੨੮ ਮੱਘਰ ੨੦੧੫ ਬਿਕਰਮੀ ਸਰੈਣ ਸਿੰਘ ਦੇ ਘਰ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਹਰਿਜਨ ਆਪ ਪਛਾਣਿਆ, ਆਪ ਆਪਣੀ ਕਿਰਪਾ ਧਾਰ। ਗ਼ਰੀਬ ਨਿਮਾਣੇ ਬਾਲ ਅੰਞਾਣਿਆ, ਕਰੇ ਕਰਾਏ ਸਚ ਪਿਆਰ। ਦਾਤਾ ਦਾਨੀ ਗੁਣ ਨਿਧਾਨਿਆ, ਪੂਰਬ ਕਰਮਾਂ ਰਿਹਾ ਵਿਚਾਰ। ਚਰਨ ਕਵਲ ਦੇਵੇ ਸਾਚਾ ਮਾਣਿਆ, ਦਰ ਸੁਹਾਏ ਇਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਣਵੰਤਾ ਨਾਉਂ ਵਖਾਣਿਆ। ਹਰਿਜਨ ਹਰਿ ਹਰਿ ਰਤਿਆ, ਰਾਮ ਨਾਮ ਰਤਨ ਅਪਾਰ। ਆਪੇ ਦੇ ਸਮਝਾਵੇ ਮੱਤਿਆ, ਏਕਾ ਵਣਜ ਨਾਮ ਵਾਪਾਰ। ਏਕਾ ਦੇਵੇ ਸਾਚੀ ਵੱਥਿਆ, ਵਡ ਦਾਨੀ ਸ਼ਬਦ ਭੰਡਾਰ। ਲਹਿਣਾ ਦੇਣ ਚੁਕਾਏ ਹੱਥੋ ਹੱਥਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਪਾਇਆ, ਘਰ ਘਰ ਵੱਜੀ ਵਧਾਈਆ। ਘਰ ਘਰ ਮੰਗਲ ਗਾਇਆ, ਘਰ ਘਰ ਖ਼ੁਸ਼ੀ ਮਨਾਈਆ। ਘਰ ਘਰ ਸਗਨ ਮਨਾਇਆ, ਘਰ ਘਰ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਵਖਾਈਆ। ਹਰਿਜਨ ਹਰਿ ਹਰਿ ਗਾਇਆ, ਰਸਨਾ ਜਿਹਵਾ ਮੀਤ। ਸਤਿਗੁਰ ਪੂਰਾ ਇਸ਼ਟ ਮਨਾਇਆ, ਘਰ ਘਰ ਸਾਚੇ ਸਾਚੀ ਰੀਤ। ਸਤਿਗੁਰ ਪੂਰਾ ਦਇਆ ਕਮਾਇਆ, ਵੇਖਣਹਾਰਾ ਪਤਿਤ ਪੁਨੀਤ। ਅੰਤਮ ਲੇਖਾ ਲੇਖੇ ਲਾਇਆ, ਰੰਗ ਰੰਗਾਏ ਹਸਤ ਕੀਟ। ਮਸਤਕ ਰੇਖਾ ਆਪ ਲਗਾਇਆ, ਮਾਨਸ ਦੇਹੀ ਮਾਨੁਖ ਜੀਤ । ਚਰਨ ਕਵਲ ਸਰਨਾਇਆ, ਸਾਚੀ ਮੰਦਰ ਮਸੀਤ। ਭੈ ਭੰਜਨ ਘਰ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਤੀਤ। ਹਰਿਜਨ ਹਰਿ ਹਰਿ ਬੋਧਿਆ, ਬੁੱਧ ਬਿਬੇਕ ਵਿਚਾਰ। ਮਨ ਤਨ ਆਪੇ ਸੋਧਿਆ, ਰਸਨਾ ਨਾਉਂ ਉਚਾਰ। ਗੁਰਸਿਖ ਸਾਚਾ ਜੋਧਨ ਜੋਧਿਆ, ਮਾਰੇ ਦੁਸ਼ਟ ਦੂਤ ਹੰਕਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਹਰਿ ਪੇਖਿਆ, ਨੇਤਰ ਨੈਣ ਉਘਾੜ। ਪ੍ਰਭ ਲਿਖਣਹਾਰਾ ਲੇਖਿਆ, ਦਰ ਘਰ ਸਾਚੇ ਦੇਵੇ ਵਾੜ। ਕੱਢਣਹਾਰਾ ਭਰਮ ਭੁਲੇਖਿਆ, ਮੇਟ ਮਿਟਾਏ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਸਚ ਅਖਾੜ। ਘਰ ਸਾਚਾ ਹਰਿ ਹਰਿ ਮੇਲਿਆ, ਦਿਵਸ ਰੈਣ ਪ੍ਰਭਾਤ। ਖੇਲੇ ਖੇਲ ਇਕ ਅਕੇਲਿਆ, ਪੁਰਖ ਅਬਿਨਾਸ਼ੀ ਆਦਿ ਜੁਗਾਦਿ ਹਰਿਜਨ ਮੇਲੇ ਜਗਤ ਸੁਹੇਲਿਆ। ਅੰਮ੍ਰਿਤ ਦੇਵੇ ਬੂੰਦ ਸਵਾਂਤ। ਜੋਤੀ ਸ਼ਬਦੀ ਆਪੇ ਰਲਿਆ, ਸੁਰਤ ਸਵਾਣੀ ਬੰਨ੍ਹੇ ਨਾਤ। ਆਪਣਾ ਖੇਲ ਆਪੇ ਖੇਲਿਆ, ਆਪੇ ਬਾਗ ਆਪ ਬਗਾਤ। ਆਪੇ ਪਾਵਣਹਾਰਾ ਮੁਲਿਆ, ਕੀਮਤ ਕਰਤਾ ਕਾਦਰ ਕਾਤ। ਆਪੇ ਖ਼ਾਕੀ ਖ਼ਾਕ ਰੁਲਿਆ, ਆਪੇ ਉਚ ਮਹੱਲੇ ਮਾਰੇ ਝਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲੋਕਮਾਤ। ਹਰਿਜਨ ਜੋਗ ਕਮਾਇਆ, ਚਰਨ ਕਵਲ ਪਿਆਰ। ਰਸ ਰਸਨਾ ਭੋਗ ਲਗਾਇਆ, ਆਤਮ ਬ੍ਰਹਮ ਵਿਚਾਰ। ਸਚ ਸੰਜੋਗ ਸਮਾਇਆ, ਮਿਲਿਆ ਪੁਰਖ ਕਰਤਾਰ। ਆਪੇ ਚੋਗ ਚੁਗਾਇਆ, ਸੋਹੰ ਸ਼ਬਦ ਭੰਡਾਰ। ਭਗਤ ਭਗਤੀ ਇਕ ਵਖਾਇਆ। ਨੇਤਰ ਨੈਣ ਦਰਸ ਅਪਾਰ। ਸਾਚੀ ਸ਼ਕਤ ਬ੍ਰਹਮ ਜਣਾਇਆ, ਗੁਣਵੰਤਾ ਪਾਵੇ ਸਾਰ। ਪੰਚਮ ਕਰਮ ਇਕ ਬਣਾਇਆ, ਹੁਕਮੀ ਹੁਕਮ ਫ਼ਰਮਾਣ। ਦੂਜਾ ਦਰ ਨਾ ਕੋਈ ਜਣਾਇਆ, ਆਪੇ ਕਰਮ ਪਾਵੇ ਨੀਸਾਣ। ਦੋ ਜਹਾਨੀ ਹੋਏ ਸਹਾਇਆ, ਵੇਖ ਵਖਾਏ ਪਵਣ ਪਾਣੀ ਮਸਾਣ। ਨਿਥਾਵਿਆਂ ਦੇਵੇ ਥਾਂਇਆ, ਦਰਗਹਿ ਸਾਚੀ ਕਰ ਪਰਵਾਨ। ਸਚਖੰਡ ਦਵਾਰਾ ਇਕ ਸੁਹਾਇਆ, ਭਗਤ ਸੁਹੇਲਾ ਜਾਣੀ ਜਾਣ। ਆਪ ਆਪਣਾ ਬਿਰਧ ਰਖਾਇਆ, ਹਰਿ ਸੱਜਣ ਲਏ ਪਛਾਣ। ਤਾਣ ਨਿਤਾਣਿਆਂ ਆਪ ਹੋ ਜਾਇਆ, ਜੋ ਜਨ ਚਰਨੀ ਡਿੱਗੇ ਆਣ। ਜਮ ਕੀ ਫਾਸੀ ਕਾਟ ਕਟਾਇਆ, ਧਰਮ ਰਾਏ ਨਾ ਮਾਰੇ ਬਾਣ। ਪਿਛਲਾ ਲੇਖਾ ਮੂਲ ਚੁਕਾਇਆ, ਅੱਗੇ ਮੇਲਾ ਹਰਿ ਭਗਵਾਨ। ਨਰ ਨਰੇਸ਼ਾ ਫੇਰੀ ਪਾਇਆ, ਖੇਲੇ ਖੇਲ ਦੋ ਜਹਾਨ। ਜਗਤ ਅੰਦੇਸਾ ਆਪ ਮਿਟਾਇਆ, ਸ਼ਬਦ ਸੰਦੇਸ਼ਾ ਇਕ ਸੁਨਾਣ। ਗਣਪਤ ਗਨੇਸ਼ਾ ਮੋਹ ਚੁਕਾਇਆ, ਬ੍ਰਹਮਾ ਸ਼ਿਵ ਨਾ ਕੋਈ ਧਿਆਨ। ਪੁਰਖ ਅਬਿਨਾਸ਼ੀ ਨਜ਼ਰੀ ਆਇਆ, ਨਿਰਗੁਣ ਜੋਤੀ ਨੂਰ ਮਹਾਨ। ਸਤਿ ਸਤਿਗੁਰ ਭੇਟ ਚੜ੍ਹਾਇਆ, ਦੇਵਣਹਾਰਾ ਦਾਨੀ ਦਾਨ। ਸਾਚਾ ਖੇਵਟ ਖੇਟ ਆਇਆ, ਆਪ ਆਪਣਾ ਕਰ ਕੁਰਬਾਨ। ਬੇਟੀ ਬੇਟ ਲਏ ਉਠਾਇਆ, ਗੁਰ ਸੰਗਤ ਮੇਲ ਮਿਲਾਣ। ਚੇਤਨ ਚਿਤ ਹੁਲਸਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲ ਮਹਾਨ। ਹਰਿਜਨ ਹਰਿ ਘਰ ਵਸਿਆ, ਬ੍ਰਹਿਮੰਡ ਖੰਡ ਨਿਵਾਰ। ਪੁਰਖ ਅਬਿਨਾਸ਼ੀ ਰਾਹ ਸਾਚਾ ਏਕਾ ਦੱਸਿਆ, ਘਰ ਚੌਥੇ ਆਪੇ ਵਾੜ। ਮੇਟੇ ਰੈਣ ਅੰਧੇਰੀ ਮੱਸਿਆ, ਲਹਿਣਾ ਚੁੱਕੇ ਪੰਚਮ ਧਾੜ। ਸ਼ਾਹੋ ਭੂਪ ਸਾਚੇ ਮੰਦਰ ਬਹਿ ਬਹਿ ਹੱਸਿਆ, ਧਰਮ ਵਖਾਏ ਇਕ ਅਖਾੜ। ਡੂੰਘੀ ਕੰਦਰ ਫਿਰੇ ਨੱਸਿਆ, ਪੰਜ ਤਤ ਵੇਖ ਉਜਾੜ। ਤ੍ਰੈਗੁਣ ਨਾ ਮਾਰੇ ਡੱਸਿਆ, ਵਾ ਲੱਗੇ ਨਾ ਤੱਤੀ ਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਪੇ ਲਏ ਵਰ, ਆਪਣੀ ਦਰਗਹਿ ਆਪੇ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਚਬਾਏ ਆਪਣੀ ਦਾਹੜ।
