Granth 09 Likhat 191: 5 Assu 2017 Bikarmi Kartar Singh de Greh Pind Manga Sarai Jila Amritsar

੫ ਅੱਸੂ ੨੦੧੭ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਸਚਖੰਡ ਦਵਾਰ ਆਪ ਸੁਹਾਇੰਦਾ। ਥਿਰ ਘਰ ਖੋਲ੍ਹ ਕਿਵਾੜ, ਨਿਰਗੁਣ ਨਿਰਵੈਰ ਆਸਣ ਲਾਇੰਦਾ। ਏਕੰਕਾਰਾ ਰੂਪ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜੋਤ ਉਜਾਲਾ ਡਗਮਗਾਇੰਦਾ। ਸ੍ਰੀ ਭਗਵਾਨ ਵਸੇ ਧਾਮ ਨਿਆਰ, ਨੇਹਚਲ ਮਹੱਲ ਅਟੱਲ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ, ਜੂਨੀ ਰਹਿਤ ਦਿਸ ਨਾ ਆਇੰਦਾ। ਪਾਰਬ੍ਰਹਮ ਨਿਰਾਕਾਰ, ਰੂਪ ਰੇਖ ਰੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਕਰ ਪਰਕਾਸ਼, ਆਪ ਆਪਣੀ ਧਾਰ ਬੰਧਾਇੰਦਾ। ਜੁਗਾ ਜੁਗੰਤਰ ਖੇਲ ਤਮਾਸ਼, ਕਰਤਾ ਪੁਰਖ ਆਪ ਕਰਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਆਪਣੀ ਰਚਨਾ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਹੋਏ ਦਾਸ, ਨਿਰਗੁਣ ਨਿਰਗੁਣ ਸੇਵ ਕਮਾਇੰਦਾ। ਨਿਰਗੁਣ ਵਸੇ ਨਿਰਗੁਣ ਪਾਸ, ਨਿਰਗੁਣ ਸੰਗ ਸਮਾਇੰਦਾ। ਨਿਰਗੁਣ ਮੰਗੇ ਨਿਰਗੁਣ ਪੂਰੀ ਕਰੇ ਆਸ, ਨਿਰਗੁਣ ਭਿਛਿਆ ਆਪਣੀ ਇਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਇਕ ਇਕੱਲਾ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਸਚ ਮਹੱਲਾ, ਹਰਿ ਪੁਰਖ ਨਿਰੰਜਣ ਆਪ ਸੁਹਾਈਆ। ਏਕੰਕਾਰਾ ਇਕ ਇਕੱਲਾ, ਆਦਿ ਨਿਰੰਜਣ ਜੋਤ ਜਗਾਈਆ। ਅਬਿਨਾਸ਼ੀ ਕਰਤਾ ਆਪੇ ਵਸਿਆ ਉਚ ਅਟੱਲਾ, ਸ੍ਰੀ ਭਗਵਾਨ ਸੇਵ ਕਰਾਈਆ। ਪਾਰਬ੍ਰਹਮ ਸਚ ਸਿੰਘਾਸਣ ਬੈਠਾ ਮਲਾ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਨਿਰਾਕਾਰ ਮੂਰਤ ਅਕਾਲ ਖੇਲ ਅਪਾਰ, ਅਨਭਵ ਆਪਣੀ ਧਾਰ ਚਲਾਈਆ। ਅਨਭਵ ਧਾਰ ਹਰਿ ਮਿਹਰਵਾਨ, ਏਕੰਕਾਰਾ ਆਪ ਚਲਾਇੰਦਾ। ਸਚਖੰਡ ਦਵਾਰੇ ਹੋ ਤਿਆਰ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਥਿਰ ਘਰ ਸਾਚੇ ਖੋਲ੍ਹ ਕਿਵਾੜ, ਆਪਣਾ ਪਰਦਾ ਆਪ ਉਠਾਇੰਦਾ। ਆਪ ਆਪਣਾ ਕਰ ਪਿਆਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਆਪੇ ਜੋਤੀ ਜਾਤਾ ਹੋ ਉਜਿਆਰ, ਦਰ ਘਰ ਸਾਚੇ ਸਾਚਾ ਵੇਸ ਧਰਾਇੰਦਾ। ਆਪੇ ਕਮਲਾਪਾਤੀ ਮੀਤ ਮੁਰਾਰ, ਨਰ ਨਰਾਇਣ ਭੇਵ ਨਾ ਆਇੰਦਾ। ਆਪੇ ਨਾਰੀ ਕੰਤ ਖੇਲੇ ਖੇਲ ਅਗੰਮ ਅਪਾਰ, ਆਪੇ ਸਾਚੀ ਸੇਜ ਸੁਹਾਇੰਦਾ। ਆਪੇ ਵੇਖੇ ਵਿਗਸੇ ਕਰੇ ਵਿਚਾਰ, ਦੂਸਰ ਸੰਗ ਨਾ ਕੋਇ ਧਰਾਇੰਦਾ। ਅਨਭਵ ਰੂਪ ਹੋ ਪਰਕਾਸ਼, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਸਾਚੇ ਮੰਡਲ ਪਾਵੇ ਰਾਸ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਸੋਭਾ ਪਾਇੰਦਾ। ਤ੍ਰੈਗੁਣ ਮਾਇਆ ਨਾ ਕੋਇ ਦਾਸੀ ਦਾਸ, ਬ੍ਰਹਮਾ ਵਿਸ਼ਨ ਸ਼ਿਵ ਨਾ ਸੰਗ ਰਲਾਇੰਦਾ। ਪੰਜ ਤਤ ਨਾ ਕੋਇ ਵਾਸ, ਮਨ ਮਤ ਬੁਧ ਨਾ ਕੋਇ ਧਰਾਇੰਦਾ। ਜੰਗਲ ਜੂਹ ਉਜਾੜ ਪਹਾੜ ਨਾ ਕੋਇ ਪਰਭਾਸ, ਸਮੁੰਦ ਸਾਗਰ ਨਾ ਵੇਖ ਵਖਾਇੰਦਾ। ਲੱਖ ਚੁਰਾਸੀ ਕੋਇ ਨਾ ਕਰੇ ਪੂਰੀ ਆਸ, ਸਾਧ ਸੰਤ ਗੁਰ ਪੀਰ ਅਵਤਾਰ ਚੋਲਾ ਤਨ ਨਾ ਕੋਇ ਹੰਢਾਇੰਦਾ। ਸ਼ਬਦ ਨਾਦ ਨਾ ਕੋਇ ਧੁਨਕਾਰ, ਚਾਰੇ ਵੇਦ ਨਾ ਕੋਇ ਸੁਣਾਇੰਦਾ। ਅੱਖਰ ਵੱਖਰ ਨਾ ਕੋਇ ਪਿਆਰ, ਜਗਤ ਵਿਦਿਆ ਨਾ ਕੋਇ ਪੜ੍ਹਾਇੰਦਾ। ਰਸਨਾ ਜਿਹਵਾ ਨਾ ਕੋਇ ਜੈਕਾਰ, ਬੱਤੀ ਦੰਦ ਨਾ ਕੋਇ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਸੋਭਾਵੰਤ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਤਖ਼ਤ ਨਿਵਾਸੀ ਹਰਿ ਮਿਹਰਵਾਨ, ਸਚ ਸਿੰਘਾਸਣ ਰਿਹਾ ਸੁਹਾਈਆ। ਸਚਖੰਡ ਦਵਾਰੇ ਨੌਂਜਵਾਨ, ਇਕ ਇਕੱਲਾ ਰੂਪ ਵਟਾਈਆ। ਸ਼ਾਹੋ ਭੂਪ ਬਣ ਸੁਲਤਾਨ, ਰਾਜ ਰਾਜਾਨ ਆਪ ਅਖਵਾਈਆ। ਧਰਮ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਖੇਲੇ ਖੇਲ ਗੁਣ ਨਿਧਾਨ, ਮਹਿਮਾ ਅਕਥ ਕਥੀ ਨਾ ਜਾਈਆ। ਦਰ ਦਰਵੇਸ਼ ਬਣੇ ਦਰਬਾਨ, ਆਪਣੀ ਸੇਵਾ ਆਪ ਕਰਾਈਆ। ਆਪੇ ਦੇਵੇ ਧੁਰ ਫਰਮਾਣ, ਸ਼ਬਦੀ ਸ਼ਬਦੀ ਸ਼ਬਦ ਜਣਾਈਆ। ਸਚਖੰਡ ਸੁਹਾਏ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਏਕੰਕਾਰਾ, ਅਕਲ ਕਲ ਆਪਣਾ ਨਾਉਂ ਰਖਾਈਆ। ਅਕਲ ਕਲਾ ਹਰਿ ਭਗਵੰਤ, ਵੇਦ ਕਤੇਬ ਭੇਵ ਨਾ ਰਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਇਆ। ਸਚ ਸਿੰਘਾਸਣ ਸੋਭਾਵੰਤ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਨਾ ਕੋਈ ਸ਼ਬਦ ਨਾ ਕੋਈ ਮੰਤ, ਅਕਸ਼ਰ ਅੱਖਰ ਨਾ ਕੋਇ ਪੜ੍ਹਾਇਆ। ਨਾ ਕੋਈ ਨਾਰੀ ਨਾ ਕੋਈ ਕੰਤ, ਸੇਜ ਸੁਹੰਜਣੀ ਨਾ ਕੋਇ ਹੰਢਾਇਆ। ਨਾ ਕੋਈ ਚਾੜ੍ਹੇ ਰੂਪ ਬਸੰਤ, ਫੁਲ ਫਲਵਾੜੀ ਨਾ ਕੋਇ ਮਹਿਕਾਇਆ। ਲੇਖਾ ਜਾਣੇ ਆਦਿ ਅੰਤ, ਆਦਿਨ ਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਅਨਭਵ ਆਪਣਾ ਰੂਪ ਦਰਸਾਇਆ। ਅਨਭਵ ਰੂਪ ਪਾਰਬ੍ਰਹਮ, ਨੇਤਰ ਨੈਣ ਨਾ ਕੋਇ ਦਰਸਾਈਆ। ਮਾਤ ਗਰਭ ਨਾ ਪਏ ਜੰਮ, ਰਕਤ ਬੂੰਦ ਨਾ ਮੇਲ ਮਿਲਾਈਆ। ਜੁਗਾਂ ਜੁਗੰਤਰ ਜਾਣੇ ਆਪਣਾ ਕੰਮ, ਕਰਤਾ ਕਰਨੀ ਆਪਣੀ ਕਿਰਤ ਆਪ ਕਮਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਹਰਖ ਸੋਗ ਵਿਚ ਨਾ ਆਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਇ ਹਲਾਈਆ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਨਾ ਕੋਇ ਹੰਢਾਈਆ। ਆਪਣਾ ਬੇੜਾ ਆਪੇ ਬੰਨ, ਪਾਰਬ੍ਰਹਮ ਪ੍ਰਭ ਆਪ ਚਲਾਈਆ। ਆਪੇ ਜਨਨੀ ਜਨੇ ਜਨ, ਜੋਤੀ ਜਾਤਾ ਜੋਤ ਕਰ ਰੁਸ਼ਨਾਈਆ। ਆਪੇ ਰਾਗ ਸੁਣਾਏ ਆਪਣੇ ਕੰਨ, ਧੁਨੀ ਨਾਦ ਆਪ ਵਜਾਈਆ। ਆਪੇ ਵਸੇ ਬਿਨ ਛੱਪਰ ਛੰਨ, ਮਹੱਲ ਅਟੱਲ ਸੋਭਾ ਪਾਈਆ। ਆਪੇ ਘੜੇ ਆਪੇ ਲਏ ਭੰਨ, ਘੜਨ ਭੰਨਣਹਾਰ ਸਮਰਥ ਪੁਰਖ ਵੱਡੀ ਵਡਿਆਈਆ। ਆਪੇ ਦੇਵਣਹਾਰਾ ਡੰਨ, ਆਪੇ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਨੂਰ ਉਜਿਆਰ, ਆਦਿ ਜੁਗਾਦੀ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਈਆ। ਖੇਲਣਹਾਰਾ ਬੇਪਰਵਾਹ, ਏਕਾ ਰੰਗ ਸਮਾਇਆ। ਸਚਖੰਡ ਦਵਾਰੇ ਵਸੇ ਸਾਚੇ ਥਾਂ, ਥਿਰ ਘਰ ਸਾਚਾ ਬੰਕ ਸੁਹਾਇਆ। ਜੁਗਾ ਜੁਗੰਤਰ ਕਰੇ ਸਚ ਨਿਆਂ, ਨਿਰਗੁਣ ਨਿਰਵੈਰ ਆਪਣਾ ਵੇਸ ਵਟਾਇਆ। ਆਪ ਉਪਜਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇਆ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪੇ ਗੋਦ ਉਠਾਇਆ। ਆਪੇ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਸਾਚੇ ਧਾਮ ਵਸੇ, ਨਾ ਕੋਈ ਕਿਲਾ ਨਾ ਕੋਈ ਕੋਟ, ਚਾਰ ਦੀਵਾਰ ਨਾ ਕੋਇ ਵਖਾਇਆ। ਸਾਚਾ ਕਿਲਾ ਹਰਿ ਕਰਤਾਰ, ਆਪਣਾ ਆਪ ਉਪਜਾਈਆ। ਸਚਖੰਡ ਨਿਵਾਸੀ ਖੇਲ ਅਪਾਰ, ਥਿਰ ਘਰ ਸਾਚੇ ਰਿਹਾ ਕਰਾਈਆ। ਦਰਗਹਿ ਸਾਚੀ ਖੋਲ੍ਹ ਕਿਵਾੜ, ਅਨਭਵ ਰੂਪ ਕਰੇ ਰੁਸ਼ਨਾਈਆ। ਜੋਤੀ ਜੋਤ ਕਰ ਪਿਆਰ, ਜੋਤੀ ਜਾਤਾ ਨਾਉਂ ਵਡਿਆਈਆ। ਸੁਤ ਦੁਲਾਰਾ ਹੋਏ ਉਜਿਆਰ, ਪੂਤ ਸਪੂਤਾ ਸ਼ਬਦੀ ਨਾਉਂ ਉਪਜਾਈਆ। ਸ਼ਬਦੀ ਸੁਤ ਖੇਲ ਨਿਆਰ, ਅਬਿਨਾਸ਼ੀ ਕਰਤਾ ਆਪਣੀ ਇਛਿਆ ਇਕ ਸਮਝਾਈਆ। ਬ੍ਰਹਿਮੰਡ ਖੰਡ ਕਰ ਤਿਆਰ, ਲੋਆਂ ਪੁਰੀਆਂ ਰਚਨਾ ਰਚਾਈਆ। ਲੇਖਾ ਜਾਣੇ ਜਣਾਏ ਅਗੰਮ ਅਪਾਰ, ਆਪਣੀ ਧਾਰਾ ਧਾਰ ਵਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਬੰਸ ਬੰਸਾ ਦਏ ਵਡਿਆਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਰਜੋ ਤਮੋ ਸਤੋ ਕਰੇ ਕੁੜਮਾਈਆ। ਪੰਜ ਤਤ ਦਰ ਦਰ ਭਿਖਾਰ, ਦਰ ਦਰਵੇਸ਼ ਵੇਖ ਵਖਾਈਆ। ਕਾਗਦ ਕਲਮ ਨਾ ਲਿਖਣਹਾਰ, ਹਰਿ ਲੇਖਾ ਬੇਪਰਵਾਹੀਆ। ਸ਼ਬਦ ਅਗੰਮੀ ਬੋਲ ਜੈਕਾਰ, ਆਪ ਆਪਣਾ ਭੇਵ ਚੁਕਾਈਆ। ਵਿਸ਼ਨੂੰ ਵਿਸ਼ਵ ਪਾਵੇ ਸਾਰ, ਹਰਿ ਹਰਿ ਏਕਾ ਨਜ਼ਰੀ ਆਈਆ। ਏਕਾ ਬ੍ਰਹਮ ਕਰ ਪਸਾਰ, ਪਾਰਬ੍ਰਹਮ ਆਪਣੀ ਵੰਡ ਵੰਡਾਈਆ। ਸ਼ਬਦ ਨਾਦ ਨਾਦ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਚਾਰੇ ਵੇਦਾਂ ਭਰ ਭੰਡਾਰ, ਚਾਰੇ ਖਾਣੀ ਚਾਰੇ ਬਾਣੀ ਦਏ ਸਮਝਾਈਆ। ਚਾਰੇ ਜੁਗ ਪਾਵੇ ਸਾਰ, ਚਾਰ ਯਾਰੀ ਲਏ ਮਿਲਾਈਆ। ਚਾਰੋਂ ਕੁੰਟ ਹੋਏ ਉਜਿਆਰ, ਚੌਥੇ ਪਦ ਬਹਿ ਬਹਿ ਆਪਣਾ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਸ੍ਰਿਸ਼ਟ ਸਬਾਈ ਰਚਨ ਰਚਾਈਆ। ਸ੍ਰਿਸ਼ਟ ਸਬਾਈ ਰਚਨ ਰਚਾਇੰਦਾ, ਪਾਰਬ੍ਰਹਮ ਹਰਿ ਕਰਤਾਰ। ਮੰਡਲ ਮੰਡਪ ਆਪ ਸੁਹਾਇੰਦਾ, ਰਵ ਸਸ ਕਰ ਉਜਿਆਰ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ, ਤਿੰਨਾਂ ਦੇਵੇ ਨਾਮ ਆਧਾਰ। ਲੱਖ ਚੁਰਾਸੀ ਭਾਂਡਾ ਆਪ ਘੜਾਇੰਦਾ, ਘਾੜਨ ਘੜੇ ਬਣ ਠਠਿਆਰ। ਗ੍ਰਹਿ ਗ੍ਰਹਿ ਘਰ ਘਰ ਅੰਦਰ ਮੰਦਰ ਵੰਡ ਵੰਡਾਇੰਦਾ, ਮਾਣਸ ਮਾਨੁਸ਼ ਕਰ ਵਿਚਾਰ। ਨੌਂ ਦਵਾਰੇ ਖੇਲ ਖਿਲਾਇੰਦਾ, ਜਗਤ ਵਾਸਨਾ ਭਰ ਭੰਡਾਰ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ, ਆਸਾ ਤ੍ਰਿਸ਼ਨਾ ਕਰੇ ਪਿਆਰ। ਹਉਮੇਂ ਹੰਗਤਾ ਗੜ੍ਹ ਬਣਾਇੰਦਾ, ਦੂਈ ਦਵੈਤੀ ਬੰਨ੍ਹੇ ਧਾਰ। ਸ਼ਰਅ ਸ਼ਰਾਇਤੀ ਇਕ ਰਖਾਇੰਦਾ, ਲਾਸ਼ਰੀਕ ਖੇਲ ਅਪਾਰ। ਘਰ ਘਰ ਵਿਚ ਆਪ ਉਪਜਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣਾ ਮਾਰਗ ਆਪ ਵਖਾਇੰਦਾ, ਡੂੰਘੀ ਕੰਦਰ ਖੇਲ ਨਿਆਰ। ਸੁਖਮਨ ਟੇਢੀ ਬੰਕ ਸੁਹਾਇੰਦਾ, ਈੜਾ ਪਿੰਗਲ ਕਰੇ ਵਿਚਾਰ। ਆਤਮ ਸਰੋਵਰ ਇਕ ਸੁਹਾਇੰਦਾ, ਨਾਭੀ ਭਰਿਆ ਆਪ ਕਰਤਾਰ। ਜੋਤ ਨਿਰੰਜਣ ਆਪ ਜਗਾਇੰਦਾ, ਕਮਲਾਪਾਤੀ ਮੀਤ ਮੁਰਾਰ। ਬਜਰ ਕਪਾਟੀ ਕੁੰਡਾ ਲਾਹਿੰਦਾ, ਨੇੜ ਨਾ ਆਏ ਪੰਚਮ ਧਾੜ। ਆਪ ਆਪਣਾ ਖੇਲ ਖਿਲਾਇੰਦਾ, ਲੇਖਾ ਜਾਣੇ ਗੁਪਤ ਜ਼ਾਹਰ। ਆਤਮ ਸੇਜਾ ਆਪ ਸੁਹਾਇੰਦਾ, ਦਸਮ ਦਵਾਰੀ ਹੋਏ ਕਰੇ ਖੇਲ ਅਗੰਮ ਅਪਾਰ, ਆਪ ਆਪਣਾ ਨਾਉਂ ਧਰਾਇੰਦਾ, ਨੂਰ ਨੁਰਾਨਾ ਹੋ ਉਜਿਆਰ। ਸ਼ਬਦ ਅਨਾਦੀ ਧੁਨ ਸੁਣਾਇੰਦਾ, ਪੰਚਮ ਸਖ਼ੀਆਂ ਮਿਲ ਮਿਲ ਗਾਇਣ ਵਾਰੋ ਵਾਰ। ਸੁਰਤ ਸਵਾਣੀ ਵੇਖ ਵਖਾਇੰਦਾ, ਸ਼ਬਦ ਹਾਣੀ ਕਰ ਪਿਆਰ। ਅੰਮ੍ਰਿਤ ਠੰਡਾ ਜਲ ਪਾਣੀ ਆਪ ਪਿਆਇੰਦਾ, ਆਪੇ ਹੋਏ ਪੀਵਣਹਾਰ। ਆਪੇ ਹੰਸ ਕਾਗ ਰੂਪ ਵਟਾਇੰਦਾ, ਆਪੇ ਕਾਗ ਉਡੇ ਹੰਸਾਂ ਡਾਰ। ਆਪੇ ਆਪਣੀ ਚੋਗ ਚੁਗਾਇੰਦਾ, ਸੋ ਪੁਰਖ ਨਿਰੰਜਣ ਹੋ ਤਿਆਰ। ਹੰ ਰੂਪ ਸਰਬ ਦਰਸਾਇੰਦਾ, ਸੋਹੰ ਪਾਰਬ੍ਰਹਮ ਬ੍ਰਹਮ ਏਕਾ ਧਾਰ। ਆਦਿ ਆਪਣੀ ਰਚਨ ਰਚਾਇੰਦਾ, ਰਚਨਾ ਰਚੇ ਹਰਿ ਨਿਰੰਕਾਰ । ਕਾਇਆ ਮਾਈ ਭਾਂਡੇ ਕਚ ਹਰਿ ਸੁਹਾਇੰਦਾ, ਤ੍ਰੈਗੁਣ ਤਤ ਕਰ ਵਰਤਾਰ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ, ਪੁਰਖ ਅਬਿਨਾਸ਼ੀ ਦਰ ਦਵਾਰ। ਤੇਰਾ ਭੇਵ ਕੋਇ ਨਾ ਆਇੰਦਾ, ਹਉਂ ਸੇਵਕ ਸੇਵਾਦਾਰ। ਕਵਣ ਰੂਪ ਲੋਕਮਾਤ ਮੇਲ ਮਿਲਾਇੰਦਾ, ਨਿਰਗੁਣ ਸਰਗੁਣ ਪਾਵੇ ਸਾਰ। ਪੁਰਖ ਅਬਿਨਾਸ਼ੀ ਸ਼ਬਦ ਜਣਾਇੰਦਾ, ਨਾਦ ਅਨਾਦੀ ਇਕ ਧੁਨਕਾਰ। ਨਿਰਗੁਣ ਸਰਗੁਣ ਰੂਪ ਧਰਾਇੰਦਾ, ਲੋਕਮਾਤ ਖੇਲ ਕਰੇ ਅਪਾਰ। ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ, ਦੋਹਾਂ ਵਿਚੋਲਾ ਸਿਰਜਣਹਾਰ। ਸਾਚਾ ਢੋਲਾ ਆਪੇ ਗਾਇੰਦਾ, ਜੁਗਾ ਜੁਗੰਤਰ ਕਰੇ ਸਾਚੀ ਕਾਰ। ਪੰਜ ਤਤ ਚੋਲਾ ਆਪ ਹੰਢਾਇੰਦਾ, ਮਾਤ ਗਰਭ ਵਸੇ ਬਾਹਰ। ਬ੍ਰਹਮ ਬ੍ਰਹਮ ਬ੍ਰਹਮ ਲੇਖਾ ਲੇਖੇ ਪਾਇੰਦਾ, ਗੁਰ ਰੂਪ ਆਪ ਨਿਰੰਕਾਰ। ਅਵਤਾਰ ਆਪਣੀ ਖੇਲ ਖਿਲਾਇੰਦਾ, ਜੁਗ ਜੁਗ ਕਰੇ ਸਚ ਵਿਹਾਰ। ਸਾਚੇ ਭਗਤ ਆਪ ਜਗਾਇੰਦਾ, ਲੱਖ ਚੁਰਾਸੀ ਵਿਚੋਂ ਲਏ ਉਠਾਲ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਮਾਰਗ ਦੱਸੇ ਰਾਹ ਸੁਖ਼ਾਲ। ਸਾਚੇ ਸੰਤ ਵੇਖ ਵਖਾਇੰਦਾ, ਨੇੜ ਨਾ ਆਏ ਕਾਲ ਮਹਾਂਕਾਲ। ਗੁਰਮੁਖ ਆਪਣੇ ਲੇਖੇ ਪਾਇੰਦਾ, ਨਾਤਾ ਤੋੜ ਜਗਤ ਜੰਜਾਲ। ਗੁਰਸਿਖ ਸਾਚੇ ਧਾਮ ਬਹਾਇੰਦਾ, ਨਿਰਗੁਣ ਸਰਗੁਣ ਕਰੇ ਪ੍ਰਿਤਪਾਲ। ਕਲਜੁਗ ਜੀਵ ਜੂਨੀ ਜੂਨ ਆਦਿ ਅੰਤ ਲੱਖ ਚੁਰਾਸੀ ਗੇੜਾ ਆਪ ਦਵਾਇੰਦਾ, ਨਾ ਕੋਈ ਸਕੇ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਇਕ ਵਖਾਇੰਦਾ। ਸਾਚੀ ਸਿਖ਼ਿਆ ਧੁਰ ਦਰਬਾਰ, ਬ੍ਰਹਮੇ ਵਿਸ਼ਨ ਸ਼ਿਵ ਹਰਿ ਸਮਝਾਇੰਦਾ। ਪੁਰਖ ਅਬਿਨਾਸ਼ੀ ਲੈ ਅਵਤਾਰ, ਗੁਰ ਗੁਰ ਆਪਣਾ ਰੂਪ ਵਟਾਇੰਦਾ। ਸਤਿਗੁਰ ਖੇਲ ਕਰੇ ਸੰਸਾਰ, ਸੰਸਾ ਰੋਗ ਸਰਬ ਮਿਟਾਇੰਦਾ। ਭਗਤ ਭਗਵੰਤ ਲਏ ਉਧਾਰ, ਸਾਧ ਸੰਤ ਮੇਲ ਮਿਲਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਗੁਰਸਿਖ ਸਾਚੇ ਲਾਏ ਪਾਰ, ਡੁਬਦੇ ਪਾਥਰ ਆਪ ਤਰਾਇੰਦਾ। ਲੱਖ ਚੁਰਾਸੀ ਮਾਰੇ ਮਾਰ, ਜਮ ਕੀ ਫ਼ਾਸੀ ਇਕ ਵਖਾਇੰਦਾ। ਰਾਏ ਧਰਮ ਕਰੇ ਖ਼ਵਾਰ, ਚਿਤਰ ਗੁਪਤ ਵੇਖ ਵਖਾਇੰਦਾ। ਲਾੜੀ ਮੌਤ ਕਰਾਏ ਸ਼ੰਗਾਰ, ਵੇਲੇ ਅੰਤ ਸਰਬ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਹਰਿ ਸਮਝਾਇੰਦਾ। ਏਕਾ ਤਤ ਹਰਿ ਜਣਾਇਆ, ਭੁੱਲ ਰਹੇ ਨਾ ਰਾਈਆ। ਵਿਸ਼ਨੂੰ ਵਿਸ਼ਵ ਆਪ ਉਠਾਇਆ, ਆਪ ਜਲਵਾ ਨੂਰ ਦਰਸਾਈਆ। ਬ੍ਰਹਮ ਪਾਰਬ੍ਰਹਮ ਰੰਗ ਰੰਗਾਇਆ, ਉਤਰ ਕਦੇ ਨਾ ਜਾਈਆ। ਸ਼ੰਕਰ ਲੇਖਾ ਰਿਹਾ ਵਖਾਇਆ, ਅੰਤਮ ਆਪਣਾ ਭੇਵ ਖੁਲਾਈਆ। ਤਿੰਨਾਂ ਵਿਚੋਲਾ ਬਣ ਕੇ ਆਇਆ, ਨਿਰਗੁਣ ਦਾਤਾ ਬੇਪਰਵਾਹੀਆ। ਅਗੰਮੀ ਢੋਲਾ ਏਕਾ ਗਾਇਆ, ਲਿਖਣ ਪੜ੍ਹਣ ਵਿਚ ਨਾ ਆਈਆ। ਲੱਖ ਚੁਰਾਸੀ ਕਾਇਆ ਚੋਲਾ ਜੀਵ ਜੰਤ ਬਣਾਇਆ, ਜੁਗ ਜੁਗ ਆਪਣੀ ਸੇਜ ਸੁਹਾਈਆ। ਨਿਰਵੈਰ ਤੋਲਾ ਇਕ ਅਖਵਾਇਆ, ਤੋਲਣਹਾਰ ਸ੍ਰਿਸ਼ਟ ਸਬਾਈਆ। ਆਪਣਾ ਪਰਦਾ ਓਹਲਾ ਦਏ ਚੁਕਾਇਆ, ਬ੍ਰਹਮੇ ਵਿਸ਼ਨ ਸ਼ਿਵ ਨੇਤਰ ਨੈਣ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ ਚਾਰੇ ਵੇਦਾਂ ਵੇਖ ਵਖਾਈਆ। ਚਾਰੇ ਵੇਦ ਹਰਿ ਕਾ ਗਿਆਨ, ਪਾਰਬ੍ਰਹਮ ਬ੍ਰਹਮ ਆਤਮ ਆਪ ਜਣਾਇੰਦਾ। ਸ਼ਬਦ ਅਗੰਮੀ ਇਕ ਨਿਸ਼ਾਨ, ਲੋਕਮਾਤ ਝੁਲਾਇੰਦਾ। ਚਾਰ ਜੁਗ ਵੇਖੇ ਆਣ, ਅੰਤਮ ਪੰਧ ਮੁਕਾਇੰਦਾ। ਨੌਂ ਦਰਵਾਜ਼ੇ ਖੋਲ੍ਹ ਦੁਕਾਨ, ਮਾਣਸ ਜੀਵ ਆਪ ਭਵਾਇੰਦਾ। ਨੌਂ ਖੰਡ ਪ੍ਰਿਥਮੀ ਹੋ ਪਰਧਾਨ, ਨਵ ਨਵ ਆਪਣੀ ਧਾਰ ਚਲਾਇੰਦਾ। ਚਾਰ ਜੁਗ ਪਾਵੇ ਸਾਰ, ਏਕਾ ਰੰਗ ਰੰਗਾਇੰਦਾ। ਜੁਗਾ ਜੁਗੰਤਰ ਆਵੇ ਜਾਵੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਵੰਡ ਵੰਡਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਉਤਰੇ ਪਾਰ, ਪਾਰਬ੍ਰਹਮ ਬ੍ਰਹਮ ਏਹ ਸਮਝਾਇੰਦਾ। ਗੁਰ ਪੀਰ ਅਵਤਾਰ ਗਾਵਣ ਆਪਣੀ ਵਾਰ, ਵਾਰ ਸੋਹਲਾ ਢੋਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਆਪਣੀ ਭਿਛਿਆ ਇਕ ਵਖਾਇੰਦਾ। ਵਿਸ਼ਨੂੰ ਰੱਖਣਾ ਇਕ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਬ੍ਰਹਮੇ ਦੇਵੇ ਇਕ ਗਿਆਨ, ਪਾਰਬ੍ਰਹਮ ਆਪ ਵਡਿਆਇੰਦਾ। ਸ਼ੰਕਰ ਬਖ਼ਸ਼ੇ ਸਾਚਾ ਮਾਣ, ਨੇਤਰ ਨੈਣਾਂ ਦਰਸ ਦਿਖਾਇੰਦਾ। ਤਿੰਨਾਂ ਵਿਚੋਲਾ ਜਾਣੀ ਜਾਣ, ਜਾਨਣਹਾਰਾ ਖੇਲ ਖਿਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਚੁੱਕਣੀ ਆਣ, ਥਿਰ ਕੋਇ ਰਹਿਣ ਨਾ ਪਾਇੰਦਾ। ਸਤਿਜੁਗ ਤੇਰਾ ਚੁੱਕੇ ਮਾਣ, ਬਾਵਣ ਰੂਪ ਨਾ ਕੋਇ ਧਰਾਇੰਦਾ। ਤ੍ਰੇਤਾ ਤਿਰੀਆ ਆਵੇ ਹਾਣ, ਰਾਮ ਰਾਵਣ ਨਾ ਕੋਇ ਘਾਇੰਦਾ। ਦਵਾਪਰ ਦਿਸੇ ਨਾ ਕੋਇ ਨਿਸ਼ਾਨ, ਕਾਹਨਾ ਬੰਸਰੀ ਨਾ ਕੋਇ ਵਜਾਇੰਦਾ। ਕਲਜੁਗ ਅੰਤਮ ਝੂਠ ਨਿਸ਼ਾਨ, ਸ੍ਰਿਸ਼ਟ ਸਬਾਈ ਛਾਇੰਦਾ। ਨਾ ਕੋਈ ਦੀਸੇ ਰਾਜ ਰਾਜਾਨ, ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਰਖਾਇੰਦਾ। ਨਵ ਨਵ ਨਾਤਾ ਪੰਜ ਸ਼ੈਤਾਨ, ਪੰਚ ਪਰਪੰਚ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਸੂਰਾ ਬਲਵਾਨ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਨੌਜਵਾਨ, ਨਾ ਮਰੇ ਨਾ ਜਾਈਆ। ਆਦਿ ਨਿਰੰਜਣ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਈਆ। ਅਬਿਨਾਸ਼ੀ ਕਰਤਾ ਦੇਵੇ ਦਾਨ, ਪਾਰਬ੍ਰਹਮ ਪ੍ਰਭ ਆਪਣੀ ਝੋਲੀ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਖੋਲ੍ਹ ਦੁਕਾਨ, ਤ੍ਰੈਗੁਣ ਮਾਇਆ ਹੱਟ ਚਲਾਈਆ। ਚੌਦਾਂ ਲੋਕ ਹੋ ਪਰਧਾਨ, ਏਕਾ ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਗੁਣ ਨਿਧਾਨ, ਆਪ ਆਪਣੇ ਵਿਚ ਰਖਾਈਆ। ਲੋਕਮਾਤ ਹੋ ਪਰਧਾਨ, ਪੰਜ ਤਤ ਮੇਲਾ ਸਹਿਜ ਸੁਭਾਈਆ। ਗੁਰ ਰੂਪ ਗੁਣ ਨਿਧਾਨ, ਸਤਿਗੁਰ ਸਾਚਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਵੇਖੇ ਆਣ, ਦਵਾਪਰ ਆਪਣਾ ਬੰਧਨ ਪਾਈਆ। ਕਲਜੁਗ ਕਰੇ ਕੂੜ ਕਲਿਆਣ, ਕਾਲਖ ਟਿੱਕਾ ਵੇਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਚਾਰ ਗੇੜਾ ਰਿਹਾ ਭਵਾਈਆ। ਨਵ ਨੌ ਚਾਰ ਗੇੜ ਭਵਾਇਆ, ਜੁਗ ਕਰਤਾ ਖੇਲ ਖਿਲਾਇੰਦਾ। ਸਤਿ ਸਤਿਵਾਦੀ ਸਾਚੀ ਧਾਰ ਬੰਧਾਇਆ, ਸਤਿਜੁਗ ਸਾਚਾ ਰਾਹ ਚਲਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇਆ, ਆਪ ਆਪਣੀ ਖੇਲ ਖਿਲਾਇੰਦਾ। ਨਾਦ ਅਨਾਦੀ ਸ਼ਬਦ ਵਜਾਇਆ, ਬੋਧ ਅਗਾਧੀ ਆਪ ਅਲ੍ਹਾਇੰਦਾ। ਵਾਰ ਅਠਾਰਾਂ ਖੇਲ ਅਪਾਰਾ, ਹਰਿ ਨਿਰੰਕਾਰਾ ਸਤਿਜੁਗ ਸਾਚੇ ਜੋਤ ਜਗਾਇਆ, ਭਗਤ ਭਗਵੰਤ ਵੇਖ ਵਖਾਇੰਦਾ। ਤ੍ਰੇਤਾ ਤੇਰੀ ਧਾਰ ਬੰਧਾਇਆ, ਗੜ੍ਹ ਹੰਕਾਰੀ ਰਹਿਣ ਨਾ ਪਾਇਆ, ਏਕਾ ਚਿਲਾ ਹੱਥ ਉਠਾਇੰਦਾ। ਸਚ ਸਵਾਣੀ ਲਏ ਪਰਨਾਇਆ, ਗ਼ਰੀਬ ਨਿਮਾਣੇ ਗਲੇ ਲਗਾਇਆ, ਧੁਰ ਦੀ ਬਾਣੀ ਰਾਗ ਅਲਾਇਆ, ਰਾਮ ਰਾਮ ਰਾਮ ਵਡ ਵਡਿਆਈਆ। ਨੂਰੀ ਜੋਤ ਜੋਤ ਰੁਸ਼ਨਾਇਆ, ਕਾਇਆ ਚੋਲਾ ਲਏ ਬਦਲਾਇਆ, ਪਰਦਾ ਉਹਲਾ ਇਕ ਰਖਾਇਆ, ਭੇਵ ਅਭੇਦਾ ਭੇਵ ਖੁਲਾਈਆ। ਕਾਹਨਾ ਕੰਸਾ ਨਾਉਂ ਧਰਾਇਆ, ਆਪਣਾ ਬੰਸਾ ਆਪ ਸੁਹਾਇਆ, ਗਿਆਨ ਗੀਤਾ ਇਕ ਦ੍ਰਿੜਾਈਆ। ਵੇਦ ਵਿਆਸਾ ਭੇਵ ਜਣਾਇਆ, ਅਠ ਦਸ ਅਠਾਰਾਂ ਪੁਰਾਨ ਲਿਖਾਇਆ, ਲੱਖ ਚਾਰ ਸਤਾਰਾਂ ਹਜ਼ਾਰ ਸਲੋਕ ਗਣਾਇਆ, ਅੱਖਰ ਅੱਖਰ ਕਰੇ ਪੜ੍ਹਾਈਆ। ਕਲਜੁਗ ਆਪਣਾ ਰੂਪ ਵਟਾਇਆ, ਕਾਲਾ ਸੂਸਾ ਤਨ ਛੁਹਾਇਆ, ਈਸਾ ਮੂਸਾ ਖੇਲ ਖਿਲਾਇਆ, ਚਾਰ ਯਾਰ ਸੰਗ ਮੁਹੰਮਦ ਬੇਐਬ ਪਰਵਰਦਿਗਾਰ ਨੂਰੀ ਅੱਲਾ ਏਕੋ ਗਾਇਆ, ਮੁਕਾਮੇ ਹੱਕ ਇਕ ਖ਼ੁਦਾਈਆ। ਹੱਕ ਹਕੀਕਤ ਵੇਖ ਵਖਾਇਆ, ਲਾਸ਼ਰੀਕ ਇਕ ਖ਼ੁਦਾਇਆ, ਨੂਰੀ ਜਲਵਾ ਸੱਚਾ ਸ਼ਹਿਨਸ਼ਾਹੀਆ। ਸਚ ਮਹਿਰਾਬੇ ਆਸਣ ਲਾਇਆ, ਮੁਖ ਨਕਾਬ ਨਾ ਕੋਇ ਧਰਾਇਆ, ਆਪਣਾ ਨੂਰ ਆਪ ਦਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਜੁਗ ਜੁਗ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਇੰਦਾ। ਕਲਜੁਗ ਵੇਖ ਕੂੜ ਅੰਧਿਆਰ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਪੰਜ ਤਤ ਤਨ ਕਰ ਪਿਆਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਾਨਕ ਨਾਮ ਹੋ ਉਜਿਆਰ, ਨਾਮ ਸਤਿ ਮੰਤਰ ਇਕ ਦ੍ਰਿੜਾਇੰਦਾ। ਚਾਰ ਵਰਨਾਂ ਕਰੇ ਪਿਆਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਆਪਣੇ ਗਲ ਲਗਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਅਨਾਦੀ ਨਾਦ ਵਜਾਇੰਦਾ। ਚਾਰੇ ਖਾਣੀ ਕਰ ਪਿਆਰ, ਸਾਚੀ ਬਾਣੀ ਆਪ ਅਲ੍ਹਾਇੰਦਾ। ਪਰਾ ਪਸੰਤੀ ਏਕਾ ਧਾਰ, ਮਧਮ ਬੈਖਰੀ ਆਪ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਉਚੀ ਕੂਕ ਰਿਹਾ ਪੁਕਾਰ, ਬਿਨ ਹਰਿ ਸਾਚਾ ਕੋਇ ਨਜ਼ਰ ਨਾ ਆਇੰਦਾ। ਜੁਗ ਜੁਗ ਬੇੜਾ ਲਾਏ ਪਾਰ, ਸਤਿਜੁਗ ਤ੍ਰੇਤਾ ਦਵਾਪਰ ਆਪ ਤਰਾਇੰਦਾ। ਕਲਜੁਗ ਅੰਤਮ ਆਏ ਵਾਰ, ਸਗਲਾ ਸੰਗ ਨਾ ਕੋਇ ਰਖਾਇੰਦਾ। ਨਾਤਾ ਤੁੱਟੇ ਮੀਤ ਮੁਰਾਰ, ਮਾਤ ਪਿਤ ਭਾਈ ਭੈਣ ਲੋਕਮਾਤ ਮੁਖ ਭਵਾਇੰਦਾ। ਚਾਰੋਂ ਕੁੰਟ ਆਸਾ ਤ੍ਰਿਸ਼ਨਾ ਹਉਮੇ ਹੰਗਤਾ ਫਿਰੇ ਡਾਇਣ, ਸਤਿ ਸੰਤੋਖ ਧੀਰਜ ਧੀਰ ਨਾ ਕੋਇ ਧਰਾਇੰਦਾ। ਗੁਰ ਕਾ ਦਰਸ ਨਾ ਪੇਖੇ ਕੋਇ ਨੈਣ ਵਿਭਚਾਰ, ਸ੍ਰਿਸ਼ਟ ਸਬਾਈ ਜਣਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪ ਚੁਕਾਏ ਲਹਿਣਾ ਦੇਣ, ਕਲਜੁਗ ਅੰਤਮ ਨਿਹਕਲੰਕੀ ਜਾਮਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦ ਫ਼ਰਮਾਣਾ, ਦੇਵਣਹਾਰਾ ਦੋ ਜਹਾਨਾ, ਲੋਆਂ ਪੁਰੀਆਂ ਬ੍ਰਹਮੰਡਾਂ ਖੰਡਾਂ ਆਪ ਸੁਣਾਇੰਦਾ । ਬ੍ਰਹਿਮੰਡ ਖੰਡ ਹਰਿ ਸ਼ਬਦ ਜਣਾਇਆ, ਨਾਨਕ ਨਿਰਗੁਣ ਸਰਗੁਣ ਸੇਵ ਕਮਾਈਆ। ਸ਼ਬਦ ਗੁਰੂ ਗੁਰ ਇਕ ਸਮਝਾਇਆ, ਆਦਿ ਜੁਗਾਦਿ ਸੇਵ ਕਮਾਈਆ। ਇਕ ਇਕੇਲਾ ਫੇਰੀ ਪਾਇਆ, ਜੁਗਾਂ ਜੁਗੰਤਰ ਵਡ ਵਡਿਆਈਆ। ਸੱਜਣ ਸੁਹੇਲਾ ਦਿਸ ਨਾ ਆਇਆ, ਦਹਿ ਦਿਸ਼ਾ ਸੇਵ ਕਮਾਈਆ। ਕਾਇਆ ਚੋਲਾ ਲਏ ਬਦਲਾਇਆ, ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਵੱਜੇ ਵਧਾਈਆ। ਸਾਚਾ ਬੋਲਾ ਇਕ ਸਮਝਾਇੰਦਾ, ਵਾਹ ਵਾ ਗੁਰੂ ਫ਼ਤਹਿ ਗਜਾਈਆ। ਅੰਤਮ ਤੋਲਾ ਇਕ ਸਮਝਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਕਲਜੁਗ ਹੌਲਾ ਭਾਰ ਦਏ ਕਰਾਇਆ, ਧਰਤੀ ਧਰਤ ਧਵਲ ਧਰਨੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਆਪਣੇ ਘਰ, ਘਰ ਸੁਹੰਜਣਾਂ ਇਕ ਸੁਹਾਈਆ। ਘਰ ਸੁਹੰਜਣਾ ਹਰਿ ਸੁਹਾਇਆ, ਤਖ਼ਤ ਨਿਵਾਸੀ ਬੇਪਰਵਾਹ। ਪੁਰਖ ਅਕਾਲ ਡੇਰਾ ਲਾਇਆ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਗੁਰ ਗੋਬਿੰਦ ਦਰਸਨ ਪਾਇਆ, ਮਿਲਿਆ ਮੇਲ ਧੁਰ ਦਰਗਾਹਿ। ਆਪਣਾ ਬੋਲਾ ਆਪ ਸੁਣਾਇਆ, ਗਲ ਪੱਲੂ ਏਕਾ ਪਾ। ਹਉਂ ਗੋਲਾ ਸੇਵ ਕਮਾਇਆ, ਪਿਤਾ ਪੂਤ ਸੇਵ ਕਮਾ। ਪੰਜ ਤਤ ਪਿਆਰ ਨਾ ਕੋਇ ਰਖਾਇਆ, ਤੇਰੀ ਜੋਤੀ ਜੋਤ ਰਿਹਾ ਸਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਏਕਾ ਦਿਤਾ ਜਣਾ। ਧੁਰ ਫ਼ਰਮਾਣਾ ਹਰਿ ਜਣਾਇਆ, ਗੁਰ ਗੋਬਿੰਦ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਹੋਏ ਸਹਾਇਆ, ਕਲਜੁਗ ਅੰਤ ਰਹਿਣ ਨਾ ਪਾਈਆ। ਤੇਰਾ ਤੇਰੇ ਵਿਚ ਟਿਕਾਇਆ, ਤੇਰੀ ਸਰਨ ਸੱਚੀ ਸਰਨਾਈਆ। ਤੇਰੀ ਰਤ ਲੇਖੇ ਲਾਇਆ, ਤੇਰਾ ਤਤ ਤਤ ਵਡਿਆਈਆ। ਪੁਰਖ ਸਮਰਥ ਜੋਤ ਜਗਾਇਆ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਲਜੁਗ ਅੰਤਮ ਵੇਖੇ ਥਾਉਂ ਥਾਂਇਆ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੋਲ ਫੁਲਾਈਆ। ਸਾਢੇ ਤਿੰਨ ਤਿੰਨ ਹੱਥ ਲੇਖਾ ਦਏ ਚੁਕਾਇਆ, ਰਵਦਾਸ ਚੁਮਾਰਾ ਗਿਆ ਲਿਖਾਈਆ। ਨਾਮ ਖੰਡਾ ਹੱਥ ਉਠਾਇਆ, ਚਾਰੋਂ ਕੁੰਟ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਂਇਆ, ਸੱਤਾਂ ਦੀਪਾਂ ਫੇਰਾ ਪਾਈਆ। ਸ਼ਾਹ ਸੁਲਤਾਨਾਂ ਦਏ ਹਲਾਇਆ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਚਾਰੇ ਵਰਨ ਦਏ ਮਿਟਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਏਕਾ ਇਸ਼ਟ ਸਰਬ ਜਣਾਇਆ, ਪੁਰਖ ਅਕਾਲ ਸੱਚੀ ਸਰਨਾਈਆ। ਸਤਿਗੁਰ ਪੂਰਾ ਨਾ ਮਰੇ ਨਾ ਜਾਇਆ, ਮੜੀ ਗੋਰ ਨਾ ਕੋਇ ਦਬਾਈਆ। ਜੀਵ ਜੰਤ ਨਾ ਵੰਡ ਵੰਡਾਇਆ, ਘਟ ਘਟ ਆਪਣਾ ਰੂਪ ਰਿਹਾ ਟਿਕਾਈਆ। ਬ੍ਰਹਿਮੰਡ ਖੰਡ ਆਪਣਾ ਆਸਣ ਆਪ ਸੁਹਾਇਆ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸੇਵ ਲਗਾਇਆ, ਆਦਿ ਜੁਗਾਦੀ ਭੁੱਲ ਨਾ ਜਾਈਆ। ਕਲਜੁਗ ਅੰਤਮ ਆਪਣਾ ਰੂਪ ਲਏ ਪਰਗਟਾਇਆ, ਨਿਹਕਲੰਕਾ ਨਾਉਂ ਰਖਾਈਆ। ਨਾਮ ਡੰਕਾ ਇਕ ਵਜਾਇਆ, ਨਵ ਨਵ ਸੱਤ ਸੱਤ ਚਾਰ ਚਾਰ ਆਪ ਸੁਣਾਈਆ। ਸਾਚਾ ਬੰਕਾ ਦਏ ਸੁਹਾਇਆ, ਸੰਬਲ ਨਗਰੀ ਵਡ ਵਡਿਆਈਆ। ਆਦਿਨ ਅੰਤਾ ਫੇਰਾ ਪਾਇਆ, ਜੁਗਾ ਜੁਗੰਤ ਭੇਵ ਨਾ ਰਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਰਿਹਾ ਗਾਇਆ, ਬੇਅੰਤ ਬੇਅੰਤ ਬੇਅੰਤ ਲੱਖ ਚੁਰਾਸੀ ਕੂਕੇ ਸਰਬ ਲੋਕਾਈਆ। ਆਪਣਾ ਭਾਣਾ ਆਪਣੇ ਹੱਥ ਰਖਾਇਆ, ਭਾਵੀ ਸਭ ਦੇ ਸਿਰ ਤੇ ਆਪ ਵਰਤਾਈਆ। ਗੁਰ ਪੀਰ ਅਵਤਾਰ ਸਾਧ ਸੰਤ ਪੰਜ ਤਤ ਭਾਂਡਾ ਕੋਈ ਰਹਿਣ ਨਾ ਪਾਇਆ, ਜੋ ਘੜਿਆ ਭੰਨ ਵਖਾਈਆ। ਕਲਜੁਗ ਅੰਤਮ ਨਿਹਕਲੰਕ ਰੂਪ ਸ਼ਾਹੋ ਭੂਪ ਸਤਿ ਸਰੂਪ ਨਿਰਵੈਰ ਮੂਰਤ ਅਕਾਲ ਜੂਨੀ ਰਹਿਤ ਬਣ ਕੇ ਆਇਆ, ਫੜ ਨਾ ਸਕੇ ਕੋਈ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਘੋੜੇ ਚੜ੍ਹ ਕੇ ਆਇਆ, ਨਾਮ ਖੰਡਾ ਰਿਹਾ ਚਮਕਾਈਆ। ਸਚਖੰਡ ਦਵਾਰੇ ਉਚੇ ਪੌੜੇ ਸਾਚੇ ਡੰਡੇ ਖੜ ਕੇ ਆਇਆ, ਆਪਣਾ ਪਰਦਾ ਰਿਹਾ ਉਠਾਈਆ। ਗੁਰਮੁਖਾਂ ਗੁਰਸਿਖਾਂ ਲੜ ਫੜ ਕੇ ਆਇਆ, ਸੰਤ ਭਗਤ ਭਗਵੰਤ ਲਏ ਮਿਲਾਈਆ। ਸਾਚੀ ਨਾਰੀ ਹਰਿ ਕੰਤ ਵਰ ਕੇ ਆਇਆ, ਹਰਿਜਨ ਆਤਮ ਸੇਜ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਖੇਲੇ ਖੇਲ ਮਹਾਨ, ਜੂਠ ਝੂਠ ਮਿਟੇ ਦੁਕਾਨ, ਸਤਿਜੁਗ ਸਤਿਜੁਗ ਸਤਿਵਾਦ ਸਤਿ ਪੁਰਖ ਨਿਰੰਜਣ ਸਾਚਾ ਮਾਰਗ ਆਪ ਲਗਾਈਆ।