Granth 07 Likhat 151: 28 Maghar 2015 Bikarmi Bachan Singh de Ghar Pind Manga Sarae Jila Amritsar

੨੮ ਮੱਘਰ ੨੦੧੫ ਬਿਕ੍ਰਮੀ ਬਚਨ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਤੀਰਥ ਤੱਟ ਚਰਨ ਦਵਾਰ, ਹਰਿ ਹਰਿ ਇਕ ਵਖਾਈਆ। ਵਸਣਹਾਰਾ ਘਟ ਘਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੁਰਮਤ ਮੈਲ ਦੇਵੇ ਕੱਟ, ਜੋ ਜਨ ਰਹੇ ਸਰਨਾਈਆ। ਤਨ ਪਹਿਨਾਏ ਨਾਮ ਪੱਟ, ਉਤਰ ਕਦੇ ਨਾ ਜਾਈਆ। ਇਕ ਵਖਾਏ ਸਾਚਾ ਹੱਟ, ਕਾਇਆ ਮੰਦਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਈਆ। ਤੀਰਥ ਤੱਟ ਗੁਰਚਰਨ ਦਵਾਰ, ਹਰਿ ਹਰਿ ਆਪ ਰਖਾਇੰਦਾ। ਇਕ ਇਕੱਲਾ ਏਕੰਕਾਰ, ਆਦਿ ਜੁਗਾਦਿ ਸਮਾਇੰਦਾ। ਜੁਗ ਜੁਗ ਲੋਕਮਾਤ ਲਏ ਅਵਤਾਰ, ਆਪ ਆਪਣਾ ਖੇਲ ਖਿਲਾਇੰਦਾ। ਭੇਵ ਅਭੇਦਾ ਭੇਵ ਨਿਵਾਰ, ਵਾਰ ਥਿਤ ਨਾ ਕੋਇ ਜਣਾਇੰਦਾ। ਅਛਲ ਅਛੇਦਾ ਵਿਚ ਸੰਸਾਰ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਵਖਾਇੰਦਾ। ਤੀਰਥ ਤੱਟ ਹਰਿ ਘਰ, ਹਰਿਜਨ ਆਪ ਬੁਝਾਈਆ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਈਆ। ਲੱਖ ਚੁਰਾਸੀ ਜਾਏ ਹਰ, ਜਨਮ ਮਰਨ ਫੰਦ ਕਟਾਈਆ। ਦੋ ਜਹਾਨਾਂ ਦੇਵੇ ਵਰ, ਘਰ ਸਾਚੇ ਮੇਲ ਮਿਲਾਈਆ। ਆਵਣ ਜਾਵਣ ਚੁੱਕੇ ਡਰ, ਰਾਏ ਧਰਮ ਨਾ ਦਏ ਸਜਾਈਆ। ਗੁਰਮੁਖ ਸਾਚੇ ਆਪੇ ਫੜ, ਆਪੇ ਲਏ ਉਠਾਈਆ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਿਹਾ ਪੜ੍ਹਾਈਆ। ਆਪੇ ਤੋੜ ਹੰਕਾਰੀ ਗੜ੍ਹ, ਸਾਚਾ ਮੰਦਰ ਇਕ ਸੁਹਾਈਆ। ਦਰਸ ਦਿਖਾਏ ਅੱਗੇ ਖੜ, ਪਾਰਬ੍ਰਹਮ ਵੱਡੀ ਵਡਿਆਈਆ। ਹਰਿਸੰਗਤ ਲਾਏ ਆਪੇ ਜੜ੍ਹ, ਲੱਖ ਚੁਰਾਸੀ ਰਿਹਾ ਉਖੜਾਈਆ। ਮਾਇਆ ਮਮਤਾ ਆਪ ਵਹਾਏ ਹੜ੍ਹ, ਜੂਠ ਝੂਠ ਦਏ ਰੁੜਾਈਆ। ਏਕਾ ਅਗਨੀ ਜਾਇਣ ਸੜ, ਜੋਤੀ ਲੰਬੂ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਆਪ ਅਖਵਾਈਆ। ਘਰ ਸੱਜਣ ਸੁਲਤਾਨ, ਹਰੀ ਹਰਿ ਹਰਿ ਨਿਰੰਕਾਰਿਆ। ਦਾਤਾ ਦਾਨੀ ਮਿਹਰਬਾਨ, ਭਰੇ ਨਾਮ ਸ਼ਬਦ ਭੰਡਾਰਿਆ। ਆਦਿਨ ਅੰਤਾ ਕਰ ਪਛਾਣ, ਗੁਰਮੁਖ ਸਾਚੇ ਲਏ ਉਭਾਰਿਆ। ਆਤਮ ਅੰਤਰ ਇਕ ਧਿਆਨ, ਏਕਾ ਰੂਪ ਜਣਾ ਰਿਹਾ। ਏਕਾ ਸ਼ਬਦ ਇਕ ਬਿਬਾਣ, ਏਕਾ ਪੁਰਖ ਬਿਠਾ ਲਿਆ। ਏਕਾ ਮੰਤਰ ਇਕ ਗਿਆਨ, ਏਕਾ ਬੂਝ ਬੁਝਾ ਲਿਆ। ਏਕਾ ਅੰਮ੍ਰਿਤ ਪੀਣ ਖਾਣ, ਏਕਾ ਮੁਖ ਚੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖ ਵਖਾ ਰਿਹਾ। ਕਲਜੁਗ ਤੇਰਾ ਸਾਚਾ ਨਿਯਮ ਨੇਮ, ਹਰਿ ਹਰਿ ਬਣਤ ਬਣਾਈਆ। ਅਬਿਨਾਸ਼ੀ ਕਰਤਾ ਇਕ ਪ੍ਰੇਮ, ਆਪਣਾ ਆਪ ਜਣਾਈਆ। ਦੇਵਣਹਾਰਾ ਲਹਿਣਾ ਦੇਣ, ਜੁਗ ਜੁਗ ਵੇਸ ਵਟਾਈਆ। ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਅਗੰਮ ਅਗੰਮੜਾ ਆਪ ਅਖਵਾਈਆ। ਜਨ ਹਰਿ ਹਰਿਜਨ ਦਰਸ ਦਿਖਾਏ ਆਪਣੇ ਨੈਣ, ਜਗਤ ਨੇਤਰ ਮੂੰਧ ਮੁੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਠਾਂਡਾ ਇਕ ਸੁਹਾਈਆ। ਠਾਂਡਾ ਘਰ ਥਿਰ ਦਰਬਾਰ, ਹਰਿ ਹਰਿ ਬਣਤ ਬਣਾਈਆ। ਇਕ ਇਕੱਲਾ ਏਕੰਕਾਰ, ਹਰਿ ਬੈਠਾ ਬੇਪਰਵਾਹੀਆ। ਨਿਰਗੁਣ ਜੋਤੀ ਜੋਤ ਉਜਿਆਰ, ਕਮਲਾਪਾਤੀ ਆਪ ਉਪਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਅਨਭਵ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰੇ ਵਿਚ ਸੰਸਾਰ, ਮੂਰਤ ਅਕਾਲ ਵੱਡੀ ਵਡਿਆਈਆ। ਦੀਨ ਦਿਆਲਾ ਪਾਵੇ ਸਾਰ, ਜੀਆਂ ਦਾਤਾ ਵੇਸ ਵਟਾਈਆ। ਵੇਖ ਵਖਾਏ ਮੰਦਰ ਸੱਚੀ ਧਰਮਸਾਲ, ਨਾ ਕੋਈ ਚਾਰ ਦਿਵਾਰ ਛੱਪਰ ਛੰਨ ਨਾ ਕੋਈ ਸੁਹਾਈਆ। ਸੰਤਨ ਮੀਤਾ ਹੋ ਉਜਿਆਰ, ਆਪ ਆਪਣੀ ਕਲ ਵਰਤਾਈਆ। ਪਤਿਤ ਪੁਨੀਤਾ ਕਰੇ ਬ੍ਰਹਮ ਪਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਸਦਾ ਅਤੀਤਾ ਏਕਾ ਧਾਰ, ਨਿਰਗੁਣ ਸਰਗੁਣ ਵਿਚ ਸਮਾਈਆ । ਲੱਖ ਚੁਰਾਸੀ ਆਪੇ ਜੀਤਾ, ਨਾ ਮਰੇ ਨਾ ਜਾਈਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਨਾਉਂ ਧਰਾਈਆ। ਏਕਾ ਨਾਉਂ ਏਕਾ ਗੀਤਾ, ਇਕ ਪੁਰਾਨ ਪੜ੍ਹਾਈਆ। ਏਕਾ ਮੰਦਰ ਇਕ ਮਸੀਤਾ, ਗੁਰਦਵਾਰ ਇਕ ਜਣਾਈਆ। ਏਕਾ ਨਾਮ ਸ਼ਬਦ ਅਨਡੀਠਾ, ਹਰਿਜਨ ਝੋਲੀ ਪਾਈਆ। ਕਾਇਆ ਕਰੇ ਮਿਠਾ ਰੀਠਾ, ਕੂੜੀ ਕਿਰਿਆ ਮੇਟ ਮਿਟਾਈਆ। ਆਦਿ ਜੁਗਾਦੀ ਸਾਚੀ ਰੀਤਾ, ਜੁਗ ਜੁਗ ਆਪ ਚਲਾਈਆ। ਊਚਾਂ ਨੀਚਾਂ ਹਸਤ ਕੀਟਾਂ ਸਾਚਾ ਮੀਤਾ, ਸਾਚੀ ਪੈਜ ਰਖਾਈਆ। ਨਾਮ ਨਿਧਾਨਾ ਗੁਰਮੁਖ ਵਿਰਲੇ ਮਾਤ ਪੀਤਾ, ਭਰਮੇ ਭੁੱਲੀ ਸਰਬ ਲੋਕਾਈਆ। ਦਿਵਸ ਰੈਣ ਰਖਾਏ ਠੰਡਾ ਸੀਤਾ, ਨਿਝਰ ਧਾਰਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਥਿਰ ਘਰ ਸਾਚਾ ਵੇਖ ਵਖਾਈਆ। ਥਿਰ ਘਰ ਸਾਚਾ ਸਚ ਮਹੱਲਾ, ਨਿਰਗੁਣ ਜੋਤ ਜਗਾਇੰਦਾ। ਏਕੰਕਾਰ ਇਕ ਇਕੱਲਾ, ਏਕੰਕਾਰਾ ਓਅੰਕਾਰਾ ਰੂਪ ਵਟਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰਾ, ਵਿਸ਼ਨੂੰ ਰੂਪ ਸਮਾਇੰਦਾ। ਦੇਸ ਦਿਸੰਤਰ ਹੋ ਉਜਿਆਰਾ, ਨੌਂ ਸਤ ਫੇਰਾ ਪਾਇੰਦਾ। ਬ੍ਰਹਿਮੰਡ ਖੰਡ ਦਏ ਉਧਾਰਾ, ਜੇਰਜ ਅੰਡ ਵਖਾਇੰਦਾ। ਵਰਭੰਡੀ ਖੇਲੇ ਖੇਲ ਨਿਆਰਾ, ਆਦਿਨ ਅੰਤਾ ਭੇਵ ਛੁਪਾਇੰਦਾ। ਭੇਖ ਪਖੰਡਾ ਪਾਰ ਕਿਨਾਰਾ, ਨਾਮ ਖੰਡਾ ਹੱਥ ਚਮਕਾਇੰਦਾ। ਨਾਮ ਦਾਨ ਰਿਹਾ ਵੰਡ ਹਰਿ ਗਿਰਧਾਰਾ, ਗੁਰਮੁਖ ਵਿਰਲਾ ਝੋਲੀ ਡਾਹਿੰਦਾ। ਸ੍ਰਿਸ਼ਟ ਸਬਾਈ ਹੋਏ ਖ਼ਵਾਰਾ, ਚਾਰੇ ਕੁੰਟ ਕੁਰਲਾਇੰਦਾ। ਦਹਿ ਦਿਸ਼ਾ ਹਾਹਾਕਾਰਾ, ਸਤਿ ਸੰਤੋਖ ਨਾ ਕੋਈ ਧਰਾਇੰਦਾ। ਆਤਮ ਅੰਦਰ ਮੰਦਰ ਧੂਆਂਧਾਰਾ, ਸਚ ਜੋਤ ਨਾ ਕੋਈ ਜਗਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਰੈਣ ਅੰਧੇਰਾ ਛਾਇੰਦਾ। ਕਿਸੇ ਨਾ ਦਿਸੇ ਸਚ ਦਵਾਰਾ, ਸਤਿ ਪੁਰਖ ਨਿਰੰਜਣ ਨੇਤਰ ਨੈਣ ਨਾ ਦਰਸ਼ਨ ਪਾਇੰਦਾ। ਆਦਿਨ ਅੰਤਾ ਕਰ ਪਸਾਰਾ, ਅਕਲ ਕਲ ਵਰਤਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ  ਨਾਉਂ ਧਰਾਇੰਦਾ। ਜੋਤੀ ਜੋਤ ਉਜਿਆਰਾ, ਸ਼ਬਦੀ ਸ਼ਬਦ ਡੰਕ ਵਜਾਇੰਦਾ। ਦੋ ਜਹਾਨਾਂ ਖੇਲ ਨਿਆਰਾ, ਤ੍ਰੈਗੁਣ ਆਪ ਸਮਾਇੰਦਾ। ਚੌਦਾਂ ਹੱਟਾਂ ਖੋਲ੍ਹ ਕਿਵਾੜਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾ, ਜਲਾਂ ਥਲਾਂ ਆਪ ਵਹਾਇੰਦਾ। ਗੁਰਮੁਖ ਸਾਜਣ ਸਾਚਾ ਲਾੜਾ, ਘਰ ਸਾਚਾ ਸਗਨ ਮਨਾਇੰਦਾ। ਪੰਚਮ ਸਖੀਆਂ ਲਾਇਆ ਅਖਾੜਾ, ਗੀਤ ਸੁਹਾਗੀ ਮੰਗਲ ਗਾਇੰਦਾ। ਨਾੜ ਬਹੱਤਰ ਵੱਜੇ ਤਾੜਾ, ਏਕਾ ਤਾਲ ਰਖਾਇੰਦਾ। ਆਪੇ ਹੋਏ ਪਿਛੇ ਅਗਾੜਾ, ਅੱਗੇ ਪਿੱਛੇ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਥਿਰ ਘਰ ਵਾਸੀ ਲੇਖ ਲਿਖਾਇੰਦਾ। ਥਿਰ ਘਰ ਵਾਸੀ ਏਕੰਕਾਰ, ਅਕਲ ਕਲਾ ਵਰਤਾਈਆ। ਸ੍ਰਿਸ਼ਟ ਸਬਾਈ ਕਰ ਪਿਆਰ, ਘਰ ਘਰ ਆਸਣ ਲਾਈਆ। ਆਪੇ ਉਤਪਤ ਕਰ ਸੰਸਾਰ, ਆਪੇ ਮੇਟ ਮਿਟਾਈਆ। ਆਪੇ ਨਾਮ ਕਰ ਜੈਕਾਰ, ਆਪੇ ਰਿਹਾ ਸੁਣਾਈਆ। ਆਪੇ ਦੀਪਕ ਬਾਤੀ ਹੋ ਉਜਿਆਰ, ਆਪੇ ਲਏ ਬੁਝਾਈਆ। ਆਪੇ ਮਹੱਲ ਅਟੱਲ ਉਚ ਮਿਨਾਰ, ਆਪੇ ਡੇਰਾ ਲਾਈਆ। ਆਪੇ ਖੜਗ ਖੰਡਾ ਬਣ ਕਟਾਰ, ਆਪੇ ਰਿਹਾ ਚਮਕਾਈਆ। ਆਪੇ ਸੀਸ ਧੜ ਆਪਾ ਵਾਰ, ਆਪੇ ਪੰਜ ਤਤ ਕਰੇ ਕੁੜਮਾਈਆ। ਆਪੇ ਰਕਤ ਮਿਝ ਲਹੂ ਗਾਰ, ਹੱਡ ਮਾਸ ਜੋੜ ਜੁੜਾਈਆ। ਆਪੇ ਵਸੇ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਈਆ । ਆਪੇ ਖੇਲੇ ਖੇਲ ਅਗੰਮ ਅਪਾਰ, ਅੰਤ ਸੰਤ ਸਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਸਗਲਾ ਸੰਗ ਨਿਭਾਈਆ। ਮਨ ਮਤ ਬੁੱਧ ਮੇਲ ਅਪਾਰ, ਸਗਲਾ ਸੰਗ ਨਿਭਾਈਆ। ਰਜੋ ਤਮੋ ਸਤੋ ਤੇਰਾ ਵੇਖ ਦਵਾਰ, ਲੋਕਮਾਤ ਫੇਰਾ ਪਾਈਆ। ਬ੍ਰਹਮਾ ਵੇਤਾ ਕਰੇ ਪਿਆਰ, ਨੇਤਰ ਨੈਣ ਆਪ ਉਠਾਈਆ। ਸ਼ਿਵ ਸ਼ੰਕਰ ਦਰ ਕੱਢੇ ਹਾੜ, ਨੇਤਰ ਰੋ ਰੋ ਨੀਰ ਵਹਾਈਆ। ਕਰੋੜ ਤੇਤੀਸਾ ਅੱਗੇ ਭਾੜ, ਸਚ ਵਸਤ ਨਾ ਕੋਈ ਵਖਾਈਆ। ਪੁਰਖ ਅਗੰਮਾ ਲੁੱਟੀ ਜਾਏ ਦਿਨ ਦਿਹਾੜ, ਔਂਦਾ ਜਾਂਦਾ ਦਿਸ ਨਾ ਆਈਆ। ਕਲਜੁਗ ਤੇਰਾ ਸਚ ਅਖਾੜ, ਹਰਿ ਸਾਚੀ ਰਚਨ ਰਚਾਈਆ। ਦਿਵਸ ਸੁਹਾਏ ਸਤਾਰਾਂ ਹਾੜ, ਸੁੱਖ ਸਹਿਜ ਸਹਿਜ ਸਮਾਈਆ। ਰਿਖੀ ਮੁਨੀ ਨਾ ਪਾਵੇ ਕੋਈ ਸਾਰ, ਜਪ ਤਪ ਹੱਠ ਨਾ ਕੋਈ ਵਖਾਈਆ। ਮੰਦਰ ਅੰਦਰ ਇਕ ਉਜਿਆਰ, ਏਕਾ ਏਕ ਸ਼ਬਦ ਜਣਾਈਆ। ਨੌਂ ਦਵਾਰੇ ਪਾਰ ਕਿਨਾਰ, ਦਰ ਦਰਬਾਰ ਇਕ ਵਡਿਆਈਆ। ਅੰਦਰ ਵੜ ਜੋ ਜਨ ਚਰਨ ਸਰਨ ਕਰੇ ਨਿਮਸਕਾਰ, ਦਸਮ ਦੁਆਰੀ ਇਕ ਸੁਹਾਈਆ। ਸਚ ਸਿੰਘਾਸਣ ਬੈਠਾ ਹਰਿ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਪਲੰਘ ਅਪਾਰ, ਆਪ ਆਪਣਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦਏ ਜਗਤ ਵਡਿਆਈਆ। ਭਗਤ ਵਛਲ ਹਰਿ ਗਿਰਧਾਰ, ਏਕਾ ਏਕ ਅਖਵਾਇੰਦਾ। ਸਾਜਣ ਸਾਚਾ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਸਾਚੇ ਮੰਦਰ ਕਰ ਪਿਆਰ, ਸਚ ਸਿੰਘਾਸਣ ਲਾਇੰਦਾ। ਆਪੇ ਪੁਰਖ ਆਪੇ ਨਾਰ, ਕੰਤ ਸੁਹਾਗੀ ਆਪ ਅਖਵਾਇੰਦਾ। ਆਪ ਉਪਾਏ ਸੁਤ ਦੁਲਾਰ, ਸ਼ਬਦੀ ਸ਼ਬਦ ਨਾਉਂ ਰਖਾਇੰਦਾ। ਦੋਹਾਂ ਵਿਚੋਲਾ ਅਪਰ ਅਪਾਰ, ਆਪਣੀ ਧਾਰ ਬੰਧਾਇੰਦਾ। ਆਪਣੇ ਰੰਗ ਰਵੇ ਕਰਤਾਰ, ਕਰਨੀ ਕਰਤਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਸਮਰਥਾ, ਵਡ ਵੱਡੀ ਵਡਿਆਈਆ । ਸ਼ਬਦ ਜਣਾਈ ਅਕੱਥਨਾ ਅਕੱਥਾ, ਲੇਖਾ ਲਿਖ ਨਾ ਸਕੇ ਰਾਈਆ। ਦੋ ਜਹਾਨ ਚਲਾਏ ਆਪਣਾ ਰਥਾ, ਰਥ ਰਥਵਾਹੀ ਨਾਉਂ ਧਰਾਈਆ। ਸ਼ਬਦ ਨਿਰਾਲਾ ਫੜਿਆ ਭੱਥਾ, ਏਕਾ ਚਿਲਾ ਤੀਰ ਕਮਾਨ ਉਠਾਈਆ। ਵੇਖ ਵਖਾਏ ਅਠਸਠਾ, ਆਪ ਆਪਣਾ ਰੂਪ ਵਟਾਈਆ। ਭਗਤ ਦਵਾਰੇ ਫਿਰੇ ਨੱਠਾ, ਦਿਵਸ ਰੈਣ ਸੇਵ ਕਮਾਈਆ । ਕਲਜੁਗ ਬੁਰਜ ਅੰਤਮ ਢੱਠਾ, ਉਚ ਮਹੱਲ ਨਾ ਕੋਈ ਦਿਸਾਈਆ। ਆਪਣੀ ਗੇੜੇ ਆਪੇ ਲੱਠਾ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਉਜਾਲਾ, ਹਰਿ ਹਰਿ ਰੂਪ ਵਟਾਇਆ। ਪਰਮ ਪੁਰਖ ਦੀਨ ਦਿਆਲਾ, ਅਲੱਖ ਨਿਰੰਜਣ ਵੇਸ ਵਟਾਇਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਆਪ ਹੋ ਜਾਇਆ। ਸੰਗ ਰਖਾਏ ਕਾਲ ਮਹਾਂਕਾਲਾ, ਕਾਲ ਮਹਾਂਕਾਲ ਆਪ ਹੋ ਜਾਇਆ। ਕਲਜੁਗ ਤੇਰਾ ਫਲ ਲੱਗਾ ਵੇਖੇ ਡਾਲਾ, ਪਤ ਡਾਲੀ ਫੋਲ ਫੁਲਾਇਆ। ਜਗਤ ਬੰਧਨ ਤੋੜ ਲੱਖ ਚੁਰਾਸੀ ਜੰਜਾਲਾ, ਬੰਧਨ ਬੰਧ ਰਹੇ ਨਾ ਰਾਇਆ। ਮੇਲ ਮਿਲਾਵਾ ਦਰ ਘਰ ਸੱਚਾ ਸੱਚੀ ਧਰਮਸਾਲਾ, ਦਰ ਮੰਦਰ ਇਕ ਖੁਲ੍ਹਾਇਆ। ਇਕ ਬੇਹੰਗਮ ਚਲੇ ਚਾਲਾ, ਦੂਈ ਧਾਰ ਨਾ ਕੋਇ ਬੰਧਾਇਆ। ਸੋਹੰ ਸ਼ਬਦ ਗਲ ਪਾਈ ਮਾਲਾ, ਅਜੱਪਾ ਜਾਪ ਜਪ ਜਪ ਆਪਣੇ ਹੱਥ ਰਖਾਇਆ। ਆਪਣੀ ਹੱਥੀਂ ਤ੍ਰੈਗੁਣ ਲੱਗਾ ਖੋਲ੍ਹੇ ਤਾਲਾ, ਨਾਮ ਕੁੰਜੀ ਆਪ ਭਵਾਇਆ। ਸੁਰਤ ਸਵਾਣੀ ਹੋਏ ਹਾਲ ਬੇਹਾਲਾ, ਸ਼ਬਦ ਹਾਣੀ ਦਰਸ਼ਨ ਪਾਇਆ। ਦੋਹਾਂ ਮੇਲਾ ਆਤਮ ਸੇਜਾ ਰਾਹ ਸੁਖਾਲਾ, ਘਰ ਸਾਚਾ ਵੇਖ ਵਖਾਇਆ। ਦੀਨ ਦਿਆਲਾ ਸਤਿਗੁਰ ਮਿਲਿਆ ਗੁਰ ਗੋਪਾਲਾ, ਗੁਰ ਸ਼ਬਦ ਰੂਪ ਵਟਾਇਆ। ਦਿਵਸ ਰੈਣ ਅੱਠ ਪਹਿਰ ਮਾਸ ਬਰਸ ਚਲੇ ਨਾਲ ਨਾਲਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਸਾਚਾ ਵਰ, ਅਠਸਠ ਲਹਿਣਾ ਮੂਲ ਚੁਕਾਇਆ।