ ਨਾਰ ਦੁਹਾਗਣ ਰੰਡ, ਕੰਤ ਕੰਤੂਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਅੰਤਮ ਵੇਸ ਕਰ, ਨਿਰਗੁਣ ਨਿਰਗੁਣ ਨਿਰਗੁਣ ਆਪਣੀ ਚਾਲ ਚਲਾਈਆ। ਜੁਗ ਜੁਗ ਵੇਖ ਵਖਾਇਆ, ਕਰ ਕਿਰਪਾ ਆਪ ਕਰਤਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ ਲੰਘਾਇਆ, ਕਲਜੁਗ ਆਈ ਅੰਤਮ ਵਾਰ। ਨਿਹਕਲੰਕੀ ਜਾਮਾ ਪਾਇਆ, ਪਰਗਟ ਹੋ ਵਿਚ ਸੰਸਾਰ। ਚਾਰੇ ਵਰਨ ਦਏ ਗਵਾਇਆ, ਰੰਗ ਚਾੜ੍ਹੇ ਅਗੰਮ ਅਪਾਰ। ਊਚ ਨੀਚ ਨਾ ਕੋਇ ਰਖਾਇਆ, ਜ਼ਾਤ ਪਾਤ ਵਸਿਆ ਬਾਹਰ। ਸ਼ਬਦ ਗੁਰ ਇਕ ਸਮਝਾਇਆ, ਸ੍ਰਿਸ਼ਟ ਸਬਾਈ ਸਾਂਝਾ ਯਾਰ। ਦਰਗਹਿ ਸਾਚੀ ਆਪ ਬਹਾਇਆ, ਨੂਰ ਖ਼ੁਦਾਈ ਪਰਵਰਦਿਗਾਰ। ਰਾਮ ਰਾਮਾ ਰੂਪ ਪਰਗਟਾਇਆ, ਰਾਮ ਰਾਮਾ ਸਿਰਜਣਹਾਰ। ਸਾਚੇ ਤਖ਼ਤ ਆਪ ਸੁਹਾਇਆ, ਤਖ਼ਤ ਨਿਵਾਸੀ ਸੱਚਾ ਸ਼ਾਹਕਾਰ। ਸ਼ਹਿਨਸ਼ਾਹ ਆਪਣਾ ਨਾਉਂ ਧਰਾਇਆ, ਪਾਤਸ਼ਾਹ ਸੱਚੀ ਸਰਕਾਰ। ਸਚ ਨਿਸ਼ਾਨਾ ਹੱਥ ਉਠਾਇਆ, ਚਾੜ੍ਹੇ ਰੰਗ ਅਪਰ ਅਪਾਰ। ਦਰਗਹਿ ਸਾਚੀ ਆਪ ਝੁਲਾਇਆ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਥਿਰ ਘਰ ਸਾਚੇ ਆਪ ਗਡਾਇਆ, ਆਪ ਆਪਣੀ ਕਿਰਪਾ ਧਾਰ। ਪੰਚਮ ਸੀਸ ਤਾਜ ਸੁਹਾਇਆ, ਜਗਦੀਸ ਕਰੇ ਵਿਚਾਰ। ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਰਾਇਆ, ਗੁਰ ਪੀਰ ਅਵਤਾਰ ਨਿਉਂ ਨਿਉਂ ਕਰਦੇ ਰਹੇ ਨਿਮਸਕਾਰ। ਨਾਨਕ ਗੋਬਿੰਦ ਜਗਤ ਵਖਾਇਆ, ਰਾਹ ਤੱਕੇ ਪਰਵਰਦਿਗਾਰ। ਪੁਰਖ ਅਬਿਨਾਸ਼ੀ ਹੋਏ ਸਹਾਇਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜਾਮਾ ਭੇਖ ਵਟਾਇਆ, ਸ਼ਬਦ ਅਗੰਮੀ ਫੜ ਕਟਾਰ। ਸਚ ਮਿਆਨ ਆਪ ਛੁਹਾਇਆ, ਦਿਸ ਨਾ ਆਏ ਵਿਚ ਸੰਸਾਰ। ਤਿਖੀ ਧਾਰਾ ਮੁਖ ਰਖਾਇਆ, ਨਾ ਕੋਈ ਘੜੇ ਲੋਹਾਰ ਤਰਖਾਣ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਦਿਸ ਕਿਸੇ ਨਾ ਆਇਆ, ਆਪੇ ਵਸੇ ਸਭ ਤੋਂ ਬਾਹਰ। ਆਪਣਾ ਹਿਸਾ ਆਪ ਵੰਡਾਇਆ, ਕਲ ਕਲਕੀ ਲੈ ਅਵਤਾਰ। ਸਾਚੀ ਨਗਰੀ ਧਾਮ ਸੁਹਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਜਾਗਰਤ ਜੋਤ ਕਰ ਰੁਸ਼ਨਾਇਆ, ਨੂਰੋ ਨੂਰ ਪਸਰ ਪਸਾਰ। ਧੁਨ ਅਗੰਮੀ ਨਾਦ ਵਜਾਇਆ, ਤੁਰੀਆ ਰਾਗ ਕਰਿਆ ਖ਼ਬਰਦਾਰ। ਸਚ ਬਸੰਤੀ ਰੁੱਤ ਸੁਹਾਇਆ, ਪੁਰਖ ਅਬਿਨਾਸ਼ੀ ਖਿੜੀ ਗੁਲਜ਼ਾਰ। ਤਖ਼ਤ ਨਿਵਾਸੀ ਵੇਖ ਵਖਾਇਆ, ਸਤਿਗੁਰ ਪੂਰਾ ਸੱਚੀ ਸਰਕਾਰ । ਆਪਣੀ ਵੰਡਣ ਵੰਡ ਵੰਡਾਇਆ, ਵੰਡਣਹਾਰਾ ਨਿਰਗੁਣ ਨਿਰਾਕਾਰ। ਗੁਰਮੁਖ ਸਾਚੇ ਲਏ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਜਾਣੇ ਆਪਣੀ ਕਾਰ। ਕਲਜੁਗ ਅੰਧੇਰਾ ਛਾਇਆ, ਸਚ ਸੁੱਚ ਨਾ ਕੋਇ ਵਡਿਆਈਆ। ਚਾਰੋਂ ਕੁੰਟ ਤ੍ਰੈਗੁਣ ਮਾਇਆ, ਤ੍ਰੈ ਤ੍ਰੈ ਲੋਕਾਂ ਪਰਦਾ ਰਹੀ ਪਾਈਆ। ਸਚ ਸਲੋਕ ਨਾ ਕੋਇ ਜਣਾਇਆ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਚੌਦਾਂ ਲੋਕ ਪੰਧ ਨਾ ਕਿਸੇ ਮੁਕਾਇਆ, ਚੌਦਾਂ ਤਬਕ ਰਹੇ ਕੁਰਲਾਈਆ। ਜਗਤ ਮੋਖ ਚਰਨਾਂ ਹੇਠ ਨਾ ਕੋਇ ਦਬਾਇਆ, ਜਗਤ ਮੁਕਤੀ ਰਾਹ ਤਕਾਈਆ । ਚਾਰ ਜੁਗ ਚਾਰ ਵਰਨ ਹਰਖ ਸੋਗ ਨਾ ਕਿਸੇ ਚੁਕਾਇਆ, ਗੁਰ ਪੀਰ ਨੇਤਰ ਨੀਰ ਵਹਾ ਵਹਾ ਗਏ ਜੁਗ ਜੁਗ ਪਾਂਧੀ ਰਾਹੀਆ। ਕਲਜੁਗ ਅੰਤਮ ਖੇਲ ਖਿਲਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਨੌਂ ਨੌਂ ਚਾਰ ਪੰਧ ਮੁਕਾਇਆ, ਨਵ ਨੌਂ ਆਪੇ ਵੇਖ ਵਖਾਈਆ। ਚਾਰ ਯਾਰੀ ਸੱਥਰ ਹੇਠ ਵਿਛਾਇਆ, ਪੰਚਮ ਮੁਖ ਮੁਖ ਵਡਿਆਈਆ । ਧੁਰ ਦਾ ਰਾਜ ਜੋਗ ਇਕ ਵਖਾਇਆ, ਸਿਆਸਤ ਵਰਾਸਤ ਰਹਿਣ ਨਾ ਪਾਈਆ। ਸ਼ਬਦ ਸਲੋਕ ਢੋਲਾ ਸਾਚਾ ਗਾਇਆ, ਸ਼ਬਦੀ ਬੋਲਾ ਇਕ ਅਲਾਈਆ। ਨਿਰਗੁਣ ਸਰਗੁਣ ਚੋਲਾ ਇਕ ਹੰਢਾਇਆ, ਪੰਜ ਤਤ ਮਾਟੀ ਵੇਖ ਵਖਾਈਆ। ਜਨ ਭਗਤਾਂ ਗੋਲਾ ਬਣ ਕੇ ਆਇਆ, ਦਿਵਸ ਰੈਣ ਸੇਵ ਕਮਾਈਆ। ਸਾਚਾ ਤੋਲਾ ਨਰ ਨਰਾਇਣ ਸਾਚਾ ਕੰਡਾ ਹੱਥ ਫੜ ਕੇ ਆਇਆ, ਆਪਣਾ ਭਾਰ ਆਪ ਵੰਡਾਈਆ। ਅਠਾਰਾਂ ਭਾਰ ਚਰਨਾਂ ਹੇਠ ਮਲ ਕੇ ਆਇਆ, ਜਗਤ ਬਨਾਸਪਤ ਰਹੀ ਕੁਰਲਾਈਆ। ਗੁਰਸਿਖਾਂ ਹੌਲਾ ਭਾਰ ਸਿਰ ਆਪਣੇ ਧਰ ਕੇ ਆਇਆ, ਧਰਨੀ ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਧਾਰ ਆਪ ਬੰਧਾਈਆ। ਕਲਜੁਗ ਰੈਣ ਅੰਧੇਰੀ ਰਾਤ, ਚਾਰ ਕੁੰਟ ਰਿਹਾ ਕੁਰਲਾਈਆ। ਚਾਰ ਵਰਨ ਨਾ ਗਾਏ ਕੋਈ ਗਾਥ, ਘਰ ਘਰ ਜਗਤ ਵਿਦਿਆ ਪਈ ਲੜਾਈਆ। ਕਿਸੇ ਨਾ ਮਿਲੇ ਤ੍ਰਿਲੋਕੀ ਨਾਥ, ਕਵਲ ਨੈਣ ਨੈਣ ਨਾ ਮੁਖ ਕੋਇ ਸਾਲਾਹੀਆ। ਕੋਈ ਨਾ ਕਰੇ ਪੂਰਾ ਘਾਟ, ਮਾਣਸ ਜਨਮ ਲੇਖੇ ਕੋਇ ਨਾ ਲਾਈਆ। ਕੋਇ ਨਾ ਖੋਲ੍ਹੇ ਬਜਰ ਕਪਾਟ, ਦੁਰਮਤ ਪਰਦਾ ਨਾ ਕੋਇ ਲਾਹੀਆ। ਕੋਇ ਨਾ ਜਗਾਏ ਜੋਤ ਲਲਾਟ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਕੋਇ ਨਾ ਵਖਾਏ ਤਨ ਪਾਟ, ਪੀਤ ਪੀਤੰਬਰ ਨਾ ਕੋਇ ਸੁਹਾਈਆ। ਕੋਇ ਨਾ ਜਣਾਏ ਨੇੜੇ ਵਾਟ, ਚਲ ਚਲ ਥੱਕੇ ਪਾਂਧੀ ਰਾਹੀਆ। ਕੋਇ ਨਾ ਦੁਰਮਤ ਮੈਲ ਦੇਵੇ ਕਾਟ, ਅਠਸਠ ਤੀਰਥ ਦੇਣ ਦੁਹਾਈਆ। ਕੋਇ ਨਾ ਸੋਏ ਆਤਮ ਸੇਜਾ ਸਾਚੀ ਖਾਟ, ਪੀਆ ਪ੍ਰੀਤਮ ਕੋਇ ਨਾ ਦਏ ਮਿਲਾਈਆ। ਕੋਇ ਨਾ ਅੰਮ੍ਰਿਤ ਆਤਮ ਰਸ ਲਏ ਚਾਟ, ਬਿਖ ਵੇਖੇ ਸ੍ਰਿਸ਼ਟ ਸਬਾਈਆ। ਕਲਜੁਗ ਅੰਤਮ ਖੇਲੇ ਖੇਲ ਬਾਜ਼ੀਗਰ ਨਟੂਆ ਨਾਟ, ਸਵਾਂਗੀ ਆਪਣਾ ਸਾਂਗ ਰਚਾਈਆ। ਗੁਰਮੁਖ ਗੁਰ ਗੁਰ ਵੇਖੇ ਪੰਜ ਤਤ ਕਾਇਆ ਚੋਲਾ ਮਾਟੀ ਮਾਟ, ਤਨ ਹਾਟੀ ਆਪ ਸੁਹਾਈਆ। ਲੇਖ ਚੁਕਾਏ ਆਨ ਬਾਟ, ਮਾਤ ਗਰਭ ਫੇਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਵੈਰ ਨਿਰਾਕਾਰ ਮੂਰਤ ਅਕਾਲ ਜੂਨੀ ਰਹਿਤ ਬੇਪਰਵਾਹ ਵੱਡੀ ਵਡਿਆਈਆ। ਕਲਜੁਗ ਅੰਧ ਅੰਧਿਆਰ, ਚਾਰ ਵਰਨ ਕੁਰਲਾਇਆ। ਘਰ ਮੰਦਰ ਨਾ ਕੋਇ ਉਜਿਆਰ, ਗ੍ਰਹਿ ਅੰਧੇਰ ਨਾ ਕੋਇ ਮਿਟਾਇਆ। ਤਨ ਬੰਕ ਨਾ ਕੋਇ ਪਿਆਰ, ਨਾਮ ਡੰਕ ਨਾ ਕੋਇ ਵਜਾਇਆ। ਤਨ ਬਸਤਰ ਨਾ ਕੋਇ ਸ਼ੰਗਾਰ, ਕਜਲਾ ਧਾਰ ਨੈਣ ਨੈਣ ਨਾ ਕੋਇ ਸੁਹਾਇਆ। ਬਸਤਰ ਭੂਸ਼ਨ ਨਾ ਕੋਇ ਆਧਾਰ, ਸਾਚਾ ਵੇਲਾ ਨਾ ਕੋਇ ਸੁਹਾਇਆ। ਕਲਜੁਗ ਦੂਸ਼ਨ ਜੀਵ ਵਿਭਚਾਰ, ਦੂਤੀ ਦੁਸ਼ਟ ਸਰਬ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਨਾਉਂ ਧਰਾਇਆ। ਨਿਰਗੁਣ ਨਿਰੰਕਾਰ ਨਿਰਵੈਰ ਆਪਣਾ ਨਾਉਂ ਰੱਖ, ਲੋਕਮਾਤ ਵੇਸ ਵਟਾਈਆ। ਦੀਨ ਦਿਆਲ ਹੋ ਪਰਤੱਖ, ਪੁਰਖ ਸਮਰਥ ਖੇਲ ਖਿਲਾਈਆ। ਹਰਿ ਸੱਜਣ ਸਾਚੇ ਲਏ ਰੱਖ, ਮੀਤ ਮੁਰਾਰਾ ਦਇਆ ਕਮਾਈਆ। ਲੇਖੇ ਜਾਣੇ ਕਿਸ਼ਨਾ ਸੁਖ਼ਲਾ ਪੱਖ, ਵਦੀ ਸੁਦੀ ਵੇਖ ਵਖਾਈਆ। ਸੂਰਜ ਚੰਨ ਰਾਹ ਤੱਕਣ ਆਪਣਾ ਪੱਖ, ਘੜੀ ਪਲ ਰਹੇ ਗਣਤ ਗਣਾਈਆ। ਚਾਰ ਵੇਦ ਮਾਰਗ ਦੱਸ, ਅੰਤਮ ਪੰਧ ਨਾ ਸਕੇ ਕੋਇ ਮੁਕਾਈਆ। ਪੁਰਖ ਅਬਿਨਾਸ਼ੀ ਖੇਲ ਖਲਾਏ ਹੱਸ ਹੱਸ, ਹਰਿ ਹਰਿ ਮਹਿਮਾ ਅਕਥ ਕਥੀ ਨਾ ਜਾਈਆ। ਕਲਜੁਗ ਅੰਤਮ ਵੇਖੇ ਨੱਸ ਨੱਸ, ਨਰ ਨਰਾਇਣ ਵੱਡੀ ਵਡਿਆਈਆ। ਗੁਰਮੁਖਾਂ ਅੰਦਰ ਵਸ ਵਸ, ਵਾਸਤਕ ਆਪਣਾ ਰੂਪ ਦਰਸਾਈਆ । ਮੇਟੇ ਰੈਣ ਅੰਧੇਰੀ ਮਸ, ਸਾਚਾ ਭਾਨ ਕਰੇ ਰੁਸ਼ਨਾਈਆ। ਤੀਰ ਨਿਰਾਲਾ ਮਾਰੇ ਕਸ, ਬਿਰਹੋਂ ਆਪਣੀ ਧਾਰ ਬੰਧਾਈਆ। ਜੁਗਾ ਜੁਗੰਤਰ ਜਨ ਭਗਤਾਂ ਗਾਏ ਜਸ, ਵੇਦ ਪੁਰਾਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪ ਆਪਣੇ ਲਏ ਮਿਲਾਈਆ। ਕਲਜੁਗ ਅੰਤ ਅੰਧੇਰਾ ਚੁੱਕਿਆ, ਜਿਸ ਮਿਲਿਆ ਬੇਪਰਵਾਹ। ਦੋ ਜਹਾਨਾਂ ਪੈਂਡਾ ਮੁੱਕਿਆ, ਲੱਖ ਚੁਰਾਸੀ ਤੁੱਟਾ ਫਾਹ। ਗੁਰ ਕਾ ਬੂਟਾ ਕਦੇ ਨਾ ਸੁੱਕਿਆ, ਸਤਿਗੁਰ ਪੂਰਾ ਬਣੇ ਮਲਾਹ। ਹਰਿ ਕਾ ਭਾਣਾ ਕਦੇ ਨਾ ਰੁਕਿਆ, ਜੁਗ ਜੁਗ ਰਿਹਾ ਵਰਤਾ। ਗੁਰਮੁਖਾਂ ਉਜਲ ਕਰੇ ਮੁੱਖਿਆ, ਸੋਹੰ ਅੱਖਰ ਜਾਪ ਜਪਾ। ਜੁਗਾਂ ਜੁਗਾਂ ਦਾ ਮਿਟੇ ਦੁਖਿਆ, ਦੁੱਖ ਦਲਿਦਰ ਦਏ ਗਵਾ। ਆਤਮ ਰਸ ਦੇਵੇ ਹਰਿਜਨ ਭੁੱਖਿਆ, ਤ੍ਰਿਸ਼ਨਾ ਭੁੱਖ ਰਹੇ ਨਾ ਰਾ। ਸੁਫ਼ਲ ਕਰਾਏ ਮਾਤ ਕੁੱਖਿਆ, ਜੋ ਜਨ ਦਰਸਨ ਪਾਏ ਆ। ਗੁਰਮੁਖ ਸੀਸ ਜਗਦੀਸ ਸਦਾ ਝੁਕਿਆ, ਝੁਕ ਝੁਕ ਆਪਣਾ ਸੀਸ ਰਿਹਾ ਨਿਵਾ। ਹਰਿ ਸੰਤ ਸੁਹੇਲਾ ਆਪਣੀ ਗੋਦੀ ਆਪੇ ਚੁੱਕਿਆ, ਚੁਕਣਹਾਰਾ ਬੇਪਰਵਾਹ। ਕਲਜੁਗ ਅੰਤਮ ਰਹੇ ਨਾ ਲੁਕਿਆ, ਆਪਣਾ ਪਰਦਾ ਦਏ ਉਠਾ। ਸਿੰਘ ਸ਼ੇਰ ਦਲੇਰ ਏਕਾ ਬੁੱਕਿਆ, ਲੱਖ ਚੁਰਾਸੀ ਜੰਬਕ ਰੂਪ ਲਏ ਛੁਪਾ। ਤੀਰ ਨਿਰਾਲਾ ਦੋ ਜਹਾਨਾਂ ਛੁੱਟਿਆ, ਸਾਚਾ ਚਿਲਾ ਹਰਿ ਉਠਾ। ਕਲਜੁਗ ਬੂਟਾ ਜਾਏ ਪੁੱਟਿਆ, ਨਾ ਕੋਏ ਸਕੇ ਮਾਤ ਲਗਾ। ਗੁਰਮੁਖਾਂ ਅੰਮ੍ਰਿਤ ਜਾਮ ਪਿਆਏ ਘੁੱਟਿਆ, ਸਚ ਪਿਆਲਾ ਹੱਥ ਉਠਾ। ਜਨਮ ਜਨਮ ਦਾ ਮੇਲ ਮਿਲਾਇਆ ਰੁਸਿਆ, ਚਾਰ ਕੁੰਟ ਦਹਿ ਦਿਸ਼ਾਂ ਫੇਰੀ ਪਾ। ਤਨ ਪਹਿਨਾਏ ਸਾਚਾ ਸੂਸਿਆ, ਨਾਮ ਅਲਫ਼ੀ ਇਕ ਵਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਸਚਖੰਡ ਦਵਾਰੇ ਦਏ ਬਹਾ। ਸਚਖੰਡ ਦਵਾਰ ਆਪ ਵਸੌਣਾ, ਥਿਰ ਘਰ ਆਪਣਾ ਚਰਨ ਟਿਕਾਈਆ। ਸੁੰਨ ਅਗੰਮੀ ਪੰਧ ਮੁਕੌਣਾ, ਸੁੰਨ ਸਮਾਧ ਨਾ ਕੋਇ ਵਖਾਈਆ। ਰਵ ਸਸ ਅਧਵਿਚਕਾਰੇ ਰਾਹ ਤਕੌਣਾ, ਬ੍ਰਹਮਾ ਵਿਸ਼ਨ ਸ਼ਿਵ ਧਿਆਨ ਲਗਾਈਆ। ਨੇਹਕਰਮੀ ਨੇਹਕਰਮ ਕਮੌਣਾ, ਕਰਮ ਗਤ ਨਾ ਕੋਇ ਜਣਾਈਆ। ਜਿਸ ਜਨ ਆਪਣਾ ਦਰਸ ਦਿਖੌਣਾ, ਤ੍ਰੈਗੁਣ ਕੱਟੇ ਗਲੋਂ ਫਾਹੀਆ। ਹੰਸ ਮੁਖ ਸੋਹੰ ਹੰਸਾ ਚੋਗ ਚੁਗੌਣਾ, ਸਹੰਸ ਦੁੱਖ ਰਹਿਣ ਨਾ ਪਾਈਆ। ਵਿਸ਼ਨੂੰ ਵੰਸੀ ਆਪ ਵਡਿਔਣਾ, ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਂਈਆ। ਸ਼ੰਕਰ ਮੇਲਾ ਇਕ ਕਰੌਣਾ, ਭੋਲੇ ਨਾਥ ਦੀਨਾਂ ਨਾਥ ਦਇਆ ਕਮਾਈਆ। ਪੂਜਾ ਪਾਠ ਇਕ ਦਰਸੌਣਾ, ਪੁਰਖ ਅਕਾਲ ਰਸਨਾ ਜਿਹਵਾ ਗਾਈਆ। ਦੂਸਰ ਦਰ ਨਾ ਸੀਸ ਝੁਕੌਣਾ, ਬਿਨ ਕਰਤੇ ਕੀਮਤ ਕੋਇ ਨਾ ਪਾਈਆ। ਗੁਰਸਿਖ ਸਾਚੇ ਲੇਖੇ ਆਪ ਲਗੌਣਾ, ਆਪੇ ਲੇਖਾ ਲਿਖਣਹਾਰ ਸੱਚਾ ਸ਼ਹਿਨਸ਼ਾਹੀਆ। ਕਾਗਦ ਕਲਮ ਮੁਖ ਸ਼ਰਮੌਣਾ, ਸੱਤ ਸਮੁੰਦਰ ਮਸ ਲਿਖ ਨਾ ਸਕੇ ਲੇਖ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਵਰ, ਏਕਾ ਬੰਧਨ ਨਾਮ ਪਾਈਆ। ਬੰਧਨ ਪਾਇਆ ਆਤਮ ਡੋਰ, ਦਿਸ ਕਿਸੇ ਨਾ ਆਇਆ। ਕਰਿਆ ਖੇਲ ਅੰਧਘੋਰ, ਚੋਰ ਚੋਰੀ ਆਪ ਕਮਾਇਆ। ਜੀਵ ਜੰਤ ਭੁਲਾਏ ਕਰ ਕਰ ਸ਼ੋਰ, ਆਤਮ ਰਸ ਨਾ ਕਿਸੇ ਵਖਾਇਆ। ਗੁਰਮੁਖ ਗੁਰਸਿਖ ਆਪਣੇ ਸੰਗ ਲਏ ਤੋਰ, ਆਪਣਾ ਮੰਤਰ ਨਾਮ ਦ੍ਰਿੜਾਇਆ। ਮਨਮੁਖਾਂ ਚਾੜ੍ਹੇ ਮਨ ਕੇ ਘੋੜ, ਮਨ ਮਨਕਾ ਗੇੜਾ ਆਪ ਦਵਾਇਆ। ਭਰਮ ਭੁਲੇਖੇ ਰਹੇ ਦੌੜ, ਭਾਂਡਾ ਭਰਮ ਨਾ ਕੋਇ ਭੰਨਾਇਆ। ਗੁਰਮੁਖਾਂ ਵਖਾਏ ਏਕਾ ਪੌੜ, ਚੌਥੇ ਪਦ ਆਪ ਲਗਾਇਆ। ਹੰ ਬ੍ਰਹਮ ਲੇਖ ਮੁਕਾਏ ਬ੍ਰਹਿਮਣ ਗੌੜ, ਸੋ ਪੁਰਖ ਨਿਰੰਜਣ ਰੂਪ ਪਰਗਟਾਇਆ। ਕਲਜੁਗ ਅੰਤਮ ਬੁਝਾਏ ਔੜ, ਜੁਗ ਜੁਗ ਤ੍ਰਿਸ਼ਨਾ ਰਹੇ ਨਾ ਰਾਇਆ। ਗੁਰਸਿਖ ਬਣਾਏ ਸਾਚੇ ਕੌਰ, ਆਪਣਾ ਟਿੱਕਾ ਮਸਤਕ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਰਸ ਅਨਡਿਠਾ ਆਪਣਾ ਆਪੇ ਰਸ ਚਖਾਇਆ।