੧ ਅੱਸੂ ੨੦੧੭ ਬਿਕ੍ਰਮੀ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੂੰ
ਪਹਿਲੀ ਚੇਤਰ ਲੇਖ ਲਿਖਾਇਆ, ਪਾਰਬ੍ਰਹਮ ਦਇਆ ਕਮਾਈਆ। ਰਾਸ਼ਟਰਪਤ ਆਪ ਉਠਾਇਆ, ਸ੍ਰੀ ਭਗਵਾਨ ਭੇਵ ਨਾ ਰਾਈਆ। ਗਤ ਮਿਤ ਨਾ ਕੋਇ ਜਣਾਇਆ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਪੰਜ ਤਤ ਕਾਇਆ ਰਤ ਤਪਾਇਆ, ਆਦਿ ਨਿਰੰਜਣ ਨਾ ਜੋਤ ਰੁਸ਼ਨਾਈਆ। ਏਕੰਕਾਰਾ ਨਜ਼ਰ ਨਾ ਆਇਆ, ਦੂਈ ਦਵੈਤੀ ਪਰਦਾ ਨਾ ਕੋਇ ਲਾਹੀਆ। ਹਰਿ ਪੁਰਖ ਨਿਰੰਜਣ ਹਰਿ ਕਾ ਰੂਪ ਦਿਸ ਨਾ ਆਇਆ, ਵੇਲੇ ਅੰਤ ਨਾ ਕੋਇ ਸਹਾਈਆ। ਸੋ ਪੁਰਖ ਨਿਰੰਜਣ ਸੀਸ ਆਪਣੇ ਤਾਜ ਟਿਕਾਇਆ, ਜਗਤ ਜਗਦੀਸ਼ ਬੇਪਰਵਾਹੀਆ। ਅੱਸੂ ਤਿੰਨ ਦਿਵਸ ਸਮਝਾਇਆ, ਭੁੱਲ ਰਹੇ ਨਾ ਰਾਈਆ। ਸਿੰਘ ਸ਼ੇਰ ਸ਼ੇਰ ਬਣ ਕੇ ਲੋਕਮਾਤ ਆਇਆ, ਸ਼ਬਦ ਰੂਪ ਕਰੇ ਚੜ੍ਹਾਈਆ। ਰਾਤੀਂ ਸੁਤਿਆਂ ਲਏ ਦਬਾਇਆ, ਆਪਣਾ ਜਲਵਾ ਦਏ ਵਖਾਈਆ। ਪੰਚਮ ਮੁਖ ਤਾਜ ਅੱਗੇ ਨਜ਼ਰੀ ਆਇਆ, ਨੇਤਰ ਰੋਵੇ ਨੀਰ ਵਹਾਈਆ। ਸਗਲਾ ਸੰਗ ਨਾ ਕੋਇ ਦਸਾਇਆ, ਝੂਠੀ ਦਿਸੇ ਸਰਬ ਸ਼ਹਿਨਸ਼ਾਹੀਆ। ਏਕਾ ਜੋਤ ਨਿਰਗੁਣ ਨਿਰਵੈਰ ਕਰੇ ਰੁਸ਼ਨਾਇਆ, ਇਸ਼ਟ ਗੁਰ ਗੋਬਿੰਦ ਰੂਪ ਦਰਸਾਈਆ। ਸ਼ਬਦ ਵਿਚੋਲਾ ਵਿਚ ਧੁਨੀ ਧੁਨੀ ਨਾਦ ਵਜਾਇਆ, ਆਪਣੀ ਤਾਰ ਆਪਣੀ ਸਤਾਰ ਆਪ ਹਲਾਈਆ। ਇਕ ਇਕ ਪੰਜ ਪੰਜ ਵਕਤ ਲਿਖਾਇਆ, ਲੇਖਾ ਲਿਖਿਆ ਨਾ ਮੇਟੇ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਕੌਲ ਪੂਰ ਕਰਾਈਆ। ਰਾਤੀਂ ਸੁਤਿਆਂ ਦਰਸਨ ਦੇਣਾ, ਨੇਤਰ ਨੈਣ ਖੁਲ੍ਹਾਈਆ। ਸ਼ਾਹ ਭਬੀਖਣ ਚੁੱਕੇ ਲਹਿਣਾ, ਰਾਮੇਸ਼ਵਰ ਪੰਧ ਮੁਕਾਈਆ। ਤੇਰੇ ਕੋਲੋਂ ਲਏ ਆਪਣਾ ਗਹਿਣਾ, ਸਿਰ ਆਪਣੇ ਤਾਜ ਸੁਹਾਈਆ। ਕਲਜੁਗ ਅੰਤਮ ਵਹਿਣ ਵਹਿਣਾ, ਸ਼ਾਹ ਸੁਲਤਾਨਾ ਦਏ ਰੁੜ੍ਹਾਈਆ। ਨਾ ਕੋਈ ਮੇਟੇ ਗੁਰੂ ਗੋਬਿੰਦ ਕਹਿਣਾ, ਪੁਰਖ ਅਕਾਲ ਪੂਰਾ ਰਿਹਾ ਕਰਾਈਆ। ਪਹਿਲੀ ਚੇਤਰ ਵੀਹ ਸੌ ਅਠਾਰਾਂ ਬਿਕ੍ਰਮੀ ਵੇਖਣਾ ਆਪਣੇ ਨੈਣਾਂ, ਪੰਜ ਪਿਆਰੇ ਆਵਣ ਵਾਹੋ ਦਾਹੀਆ। ਖ਼ਾਲੀ ਖੰਡਾ ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਉਣਾ, ਉਪਰ ਮਿਆਨ ਨਾ ਕੋਇ ਚੜ੍ਹਾਈਆ। ਪੰਜਾਂ ਪਿਆਰਿਆਂ ਪੀਲੇ ਬਸਤਰ ਤਨ ਛੁਹਾਉਣਾ, ਉਚੀ ਕੂਕ ਦਏ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਮ ਜਪਾਉਣਾ, ਤੇਰੇ ਕੰਨ ਵਾਜ ਏਕਾ ਨਾਦ ਵਜਾਈਆ। ਬਾਂਹ ਦੇ ਸਰਾਣੇ ਮੂਲ ਨਾ ਸੌਣਾ, ਲੁੱਟੀ ਜਾਏ ਜਗਤ ਸ਼ਹਿਨਸ਼ਾਹੀਆ। ਪੁਰਖ ਅਬਿਨਾਸ਼ੀ ਆਪਣਾ ਹੁਕਮ ਮਨਾਉਣਾ, ਹੁਕਮੇਂ ਅੰਦਰ ਸਰਬ ਲੋਕਾਈਆ। ਨੌਂ ਖੰਡ ਪ੍ਰਿਥਮੀ ਏਕਾ ਰਾਗ ਅਲਾਉਣਾ, ਤੇਰੀ ਰਸਨਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੀ ਅੱਸੂ ਦੇਵੇ ਦਰਸ, ਪਹਿਲੀ ਚੇਤਰ ਮੇਟੇ ਹਰਸ, ਅਰਸ਼ ਫ਼ਰਸ਼ ਕਰੇ ਰੁਸ਼ਨਾਈਆ।
