੧ ਅਸੂ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸੋ ਪੁਰਖ ਨਿਰੰਜਣ ਸ਼ਹਿਨਸ਼ਾਹ, ਇਕ ਇਕੱਲਾ ਖੇਲ ਮਹਾਨ। ਹਰਿ ਪੁਰਖ ਨਿਰੰਜਣ ਬੇਪਰਵਾਹ, ਆਦਿ ਜੁਗਾਦੀ ਵਡ ਮਿਹਰਵਾਨ। ਏਕੰਕਾਰਾ ਅਗੰਮ ਅਥਾਹ, ਖੇਲੇ ਖੇਲ ਦੋ ਜਹਾਨ। ਆਦਿ ਨਿਰੰਜਣ ਨੂਰ ਧਰਾ, ਜੋਤੀ ਜੋਤ ਜਗੇ ਮਹਾਨ। ਸ੍ਰੀ ਭਗਵਾਨ ਆਪਣੀ ਅਲੱਖ ਜਗਾ, ਸ਼ਬਦ ਗਾਏ ਅਨਾਦੀ ਗਾਨ। ਅਬਿਨਾਸ਼ੀ ਕਰਤਾ ਆਪੇ ਵਸੇ ਆਪਣੇ ਥਾਂ, ਸਚਖੰਡ ਦਵਾਰਾ ਸਚ ਮਕਾਨ। ਪਾਰਬ੍ਰਹਮ ਪ੍ਰਭH ਭੇਵ ਨਾ ਰਾ, ਰੰਗ ਰੂਪ ਨਾ ਕੋਇ ਨਿਸ਼ਾਨ। ਤਖ਼ਤ ਨਿਵਾਸੀ ਬਣ ਸੱਚਾ ਸ਼ਹਿਨਸ਼ਾਹ, ਸਿੰਘਾਸਣ ਸੁਹਾਏ ਰਾਜ ਰਾਜਾਨ। ਸਤਿ ਸਰੂਪੀ ਰੰਗ ਰੰਗਾ, ਸਤਿ ਸਤਿਵਾਦੀ ਝੁਲਾਏ ਇਕ ਨਿਸ਼ਾਨ। ਛੇਵੇਂ ਛੱਪਰ ਨਾ ਕੋਈ ਬਣਾ, ਨਿਰਗੁਣ ਵਸੇ ਸਾਚੇ ਧਾਮ ਇਕ ਮਕਾਨ। ਪੰਚਮ ਮੁਖ ਸੀਸ ਤਾਜ ਟਿਕਾ, ਧੁਰ ਦਰਗਾਹੀ ਦੇਵੇ ਧੁਰ ਫ਼ਰਮਾਣ। ਚੌਥੇ ਘਰ ਕਰੇ ਸਚ ਨਿਆਂ, ਰੂਪ ਅਨੂਪ ਏਕਾ ਏਕ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਰ ਪਸਾਰਾ, ਨੂਰ ਨੁਰਾਨਾ ਹੋ ਉਜਿਆਰਾ, ਬੇਐਬ ਖ਼ੁਦਾ ਪਰਵਰਦਿਗਾਰਾ, ਮੂਰਤ ਅਕਾਲ ਨਿਰਗੁਣ ਨਿਰਵੈਰ ਅਜੂਨ ਅਜੂਨੀ ਰਹਿਤ ਆਪਣੇ ਹੱਥ ਰੱਖੇ ਵਡਿਆਈਆ। ਚੌਥੇ ਦਰ ਦਰਵਾਜ਼ਾ ਖੋਲ੍ਹ, ਹਰਿ ਸਾਚਾ ਦਇਆ ਕਮਾਇੰਦਾ। ਸ਼ਬਦ ਅਗੰਮੀ ਏਕਾ ਬੋਲ, ਨਾਦ ਅਨਾਦੀ ਢੋਲ ਵਜਾਇੰਦਾ। ਆਪਣਾ ਤੋਲੇ ਆਪੇ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਆਪਣੀ ਸ਼ਕਤੀ ਜੋਤੀ ਆਪੇ ਮੌਲ, ਆਪ ਆਪਣਾ ਬਲ ਧਰਾਇੰਦਾ। ਆਪੇ ਨਿਰਗੁਣ ਨਿਰਗੁਣ ਕਰੇ ਕੌਲ, ਆਪਣਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਵਖਾਇੰਦਾ। ਸਾਚੇ ਘਰ ਸਾਚੀ ਧਾਰ, ਨਿਰਗੁਣ ਆਪਣੀ ਆਪ ਚਲਾਈਆ। ਸ਼ਬਦ ਅਗੰਮੀ ਕਰ ਪਸਾਰ, ਹੁਕਮੀ ਹੁਕਮ ਵਰਤਾਈਆ। ਆਪ ਆਪਣਾ ਕਰ ਪਿਆਰ, ਸਾਚੀ ਸੇਜ ਆਪ ਹੰਢਾਈਆ। ਨਾਰੀ ਕੰਤ ਬਣ ਭਤਾਰ, ਪੂਤ ਸਪੂਤਾ ਸੁਤ ਦੁਲਾਰਾ ਏਕਾ ਜਾਈਆ। ਸ਼ਬਦ ਰੱਖ ਨਾਉਂ ਨਿਰੰਕਾਰ, ਆਪਣੀ ਕਲ ਆਪ ਵਰਤਾਈਆ। ਆਪਣੀ ਇਛਿਆ ਭਰ ਭੰਡਾਰ, ਸਾਚੀ ਵਸਤ ਇਕ ਵਰਤਾਈਆ। ਆਪਣੇ ਮੰਦਰ ਹੋ ਉਜਿਆਰ, ਆਪ ਆਪਣੀ ਖੇਲ ਖਿਲਾਈਆ। ਆਪਣੇ ਅੰਦਰੋਂ ਆਏ ਬਾਹਰ, ਵਿਸ਼ਨ ਆਪਣਾ ਰੂਪ ਵਟਾਈਆ। ਆਪਣਾ ਪਿਆਲਾ ਅੰਮ੍ਰਿਤ ਧਾਰ, ਕਵਲ ਨਾਭ ਰਖਾਈਆ। ਆਪਣਾ ਰੰਗ ਰੰਗ ਨਿਰੰਕਾਰ, ਪਤ ਡਾਲ੍ਹੀ ਫੁਲ ਮਹਿਕਾਈਆ। ਆਪਣੀ ਵੰਡ ਕਰ ਅਪਰ ਅਪਾਰ, ਪਾਰਬ੍ਰਹਮ ਬ੍ਰਹਮ ਰੂਪ ਪਰਗਟਾਈਆ। ਆਪਣਾ ਖੇਲ ਕਰ ਕਰਨੇਹਾਰ, ਕਰਤਾ ਪੁਰਖ ਆਪਣੀ ਧਾਰ ਬੰਧਾਈਆ। ਆਪਣਾ ਵੈਰਾਗ ਵੇਖੇ ਸੁਹਾਗ, ਸ਼ੰਕਰ ਨਾਉਂ ਰਖਾਈਆ। ਤਿੰਨਾਂ ਪਕੜੇ ਆਪਣੇ ਹੱਥ ਵਾਗ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਮਲ ਜੋਤੀ ਜਗੇ ਚਿਰਾਗ, ਘਰ ਨੂਰ ਕਰੇ ਰੁਸ਼ਨਾਈਆ। ਸ਼ਬਦ ਜਣਾਏ ਬੋਧ ਅਗਾਧ, ਨਿਸ਼ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਹਰਿ ਆਪ ਵਖਾਈਆ। ਤ੍ਰੈ ਤ੍ਰੈ ਧਾਰ ਹਰਿ ਨਿਰੰਕਾਰ, ਏਕਾ ਜੋਤੀ ਮਾਤ ਉਪਾਈਆ। ਸੁਤ ਦਲਾਰੇ ਕਰ ਪਿਆਰ, ਅਬਿਨਾਸ਼ੀ ਅਚੁਤ ਸੇਵ ਵਖਾਈਆ। ਪੰਜ ਤਤ ਕਾਇਆ ਬੁਤ ਘੜ ਠਠਿਆਰ, ਲੱਖ ਚੁਰਾਸੀ ਭਾਂਡੇ ਦਏ ਘੜਾਈਆ। ਤ੍ਰੈਗੁਣ ਮਾਇਆ ਬਣ ਵਰਤਾਰ, ਆਪਣੀ ਭਿਛਿਆ ਝੋਲੀ ਪਾਈਆ। ਹੱਡ ਮਾਸ ਨਾੜੀ ਰਤ ਕਰ ਪਸਾਰ, ਬ੍ਰਹਮ ਮਤ ਵਿਚ ਰਖਾਈਆ। ਮਨ ਮਤ ਬੁਧ ਕਰ ਪਸਾਰ, ਨਿਰਗੁਣ ਆਪਣੇ ਵਿਚ ਟਿਕਾਈਆ। ਦੇਵੇ ਹੁਕਮ ਸੱਚੀ ਸਰਕਾਰ, ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਬ੍ਰਹਮਾ ਵਿਸ਼ਨ ਸ਼ਿਵ ਦਰ ਖੜੇ ਭਿਖਾਰ, ਪੁਰਖ ਅਬਿਨਾਸ਼ੀ ਵੇਖੇ ਆਪਣਾ ਨੈਣ ਉਠਾਈਆ। ਲੋਕਮਾਤ ਪਾਵੇ ਸਾਰ, ਪੁਰੀ ਲੋਅ ਹੋਏ ਸਹਾਈਆ। ਜੇਰਜ ਅੰਡਜ ਉਤਭੁਜ ਸੇਤਜ ਕਰੇ ਵਿਚਾਰ, ਵੰਡਣਹਾਰਾ ਇਕ ਅਖਵਾਈਆ। ਨੌਂ ਨੌਂ ਚਾਰ ਦਏ ਆਧਾਰ, ਚਾਰ ਵੇਦ ਇਕ ਪੜ੍ਹਾਈਆ। ਨੌਂ ਦਰ ਖੋਲ੍ਹ ਕਿਵਾੜ, ਨੌਂ ਖੰਡ ਪ੍ਰਿਥਮੀ ਦਏ ਵਖਾਈਆ। ਚਾਰ ਜੁਗ ਪਾਵੇ ਸਾਰ, ਆਪ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਨੌਂ ਨੌਂ ਚਾਰ ਖੇਲ ਖਿਲਾਇਆ, ਲੋਕਮਾਤ ਵੱਜੀ ਵਧਾਈਆ। ਲੱਖ ਚੁਰਾਸੀ ਰਚਨ ਰਚਾਇਆ, ਨਿਰਗੁਣ ਸਰਗੁਣ ਮੇਲ ਮਿਲਾਈਆ। ਧਰਤ ਧਵਲ ਆਪ ਸੁਹਾਇਆ, ਮੰਡਲ ਮੰਡਪ ਫੇਰਾ ਪਾਈਆ। ਪ੍ਰਿਥਮੀ ਆਕਾਸ਼ ਰੰਗ ਰੰਗਾਇਆ, ਰੰਗ ਰੰਗੀਲਾ ਆਪ ਵਖਾਈਆ। ਪਵਣ ਸਵਾਸ ਸਰਬ ਸਮਾਇਆ, ਸਰਬ ਗੁਣਤਾਸ ਵੱਡੀ ਵਡਿਆਈਆ। ਜੋਤ ਪਰਕਾਸ਼ ਦੀਪਕ ਦੀਆ ਆਪ ਕਰਾਇਆ, ਜੋਤ ਨਿਰੰਜਣ ਇਕ ਰੁਸ਼ਨਾਈਆ। ਬ੍ਰਹਮ ਪਾਰਬੁ੍ਰਹਮ ਵੇਖੇ ਥਾਉਂ ਥਾਇਆ, ਆਪ ਆਪਣੀ ਦਇਆ ਕਮਾਈਆ। ਆਪਣਾ ਬਲ ਲਏ ਧਰਾਇਆ, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਗੁਰ ਆਪਣਾ ਰੂਪ ਵਟਾਇਆ, ਸ਼ਬਦ ਦਾਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਚਾਰ ਜੁਗ ਵੰਡ ਵੰਡਾ, ਹਰਿ ਸਾਚਾ ਖੇਲ ਖਿਲਾਇੰਦਾ। ਚਾਰੇ ਵੇਦਾਂ ਲੇਖ ਲਿਖਾ, ਲਿਖ ਲਿਖ ਲੇਖਾ ਆਪ ਸਮਝਾਇੰਦਾ। ਚਾਰੇ ਬਾਣੀ ਆਪਣਾ ਭੇਵ ਖੁਲ੍ਹਾ, ਆਪਣਾ ਅੱਖਰ ਆਪ ਸਮਝਾਇੰਦਾ। ਚਾਰੇ ਖਾਣੀ ਰਚਨ ਰਚਾ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰੇ ਪਦ ਰਿਹਾ ਸਮਾ, ਆਪ ਆਪਣੀ ਜੋਤ ਟਿਕਾਇੰਦਾ। ਵਿਸ਼ਨ ਸ਼ਿਵ ਬ੍ਰਹਮਾ ਸੇਵਾ ਲਾ, ਸਾਚਾ ਹੁਕਮ ਸੁਣਾਇੰਦਾ। ਨੌਂ ਨੌਂ ਚਾਰ ਗੇੜ ਦਵਾ, ਜੁਗਾ ਜੁਗੰਤਰ ਆਪ ਭਵਾਇੰਦਾ। ਸਤਿਜੁਗ ਲੇਖਾ ਜਾਣੇ ਬੇਪਰਵਾਹ, ਰੂਪ ਅਨੂਪ ਆਪ ਪਰਗਟਾਇੰਦਾ। ਤ੍ਰੇਤਾ ਦੇਵੇ ਪੰਧ ਮੁਕਾ, ਰਾਮ ਰਾਮਾ ਨਾਉਂ ਧਰਾਇੰਦਾ। ਹੰਕਾਰੀਆਂ ਗੜ੍ਹ ਦਏ ਤੁੜਾ, ਸਾਚਾ ਚਿਲਾ ਹੱਥ ਰਖਾਇੰਦਾ। ਦਵਾਪਰ ਆਪਣਾ ਰੂਪ ਵਟਾ, ਮੁਕੰਦ ਮਨੋਹਰ ਨਾਉਂ ਧਰਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾ, ਮਾਇਆ ਮਮਤਾ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਧਰਾ, ਨਿਰਗੁਣ ਸਰਗੁਣ ਜੋਤ ਜਗਾਇੰਦਾ। ਈਸਾ ਮੂਸਾ ਆਪ ਪਰਗਟਾ, ਕਾਲਾ ਸੂਸਾ ਤਨ ਛੁਹਾਇੰਦਾ। ਚਾਰ ਯਾਰੀ ਸੰਗ ਨਿਭਾ, ਮੁਹੰਮਦ ਅੰਗ ਸਮਾਇੰਦਾ। ਨਾਨਕ ਨਿਰਗੁਣ ਦਰਸਨ ਪਾ, ਨਾਮ ਸਤਿ ਵਰਤਾਇੰਦਾ। ਗੋਬਿੰਦ ਮੇਲਾ ਸਹਿਜ ਸੁਭਾ, ਵੇਲਾ ਅੰਤਮ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਖਲਾਇੰਦਾ। ਜੁਗ ਜੁਗ ਖੇਲ ਖਿਲਾਇਆ, ਪਾਰਬ੍ਰਹਮ ਹਰਿ ਨਿਰੰਕਾਰ। ਜਗਤ ਚੌਕੜੀ ਵੇਖ ਵਖਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਭਗਤ ਭਗਵੰਤ ਲਏ ਮਿਲਾਇਆ, ਸਚ ਭਗੌਤੀ ਖਿਚ ਕਟਾਰ। ਹਰਿਜਨ ਸਾਚੇ ਸੰਤ ਉਠਾਇਆ, ਸਤਿ ਸਤਿਵਾਦੀ ਕਰ ਪਿਆਰ। ਗੁਰਮੁਖ ਮੁਖੀ ਮੁਖ ਸਾਲਾਹਿਆ, ਸ਼ਬਦ ਨਿਰਾਲਾ ਤੀਰ ਮਾਰੇ ਮਾਰ। ਗੁਰਸਿਖ ਆਪਣੇ ਕੰਠ ਲਗਾਇਆ, ਲੱਖ ਚੁਰਾਸੀ ਕਰੇ ਪਾਰ। ਜੁਗ ਜੁਗ ਆਪਣਾ ਵੇਸ ਧਰਾਇਆ, ਗੁਰ ਪੀਰ ਲੈ ਅਵਤਾਰ। ਭੇਵ ਅਭੇਦਾ ਦਏ ਖੁਲਾਇਆ, ਵੇਦ ਵਿਆਸਾ ਬਣ ਲਿਖਾਰ। ਨਾਨਕ ਨਿਰਗੁਣ ਇਕ ਸਮਝਾਇਆ, ਭੁੱਲ ਰਹੇ ਨਾ ਵਿਚ ਸੰਸਾਰ। ਗੋਬਿੰਦ ਉਠ ਉਠ ਰਾਹ ਤਕਾਇਆ, ਪੁਰਖ ਅਬਿਨਾਸ਼ੀ ਮੇਲਾ ਕੰਤ ਭਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪੇ ਜਾਣੇ ਆਪਣੀ ਕਾਰ। ਕਰਤਾ ਪੁਰਖ ਕਾਰ ਕਮਾਇੰਦਾ, ਜੁਗਾ ਜੁਗੰਤਰ ਖੇਲ ਅਪਾਰ। ਧਰਨੀ ਧਰਤ ਧਵਲ ਵੇਖ ਵਖਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਬ੍ਰਹਮਾ ਕਵਲ ਕਵਲ ਮੁਖ ਖੁਲਾਇੰਦਾ, ਉਚੀ ਕੂਕ ਕਰੇ ਪੁਕਾਰ। ਵਿਸ਼ਨ ਰੋ ਰੋ ਨੈਣ ਨੀਰ ਵਹਾਇੰਦਾ, ਰਾਹ ਤੱਕੇ ਪਰਵਰਦਿਗਾਰ। ਸ਼ੰਕਰ ਹੱਥ ਤ੍ਰਸ਼ੂਲ ਸੁਟਾਇੰਦਾ, ਉਠਾਇਆ ਜਾਏ ਨਾ ਜਗਤ ਭਾਰ। ਕਲਜੁਗ ਵੇਲਾ ਅੰਤਮ ਆਇੰਦਾ, ਨਿਰਗੁਣ ਪਾਵੇ ਸਾਚੀ ਸਾਰ। ਆਪਣਾ ਕੀਤਾ ਕੌਲ ਨਿਭਾਇੰਦਾ, ਭੁੱਲ ਨਾ ਜਾਏ ਅਭੁੱਲ ਗੁਰ ਕਰਤਾਰ। ਆਦਿ ਆਦਿ ਆਪਣਾ ਹੁਕਮ ਸੁਣਾਇੰਦਾ, ਮਧ ਖੇਲ ਕਰੇ ਸਰਬ ਸੰਸਾਰ। ਅੰਤਮ ਆਪਣੀ ਜੋਤ ਜਗਾਇੰਦਾ, ਜੋਤੀ ਜਾਮਾ ਭੇਵ ਨਿਆਰ। ਨਾਨਕ ਗੋਬਿੰਦ ਰਾਹ ਤਕਾਇੰਦਾ, ਰਾਹ ਤੱਕੇ ਮੀਤ ਮੁਰਾਰ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਸਚਖੰਡ ਦਵਾਰੇ ਬੈਠ ਸੱਚੀ ਸਰਕਾਰ। ਨਿਹਕਲੰਕੀ ਜਾਮਾ ਪਾਇੰਦਾ, ਆਪ ਆਪਣਾ ਕਰ ਪਸਾਰ। ਸੰਮਤ ਸੰਮਤੀ ਰਾਹ ਤਕਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਵੀਹ ਸਦ ਬਿਕਰਮੀ ਮਾਣ ਦਵਾਇੰਦਾ, ਦੋ ਜਹਾਨਾਂ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਦੂਜੀ ਕੁਦਰਤ ਕਰ ਪਸਾਰਾ, ਤੀਜੇ ਨੇਤਰ ਵੇਖ ਵਖਾਇਆ। ਚੌਥੇ ਪਦ ਹੋ ਉਜਿਆਰਾ, ਪੰਚਮ ਆਪਣਾ ਨਾਦ ਸੁਣਾਇਆ। ਛੇਵੇਂ ਛੱਪਰ ਛੰਨ ਨਾ ਕੋਇ ਪਸਾਰਾ, ਸੱਤਵੇਂ ਸਤਿ ਪੁਰਖ ਨਿਰੰਜਣ ਆਸਣ ਲਾਇਆ। ਅੱਠਾਂ ਤੱਤਾਂ ਦਏ ਸਹਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਰਲਾਇਆ। ਨੌਂ ਦਰ ਖੋਲ੍ਹੇ ਜਗਤ ਕਿਵਾੜਾ, ਪੰਚਮ ਧਾੜਾ ਮੇਲ ਮਿਲਾਇਆ। ਦਸਵੇਂ ਘਰ ਬ੍ਰਹਮ ਪਸਾਰਾ, ਬ੍ਰਹਮ ਜੋਤੀ ਜੋਤ ਜਗਾਇਆ। ਪਾਰਬ੍ਰਹਮ ਵਸੇ ਧਾਮ ਨਿਆਰਾ, ਇਕ ਦਸ ਰੰਗ ਰੰਗਾਇਆ। ਦੋ ਦਸ ਗੁਪਤ ਜ਼ਾਹਰਾ, ਸੂਰਾ ਸਰਬੰਗ ਮਰਦੰਗ ਹੱਥ ਉਠਾਇਆ। ਤ੍ਰੈ ਦਸ ਸਾਧਾਂ ਸੰਤਾਂ ਕਰੇ ਪਾਰ ਕਿਨਾਰਾ, ਸ਼ਾਹ ਸੁਲਤਾਨਾ ਸੀਸ ਤਾਜ ਨਾ ਕੋਇ ਟਿਕਾਇਆ। ਚਾਰ ਦਸ ਗੁਰਮੁਖਾਂ ਮੇਲਾ ਹੱਸ ਹੱਸ ਕਰੇ ਪਿਆਰਾ, ਪੂਰਬ ਲਹਿਣਾ ਝੋਲੀ ਪਾਇਆ। ਦਸ ਪੰਜ ਪੰਦਰਾਂ ਨਸ ਨਸ ਤੀਰਥ ਤੱਟਾਂ ਕਰੇ ਖ਼ਵਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਾਵੇ ਸਾਰਾ, ਗੁਰ ਦਰ ਮੰਦਰ ਮਸਜਿਦ ਮਠ ਫੋਲ ਫੁਲਾਇਆ। ਵੀਹ ਸਦ ਸੋਲਾਂ ਖ਼ਾਲੀ ਕਰੇ ਭੰਡਾਰਾ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਸੱਤਾਂ ਦੀਪਾਂ ਦਏ ਹੁਲਾਰਾ, ਹਰਿ ਕਾ ਭੇਵ ਕਿਸੇ ਨਾ ਆਇਆ। ਵੀਹ ਸਦ ਸਤਾਰਾਂ ਹੋ ਉਜਿਆਰਾ, ਨਿਹਕਲੰਕ ਨਰਾਇਣ ਲਏ ਅਵਤਾਰਾ। ਸੀਸ ਆਪਣੇ ਤਾਜ ਸੁਹਾਇਆ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰਾ, ਭੁੱਲ ਰਹੇ ਨਾ ਰਾਇਆ। ਲਿਖਿਆ ਲੇਖ ਧੁਰ ਦਰਬਾਰਾ, ਧੁਰ ਦੀ ਬਾਣੀ ਬਾਣ ਲਗਾਇਆ। ਗੂੜ੍ਹੀ ਨੀਂਦੇ ਸੁੱਤੇ ਹੋ ਗਵਾਰਾ, ਕਲਜੁਗ ਕੂੜਾ ਪਰਦਾ ਪਾਇਆ। ਮਾਇਆ ਮਮਤਾ ਮੋਹ ਵਿਕਾਰਾ, ਹਉਮੇ ਹੰਗਤਾ ਰਹੀ ਜਲਾਇਆ। ਮਿਲਿਆ ਮੇਲ ਨਾ ਸਾਚੇ ਯਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲਾਇਆ।
